ਸਾਊਥਾਲ (ਕਾਂਡ 60)

       ਜਗਮੋਹਣ ਬਾਰੇ ਰਿਸ਼ਤੇਦਾਰਾਂ ਵਿਚ ਆਮ ਰਾਏ ਹੈ ਕਿ ਉਹ ਮਿਹਨਤੀ ਬੰਦਾ ਨਹੀਂ ਹੈ। ਮਨਦੀਪ ਦਾ ਪਿਤਾ ਕਹਿਣ ਲੱਗਦਾ ਹੈ ਕਿ ਜਿਵੇਂ ਉਹ ਪੜ੍ਹਿਆ ਲਿਖਿਆ ਸੀ ਤੇ ਹੁਸ਼ਿਆਰ ਵੀ ਸੀ ਭਾਵੇਂ ਜਿੰਨੇ ਮਰਜ਼ੀ ਪੈਸੇ ਕਮਾ ਲੈਂਦਾ ਕੋਈ ਹੋਰ ਨੌਕਰੀ ਲਭਦਾ, ਹੋਰ ਪੜ੍ਹ ਲੈਂਦਾ। ਇਸ ਜੌਬ ਵਿਚ ਤਨਖਾਹ ਭਾਵੇਂ ਘਟ ਹੈ ਪਰ ਓਵਰ ਟਾਈਮ ਬਹੁਤ ਮਿਲਦਾ ਹੈ ਪਰ ਜਗਮੋਹਨ ਤਾਂ ਓਵਰਟਾਈਮ ਤੱਕ ਲਾ ਕੇ ਖੁਸ਼ ਨਹੀਂ ਹੈ। ਆਪਣੇ ਅੱਠ ਘੰਟੇ ਹੀ ਮਸਾਂ ਪੂਰੇ ਕਰਦਾ ਹੈ। ਪਰਦੁੱਮਣ ਸਿੰਘ ਵੀ ਇਵੇਂ ਹੀ ਸੋਚਦਾ ਹੈ ਉਸ ਬਾਰੇ। ਪਰਦੁੱਮਣ ਦਾ ਕਹਿਣਾ ਹੈ ਕਿ ਜਿੰਨੀ ਜਗਮੋਹਨ ਦੀ ਸਮਰਥਾ ਹੈ ਉਹ ਉਸ ਦੀ ਪੂਰੀ ਵਰਤੋਂ ਨਹੀਂ ਕਾਰ ਰਿਹਾ। ਮਨਦੀਪ ਦੇ ਵੀ ਕੁਝ ਅਜਿਹੇ ਹੀ ਵਿਚਾਰ ਹਨ ਪਰ ਉਹ ਕਦੇ ਇਸ ਗੱਲ ਦਾ ਜ਼ਿਕਰ ਨਹੀਂ ਕਰਦੀ ਕਿਉਂਕਿ ਉਹ ਖੁਸ਼ ਹੈ। ਜਗਮੋਹਣ ਉਸ ਨੂੰ ਕਿਸੇ ਗੱਲੋਂ ਤੰਗ ਨਹੀਂ ਕਰਿਆ ਕਰਦਾ। ਫਿਰ ਵੀ ਕਦੇ ਕਦੇ ਉਹ ਵੀ ਕਹਿਣ ਲੱਗਦੀ ਹੈ ਕਿ ਫਲਾਣੇ ਰਿਸ਼ਤੇਦਾਰ ਨੇ ਮਰਸਡੀਜ਼ ਖਰੀਦ ਲਈ ਜਾਂ ਫਲਾਣੇ ਨੇ ਵੱਡਾ ਘਰ ਲੈ ਲਿਆ ਪਰ ਜਗਮੋਹਣ ਕੰਨ ਵਲੇਟ ਰੱਖਦਾ ਹੈ।

ਸਾਊਥਾਲ (ਕਾਂਡ 59)

       ਕਦੇ ਕਦੇ ਪਰਦੁੱਮਣ ਸਿੰਘ ਦੀ ਰਾਤਾਂ ਦੀ ਨੀਂਦ ਖਰਾਬ ਹੋਣ ਲਗਦੀ ਹੈ। ਕਈ ਕਿਸਮ ਦੀਆਂ ਚਿੰਤਾਵਾਂ ਆ ਘੇਰਨ ਲਗਦੀਆਂ ਹਨ। ਇਸ ਲਈ ਉਸ ਦੀ ਸ਼ਰਾਬ ਪੀਣ ਦੀ ਆਦਤ ਵਿਗੜ ਰਹੀ ਹੈ। ਹੁਣ ਉਹ ਲਗਭਗ ਰੋਜ਼ ਹੀ ਪੀਣ ਲਗਿਆ ਹੈ। ਕਈ ਵਾਰ ਸਵੇਰੇ ਲੇਟ ਵੀ ਉਠਦਾ ਹੈ ਭਾਵੇਂ ਕਿ ਹੁਣ ਬਲਰਾਮ ਕੰਮ ਸੰਭਾਲਦਾ ਹੈ ਪਰ ਉਹ ਇਹ ਨਹੀਂ ਚਾਹੁੰਦਾ ਕਿ ਉਹ ਬਿਨਾਂ ਕਾਰਨ ਘਰ ਸੁੱਤਾ ਰਹੇ ਜਾਂ ਬਿਸਤਰ ਵਿਚ ਪਿਆ ਰਹੇ।
       ਇਕ ਚਿੰਤਾ ਉਸ ਦੀ ਇਹ ਹੈ ਕਿ  ਬਲਰਾਮ ਦੀ ਪਤਨੀ ਦੇ ਘਰੋਂ ਚਲੇ ਜਾਣ ਕਾਰਣ ਲੋਕਾਂ ਵਿਚ ਉਸ ਦੀ ਬਹੁਤ ਬਦਨਾਮੀ ਹੋਈ ਹੈ। ਉਸ ਨੂੰ ਡਰ ਹੈ ਕਿ ਬਲਰਾਮ ਵਿਚ ਕੋਈ ਨੁਕਸ ਹੀ ਨਾ ਹੋਵੇ। ਵੱਡੇ ਵਾਂਗ ਇਹ ਵੀ ਗੇਅ ਹੀ ਨਾ ਹੋ ਗਿਆ ਹੋਵੇ। ਜੇ ਇਵੇਂ ਹੋਇਆ ਫਿਰ ਤਾਂ ਉਹ ਮਾਰਿਆ ਗਿਆ ਨਾ। ਉਹ ਆਪਣਾ ਦਿਲ ਕਾਇਮ ਕਰਨ ਲਈ ਆਪਣੇ ਆਪ ਨੂੰ ਤਸੱਲੀ ਦੇਣ ਲਗਦਾ ਹੈ ਕਿ ਅੱਜ ਕੱਲ ਦੇ ਬੱਚਿਆਂ ਦੀ ਈਗੋ ਬਹੁਤ ਉਚੀ ਹੈ, ਕਿਸੇ ਦੀ ਗੱਲ ਸਹਾਰਦੇ ਨਹੀਂ। ਇਸ ਲਈ ਬਹੁਤ ਘੱਟ ਵਿਆਹ ਸਿਰੇ ਚੜ੍ਹਦੇ ਹਨ ਅਤੇ ਸਭ ਨਾਲ ਹੀ ਇਵੇਂ ਹੋ ਰਹੀ ਹੈ ਤੇ ਕਿਸੇ ਨੂੰ ਕਿਸੇ ਵੱਲ ਦੇਖਣ ਤੇ ਸੋਚਣ ਦੀ ਫੁਰਸਤ ਨਹੀਂ ਹੈ ਪਰ ਫਿਰ ਵੀ ਉਹ ਜਦ ਸੋਚਾਂ ਵਿਚ ਡੁੱਬਦਾ ਹੈ ਤਾਂ ਡੁੱਬਦਾ ਚਲੇ ਜਾਂਦਾ ਹੈ। ਸ਼ਾਇਦ ਵਿਚੋਲੇ ਨੇ ਜਾਣ ਕੇ ਖਰਾਬ ਕਰਨ ਲਈ ਇਹ ਰਿਸ਼ਤਾ ਕਰਾਇਆ ਹੋਵੇ। ਇਹ ਜੋ ਉਹ ਇੰਨੀ ਭੱਜ ਦੌੜ ਕਰਦਾ ਹੈ ਇਸੇ ਕਰਕੇ ਹੀ ਹੈ ਕਿ ਉਸ ਦੀ ਅਣਸ ਅਗੇ ਵਧੇ ਜੇਕਰ ਬਲਰਾਮ ਵਿਚ ਕੋਈ ਨੁਕਸ ਹੋਇਆ ਤਾਂ ਇੰਨੀ ਭੱਜ ਦੌੜ ਦਾ ਕੀ ਫਾਇਆ। ਕਈ ਵਾਰ ਸ਼ਰਾਬੀ ਹੋਇਆ ਪਰਦੁੱਮਣ ਸਿੰਘ ਬਲਰਾਮ ਨੂੰ ਕਹਿਣ ਲੱਗਦਾ ਹੈ,
“ਮੈਨੂੰ ਸੱਚ ਦੱਸ ਦੇ, ਤੂੰ ਕਿਤੇ ਗੇਅ ਤਾਂ ਨਹੀਂ?”

ਸਾਊਥਾਲ (ਕਾਂਡ 58)

       ਪਾਲਾ ਸਿੰਘ ਠੱਗਿਆ ਹੋਇਆ ਖੜਾ ਹੈ। ਉਸ ਨੂੰ ਆਪਣੇ ਆਪ ਉਪਰ ਬਹੁਤ ਗੁੱਸਾ ਆ ਰਿਹਾ ਹੈ। ਮਨਿੰਦਰ ਕਿਵੇਂ ਸਹਿਜੇ ਜਿਹੇ ਉਸ ਨੂੰ ਚੋਰ–ਭਲਾਈ ਦੇ ਕੇ ਘਰੋਂ ਚਲੇ ਗਈ। ਉਹ ਸਦਾ ਹੀ ਆਪਣੇ ਆਪ ਨੂੰ ਚਲਾਕ ਸਮਝਦਾ ਰਿਹਾ ਹੈ ਤੇ ਮਨਿੰਦਰ ਉਸ ਨੂੰ ਬੜੇ ਅਰਾਮ ਨਾਲ ਧੋਖਾ ਦੇ ਜਾਂਦੀ ਹੈ। ਹੁਣ ਉਹ ਬਾਹਰ ਕਿਹੜਾ ਮੂੰਹ ਲੈ ਕੇ ਨਿਕਲੇਗਾ। ਉਹ ਲੌਂਜ ਵਿਚ ਆ ਕੇ ਸੈਟੀ ਉਪਰ ਡਿੱਗ ਪੈਂਦਾ ਹੈ। ਕੱਲ ਵਾਲੇ ਦੋ ਸੇਬ ਅਤੇ ਚਾਕੂ ਉਵੇਂ ਹੀ ਮੇਜ਼ 'ਤੇ ਪਏ ਹਨ। ਉਹ ਚਾਕੂ ਨੂੰ ਹੱਥ ਵਿਚ ਫੜ ਕੇ ਦੇਖਦਾ ਹੈ। ਉਸ ਨੇ ਮੌਕਾ ਕਿਵੇਂ ਗੰਵਾ ਲਿਆ ਹੈ। ਉਹ ਆਪਣੇ ਉਪਰ ਹੈਰਾਨ ਹੈ। ਹੁਣ ਉਸ ਨੂੰ ਯਾਦ ਆ ਰਿਹਾ ਹੈ ਕਿ ਕਦੇ ਉਹ ਸਨੂਕਰ ਖੇਡਿਆ ਕਰਦਾ ਸੀ। ਸਨੂਕਰ ਖੇਡਦਿਆਂ ਉਸ ਦਾ ਅਸੂਲ ਹੋਇਆ ਕਰਦਾ ਸੀ ਕਿ ਬਾਲ ਉਸ ਦੇ ਕਾਬੂ ਵਿਚ ਆ ਗਿਆ ਤਾਂ ਅਣਗਹਿਲੀ ਨਹੀਂ ਸੀ ਕਰਦਾ। ਬਾਲ ਨੂੰ ਕਦੇ ਵੀ ਦੂਜੇ ਦੇ ਹੱਥ ਨਾ ਲੱਗਣ ਦਿੰਦਾ। ਸਾਰੇ ਕਹਿੰਦੇ ਕਿ ਪੌਲ ਦੀ ਵਾਰੀ ਆਈ ਨਹੀਂ ਕਿ ਉਹ ਜਿੱਤਿਆ ਨਹੀਂ। ਪਰ ਉਹ ਮਨਿੰਦਰ ਦੇ ਮਾਮਲੇ ਵਿਚ ਅਣਗਹਿਲੀ ਕਰ ਗਿਆ ਹੈ। ਹੁਣ ਜਦੋਂ ਲੋਕਾਂ ਨੂੰ ਪਤਾ ਚੱਲੇਗਾ ਕਿ ਉਹ ਇਕ ਮੁਸਲਮਾਨ ਮੁੰਡੇ ਦੀ ਖਾਤਰ ਘਰ ਛੱਡ ਗਈ ਹੈ ਤਾਂ ਲੋਕ ਕੀ ਕਹਿਣਗੇ। ਲੋਕ ਇਹੋ ਕਹਿਣਗੇ ਕਿ ਪਾਲਾ ਸਿੰਘ ਦੀ ਧੀ ਨੂੰ ਮੁਸਲਮਾਨ ਕੱਢ ਕੇ ਲੈ ਗਿਆ। ਉਹ ਉਠ ਕੇ ਦੋਨੋਂ ਹੱਥਾਂ ਦੇ ਮੁੱਕੇ ਬਣਾ ਕੇ ਕੰਧ ਵਿਚ ਮਾਰਦਾ ਹੈ। ਉਸ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ। ਗੁਰਦਿਆਲ ਸਿੰਘ ਨੂੰ ਵੀ ਹੁਣ ਕੀ ਦੱਸੇਗਾ ਕਿ ਸ਼ਿਕਾਰ ਹੱਥੋਂ ਨਿਕਲ ਗਿਆ।

ਸਾਊਥਾਲ (ਕਾਂਡ 57)

       ਤੜਕਸਾਰ ਫੋਨ ਦੀ ਘੰਟੀ ਵੱਜਦੀ ਹੈ। ਪਰਦੁੱਮਣ ਸਿੰਘ ਘੜੀ ਦੇਖਦਾ ਹੈ। ਉਠਣ ਦਾ ਵਕਤ ਹੋ ਰਿਹਾ ਹੈ ਪਰ ਇਹ ਫੋਨ ਕਿਸ ਦਾ ਹੋਇਆ। ਇੰਨੀ ਸਵੇਰ ਤਾਂ ਐਮਰਜੈਂਸੀ ਫੋਨ ਹੀ ਆਇਆ ਕਰਦੇ ਹਨ। ਕਿਧਰੇ ਇੰਡੀਆ ਤੋਂ ਹੀ ਨਾ ਹੋਵੇ। ਉਹ ਡਰਦੇ ਮਨ ਨਾਲ ਫੋਨ ਉਠਾਉਂਦਾ ਹੈ। ਸੁਰਜੀਤ ਕੌਰ ਦਾ ਹੈ। ਉਹ ਕਹਿੰਦੀ ਹੈ,
“ਭਾਜੀ, ਇਨ੍ਹਾਂ ਨੂੰ ਪੁਲਿਸ ਫੜ ਕੇ ਲੈ ਗਈ, ਪਲੀਜ਼ ਜਲਦੀ ਆਓ।”
“ਕਾਰੇ ਨੂੰ ?”
“ਹਾਂ।”
“ਕਿਉਂ ਲੈ ਗਈ ?”
“ਤੁਸੀਂ ਘਰ ਨੂੰ ਆ ਜਾਓ ਜੇ ਆ ਸਕਦੇ ਓ ਤਾਂ।”
“ਹਾਂ–ਹਾਂ, ਮੈਂ ਹੁਣੇ ਆਉਨਾਂ।”
       ਉਹ ਉਠਦਾ ਹੈ ਤੇ ਕਾਹਲੀ ਨਾਲ ਤਿਆਰ ਹੋ ਕੇ ਕਾਰੇ ਦੇ ਘਰ ਨੂੰ ਤੁਰ ਪੈਂਦਾ ਹੈ। ਉਸ ਕੋਲ ਸੋਚਣ ਦਾ ਵਕਤ ਹੀ ਨਹੀਂ ਹੈ ਕਿ ਕੀ ਹੋਇਆ ਹੋਵੇਗਾ। ਗਿਆਨ ਕੌਰ ਵੀ ਪੁੱਛਦੀ ਰਹਿ ਜਾਂਦੀ ਹੈ। ਉਹ ਇੰਨਾ ਹੀ ਕਹਿੰਦਾ ਹੈ ਕਿ ਮੈਂ ਹੁਣੇ ਹੀ ਆਉਨਾਂ।

ਸਾਊਥਾਲ (ਕਾਂਡ 56)

       ਜੋਧ ਸਿੰਘ ਭੋਗ ਪੈਣ ਤੋਂ ਬਾਅਦ ਸਿੱਧਾ ਹੀ ਪੱਚੀ ਨੰਬਰ ਵਿਚ ਆ ਜਾਂਦਾ ਹੈ। ਉਹ ਕਾਹਲੀ ਕਾਹਲੀ ਆ ਰਿਹਾ ਹੈ। ਪਿਛਲੇ ਦੋ ਹਫਤਿਆਂ ਦਾ ਕਿਰਾਇਆ ਰੁਕਿਆ ਪਿਆ ਹੈ। ਉਹ ਸੋਚਦਾ ਹੈ ਕਿ ਤਾਰਾ ਵੀ ਇਨ੍ਹਾਂ ਵਿਚੋਂ ਹੀ ਇਕ ਹੈ ਇਸ ਲਈ ਜ਼ੋਰ ਪਾ ਕੇ ਕਹਿੰਦਾ ਨਹੀਂ ਹੋਵੇਗਾ ਉਹ ਮਨ ਹੀ ਮਨ ਸੋਚਦਾ ਆ ਰਿਹਾ ਹੈ ਕਿ ਉਨ੍ਹਾਂ ਨੂੰ ਆਖਰੀ ਚੇਤਾਵਨੀ ਦੇਵੇਗਾ ਕਿ ਕਿਰਾਇਆ ਦੇ ਦੇਵੋ ਨਹੀਂ ਉਹ ਦੂਜਾ ਰਾਹ ਅਪਣਾ ਲਵੇਗਾ। ਉਹ ਤਾਰੇ ਦੀ ਖਿੜਕੀ ਉਪਰ ਦਸਤਕ ਦਿੰਦਾ ਹੈ। ਤਾਰੇ ਦੇ ਕਮਰੇ ਦੀ ਖਿੜਕੀ ਬਾਹਰ ਨੂੰ ਹੈ। ਤਾਰਾ ਪਰਦਾ ਹਟਾ ਕੇ ਦੇਖਦਾ ਹੈ। ਉਸ ਨੂੰ ਜੋਧ ਸਿੰਘ ਦੀ ਪੱਗ ਦਿਸ ਪੈਂਦੀ ਹੈ। ਆਪਣੀ ਉਚੀ ਪੱਗ ਕਾਰਨ ਉਹ ਦੂਰੋਂ ਹੀ ਪਛਾਣਿਆ ਜਾਂਦਾ ਹੈ। ਮੀਕਾ ਕਿਹਾ ਕਰਦਾ ਹੈ ਕਿ ਜਿੱਡਾ ਜੋਧ ਸਿੰਘ ਓਡੀ ਹੀ ਜੋਧ ਸਿੰਘ ਦੀ ਪੱਗ। ਤਾਰਾ ਦਰਵਾਜ਼ਾ ਖੋਲ੍ਹਦਾ ਹੈ। ਜੋਧ ਸਿੰਘ ਹੌਲੇ ਜਿਹੇ ਪੁੱਛਦਾ ਹੈ,
“ਸਾਰੇ ਘਰ ਆ ?”
“ਆਹੋ, ਆ ਜਾਵੋ ਭਾਜੀ, ਆਪ ਗੱਲ ਕਰ ਲਓ।”
       ਜੋਧ ਸਿੰਘ ਅੰਦਰ ਲੰਘ ਆਉਂਦਾ ਹੈ। ਸਭ ਦੇ ਵਾਰੀ ਵਾਰੀ ਦਰਵਾਜ਼ੇ ਖੜਕਾਉਂਦਾ ਹੈ। ਮਿੰਦੀ ਤੇ ਦੇਬੀ ਬਾਹਰ ਨਿਕਲਦੇ ਹਨ। ਜੋਧ ਸਿੰਘ ਕਹਿੰਦਾ ਹੈ,

ਸਾਊਥਾਲ (ਕਾਂਡ 55)

       ਪਾਲਾ ਸਿੰਘ ਨੂੰ ਤੜਕਸਾਰ ਜਾਗ ਆ ਜਾਂਦੀ ਹੈ। ਉਸ ਨੂੰ ਹਾਲੇ ਵੀ ਪੂਰਾ ਨਸ਼ਾ ਹੈ। ਕੱਲ ਉਹ ਜ਼ਿਆਦਾ ਪੀ ਗਿਆ ਸੀ। ਇੰਨੀ ਸ਼ਰਾਬ ਉਹ ਪੀਆ ਨਹੀਂ ਕਰਦਾ। ਉਹ ਦੇਖਦਾ ਹੈ ਕਿ ਉਸ ਉਪਰ ਕੰਬਲ ਦਿੱਤਾ ਹੋਇਆ ਹੈ। ਉਸ ਦੇ ਸਿਰ ਤੋਂ ਪੱਗ ਲਾਹ ਕੇ ਪਰਨਾ ਬੰਨ੍ਹਿਆ ਹੋਇਆ ਹੈ। ਪੈਰਾਂ ਵਿਚੋਂ ਜੁਰਾਬਾਂ ਤੱਕ ਉਤਾਰ ਦਿੱਤੀਆਂ ਹਨ। ਉਹ ਸੋਚਦਾ  ਕਿ ਮਨਿੰਦਰ ਲੇਟ ਘਰ ਆਈ ਹੋਵੇਗੀ। ਇਕ ਪਲ ਲਈ ਮਨਿੰਦਰ ਉਸ ਨੂੰ ਆਪਣੀ ਮਾਂ ਜਿਹੀ ਦਿੱਸਦੀ ਹੈ। ਉਹ ਕੰਬਲ ਉਤੇ ਹੱਥ ਫੇਰ ਕੇ ਦੇਖਦਾ ਹੈ ਤੇ ਮੁੜ ਸੌਣ ਦੀ ਕੋਸ਼ਿਸ਼ ਕਰਦਾ ਹੈ।
       ਦੋਨਾਂ ਮੁੰਡਿਆਂ ਦੇ ਜਾਣ ਤੋਂ ਬਾਅਦ ਮਨਿੰਦਰ ਉਸ ਦੇ ਬਹੁਤ ਨੇੜੇ ਆ ਜਾਂਦੀ ਹੈ। ਉਹ ਅਕਸਰ ਸੋਚਣ ਲੱਗਦਾ  ਕਿ ਧੀਆਂ ਤਾਂ ਪੁੱਤਰਾਂ ਤੋਂ ਵੱਧ ਮੋਹ ਕਰਦੀਆਂ ਹਨ ਤੇ ਧੀਆਂ ਨੂੰ ਆਪਣੇ ਫਰਜ਼ਾਂ ਦਾ ਵੀ ਜ਼ਿਆਦਾ ਪਤਾ ਹੁੰਦਾ ਹੈ। ਹੁਣ ਉਸ ਦੇ ਦੋਵੇਂ ਪੁੱਤ ਓਪਰੇ ਬਣ ਚੁੱਕੇ ਹਨ ਜਦ ਕਿ ਧੀ ਉਸ ਦੇ ਨਾਲ ਰਹਿੰਦੀ ਹੈ ਤੇ ਘਰ ਵਿਚ ਸੌ ਸਲਾਹਾਂ ਕਰਦੀ  ਪਰ ਗੁਰਦਿਆਲ ਸਿੰਘ ਆ ਕੇ ਉਸ ਦੀ ਜਿ਼ੰਦਗੀ ਨੂੰ ਉਲਟ ਪੁਲਟ ਕਰ ਜਾਂਦਾ ਹੈ। ਮੁੰਡਿਆਂ ਨੇ ਮਰਜ਼ੀ ਦੀਆਂ ਕੁੜੀਆਂ ਲੱਭ ਲਈਆਂ, ਘਰੋਂ ਚਲੇ ਗਏ ਪਰ ਕਿਸੇ ਸ਼ਰੀਕ ਨੇ ਮਿਹਣਾ ਨਹੀਂ ਮਾਰਿਆ। ਮਨਿੰਦਰ ਵੇਲੇ ਤਾਂ ਗੁਰਦਿਆਲ ਸਿੰਘ ਜਿਵੇਂ ਉਸ ਨੂੰ ਮੰਜੇ ਤੋਂ ਹੇਠਾਂ ਲਾਹ ਗਿਆ ਹੋਵੇ। ਉਹ ਮੁੜ ਕੇ ਸੌਣ ਦੀ ਕੋਸ਼ਿਸ਼ ਕਰਦਾ ਹੈ। ਮਨਿੰਦਰ ਉਠੇਗੀ ਤਾਂ ਉਸ ਨਾਲ ਗੱਲ ਕਰੇਗਾ। ਰਾਤ ਵਾਲਾ ਉਸ ਦਾ ਜੋਸ਼ ਠੰਡਾ ਪੈ ਚੁੱਕਾ ਹੈ।

ਸਾਊਥਾਲ (ਕਾਂਡ 54)

       ਜਗਮੋਹਣ ਬਹੁਤ ਦਿਨਾਂ ਤੱਕ ਗਰੇਵਾਲ ਨੂੰ ਮਿਲ ਨਹੀਂ ਸਕਦਾ। ਉਹ ਸਮਾਜਿਕ ਜਿਹੇ ਕੰਮਾਂ ਵਿਚ ਫਸਿਆ ਰਿਹਾ ਹੈ। ਬਲਰਾਮ ਦਾ ਵਿਆਹ ਹੈ। ਫਿਰ ਉਸ ਦੇ ਰਿਸ਼ਤੇਦਾਰੀ ਵਿਚ ਕਾਵੈਂਟਰੀ ਵਿਚ ਵੀ ਵਿਆਹ ਆ ਜਾਂਦਾ ਹੈ। ਤੇ ਫਿਰ ਸਤਿੰਦਰ ਦਾ ਵਿਆਹ ਵੀ ਹੈ। ਇਨ੍ਹਾਂ ਸਭ ਤੋਂ ਉਪਰ ਬਲਰਾਮ ਦੀ ਪਤਨੀ ਦਾ ਛੱਡ ਜਾਣਾ ਉਸ ਉਪਰ ਆਪਣਾ ਵਧੇਰੇ ਪ੍ਰਭਾਵ ਛੱਡ ਜਾਂਦਾ ਹੈ। ਇਸ ਵਿਸ਼ੇ ਬਾਰੇ ਉਸ ਦਾ ਗੱਲ ਕਰਨ ਨੂੰ ਵੀ ਦਿਲ ਨਹੀਂ ਕਰਦਾ ਬਲਕਿ ਉਦਾਸ ਜਿਹਾ ਰਹਿਣ ਲਗਦਾ ਹੈ। ਮਨਦੀਪ ਕਹਿੰਦੀ ਹੈ,
“ਜੇਹਦੀ ਵਾਈਫ ਛੱਡ ਗਈ ਉਹ ਸ਼ਾਇਦ ਏਨਾ ਦੁਖੀ ਨਾ ਹੋਵੇ।”
“ਮੈਂ ਕਿਹੜਾ ਦੁਖੀ ਆਂ।”
“ਸੋਚੀ ਤਾਂ ਜਾਂਦੇ ਓ ਜਿੱਦਾਂ ਤੁਹਾਡੀ ਈ ਚਲੇ ਗਈ ਹੋਵੇ !”
“ਜੇ ਮੇਰੀ ਚਲੇ ਗਈ ਮੈਂ ਤਾਂ ਓਦਾਂ ਈ ਮਰ ਜਾਊਂ।”
       ਉਹ ਕਹਿੰਦਾ  ਤੇ ਮਨਦੀਪ ਖੁਸ਼ ਹੋ ਜਾਂਦੀ ਹੈ। ਉਹ ਆਖਦੀ ਹੈ,
“ਤੁਹਾਨੂੰ ਚੁੜੇਲਾਂ ਈ ਨਹੀਂ ਚੁੰਬੜਦੀਆਂ ਭੂਤ ਵੀ ਚੁੰਬੜਦੇ ਆ।”