ਪਾਲਾ ਸਿੰਘ ਸਵੇਰਸਾਰ ਗੁਰਦੁਆਰੇ ਤੋਂ ਮੁੜਦਾ ਹੈ। ਬੱਸ ਸਟਾਪ ਦੇ ਸਾਹਮਣੇ ਫਿਰ ਬਹੁਤ ਹੀ ਗੰਦਾ ਪੋਸਟਰ ਲੱਗਿਆ ਹੋਇਆ ਹੈ। ਇਕ ਨੰਗੀ ਔਰਤ ਖੜੀ ਆਪਣੀ ਕੱਛੀ ਵਿਚ ਦੇਖ ਰਹੀ ਹੈ ਤੇ ਲਿਖਿਆ ਹੈ ਕਿ ਸਾਡੇ ਕੋਲ ਵਾਲ ਰੰਗਣ ਲਈ ਇੰਨਾ ਵਧੀਆ ਰੰਗ ਹੈ ਕਿ ਤੁਸੀਂ ਆਪਣੇ ਵਾਲਾਂ ਦਾ ਅਸਲੀ ਰੰਗ ਭੁੱਲ ਜਾਵੋਗੇ। ਤੇ ਅਸਲੀ ਰੰਗ ਦੇਖਣ ਲਈ ਤੁਹਾਨੂੰ ਗੁਪਤ ਅੰਗ ਦੇ ਵਾਲਾਂ ਉਪਰ ਨਜ਼ਰ ਮਾਰਨੀ ਹੋਵੇਗੀ। ਪਾਲਾ ਸਿੰਘ ਜ਼ਰਾ ਕੁ ਖੜ ਕੇ ਪੜ੍ਹਦਾ ਹੈ ਤੇ ਹੱਸਦਾ ਹੋਇਆ ਅੱਗੇ ਲੰਘ ਜਾਂਦਾ ਹੈ। ਉਸ ਨੂੰ ਪਤਾ ਕਿ ਇਸ ਪੋਸਟਰ ਨਾਲ ਸੇਮੇ ਤੇ ਅਨਵਰ ਨੂੰ ਬਹੁਤ ਤਕਲੀਫ ਹੋਵੇਗੀ। ਪਹਿਲਾਂ ਤਾਂ ਉਹ ਪੋਸਟਰ ਪੇਂਟ ਕਰਕੇ ਇਸ ਔਰਤ ਦੇ ਕੱਪੜੇ ਪਵਾ ਦੇਣਗੇ। ਇਵੇਂ ਵੀ ਉਨ੍ਹਾਂ ਦੀ ਤਸੱਲੀ ਨਹੀਂ ਹੋਵੇਗੀ ਤੇ ਫਿਰ ਪੋਸਟਰ ਪਾੜ ਦੇਣਗੇ।
ਉਹ ਘਰ ਪਹੁੰਚਦਾ ਹੈ। ਰਸੋਈ ਵਿਚੋਂ ਆ ਰਹੀ ਚਾਹ ਦੀ ਸੁੰਘ ਤੋਂ ਸਮਝ ਜਾਂਦਾ ਹੈ ਕਿ ਮਨਿੰਦਰ ਉਠ ਖੜੀ ਹੋਵੇਗੀ। ਫਿਰ ਪੋਰਚ ਵਿਚ ਜਾ ਕੇ ਦੇਖਦਾ ਹੈ ਕਿ ਮਨਿੰਦਰ ਜਾ ਚੁੱਕੀ ਹੈ। ਉਸ ਦੀ ਜੁੱਤੀ ਪੋਰਚ ਵਿਚ ਜਿਉਂ ਨਹੀਂ ਪਈ। ਮਨਿੰਦਰ ਸਵੇਰੇ ਜਲਦੀ ਚਲੇ ਜਾਂਦੀ ਤੇ ਰਾਤ ਨੂੰ ਲੇਟ ਮੁੜਦੀ ਹੈ। ਕਾਲਜ ਤੋਂ ਬਾਅਦ ਕਿਧਰੇ ਕੰਮ ਕਰਦੀ ਹੈ। ਪਾਲਾ ਸਿੰਘ ਬਥੇਰਾ ਕਹਿੰਦਾ ਹੈ ਕਿ ਉਸ ਨੂੰ ਕੰਮ ਕਰਨ ਦੀ ਲੋੜ ਨਹੀਂ ਹੈ। ਉਸ ਕੋਲ ਪੈਸੇ ਹਨ ਪਰ ਮਨਿੰਦਰ ਨਹੀਂ ਮੰਨਦੀ। ਉਹ ਆਪਣੀ ਜੇਬ ਖਰਚ ਲਈ ਕੰਮ ਕਰਕੇ ਖੁਸ਼ ਹੈ। ਵੈਸੇ ਪਾਲਾ ਸਿੰਘ ਨੂੰ ਇਹ ਗੱਲ ਚੰਗੀ ਵੀ ਲੱਗਦੀ ਹੈ ਕਿ ਇਵੇਂ ਬੱਚਿਆਂ ਵਿਚ ਕੰਮ ਕਰਨ ਦੀ ਭਾਵਨਾ ਪ੍ਰਬਲ ਰਹਿੰਦੀ ਹੈ ਤੇ ਅਣਖ ਵੀ ਕਾਇਮ ਰਹਿੰਦੀ ਹੈ।