Showing posts with label ਕਾਂਡ 17. Show all posts
Showing posts with label ਕਾਂਡ 17. Show all posts

ਸਾਊਥਾਲ (ਕਾਂਡ 17)

ਸ਼ਾਮ ਨੂੰ ਪਰਦੁੱਮਣ ਰੈੱਡ ਹਾਊਸ ਵਿਚ ਜਾਂਦਾ ਹੈ। ਸਾਹਮਣੇ ਓਪਰਾ ਜਿਹਾ ਬੰਦਾ ਬੈਠਾ ਦਿੱਸਦਾ ਹੈ। ਉਸ ਨੂੰ ਪਛਾਣਦਾ ਹੋਇਆ ਉਹ ਕਹਿੰਦਾ ਹੈ,
“ਤੁਸੀਂ ਆਈ.ਡਬਲਯੂ.ਏ. ਵਿਚ ਵੀ ਕੰਮ ਕੀਤਾ ?”
“ਹਾਂ, ਲੀਗਲ ਐਡਵਾਈਜ਼ਰ ਰਿਹਾਂ ਸ਼ਰਮੇ ਤੋਂ ਬਾਅਦ।”
“ਮੈਂ ਵੀ ਕਹਾਂ ਕਿ ਤੁਹਾਨੂੰ ਦੇਖਿਆ ਕਿਧਰੇ।”
“ਹੁਣ ਅਸੀਂ ਇਥੋਂ ਇਮੀਗਰੇਸ਼ਨ ਦੇ ਮਸਲਿਆਂ ਲਈ ਸਲਾਹ ਦੇਣੀ ਸ਼ੁਰੂ ਕੀਤੀ ਐ।”
“ਮੈਨੂੰ ਲੱਗਿਆ ਪਤਾ, ਜਗਮੋਹਣ ਸਾਡਾ ਰਿਸ਼ਤੇਦਾਰ ਐ, ਕਿਧਰ ਗਿਆ ਉਹ ?”

“ਅੱਜ ਨਹੀਂ ਮਿਲਦਾ ਉਹ ਤੁਹਾਨੂੰ, ਘਰੇ ਈ ਹੋਊ ਅੱਜ ਤਾਂ। ਫਰਾਈਡੇ ਹੋਏਗਾ ਇਥੇ, ਅਸੀਂ ਕੁਸ਼ ਏਦਾਂ ਹੀ ਐਡਜਸਟ ਕੀਤਾ ਹੋਇਐ, ਪਰ ਦੱਸੋ ਕੀ ਕੰਮ ਐ, ਮੈਂ ਵੀ ਕਰ ਸਕਦਾਂ।”

“ਇਕ ਕੇਸ ਜਿਹਾ ਐ, ਵਾਕਫ ਕੁੜੀ ਐ, ਸਹੁਰੇ ਪੱਕੀ ਨਹੀਂ ਹੋਣ ਦੇ ਰਹੇ, ਇੰਡੀਆ ਜਾ ਕੇ ਵਿਆਹ ਕੇ ਲਿਆਏ ਸੀ, ਹੁਣ ਕਹਿੰਦੇ ਪਸੰਦ ਨਹੀਂ।”
“ਹੋਮ ਆਫਿਸ ਤੋਂ ਲੈਟਰ ਆ ਗਈ ?”
“ਲੈਟਰ ਆ ਗਈ ਅਪੀਲ ਕਰਨ ਦੇ ਤੀਹ ਦਿਨ ਦਿੱਤੇ ਆ।”
“ਬਸ ਤੁਸੀਂ ਲੈ ਆਓ ਲੈਟਰ, ਅਪੀਲ ਕਰ ਦਿੰਨੇ ਆਂ।”
“ਠੀਕ ਐ।”
ਕਹਿੰਦਾ ਪਰਦੁੱਮਣ ਸਿੰਘ ਉਥੋਂ ਤੁਰ ਪੈਂਦਾ ਹੈ। ਉਹ ਕਾਰ ਨੂੰ ਇਕ ਸੁੰਨੀ ਜਿਹੀ ਸੜਕ ਤੇ ਲੈ ਆਉਂਦਾ ਹੈ ਤੇ ਇਕ ਪਾਸੇ ਰੋਕ ਲੈਂਦਾ ਹੈ।
“ਤੂੰ ਮੈਨੂੰ ਏਨੀ ਚੰਗੀ ਲਗਣ ਲਗ ਪਈ ਐਂ ਕਿ ਮੈਂ ਤੇਰੇ ਲਈ ਕੁਝ ਵੀ ਕਰ ਸਕਦਾਂ।”
“ਥੈਂਕਿਊ ਅੰਕਲ ਜੀ।”
“ਫੇਰ ਅੰਕਲ! ਅਜ ਤਾਂ ਮੈਂ ਦੇਖ ਕਿੱਦਾਂ ਤਿਆਰ ਹੋ ਕੇ ਆਇਆਂ।”
“ਬਿਲਕੁਲ, ਤੁਸੀਂ ਵੀ ਬਹੁਤ ਸੁਹਣੇ ਲਗ ਰਹੇ ਓ।”
ਕੁਲਜੀਤ ਗੱਲ ਕਰਕੇ ਟੇਡੀ ਅੱਖ ਨਾਲ ਉਸ ਦੇਖਦੀ ਹੈ। ਪਰਦੁੱਮਣ ਸਿੰਘ ਇਕ ਦਮ ਉਸ ਦਾ ਹੱਥ ਫੜ ਲੈਂਦਾ ਹੈ। ਕੁਲਜੀਤ ਆਖਣ ਲਗਦੀ ਹੈ,
“ਬੜੇ ਆਸ਼ਕ ਮਜ਼ਾਜ਼ ਓ ਅੰਕਲ ਜੀ।”
“ਤੇਰੇ ਵਰਗੀ ਸੁਹਣੀ ਰੰਨ ਸਾਹਮਣੇ ਹੋਵੇ ਤਾਂ ਮਰਦ ਆਸ਼ਕ ਨਾ ਹੋ ਜਾਏ ਤਾਂ ਫਿੱਟੇ ਮੂੰਹ ਮਰਦ ਹੋਣ ਦੇ।”
“ਕੀ ਖਾਸੀਅਤ ਐ ਮੇਰੇ ਵਿਚ! ਮੈਂ ਤਾਂ ਵਕਤਾਂ ਦੀ ਮਾਰੀ ਹੋਈ ਆਂ।”
“ਤੈਨੂੰ ਕਿਹਾ ਨਾ ਇਹ ਗੱਲ ਭੁੱਲ ਜਾ।”
“ਚੇਤੇ ਕੀ ਰੱਖਾਂ?”
“ਇਕ ਤੂੰ ਐਂ ਤੇ ਇਕ ਮੈਂ ਆਂ।”
ਕਹਿੰਦਾ ਪਰਦੁੱਮਣ ਸਿੰਘ ਉਸ ਦੀ ਠੋਡੀ ਫੜ ਕੇ ਉਸ ਦੇ ਬੁਲ੍ਹ ਚੁੰਮ ਲੈਂਦਾ ਹੈ। ਕੁਲਜੀਤ ਕੋਈ ਉਜਰ ਨਹੀਂ ਕਰਦੀ। ਫਿਰ ਉਹ ਕੁਲਜੀਤ ਨੂੰ ਉਸ ਦੇ ਘਰ ਲਾਹ ਦਿੰਦਾ ਹੈ।
ਹੁਣ ਉਹ ਸਤਵੇਂ ਅਸਮਾਨ ‘ਤੇ ਹੈ। ਅਜੀਬ ਖੁਮਾਰ ਦਾ ਭਰਿਆ ਹੋਇਆ। ਉਸ ਨੇ ਇਕ ਜਵਾਨ ਕੁੜੀ ਜਿੱਤ ਲਈ ਹੈ। ਉਸ ਨੂੰ ਚੌਗਿਰਦੇ ਵਿਚੋਂ ਉਹੋ ਖੁਸ਼ਬੂ ਆਉਣ ਲਗਦੀ ਹੈ ਜਿਹੜੀ ਨੀਰੂ ਨਾਲ ਮਿਲਣ ਸਮੇਂ ਆਇਆ ਕਰਦੀ ਸੀ। ਹੁਣ ਉਹ ਸੋਚ ਰਿਹਾ ਹੈ ਕਿ ਜਿਵੇਂ ਵੀ ਹੋਵੇ ਕੁਲਜੀਤ ਦਾ ਕੰਮ ਕਰੇ। ਉਹ ਜਗਮੋਹਣ ਨਾਲ ਸਾਰੀ ਗੱਲ ਕਰਨੀ ਚਾਹੁੰਦਾ ਹੈ। ਜਗਮੋਹਣ ਨਾਲ ਉਹ ਦਿਲ ਦੀ ਗੱਲ ਕਰ ਸਕਦਾ ਹੈ। ਭਾਵੇਂ ਉਹ ਉਸ ਦੇ ਭਰਾ ਹਰਕੇਵਲ ਸਿੰਘ ਦਾ ਜਵਾਈ ਹੈ ਪਰ ਉਸ ਨਾਲ ਉਹ ਦੋਸਤਾਂ ਵਾਂਗ ਹੀ ਵਰਤਦਾ ਹੈ। ਉਹ ਉਸ ਨੂੰ ਕੁਲਜੀਤ ਨਾਲ ਬਣੇ ਆਪਣੇ ਸਬੰਧਾਂ ਦਾ ਰਾਜ਼ਦਾਰ ਬਣਾਉਣਾ ਚਾਹੁੰਦਾ ਹੈ। ਹੁਣ ਮਸਲਾ ਹੈ ਕਿ ਉਹ ਜਗਮੋਹਨ ਨੂੰ ਮਿਲੇ ਕਿਵੇਂ। ਸ਼ੁਕਰਵਾਰ ਹਾਲੇ ਦੂਰ ਹੈ। ਘਰ ਉਹ ਜਾਣਾ ਨਹੀਂ ਚਾਹੁੰਦਾ ਉਸ ਨੂੰ ਹੈ ਕਿ ਹਰਕੇਵਲ ਸਿੰਘ ਇਹ ਨਾ ਸੋਚੇ ਕਿ ਉਸ ਤੋਂ ਬਾਹਰਾ ਹੋ ਕੇ ਉਸ ਜਵਾਈ ਨਾਲ ਰਿਸ਼ਤੇਦਾਰੀ ਗੂੜ੍ਹੀ ਕਰਦਾ ਫਿਰ ਰਿਹਾ ਹੈ। ਫਿਰ ਘਰ ਗਿਆ ਤਾਂ ਖੁਲ੍ਹ ਕੇ ਗੱਲ ਵੀ ਤਾਂ ਨਹੀਂ ਹੋ ਸਕਣੀ। ਉਹ ਚਾਹੁੰਦਾ ਹੈ ਕਿ ਜਗਮੋਹਨ ਕੁਲਜੀਤ ਨੂੰ ਯਕੀਨ ਦਵਾਈ ਜਾਵੇ ਕਿ ਉਸ ਨੇ ਪੱਕੀ ਤਾਂ ਹਰ ਹਾਲਤ ਵਿਚ ਹੋ ਜਾਣਾ ਹੈ ਪਰ ਹੋਣਾ ਅੰਕਲ ਰਾਹੀਂ ਹੀ ਹੈ। ਉਸ ਨੂੰ ਪਤਾ ਹੈ ਕਿ ਉਹ ਕੋਈ ਨਾ ਕੋਈ ਬਹਾਨਾ ਘੜ ਕੇ ਦਿਨੇ ਹੀ ਕੁਲਜੀਤ ਨੂੰ ਲੈ ਜਾਇਆ ਕਰੇਗਾ। ਬੱਚਿਆਂ ਦੇ ਸਕੂਲ ਜਾਣ ਤੋਂ ਬਾਅਦ ਘਰ ਖਾਲੀ ਹੀ ਹੁੰਦਾ ਹੈ। ਰਾਜਵਿੰਦਰ ਵੀ ਘਰ ਨਹੀਂ ਹੁੰਦਾ। ਉਹ ਫੈਕਟਰੀ ਨਾ ਹੋਵੇ ਤਾਂ ਦੋਸਤਾਂ ਨਾਲ ਕਿਸੇ ਪਾਸੇ ਨਿਕਲ ਜਾਂਦਾ ਹੈ। ਘਰ ਨਾ ਵੀ ਸਹੀ ‘ਬੈਡ ਐਂਡ ਬ੍ਰੇਕਫਾਸਟ’ ਵੀ ਮਹਿੰਗਾ ਨਹੀਂ ਪੈਂਦਾ। ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਕੁਲਜੀਤ ਇੰਨੀ ਜਲਦੀ ਮੰਨ ਜਾਵੇਗੀ। ਕੁਲਜੀਤ ਨੂੰ ਵੀ ਪੱਕੀ ਹੋਣ ਦੇ ਬਦਲੇ ਵਿਚ ਇਹ ਸੋਦਾ ਮਹਿੰਗਾ ਨਹੀਂ ਲਗਦਾ। 
ਪਰਦੁੱਮਣ ਸਿੰਘ ਆਪਣੇ ਘਰ ਪਹੁੰਚ ਕੇ ਗਿਆਨ ਕੌਰ ਤੋਂ ਜਗਮੋਹਣ ਦੇ ਘਰ ਫੋਨ ਕਰਾਉਂਦਾ ਹੈ। ਮਨਦੀਪ ਚੁੱਕਦੀ ਹੈ। ਉਹ ਅੱਗੇ ਜਗਮੋਹਣ ਨੂੰ ਸੱਦਦੀ ਹੈ ਤੇ ਗਿਆਨ ਕੌਰ ਪਰਦੁੱਮਣ ਸਿੰਘ ਨੂੰ ਫੜਾ ਦਿੰਦੀ । ਉਹ ਕਹਿੰਦਾ ਹੈ,
“ਯੰਗ ਮੈਨ, ਕਿਧਰ ਲੁਕਿਆਂ ਫਿਰਦਾਂ ਬਈ ?”
“ਲੁਕਣਾ ਕਿਥੇ ਐ, ਡਾਢੇ ਸਮੇਂ ਵਿਚ ਆਪਾ ਸੰਭਾਲਦਾ ਫਿਰਦਾਂ।”
“ਬੜੇ ਫਿਲਮੀ ਡਾਇਲਾਗ ਮਾਰ ਰਿਹੈਂ ਬਈ।”
“ਅੰਕਲ ਜੀ, ਡਾਇਲਾਗ ਮੈਂ ਕੀ ਮਾਰਨੇ ਆਂ। ਤੁਸੀਂ ਦੱਸੋ ਕੀ ਹਾਲ ਐ ?”
“ਕੰਮ ਐ ਤੇਰੇ ਤਾਈਂ ਇਮੀਗਰੇਸ਼ਨ ਦਾ।”
“ਹੁਕਮ ਕਰੋ।”
“ਕਿਤੇ ਮਿਲੇਂ ਤਾਂ ਗੱਲ ਕਰਾਂ, ਅੱਜ ਮੈਂ ਰੈੱਡ ਹਾਊਸ ਗਿਆ ਸੀ ਪਰ ਤੂੰ ਹੈਨਾ ਸੀ।”
“ਪਰ ਉਥੇ ਸ਼ਾਮ ਭਾਰਦਵਾਜ ਤਾਂ ਹੋਏਗਾ ਈ।”
“ਹਾਂ, ਪਰ ਸਾਡਾ ਵਕੀਲ ਤਾਂ ਤੂੰ ਈ ਐਂ, ਦੱਸ ਕਦੋਂ ਮਿਲੇਂਗਾ।” 
“ਤੁਸੀਂ ਦੱਸੋ, ਹੁਣੇ ਈ ਆ ਜਾਓ।”
“ਹੁਣ ! ਅੱਠ ਵੱਜੇ ਆ, ਪੱਬ ਵਿਚ ਆ ਸਕਦੈਂ ?”
“ਪੱਬ ਵਿਚ !.. ਚਲੋ ਆ ਜਾਨਾਂ, ਕਿਹੜੇ ਵਿਚ ?”
“ਦਾ ਗਲੌਸਟਰ ਵਿਚ ਈ।”
“ਨਹੀਂ ਅੰਕਲ ਜੀ, ਉਥੇ ਮੇਰੇ ਕਈ ਵਾਕਫ ਮਿਲ ਜਾਣੇ ਆਂ, ਕੋਈ ਗੱਲ ਨਹੀਂ ਕਰ ਹੋਣੀ, ਤੁਸੀਂ ਲੇਡੀ ਮੈਗੀ ਵਿਚ ਆ ਜਾਓ, ਉਥੇ ਮਿਲਦੇ ਆਂ।”
ਕਹਿੰਦਾ ਹੋਇਆ ਜਗਮੋਹਣ ਫੋਨ ਰੱਖ ਦਿੰਦਾ ਹੈ। ਉਹ ਇਸ ਵੇਲੇ ਬਾਹਰ ਜਾਣ ਦੇ ਮੂਡ ਵਿਚ ਬਿਲਕੁਲ ਨਹੀਂ ਹੈ। ਰੋਟੀ ਖਾ ਚੁੱਕਾ ਹੈ ਪਰ ਪਰਦੁੱਮਣ ਸਿੰਘ ਨੇ ਕਿਹਾ ਹੈ, ਰਿਸ਼ਤੇਦਾਰੀ ਹੈ, ਜਾਣਾ ਹੀ ਪਵੇਗਾ। ਉਹ ਤਿਆਰ ਹੋਣ ਲਗਦਾ ਹੈ। ਉਸ ਦੀ ਆਪਣੇ ਸੁਹਰੇ ਨਾਲ ਤਾਂ ਬਹੁਤੀ ਨਹੀਂ ਬਣਦੀ ਪਰ ਪਰਦੁੱਮਣ ਸਿੰਘ ਨਾਲ ਸਬੰਧ ਬਹੁਤ ਹੀ ਦੋਸਤਾਨਾ ਹਨ। ਉਹ ਉਸ ਦੇ ਸਾਹਮਣੇ ਸਿਗਰਟ ਤਕ ਪੀ ਲੈਂਦਾ ਹੈ ਨਹੀਂ ਤਾਂ ਆਪਣੀ ਸਮੋਕ ਕਰਨ ਦੀ ਆਦਤ ਕਾਫੀ ਲਕੋ ਕੇ ਰੱਖੀ ਹੋਈ ਹੈ। ਉਹ ਵੀਹ ਕੁ ਮਿੰਟਾਂ ਵਿਚ ਲੇਡੀ ਮੈਗੀ ਵਿਚ ਪੁੱਜ ਜਾਂਦਾ ਹੈ। ਸਾਊਥਾਲ ਦੇ ਪੱਬਾਂ ਵਿਚੋਂ ਇਹ ਰਵਾਇਤੀ ਜਿਹਾ ਪੱਬ ਹੈ ਜਿਹੜਾ ਬਹੁਤਾ ਭਰਦਾ ਵੀ ਨਹੀਂ ਤੇ ਖਾਲੀ ਜਿਹਾ ਵੀ ਨਹੀਂ ਹੁੰਦਾ। ਆਮ ਤੌਰ ਤੇ ਲੋਕਲ ਗੋਰੇ ਹੀ ਇਥੇ ਹੁੰਦੇ ਹਨ ਤੇ ਇਸੇ ਲਈ ਖੁਲ੍ਹ ਕੇ ਗੱਲਬਾਤ ਕਰ ਸਕਣ ਦੇ ਮੌਕੇ ਜਿ਼ਆਦਾ ਹੁੰਦੇ ਹਨ। ਪਰਦੁੱਮਣ ਸਿੰਘ ਉਸ ਤੋਂ ਪਹਿਲਾਂ ਹੀ ਆਇਆ ਬੈਠਾ ਹੈ। ਉਸ ਨੇ ਬੀਅਰ ਦੇ ਗਲਾਸ ਵੀ ਭਰਾਏ ਹੋਏ ਹਨ। ਜਗਮੋਹਨ ਹੱਥ ਮਿਲਾ ਕੇ ਬੈਠਦਾ ਕਹਿੰਦਾ ਹੈ,
“ਅੰਕਲ, ਮੈਂ ਤੁਹਾਡੇ ਵਿਚ ਕੋਈ ਬਹੁਤ ਵੱਡੀ ਚੇਂਜ ਮਹਿਸੂਸ ਕਰ ਰਿਹਾਂ ਪਰ ਕੀ ਸਮਝ ਨਹੀਂ ਲਗ ਰਹੀ।”
“ਕਈ ਗੱਲਾਂ ਐਸੀਆਂ ਹੁੰਦੀਆਂ ਕਿ ਨਾ ਸਮਝੋ ਤਾਂ ਚੰਗੀਆਂ, ਤੂੰ ਆਪਣਾ ਗਲਾਸ ਚੁੱਕ।”
ਅਣਮੰਨੇ ਮਨ ਨਾਲ ਗਲਾਸ ਚੁੱਕਦਾ ਜਗਮੋਹਨ ਬੋਲਦਾ ਹੈ,
“ਮੈਂ ਤਾਂ ਰੋਟੀ ਖਾ ਚੁੱਕਾ ਸੀ।”
“ਇੰਨੀ ਜਲਦੀ ?”
“ਨਿਆਣਿਆਂ ਨਾਲ ਈ ਖਾ ਲੈਨਾਂ, ਪੱਬ ਵੀ ਮੈਂ ਵੀਕ ਐਂਡ ਤੇ ਈ ਆਉਨਾਂ, ਗਲਾਸੀ ਵੀ ਘੱਟ ਵਧ ਈ।”
“ਚੰਗੀ ਗੱਲ ਐ, ਮੈਨੂੰ ਤਾਂ ਗਲਾਸੀ ਬਿਨਾਂ ਨੀਂਦ ਨਹੀਂ ਆਉਂਦੀ ਪਰ ਮੈਂ ਪੀਂਦਾ ਇਕ ਜਾਂ ਵਧ ਤੋਂ ਵਧ ਦੋ।”
“ਦੱਸੋ ਆਪਣਾ ਕੀ ਕੇਸ ਐ।”
“ਕੇਸ ਉਹੀ, ਕੁੜੀ ਆਈ ਵਿਆਹ ਲਈ, ਵਸੀ ਨਹੀਂ, ਅਗਲੇ ਪੱਕੀ ਨਹੀਂ ਕਰਾਉਂਦੇ।”
“ਰਿਫਿਊਜ਼ਲ ਲੈਟਰ ਆ ਗਈ ?”
“ਹਾਂ, ਬਸ ਅਪੀਲ ਕਰਨੀ ਆਂ।”
“ਕੁੜੀ ਹੈ ਕੌਣ ?” 
“ਇਹ ਤਾਂ ਸੀਕਰਟ ਐ।”
“ਪਰ ਡਾਕਟਰ ਕੋਲ ਤਾਂ ਨੰਗੇ ਹੋਣਾ ਈ ਪੈਂਦੈ।”
ਉਸ ਦੇ ਕਹਿਣ 'ਤੇ ਪਰਦੁੱਮਣ ਸਿੰਘ ਹੱਸਣ ਲੱਗਦਾ ਹੈ। ਉਸ ਦੇ ਹਾਸੇ ਵਿਚੋਂ ਝਲਕਦੇ ਅੱਲ੍ਹੜਪਨ ਤੋਂ ਜਗਮੋਹਣ ਸਮਝ ਜਾਂਦਾ ਹੈ ਕਿ ਗੱਲ ਕੁਝ ਹੋਰ ਹੈ। ਉਹ ਪੁੱਛਦਾ ਹੈ,
“ਸਾਡੀ ਆਂਟੀ ਤਾਂ ਸੇਫ ਐ ਨਾ ?”
“ਤੁਹਾਡੀ ਆਂਟੀ ਤਾਂ ਅਜਿਹਾ ਥੰਮ ਐ ਜਿਹਦੇ 'ਤੇ ਨਾ ਕਿਸੇ ਤੂਫਾਨ ਦਾ ਅਸਰ, ਨਾ ਭੂਚਾਲ ਦਾ, ਇਹ ਤਾਂ ਕੋਈ ਪਾਰਟ ਟਾਈਮ ਜਿਹੀ ਜੌਬ ਐ।”
“ਫੇਰ ਲੈ ਆਓ ਕਿਸੇ ਵੇਲੇ।”
“ਲਿਆਉਣ ਤੋਂ ਬਿਨਾਂ ਗੱਲ ਨਹੀਂ ਬਣਦੀ ?”
“ਅਪੀਲ ਲਈ ਗਰਾਊਂਡ ਤਾਂ ਲੱਭਣੀ ਈ ਪੈਂਦੀ ਐਂ ਤੇ ਅਪੀਲ ਉਹਦੀ ਕਹਾਣੀ ਵਿਚ ਪਈ ਐ, ਤੇ ਕਹਾਣੀ ਉਹਦੇ ਕੋਲ ਈ ਐ ਫਸਟ ਹੈਂਡ, ਜਿਹੜੀ ਤੁਸੀਂ ਦੱਸਣੀ ਐ ਉਹ ਤਾਂ ਸੈਕਿੰਡ ਹੈਂਡ ਐ।”
“ਇਹ ਤਾਂ ਬਈ ਸੌਦਾ ਘਾਟੇ ਦਾ ਲੱਗਦੈ।”
“ਕਿੱਦਾਂ ?”
“ਕਿਤੇ ਕੁਝ ਪਾਉਣ ਦੇ ਚੱਕਰ ਵਿਚ ਗੁਆ ਈ ਨਾ ਬੈਠਾਂ।”
“ਤੁਸੀਂ ਫਿਕਰ ਨਾ ਕਰੋ ਅੰਕਲ ਜੀ, ਤੁਹਾਡੀ ਚੀਜ਼ ਤੁਹਾਡੀ ਰਹੇਗੀ।”
“ਪਰੌਮਿਜ਼ ?”
“ਪਰੌਮਿਜ਼।”
ਕਹਿ ਕੇ ਜਗਮੋਹਣ ਆਪਣੇ ਵੱਲ ਵਧੇ ਪਰਦੁੱਮਣ ਸਿੰਘ ਦੇ ਹੱਥ ਨਾਲ ਹੱਥ ਮਿਲਾਉਂਦਾ ਹੈ। ਆਪਣਾ ਗਲਾਸ ਖਤਮ ਕਰਦਾ ਪਰਦੁੱਮਣ ਸਿੰਘ ਕਹਿੰਦਾ ਹੈ,
“ਮੈਂ ਤੈਨੂੰ ਗੱਲ ਦੱਸਦਾ ਡਰਦਾ ਵੀ ਸੀ ਕਿ ਤੂੰ ਵੂਮੈਨ ਲਿਬਰੇਸ਼ਨ ਦੀ ਬਹੁਤੀ ਈ ਗੱਲ ਕਰਨ ਲੱਗਦਾਂ।”
“ਨਹੀਂ, ਐਡੀ ਵੀ ਕੋਈ ਗੱਲ ਨਹੀਂ।”
“ਮੈਂ ਤਾਂ ਸੁਣਿਆ ਸੀ ਕਿ ਸਾਧੂ ਸੂੰਹ ਨੇ ਕੁੜੀ ਸੋਧੀ ਸੀ ਤਾਂ ਤੂੰ ਬਹੁਤ ਦੁਖੀ ਹੋਇਆ ਸੈਂ।”
“ਉਹ ਤਾਂ ਉਹਨੇ ਗਲਤ ਕੀਤਾ ਸੀ ਪਰ ਉਹਨੂੰ ਸਜ਼ਾ ਮਿਲ ਗਈ, ਹੁਣ ਸਾਰੀ ਉਮਰ ਅੰਦਰ ਈ ਰਹੂ, ਇਹ ਔਨਰ ਕਿਲਿੰਗ ਤਾਂ ਬਹੁਤ ਗਲਤ ਐ।”
“ਪਰ ਕੀ ਤੂੰ ਭਾਰਤੀ ਜਾਂ ਪੰਜਾਬੀ ਕਲਚਰ ਵਿਚ ਨਹੀਂ ਜੰਮਿਆ? ਕੁੜੀ ਜਦੋਂ ਗਲਤ ਕਦਮ ਚੁੱਕਦੀ ਐ ਤਾਂ ਉਹਦਾ ਇਹੋ ਨਤੀਜਾ ਹੁੰਦਾ ਐ, ਇਹੋ ਈ ਹੋਣਾ ਚਾਹੀਦੈ।”
“ਇਥੇ ਮੈਂ ਤੁਹਾਡੇ ਨਾਲ ਐਗਰੀ ਨਹੀਂ ਕਰਦਾ। ਦੇਖੋ ਜਿਸ ਸਮਾਜ ਨੂੰ ਆਪਾਂ ਅਪਣਾਇਆ ਉਸ ਵਿਚ ਇਹ ਮਮੂਲੀ ਗੱਲ ਐ, ਇਸ ਸਮਾਜ ਨੂੰ ਅਪਣਾਉਣ ਦੀ ਸਾਨੂੰ ਕੋਈ ਮਜਬੂਰੀ ਤਾਂ ਨਹੀਂ ਸੀ, ਸਾਡੀ ਆਪਣੀ ਮਰਜ਼ੀ ਸੀ, ਹੁਣ ਦੇਖੋ ਕੀ ਹੋ ਰਿਹੈ, ਸਾਨੂੰ ਕੁਝ ਸਬਰ ਤੋਂ ਕੰਮ ਲੈਣ ਦੀ ਲੋੜ ਐ, ਕੁੜੀਆਂ ਮਾਰਨ ਨਾਲ ਕੋਈ ਸਮੱਸਿਆ ਹੱਲ ਨਹੀਂ ਹੋਣੀ।”
“ਜੱਗਿਆ, ਆਪਾਂ ਮਰਦ ਲੋਕ ਆਂ, ਆਪਾਂ ਨਹੀਂ ਸਹਿ ਸਕਦੇ, ਸਾਡਾ ਖੁਨ ਹਾਲੇ ਸਫੈਦ ਨਹੀਂ ਹੋਇਆ, ਪਰ ਸਾਧੂ ਸੂੰਹ ਦੀ ਕੁੜੀ ਤੈਨੂੰ ਇੰਨਾ ਹਾਂਟ ਕਿਉਂ ਕਰਦੀ ਰਹੀ? ਕੋਈ ਚੱਕਰ ਤਾਂ ਨਹੀਂ ?”
“ਮੈਂ ਉਹ ਕੁੜੀ ਦੇਖੀ ਸੀ, ਰੋਜ਼ ਦੇਖਦਾ ਸੀ।”
“ਤੇ ਤੂੰ ਦੇਖਦਾ ਵੀ ਸਵਿਮਿੰਗ ਪੂਲ ਵਿਚ ਸੀ।”
“ਹਾਂ, ਪਰ ਕੋਈ ਏਦਾਂ ਦੀ ਗੱਲ ਨਹੀਂ ਸੀ।”
“ਚੱਲ, ਮੰਨ ਲੈਨੇ ਆਂ, ਹੁਣ ਧਿਆਨ ਰੱਖੀਂ ਕੁਲਜੀਤ ਨਾ ਤੈਨੂੰ ਹਾਂਟ ਕਰਨ ਲਗ ਪਵੇ, ਤੂੰ ਸਿਰਫ ਮੱਦਦ ਕਰਨੀ ਐ।”
ਜਗਮੋਹਣ ਜ਼ਰਾ ਕੁ ਹਸਦਾ ਹੈ ਤੇ ਕਹਿੰਦਾ ਹੈ, 
“ਤੁਸੀਂ ਫਿਕਰ ਨਾ ਕਰੋ, ਆਪਾਂ ਪਹਿਲਾਂ ਅਪੀਲ ਤਾਂ ਕਰੀਏ, ਅਪੀਲ ਦਾ ਟਾਈਮ ਨਾ ਲੰਘਾ ਦੇਈਏ, ਤੁਸੀਂ ਮੈਨੂੰ ਉਹਦੇ ਪੇਪਰ, ਪਾਸਪੋਰਟ ਦਿਓ ਜਾਂ ਉਥੇ ਰੈੱਡ ਹਾਊਸ ਈ ਦੇ ਆਓ।”
“ਰੈੱਡ ਹਾਊਸ ਨਾਲੋਂ ਤਾਂ ਮੈਂ ਸੰਧੂ ਕੋਲ ਜਾਂਦਾ, ਪੁਰਾਣਾ ਵਾਕਫ ਐ ਪਰ ਮੈਨੂੰ ਤਾਂ ਤੇਰੇ 'ਤੇ ਈ ਭਰੋਸਾ ਐ।”
“ਸੰਧੂ ਅੰਕਲ ਵੀ ਬੋਤਲ ਪੀ ਕੇ ਟੇਢਾ ਹੋਇਆ ਪਿਆ ਹੋਣਾ, ਏਨਾ ਟੇਲੰਟੱਡ ਬੰਦਾ ਤੇ ਟੇਲੰਟ ਭੰਗ ਦੇ ਭਾੜੇ ਖਰਾਬ ਕਰ ਰਿਹੈ।”
“ਛੱਡ ਓਹਨੂੰ, ਤੂੰ ਦੱਸ ਤੈਨੂੰ ਕੁਲਜੀਤ ਕਿਥੇ ਤੇ ਕਦੋਂ ਮਿਲਾਵਾਂ।”
“ਜਿਥੇ ਮਰਜ਼ੀ ਪਰ ਘਰ ਨਾ ਲਿਆਇਓ।”
“ਮੈਂ ਏਨਾ ਕਮਲਾ ਵੀ ਨਹੀਂ ! ਤੈਨੂੰ ਕਾਰ ਵਿਚ ਈ ਮਿਲਾ ਦਊਂ ਕੱਲ ਨੂੰ।”
“ਏਨੀ ਵੀ ਚੋਰੀ ਕੀ ਕਹਿ।”
“ਚੱਲ, ਜਿਥੇ ਕਹੇਂ ਮਿਲਾ ਦੇਊਂ ਪਰ ਮੇਰਾ ਇਕ ਇੰਪੌਰਟੈਂਟ ਕੰਮ ਐ।”
“ਉਹ ਵੀ ਦੱਸ ਦਿਓ।”
“ਦੇਖ ਸਿੱਧੀ ਗੱਲ ਕਿ ਇਹ ਕੁਲਜੀਤ ਵੀ ਆਪਣੀ ਲੋੜ ਨੂੰ ਮੇਰੇ ਨਾਲ ਜੁੜੀ ਐ, ਜਿੱਦਣ ਪੱਕੀ ਹੋ ਗਈ ਤਾਂ ਇਹਨੇ ਪੱਤਰਾ ਵਾਚ ਜਾਣੈ, ਸੋ ਆਪਾਂ ਕੰਮ ਸਲੋਅਲੀ ਸਲੋਅਲੀ ਕਰਨੈਂ।”
“ਅੰਕਲ ਜੀ! ਏਨੇ ਖੁਦਗਰਜ਼ ਵੀ ਨਾ ਬਣੋ, ਇਹਨੂੰ ਵਿਚਾਰੀ ਨੂੰ ਪੱਕੀ ਹੁੰਦੀ ਐ ਤਾਂ ਹੋਣ ਦਿਓ, ਇਹ ਪੂਰਾ ਸਾਊਥਾਲ ਈ ਕੁਲਜੀਤਾਂ ਨਾਲ ਭਰਿਆ ਪਿਐ। ਤੁਸੀਂ ਫਿਕਰ ਕਾਹਦਾ ਕਰਦੇ ਓ ਕੋਈ ਹੋਰ ਮਿਲ ਜਾਊ।”

ਚਲਦਾ....