Showing posts with label ਕਾਂਡ 28. Show all posts
Showing posts with label ਕਾਂਡ 28. Show all posts

ਸਾਊਥਾਲ (ਕਾਂਡ 28)

ਪਰਦੁੱਮਣ ਸਿੰਘ ਕਈ ਵਾਰ ਸੋਚਣ ਲੱਗਦਾ ਹੈ ਕਿ ਗਿਆਨ ਕੌਰ ਠੀਕ ਕਹਿ ਰਹੀ ਹੈ ਕਿ ਰਾਜਵਿੰਦਰ ਦਾ ਵਿਆਹ ਕਰ ਦਿੱਤਾ ਜਾਵੇ। ਇਹ ਤਾਂ ਠੀਕ ਹੈ ਕਿ ਜਿਸ ਕੁੜੀ ਨੂੰ ਵੀ ਉਹ ਵਿਆਹ ਕੇ ਲਿਆਵੇਗਾ ਉਸ ਦੀ ਜ਼ਿੰਦਗੀ ਖਰਾਬ ਹੀ ਹੋਵੇਗੀ ਪਰ ਇਵੇਂ ਉਸ ਦੇ ਮੁੰਡੇ ਦੀ ਜ਼ਿੰਦਗੀ ਤਾਂ ਬਚ ਸਕਦੀ ਹੈ। ਆਪਣੇ ਮੁੰਡੇ ਦੇ ਨਾਲ ਨਾਲ ਛੋਟਿਆਂ ਉਪਰ ਵੀ ਗਲਤ ਅਸਰ ਪੈਣੋਂ ਬਚੇਗਾ, ਕੁੜੀਆਂ ਦਾ ਉਸ ਨੂੰ ਖਾਸ ਫਿਕਰ ਹੈ। ਇਸ ਮੁਲਕ 'ਚ ਜਿਵੇਂ ਬੱਚੇ ਵਿਗੜ ਜਾਂਦੇ ਹਨ ਇਸ ਤੋਂ ਤਾਂ ਉਹ ਸਦਾ ਹੀ ਚਿੰਤਾਤੁਰ ਰਹਿੰਦਾ ਹੈ। ਇਸੇ ਲਈ ਇੰਡੀਆ ਸੈਟਲ ਹੋਇਆ ਸੀ ਕਿ ਹੋਰ ਨਹੀਂ ਤਾਂ ਬੱਚਿਆਂ ਨੂੰ ਤਾਂ ਮਨਮਰਜ਼ੀ ਦੀ ਜਗ੍ਹਾ ਵਿਆਹੇਗਾ ਪਰ ਹਲਾਤ ਨੇ ਉਸ ਨੂੰ ਮੁੜ ਉਸ ਜਗਾਹ ਲਿਆ ਖੜਾ ਕੀਤਾ ਹੈ ਜਿਸ ਤੋਂ ਉਹ ਡਰਦਾ ਹੈ। ਹਾਲੇ ਤੱਕ ਉਸ ਦੇ ਬੱਚੇ ਠੀਕ ਹਨ। ਇਹ ਰਾਜਵਿੰਦਰ ਹੀ ਵਿਗੜਿਆ ਹੋਇਆ ਹੈ। ਉਹ ਪਤਨੀ ਨੂੰ ਕਹਿੰਦਾ ਹੈ,
“ਜਾਹ ਕਰ ਲੈ ਮੁੰਡੇ ਦਾ ਵਿਆਹ, ਲੱਭ ਲੈ ਕੁੜੀ, ਪਰ ਕਾਹਲੀ ਨਾ ਕਰੀਂ, ਖਾਨਦਾਨੀ ਕੁੜੀ ਚਾਹੀਦੀ ਐ, ਭੁੱਖੇ ਘਰ ਦੀ ਨਹੀਂ।”

“ਲਾਣੇ ਦੀ ਕੁੜੀ ਤਾਂ ਇੰਡੀਆ ਤੋਂ ਈ ਮਿਲੂ।”
“ਇੰਡੀਆ ਜਾਇਆ ਫੇਰ।”
“ਕ੍ਰਿਸਮਸ 'ਤੇ ਦੇਖਦੇ ਆਂ। ਤੁਸੀਂ ਵੀ ਨਾਲ ਚੱਲਿਓ।”
“ਮੈਂ ਨਹੀਂ ਜਾਣਾ ਮੁੜ ਉਥੇ।”
“ਹੁਣ ਤਾਂ ਸਭ ਠੀਕ ਐ, ਅੱਤਵਾਦ ਤਾਂ ਹੁਣ ਮੁੱਕ ਚੁੱਕੈ।”
“ਮੁੱਕ ਚੁੱਕਾ ਹੋਵੇਗਾ ਪਰ ਮੇਰੇ ਜ਼ਖਮ ਹਾਲੇ ਰੜਕਦੇ ਆ।”
ਕਹਿਣ ਨੂੰ ਤਾਂ ਉਹ ਕਹਿ ਜਾਂਦਾ ਹੈ ਪਰ ਨੀਰੂ ਨੂੰ ਮਿਲਣ ਨੂੰ ਉਸ ਦਾ ਦਿਲ ਕਰਦਾ ਹੈ। ਹੁਣ ਤਾਂ ਕਾਫੀ ਦਿਨ ਹੋ ਗਏ ਹਨ ਨੀਰੂ ਨੂੰ ਫੋਨ ਕੀਤਿਆਂ ਵੀ। ਕਾਰਾ ਠੀਕ ਕਹਿੰਦਾ ਹੈ ਕਿ ਇੰਨੀ ਦੇਰ ਕੋਈ ਔਰਤ ਮੇਰੀ ਉਡੀਕ ਵਿਚ ਤਾਂ ਨਹੀਂ ਬੈਠੀ ਰਹਿ ਸਕਦੀ। ਜਿਵੇਂ ਵੀ ਹੋਵੇ ਜਦੋਂ ਉਹ ਇੰਡੀਆ ਗਿਆ ਕੁਝ ਦਿਨ ਤਾਂ ਜਸ਼ਨ ਜਿਹੇ ਲੰਘਣਗੇ ਹੀ। ਪਰ ਜਾਵੇਗਾ ਕਦੋਂ। ਕਏ ਜਾਵੇਗਾ ਵੀ ਕਿ ਨਹੀਂ ਜਾਂ ਫਿਰ ਇਵੇਂ ਸੋਚਦਾ ਹੀ ਰਹੇਗਾ।
ਅਜ ਕਲ ਕਾਰਾ ਉਸ ਨੂੰ ਘੱਟ ਮਿਲਦਾ ਹੈ। ਕਾਰੇ ਦਾ ਹਫਤਾਂਤ ਤਾਂ ਵਿਹਲਿਆਂ ਵਰਗਾ ਹੀ ਹੁੰਦਾ ਹੈ। ਖਾਸ ਤੌਰ 'ਤੇ ਐਤਵਾਰ। ਪਰ ਪਰਦੁੱਮਣ ਸਿੰਘ ਕਿਸੇ ਦਿਨ ਵੀ ਖਾਲੀ ਨਹੀਂ ਹੁੰਦਾ। ਕੋਈ ਨਾ ਕੋਈ ਕੰਮ ਸਿਰ ਚੜ੍ਹਿਆ ਖੜਾ ਹੁੰਦਾ ਹੈ। ਉਸ ਦਿਨ ਉਹ ਪ੍ਰਤਾਪ ਖੈਹਰੇ ਦੇ ਰੈਸਟੋਰੈਂਟ 'ਤੇ ਹੀ ਮਿਲਦਾ ਹੈ। ਕਿੰਨੇ ਦਿਨਾਂ ਬਾਅਦ। ਪ੍ਰਤਾਪ ਖੈਹਰੇ ਦਾ ਬਰਾਡਵੇਅ ਉਪਰ ਬਹੁਤ ਪੁਰਾਣਾ ਰੈਸਟੋਰੈਂਟ ਹੈ। ਬਹੁਤ ਮਸ਼ਹੂਰ ਹੈ। ਸਾਊਥਾਲ ਦੇ ਸਭ ਤੋਂ ਪੁਰਾਣੇ ਰੈਸਟੋਰੈਂਟਾਂ ਵਿਚੋਂ ਹੈ। ਉਸ ਦੇ ਸਾਹਮਣੇ ਹੀ ਚੌਧਰੀ ਮੁਸ਼ਤਾਕ ਅਲੀ ਦਾ ਚੌਧਰੀ ਤੰਦੂਰੀ ਹੈ। ਉਹ ਵੀ ਕਾਫੀ ਪੁਰਾਣਾ ਹੈ। ਕੋਈ ਵੇਲਾ ਸੀ ਕਿ ਸਾਊਥਾਲ ਦੇ ਇਹ ਦੋਨੋਂ ਹੀ ਮੰਨੇ ਪ੍ਰਮੰਨੇ ਰੈਸਟੋਰੈਂਟ ਹੁੰਦੇ ਸਨ। ਹੁਣ ਤਾਂ ਪੂਰਾ ਸਾਊਥਾਲ ਹੀ ਰੈਸਟੋਰੈਂਟਾਂ ਨਾਲ ਭਰ ਚੁੱਕਾ ਹੈ। ਹੁਣ ਇਨ੍ਹਾਂ ਦੀ ਪਹਿਲਾਂ ਵਰਗੀ ਪੁੱਛ ਪ੍ਰਤੀਤ ਨਹੀਂ ਹੈ। ‘ਗੁੱਡ ਮਾਰਨਿੰਗ’ ਰੇਡੀਓ ਉਪਰ ਅਨਾਊਂਸਰ ਹਾਕਾਂ ਮਾਰ ਮਾਰ ਨਿੱਤ ਨਵੇਂ ਨਵੇਂ ਰੈਸਟੋਰੈਂਟਾਂ ਦੀ ਮਸ਼ਹੂਰੀ ਕਰਨ ਲੱਗੇ ਹਨ। ਫਿਰ ਵੀ ਖੈਹਰਾ ਅਤੇ ਚੌਧਰੀ ਸਾਊਥਾਲ ਦੇ ਪੁਰਾਣੇ ਬੰਦੇ ਹੋਣ ਕਰਕੇ ਲੋਕ ਇਹਨਾਂ ਨੂੰ ਜਾਣਦੇ ਹਨ ਤੇ ਇਹਨਾਂ ਦੀ ਟੱਕਰ ਹਾਲੇ ਵੀ ਪਹਿਲਾਂ ਵਾਂਗ ਹੀ ਚੱਲ ਰਹੀ ਹੈ। ਜਿਵੇਂ ਆਹਮੋ ਸਾਹਮਣੇ ਰੈਸਟੋਰੈਂਟਾਂ ਵਿਚ ਹੋ ਹੀ ਜਾਇਆ ਕਰਦੀ ਹੈ। ਜਦੋਂ ਦੋਵੇਂ ਰੈਸਟੋਰੈਂਟ ਭਰੇ ਰਹਿੰਦੇ ਸਨ ਤਾਂ ਇਹ ਤਣਾਅ ਘੱਟ ਸੀ। ਹੁਣ ਕੰਮ ਘਟ ਚੁੱਕੇ ਹਨ। ਨਵੇਂ ਰੈਸਟੋਰੈਂਟਾਂ ਨੇ ਗਾਹਕ ਖਿੱਚ ਲਏ ਹਨ। ਆਪਣੇ ਘਟੇ ਕੰਮ ਦਾ ਦੋਸ਼ ਇਹ ਇਕ ਦੂਜੇ ਨੂੰ ਦੇਣ ਲੱਗਦੇ ਹਨ। ਹੁਣ ਤਾਂ ਤਣਾਅ ਇੰਨਾ ਵੱਧ ਚੁੱਕਾ ਹੈ ਕਿ ਤਲਵਾਰਾਂ ਕਦੇ ਵੀ ਨਿਕਲ ਸਕਦੀਆਂ ਹਨ। ਪ੍ਰਤਾਪ ਖਹਿਰਾ ਸਿੱਖਾਂ ਦੇ ਮੁੰਡਿਆਂ ਨੂੰ ਹਵਾ ਦੇ ਕੇ ਰੱਖਦਾ ਹੈ ਤੇ ਚੌਧਰੀ ਮੁਸਲਮਾਨਾਂ ਦੇ ਮੁੰਡਿਆਂ ਨੂੰ ਵਰਤਦਾ ਹੈ। ਇਸ ਲਈ ਮੁਸਲਮਾਨਾਂ ਤੇ ਸਿੱਖਾਂ ਦੇ ਮੁੰਡਿਆਂ ਵਿਚ ਤਣਾਵ ਰਹਿੰਦਾ ਹੈ। ਦੋਨਾਂ ਨੇ ਰੈਸਟੋਰੈਂਟਾਂ ਦੀਆਂ ਬੇਸਮਿੰਟਾਂ ਵਿਚ ਸਨੂਕਰ ਕਲੱਬ ਬਣਾਏ ਹਨ ਜੋ ਕਿ ਇਹਨਾਂ ਮੁੰਡਿਆਂ ਨੂੰ ਇਕੱਠੇ ਹੋਣ ਦਾ ਕਾਰਣ ਦਿੰਦੇ ਹਨ।
ਪ੍ਰਤਾਪ ਖੈਹਰਾ ਸਿੱਖ ਤੇ ਹਿੰਦੂ ਕਮਿਉਨਿਟੀ ਦੇ ਮੋਹਤਬਰ ਲੋਕਾਂ ਨੂੰ ਆਪਣੇ ਰੈਸਟੋਰੈਂਟ ਵਿਚ ਸੱਦਦਾ ਹੈ। ਬਹਾਨਾ ਤਾਂ ਹੈ ਰੈਸਟੋਰੈਂਟ ਦੀ ਪੱਚੀਵੀਂ ਵਰ੍ਹੇਗੰਢ ਮਨਾਉਣ ਦਾ। ਸਾਊਥਾਲ ਦੇ ਮੋਹਤਬਰ ਬੰਦਿਆਂ ਵਿਚ ਕਾਰਾ ਵੀ ਆਉਂਦਾ ਹੈ ਤੇ ਹੁਣ ਪਰਦੁੱਮਣ ਵੀ। ਕਈ ਦਿਨਾਂ ਬਾਅਦ ਮਿਲਣ ਕਰਕੇ ਉਹ ਦੋਵੇਂ ਆਪਸ ਵਿਚ ਹੀ ਗੱਲਾਂ ਕਰੀ ਜਾ ਰਹੇ ਹਨ। ਪ੍ਰਤਾਪ ਖੈਹਰੇ ਦੇ ਸੱਦੇ ਦਾ ਉਨ੍ਹਾਂ ਨੂੰ ਬਹੁਤਾ ਫਿਕਰ ਨਹੀਂ ਹੈ। ਕਾਰਾ ਉਸ ਨੂੰ ਕਹਿੰਦਾ ਹੈ,
“ਇਹ ਖੈਹਰਾ ਵੀ ਸਿਆਸੀ ਬੰਦਾ ਐ, ਥੋੜ੍ਹੇ ਕੀਤੇ ਤਾਂ ਕਿਸੇ ਨੂੰ ਚਾਹ ਨਹੀਂ ਪਿਆਉਂਦਾ ਤੇ ਇਹ ਪਾਰਟੀ ਐਵੇਂ ਨਹੀਂ ਕਰ ਰਿਹਾ।”
“ਏਹਦਾ ਹੁਣ ਚੌਧਰੀ ਨਾਲ ਪੰਗਾ ਵੀ ਤਾਂ ਪਿਆ ਹੋਇਐ, ਸ਼ਾਇਦ ਆਪਣੇ ਨਾਲ ਜੁੜੇ ਬੰਦਿਆਂ ਦਾ ਦਿਖਾਵਾ ਕਰਨਾ ਚਾਹੁੰਦਾ ਹੋਵੇ ਉਹਨੂੰ।”
ਪਰਦੁੱਮਣ ਆਖਦਾ ਹੈ। ਉਸ ਨੂੰ ਕੁਝ ਯਾਦ ਆਉਂਦਾ ਹੈ ਤੇ ਉਹ ਕਹਿਣ ਲੱਗਦਾ ਹੈ,
“ਮੈਨੂੰ ਤਾਂ ਇਕ ਦਿਨ ਚੌਧਰੀ ਦਾ ਫੋਨ ਆਇਆ ਸੀ, ਸਮੋਸਿਆਂ ਬਾਰੇ ਕੁਝ ਪੁੱਛਦਾ ਸੀ, ਮੈਂ ਕਿਹਾ ਸੀ ਕਿ ਕਦੇ ਆ ਜਾਹ ਬੈਠ ਕੇ ਗੱਲ ਕਰਾਂਗੇ।”
“ਮੇਰਾ ਤੇ ਆਪਣਾ ਚੌਧਰੀ ਕਲਾਇੰਟ ਐ, ਉਹਦੀਆਂ ਸਾਰੀਆਂ ਕਾਰਾਂ–ਵੈਨਾਂ ਦੀ ਇੰਸ਼ੋਰੰਸ ਮੈਂ ਕਰ ਰਿਹਾਂ, ਕਦੇ ਰੋਟੀ ਖਾਣ ਵੀ ਆ ਜਾਈਏ ਤਾਂ ਉਹ ਪੈਸੇ ਨਹੀਂ ਲੈਂਦਾ।”
“ਚਲੋ ਹੁਣ ਆਏ ਆਂ ਤਾਂ ਦੇਖ ਲੈਨੇ ਆਂ ਕਿ ਖੈਹਰਾ ਟੋਪੀ 'ਚੋਂ ਕਿਹੋ ਜਿਹਾ ਕਬੂਤਰ ਕੱਢਦੈ।”
ਗੱਲਾਂ ਕਰਦੇ ਉਹ ਕੁਰਸੀਆਂ ਉਪਰ ਬੈਠ ਜਾਂਦੇ ਹਨ। ਕੁਝ ਗੋਰੀਆਂ ਕੁੜੀਆਂ ਸ਼ਰਾਬ, ਜੂਸ ਤੇ ਕੋਕ ਆਦਿ ਵਰਤਾ ਰਹੀਆਂ ਹਨ। ਕਾਰਾ ਆਦਤ ਮੂਜਬ ਬਹੁਤੀ ਨਹੀਂ ਪੀਂਦਾ ਪਰ ਪਰਦੁੱਮਣ ਸਿੰਘ ਇਕ ਪੈੱਗ ਜ਼ਿਆਦਾ ਪੀ ਜਾਂਦਾ ਹੈ। ਇਹ ਰੈਸਟੋਰੈਂਟ ਦਾ ਬੇਸਮੈਂਟ ਹੈ ਜਿਥੇ ਉਹ ਸਾਰੇ ਬੈਠੇ ਹਨ ਜੋ ਕਿ ਸਨੂਕਰ ਕਲੱਬ ਹੈ। ਨੌਜਵਾਨ ਮੁੰਡੇ ਇਥੇ ਸਨੂਕਰ ਖੇਡਣ ਆਉਂਦੇ ਹਨ। ਅੱਜ ਕੁਰਸੀਆਂ ਤੇ ਮੇਜ਼ ਲਾ ਕੇ ਇਕ ਪਾਸੇ ਮੰਚ ਵੀ ਬਣਾਇਆ ਹੋਇਆ ਹੈ। ਕੁਝ ਦੇਰ ਬਾਅਦ ਜਸਪਾਲ ਸਿੰਘ ਦਾੜ੍ਹੀ 'ਤੇ ਹੱਥਾ ਫੇਰਦਾ ਮੰਚ 'ਤੇ ਚੜ੍ਹਦਾ ਹੈ ਤੇ ਕਹਿਣ ਲੱਗਦਾ ਹੈ,
“ਦੋਸਤੋ, ਅੱਜ ਆਪਾਂ ਖੈਹਰਾ ਤੰਦੂਰੀ ਦੀ ਸਿਲਵਰ ਜੁਬਲੀ ਉਪਰ ਇਕੱਠੇ ਹੋਏ ਹਾਂ। ਇਨ੍ਹਾਂ ਨੂੰ ਸਾਡੀਆਂ ਸਭ ਦੀਆਂ ਵਧਾਈਆਂ ਤਾਂ ਹੈਨ ਹੀ ਕਿ ਇੰਨੇ ਸਾਲ ਤੋਂ ਇੰਨੀ ਕਾਮਯਾਬੀ ਨਾਲ ਇਹ ਕਾਰੋਬਾਰ ਚਲਾ ਰਹੇ ਹਨ। ਨਾਲ ਨਾਲ ਆਪਾਂ ਇਨ੍ਹਾਂ ਦੇ ਵਿਚਾਰ ਵੀ ਸੁਣਨੇ ਹਨ। ਸਭ ਤੋਂ ਪਹਿਲਾਂ ਮੈਂ ਸ. ਸੁੰਦਰ ਸਿੰਘ ਅਤੇ ਸ. ਮੀਹਾਂ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਮੰਚ 'ਤੇ ਆ ਸੁਸ਼ੋਭਤ ਹੋਣ। ਇਹ ਦੋਵੇਂ ਸਾਡੇ ਬਜ਼ੁਰਗ ਸਾਊਥਾਲ ਦੇ ਸਭ ਤੋਂ ਪੁਰਾਣੇ ਪੰਜਾਬੀ ਹਨ। ਇਵੇਂ ਕਹਿ ਲਓ ਕਿ ਸਾਊਥਾਲ ਇਨ੍ਹਾਂ ਨੇ ਹੀ ਵਸਾਇਆ ਹੈ।”
ਦੋ ਬਜ਼ੁਰਗ ਉਠ ਕੇ ਮੰਚ ਵੱਲ ਜਾਂਦੇ ਹਨ ਤੇ ਉਸ ਤੋਂ ਬਾਅਦ ਪ੍ਰਤਾਪ ਖੈਹਰਾ ਵੀ ਉਪਰ ਜਾ ਬੈਠਦਾ ਹੈ। ਫਿਰ ਜਸਪਾਲ ਸਿੰਘ ਕੇਵਲ ਸਿੰਘ ਭੰਵਰਾ ਨੂੰ ਆਪਣੇ ਵਿਚਾਰ ਰੱਖਣ ਲਈ ਬੁਲਾਉਂਦਾ ਹੈ। ਕੇਵਲ ਸਿੰਘ ਭੰਵਰਾ ਦੀ ਕੀਨੀਆ ਤੋਂ ਆਏ ਸਿੰਘਾਂ ਵਾਲੀ ਪੱਗ ਤੋਂ ਉਸ ਦੇ ਪਿਛੋਕੜ ਦਾ ਪਤਾ ਚੱਲ ਜਾਂਦਾ ਹੈ। ਗੱਲ ਕਰਨ ਦੇ ਅੰਦਾਜ਼ ਤੋਂ ਹੰਢਿਆ ਵਰਤਿਆ ਬੰਦਾ ਜਾਪਦਾ ਹੈ। ਉਹ ਪ੍ਰਤਾਪ ਖੈਹਰੇ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਰਿਹਾ ਹੈ। ਖੈਹਰਾ ਤੰਦੂਰੀ ਦੀ ਸਾਊਥਾਲ ਦੀ ਸੱਭਿਆਚਾਰਕ ਜਿ਼ੰਦਗੀ ਵਿਚ ਮਹੱਤਤਾ ਦਾ ਜ਼ਿਕਰ ਕਰਦਾ ਹੈ ਤੇ ਫਿਰ ਕਹਿਣਾ ਆਰੰਭਦਾ ਹੈ,
“ਦੋਸਤੋ, ਕੁਝ ਗੱਲਾਂ ਹੋਰ ਵੀ ਹਨ ਤੁਹਾਡੇ ਨਾਲ ਕਰਨ ਵਾਲੀਆਂ। ਸ਼ਾਇਦ ਤੁਸੀਂ ਖਬਰਾਂ ਵਿਚ ਪੜ੍ਹਿਆ ਸੁਣਿਆ ਵੀ ਹੋਵੇਗਾ ਕਿ ਮੁਸਲਿਮ ਧਰਮ ਦੇ ਕੁਝ ਲੋਕ ਸਿੱਖ ਧਰਮ ਨੂੰ ਢਾਅ ਲਾਉਣ 'ਤੇ ਤੁਲੇ ਹੋਏ ਹਨ। ਮੈਂ ਸਾਰੇ ਮੁਸਲਮਾਨਾਂ ਨੂੰ ਦੋਸ਼ ਨਹੀਂ ਦੇ ਰਿਹਾ। ਚੰਦ ਇਕ ਲੋਕ ਜਿਹੜੇ ਕਿ ਈਰਖਾ ਦੇ ਸ਼ਿਕਾਰ ਹੋ ਕੇ ਅਜਿਹਾ ਕਰ ਰਹੇ ਹਨ ਤੇ ਯੰਗਸਟਰ ਨੂੰ ਉਕਸਾ ਰਹੇ ਹਨ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਜਿਵੇਂ ਪੂਰਾ ਪਾਕਿਸਤਾਨ ਇੰਡੀਆ ਲਈ ਫੈਸੀਨੇਟਿਡ ਹੈ ਏਦਾਂ ਹੀ ਪੰਜਾਬੀ ਮੁਸਲਮਾਨ ਸਿੱਖਾਂ ਪ੍ਰਤੀ ਫੈਸੀਨੇਟਿਡ ਹਨ। ਨਹੀਂ ਤਾਂ ਸਾਊਥਾਲ ਵਿਚ ਮੁਸਲਮਾਨ ਸਨ ਹੀ ਕਿੰਨੇ! ਸਾਰੀਆਂ ਬਰਾਡਵੇਅ ਦੀਆਂ ਦੁਕਾਨਾਂ ਪੰਜਾਬੀਆਂ ਦੀਆਂ ਸਨ ਭਾਵ ਕਿ ਸਾਡੀਆਂ। ਹੁਣ ਦਿਨੋ ਦਿਨ ਉਹ ਇਥੇ ਘੁਸਪੈਠ ਕਰ ਰਹੇ ਹਨ। ਅੱਧੀਆਂ ਦੁਕਾਨਾਂ ਇਨ੍ਹਾਂ ਦੀਆਂ ਹੋ ਚੱਲੀਆਂ ਹਨ। ਹਲਾਲ ਮੀਟ ਦੀਆਂ ਦੁਕਾਨਾਂ ਝਟਕੇ ਦੀਆਂ ਨਾਲੋਂ ਵੱਧ ਹੋ ਗਈਆਂ ਹਨ। ਇਹ ਅਜਿਹੀਆਂ ਗੱਲਾਂ ਤਾਂ ਵਾਪਰ ਰਹੀਆਂ ਹਨ ਬੀਕੌਜ ਵੀ ਆਰ ਨੌਟ ਕਿਅਰਫੁਲ ਟੁਵਾਰਡ ਅਵਰ ਰਿਲੀਜ਼ਨ ਐਂਡ ਕਮਿਉਨਿਟੀ। ਪਰ ਹੁਣ ਵੱਡਾ ਖਤਰਾ ਆਪਣੇ ਸਾਹਮਣੇ ਹੈ। ਆਹ ਇਕ ਪਾਸੇ ਕੁਝ ਲੀਫਲੈਟ ਪਏ ਹਨ ਮੁਸਲਿਮ ਮੁੰਡਿਆਂ ਵਿਚ ਵੰਡੇ ਜਾ ਰਹੇ ਹਨ। ਇਹਦੇ ਵਿਚ ਦੱਸਿਆ ਗਿਆ ਹੈ ਕਿ ਸਿੱਖ ਧਰਮ ਮਾੜਾ ਹੈ। ਸਿੱਖਾਂ ਨੂੰ ਸਬਕ ਸਿਖਾਉਣ ਦਾ ਤਰੀਕਾ ਇਕੋ ਹੈ ਕਿ ਉਨ੍ਹਾਂ ਦੀਆਂ ਕੁੜੀਆਂ ਨੂੰ ਫਸਾਓ ਤੇ ਮੁਸਲਮਾਨ ਬਣਾਓ। ਏਸ ਕੰਮ ਲਈ ਮੁੰਡਿਆਂ ਨੂੰ ਮੁਸਲਿਮ ਕਮਿਉਨਿਟੀ ਦੇ ਲੀਡਰਾਂ ਦੀ ਸਰਪ੍ਰਸਤੀ ਹਾਸਲ ਹੈ। ਸਾਨੂੰ ਇਹਦਾ ਮੁਕਾਬਲਾ ਕਰਨਾ ਚਾਹੀਦਾ ਹੈ। ਘੱਟੋ ਘੱਟ ਆਪਣਾ ਬਚਾਅ ਤਾਂ ਕਰਨਾ ਚਾਹੀਦਾ ਹੀ ਹੈ। ਪਹਿਲੀ ਗੱਲ ਤਾਂ ਕੁੜੀਆਂ ਨੂੰ ਇਹ ਸਿਖਿਆ ਦੇਈਏ ਕਿ ਮੁਸਲਮਾਨ ਕਿੰਨੇ ਮਾੜੇ ਹਨ, ਇਹਨਾਂ ਦੇ ਇਰਾਦੇ ਕੀ ਹਨ। ਸਾਡੀਆਂ ਕੁੜੀਆਂ ਨਾਲ ਦੋਸਤੀ ਦਾ ਮਤਲਬ ਉਨ੍ਹਾਂ ਦੀ ਜ਼ਿੰਦਗੀ ਖਰਾਬ ਕਰਨਾ ਹੈ। ਕਿੰਨੀਆਂ ਹੀ ਕੁੜੀਆਂ ਨੂੰ ਇਹ ਲੋਕ ਵਰਗਲਾ ਕੇ ਪਾਕਿਸਤਾਨ ਲੈ ਗਏ ਹਨ ਤੇ ਉਥੇ ਕੋਠਿਆਂ ਉਪਰ ਬੈਠਾ ਆਏ ਹਨ। ਫਿਰ ਆਪਣੇ ਮੁੰਡਿਆਂ ਨੂੰ ਵੀ ਸਿੱਖਿਆ ਦੇਣ ਦੀ ਲੋੜ ਹੈ ਕਿ ਆਪਣੀਆਂ ਸਿਖ ਕੁੜੀਆਂ ਦੀ ਰਾਖੀ ਕਰੋ। ਹਰ ਸਿੱਖ ਮੁੰਡੇ ਜ਼ਿੰਮੇ ਫਰਜ਼ ਲਾਓ, ਜ਼ਿੰਮੇਵਾਰੀ ਲਾਓ ਕਿ ਹਰ ਸਿੱਖ ਕੁੜੀ ਦੇ ਦੋਸਤ ਬਣ ਕੇ, ਭਰਾ ਬਣ ਕੇ ਹਿਫਾਜ਼ਤ ਕੀਤੀ ਜਾਵੇ ਤੇ ਸਾਡਾ ਵੱਡਿਆਂ ਦਾ ਕੰਮ ਹੈ ਕਿ ਮੁਸਲਮਾਨਾਂ ਵਾਂਗ ਹੀ ਇਨ੍ਹਾਂ ਆਪਣੇ ਮੁੰਡਿਆਂ ਨੂੰ ਸਰਪ੍ਰਸਤੀ ਦੇਈਏ ਤਾਂ ਕਿ ਸਾਨੂੰ ਸਰਦਾਰ ਸਾਧੂ ਸਿੰਘ ਨਾ ਬਣਨਾ ਪਵੇ।”
ਕੇਵਲ ਸਿੰਘ ਭੰਵਰੇ ਦਾ ਭਾਸ਼ਣ ਹਾਲੇ ਚੱਲ ਹੀ ਰਿਹਾ ਹੈ ਕਿ ਸਾਧੂ ਸਿੰਘ ਦਾ ਨਾਂ ਸੁਣਦੇ ਹੀ ਕੁਝ ਲੋਕ ਜੋਸ਼ ਵਿਚ ਆ ਜਾਂਦੇ ਹਨ। ਇਕ ਆਦਮੀ ਉਠ ਕੇ ਬਾਂਹ ਉਲਾਰਦਾ ਪੁਕਾਰਦਾ ਹੈ – “ਸਰਦਾਰ ਸਾਧੂ ਸਿੰਘ।” ਕੁਝ ਆਵਾਜ਼ਾਂ ਬੋਲਦੀਆਂ ਹਨ – “ਜ਼ਿੰਦਾਬਾਦ।” ਰੌਲਾ ਜਿਹਾ ਪੈ ਜਾਂਦਾ ਹੈ। ਕੇਵਲ ਸਿੰਘ ਭੰਵਰਾ ਮਾਹੌਲ ਦੇਖ ਕੇ ਸਟੇਜ ਤੋਂ ਉਤਰ ਆਉਂਦਾ ਹੈ। ਜਸਪਾਲ ਸਿੰਘ ਫਿਰ ਮਾਈਕ ਸੰਭਾਲਦਾ ਆਖਣ ਲੱਗਦਾ ਹੈ,
“ਭਰਾਵੋ ! ਭੰਵਰਾ ਸਾਹਿਬ ਦੀਆਂ ਗੱਲਾਂ ਸੋਲ੍ਹਾਂ ਆਨੇ ਸੱਚ ਹਨ। ਸਾਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਇਹ ਸਾਧੂ ਸਿੰਘ ਵਾਲੀ ਮੰਦਭਾਗੀ ਘਟਨਾ ਮੁੜ ਵਾਪਰਨ ਤੋਂ ਰੋਕਣੀ ਹੈ ਆਪਾਂ। ਹਾਂ ਜੀ... ਜੇ ਕਿਸੇ ਹੋਰ ਭਰਾ ਨੇ ਬੋਲਣਾ ਹੋਵੇ।”
ਉਹ ਬੈਠੇ ਲੋਕਾਂ ਵਿਚੋਂ ਬੁਲਾਰਾ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਕੋਈ ਨਹੀਂ ਉਠ ਰਿਹਾ। ਉਹ ਫਿਰ ਆਖਦਾ ਹੈ,
“ਏਸ ਕੰਮ ਲਈ ਪ੍ਰਤਾਪ ਖੈਹਰਾ ਜੀ ਅੱਗੇ ਆਏ ਹਨ, ਆਪਾਂ ਨੂੰ ਇਨ੍ਹਾਂ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਹਨ।”
ਉਸ ਦੀ ਗੱਲ ਦੇ ਵਿਚਕਾਰ ਹੀ ਇਕ ਹੱਥ ਖੜਾ ਹੁੰਦਾ ਹੈ। ਜਸਪਾਲ ਸਿੰਘ ਇਸ਼ਾਰੇ ਨਾਲ ਹੀ ਉਸ ਹੱਥ ਵਾਲੇ ਨੂੰ ਉਠ ਕੇ ਸਟੇਜ 'ਤੇ ਆਉਣ ਲਈ ਆਖਦਾ ਹੈ। ਇਹ ਸੁਰਮੁਖ ਸੰਧੂ ਹੈ। ਵਕੀਲ ਸੰਧੂ। ਉਹ ਆਪਣੀ ਡਰਿੰਕ ਪੀ ਕੇ ਗਲਾਸੀ ਇਕ ਪਾਸੇ ਰੱਖਦਾ ਕਹਿੰਦਾ ਹੈ,
“ਜੇ ਭਰਾਵੋ ਇਜਾਜ਼ਤ ਦਿਓ ਤਾਂ ਦੋ ਗੱਲਾਂ ਕਹਾਂ, ਪਰ ਹੈਨ ਕੌੜੀਆਂ।”
“ਘੁੱਟ ਪੀ ਕੇ ਤਾਂ ਬੰਦੇ ਨੂੰ ਮਿੱਠੀਆਂ ਗੱਲਾਂ ਕਰਨੀਆਂ ਚਾਹੀਦੀਆਂ।” 
ਕੋਈ ਆਖਦਾ ਹੈ ਤੇ ਸਾਰੇ ਹੱਸਦੇ ਹਨ। ਸੰਧੂ ਫਿਰ ਆਖਦਾ ਹੈ,
“ਇਹ ਵੀ ਠੀਕ ਐ ਪਰ ਜਿੱਦਾਂ ਕਹਿੰਦੇ ਆ ਕਿ ਮਿੱਤਰਾਂ ਦੀ ਲੂਣ ਦੀ ਡਲੀ ਮਿਸ਼ਰੀ ਬਰੋਬਰ ਜਾਣਿਓ, ਪਹਿਲੀ ਗੱਲ ਤਾਂ ਇਹ ਕਿ ਸਾਊਥਾਲ ਸਿੱਖਾਂ ਨੇ ਬੈਅ ਤਾਂ ਨਹੀਂ ਕਰਾਇਆ ਹੋਇਆ, ਕੋਈ ਵੀ ਇਥੇ ਆ ਕੇ ਰਹਿ ਸਕਦੈ, ਇਹ ਫਰੀ ਕੰਟਰੀ ਐ, ਦੂਜਾ ਜਿਹੜਾ ਆਹ ਮੁਸਲਮਾਨ ਤੇ ਸਿੱਖ ਮੁੰਡੇ ਟੋਲੇ ਬਣਾ ਕੇ ਆਪਸ ਵਿਚ ਲੜ ਰਹੇ ਆ ਏਹਦਾ ਕਾਰਨ ਧਰਮ ਨਹੀਂ ਕੁੜੀਆਂ ਹੈਗੀਆਂ। ਇਹ ਠੀਕ ਐ ਕਿ ਮੁਸਲਮਾਨ ਮੁੰਡੇ ਕੜੇ ਪਾ ਕੇ ਸਿੱਖ ਜ਼ਾਹਰ ਕਰਕੇ ਸਿੱਖ ਕੁੜੀਆਂ ਨਾਲ ਦੋਸਤੀਆਂ ਗੰਢਣ ਦੇ ਚੱਕਰ ਵਿਚ ਹੋਣਗੇ, ਹੋ ਸਕਦਾ ਹੈ ਪਰ ਦੋਸਤੀ ਵਰਗੇ ਰਿਸ਼ਤੇ ਨੂੰ ਕੋਈ ਮਜਬੂਰੀ ਨਹੀਂ ਹੁੰਦੀ। ਆਹ ਜਿਹੜੀ ਗੱਲ ਤੁਸੀਂ ਸਿੱਖ ਕੁੜੀਆਂ ਨੂੰ ਪਾਕਿਸਤਾਨ ਲੈ ਜਾ ਕੇ ਕੋਠਿਆਂ 'ਤੇ ਬੈਠਾਉਣ ਦੀਆਂ ਗੱਲਾਂ ਕਰਦੇ ਓ, ਦੱਸੋ ਕਿੰਨੇ ਕੇਸ ਹੋਏ ਹਨ ? ਮੈਂ ਕਈ ਕੁੜੀਆਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਮੁਸਲਮਾਨਾਂ ਨਾਲ ਵਿਆਹ ਕਰਾਇਆ, ਪਾਕਿਸਤਾਨ ਜਾ ਕੇ ਵੀ ਆਈਆਂ ਤੇ ਖੁਸ਼ ਹਨ। ਮੇਰਾ ਖਿਆਲ ਆਪਾਂ ਗੱਲ ਨੂੰ ਵਧਾ ਚੜ੍ਹਾ ਕੇ ਕਰ ਰਹੇ ਆਂ। ਇਹ ਗੱਲ ਵੀ ਚੇਤੇ ਰੱਖਣ ਦੀ ਲੋੜ ਐ ਕਿ ਜਿਹੜਾ ਰੁੱਖ ਆਪਾਂ ਲੈ ਰਹੇ ਆਂ ਇਸ ਨਾਲ ਇਥੇ ਸਿੱਖ-ਮੁਸਲਮ ਫਸਾਦ ਵੀ ਹੋ ਸਕਦੇ ਆ। ਮੈਂ ਤਾਂ ਇਹ ਕਹਿੰਨਾਂ ਕਿ ਗੱਲ ਨੂੰ ਹੋਰ ਸੋਚ ਸਮਝ ਕੇ ਵਧੀਆ ਢੰਗ ਨਾਲ ਹੈਂਡਲ ਕੀਤਾ ਜਾਵੇ। ਹਾਂ, ਜੇ ਸਾਡੇ ਮਿੱਤਰ ਪ੍ਰਤਾਪ ਖੈਹਰੇ ਦੀ ਕੋਈ ਪਰੌਬਲਮ ਐ ਤਾਂ ਹੈਲਪ ਕਰ ਦਿਓ। ਆਪਾਂ ਨੂੰ ਪਤਾ ਕਿ ਇਨ੍ਹਾਂ ਦੀ ਬਿਜ਼ਨਸ ਰਾਈਵਲਰੀ ਐ। ਆਪਾਂ ਕੋਈ ਅਜਿਹਾ ਕੰਮ ਨਾ ਕਰੀਏ ਕਿ ਕੱਲ ਨੂੰ ਆਪਾਂ ਨੂੰ ਪਛਤਾਉਣਾ ਪਵੇ। ਸ਼ੁਗਲ ਦੀ ਗੱਲ ਇਹ ਵੀ ਐ ਕਿ ਪ੍ਰਤਾਪ ਖੈਹਰੇ ਦੀ ਸ਼ਰਾਬ ਪੀ ਕੇ ਤੇ ਚਿਕਨ ਖਾ ਕੇ ਏਦੂੰ ਵੱਧ ਮੈਂ ਕਹਿ ਵੀ ਨਹੀਂ ਸਕਦਾ।”
ਸਾਰੇ ਹੱਸਣ ਲੱਗਦੇ ਹਨ। ਸੰਧੂ ਬੈਠ ਜਾਂਦਾ ਹੈ। ਕਾਰਾ ਪਰਦੁੱਮਣ ਦੇ ਕੰਨ ਵਿਚ ਬੋਲਦਾ ਹੈ,
“ਸ਼ਰਾਬੀ ਵਕੀਲ ਤਾਂ ਛਾ ਗਿਆ, ਏਹਦੀ ਗੱਲ ਵਿਚ ਸੱਚ ਐ, ਖੈਹਰੇ ਨੇ ਤਾਂ ਸਨੂਕਰ ਕਲੱਬ ਦੇ ਬਹਾਨੇ ਏਦਾਂ ਦੇ ਮੁੰਡਿਆਂ ਦਾ ਗੈਂਗ ਬਣਾਇਆ ਹੋਇਐ। ਓਧਰ ਚੌਧਰੀ ਵੀ ਮੁਸਲਮਾਨ ਮੁੰਡਿਆਂ ਨੂੰ ਹਵਾ ਦੇ ਕੇ ਰੱਖਦੈ, ਪੈਸੇ ਵੀ ਖਰਚਦੈ ਉਨ੍ਹਾਂ 'ਤੇ।” 
“ਮੈਂ ਤਾਂ ਸੁਣਦਾਂ ਕਿ ਦੋਨੋ ਦੇ ਈ ਹੋਰ ਧੰਦੇ ਵੀ ਹੈਗੇ ਆ।”
ਕਹਿੰਦਾ ਹੋਇਆ ਪਰਦੁੱਮਣ ਘੜੀ ਦੇਖਦਾ ਹੈ। ਫਿਰ ਆਖਦਾ ਹੈ,
“ਕਾਰਿਆ, ਮੈਂ ਛੇਤੀ ਚਲੇ ਜਾਣਾ, ਸਵੇਰੇ ਜਲਦੀ ਉਠਣਾ ਹੁੰਦੈ ਤੇ ਜਾਂਦੇ ਹੋਏ ਸ਼ਾਇਦ ਚੌਧਰੀ ਸਮੋਸਿਆਂ ਦਾ ਆਰਡਰ ਈ ਦੇ ਦੇਵੇ।”

ਚੱਲਦਾ...