Showing posts with label ਕਾਂਡ 65. Show all posts
Showing posts with label ਕਾਂਡ 65. Show all posts

ਸਾਊਥਾਲ (ਕਾਂਡ 65)

       ਗਰੇਵਾਲ ਨੂੰ ਸਟਰੋਕ ਹੋ ਜਾਂਦਾ ਹੈ। ਡਾਕਟਰ ਕਹਿੰਦੇ ਹਨ ਕਿ ਸਟਰੋਕ ਹੋਣ ਤੋਂ ਲਗ ਭਗ ਤਿੰਨ ਦਿਨ ਬਾਅਦ ਤੱਕ ਉਹ ਘਰ ਬਿਨਾਂ ਇਲਾਜ ਪਿਆ ਰਿਹਾ ਹੈ। ਇਸੇ ਲਈ ਉਸ ਦੀ ਹਾਲਤ ਇੰਨੀ ਗੰਭੀਰ ਹੈ। ਗਰੇਵਾਲ ਕਈ ਦਿਨ ਤੱਕ ਕੋਮਾ ਵਿਚ ਰਹਿੰਦਾ ਹੈ ਤਦ ਕਿਤੇ ਜਾ ਕੇ ਅੱਖਾਂ ਖੋਲ੍ਹਦਾ ਹੈ।
       ਹੁਣ ਗਰੇਵਾਲ ਨੂੰ ਦੇਖਣ ਉਸ ਦਾ ਪਰਿਵਾਰ ਲਗਾਤਾਰ ਜਾਂਦਾ ਹੈ। ਉਸ ਦੇ ਦੋਵੇਂ ਭਰਾ, ਭਰਜਾਈਆਂ ਤੇ ਭਤੀਜੇ, ਭਤੀਜੀਆਂ। ਬਿਮਾਰ ਹੋਣ ਤੋਂ ਬਾਅਦ ਗਰੇਵਾਲ ਦੀ ਕੀਮਤ ਜਿਵੇਂ ਵੱਧ ਗਈ ਹੋਵੇ। ਜਗਮੋਹਣ ਨੂੰ ਗਰੇਵਾਲ ਦਾ ਬਹੁਤ ਫਿਕਰ ਹੈ। ਉਹ ਹਸਪਤਾਲ ਜਾਂਦਾ ਰਹਿੰਦਾ ਹੈ ਪਰ ਬਹੁਤਾ ਚਿਰ ਨਹੀਂ ਬੈਠਿਆ ਕਰਦਾ। ਇਕ ਤਾਂ ਗਰੇਵਾਲ ਕੋਲ ਹੋਰ ਰਿਸ਼ਤੇਦਾਰਾਂ ਦੀ ਭਰਮਾਰ ਹੁੰਦੀ ਹੈ ਜਿਹਨਾਂ ਨੂੰ ਉਹ ਜਾਣਦਾ ਨਹੀਂ ਹੈ, ਦੂਜੇ ਗਰੇਵਾਲ ਨਾਲ ਵੀ ਕੋਈ ਗਲ ਨਹੀਂ ਹੋ ਸਕਦੀ ਉਹ ਤਾਂ ਕਿਸੇ ਨੂੰ ਪਛਾਣਦਾ ਵੀ ਨਹੀਂ ਹੈ। ਉਸ ਨੂੰ ਉਸ ਦੇ ਭਰਾਵਾਂ ਦਾ ਗਰੇਵਾਲ ਪ੍ਰਤੀ ਉਮੜਦਾ ਪਿਆਰ ਬਹੁਤ ਕੋਫਤ ਦੇਣ ਲਗਦਾ ਹੈ। ਹੁਣ ਉਹਨਾਂ ਨੂੰ ਲਗਦਾ ਹੈ ਕਿ ਗਰੇਵਾਲ ਸ਼ਾਇਦ ਹੀ ਠੀਕ ਹੋਵੇ ਤੇ ਲੋਕਾਚਾਰੀ ਉਹ ਗਰੇਵਾਲ ਦੀ ਸੇਵਾ ਕਰਨੀ ਚਾਹੁੰਦੇ ਹਨ।