ਸਾਊਥਾਲ (ਕਾਂਡ 59)

       ਕਦੇ ਕਦੇ ਪਰਦੁੱਮਣ ਸਿੰਘ ਦੀ ਰਾਤਾਂ ਦੀ ਨੀਂਦ ਖਰਾਬ ਹੋਣ ਲਗਦੀ ਹੈ। ਕਈ ਕਿਸਮ ਦੀਆਂ ਚਿੰਤਾਵਾਂ ਆ ਘੇਰਨ ਲਗਦੀਆਂ ਹਨ। ਇਸ ਲਈ ਉਸ ਦੀ ਸ਼ਰਾਬ ਪੀਣ ਦੀ ਆਦਤ ਵਿਗੜ ਰਹੀ ਹੈ। ਹੁਣ ਉਹ ਲਗਭਗ ਰੋਜ਼ ਹੀ ਪੀਣ ਲਗਿਆ ਹੈ। ਕਈ ਵਾਰ ਸਵੇਰੇ ਲੇਟ ਵੀ ਉਠਦਾ ਹੈ ਭਾਵੇਂ ਕਿ ਹੁਣ ਬਲਰਾਮ ਕੰਮ ਸੰਭਾਲਦਾ ਹੈ ਪਰ ਉਹ ਇਹ ਨਹੀਂ ਚਾਹੁੰਦਾ ਕਿ ਉਹ ਬਿਨਾਂ ਕਾਰਨ ਘਰ ਸੁੱਤਾ ਰਹੇ ਜਾਂ ਬਿਸਤਰ ਵਿਚ ਪਿਆ ਰਹੇ।
       ਇਕ ਚਿੰਤਾ ਉਸ ਦੀ ਇਹ ਹੈ ਕਿ  ਬਲਰਾਮ ਦੀ ਪਤਨੀ ਦੇ ਘਰੋਂ ਚਲੇ ਜਾਣ ਕਾਰਣ ਲੋਕਾਂ ਵਿਚ ਉਸ ਦੀ ਬਹੁਤ ਬਦਨਾਮੀ ਹੋਈ ਹੈ। ਉਸ ਨੂੰ ਡਰ ਹੈ ਕਿ ਬਲਰਾਮ ਵਿਚ ਕੋਈ ਨੁਕਸ ਹੀ ਨਾ ਹੋਵੇ। ਵੱਡੇ ਵਾਂਗ ਇਹ ਵੀ ਗੇਅ ਹੀ ਨਾ ਹੋ ਗਿਆ ਹੋਵੇ। ਜੇ ਇਵੇਂ ਹੋਇਆ ਫਿਰ ਤਾਂ ਉਹ ਮਾਰਿਆ ਗਿਆ ਨਾ। ਉਹ ਆਪਣਾ ਦਿਲ ਕਾਇਮ ਕਰਨ ਲਈ ਆਪਣੇ ਆਪ ਨੂੰ ਤਸੱਲੀ ਦੇਣ ਲਗਦਾ ਹੈ ਕਿ ਅੱਜ ਕੱਲ ਦੇ ਬੱਚਿਆਂ ਦੀ ਈਗੋ ਬਹੁਤ ਉਚੀ ਹੈ, ਕਿਸੇ ਦੀ ਗੱਲ ਸਹਾਰਦੇ ਨਹੀਂ। ਇਸ ਲਈ ਬਹੁਤ ਘੱਟ ਵਿਆਹ ਸਿਰੇ ਚੜ੍ਹਦੇ ਹਨ ਅਤੇ ਸਭ ਨਾਲ ਹੀ ਇਵੇਂ ਹੋ ਰਹੀ ਹੈ ਤੇ ਕਿਸੇ ਨੂੰ ਕਿਸੇ ਵੱਲ ਦੇਖਣ ਤੇ ਸੋਚਣ ਦੀ ਫੁਰਸਤ ਨਹੀਂ ਹੈ ਪਰ ਫਿਰ ਵੀ ਉਹ ਜਦ ਸੋਚਾਂ ਵਿਚ ਡੁੱਬਦਾ ਹੈ ਤਾਂ ਡੁੱਬਦਾ ਚਲੇ ਜਾਂਦਾ ਹੈ। ਸ਼ਾਇਦ ਵਿਚੋਲੇ ਨੇ ਜਾਣ ਕੇ ਖਰਾਬ ਕਰਨ ਲਈ ਇਹ ਰਿਸ਼ਤਾ ਕਰਾਇਆ ਹੋਵੇ। ਇਹ ਜੋ ਉਹ ਇੰਨੀ ਭੱਜ ਦੌੜ ਕਰਦਾ ਹੈ ਇਸੇ ਕਰਕੇ ਹੀ ਹੈ ਕਿ ਉਸ ਦੀ ਅਣਸ ਅਗੇ ਵਧੇ ਜੇਕਰ ਬਲਰਾਮ ਵਿਚ ਕੋਈ ਨੁਕਸ ਹੋਇਆ ਤਾਂ ਇੰਨੀ ਭੱਜ ਦੌੜ ਦਾ ਕੀ ਫਾਇਆ। ਕਈ ਵਾਰ ਸ਼ਰਾਬੀ ਹੋਇਆ ਪਰਦੁੱਮਣ ਸਿੰਘ ਬਲਰਾਮ ਨੂੰ ਕਹਿਣ ਲੱਗਦਾ ਹੈ,
“ਮੈਨੂੰ ਸੱਚ ਦੱਸ ਦੇ, ਤੂੰ ਕਿਤੇ ਗੇਅ ਤਾਂ ਨਹੀਂ?”
“ਡੈਡ, ਕਿੰਨੀ ਵਾਰ ਕਹਿ ਚੁੱਕਾਂ ਕਿ ਮੈਂ ਸਟਰੇਟ ਆਂ, ਇਹ ਉਹੀ ਬਿਗ ਹੈਡਡ ਸੀ ਜਿਹੜੀ ਚਲੇ ਗਈ।”
       ਬਲਰਾਮ ਖਿੱਝ ਕੇ ਉਤਰ ਦਿੰਦਾ ਹੈ। ਪਰਦੁੱਮਣ ਸਿੰਘ ਫਿਰ ਕਹਿੰਦਾ ਹੈ,
“ਜੇ ਸਟਰੇਟ ਐਂ ਤਾਂ ਕੋਈ ਕੁੜੀ ਕਿਉਂ ਨਹੀਂ ਫਸਾਈ ਹਾਲੇ ਤੱਕ ? ਤੇਰੇ ਕੋਲ ਗਰਲ ਫਰਿੰਡ ਕਿਉਂ ਨਹੀਂ ਹੈਗੀ ?”
“ਡੈਡ, ਜੇ ਮੈਂ ਗਰਲ ਫਰਿੰਡ ਲੈ ਆਂਦੀ ਤਾਂ ਤੁਸੀਂ ਕਹਿਣਾ ਕਿ ਹੁਣ ਛੱਡ ਏਹਨੂੰ, ਗਰਲ ਫਰਿੰਡ ਕੋਈ ਬੀਅਰ ਦਾ ਡੱਬਾ ਨਹੀਂ ਕਿ ਦੁਕਾਨ ਤੋਂ ਖਰੀਦ ਲਿਆ ਤੇ ਜਦ ਦਿਲ ਕੀਤਾ ਘੁੱਟ ਭਰ ਲਿਆ।”
       ਉਹ ਗੁੱਸੇ ਨਾਲ ਕਹਿਣ ਲੱਗਦਾ ਹੈ। ਪਰਦੁੱਮਣ ਸਿੰਘ ਉਸ ਦੀ ਗੱਲ ਸੁਣ ਕੇ ਚੁੱਪ ਕਰ ਜਾਂਦਾ ਹੈ। ਸੋਫੀ ਹੋ ਕੇ ਉਸ ਨੂੰ ਇਹ ਸਭ ਭੁੱਲ ਜਾਂਦਾ ਹੈ ਤੇ ਸ਼ਰਾਬੀ ਹੋਇਆ ਫਿਰ ਉਹੋ ਸਵਾਲ ਕਰਨ ਲੱਗਦਾ ਹੈ।
       ਇਕ ਫਿਕਰ ਉਸ ਨੂੰ ਸਤਿੰਦਰ ਦਾ ਹੈ। ਉਸ ਨੂੰ ਵੀ ਮੁੰਡਾ ਠੀਕ ਨਹੀਂ ਮਿਲਿਆ। ਮੁੰਡੇ ਦੇ ਪਿਓ ਦਾ ਇਲੈਕਟਰੌਨਿਕ ਗੁੱਡਜ਼ ਦਾ ਵੇਅਰ ਹਾਊਸ ਹੈ। ਦੋ ਭਰਾ ਹਨ। ਇਹ ਵੱਡਾ ਹੈ ਪਰ ਇਸ ਦਾ ਕੰਮ ਵੱਲ ਕੋਈ ਧਿਆਨ ਨਹੀਂ ਹੈ। ਸਾਰਾ ਕੰਮ ਛੋਟਾ ਭਰਾ ਜਾਂ ਪਿਓ ਸੰਭਾਲਦੇ ਹਨ। ਸਤਿੰਦਰ ਦਾ ਪਤੀ ਹਰਮਿੰਦਰ ਫੁੱਟਬਾਲ ਦਾ ਸ਼ੌਕੀਨ ਹੈ ਤੇ ਐਡਾ ਵੱਡਾ ਕਾਰੋਬਾਰ ਛੱਡ ਮੈਚ ਦੇਖਣ ਹੀ ਤੁਰਿਆ ਰਹਿੰਦਾ ਹੈ। ਕੁੜੀ ਬਿਲਕੁਲ ਖੁਸ਼ ਨਹੀਂ ਹੈ। ਕੁਝ ਸਮੇਂ ਵਿਚ ਹੀ ਕੁੜੀ ਬਹੁਤ ਮਾੜੀ ਹੋ ਗਈ ਹੈ। ਵਿਚੇ ਵਿਚ ਕਿਸੇ ਗੱਲੋਂ ਖੁਰਦੀ ਜਾ ਰਹੀ ਹੈ। ਪਰਦੁੱਮਣ ਸਿੰਘ ਨੇ ਗੱਜ–ਵੱਜ ਕੇ ਵਿਆਹ ਕੀਤਾ ਹੈ। ਰੱਜਵਾਂ ਦਾਜ ਦਿੱਤਾ ਹੈ ਪਰ ਕੁੜੀ ਫਿਰ ਵੀ ਨਹੀਂ ਖੁਸ਼।
       ਘਰ ਵਿਚ ਗਿਆਨ ਕੌਰ ਕੁਲਬੀਰੋ ਦੀ ਮੌਤ ਨੂੰ ਲੈ ਕੇ ਹਾਲੇ ਤਕ ਪ੍ਰੇਸ਼ਾਨ ਹੈ ਤੇ ਕੰਮ–ਕਾਰ ਤੋਂ ਇਕ ਕਿਸਮ ਨਾਲ ਕਿਨਾਰਾ ਕਰੀ ਬੈਠੀ ਹੈ। ਵਿਓਪਾਰ ਉਪਰ ਵੀ ਤਾਰਿਕ ਦਾ ਡਰ ਛਾਇਆ ਰਹਿੰਦਾ ਹੈ ਤੇ ਬਲਵੀਰ ਦਾ ਵੀ। ਡਰਾਈਵਰ ਵੀ ਕਈ ਵਾਰ ਗੜਬੜ ਕਰਨ ਲੱਗਦੇ ਹਨ। ਰਾਜਵਿੰਦਰ ਵੀ ਪਤਾ ਨਹੀਂ ਕਿਥੇ ਤੇ ਕਿਹੜੇ ਹਾਲ ਵਿਚ ਰਹਿੰਦਾ ਹੈ। ਇਕ ਵਾਰ ਅਜਿਹਾ ਗਿਆ ਕਿ ਮੁੜ ਘਰ ਨਹੀਂ ਆਇਆ। ਉਸ ਨੂੰ ਪਤਾ ਹੈ ਕਿ ਉਹ ਸਾਊਥਾਲ ਵਿਚ ਹੀ ਕਿਧਰੇ ਰਹਿੰਦਾ ਹੈ। ਪਰਦੁੱਮਣ ਸਿੰਘ ਜਦ ਉਸ ਬਾਰੇ ਸੋਚਦਾ ਹੈ ਤਾਂ ਉਸ ਦੇ ਦਿਲ ਨੂੰ ਘੋਟ ਜਿਹੀ ਪੈਣ ਲੱਗਦੀ ਹੈ। ਹੁਣ ਉਹ ਕਾਰੇ ਦੀ ਜ਼ਮਾਨਤ ਦੇ ਬੈਠਾ ਹੈ। ਇਸ ਜ਼ਮਾਨਤ ਨੇ ਨਵੀਂ ਚਿੰਤਾ ਖੜੀ ਕਰ ਦਿੱਤੀ ਹੈ। ਕਾਰਾ ਨਸ਼ੇ ਦੀ ਲੋਰ ਵਿਚ ਇਕ ਦਿਨ ਕਹਿ ਬੈਠਦਾ ਹੈ,
“ਦੁੱਮਣਾ, ਮੈਂ ਤਾਂ ਸੂੰਅ ਕਰਕੇ ਉਡ ਜਾਣੈ।”
       ਸੁਣਦਿਆਂ ਦੀ ਪਰਦੁੱਮਣ ਸਿੰਘ ਨੂੰ ਫਿਕਰ ਪੈ ਜਾਂਦਾ ਹੈ ਕਿ ਜੇ ਕਾਰਾ ਮੁਲਕ ਛੱਡ ਗਿਆ ਤਾਂ ਜ਼ਮਾਨਤ ਉਸ ਨੂੰ ਪੈ ਜਾਵੇਗੀ। ਵੈਸੇ ਵੀ ਕਾਰਾ ਬਹੁਤ ਖੁਸ਼ ਘੁੰਮਦਾ ਰਹਿੰਦਾ ਹੈ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਕਾਰਾ ਪਰਦੁੱਮਣ ਦੇ ਫਿਕਰ ਨੂੰ ਸਮਝਦਾ ਹੈ ਪਰ ਇਸ ਬਾਰੇ ਗੱਲ ਨਹੀਂ ਕਰਦਾ। ਉਸ ਨੂੰ ਡਰ ਹੈ ਕਿ ਉਹ ਜਮਾਨਤ ਰੱਦ ਹੀ ਨਾ ਕਰਾ ਦੇਵੇ ਤੇ ਉਸ ਨੂੰ ਮੁੜ ਅੰਦਰ ਡੱਕ ਦਿਤਾ ਜਾਵੇ।
       ਫਿਰ ਜਦ ਕਾਰਾ ਤੇ ਮਨੀਸ਼ ਸਾਰੇ ਕੇਸ ਨੂੰ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕਰਨ ਲੱਗਦੇ ਹਨ ਤਾਂ ਪਰਦੁੱਮਣ ਦਾ ਫਿਕਰ ਕੁਝ ਘਟਦਾ ਹੈ। ਕਾਰਾ ਆਪਣੇ ਤੀਜੇ ਸਾਥੀ ਕੈਲਵਿਨ ਦੀ ਜ਼ਮਾਨਤ ਕਰਵਾਉਂਦਾ ਹੈ ਤੇ ਉਸ ਨਾਲ ਸਮਝੌਤਾ ਕਰਦਾ ਹੈ ਕਿ ਸਾਰਾ ਕੇਸ ਉਹ ਆਪਣੇ ਸਿਰ ਲੈ ਲਵੇ। ਕਾਰਾ ਪਰਦੁੱਮਣ ਨੂੰ ਹੌਸਲਾ ਦਿੰਦਾ ਕਹਿੰਦਾ ਹੈ,
“ਤੂੰ ਐਵੇਂ ਨਾ ਆਪਣਾ ਖੂਨ ਸਾੜੀ ਚੱਲ। ਜਾਹ ਸਰਾਹਣੇ ਹੇਠ ਬਾਂਹ ਦੇ ਕੇ ਸੌਂ ਜਾਹ।”
       ਕੁਝ ਹਫਤੇ ਪਰਦੁੱਮਣ ਦੇ ਠੀਕ ਲੰਘਦੇ ਹਨ ਤੇ ਫਿਰ ਚੱਲਦਾ ਹੈ ਕਿ ਕੈਲਵਿਨ ਤਾਂ ਸਰਕਾਰੀ ਗਵਾਹ ਬਣ ਗਿਆ ਹੈ। ਉਸ ਨੇ ਪੁਲਿਸ ਨੂੰ ਸਭ ਸੱਚ ਸੱਚ ਦੱਸ ਦਿੱਤਾ ਹੈ। ਪਰਦੁੱਮਣ ਫਿਰ ਬੇਆਰਾਮ ਹੋ ਜਾਂਦਾ ਹੈ।
       ਇਕ ਦਿਨ ਉਸ ਦਾ ਫੋਨ ਵੱਜਦਾ ਹੈ। ਕੋਈ ਇੰਟਰਨੈਸ਼ਨਲ ਕਾਲ ਹੈ। ਫੋਨ ਉਪਰ ਕਾਰਾ ਹੈ। ਪਰਦੁੱਮਣ ਸਿੰਘ ਕਾਹਲੀ ਵਿਚ ਪੁੱਛਦਾ ਹੈ,
“ਕਿਥੇ ਐਂ ਤੂੰ, ਤੇਰੀ ਕਾਲ ਇੰਟਰਨੈਸ਼ਨਲ ਕਿਉਂ ਸ਼ੋਅ ਕਰ ਰਹੀ ਐ?”
“ਦੁੰਮਣਾ, ਮੈਂ ਇੰਗਲੈਂਡ ਛੱਡ ਦਿੱਤੈ, ਮੇਰੇ ਤੋਂ ਜੇਲ੍ਹ ਨਹੀਂ ਕੱਟੀ ਜਾਣੀ।”
“ਮੇਰੀ ਜ਼ਮਾਨਤ ਦਾ ਕੀ ਬਣੂੰ ?”
“ਮੈਂ ਜਿਉਂ ਹੈਗਾਂ।”
“ਤੂੰ ਕਿਥੇ ਹੈਗਾਂ ?.. ਤੂੰ ਤਾਂ ਭੱਜ ਗਿਆਂ, ਇਕ ਲੱਖ ਮੈਨੂੰ ਭਰਨਾ ਪਊ।”
       ਪਰਦੁੱਮਣ ਸਿੰਘ ਉਚੀ ਉਚੀ ਬੋਲਣ ਲੱਗਦਾ ਹੈ। ਫੋਨ ਕੱਟ ਹੋ ਜਾਂਦਾ ਹੈ। ਗਿਆਨ ਕੌਰ ਪੁੱਛਦੀ ਹੈ ਤਾਂ ਉਹ ਕਾਰੇ ਨੂੰ ਬੁਰਾ–ਭਲਾ ਬੋਲਦਾ ਸਾਰੀ ਗੱਲ ਦੱਸਦਾ ਹੈ। ਗਿਆਨ ਕੌਰ ਹੌਲੇ ਜਿਹੇ ਆਖਦੀ ਹੈ,
“ਇਹ ਸਭ ਕੁਲਬੀਰੋ ਦੇ ਦਸ ਹਜ਼ਾਰ ਨੇ ਕਰਾਇਆ। ਹੁਣ ਦਸ ਬਦਲੇ ਲੱਖ ਦੇਣਾ ਪਿਆ ਨਾ।”
       ਪਰਦੁੱਮਣ ਸਿੰਘ ਗੁੱਸੇ ਵਿਚ ਆ ਕੇ ਉਸ ਵੱਲ ਦੇਖਦਾ ਹੈ। ਉਸ ਨੂੰ ਲੱਗਦਾ ਹੈ ਕਿ ਇਸ ਮੁਸੀਬਤ ਵਿਚ ਉਹ ਬਿਲਕੁਲ ਇਕੱਲਾ ਰਹਿ ਗਿਆ ਹੈ। ਉਹ ਸੁਰਜੀਤ ਕੌਰ ਕੋਲ ਜਾਂਦਾ ਹੈ। ਕਹਿਣ ਲੱਗਦਾ ਹੈ,
“ਭਰਜਾਈ, ਮੈਂ ਲੱਖ ਕਿਥੋਂ ਕੱਢੂੰਗਾ ਜ਼ਮਾਨਤ ਦਾ ?”
“ਭਾਜੀ, ਉਹ ਆਪੇ ਕਰਨਗੇ ਕੁਸ਼ ਨਾ ਕੁਸ਼। ਇਹ ਜ਼ਮਾਨਤ ਹੁਣ ਤੁਹਾਨੂੰ ਥੋੜ੍ਹੋਂ ਪੈਣ ਦੇਣਗੇ।”
“ਪਰ ਉਹ ਗਿਆ ਕਿਥੇ ਐ ?”
“ਇਹ ਤਾਂ ਸਾਨੂੰ ਨਹੀਂ ਪਤਾ, ਸਾਨੂੰ ਤਾਂ ਫੋਨ ਵੀ ਨਹੀਂ ਕੀਤਾ ਜਾ ਕੇ, ਪੁਲਿਸ ਆਲ਼ੇ ਸਾਡੀ ਹਰ ਮੂਵ 'ਤੇ ਨਜ਼ਰ ਰੱਖ ਰਹੇ ਆ, ਸ਼ਾਇਦ ਫੋਨ ਵੀ ਰਿਕਾਰਡ ਕਰਦੇ ਹੋਣ।”
“ਭਰਜਾਈ, ਆਹ ਤਾਂ ਕਾਰੇ ਦੀਆਂ ਕੀਤੀਆਂ ਮੈਨੂੰ ਭਰਨੀਆਂ ਪੈ ਰਹੀਆਂ।”
“ਭਾਜੀ, ਇਨ੍ਹਾਂ ਨੇ ਕੁਸ਼ ਨਹੀਂ ਕੀਤਾ, ਸਾਰਾ ਕੰਮ ਗੋਰੇ ਦਾ ਐ। ਇਨ੍ਹਾਂ ਦਾ ਤਾਂ ਨਾਂ ਈ ਲੱਗ ਗਿਐ, ਮਾਲਕ ਜਿਉਂ ਸੀ।”
       ਪਰਦੁੱਮਣ ਸਿੰਘ ਮਨ ਹੀ ਮਨ ਕਹਿੰਦਾ ਹੈ ਕਿ ਉਸ ਨੂੰ ਪਤਾ  ਜਿਹੜਾ ਕਾਰਾ ਦੁੱਧ ਧੋਤਾ ਹੈ।
       ਕੁਝ ਹਫਤਿਆਂ ਬਾਅਦ ਫਿਰ ਉਹ ਭੱਜਦਾ ਹੋਇਆ ਸੁਰਜੀਤ ਕੌਰ ਜਾਂਦਾ ਹੈ,
“ਭਰਜਾਈ, ਕੋਰਟ ਨੇ ਮੇਰੇ ਨਾਂ 'ਤੇ ਸੰਮਨ ਭੇਜ ਦਿੱਤੇ ਆ ਕਰੋ ਕੁਸ਼।”
“ਭਾਜੀ, ਮੈਂ ਕੀ ਕਰਨਾ, ਜੋ ਕਰਨੈ ਤੁਹਾਡੇ ਭਰਾ ਨੇ ਈ ਕਰਨੈ।”
       ਉਹ ਜਤਿੰਦਰਪਾਲ ਨੂੰ ਕਹਿੰਦਾ ਹੈ ਕਿ ਉਹ ਹੀ ਕੁਝ ਕਰੇ। ਜ਼ਮਾਨਤ ਦੇ ਪੈਸੇ ਭਰਨ ਵਿਚ ਮੱਦਦ ਕਰੇ ਪਰ ਉਹ ਵੀ ਮੋਢੇ ਚੁੱਕ ਕੇ ਦਿਖਾ ਦਿੰਦਾ ਹੈ। ਪਰਦੁੱਮਣ ਨੂੰ ਕਚਹਿਰੀ ਵਿਚ ਹਾਜ਼ਰ ਹੋਣ ਦੀ ਤਰੀਕ ਆ ਜਾਂਦੀ ਹੈ। ਦੋ ਕੁ ਤਰੀਕਾਂ ਵਿਚ ਹੀ ਫੈਸਲਾ ਹੋ ਜਾਣਾ ਹੈ। ਉਸ ਨੂੰ ਇਹ ਫਿਕਰ ਵੀ ਸਤਾ ਰਿਹਾ ਹੈ ਕਿ ਕਾਨੂੰਨ ਦੀਆਂ ਨਜ਼ਰਾਂ ਵਿਚ ਉਹ ਮੁਜਰਮ ਦਾ ਮੱਦਦਗਾਰ ਸਿੱਧ ਹੋ ਗਿਆ ਹੈ। ਉਸ ਦਾ ਰਿਕਾਰਡ ਖਰਾਬ ਹੋ ਜਾਵੇਗਾ। ਅੱਜ ਕੱਲ ਤਾਂ ਸਾਰੀ ਚੰਗੀ–ਮਾੜੀ ਜਾਣਕਾਰੀ ਕੰਪਿਊਟਰ 'ਤੇ ਚੜ੍ਹਾ ਦਿੱਤੀ ਜਾਂਦੀ ਹੈ ਤੇ ਸਦਾ ਉਥੇ ਹੀ ਰਹਿੰਦੀ ਹੈ।
       ਜਗਮੋਹਣ ਉਸ ਦਾ ਸਲਾਹਕਾਰ ਹੈ। ਉਹੀ ਸਲਾਹ ਦਿੰਦਾ ਹੈ ਕਿ ਕੋਰਟ ਵਿਚ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਉਹ ਕਾਰੇ ਨੂੰ ਲੱਭ ਕੇ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਕਿੰਨੀਆਂ ਜਗਾਵਾਂ 'ਤੇ ਉਹ ਕਾਰੇ ਦੀ ਭਾਲ ਵਿਚ ਗਿਆ ਹੈ ਪਰ ਕਾਮਯਾਬੀ ਨਹੀਂ ਮਿਲ ਰਹੀ। ਕੇਸ ਦਾ ਫੈਸਲਾ ਹੋ ਜਾਂਦਾ ਹੈ। ਪੰਜਾਹ ਹਜ਼ਾਰ ਪੌਂਡ ਉਸ ਨੂੰ ਪੈ ਜਾਂਦਾ ਹੈ ਵਕੀਲ ਦੀ ਫੀਸ ਤੇ ਕਚਿਹਰੀ ਦਾ ਖਰਚਾ ਉਪਰੋਂ ਦੀ। ਉਹ ਕਈ ਵਾਰ ਸੁਰਜੀਤ ਕੌਰ ਨੂੰ ਮਿਲਦਾ ਹੈ। ਪਹਿਲਾਂ ਤਾਂ ਉਹ ਪਿਆਰ ਨਾਲ ਹੀ ਪੇਸ਼ ਆਉਂਦੀ ਹੈ ਪਰ ਫਿਰ ਉਹ ਝਾੜ ਕੇ ਰੱਖ ਦਿੰਦੀ ਹੈ,ਆਖਦੀ ਹੈ,
“ਭਾਜੀ, ਤੂੰ ਮੈਨੂੰ ਪੁੱਛ ਕੇ ਉਹਦੀ ਜ਼ਮਾਨਤ ਦਿੱਤੀ ਸੀ ?”
       ਅਗਲੇ ਦਿਨ ਹੀ ਉਸ ਨੂੰ ਇੰਟਰਨੈਸ਼ਨਲ ਕਾਲ ਆਉਂਦੀ ਹੈ। ਉਹ ਸੋਚਦਾ ਹੈ ਕਿ ਕਾਰੇ ਦਾ ਹੀ ਹੋਵੇਗਾ। ਕਾਰਾ ਆਖਣ ਲੱਗਦਾ ਹੈ,
“ਦੁੱਮਣਾ, ਕਿਉਂ ਪੰਜਾਹ ਹਜ਼ਾਰ ਖਾਤਰ ਮੂਤੀ ਜਾਨੈਂ, ਮੇਰਾ ਔਖਾ ਵੇਲਾ ਕਢਾ, ਮੈਂ ਤੇਰੀ ਪੈਨੀ ਪੈਨੀ ਮੋੜ ਦੇਵਾਂਗਾ।”



ਚਲਦਾ...