ਮਨਿੰਦਰ ਨੂੰ ਗਾਇਬ ਹੋਇਆਂ ਕਈ ਮਹੀਨੇ ਬੀਤ ਗਏ ਹਨ। ਉਸ ਦਾ ਕੁਝ ਨਹੀਂ ਪਤਾ ਕਿ
ਕਿਥੇ ਰਹਿੰਦੀ ਹੈ, ਕੀ ਕਰਦੀ ਹੈ। ਪੜ੍ਹਾਈ ਜਾਰੀ ਰੱਖੀ ਹੋਈ ਹੈ ਜਾਂ ਛੱਡ ਦਿੱਤੀ ਹੈ।
ਪਾਲਾ ਸਿੰਘ ਨੂੰ ਹੈਰਾਨੀ ਵੀ ਹੈ ਕਿ ਇੰਨੀ ਤਲਾਸ਼ ਬਾਅਦ ਵੀ ਉਹ ਨਹੀਂ ਮਿਲੀ। ਹੋ ਸਕਦਾ
ਕਿ ਉਹ ਆਪਣੇ ਭਰਾਵਾਂ ਨੂੰ ਮਿਲਦੀ ਹੋਵੇ। ਉਨ੍ਹਾਂ ਨਾਲ ਵੀ ਤਾਂ ਪਾਲਾ ਸਿੰਘ ਦਾ ਕੋਈ
ਰਾਬਤਾ ਨਹੀਂ ਹੈ। ਦੋਨਾਂ ਨੇ ਉਸ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਾਇਆ ਹੋਣ ਕਰਕੇ ਪਾਲਾ
ਸਿੰਘ ਨੇ ਇਹ ਜਾਨਣਾ ਹੀ ਨਹੀਂ ਚਾਹਿਆ ਕਿ ਉਹ ਕਿਥੇ ਰਹਿੰਦੇ ਹਨ ਤੇ ਹੁਣ ਕਿਸ ਹਾਲ ਵਿਚ
ਹਨ। ਉਨ੍ਹਾਂ ਨੇ ਵੀ ਕਦੇ ਪਾਲਾ ਸਿੰਘ ਦੀ ਖਬਰਸਾਰ ਨਹੀਂ ਲਈ। ਕਈ ਵਾਰ ਪਾਲਾ ਸਿੰਘ ਸੋਚਣ
ਲੱਗਦਾ ਹੈ ਕਿ ਕੀ ਮੈਂ ਇੰਨਾ ਹੀ ਖਰਾਬ ਪਿਓ ਹਾਂ। ਉਸ ਨੇ ਤਾਂ ਸਦਾ ਹੀ ਆਪਣੀ ਔਲਾਦ ਦਾ
ਭਲਾ ਚਾਹਿਆ ਹੈ। ਉਨ੍ਹਾਂ ਨੂੰ ਪਾਲਿਆ, ਪੋਸਿਆ, ਵੱਡੇ ਕੀਤਾ, ਪੜ੍ਹਾਇਆ, ਡਿਗਰੀਆਂ
ਕਰਾਈਆਂ ਅਤੇ ਬਦਲੇ ਵਿਚ ਕੁਝ ਸੰਸਕਾਰਾਂ ਦੀ ਪਾਲਣਾ ਹੀ ਮੰਗੀ ਸੀ ਤੇ ਔਲਾਦ ਉਹ ਵੀ ਨਹੀਂ
ਕਰ ਸਕੀ। ਜੇ ਇਹੋ ਹੈ ਤਾਂ ਕੀ ਖੜਾ ਹੈ ਔਲਾਦ ਖੁਣੋ। ਉਹ ਔਂਤ ਵੀ ਰਹਿ ਜਾਂਦਾ ਤਾਂ ਕੀ
ਬੁਰਾ ਸੀ।