ਗੁਰਮੁਖ ਸੰਧੂ ਨੂੰ ਸਾਰਾ ਸਾਊਥਾਲ ਜਾਣਦਾ ਹੈ। ਲੋਕ ਉਸ ਨੂੰ ਸੰਧੂ ਵਕੀਲ ਹੀ ਕਹਿੰਦੇ ਹਨ। ਰੋਜ਼ਡੇਲ ਰੋਡ ਉਪਰ ਰਹਿੰਦਾ ਹੈ ਜਿਹੜੀ ਕਿ ਬਰਾਡਵੇਅ ਤੋਂ ਨਿਕਲਦੀ ਹੈ ਤੇ ਬੀਕਨਜ਼ਫੀਲਡ ਰੋਡ ਵੱਲ ਨੂੰ ਜਾ ਮਿਲਦੀ ਹੈ। ਸੰਧੂ ਵਕੀਲ ਪ੍ਰਸਿੱਧ ਤਾਂ ਆਪਣੀ ਇਮਾਨਦਾਰੀ ਅਤੇ ਕੰਮ ਦੀ ਲਗਨ ਕਾਰਨ ਹੈ ਪਰ ਉਸ ਤੋਂ ਵੀ ਵੱਧ ਪ੍ਰਸਿੱਧ ਉਹ ਆਪਣੀ ਸ਼ਰਾਬ ਕਰਕੇ ਹੈ। ਸ਼ਰਾਬ ਕਾਰਨ ਕਈਆਂ ਦੇ ਕੇਸ ਖਰਾਬ ਵੀ ਹੋ ਸਕਦੇ ਹਨ। ਸੰਧੂ ਇੰਡੀਆ ਵਿਚ ਵਕੀਲ ਸੀ। ਇਥੇ ਆ ਕੇ ਪ੍ਰੈਕਟਿਸ ਕਰਨ ਲਈ ਕੁਝ ਹੋਰ ਕੋਰਸ ਕਰਨੇ ਪੈਣੇ ਸਨ। ਅਜਿਹੇ ਚੱਕਰਾਂ ਵਿਚ ਉਹ ਪੈਣਾ ਨਹੀਂ ਸੀ ਚਾਹੁੰਦਾ। ਇਸ ਲਈ ਇਮੀਗਰੇਸ਼ਨ ਦਾ ਕੰਮ ਸ਼ੁਰੂ ਕਰ ਲਿਆ। ਇਮੀਗਰੇਸ਼ਨ ਦੇ ਕੇਸ ਕਰਵਾਉਣ ਲਈ ਕਿਸੇ ਡਿਗਰੀ ਦੀ ਜ਼ਰੂਰਤ ਨਹੀਂ ਹੁੰਦੀ। ਬਿਨਾਂ ਡਿਗਰੀਆਂ ਤੋਂ ਬਹੁਤ ਸਾਰੇ ਏਜੰਟ ਇਹ ਕੰਮ ਕਰ ਰਹੇ ਹਨ।
ਘਰ ਦੇ ਫਰੰਟ ਵਿਚ ਹੀ ਉਸ ਨੇ ਆਪਣਾ ਦਫਤਰ ਬਣਾਇਆ ਹੋਇਆ ਹੈ। ਸੈਟੀ ਪਈ ਹੈ, ਕੌਫੀ ਟੇਬਲ ਹੈ ਜਿਵੇਂ ਕਿ ਆਮ ਫਰੰਟ ਰੂਮਾਂ ਵਿਚ ਹੁੰਦਾ ਹੀ ਹੈ। ਉਸ ਨੇ ਬਸ ਕੁਝ ਕੁਰਸੀਆਂ ਵਾਧੂ ਲਿਆ ਰੱਖੀਆਂ ਹਨ। ਕਾਨੂੰਨ ਦੀਆਂ ਵੱਡੀਆਂ ਵੱਡੀਆਂ ਕਿਤਾਬਾਂ ਅਤੇ ਫਾਈਲ ਕੈਬਨਿਟ ਤੋਂ ਤੁਸੀਂ ਇਸ ਨੂੰ ਦਫਤਰ ਕਹਿ ਸਕਦੇ ਹੋ। ਫਾਈਲ ਕੈਬਨਿਟ ਵਿਚ ਓਹਲੇ ਜਿਹੇ ਇਕ ਬੋਤਲ ਪਈ ਹੁੰਦੀ ਹੈ। ਇਹ ਬੋਤਲ ਉਸ ਦੀ ਰਿਜ਼ਰਵ ਪਈ ਰਹਿੰਦੀ ਹੈ। ਜਦੋਂ ਮੁੰਡਾ–ਕੁੜੀ ਜਾਂ ਪਤਨੀ ਜ਼ਿਆਦਾ ਹੀ ਰੋਕਣ ਤਾਂ ਹੀ ਇਸ ਬੋਤਲ ਨੂੰ ਉਹ ਛੇੜਦਾ ਹੈ ਨਹੀਂ ਤਾਂ ਅਸਲ ਬੋਤਲ ਉਸ ਦੀ ਰਸੋਈ ਵਿਚ ਹੀ ਹੁੰਦੀ ਹੈ। ਸਾਲਾਂ ਤੋਂ ਉਹ ਟੀਚਰ ਪੀਂਦਾ ਆ ਰਿਹਾ ਹੈ। ਟੀਚਰ ਵਿਸਕੀ ਨੂੰ ਪੰਜਾਬੀ ਲੋਕ ਪਸੰਦ ਨਹੀਂ ਕਰਦੇ ਭਾਵੇਂ ਮੁਫਤ ਦੀ ਕਿਉਂ ਨਾ ਹੋਵੇ ਪਰ ਉਸ ਨੂੰ ਇਹ ਰਾਸ ਆ ਗਈ ਹੈ। ਉਹ ਕਹਿੰਦਾ ਹੈ ਕਿ ਠੀਕ ਹੀ ਇਹੋ ਬੈਠਦੀ ਹੈ। ਇਕ ਇਕ ਪੈੱਗ ਸਾਰਾ ਦਿਨ ਪੀਂਦਾ ਰਹਿੰਦਾ ਹੈ। ਜਦੋਂ ਕਦੇ ਦੋ ਪੈੱਗ ਵਧ ਪੀ ਹੋ ਗਏ ਤਾਂ ਉਹ ਸੌਂ ਜਾਂਦਾ ਹੈ। ਸ਼ਰਾਬ ਕਾਰਨ ਹੀ ਉਸ ਕੋਲ ਬਹੁਤੇ ਕੇਸ ਨਹੀਂ ਆਉਂਦੇ। ਜਿਹੜੇ ਆਉਂਦੇ ਵੀ ਹਨ ਕਈ ਵਾਰ ਉਸ ਦੀ ਕਾਬਲੀਅਤ ਉਪਰ ਸ਼ੱਕ ਕਰਦੇ ਹੋਏ ਆਪਣੀ ਫਾਈਲ ਚੁੱਕ ਲੈ ਜਾਂਦੇ ਹਨ ਪਰ ਉਹ ਹਰ ਕੇਸ ਵਿਚ ਆਪਣਾ ਪੂਰਾ ਤਾਣ ਲਾ ਦਿੰਦਾ ਹੈ ਤੇ ਫਿਰ ਲੈਂਦਾ ਵੀ ਸਿਰਫ ਸੌ ਪੌਂਡ ਹੈ ਜਦ ਕਿ ਹੋਰ ਵਕੀਲ ਜਾਂ ਏਜੰਟ ਕਈ ਕਈ ਸੌ ਲੈ ਜਾਂਦੇ ਹਨ। ਇਸੇ ਕਰਕੇ ਜਿਹੜੇ ਉਸ ਕੋਲ ਆਉਂਦੇ ਹਨ ਕਿਧਰੇ ਹੋਰ ਨਹੀਂ ਜਾਂਦੇ।
ਪਰਦੁੱਮਣ ਸਿੰਘ ਨੂੰ ਸੰਧੂ ਵਕੀਲ ਦੀ ਕਾਬਲੀਅਤ ਉਪਰ ਪੂਰਾ ਭਰੋਸਾ ਹੈ। ਉਹ ਉਸਦਾ ਪੁਰਾਣਾ ਵਾਕਫ ਹੈ। ਪਹਿਲੀਆਂ ਵਿਚ ਕਈ ਕੇਸ ਉਸ ਤੋਂ ਕਰਵਾਏ ਸਨ। ਪਰਦੁੱਮਣ ਸਿੰਘ ਨੂੰ ਜਗਮੋਹਣ ਉਪਰ ਵੀ ਯਕੀਨ ਹੈ ਕਿ ਕੰਮ ਸਹੀ ਢੰਗ ਨਾਲ ਕਰੇਗਾ ਪਰ ਉਹ ਕੰਮ ਛੱਡੀ ਬੈਠਾ ਹੈ ਤੇ ਫਿਰ ਉਹ ਗਲਤ ਕੰਮ ਕਰਨ ਲਈ ਨਹੀਂ ਮੰਨਦਾ। ਸੰਧੂ ਨੂੰ ਉਹ ਜਿਵੇਂ ਕਹੇਗਾ ਮੰਨ ਜਾਣਾ ਹੈ ਉਸ ਨੇ। ਉਸ ਨੇ ਸੰਧੂ ਨਾਲ ਸਵੇਰ ਦੀ ਅਪਾਇੰਟਮੈਂਟ ਬਣਾਈ ਹੈ ਤਾਂ ਕਿ ਉਹ ਉਸ ਨੂੰ ਬਹੁਤਾ ਸ਼ਰਾਬੀ ਨਾ ਮਿਲੇ। ਉਹ ਸੰਧੂ ਦੇ ਘਰ ਦੀ ਡੋਰ ਬੈੱਲ ਕਰਦਾ ਹੈ। ਸੰਧੂ ਆਪ ਡੋਰ ਖੋਲ੍ਹਦਾ ਹੈ। ਦੋਹਾਂ ਵਿਚਕਾਰ ਹੈਲੋ ਹੈਲੋ ਹੁੰਦੀ ਹੈ। ਦੋਵੇਂ ਵਾਕਫਕਾਰ ਤਾਂ ਹਨ ਹੀ। ਸੰਧੂ ਪੁੱਛਦਾ ਹੈ,
“ਹਾਂ ਜੀ, ਪਰਦੁੱਮਣ ਸਿੰਘ ਜੀ, ਕੀ ਕਰੀਏ ਤੁਹਾਡੇ ਲਈ ?”
“ਦੋ ਮੁੰਡਿਆਂ ਦੇ ਪੁਲੀਟੀਕਲ ਸਟੇਅ ਦੇ ਕੇਸ ਕਰਵਾਉਣੇ ਆਂ।”
“ਕਰ ਦਿੰਨੇ ਆਂ, ਏਸ ਮੁਲਕ ਵਿਚ ਐਂਟਰ ਹੋਣ ਦਾ ਪਰੂਫ ਹੈਗਾ ?”
“ਹਾਂ ਜੀ, ਇਕ ਤਾਂ ਸੈਰ ਲਈ ਆਇਆ ਸੀ ਤੇ ਦੂਜਾ ਵਿਆਹ ਉਪਰ, ਪ੍ਰੌਪਰ ਹੀਥਰੋ ਰਾਹੀਂ ਐਂਟਰ ਹੋਏ ਆ।”
“ਸਿੰਘ ਸਜੇ ਹੋਏ ਆ ਕੇ ਮੋਨੇ ਆ ?”
“ਹੈ ਤਾਂ ਮੋਨੇ ਈ, ਬਗੈਰ ਪੱਗੜੀ ਤੋਂ।”
“ਦਾੜ੍ਹੀ ਰਖਾ ਕੇ ਪੱਗ ਬਨ੍ਹਾ ਦਿਓ, ਹੋ ਸਕੇ ਤਾਂ ਦਾੜ੍ਹੀ ਲੰਮੀ ਹੋਵੇ ਸਿੰਘਾਂ ਵਰਗੀ।”
“ਇਹ ਸਲਾਹ ਮੇਰੇ ਲਈ ਮੁਸ਼ਕਲ ਐ।”
“ਮੁਸ਼ਕਲ ਕਾਹਦੀ, ਤੁਸੀਂ ਆਪ ਸਿੰਘ ਓ ?”
“ਮੈਂ ਤਾਂ ਹੁਣ ਜੋ ਹੈਗਾਂ ਸੋ ਹੈਗਾਂ ਪਰ ਉਹ ਕੰਮ ਕੇਟਰਿੰਗ ਦਾ ਕਰਦੇ ਆ ਤੇ ਕੇਟਰਿੰਗ ਦੇ ਕੰਮ ਵਿਚ ਵਾਲਾਂ ਦੀ ਬਹੁਤ ਪ੍ਰੌਬਲਮ ਐ।”
“ਇਹਦਾ ਕੋਈ ਹੱਲ ਤਾਂ ਹੋਏਗਾ ਹੀ, ਨੈੱਟ ਆਦਿ ਲਾ ਕੇ, ਕੰਮ ਕਰੀ ਜਾਣ।”
“ਹੈ ਤਾਂ ਸਹੀ, ਕੇਟਰਿੰਗ ਦਾ ਕੰਮ ਮੇਰਾ ਈ ਐ, ਮੈਂ ਚਾਹੁੰਨਾ ਕਿ ਮੇਰੇ ਲਈ ਮੁਸੀਬਤਾਂ ਨਾ ਵਧਣ, ਚਲੋ ਦੇਖਾਂਗੇ, ਹੋਰ ਦੱਸੋ ?”
“ਪੜ੍ਹੇ ਲਿਖੇ ਆ ?”
“ਥੋੜ੍ਹਾ ਬਹੁਤ।”
“ਗੁਰੂਆਂ ਬਾਰੇ ਤਾਂ ਪਤਾ ਹੋਊ ਕਿ ਨਹੀਂ ?”
“ਲਓ ਸੰਧੂ ਜੀ, ਕੀ ਗੱਲ ਕਰਦੇ ਓ, ਸਿੱਖਾਂ ਦੇ ਘਰਾਂ ਦੇ ਮੁੰਡੇ ਭਲਾ ਗੁਰੂਆਂ ਬਾਰੇ ਨਾ ਪਤਾ ਹੋਵੇ।”
“ਇਹ ਗੱਲ ਤੁਸੀਂ ਭੁੱਲ ਜਾਓ ਪ੍ਰਦੁੱਮਣ ਸਿੰਘ ਜੀ, ਕਈਆਂ ਨੂੰ ਕੁਸ਼ ਨਈਂ ਪਤਾ, ਪਿਛਲੇ ਹਫਤੇ ਮੈਂ ਇਕ ਕੇਸ ਕਰਾਉਣ ਗਿਆ, ਅਫਸਰ ਪੁੱਛਦੇ ਕਿ ਸਿੱਖਾਂ ਦੇ ਕਿੰਨੇ ਗੁਰੂ ਐ, ਮੁੰਡਾ ਕਹਿੰਦਾ ਕਿ ਹੋਣਗੇ ਬਾਰਾਂ ਚੌਦਾਂ। ਅਫਸਰ ਹੱਸ ਪਿਆ। ਮੈਂ ਮੌਕਾ ਸੰਭਾਲਦਿਆਂ ਕਿਹਾ ਕਿ ਇਹ ਅੱਜ ਕੱਲ ਦੇ ਲੀਡਰਾਂ ਨੂੰ ਵੀ ਗੁਰੂ ਹੀ ਸਮਝੀ ਜਾਂਦੈ।”
“ਨਹੀਂ ਸੰਧੂ ਸਾਹਿਬ, ਏਦੂੰ ਚੰਗੇ ਆ।”
“ਸਮਝਾਏ ਹੋਏ ਬਿਆਨ ਤਾਂ ਸਮਝ ਲੈਣਗੇ ਨਾ ?”
“ਬਿਲਕੁਲ।”
“ਫਿਰ ਲੈ ਆਓ ਉਹਨਾਂ ਨੂੰ।”
“ਦੱਸੋ, ਕੀ ਸੇਵਾ ਕਰੀਏ ?”
“ਆਪਣਾ ਤਾਂ ਰੰਡੀਆਂ ਵਾਂਗੂ ਫਿਕਸ ਰੇਟ ਐ ਸੌ ਪੌਂਡ। ਸੌ ਪੌਂਡ ਪਹਿਲਾਂ ਤੇ ਸੌ ਪੌਂਡ ਕੰਮ ਹੋਣ 'ਤੇ।”
“ਦੋ ਕੇਸਾਂ ਦਾ ਘੱਟ ਨਹੀਂ ਕਰ ਲੈਂਦੇ ?”
“ਤੁਸੀਂ ਨਾ ਦਿਓ ਤਾਂ ਵੀ ਕਿਹੜੀ ਗੱਲ ਐ।”
“ਕਦੋਂ ਲਿਆਵਾਂ ਉਨ੍ਹਾਂ ਨੂੰ ?”
“ਕਿਸੇ ਵੇਲੇ ਸ਼ਾਮ ਨੂੰ।”
“ਸ਼ਾਮ ਨੂੰ ਤਾਂ ਤੁਸੀਂ ਸਵਾਰ ਹੋ ਜਾਂਦੇ ਓ।”
“ਸਵਾਰ ਤਾਂ ਮੈਂ ਸਵੇਰੇ ਚਾਹ ਵੇਲੇ ਹੀ ਹੋ ਜਾਨਾਂ।”
ਸੰਧੂ ਥੋੜ੍ਹਾ ਖਿੱਝ ਕੇ ਆਖਦਾ ਹੈ। ਪਰਦੁੱਮਣ ਸਿੰਘ ਬੋਲਦਾ ਹੈ,
“ਮੈਂ ਤਾਂ ਹੱਸਦਾਂ ਸੰਧੂ ਸਾਹਿਬ, ਸਾਨੂੰ ਤਾਂ ਤੁਹਾਡੀ ਵਕਾਲਤ ਦਾ ਸਦਾ ਈ ਫਾਇਦਾ ਰਿਹੈ। ਸਾਡਾ ਰਿਸ਼ਤੇਦਾਰ ਐ ਇਕ, ਉਹਨੇ ਤਾਂ ਵਕਾਲਤ ਕਰਕੇ ਈ ਖੂਹ ਵਿਚ ਪਾ 'ਤੀ।”
“ਮੇਰੇ ਨਾਲ ਬਹੁਤ ਵਕੀਲ ਇੰਡੀਆ ਤੋਂ ਆਏ ਸੀ ਇਥੇ ਪਰ ਜਲਦੀ ਪੈਸੇ ਕਮਾਉਣ ਦੇ ਲਾਲਚ ਹਿੱਤ ਫੈਕਟਰੀਆਂ, ਡਾਕਖਾਨਿਆਂ ਆਦਿ ਵਿਚ ਜਾ ਵੜੇ।”
“ਜਗਮੋਹਣ ਓਹਨੇ ਵੀ ਏਦਾਂ ਈ ਕੀਤੀ।”
“ਜਗਮੋਹਣ ਨੂੰ ਤਾਂ ਮੈਂ ਕਿਹਾ ਸੀ ਕਿ ਆ ਜਾ ਮੇਰੇ ਨਾਲ ਰਲ ਕੇ ਕੰਮ ਕਰ ਪਰ ਉਹ ਬੰਦਾ ਈ ਕੁਝ ਹੋਰ ਢੰਗ ਦਾ ਐ, ਥੋੜ੍ਹਾ ਚਿਰ ਲਾਇਆ ਵੀ ਮੇਰੇ ਨਾਲ।”
“ਉਹਨੇ ਲੀਗਲ ਐਡਵਾਈਜ਼ ਬਿਓਰੋ ਵੀ ਖੋਲ੍ਹਿਆ ਸੀ ਪਰ ਬੰਦ ਕਰ ਦਿੱਤਾ।”
“ਉਹ ਤਾਂ ਸਾਰਾ ਭਾਰਦਵਾਜ ਦਾ ਸਟੰਟ ਸੀ, ਏਹ ਕੰਮ ਤਾਂ ਬਹੁਤ ਮਿਹਨਤ ਮੰਗਦੈ, ਲਾਅ ਲਈ ਹਰ ਵੇਲੇ ਅਪ ਟੂ ਡੇਟ ਰਹਿਣਾ ਪੈਂਦੈ।”
“ਮੁੰਡੇ ਆਉਣਗੇ, ਪੈਸੇ ਲੈ ਲਿਓ।”
ਉਹ ਚਲੇ ਜਾਂਦਾ ਹੈ। ਸੰਧੂ ਰਸੋਈ ਵਿਚ ਜਾ ਕੇ ਇਕ ਪੈੱਗ ਬਣਾ ਲਿਆਉਂਦਾ ਹੈ। ਫਿਰ ਕੁਝ ਫਾਈਲਾਂ ਕੱਢ ਲੈਂਦਾ ਹੈ। ਇਕ ਫਾਈਲ ਖੋਲ੍ਹ ਕੇ ਦੇਖਦਾ ਖਿੱਝ ਉਠਦਾ ਹੈ। ਉਹ ਬੁੜਬੁੜ ਕਰ ਰਿਹਾ ਹੈ,
“ਕੱਲ ਨੂੰ ਏਹਦੀ ਡੇਟ ਐ ਤੇ ਪੇਪਰ ਵੀ ਪੂਰੇ ਨਹੀਂ।”
ਉਹ ਫਾਈਲ ਉਪਰੋਂ ਫੋਨ ਨੰਬਰ ਦੇਖ ਕੇ ਫੋਨ ਕਰਦਾ ਹੈ। ਕੋਈ ਨਹੀਂ ਚੁੱਕ ਰਿਹਾ। ਉਸ ਨੂੰ ਬਹੁਤ ਗੁੱਸਾ ਆ ਰਿਹਾ ਹੈ ਕਿ ਕਲਾਇੰਟ ਕਿੰਨਾ ਅਲਗਰਜ਼ ਹੈ ਕਿ ਮੁੜ ਕੇ ਪਤਾ ਹੀ ਨਹੀਂ ਕੀਤਾ। ਫੋਨ ਮੂਹਰਿਉਂ ਡੈੱਡ ਹੈ। ਉਸ ਨੂੰ ਹੋਰ ਵੀ ਤਕਲੀਫ ਮਹਿਸੂਸ ਹੋਣ ਲੱਗਦੀ ਹੈ। ਜੇ ਕਲਾਇੰਟ ਕੱਲ ਨੂੰ ਤਰੀਕ 'ਤੇ ਨਾ ਗਿਆ ਤਾਂ ਅਗਲਿਆਂ ਨੇ ਸਿੱਧੇ ਈ ਚੁੱਕ ਕੇ ਡਿਪੋਰਟ ਕਰ ਦੇਣਾ ਹੈ ਜਦ ਕਿ ਉਸ ਦੇ ਕੇਸ ਵਿਚ ਦਮ ਹੈ। ਜੇ ਹਾਲੇ ਪੱਕਾ ਵੀ ਨਾ ਹੋਇਆ ਤਾਂ ਦੋ ਕੁ ਸਾਲ ਦੀ ਸਟੇਅ ਮਿਲ ਹੀ ਜਾਣੀ ਹੈ। ਉਹ ਸੋਚਦਾ ਹੈ ਕਿ ਕਲਾਇੰਟ ਨੂੰ ਕਿਥੋਂ ਲੱਭੇ। ਉਸ ਨੂੰ ਕੁਝ ਨਹੀਂ ਸੁਝ ਰਿਹਾ। ਉਹ ਹਥਲਾ ਪੈਗ ਪੀ ਕੇ ਇਕ ਹੋਰ ਬਣਾ ਲੈਂਦਾ ਹੈ।
ਸ਼ਾਮ ਨੂੰ ਮੀਕਾ ਤੇ ਤਾਰਾ ਆ ਘੰਟੀ ਖੜਕਾਉਂਦੇ ਹਨ। ਸੰਧੂ ਦਰਵਾਜ਼ਾ ਖੋਲ੍ਹਦਾ ਹੈ। ਤਾਰਾ ਕਹਿੰਦਾ ਹੈ,
“ਆ ਜਾਈਏ ਜੀ ?”
“ਆ ਜਾਓ।”
“ਇਹ ਆ ਜੀ ਮੀਕਾ, ਏਹਦਾ ਕੇਸ ਆ।”
“ਠੀਕ ਆ, ਮੀਕਿਆ, ਤੂੰ ਕਿੱਦਾਂ ਆਇਆਂ, ਸੈਰ ਲਈ ਜਾਂ ਲੁਕ ਕੇ ?”
“ਮੈਂ ਸ਼ਿੱਪ 'ਚ ਆਇਆ ਸੀ ਜੀ, ਗੋਰਿਆਂ ਦੀ ਵੈਨ ਸੀ, ਪੈਸੇ ਦਿੱਤੇ ਤੇ ਉਹ ਲੈ ਆਏ, ਪਰ ਲਾਲਚੀ ਬਹੁਤ ਸੀ...।”
“ਕਿੰਨੀ ਦੇਰ ਹੋ ਗਈ ਆਏ ਨੂੰ ?”
“ਚਾਰ ਸਾਲ ਹੋ ਗਏ।”
“ਕਿਤੇ ਕੰਮ ਕਰਨ ਦਾ ਪਰੂਫ ਹੋਵੇ ?”
“ਕੰਮ ਕੀਤਾ ਮੈਂ ਭਰਾ ਨਾਲ। ਉਹਦਾ ਰੈਸਟੋਰੈਂਟ ਚਲਾਇਆ ਪਰ ਸਾਲੇ ਮੇਰੇ ਨੇ ਇਕ ਪੈਨੀ ਨਹੀਂ ਦਿੱਤੀ, ਤਨਖਾਹ ਮੰਗੀ ਤਾਂ ਕਹਿੰਦਾ ਕਿ ਤੂੰ ਨਾਲ ਦੀ ਨਾਲ ਪੀ ਗਿਆਂ, ਮੈਂ ਕਿਹਾ ਕਿ ਪੂਰੀ ਦੀ ਪੂਰੀ ਤਨਖਾਹ ਕਿੱਦਾਂ ਪੀ ਗਿਆਂ, ਵੱਧ ਤੋਂ ਵੱਧ ਬੰਦਾ ਰੋਜ਼ ਦੀ ਬੋਤਲ ਪੀ ਲਊ, ਹੁਣ ਤੁਸੀਂ ਪੀਨੇ ਈ ਆਂ ਤੁਹਾਨੂੰ ਵੀ ਪਤਾ ਈ ਐ।”
ਮੀਕਾ ਕਹਿੰਦਾ ਹੈ। ਸੰਧੂ ਥੋੜ੍ਹਾ ਝਿਪਦਾ ਬੋਲਦਾ ਹੈ,
“ਤੂੰ ਆਪਣੀ ਗੱਲ ਦੱਸ।”
“ਮੈਂ ਜ਼ਿਆਦਾ ਕਿਹਾ ਤਾਂ ਉਹਨੇ ਪੁਲਿਸ ਬੁਲਾ ਲਈ। ਸੰਧੂ ਸਾਹਿਬ, ਇਕ ਵਾਰ ਪੱਕਾ ਹੋ ਜਾਵਾਂ ਮੈਂ ਭਰਾ ਦੀ ਭੈਣ ਯੈਹਣੀ ਆਂ।”
“ਮੀਕਿਆ, ਤੈਨੂੰ ਪੱਕਾ ਕਰਾਉਣਾ ਮੇਰੇ ਵੱਸ ਦਾ ਕੰਮ ਨਹੀਂ।”
“ਮੈਂ ਤਾਂ ਜੀ ਤੁਹਾਡਾ ਬੜਾ ਨਾਂ ਸੁਣਿਆ, ਤੁਸੀਂ ਸੌ ਪੌਂਡ ਹੋਰ ਲੈ ਲਿਓ, ਮੈਨੂੰ ਪੱਕਾ ਕਰਾ ਦਿਓ, ਮੈਂ ਇਕ ਵਾਰੀ ਭਰਾ ਸਿੱਧਾ ਕਰਨਾ ਤੇ ਕਰਨਾ ਤੁਹਾਡੇ ਸਿਰ 'ਤੇ ਐ।”
“ਤੂੰ ਭਰਾ ਬਾਰੇ ਸੋਚਣਾ ਹਾਲੇ ਛੱਡ ਦੇ ਤੇ ਆਪਣੀ ਏਸ ਮੁਲਕ ਵਿਚ ਹਾਜ਼ਰੀ ਦੇ ਸਬੂਤ ਇਕੱਠੇ ਕਰ।”
“ਜੇ ਮੈਂ ਇਹ ਕੰਮ ਕਰ ਸਕਦਾ ਤਾਂ ਤੁਹਾਡੇ ਕੋਲ ਕੀ ਕਰਨ ਔਣਾ ਸੀ।”
ਮੀਕਾ ਮੂੰਹ ਫੱਟ ਹੈ। ਤਾਰੇ ਨੂੰ ਪਤਾ ਹੈ। ਉਸਦੇ ਸਾਰੇ ਦੋਸਤਾਂ ਨੂੰ ਹੀ ਪਤਾ ਹੈ। ਉਹ ਕਹਿੰਦਾ ਹੈ,
“ਮੀਕਿਆ, ਆਪਣੀ ਜ਼ੁਬਾਨ ਨੂੰ ਜ਼ਰਾ ਬਰੇਕਾਂ ਲਾ, ਜਿੱਦਾਂ ਸੰਧੂ ਸਾਹਿਬ ਕਹਿੰਦੇ ਆ, ਓਦਾਂ ਈ ਕਰ, ਤੇਰੀ ਜ਼ੁਬਾਨ ਨੇ ਹੀ ਅੱਗੇ ਸਾਰੇ ਕੰਮ ਖਰਾਬ ਕੀਤੇ ਆ।”
“ਜ਼ੁਬਾਨ ਨੂੰ ਯਾਰ ਮੈਂ ਕੇਹਦੀ ਕੁੜੀ ਛੇੜ 'ਤੀ। ਸੰਧੂ ਸਾਹਿਬ, ਤੁਸੀਂ ਮੈਨੂੰ ਪੱਕਾ ਕਰਾਓ ਜੀ, ਮੈਂ ਤੁਹਾਡੇ ਪੈਰ ਧੋ ਧੋ ਕੇ ਪੀਊਂ, ਤੁਹਾਡਾ ਕੂਕਰ ਬਣ ਕੇ ਰਹੂੰਗਾ ਸਾਰੀ ਉਮਰ।”
ਮੀਕਾ ਤਰਲਾ ਪਾਉਂਦਾ ਹੈ। ਸੰਧੂ ਪਹਿਲਾਂ ਖਿੱਝਦਾ ਹੈ ਪਰ ਫਿਰ ਨਰਮ ਪੈਂਦਾ ਪੁੱਛਦਾ ਹੈ,
“ਜਦੋਂ ਦਾ ਆਇਆਂ ਕੋਈ ਕੇਸ ਵੀ ਕੀਤਾ ਸੀ ਜਿਹਦੀ ਕੋਈ ਰੈਫਰੈਂਸ ਹੋਵੇ ?”
“ਇਹ ਤਾਂ ਭਰਾ ਨੂੰ ਈ ਪਤਾ ਹੋਊ, ਓਹਨੇ ਮਾਂ ਦੇ ਯਾਰ ਨੇ ਕਦੇ ਕੁਸ਼ ਦੱਸਿਆ ਹੀ ਨਹੀਂ।”
“ਕਦੇ ਕੋਰਟ ਬਗੈਰਾ ਵਿਚ ਅਪੀਅਰ ਹੋਇਆ ਹੋਵੇਂ ? ਪਾਸਪੋਰਟ ਕੋਈ ?”
“ਕੁਸ਼ ਨਹੀਂ ਜੀ, ਫਾਂਗ ਈ ਆਂ।”
“ਫੇਰ ਤੇਰਾ ਕੁਸ਼ ਨਹੀਂ ਹੋਣਾ। ਮੈਂ ਸੌਰੀ ਆਂ।”
“ਜੇ ਵਿਆਹ ਕਰਾ ਲਵਾਂ ਤਾਂ ?”
“ਕੋਈ ਕੁੜੀ ਹੈ?”
“ਇਕ ਮਾਤਾ ਜਿਹੀ ਹੈਗੀ ਆ ਜੇ ਮੰਨ ਗਈ ਤਾਂ।”
ਮੀਕੇ ਦੇ ਕਹਿਣ 'ਤੇ ਸਾਰੇ ਹੱਸਦੇ ਹਨ। ਸੰਧੂ ਵੀ ਹੱਸਦਾ ਹੈ ਤੇ ਉਸ ਦਾ ਗੁੱਸਾ ਠੰਡਾ ਪੈ ਜਾਂਦਾ ਹੈ। ਉਸ ਨੂੰ ਮੀਕੇ ਦਾ ਅੰਦਾਜ਼ ਚੰਗਾ ਲਗਣ ਲਗਦਾ ਹੈ। ਉਹ ਆਖਦਾ ਹੈ,
“ਮੀਕਿਆ, ਤੇਰੇ ਬਾਰੇ ਸੋਚਣਾ ਪਊ ਪਰ ਮੈਨੂੰ ਲੱਗਦੈ ਕਿ ਮੇਰੇ ਵੱਸ ਦੀ ਗੱਲ ਨਹੀਂ।”
“ਏਹਨੂੰ ਵੱਸ 'ਚ ਕਰੋ ਜੀ, ਜੇ ਮੈਂ ਪੱਕਾ ਨਾ ਹੋਇਆ ਤਾਂ ਤੁਹਾਡੇ ਨਾਂ ਨੂੰ ਲਾਜ ਲੱਗ ਜਾਣੀ ਆਂ।”
“ਤੂੰ ਮੇਰੇ ਨਾਂ ਦਾ ਫਿਕਰ ਨਾ ਕਰ ਬਥੇਰੀ ਲਾਜ ਲੱਗੀ ਹੋਈ ਆ, ਤੇਰਾ ਕੇਸ ਈ ਬਹੁਤ ਟੇਢਾ ਐ।”
“ਏਹਨੂੰ ਸਿੱਧਾ ਕਰੋ ਜੀ ਕਿਸੇ ਤਰ੍ਹਾਂ, ਕਿਸੇ ਤਰ੍ਹਾਂ ਭਰਾ ਨੂੰ ਸਬਕ ਸਿਖਾਉਣ ਜੋਗਾ ਕਰ ਦਿਓ।”
“ਏਦਾਂ ਨਾ ਹੋਵੇ ਕਿ ਭਰਾ ਤੋਂ ਬਾਅਦ ਮੇਰਾ ਨੰਬਰ ਲਾ ਦੇਵੇਂ।”
ਸੰਧੂ ਹੱਸਦਾ ਹੋਇਆ ਆਖਦਾ ਹੈ। ਮੀਕਾ ਵਿਚਾਰਾ ਜਿਹਾ ਬਣਦਾ ਬੋਲਦਾ ਹੈ,
“ਨਾ ਜੀ ਨਾ, ਤੁਸੀਂ ਤਾਂ ਫੇਰੇ ਮੇਰੇ ਮਾਪੇ ਹੋ ਗਏ।”
“ਜੇ ਤੂੰ ਪੱਕਾ ਨਾ ਹੋਇਆ ਤਾਂ ਫੇਰ ਮਾਪੇ ਕੁਮਾਪੇ ਆਪੇ ਈ ਹੋ ਜਾਣੇ ਆਂ।”
“ਜੇ ਮੈਂ ਪੱਕਾ ਨਾ ਹੋਇਆ ਤਾਂ ਤੁਸੀਂ ਮੈਨੂੰ ਇਥੇ ਆਪਣੇ ਕੋਲ ਹੀ ਰੱਖ ਲਿਓ, ਆਪਣੇ ਵਾਂਗੂੰ ਈ ਘੁੱਟ ਘੁੱਟ ਮੈਨੂੰ ਦੇਈ ਜਾਇਓ।”
ਚੱਲਦਾ...