Showing posts with label ਕਾਂਡ 5. Show all posts
Showing posts with label ਕਾਂਡ 5. Show all posts

ਸਾਊਥਾਲ (ਕਾਂਡ 5)

ਅਗਲੇ ਦਿਨ ਵੀ ਓਨੀ ਹੀ ਠੰਡ ਹੈ। ਗਿਆਨ ਕੌਰ ਤੇ ਪ੍ਰਦੁੱਮਣ ਸਿੰਘ ਤਿਆਰ ਹੁੰਦੇ ਹਨ ਤੇ ਭਾਰੇ ਕੱਪੜੇ ਪਾ ਕੇ ਬਰਾਡਵੇਅ ਨੂੰ ਨਿਕਲ ਪੈਂਦੇ ਹਨ। ਬੱਸ ਨੂੰ ਕੁਝ ਦੇਰ ਉਡੀਕਦੇ ਹਨ, ਨਹੀਂ ਆਉਂਦੀ ਤਾਂ ਪੈਦਲ ਹੀ ਤੁਰ ਪੈਂਦੇ ਹਨ। ਤਿੰਨ ਸਟੌਪ ਹੀ ਹਨ ਵਿਚਕਾਰ। ਪੰਦਰਾਂ ਕੁ ਮਿੰਟ ਤੁਰਨ ਵਿਚ ਲੱਗਦੇ ਹਨ। ਠੀਕ ਮੌਸਮ ਵਿਚ ਦਸ ਮਿੰਟ ਵਿਚ ਸਹਿਜੇ ਹੀ ਪਹੁੰਚ ਹੋ ਜਾਂਦਾ ਹੈ। ਉਨ੍ਹਾਂ ਨੇ ਬਿਲਡਿੰਗ ਸੁਸਾਇਟੀ ਵਿਚੋਂ ਪੈਸੇ ਕਢਵਾਉਣੇ ਹਨ। ਹਜ਼ਾਰ ਕੁ ਪੌਂਡ ਖਾਤੇ ਵਿਚ ਛੱਡ ਗਏ ਹਨ ਤੇ ਘਰ ਦਾ ਕਿਰਾਇਆ ਵੀ ਇਸੇ ਖਾਤੇ ਵਿਚ ਆਇਆ ਕਰਦਾ ਹੈ।

ਬਰਾਡਵੇਅ 'ਤੇ ਤੁਰਦੇ ਉਹ ਗਰੇਵਾਲ ਇੰਪੋਰੀਅਮ ਤੱਕ ਜਾਂਦੇ ਹਨ। ਰਾਜਾ ਰਾਜ ਭੋਜ ਦੀ ਥਾਵੇਂ ਕੰਟਕੀ ਫਰਾਈਡ ਚਿਕਨ ਖੁੱਲ੍ਹ ਰਿਹਾ ਹੈ। ਪ੍ਰਦੁੱਮਣ ਸਿੰਘ ਗਿਆਨ ਕੌਰ ਨੂੰ ਇਸ਼ਾਰੇ ਨਾਲ ਦੱਸਦਾ ਹੈ ਕਿ ਇਹੋ ਉਹ ਜਗ੍ਹਾ ਹੈ ਜਿਥੇ ਸਾਧੂ ਸਿੰਘ ਨੇ ਆਪਣੀ ਧੀ ਕਤਲ ਕੀਤੀ ਸੀ। ਤੁਰਿਆ ਜਾਂਦਾ ਪ੍ਰਦੁੱਮਣ ਆਲਾ ਦੁਆਲਾ ਦੇਖਦਾ ਜਾਂਦਾ ਹੈ। ਕੋਈ ਵੀ ਵਾਕਫ ਨਹੀਂ ਮਿਲ ਰਿਹਾ। ਉਸ ਨੂੰ ਵਹਿਮ ਹੋਣ ਲੱਗਦਾ ਹੈ ਕਿ ਸ਼ਾਇਦ ਲੋਕ ਉਸ ਨੂੰ ਪਛਾਣ ਨਾ ਰਹੇ ਹੋਣ। ਉਸ ਨੇ ਇੰਡੀਆ ਜਾ ਕੇ ਅਨਾਭੀ ਰੰਗ ਦੀ ਪੱਗ ਜਿਉਂ ਬੰਨ੍ਹਣੀ ਛੱਡ ਦਿੱਤੀ ਸੀ। ਉਹ ਜ਼ਰਾ ਹਲਕੇ ਰੰਗ ਦੀਆਂ ਪੱਗਾਂ ਬੰਨ੍ਹਣ ਲੱਗਿਆ ਹੈ। ਉਹ ਫੈਸਲਾ ਕਰਦਾ ਹੈ ਕਿ ਅੱਜ ਹੀ ਅਨਾਭੀ ਰੰਗ ਦੀ ਪੱਗ ਖਰੀਦ ਲਵੇਗਾ। ਉਨ੍ਹਾਂ ਨੇ ਬਰਾਡਵੇਅ ਤੋਂ ਕੁਝ ਸ਼ੌਪਿੰਗ ਤਾਂ ਕਰਨੀ ਹੀ ਹੈ।
ਗਿਆਨ ਕੌਰ ਢਾਈ ਸੌ ਪੌਂਡ ਬਿਲਡਿੰਗ ਸੁਸਾਇਟੀ ਵਿਚੋਂ ਲੈਂਦੀ ਹੈ। ਉਹ ਕਾਰੇ ਕੋਲ ਰਹਿੰਦੇ ਹੋਏ ਘਰ ਦੇ ਖਰਚ ਵਿਚ ਹਿੱਸਾ ਪਾਉਣਾ ਚਾਹੁੰਦੇ ਹਨ ਇਸ ਲਈ ਉਹ ਘਰ ਦੇ ਸਮਾਨ ਦੀ ਕੁਝ ਸ਼ੌਪਿੰਗ ਕਰਨੀ ਹੈ। ਉਨ੍ਹਾਂ ਨੇ ਕੁਝ ਕੁ ਦਿਨ ਹੀ ਰਹਿਣਾ ਹੈ ਜਦ ਤੱਕ ਕਿਰਾਏ ਉਪਰ ਰਹਿਣ ਲਈ ਕੋਈ ਫਲੈਟ ਜਾਂ ਘਰ ਨਹੀਂ ਮਿਲਦਾ। ਫਿਰ ਉਹ ਆਪਣਾ ਘਰ ਖਾਲੀ ਕਰਾਉਣ ਲਈ ਨੋਟਿਸ ਦੇ ਦੇਣਗੇ ਜਿਹੜਾ ਕੌਂਸਲ ਨੂੰ ਕਿਰਾਏ ਤੇ ਦਿਤਾ ਹੋਇਆ ਹੈ। ਕੌਂਸਲ ਦੇ ਕੰਮ ਕੁਝ ਲੰਮੇ ਹੁੰਦੇ ਹਨ ਇਸ ਲਈ ਪਤਾ ਨਹੀਂ ਕਿੰਨੀ ਦੇਰ ਲਗੇ।
ਉਹ ਸ਼ੌਪਿੰਗ ਕਰਦੇ ਹਨ। ਬੈਗ ਕੁਝ ਭਾਰੇ ਹੋ ਜਾਂਦੇ ਹਨ। ਗਿਆਨ ਕੌਰ ਉਥੋਂ ਹੀ ਇਕ ਸੌ ਪੰਜ ਬੱਸ ਲੈ ਲੈਂਦੀ ਹੈ। ਇਹ ਉਹੋ ਬੱਸ ਹੈ ਜੋ ਇਅਰਪੋਰਟ ਤੋਂ ਆਉਂਦੀ ਹੈ। ਇਸ ਬੱਸ ਨੇ ਐਲਨਬੀ ਰੋਡ ਉਪਰ ਦੀ ਜਾਣਾ ਹੈ। ਕਾਰੇ ਦੇ ਘਰ ਦੇ ਨਜ਼ਦੀਕ ਹੀ ਬੱਸ ਸਟੋਪ ਹੈ। ਪਰਦੁੱਮਣ ਸਿੰਘ ਅਖਬਾਰਾਂ ਵਾਲੀ ਦੁਕਾਨ ਤੋਂ ‘ਵਾਸ ਪਰਵਾਸ’ ਖਰੀਦਦਾ ਹੈ ਤੇ ਲਾਈਟਾਂ ਵਾਲੇ ਪੱਬ ਵਲ ਤੁਰ ਪੈਂਦਾ ਹੈ। ਪੱਬ ਵਿਚ ਬੈਠ ਉਹ ਬੀਅਰ ਪੀਵੇਗਾ ਤੇ ਪੇਪਰ ਪੜੇਗਾ ਜੇ ਕੋਈ ਵਾਕਫ ਮਿਲ ਪਿਆ ਤਾਂ ਕੰਮ ਬਾਰੇ ਪਤਾ ਕਰੇਗਾ। ਇਸ ਵੇਲੇ ਉਸ ਦਾ ਵੱਡਾ ਮਕਸਦ ਨੌਕਰੀ ਲੱਭਣਾ ਹੈ। ਗਿਆਨ ਕੌਰ ਨੂੰ ਵੀ ਉਸ ਨੇ ਹਦਾਇਤ ਕੀਤੀ ਹੋਈ ਹੈ ਕਿ ਜਿਹੜੀ ਵੀ ਵਾਕਫ ਔਰਤ ਮਿਲੇ ਉਸ ਤੋਂ ਕੰਮ ਬਾਰੇ ਪੁੱਛਗਿੱਛ ਜ਼ਰੂਰ ਕਰੇ। ਆਪਣੇ ਲਈ ਵੀ ਉਸ ਨੇ ਇਹੋ ਸੋਚਿਆ ਹੈ ਕਿ ਕੋਈ ਵਾਕਫ ਮਿਲੇ ਕੰਮ ਦਾ ਪਤਾ ਕਰੇ। ਉਹ ਲਾਈਟਾਂ ਵਾਲੇ ਪੱਬ ਵਿਚ ਜਾ ਵੜਦਾ ਹੈ। ਸਰਸਰੀ ਨਜ਼ਰ ਦੁੜਾਉਂਦਾ ਹੈ। ਕੋਈ ਵਾਕਫ ਚਿਹਰਾ ਨਹੀਂ ਦਿੱਸਦਾ। ਆਪਣਾ ਗਲਾਸ ਭਰਾ ਕੇ ਇਕ ਪਾਸੇ ਜਾ ਬੈਠਦਾ ਹੈ। ਉਸ ਨੂੰ ਬੀਅਰ ਸਵਾਦ ਲਗ ਰਹੀ ਹੈ, ਦੇਰ ਬਾਅਦ ਜਿਉਂ ਪੀਤੀ ਹੈ। ਵੈਸੇ ਉਹ ਬੀਅਰ ਦਾ ਘੱਟ ਸ਼ੁਕੀਨ ਹੈ। ਪੱਕੀ ਜਿ਼ਆਦਾ ਪਸੰਦ ਕਰਦਾ ਹੈ ਉਹ ਘੜੀ ਦੇਖਦਾ ਹੈ। ਹਾਲੇ ਬਾਰਾਂ ਹੀ ਵੱਜੇ ਹਨ। ਲੋਕ ਪੱਬਾਂ ਵਿਚ ਦੁਪਹਿਰ ਨੂੰ ਆਉਂਦੇ ਵੀ ਘੱਟ ਹਨ। ਉਸ ਨੇ ਦਿੱਲੀ ਵਿਚ ਹੀ ਆਪਣੀ ਘੜੀ ਗਰੀਨਚ ਮੀਨ ਟਾਈਮ ਨਾਲ ਮਿਲਾ ਲਈ ਸੀ। ਉਹ ਆਪਣਾ ਗਲਾਸ ਖਤਮ ਕਰਕੇ ਉਠ ਖੜਦਾ ਹੈ। ਸੋਚਦਾ ਹੈ ਕਿ ਸ਼ਾਮ ਨੂੰ ਜਾਣੂੰਆਂ ਨੂੰ ਫੋਨ ਕਰੇਗਾ। ਬਾਹਰ ਨਿਕਲਦਿਆਂ ਪਾਲਾ ਸਿੰਘ ਤੁਰਿਆ ਆਉਂਦਾ ਦਿੱਸਦਾ ਹੈ। ਉਸ ਦੀਆਂ ਮੁੱਛਾਂ ਹਮੇਸ਼ਾ ਵਾਂਗ ਖੜੀਆਂ ਹਨ। ਪਾਲਾ ਸਿੰਘ ਉਸ ਨੂੰ ਦੇਖ ਕੇ ਅਸਚਰਜਕ ਹੁੰਦਾ ਪੁੱਛਦਾ ਹੈ,
“ਦੁੱਮਣਾ, ਤੂੰ ਕਦੋਂ ਆਇਆਂ ?”
“ਕੱਲ ਈ।”
“ਰਹੇਂਗਾ ਕੁਸ਼ ਦੇਰ ?”
“ਹਾਂ, ਹੁਣ ਤਾਂ ਰਹਿਣ ਈ ਆ ਗਿਆਂ।”
“ਇਕ ਵਾਰੀ ਕਾਰਾ ਮਿਲਿਆ ਸੀ, ਕਹਿੰਦਾ ਸੀ ਕਿ ਤੇਰਾ ਤਾਂ ਦਿਲ ਲੱਗ ਗਿਆ ਓਥੇ, ਮੈਂ ਸੋਚਦਾ ਸੀ ਕਿ ਜਿੰਨੇ ਅੱਜ ਤੱਕ ਇਥੋਂ ਇੰਡੀਆ ਸੈਟਲ ਹੋਣ ਗਏ ਆ ਸਾਰੇ ਈ ਬਰੰਗ ਲਿਫਾਫੇ ਵਾਂਗੂੰ ਮੁੜ ਕੇ ਆਏ ਆ।”
“ਪਾਲਾ ਸਿਆਂ, ਹਾਲਾਤ ਈ ਏਦਾਂ ਦੇ ਬਣ ਗਏ, ਮੈਂ ਤਾਂ ਸ਼ਾਇਦ ਕਦੇ ਨਾ ਮੁੜਦਾ।”
ਪ੍ਰਦੁੱਮਣ ਸਿੰਘ ਦੱਸਦਾ ਹੋਇਆ ਉਦਾਸ ਹੋ ਜਾਂਦਾ ਹੈ। ਪਾਲਾ ਸਿੰਘ ਆਖਦਾ ਹੈ,
“ਆ ਜਾ ਗਿਲਾਸ ਪਿਲਾਵਾਂ, ਤੇਰੇ ਤੋਂ ਇੰਡੀਆ ਦੀ ਕੋਈ ਖਬਰ ਈ ਸੁਣਦੇ ਆਂ।”
ਪ੍ਰਦੁੱਮਣ ਸਿੰਘ ਕੁਝ ਕਹੇ ਬਿਨਾਂ ਉਸ ਨਾਲ ਮੁੜ ਪੱਬ ਵਿਚ ਆ ਜਾਂਦਾ ਹੈ। ਪਾਲਾ ਸਿੰਘ ਦੋ ਗਲਾਸ ਭਰਾ ਲਿਆਉਂਦਾ ਹੈ। ਪ੍ਰਦੁੱਮਣ ਸਿੰਘ ਚੀਅਰਜ਼ ਕਹਿੰਦਾ ਆਪਣਾ ਗਲਾਸ ਚੁੱਕਦਾ ਹੈ। ਕਿਸੇ ਸਮੇਂ ਉਹ ਪਾਲਾ ਸਿੰਘ ਨਾਲ ਕੰਮ ਕਰਦਾ ਰਿਹਾ ਹੈ। ਉਵੇਂ ਵੀ ਮਿਲਦੇ ਰਹਿੰਦੇ ਹਨ। ਅੱਗੇ ਜਗਮੋਹਣ ਦੀ ਵੀ ਪਾਲਾ ਸਿੰਘ ਨਾਲ ਕਾਫੀ ਸਾਂਝ ਹੈ। ਪਾਲਾ ਸਿੰਘ ਪੁੱਛਦਾ ਹੈ,
“ਦੁੱਮਣਾ, ਸੁਣਾ ਇੰਡੀਆ ਦੀ ਕੋਈ ਗੱਲ, ਆਹ ‘ਵਾਸ–ਪਰਵਾਸ’ ਵਾਲਾ ਤਾਂ ਬਹੁਤ ਕੁਸ਼ ਦੱਸਦੈ ਕਿ ਖੂਨ ਖਰਾਬਾ ਬਹੁਤ ਐ।”
“ਹਾਂ ਏਦਾਂ ਈ ਐ।”
“ਦੱਸਦੇ ਆ ਕਿ ਬਾਬੇ ਗੱਡੀ ਚਾੜ੍ਹਨ ਵੇਲੇ ਮਿੰਟ ਨਹੀਂ ਲਾਉਂਦੇ।”
“ਏਦਾਂ ਈ ਐ, ਗੱਡੀ ਵੀ ਐਕਸਪ੍ਰੈਸ ਚਾੜ੍ਹਦੇ ਆ।”
“ਤੂੰ ਬਚ ਗਿਐਂ ?”
ਪਾਲਾ ਸਿੰਘ ਉਸ ਨੂੰ ਪੁੱਛ ਕੇ ਹੱਸਣ ਲਗਦਾ ਹੈ। ਉਸ ਨੂੰ ਜਾਪਦਾ ਹੈ ਕਿ ਪਾਲਾ ਸਿੰਘ ਉਸ ਦੀ ਕਹਾਣੀ ਜਾਣਦਾ ਹੈ। ਉਹ ਆਪਣੇ ਬਾਰੇ ਬਹੁਤਾ ਕੁਝ ਦੱਸਣਾ ਨਹੀਂ ਚਾਹੁੰਦਾ। ਲੋਕਾਂ ਦੀ ਹਮਦਰਦੀ ਉਸ ਨੂੰ ਚੰਗੀ ਨਹੀਂ ਲੱਗਦੀ। ਜ਼ਿਆਦਾ ਹਮਦਰਦੀ ਬੰਦੇ ਨੂੰ ਕਮਜ਼ੋਰ ਬਣਾਉਂਦੀ ਹੈ ਭਾਵੇਂ ਉਸ ਦਾ ਦਿਲ ਕਰਦਾ ਹੈ ਕਿ ਆਪਣੀ ਗੱਲ ਵਾਕਫਕਾਰਾਂ ਨਾਲ ਸਾਂਝੀ ਕਰੇ। ਉਹ ਕਹਿੰਦਾ ਹੈ,
“ਮੇਰੇ ਤੋਂ ਕਿਸੇ ਨੇ ਕੀ ਲੈਣਾ?”
“ਬਈ ਦੁੱਮਣਾ, ਤੂੰ ਠਹਿਰਿਆ ਮਾਇਆਧਾਰੀ ਬੰਦਾ, ਮਾਇਆ ਦੀ ਬਾਬਿਆਂ ਨੂੰ ਸਖਤ ਲੋੜ ਐ, ਆਹ ‘ਵਾਸ–ਪਰਵਾਸ’ ਵਾਲਾ ਤਾਂ ਲਿਖਦਾ ਕਿ ਕਿਸੇ ਨੂੰ ਮੁਆਫ ਨਹੀਂ ਕਰਦੇ ਇਹ ਟੈਰਾਰਿਸਟ।”
ਟੈਰਾਰਿਸਟਾਂ ਲਈ ‘ਬਾਬੇ’ ਲਫਜ਼ ਹੀ ਪ੍ਰਚੱਲਤ ਹੈ। ਟੈਰਾਰਿਸਟ ਆਪਣੇ ਆਪ ਨੂੰ ਬਾਬੇ ਜਾਂ ਖਾੜਕੂ ਕਹਿਲਵਾ ਕੇ ਖੁਸ਼ ਹਨ। ਜੇ ਕੋਈ ਅਖਬਾਰ ਉਨ੍ਹਾਂ ਬਾਰੇ ਕਾਤਲ ਲਫਜ਼ ਵਰਤਦੀ ਹੈ ਤਾਂ ਅਖਬਾਰ ਦੇ ਕਰਮਚਾਰੀ ਗੱਡੀ ਚਾੜ੍ਹ ਦਿੱਤੇ ਜਾਂਦੇ ਹਨ। ਪਾਲਾ ਸਿੰਘ ਫਿਰ ਉਹ ਸਵਾਲ ਦੁਹਰਾਉਂਦਾ ਹੈ। ਪ੍ਰਦੁੱਮਣ ਸਿੰਘ ਤੋਂ ਗੱਲ ਸਾਂਭੀ ਨਹੀਂ ਜਾਂਦੀ, ਉਹ ਆਖਦਾ ਹੈ,
“ਪਾਲਾ ਸਿਆਂ, ਮੇਰਾ ਹਾਲ ਤਾਂ ਓਸ ਬੁੜੀ ਵਰਗੈ ਜਿਹਦੇ ਵਿਹੜੇ ਵਿਚ ਖੁੱਲ੍ਹਾ ਵਿਹੜਕਾ ਦੇਖ ਕੇ ਕਿਸੇ ਨੇ ਪੁੱਛਿਆ ਸੀ ਕਿ ਇਹ ਮਾਰਦਾ ਤਾਂ ਨਹੀਂ ਤਾਂ ਬੁੱਢੀ ਬੋਲੀ ਕਿ ਰੰਡੀ ਕਿਹਦੀ ਕੀਤੀ ਆਂ, ਸੋ ਮੈਂ ਵੀ ਇਨ੍ਹਾਂ ਬਾਬਿਆਂ ਦਾ ਭੇਜਿਆ ਹੀ ਮੁੜ ਕੇ ਆਇਆਂ।”
“ਅੱਛਾ! ਕਿੱਦਾਂ ਹੋ ਗਈ ਇਹ ਗੱਲ?”
ਪਾਲਾ ਸਿੰਘ ਦੇ ਸਵਾਲ ‘ਤੇ ਪਰਦੁੱਮਣ ਸਿੰਘ ਉਧੜਣ ਲਗਦਾ ਹੈ,
“ਬਸ ਓਦਾਂ ਈ ਜਿੱਦਾਂ ਹੋਰਨਾਂ ਨਾਲ ਹੁੰਦੀ ਐ, ਚਿੱਠੀ ਆਈ ਕਿ ਬਾਬੇ ਇਕ ਲੱਖ ਰੁਪਈਆ ਮੰਗਦੇ ਆ, ਤਿਆਰ ਰੱਖੋ, ਅਸੀਂ ਗੱਲ ਹਊ-ਪਰੇ ਕਰ ਦਿੱਤੀ, ਇਕ ਦਿਨ ਬੰਦਾ ਆਇਆ ਤੇ ਦਸਾਂ ਦਿਨਾਂ ਦਾ ਟਾਈਮ ਦੇ ਗਿਆ, ਅਸੀਂ ਹਾਲੇ ਵੀ ਸੀਰੀਅਸਲੀ ਨਹੀਂ ਲਿਆ।”
“ਕਹਿਣ ਆਏ ਬੰਦੇ ਨੂੰ ਢਾਅ ਲੈਣਾ ਸੀ, ਕੱਢਦੇ ਸਾਲੇ ਦਾ ਅੱਤਵਾਦ!”
ਪਾਲਾ ਸਿੰਘ ਗੱਲ ਕਰਦਾ ਮੁੱਛ ਨੂੰ ਮਰੋੜਾ ਦੇ ਰਿਹਾ ਹੈ। 
“ਪਾਲਾ ਸਿਆਂ, ਆਪਾਂ ਕਿਹੜੇ ਓਥੇ ਬੰਦੇ ਢਾਹੁਣ ਜਾਂਦੇ ਆਂ ਨਾਲੇ ਅਗਲੇ ਪੂਰੀ ਤਿਆਰੀ ਨਾਲ ਆਉਂਦੇ ਆ, ਲੋਈ ਦੀ ਬੁੱਕਲ ਵਿਚ ਅਗਲਿਆਂ ਪਤਾ ਨਹੀਂ ਕੀ ਕੀ ਲੁਕੋਇਆ ਹੁੰਦੈ, ਹੈਂਡ ਗਰਨੇਡ ਜਾਂ ਏ ਕੇ ਫੋਰਟੀ ਸੈਵਨ। ਬੰਦੇ ਫਿਰ ਆਏ ਅਖੇ ਰਕਮ ਹੁਣ ਦੋ ਲੱਖ ਚਾਹੀਦੀ ਐ, ਪੰਦਰਾਂ ਦਿਨਾਂ ਦੇ ਅੰਦਰ ਅੰਦਰ ਫਗਵਾੜੇ ਦੇ ਅੱਡੇ 'ਤੇ ਪਹੁੰਚਦੀ ਕਰ ਦਿਓ ਨਹੀਂ ਤਾਂ ਸਾਰਾ ਟੱਬਰ ਮਾਰ ਦੇਣਾ।”
“ਪੁਲਸ ਕੋਲ ਨਹੀਂ ਗਏ?”
“ਗਏ ਸੀ, ਗਏ ਕਿਉਂ ਨਹੀਂ,.... ਉਨ੍ਹਾਂ ਨੇ ਝੱਗਾ ਚੁੱਕ ਕੇ ਵਿਖਾ ਦਿੱਤਾ, ਪ੍ਰੋਟੈਕਸ਼ਨ ਦੇਣ ਦੀ ਥਾਂ ਪੈਸੇ ਮੰਗਣ ਲੱਗ ਪਏ, ਜਿੱਦਾਂ ਜਿੱਦਾਂ ਪੰਦਰਾਂ ਦਿਨ ਪੂਰੇ ਹੋ ਰਹੇ ਸਨ ਸਾਡੀ ਜਾਨ ਮੁੱਠੀ ਵਿਚ ਆ ਰਹੀ ਸੀ ਤੇ ਉਨ੍ਹਾਂ ਦੀਆਂ ਚੇਤੇ ਕਰਾਉਂਦੀਆਂ ਚਿੱਠੀਆਂ ਤੇ ਚਿੱਠੀਆਂ ਪਹੁੰਚਣ ਲਗੀਆਂ। ਅਸੀਂ ਕਿਸੇ ਵੱਡੇ ਅੱਤਵਾਦੀ ਨਾਲ ਮਿਲੇ, ਉਹ ਕਹਿੰਦਾ ਕਿ ਤੁਹਾਨੂੰ ਦੋ ਲੱਖ ਕੀ ਮਹਿਨੈ ਰਖਾਉਂਦੈ।”
“ਫੇਰ?”
“ਫੇਰ ਪੰਦਰਵੇਂ ਦਿਨ ਅਸੀਂ ਸਭ ਕੁਝ ਛੱਡ ਛਡਾ ਕੇ ਭੱਜ ਤੁਰੇ। ਪਹਿਲਾਂ ਤਾਂ ਮਨ ਨਹੀਂ ਸੀ ਕਰਦਾ ਕਿ ਏਦਾਂ ਪਿੱਠ ਦਿਖਾ ਕੇ ਭੱਜਣਾ ਵੀ ਹੱਤਕ ਐ, ਮੈਂ ਬਥੇਰਾ ਗਿਆਨੋ ਨੂੰ ਕਿਹਾ ਕਿ ਉਹ ਨਿਆਣੇ ਲੈ ਕੇ ਚੜ੍ਹ ਜਾਵੇ ਮੈਂ ਸਿੱਝੂੰ ਪਰ ਉਹ ਮੰਨੀ ਨਾ।”
“ਆਪਣਾ ਪਿੰਡ, ਆਪਣਾ ਘਰ ਛੱਡਣ ਵਿਚ ਬਹੁਤ ਹੱਤਕ ਐ ਦੁੱਮਣਾ।”
“ਹੱਤਕ ਜਿਹੀ ਹੱਤਕ! ਮੈਂ ਤਾਂ ਅਖੀਰ ਤੱਕ ਦੇਖਦਾ ਰਿਹਾ ਕਿ ਸ਼ਾਇਦ ਕੋਈ ਹੱਲ ਨਿਕਲ ਆਊ ਪਰ...।”
ਪਾਲਾ ਸਿੰਘ ਹੋਰ ਗਲਾਸ ਭਰਾਉਣ ਲਈ ਉਠਦਾ ਹੈ ਪਰ ਪ੍ਰਦੁੱਮਣ ਸਿੰਘ ਉਸ ਨੂੰ ਉਠਣ ਨਹੀਂ ਦਿੰਦਾ ਤੇ ਆਪ ਕਾਊਂਟਰ 'ਤੇ ਜਾ ਖੜਦਾ ਹੈ। ਪਾਲਾ ਸਿੰਘ ਨਾਲ ਗੱਲਾਂ ਕਰਨੀਆਂ ਉਸ ਨੂੰ ਚੰਗੀਆਂ ਲੱਗਦੀਆਂ ਹਨ। ਉਸ ਦਾ ਮਨ ਹਲਕਾ ਹੋ ਰਿਹਾ ਹੈ। ਉਹ ਮੁੜ ਬੈਠਦਾ ਆਪਣੀ ਗੱਲ ਸ਼ੁਰੂ ਕਰਦਾ ਹੈ,
“ਦੱਸੀ ਤਰੀਕ 'ਤੇ ਉਹ ਸਾਡੇ ਪਿੰਡ ਆਏ ਸੀ ਤੇ ਗੋਲੀਆਂ ਚਲਾ ਕੇ ਵਿੰਡੋਆਂ ਦੇ ਸ਼ੀਸ਼ੇ ਭੰਨ ਗਏ। ਲੋਕਾਂ ਤੋਂ ਪਤਾ ਚੱਲ ਗਿਆ ਸੀ ਕਿ ਅਸੀਂ ਸਹੁਰੀਂ ਬੈਠੇ ਆਂ। ਉਹ ਸਹੁਰਿਆਂ ਨੂੰ ਤੁਰ ਪਏ। ਇਹ ਤਾਂ ਭਲਾ ਹੋਵੇ ਗਵਾਂਢੀਆਂ ਦਾ ਜਿਨ੍ਹਾਂ ਨੇ ਸਾਨੂੰ ਫੋਨ ਕਰ ਦਿੱਤਾ, ਅਸੀਂ ਸਿੱਧੇ ਦਿੱਲੀ ਆ ਪਹੁੰਚੇ ਤੇ ਜਹਾਜ਼ ਫੜ ਲਿਆ।”
“ਸਹੁਰੀਂ ਕੋਈ ਨੁਕਸਾਨ ਤਾਂ ਨਹੀਂ ਕੀਤਾ?”
“ਨਹੀਂ, ਮੇਰੇ ਵੱਡੇ ਸਾਲੇ਼ ਦੀ ਕੁੱਟਮਾਰ ਜ਼ਰੂਰ ਕੀਤੀ।”
“ਏਹਦਾ ਮਤਲਬ ਜਿਹੜੇ ਆਹ ਪੇਪਰ ਲਿਖਦੇ ਆ ਇਹ ਝੂਠ ਨਹੀਂ।”
“ਅਸੀਂ ਝੂਠ ਕਿੱਦਾਂ ਕਹੀਏ, ਅਸੀਂ ਤਾਂ ਭਰਿਆ ਭਰਾਇਆ ਘਰ ਛੱਡ ਕੇ ਆਏ ਆਂ, ਮੀਟ ਦਾ ਭਰਿਆ ਪਤੀਲਾ ਤੇ ਹੋਰ ਸਬਜ਼ੀਆਂ ਬਣੀਆਂ ਬਣਾਈਆਂ.....।”
ਦਸਦਾ ਪ੍ਰਦੁੱਮਣ ਸਿੰਘ ਅੱਖਾਂ ਭਰ ਲੈਂਦਾ ਹੈ। ਪਾਲਾ ਸਿੰਘ ਕਹਿ ਰਿਹਾ ਹੈ,
“ਚੱਲ ਦੁੱਮਣਾ, ਮਨ ਥੋੜ੍ਹਾ ਨਾ ਕਰ, ਜ਼ਿੰਦਗੀ ਵਿਚ ਬਹੁਤ ਕੁਸ਼ ਦੇਖਣਾ ਪੈਂਦਾ, ਤੂੰ ਤਾਂ ਹਿੰਮਤ ਵਾਲਾ ਐਂ, ਹਿੰਮਤ ਕਰਕੇ ਇਥੇ ਪਹੁੰਚ ਗਿਐਂ।”
“ਓਦਾਂ ਤਾਂ ਸਭ ਠੀਕ ਐ, ਅਸੀਂ ਤਾਂ ਇਥੇ ਆ ਗਏ, ਸਾਡੇ ਕੋਲ ਹੱਲ ਹੈ ਸੀ ਪਰ ਜਿਹੜੇ ਲੋਕ ਓਥੇ ਰਹਿੰਦੇ ਆ, ਉਨ੍ਹਾਂ ਬਾਰੇ ਸੋਚੋ।”
“ਕੀ ਸੋਚਣਾਂ, ਉਹੀ ਸੋਚੂ ਜਿਹੜਾ ਬਾਕੀ ਦੁਨੀਆ ਦੀ ਸੋਚਦੈ।”
“ਪਾਲਾ ਸਿਆਂ, ਮੈਂ ਤਾਂ ਬਹੁਤ ਬਚ ਗਿਆਂ, ਜੇ ਕੋਈ ਨਿਆਣਾ ਚੁੱਕ ਕੇ ਈ ਫਿਰੌਤੀ ਮੰਗਦੇ, ਜਾਂ ਫੇਰ ਕਿਸੇ ਮੁੰਡੇ ਨੂੰ ਨਾਲ ਈ ਰਲਾ ਲੈਂਦੇ, ਬੜਾ ਮੁੰਡਾ ਤਾਂ ਹੈ ਵੀ ਅੱਥਰਾ ਜਿਹਾ।”
“ਚੱਲ ਉਹ ਜਾਣੇ ਦੁੱਮਣਾ, ਔਖਾ ਵਕਤ ਟਲ਼ ਗਿਆ। ਔਲਾਦ ਚੰਗੀ ਹੋਵੇ ਤਾਂ ਸਭ ਕੁਸ਼ ਠੀਕ ਐ, ਆਹ ਦੇਖ ਸਾਧੂ ਸੂੰਹ ਨਾਲ ਕੀ ਬੀਤੀ।”
“ਆਹੋ, ਪਤਾ ਲੱਗਿਆ ਸੀ, ਓਥੇ ਵੀ ਅਖਬਾਰਾਂ ਵਿਚ ਆਉਂਦਾ ਰਿਹੈ।”
“ਕੁੜੀ ਗੰਦੀ ਨਿਕਲ ਗਈ ਪਰ ਉਸ ਪਿਓ ਦੇ ਪੁੱਤ ਨੇ ਵੀ ਸੀਅ ਨਹੀਂ ਕੀਤੀ, ਟੋਟੇ ਕਰ ਮਾਰੇ, ਹੋਰਨਾਂ ਨੂੰ ਵੀ ਕੰਨ ਕਰ 'ਤੇ।”

ਚਲਦਾ...