ਸਾਊਥਾਲ (ਕਾਂਡ 57)

       ਤੜਕਸਾਰ ਫੋਨ ਦੀ ਘੰਟੀ ਵੱਜਦੀ ਹੈ। ਪਰਦੁੱਮਣ ਸਿੰਘ ਘੜੀ ਦੇਖਦਾ ਹੈ। ਉਠਣ ਦਾ ਵਕਤ ਹੋ ਰਿਹਾ ਹੈ ਪਰ ਇਹ ਫੋਨ ਕਿਸ ਦਾ ਹੋਇਆ। ਇੰਨੀ ਸਵੇਰ ਤਾਂ ਐਮਰਜੈਂਸੀ ਫੋਨ ਹੀ ਆਇਆ ਕਰਦੇ ਹਨ। ਕਿਧਰੇ ਇੰਡੀਆ ਤੋਂ ਹੀ ਨਾ ਹੋਵੇ। ਉਹ ਡਰਦੇ ਮਨ ਨਾਲ ਫੋਨ ਉਠਾਉਂਦਾ ਹੈ। ਸੁਰਜੀਤ ਕੌਰ ਦਾ ਹੈ। ਉਹ ਕਹਿੰਦੀ ਹੈ,
“ਭਾਜੀ, ਇਨ੍ਹਾਂ ਨੂੰ ਪੁਲਿਸ ਫੜ ਕੇ ਲੈ ਗਈ, ਪਲੀਜ਼ ਜਲਦੀ ਆਓ।”
“ਕਾਰੇ ਨੂੰ ?”
“ਹਾਂ।”
“ਕਿਉਂ ਲੈ ਗਈ ?”
“ਤੁਸੀਂ ਘਰ ਨੂੰ ਆ ਜਾਓ ਜੇ ਆ ਸਕਦੇ ਓ ਤਾਂ।”
“ਹਾਂ–ਹਾਂ, ਮੈਂ ਹੁਣੇ ਆਉਨਾਂ।”
       ਉਹ ਉਠਦਾ ਹੈ ਤੇ ਕਾਹਲੀ ਨਾਲ ਤਿਆਰ ਹੋ ਕੇ ਕਾਰੇ ਦੇ ਘਰ ਨੂੰ ਤੁਰ ਪੈਂਦਾ ਹੈ। ਉਸ ਕੋਲ ਸੋਚਣ ਦਾ ਵਕਤ ਹੀ ਨਹੀਂ ਹੈ ਕਿ ਕੀ ਹੋਇਆ ਹੋਵੇਗਾ। ਗਿਆਨ ਕੌਰ ਵੀ ਪੁੱਛਦੀ ਰਹਿ ਜਾਂਦੀ ਹੈ। ਉਹ ਇੰਨਾ ਹੀ ਕਹਿੰਦਾ ਹੈ ਕਿ ਮੈਂ ਹੁਣੇ ਹੀ ਆਉਨਾਂ।
       ਸੁਰਜੀਤ ਕੌਰ ਉਸ ਨੂੰ ਦੇਖਦੀ ਹੀ ਰੋਣ ਲੱਗ ਪੈਂਦੀ ਹੈ। ਜਤਿੰਦਰਪਾਲ ਤੇ ਪਰਮੀਤ ਆਪਣੀ ਮਾਂ ਨੂੰ ਤਸੱਲੀ ਦੇਣ ਲੱਗਦੇ ਹਨ। ਪਰਦੁੱਮਣ ਪੁੱਛਦਾ ਹੈ,
“ਕਿਹੜੀ ਗੱਲੋਂ ਪੁਲਿਸ ਲੈ ਗਈ ਉਹਨੂੰ ?”
       ਸੁਰਜੀਤ ਕੌਰ ਤੋਂ ਪਹਿਲਾਂ ਹੀ ਜਤਿੰਦਰਪਾਲ ਕਹਿੰਦਾ ਹੈ,
“ਡੈਡ ਦੀ ਕੰਪਨੀ ਵਿਚ ਕਿਸੇ ਨੇ ਫਰੌਡ ਕੀਤੈ, ਡੈਡ ਓਨਰ ਐ ਤੇ ਇਨਵੈਸਟੀਗੇਸ਼ਨ ਲਈ ਲੈ ਗਈ ਐ।”
       ਪਰਦੁੱਮਣ ਸਿੰਘ ਸਮਝ ਜਾਂਦਾ ਹੈ ਕਿ ਕਾਰੇ ਨੇ ਜ਼ਰੂਰ ਕੋਈ ਕਾਰਾ ਕੀਤਾ ਹੋਵੇਗਾ। ਜਿਸ ਘਾਟੇ ਦੀ ਉਹ ਗੱਲ ਕਰਿਆ ਕਰਦਾ ਸੀ ਉਸੇ ਨੂੰ ਪੂਰਾ ਕਰਨ ਦੇ ਚਕਰ ਵਿਚ ਕੁਝ ਕਰ ਬੈਠਾ ਹੋਵੇਗਾ। ਉਸ ਨੂੰ ਯਾਦ ਆਉਂਦਾ ਹੈ ਕਿ ਜਿੰਨਾ ਹੋਟਲ ਵਿਚ ਹੋਵੇ ਨੁਕਸਾਨ ਨੂੰ ਲੈ ਕੇ ਕਾਰਾ ਤੜਫਿਆ ਸੀ ਮੁੜ ਕੇ ਉਸ ਨੂੰ ਓਨਾ ਕਦੇ ਦੁਖੀ ਨਹੀਂ ਦੇਖਿਆ ਬਲਕਿ ਉਸ ਨੇ ਉਸ ਘਾਟੇ ਦੀ ਕਦੇ ਗੱਲ ਵੀ ਨਹੀਂ ਕੀਤੀ। ਉਹ ਪੁੱਛਦਾ ਹੈ,
“ਕਿਸੇ ਹੋਰ ਨੂੰ ਵੀ ਫੜਿਆ ?”
“ਪਟੇਲ ਅੰਕਲ ਨੂੰ ਵੀ ਲੈ ਗਏ, ਅੰਟੀ ਦਾ ਹੁਣੇ ਫੋਨ ਆਇਐ।”
“ਕੋਈ ਹੋਟਲ ਦਾ ਚੱਕਰ ਤਾਂ ਨਹੀਂ ?”
“ਭਾਜੀ, ਹੋਟਲ ਨੇ ਈ ਤਾਂ ਕੰਮ ਵਿਗਾੜੇ ਪਏ ਆ, ਕਰੋ ਕੁਸ਼ ਹੁਣ, ਛੁਡਾਓ ਇਨ੍ਹਾਂ ਨੂੰ... ਭਲਾ ਕਿਹੜੀ ਗੱਲ ਦਾ ਘਾਟਾ ਸੀ ਹੁਣ।”
       ਰੋਂਦੀ ਹੋਈ ਸੁਰਜੀਤ ਕੌਰ ਕਹਿ ਰਹੀ ਹੈ। ਪਰਦੁੱਮਣ ਸਿੰਘ ਹੌਸਲਾ ਦਿੰਦਾ ਆਖਦਾ ਹੈ,
“ਤੁਸੀਂ ਫਿਕਰ ਨਾ ਕਰੋ, ਮੈਂ ਹੁਣੇ ਪੁਲਿਸ ਸਟੇਸ਼ਨ ਜਾਨਾਂ, ਕੁਛ ਕਰਦੇ ਆਂ ਪਰ ਹੋਟਲ ਵੇਚੇ ਨੂੰ ਤਾਂ ਦੇਰ ਹੋ ਗਈ।”
“ਸਾਨੂੰ ਬਹੁਤਾ ਕਿਸੇ ਗੱਲ ਦਾ ਪਤਾ ਨਹੀਂ, ਪੁਲੀਸ ਨੇ ਕੁਝ ਦਸਿਆ ਵੀ ਨਹੀਂ, ਬੱਸ ਤੜਕਸਾਰ ਆਏ ਤੇ ਲੈ ਗਏ।”
“ਪਤਾ ਕੁਸ਼ ਕਿ ਕਿਹੜੇ ਪੁਲੀਸ ਸਟੇਸ਼ਨ ਤੋਂ ਪੁਲੀਸ ਆਈ ਸੀ।”
“ਸਾਨੂੰ ਉਹਨਾਂ ਕੁਸ਼ ਨਹੀਂ ਦਸਿਆ, ਬਸ ਇੰਨਾ ਕਿਹਾ ਕਿ ਆਪਣੇ ਵਕੀਲ ਨੂੰ ਮਿਲ ਲਓ।”
“ਠੀਕ ਐ, ਆਪਾਂ ਕਰਦੇ ਆਂ ਕੁਝ।”
       ਉਹ ਉਠ ਕੇ ਤੁਰਨ ਲੱਗਦਾ ਹੈ ਤਾਂ ਜਤਿੰਦਰਪਾਲ ਵੀ ਉਸ ਦੇ ਨਾਲ ਹੀ ਤੁਰ ਪੈਂਦਾ । ਉਹ ਪੁਲਿਸ ਸਟੇਸ਼ਨ ਜਾਂਦੇ ਹਨ। ਪੁਲਿਸ ਵਾਲੇ ਕੋਈ ਲੜ ਸਿਰਾ ਨਹੀਂ ਫੜਾ ਰਹੇ। ਉਹ ਇੰਨਾ ਕੁ ਇਸ਼ਾਰਾ ਕਰ ਦਿੰਦੇ ਹਨ ਕਿ ਕਾਰੇ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਵਾਲੇ ਲੈ ਗਏ ਹਨ। ਉਹ ਵਾਪਸ ਘਰ ਆ ਜਾਂਦੇ ਹਨ। ਸੋਚਦੇ ਹਨ ਕਿ ਹੁਣ ਕੀ ਕਰੀਏ। ਕਿਹੜੇ ਵਕੀਲ ਨਾਲ ਸਲਾਹ ਕਰੀਏ। ਪਰਦੁੱਮਣ ਸਿੰਘ ਜਗਮੋਹਣ ਨੂੰ ਫੋਨ ਕਰਦਾ ਹੈ। ਮੁੱਢਲੀ ਸਲਾਹ ਲਈ ਉਹ ਵੀ ਠੀਕ ਹੈ। ਉਹ ਕਹਿੰਦਾ ਹੈ,
“ਅੰਕਲ, ਜਿੱਦਾਂ ਲੈ ਕੇ ਗਏ ਆ ਲੱਗਦਾ ਨਹੀਂ ਕਿ ਹਾਲੇ ਮਿਲਣ ਦੇਣਗੇ, ਏਸ ਲਈ ਆਪਾਂ ਨੂੰ ਵੇਟ ਐਂਡ ਸੀ ਵਾਲਾ ਕੰਮ ਕਰਨਾ ਪਏਗਾ।”
“ਪਰ ਏਹ ਤਾਂ ਪਤਾ ਚੱਲੇ ਕਿ ਉਹਨੂੰ ਰੱਖਿਆ ਕਿਥੇ ਐ।”
“ਮੈਨੂੰ ਲੱਗਦੈ ਕਿ ਪੁਲਿਸ ਨੇ ਡਾਕੂਮੈਂਟਰੀ ਪਰੂਫ ਇਕੱਠੇ ਕਰਕੇ ਈ ਹੱਥ ਪਾਇਆ ਹੋਣੈ ਏਸ ਲਈ ਛੇਤੀ ਹੀ ਕੋਰਟ ਵਿਚ ਪੇਸ਼ ਕਰ ਦੇਣਗੇ, ਮੇਰੇ ਹਿਸਾਬ ਨਾਲ ਤਾਂ ਤੁਸੀਂ ਜ਼ਮਾਨਤ ਦੀ ਤਿਆਰੀ ਕਰੋ।”
“ਏਹਦਾ ਮਤਲਬ ਵਕੀਲ ਕਰਨਾ ਪਊ, ਕਿਹੜਾ ਕਰੀਏ?”
“ਹਾਂ, ਵਕੀਲ ਵੀ ਢੰਗ ਦਾ ਹੋਵੇ।”
“ਕੋਈ ਹੈ ਤੇਰੀ ਨਜ਼ਰ ਵਿਚ?”
“ਇਕ ਹੈ ਮਲੋਨੀ ਸਟੀਫਨ, ਪਰ ਸ਼ਾਇਦ ਕਾਰੇ ਦਾ ਕੋਈ ਫੈਮਲੀ ਸੁਲਿਸਟਰ ਹੋਵੇ।”
“ਤੂੰ ਮੈਨੂੰ ਮਲੋਨੀ ਸਟੀਫਨ ਦਾ ਨੰਬਰ ਦੇ ਦੇ।”
“ਬੰਦਾ ਠੀਕ ਐ ਪਰ ਕੁਝ ਮਹਿੰਗਾ ਜ਼ਰੂਰ ਹੋਊ।”
“ਮਹਿੰਗੇ ਨੂੰ ਕੀ ਐ ਕਰਨਾ ਤਾਂ ਪੈਣਾਂ।”
       ਪਰਦੁੱਮਣ ਸਿੰਘ ਜਤਿੰਦਰਪਾਲ ਨੂੰ ਕਹਿੰਦਾ ਹੈ,
“ਮਨੀਸ਼ ਪਟੇਲ ਦੇ ਘਰ ਫੋਨ ਕਰਕੇ ਦੇਖੋ ਤਾਂ ਉਹ ਕੀ ਕਰਨ ਲੱਗੇ ਆ।”
       ਜਤਿੰਦਰਪਾਲ ਆਪਣੀ ਮਾਂ ਵੱਲ ਦੇਖਦਾ ਹੈ। ਮਾਂ ਪਟੇਲ ਦੇ ਘਰ ਫੋਨ ਕਰਕੇ ਦੱਸਣ ਲੱਗਦੀ ਹੈ,
“ਉਨ੍ਹਾਂ ਨੇ ਸੁਲਿਸਟਰ ਕਰ ਲਿਐ।”
“ਫੇਰ ਆਪਾਂ ਵੀ ਕਰ ਲੈਨੇ ਆਂ,... ਮੈਂ ਗਿਆਨ ਕੌਰ ਨੂੰ ਫੈਕਟਰੀ ਛੱਡ ਆਵਾਂ ਤਾਂ ਜੋ ਵਰਕਰਾਂ ਲਈ ਡੋਰ ਖੋਲ੍ਹ ਦੇਵੇ ਤੇ ਆ ਜਾਨਾਂ।”
       ਉਹ ਉਨ੍ਹਾਂ ਨੂੰ ਧੀਰਜ ਬੰਨਾਉਂਦਾ ਉਠ ਆਉਂਦਾ ਹੈ। ਦਿਲੋਂ ਉਹ ਖੁਸ਼ ਵੀ ਹੈ  ਕਿ ਮਾੜੇ ਕੰਮਾਂ ਦੇ ਮਾੜੇ ਨਤੀਜੇ ਹੀ ਨਿਕਲਦੇ ਹਨ। ਉਸ ਨੂੰ ਲਗਦਾ ਹੈ ਕਿ ਕਾਰੇ ਨੇ ਕਾਰਾਂ ਦੀ ਇੰਸ਼ੋਅਰੈਂਸ ਵਾਲੀ ਨਵੀਂ ਕੰਪਨੀ ਖੋਹਲੀ ਸੀ ਉਸੇ ਕਰਕੇ ਕਿਸੇ ਸਕੰਜੇ ਵਿਚ ਫਸਿਆ ਹੈ। ਉਸ ਨੂੰ ਯਾਦ ਆਉਂਦਾ ਹੈ ਕਿ ਪਿਛੇ ਜਿਹੇ ਉਸ ਨੇ ਇਕ ਖਬਰ ਪੜੀ ਵੀ ਸੀ ਕਿ ਕੋਈ ਫਰਜ਼ੀ ਕੰਪਨੀ ਕਾਰਾਂ ਦੀ ਇੰਸ਼ੋਅਰੈਂਸ ਕਰ ਕੇ ਡੱਮੀ ਸਰਟੀਫਿਕੇਟ ਜਾਰੀ ਕਰਦੀ ਰਹੀ ਹੈ। ਇਸ ਦੀ ਤਹਿਕੀਕਾਤ ਚਲ ਰਹੀ ਸੀ। ਹੋ ਸਕਦਾ ਹੈ ਕਿ ਇਹ ਕਾਰੇ ਦੀ ਕੰਪਨੀ ਹੀ ਹੋਵੇ। ਕਾਰੇ ਨੇ ਹੀ ਉਸ ਨੂੰ ਇਸ ਕੰਪਨੀ ਦਾ ਫੋਨ ਨੰਬਰ ਦਿਤਾ ਸੀ। ਉਹ ਮਨ ਵਿਚ ਕਹਿੰਦਾ ਹੈ-‘ਬੱਲੇ ਓਏ ਕਾਰਿਆ ਮੈਨੂੰ ਹੀ ਰਗੜ ਧਰਿਆ।’ ਉਦੋਂ ਉਸ ਨੇ ਨਵੀਂ ਮਰਸਡੀਜ਼ ਖਰੀਦੀ ਸੀ। ਇਹ ਤਾਂ ਕਿਸਮਤ ਚੰਗੀ ਰਹੀ ਕਿ ਕੋਈ ਐਕਸੀਡੈਂਟ ਨਹੀਂ ਸੀ ਹੋਇਆ। ਫਿਰ ਸ਼ੇਅਰ ਵੇਚਣ ਵੀ ਆਇਆ ਸੀ। ਪਰਦੁੱਮਣ ਸਿੰਘ ਸੋਚ ਰਿਹਾ ਹੈ ਕਿ ਇਕ ਘਰ ਤਾਂ ਡਾਇਣ ਵੀ ਛੱਡਦੀ ਹੈ। ਉਹ ਮੋਬਾਈਲ ਤੋਂ ਹੀ ਜਗਮੋਹਣ ਨੂੰ ਫੋਨ ਕਰਦਾ ਹੈ। ਸਾਰੀ ਗੱਲ ਦਸਦਾ ਪੁੱਛਦਾ ਹੈ,
“ਕੀ ਬਣੂ ਫੇਰ ਕਾਰੇ ਦਾ?”
“ਅੰਕਲ, ਕੈਦ ਹੋਊ, ਦੋ–ਚਾਰ ਸਾਲ ਜਾਂ ਜ਼ਿਆਦਾ ਵੀ, ਕੇਸ ਚੱਲੇ 'ਤੇ ਪਤਾ ਚੱਲੂ।”
“ਬਰੀ ਵੀ ਹੋ ਸਕਦੈ ?”
“ਨਹੀਂ, ਚਾਂਸ ਨਹੀਂ ਹੈਗੇ, ਇਥੋਂ ਦੀ ਪੁਲਿਸ ਓਨਾ ਚਿਰ ਕੇਸ ਨੂੰ ਹੱਥ ਨਹੀਂ ਪਾਉਂਦੀ ਜਿੰਨਾ ਚਿਰ ਦੋਸ਼ੀ ਨੂੰ ਸਜ਼ਾ ਕਰ ਸਕਣ ਦਾ ਜਕੀਨ ਨਾ ਹੋਵੇ, ਜੇ ਕੇਸ ਫੇਲ੍ਹ ਹੋ ਜਾਵੇ ਤਾਂ ਪੁਲਿਸ ਦੀ ਬਦਨਾਮੀ ਹੁੰਦੀ ਐ, ਉਲਟਾ ਕੋਰਟ ਦਾ ਖਰਚ ਵੀ ਪੈ ਜਾਇਆ ਕਰਦੈ।”
“ਪਰ ਦੇਖ ਲੈ ਜੱਗਿਆ, ਕਾਰਾ ਡਰਿਆ ਨਹੀਂ ਏਡਾ ਸਟੈੱਪ ਲੈਣ ਲੱਗਾ।”
“ਅੰਕਲ, ਪਹਿਲਾ ਸਟੈੱਪ ਲੈਣਾ ਈ ਔਖਾ ਹੁੰਦੈ, ਬਾਕੀ ਦੇ ਆਪਣੇ ਆਪ ਈ ਲੈ ਹੋਈ ਜਾਂਦੇ ਆ। ਹੁਣ ਪੂਰਾ ਨਹੀਂ ਪਤਾ ਕਿ ਕਿਡਾ ਵੱਡਾ ਫਰੌਡ ਕੀਤਾ ਹੋਵੇ, ਹੌਲੀ ਹੌਲੀ ਗੱਲ ਬਾਹਰ ਨਿਕਲੂ ਹੁਣ ਤਾਂ ਏਹ ਵੀ ਡਰ ਐ ਕਿ ਏਹਦੀ ਪ੍ਰੌਪਰਟੀ ਵੀ ਜ਼ਬਤ ਹੋ ਜਾਣੀ ਐ।”
“ਪ੍ਰੌਪਰਟੀ ਦਾ ਤਾਂ ਮੈਨੂੰ ਪਤੈ, ਏਹਦੇ ਨਾਂ 'ਤੇ ਕੁਸ਼ ਵੀ ਨਹੀਂ, ਸੁਰਜੀਤ ਕੌਰ ਨਾਲ ਬੜੇ ਸਾਲਾਂ ਦੀ ਸੈਪਰੇਸ਼ਨ ਸ਼ੋਅ ਕੀਤੀ ਹੋਈ ਐ ਤੇ ਸਭ ਕੁਛ ਓਹਦੇ ਨਾਂ 'ਤੇ ਹੀ ਐ।”
“ਏਹਦਾ ਮਤਲਬ ਕਿ ਬੰਦੇ ਨੇ ਸਭ ਕੁਝ ਪਲਾਨ ਕਰਕੇ ਕੀਤੈ।”
       ਦਿਨ ਚੜ੍ਹਦੇ ਹੀ ਪੂਰੇ ਸਾਊਥਾਲ ਵਿਚ ਕਾਰੇ ਦੇ ਫੜੇ ਜਾਣ ਦੀ ਖਬਰ ਫੈਲ ਜਾਂਦੀ ਹੈ। ਇਕ ਤਾਂ ਉਸ ਦਾ ਦਫਤਰ ਸਾਊਥਾਲ ਦੇ ਵਿਚਕਾਰ ਹੈ, ਦੂਜਾ ਕਾਰਾ ਸਾਊਥਾਲ ਦਾ ਪੁਰਾਣਾ ਨਿਵਾਸੀ ਹੈ ਤੇ ਸਾਰੇ ਜਾਣਦੇ ਹਨ। ਵਿਓਪਾਰੀ ਭਾਈਚਾਰੇ ਵਿਚ ਤਾਂ ਉਸ ਦੀ ਵਾਹਵਾ ਪਛਾਣ ਹੈ। ਅਗਲੇ ਦਿਨ ਇਹ ਖਬਰ ਪੂਰੀ ਤਫਸੀਲ ਵਿਚ ਅਖਬਾਰਾਂ ਅਤੇ ਰੇਡੀਓ ਉਪਰ ਵੀ ਆ ਜਾਂਦੀ ਹੈ। ਸਾਰੇ ਕਹਿ ਰਹੇ ਹਨ ਕਿ ਉਸ ਨੇ ਇਸ ਧੰਦੇ ਵਿਚੋਂ ਬਹੁਤ ਪੈਸੇ ਕਮਾਏ ਹਨ ਹੁਣ ਸਜ਼ਾ ਵੀ ਹੋ ਜਾਵੇ ਤਾਂ ਕੋਈ ਗੱਲ ਨਹੀਂ ਪਰ ਸੁਰਜੀਤ ਕੌਰ ਦੱਸਣ ਲੱਗਦੀ ਹੈ ਕਿ ਕਾਰੇ ਨੇ ਕੁਝ ਨਹੀਂ ਕਮਾਇਆ। ਉਨ੍ਹਾਂ ਕੋਲ ਜੋ ਕੁਝ ਹੈ ਪਹਿਲਾਂ ਦਾ ਹੀ ਹੈ। ਜਿੰਨੇ ਮੂੰਹ ਓਨੀਆਂ ਹੀ ਕਹਾਣੀਆਂ ਬਣ ਰਹੀਆਂ ਹਨ।
       ਅਗਲੇ ਦਿਨ ਕਾਰੇ ਨੂੰ ਅਕਸਬ੍ਰਿਜ ਕੋਰਟ ਵਿਚ ਪੇਸ਼ ਕੀਤਾ ਜਾਂਦਾ ਹੈ। ਉਸ ਦੇ ਨਾਲ ਮਨੀਸ਼ ਪਟੇਲ ਅਤੇ ਇਕ ਅੰਗਰੇਜ਼ ਕੈਲਵਿਨ ਵੀ ਹੈ। ਵਕੀਲ ਜ਼ਮਾਨਤ ਲਈ ਜ਼ੋਰ ਨਹੀਂ ਪਾਉਂਦੇ। ਉਨ੍ਹਾਂ ਨੂੰ ਪਤਾ ਹੈ ਕਿ ਪੁੱਛਗਿੱਛ ਲਈ ਪੁਲਿਸ ਵਾਲੇ ਹਾਲੇ ਰੀਮਾਂਡ ਲੈਣਗੇ। ਕੋਰਟ ਵਿਚ ਪਰਦੁੱਮਣ ਸਿੰਘ ਵੀ ਹੈ ਤੇ ਕਾਰੇ ਦਾ ਪਰਿਵਾਰ ਵੀ। ਕੁਝ ਹੋਰ ਦੋਸਤ ਵੀ ਹਨ। ਮੀਡੀਏ ਦੇ ਲੋਕ ਵੀ ਪਹੁੰਚੇ ਹੋਏ ਹਨ। ਕਾਰਾ ਚੜ੍ਹਦੀ ਕਲਾ ਵਿਚ ਹੈ। ਸਭ ਨਾਲ ਹੱਸ ਹੱਸ ਕੇ ਨਜ਼ਰਾਂ ਮਿਲਾ ਰਿਹਾ ਹੈ ਪਰ ਮਨੀਸ਼ ਪਟੇਲ ਤੇ ਕੈਲਵਿਨ ਉਦਾਸ ਹਨ। ਦਸ ਦਿਨ ਦੀ ਤਰੀਕ ਪੈ ਜਾਂਦੀ ਹੈ ਭਾਵ ਕਿ ਪੁਲਿਸ ਨੂੰ ਦਸ ਦਿਨ ਦਾ ਰੀਮਾਂਡ ਮਿਲ ਜਾਂਦਾ ਹੈ।
       ਦਸ ਦਿਨ ਬਾਅਦ ਸਾਰੇ ਫਿਰ ਕਚਹਿਰੀ ਵਿਚ ਇਕੱਠੇ ਹੁੰਦੇ ਹਨ। ਜ਼ਮਾਨਤਾਂ ਹੋ ਜਾਂਦੀਆਂ ਹਨ। ਮਨੀਸ਼ ਦੀ ਜ਼ਮਾਨਤ ਉਸ ਦਾ ਭਰਾ ਦਿੰਦਾ ਹੈ। ਕਾਰੇ ਦੀ ਜ਼ਮਾਨਤ ਲਈ ਪਰਦੁੱਮਣ ਸਿੰਘ ਘਰੋਂ ਹੀ ਤਿਆਰ ਹੋ ਕੇ ਆਇਆ । ਇਕ–ਇਕ ਲੱਖ ਪੌਂਡ ਦੀ ਜ਼ਮਾਨਤ ਹੈ। ਪੇਪਰ ਭਰਦੇ ਸਮੇਂ ਪਰਦੁੱਮਣ ਸਿੰਘ ਦਾ ਅੰਦਰ ਹਿੱਲ ਰਿਹਾ ਹੈ। ਕਾਰੇ ਤੇ ਮਨੀਸ਼ ਨੂੰ ਛੱਡ ਦਿੱਤਾ ਜਾਂਦਾ ਹੈ ਪਰ ਕੈਲਵਿਨ ਦੀ ਜ਼ਮਾਨਤ ਦੇਣ ਵਾਲਾ ਕੋਈ ਨਹੀਂ ਹੈ। ਸ਼ਾਇਦ ਉਸ ਦੇ ਕਿਸੇ ਰਿਸ਼ਤੇਦਾਰ ਕੋਲ ਲੱਖ ਪੌਂਡ ਦੀ ਜਾਇਦਾਦ ਨਹੀਂ ਹੈ।
       ਜ਼ਮਾਨਤ ਤੋਂ ਬਾਅਦ ਕਾਰਾ ਸਭ ਨਾਲ ਹੱਥ ਮਿਲਾ ਰਿਹਾ ਹੈ। ਉਸ ਨੂੰ ਚਾਅ ਚੜ੍ਹਿਆ ਪਿਆ ਹੈ ਪਰ ਪਰਦੁੱਮਣ ਸਿੰਘ ਨੂੰ ਜਿਵੇਂ ਤਾਪ ਚੜਿਆ ਹੋਇਆ ਹੈ। ਹਲਾਤ ਅਜਿਹੇ ਹਨ ਕਿ ਉਹ ਕਾਰੇ ਦੀ ਜਮਾਨਤ ਦੇਣ ਤੋਂ ਨਾਂਹ ਨਹੀਂ ਕਰ ਸਕਦਾ ਪਰ ਇਕ ਲੱਖ ਪੌਂਡ ਉਸ ਨੂੰ ਵੱਡਾ ਲਗ ਰਿਹਾ ਹੈ। ਕਾਰਾ ਉਸ ਨੂੰ ਜੱਫੀ ਪਾ ਕੇ ਮਿਲਦਾ ਹੈ। ਕਾਰਾ ਸਭ ਨੂੰ ਹੌਸਲਾ ਦਿੰਦਾ ਕਹਿ ਰਿਹਾ ਹੈ ਕਿ ਫਿਕਰ ਵਾਲੀ ਗੱਲ ਹੀ ਕੋਈ ਨਹੀਂ। ਕਾਰੇ ਨੂੰ ਖੁਸ਼ ਦੇਖ ਕੇ ਸਾਰੇ ਖੁਸ਼ ਹਨ। ਮਨੀਸ਼ ਦਾ ਪਰਿਵਾਰ ਸੋਗ ਜਿਹੇ ਵਿਚ ਡੁੱਬਿਆ ਹੋਇਆ ਹੈ। ਮਨੀਸ਼ ਵੀ ਸਿਰ ਸੁੱਟੀ ਖੜਾ ਹੈ। ਕਾਰਾ ਉਸ ਨੂੰ ਕਲ਼ਾਵੇ ਵਿਚ ਲੈ ਕੇ ਕਹਿੰਦਾ ਹੈ,
“ਭਈਆ, ਹੌਸਲਾ ਕਰ, ਮਰਦ ਬਣ ਯਾਰ।”
       ਸਾਰੇ ਕਾਫਲੇ ਦੇ ਰੂਪ ਵਿਚ ਕਾਰੇ ਦੇ ਘਰ ਆ ਜਾਂਦੇ ਹਨ। ਸਾਰੇ ਹੀ ਖੁਸ਼ ਹਨ ਪਰ ਪਰਦੁੱਮਣ ਘੁੱਟਿਆ ਜਿਹਾ ਹੈ। ਕਾਰਾ ਵਿਸਕੀ ਦੀ ਬੋਤਲ ਖਹਲਦਾ ਹੈ ਤੇ ਪਰਦੱਮਣ ਨੂੰ ਚੀਅਰਜ਼ ਕਰਨ ਲਈ ਆਖਦਾ ਹੈ ਤੇ ਜਮਾਨਤ ਦੇਣ ਲਈ ਉਸ ਦਾ ਸ਼ੁਕਰੀਆ ਵੀ ਅਦਾ ਕਰਦਾ ਹੈ।
       ਕਾਰੇ ਦੇ ਘਰੋਂ ਆ ਕੇ ਉਹ ਜਗਮੋਹਣ ਨੂੰ ਫੋਨ ਕਰਦਾ ਹੈ। ਪਰ ਜਗਮੋਹਣ ਹਾਲੇ ਕੰਮ 'ਤੇ ਹੀ ਹੈ। ਉਹ ਜਗਮੋਹਣ ਦੇ ਘਰ ਦੇ ਬਾਹਰ ਹੀ ਉਸ ਦੀ ਕੰਮ ਤੋਂ ਮੁੜਨ ਦੀ ਉਡੀਕ ਕਰਨ ਲੱਗਦਾ ਹੈ। ਉਸ ਨੂੰ ਲੱਗਦਾ ਹੈ ਕਿ ਲੱਖ ਪੌਂਡ ਕਿਧਰੇ ਭਰਨਾ ਹੀ ਨਾ ਪੈ ਜਾਵੇ। ਜਗਮੋਹਣ ਉਸ ਨੂੰ ਇਵੇਂ ਉਡੀਕ ਕਰਦਾ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਪੁੱਛਦਾ ਹੈ,
“ਅੰਕਲ, ਸਭ ਠੀਕ ਤਾਂ  ?”
“ਕਾਰੇ ਦੀ ਜ਼ਮਾਨਤ ਹੋ ਗਈ ਅੱਜ।”
“ਏਹਦੇ ਵਿਚ ਏਨਾ ਘਬਰਾਉਣ ਦੀ ਕੀ ਲੋੜ ਐ।”
“ਕਿਉਂਕਿ ਜ਼ਮਾਨਤ ਮੈਂ ਦਿੱਤੀ ਐ।”
“ਓਹ, ਆਏ ਸੀ...! ਤੁਸੀਂ ਡਰਦੇ ਓ ਕਿ ਉਹ ਬੇਲ ਜੰਪ ਕਰ ਜਾਊ ?”
“ਕੀ ਪਤੈ, ਜਿਹੜਾ ਓਹਦੇ ਚਿਹਰੇ 'ਤੇ ਕੰਨਫੀਡੈਂਸ ਐ ਇਸ ਤੋਂ ਤਾਂ ਕੋਈ ਗੜਬੜ ਲੱਗਦੀ ਐ ਕਿ ਉਹ ਕੋਈ ਲੰਮੀ ਸੋਚ ਸੋਚੀ ਬੈਠੈ।”
“ਮੈਨੂੰ ਨਹੀਂ ਲਗਦਾ ਕਿ ਕਾਰਾ ਏਦਾਂ ਦੀ ਕੋਈ ਗਲਤੀ ਕਰੂ। ਸਜ਼ਾ ਤਾਂ ਵਧ ਤੋਂ ਵਧ ਕੁਝ ਸਾਲ ਦੀ ਈ ਹੋਣੀ ਐ ਤੇ ਉਹਦੇ ਵਿਚੋਂ ਵੀ ਅੱਧੀ ਰਹਿ ਜਾਣੀ ਐ ਤੇ ਜੇ ਉਹ ਜਮਾਨਤ ਵਿਚੋਂ ਕਿਧਰੇ ਦੌੜ ਜਾਂਦੈ ਤਾਂ ਮੁੜ ਕੇ ਇਸ ਮੁਲਕ ਵਿਚ ਨਹੀਂ ਵੜ ਸਕਣਾ। ਮੈਨੂੰ ਲਗਦੈ ਇਹਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਹੋਣੈ।”
“ਕੁਝ ਵੀ ਹੋਵੇ, ਮੈਂ ਕਾਰੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾਂ, ਕਾਰੇ ਨੂੰ ਇਹ ਤਾਂ ਪਤੈ ਕਿ ਉਹ ਬਰੀ ਨਹੀਂ ਹੋ ਸਕਦਾ ਤੇ ਫਿਰ ਏਨਾ ਕੰਨਫੀਡੈਂਸ ਕਾਹਦਾ ਤੇ ਏਨੀ ਖੁਸ਼ੀ ਕੈਸੀ! ਨਾਲ਼ੇ ਪਾਸਪੋਰਟ ਦੀ ਏਹਨੂੰ ਕੋਈ ਮੁਸ਼ਕਲ ਨਹੀਂ, ਇੰਡੀਅਨ ਹਾਈ ਕਮਿਸ਼ਨ ਵਿਚ ਏਹਦੀ ਵਾਹਵਾ ਵਾਕਫੀ ਐ।”                   
“ਫੇਰ ਜੇ ਏਹ ਗੱਲ ਐ ਤਾਂ ਬੇਲ ਕੈਂਸਲ ਕਰਾ ਦਿਓ।”
“ਇਹ ਵੀ ਨਹੀਂ ਕਰਾ ਸਕਣੀ ਮੈਂ, ਭਾਈਚਾਰੇ ਵਿਚ ਲੋਕ ਕੀ ਕਹਿਣਗੇ, ਫੇਰ ਮੇਰਾ ਕਜ਼ਨ ਐ ਉਹ, ਮੇਰੇ ਨਾਲ ਖੜਦਾ ਰਿਹੈ।”
“ਅੰਕਲ, ਤੁਸੀਂ ਐਵੇਂ ਨਾ ਫਿਕਰ ਕਰ ਕਰ ਕੇ ਕੋਈ ਬਿਮਾਰੀ ਖਰੀਦ ਲਿਓ।”
“ਜੇ ਉਹ ਕਿਤੇ ਉਹ ਗਾਇਬ ਹੋ ਗਿਆ ਤਾਂ ਮੇਰਾ ਲੱਖ ਗਿਆ ਨਾ।”
“ਨਹੀਂ ਪੰਜਾਹ ਹਜ਼ਾਰ। ਹਾਫ ਪੈਂਦਾ ਹੁੰਦੈ।”
“ਪੰਜਾਹ ਹਜ਼ਾਰ ਕਿਹੜਾ ਥੋੜ੍ਹਾ ਹੁੰਦਾ। ਮੇਰਾ ਤਾਂ ਇਕ ਇਕ ਪੌਂਡ ਹੱਕ ਹਲਾਲ ਦੀ ਕਮਾਈ ਦਾ ਐ।”

ਚਲਦਾ...