ਪਾਲਾ ਸਿੰਘ ਠੱਗਿਆ ਹੋਇਆ ਖੜਾ ਹੈ। ਉਸ ਨੂੰ ਆਪਣੇ ਆਪ ਉਪਰ ਬਹੁਤ ਗੁੱਸਾ ਆ ਰਿਹਾ ਹੈ। ਮਨਿੰਦਰ ਕਿਵੇਂ ਸਹਿਜੇ ਜਿਹੇ ਉਸ ਨੂੰ ਚੋਰ–ਭਲਾਈ ਦੇ ਕੇ ਘਰੋਂ ਚਲੇ ਗਈ। ਉਹ ਸਦਾ ਹੀ ਆਪਣੇ ਆਪ ਨੂੰ ਚਲਾਕ ਸਮਝਦਾ ਰਿਹਾ ਹੈ ਤੇ ਮਨਿੰਦਰ ਉਸ ਨੂੰ ਬੜੇ ਅਰਾਮ ਨਾਲ ਧੋਖਾ ਦੇ ਜਾਂਦੀ ਹੈ। ਹੁਣ ਉਹ ਬਾਹਰ ਕਿਹੜਾ ਮੂੰਹ ਲੈ ਕੇ ਨਿਕਲੇਗਾ। ਉਹ ਲੌਂਜ ਵਿਚ ਆ ਕੇ ਸੈਟੀ ਉਪਰ ਡਿੱਗ ਪੈਂਦਾ ਹੈ। ਕੱਲ ਵਾਲੇ ਦੋ ਸੇਬ ਅਤੇ ਚਾਕੂ ਉਵੇਂ ਹੀ ਮੇਜ਼ 'ਤੇ ਪਏ ਹਨ। ਉਹ ਚਾਕੂ ਨੂੰ ਹੱਥ ਵਿਚ ਫੜ ਕੇ ਦੇਖਦਾ ਹੈ। ਉਸ ਨੇ ਮੌਕਾ ਕਿਵੇਂ ਗੰਵਾ ਲਿਆ ਹੈ। ਉਹ ਆਪਣੇ ਉਪਰ ਹੈਰਾਨ ਹੈ। ਹੁਣ ਉਸ ਨੂੰ ਯਾਦ ਆ ਰਿਹਾ ਹੈ ਕਿ ਕਦੇ ਉਹ ਸਨੂਕਰ ਖੇਡਿਆ ਕਰਦਾ ਸੀ। ਸਨੂਕਰ ਖੇਡਦਿਆਂ ਉਸ ਦਾ ਅਸੂਲ ਹੋਇਆ ਕਰਦਾ ਸੀ ਕਿ ਬਾਲ ਉਸ ਦੇ ਕਾਬੂ ਵਿਚ ਆ ਗਿਆ ਤਾਂ ਅਣਗਹਿਲੀ ਨਹੀਂ ਸੀ ਕਰਦਾ। ਬਾਲ ਨੂੰ ਕਦੇ ਵੀ ਦੂਜੇ ਦੇ ਹੱਥ ਨਾ ਲੱਗਣ ਦਿੰਦਾ। ਸਾਰੇ ਕਹਿੰਦੇ ਕਿ ਪੌਲ ਦੀ ਵਾਰੀ ਆਈ ਨਹੀਂ ਕਿ ਉਹ ਜਿੱਤਿਆ ਨਹੀਂ। ਪਰ ਉਹ ਮਨਿੰਦਰ ਦੇ ਮਾਮਲੇ ਵਿਚ ਅਣਗਹਿਲੀ ਕਰ ਗਿਆ ਹੈ। ਹੁਣ ਜਦੋਂ ਲੋਕਾਂ ਨੂੰ ਪਤਾ ਚੱਲੇਗਾ ਕਿ ਉਹ ਇਕ ਮੁਸਲਮਾਨ ਮੁੰਡੇ ਦੀ ਖਾਤਰ ਘਰ ਛੱਡ ਗਈ ਹੈ ਤਾਂ ਲੋਕ ਕੀ ਕਹਿਣਗੇ। ਲੋਕ ਇਹੋ ਕਹਿਣਗੇ ਕਿ ਪਾਲਾ ਸਿੰਘ ਦੀ ਧੀ ਨੂੰ ਮੁਸਲਮਾਨ ਕੱਢ ਕੇ ਲੈ ਗਿਆ। ਉਹ ਉਠ ਕੇ ਦੋਨੋਂ ਹੱਥਾਂ ਦੇ ਮੁੱਕੇ ਬਣਾ ਕੇ ਕੰਧ ਵਿਚ ਮਾਰਦਾ ਹੈ। ਉਸ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ। ਗੁਰਦਿਆਲ ਸਿੰਘ ਨੂੰ ਵੀ ਹੁਣ ਕੀ ਦੱਸੇਗਾ ਕਿ ਸ਼ਿਕਾਰ ਹੱਥੋਂ ਨਿਕਲ ਗਿਆ।
ਉਹ ਉਠ ਕੇ ਗੁਸਲ ਜਾਂਦਾ ਹੈ। ਸ਼ੀਸ਼ੇ ਵਿਚ ਆਪਣਾ ਚੇਹਰਾ ਦੇਖਦਾ ਹੈ। ਮੁੱਛ ਨੂੰ ਮਰੋੜਾ ਦਿੰਦਾ ਹੈ। ਲੌਂਜ ਵਿਚ ਆ ਕੇ ਚਾਕੂ ਚੁੱਕ ਕੇ ਦੇਖਦਾ ਹੈ। ਸੋਚਦਾ ਹੈ ਕਿ ਇਹ ਕਿਚਨ ਨਾਈਫ ਹੁਣ ਕਿਸੇ ਕੰਮ ਦਾ ਨਹੀਂ ਹੈ। ਹੁਣ ਦੁਸ਼ਮਣ ਨਾਲ ਆਹਮੋ ਸਾਹਮਣੇ ਹੋ ਕੇ ਦੋ ਹੱਥ ਕਰਨੇ ਪੈਣਗੇ। ਉਹ ਬੈੱਡਰੂਮ ਵਿਚੋਂ ਕ੍ਰਿਪਾਨ ਚੁੱਕ ਲਿਆਉਂਦਾ ਹੈ। ਇਹ ਉਸ ਨੇ ਇਕ ਵਾਰ ਇੰਡੀਆ ਗਏ ਨੇ ਖਰੀਦੀ ਸੀ। ਉਸ ਨੂੰ ਸੀ ਕਿ ਵੱਡਾ ਮੁੰਡਾ ਘੋੜੀ ਚੜ੍ਹੇਗਾ ਤਾਂ ਇਸ ਨੂੰ ਹੱਥ ਵਿਚ ਫੜੇਗਾ। ਕਾਰ ਵਿਚ ਵੀ ਬੈਠੇਗਾ ਤਾਂ ਕ੍ਰਿਪਾਨ ਹੱਥ ਵਿਚ ਫੜਨ ਦਾ ਆਪਣਾ ਹੀ ਰੋਹਬ ਹੈ। ਕ੍ਰਿਪਾਨ ਦੇ ਸੁਨਹਿਰੀ ਮਿਆਨ ਉਪਰ ਉਹ ਪੋਲਾ ਪੋਲਾ ਹੱਥ ਫੇਰਦਾ ਹੈ। ਫਿਰ ਕ੍ਰਿਪਾਨ ਨੂੰ ਮਿਆਨ ਤੋਂ ਬਾਹਰ ਕੱਢ ਕੇ ਉਸ ਦੀ ਧਾਰ ਦੇਖਦਾ ਹੈ। ਧਾਰ ਤੇਜ਼ ਹੈ। ਉਹ ਸੋਚਦਾ ਹੈ ਕਿ ਜਦ ਕਦੇ ਕ੍ਰਿਪਾਨ ਵਰਤੀ ਹੀ ਨਹੀਂ ਤਾਂ ਖੁੰਢੀ ਕਿਵੇਂ ਹੋ ਜਾਵੇਗੀ। ਉਸ ਨੂੰ ਕ੍ਰਿਪਾਨ ਹੀ ਅਸਲੀ ਹਥਿਆਰ ਜਾਪਦਾ ਹੈ। ਉਹ ਮਨ ਹੀ ਮਨ ਕਹਿੰਦਾ ਹੈ ਕਿ ਸ਼ਿਕਾਰ ਉਪਰ ਹਟਵੇਂ ਵਾਰ ਲਈ ਕ੍ਰਿਪਾਨ ਹੀ ਠੀਕ ਹੈ। ਚਾਕੂ ਤਾਂ ਨੇੜੇ ਦੇ ਵਾਰ ਲਈ ਹੁੰਦਾ ਹੈ ਤੇ ਹੁਣ ਮਨਿੰਦਰ ਉਸ ਦੇ ਨੇੜੇ ਨਹੀਂ ਆਵੇਗੀ।ਕੁਝ ਦੇਰ ਉਹ ਸੈਟੀ 'ਤੇ ਬੈਠਾ ਰਹਿੰਦਾ ਹੈ। ਕ੍ਰਿਪਾਨ ਉਸ ਦੇ ਹੱਥ ਵਿਚ ਹੈ। ਉਸ ਨੂੰ ਮਹਿਸੂਸ ਹੋ ਰਿਹਾ ਹੈ ਕਿ ਉਹ ਕਿਸੇ ਵੱਡੇ ਯੁੱਧ ਲਈ ਤਿਆਰ ਹੋ ਰਿਹਾ ਹੈ ਬਲਕਿ ਤਿਆਰ ਹੈ। ਉਹ ਉਠਦਾ ਹੈ। ਕਾਰ ਵਿਚ ਕ੍ਰਿਪਾਨ ਨੂੰ ਇਵੇਂ ਰੱਖਦਾ ਹੈ ਕਿ ਬਾਹਰੋਂ ਕਿਸੇ ਨੂੰ ਦਿਸੇ ਵੀ ਨਾ ਅਤੇ ਲੋੜ ਪੈਣ 'ਤੇ ਇਕਦਮ ਹੱਥ ਵਿਚ ਵੀ ਆ ਸਕੇ। ਉਹ ਕਾਰ ਸਟਾਰਟ ਕਰਦਾ ਹੈ। ਸਟਾਰਟ ਹੋਣ ਵਿਚ ਕਾਰ ਕੁਝ ਦੇਰ ਲਗਾਉਂਦੀ ਹੈ। ਉਹਨੂੰ ਗੁੱਸਾ ਆ ਰਿਹਾ ਹੈ ਕਿ ਕਾਰ ਨੂੰ ਇੰਨੀ ਇੰਨੀ ਦੇਰ ਅਣਵਰਤੀ ਕਿਉਂ ਰਹਿਣ ਦਿੰਦਾ ਹੈ ਇਸ ਤਰ੍ਹਾਂ ਕਾਰ ਦੀ ਬੈਟਰੀ ਫਲੈਟ ਹੋਣ ਦਾ ਡਰ ਰਹਿੰਦਾ ਹੈ।
ਪਹਿਲਾਂ ਉਹ ਗੁਰਦੁਆਰੇ ਜਾਂਦਾ ਹੈ। ਮੱਥਾ ਟੇਕਦਾ ਹੈ। ਉਸ ਦਾ ਦਿਲ ਕਰਦਾ ਭਾਈ ਜੀ ਕੋਲੋਂ ਅਰਦਾਸ ਕਰਾਵੇ ਪਰ ਸੋਚਣ ਲੱਗਦਾ ਹੈ ਕਿ ਕਹੇਗਾ ਕੀ। ਉਹ ਮੁੜ ਕਾਰ ਵਿਚ ਆ ਬੈਠਦਾ ਹੈ। ਸੈਂਟਰਲ ਲੰਡਨ ਵੱਲ ਨੂੰ ਕਾਰ ਤੋਰ ਲੈਂਦਾ ਹੈ। ਮਨਿੰਦਰ ਉਥੇ ਹੀ ਪੜ੍ਹਦੀ ਹੈ। ਵੈਸਟਮਿਨਿਸਟਰ ਯੂਨੀਵਰਸਿਟੀ ਵਿਚ। ਬੇਕਰ ਸਟਰੀਟ ਦੇ ਇਕਦਮ ਸਾਹਮਣੇ। ਉਹ ਯੂਨੀਵਰਸਿਟੀ ਦੀ ਮੁੱਖ ਦਵਾਰ ਲੱਭਣਾ ਚਾਹੁੰਦਾ ਹੈ। ਵਿਦਿਆਰਥੀ–ਵਿਦਿਆਰਥਣਾਂ ਇਧਰ ਉਧਰ ਤੁਰੇ ਫਿਰਦੇ ਹਨ। ਹੁਣ ਇਹ ਨਹੀਂ ਪਤਾ ਕਿ ਮਨਿੰਦਰ ਦੀ ਕਲਾਸ ਕਿਥੇ ਕੁ ਹੋਵੇਗੀ। ਇਮਾਰਤ ਦੇ ਇੰਨਿਆਂ ਦਰਵਾਜ਼ਿਆਂ ਵਿਚੋਂ ਕਿਸ ਵਿਚ ਦੀ ਆਉਂਦੀ ਜਾਂਦੀ ਹੋਵੇਗੀ। ਅੱਜ ਆਈ ਵੀ ਹੋਵੇਗੀ ਕਿ ਨਹੀਂ। ਉਹ ਕਾਰ ਇਕ ਪਾਸੇ ਖੜੀ ਕਰ ਲੈਂਦਾ ਹੈ। ਵਿਦਿਆਰਥੀ–ਵਿਦਿਆਰਥਣਾ ਦੇ ਝੁੰਡਾਂ ਵਿਚੋਂ ਮਨਿੰਦਰ ਨੂੰ ਲੱਭਦਾ ਖੋਜੀ ਨਜ਼ਰਾਂ ਨਾਲ ਇਧਰ ਉਧਰ ਦੇਖ ਰਿਹਾ ਹੈ। ਟਰੈਫਿਕ ਵਾਰਡਨ ਆ ਕੇ ਟਿਕਟ ਦੇਣ ਲੱਗਦਾ ਹੈ। ਉਹ ਕਾਰ ਮੂਵ ਕਰ ਲੈਂਦਾ ਹੈ ਤੇ ਇਮਾਰਤ ਦੇ ਦੂਜੇ ਪਾਸੇ ਜਾ ਰੋਕਦਾ ਹੇ। ਇਧਰ ਨੂੰ ਵੀ ਲੋਕਾਂ ਦਾ ਨਿਕਾਸ ਹੈ। ਜੇ ਮਨਿੰਦਰ ਦਿਸ ਜਾਵੇ ਤਾਂ ਕ੍ਰਿਪਾਨ ਲੈ ਕੇ ਉਸ ਵੱਲ ਵਧੇਗਾ ਤੇ ਗਰਦਨ 'ਤੇ ਹੀ ਵਾਰ ਕਰੇਗਾ। ਉਹ ਕਈ ਘੰਟੇ ਖੜਾ ਰਹਿੰਦਾ ਹੈ ਤੇ ਮਨਿੰਦਰ ਉਪਰ ਹਮਲਾ ਕਰਨ ਦੀਆਂ ਸਕੀਮਾਂ ਬਣਾਉਂਦਾ ਰਹਿੰਦਾ ਹੈ। ਮਨਿੰਦਰ ਕਿਧਰੇ ਨਹੀਂ ਦਿੱਸਦੀ। ਚਾਰ ਵੱਜ ਰਹੇ ਹਨ।
ਉਹ ਕਾਰ ਵਾਪਸ ਮੋੜ ਲੈਂਦਾ ਹੈ। ਉਹ ਸੋਚਦਾ ਹੈ ਕਿ ਸ਼ਾਇਦ ਉਹ ਘਰ ਆ ਹੀ ਗਈ ਹੋਵੇ। ਸ਼ਾਇਦ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੋਵੇ। ਜੇ ਉਹ ਵਾਪਸ ਆ ਗਈ ਹੋਵੇ ਤਾਂ ਉਹ ਉਸ ਨੂੰ ਮੁਆਫ ਕਰ ਦੇਵੇਗਾ। ਇਸ ਉਮਰ ਵਿਚ ਕੌਣ ਗਲਤੀ ਨਹੀਂ ਕਰਦਾ। ਉਹ ਘਰ ਪਹੁੰਚਦਾ ਹੈ। ਪੋਰਚ ਵਿਚ ਕੋਈ ਜੁੱਤੀ ਨਹੀਂ ਪਈ। ਉਹ ਮਨਿੰਦਰ ਦੇ ਕਮਰੇ ਵਿਚ ਜਾਂਦਾ ਹੈ। ਕਮਰਾ ਪਹਿਲਾਂ ਵਾਂਗ ਹੀ ਖਾਲੀ ਤੇ ਸਥਿਰ ਹੈ। ਕੁਝ ਵੀ ਨਹੀਂ ਹਿੱਲਿਆ ਹੋਇਆ। ਉਹ ਸੋਚਦਾ ਹੈ ਕਿ ਸ਼ਾਇਦ ਇਸ ਵਕਤ ਮਨਿੰਦਰ ਕੰਮ 'ਤੇ ਹੋਵੇ। ਪਰ ਉਸ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਕੰਮ ਕਿਥੇ ਕਰਦੀ ਹੈ। ਉਹ ਉਸ ਦੀਆਂ ਚੀਜ਼ਾਂ ਫਰੋਲਦਾ ਹੈ ਕਿ ਸ਼ਾਇਦ ਕੋਈ ਪੇਅ-ਸਲਿੱਪ ਬਗੈਰਾ ਹੱਥ ਲੱਗ ਜਾਵੇ ਤੇ ਪਤਾ ਚੱਲ ਸਕੇ ਕਿ ਕਿਸ ਫਰਮ ਜਾਂ ਸਟੋਰ ਵਿਚ ਕੰਮ ਕਰਦੀ ਹੈ। ਪੜ੍ਹਨ ਵਾਲੇ ਲੋਕਾਂ ਨੂੰ ਆਮ ਤੌਰ 'ਤੇ ਸਟੋਰਾਂ ਵਿਚ ਹੀ ਪਾਰਟ ਟਾਈਮ ਕੰਮ ਮਿਲਿਆ ਕਰਦੇ ਹਨ।
ਉਹ ਈਲਿੰਗ ਦੇ ਕੁਝ ਸਟੋਰਾਂ ਦਾ ਚੱਕਰ ਮਾਰ ਆਉਂਦਾ ਹੈ। ਸਟੋਰ ਵਿਚ ਜਾਣ ਵੇਲੇ ਉਹ ਚਾਕੂ ਜੇਬ ਵਿਚ ਲੈ ਕੇ ਜਾਂਦਾ ਹੈ ਕਿ ਜੇਕਰ ਮੌਕਾ ਮਿਲ ਗਿਆ ਤਾਂ ਉਸ ਨੂੰ ਗੰਵਾਵੇਗਾ ਨਹੀਂ ਪਰ ਮਨਿੰਦਰ ਕਿਧਰੇ ਨਹੀਂ ਲੱਭਦੀ। ਉਹ ਵਾਪਸ ਘਰ ਆ ਜਾਂਦਾ ਹੈ। ਹਾਰੇ ਹੋਏ ਸਿਪਾਹੀ ਜਿੰਨਾ ਥੱਕਿਆ ਪਿਆ ਹੈ। ਉਹ ਬੋਤਲ ਖੋਲ੍ਹਦਾ ਹੈ। ਸ਼ਰਾਬੀ ਹੋ ਕੇ ਆਪਣੇ ਆਪ ਨੂੰ ਕੋਸਦਾ ਰਹਿੰਦਾ ਹੈ ਕਿ ਉਸ ਨੇ ਮਨਿੰਦਰ ਨੂੰ ਜਾਣ ਹੀ ਕਿਉਂ ਦਿੱਤਾ।
ਅਗਲੇ ਦਿਨ ਫਿਰ ਉਹ ਯੂਨੀਵਰਸਿਟੀ ਜਾ ਕੇ ਮਨਿੰਦਰ ਨੂੰ ਲੱਭਦਾ ਫਿਰਦਾ ਹੈ। ਸ਼ਾਮ ਨੂੰ ਹੰਸਲੋ ਦੇ ਸਟੋਰਾਂ ਦਾ ਚੱਕਰ ਮਾਰ ਕੇ ਆਉਂਦਾ ਹੈ। ਰਾਤ ਨੂੰ ਬੈਠ ਕੇ ਸ਼ਰਾਬ ਪੀਂਦਾ ਮੁੜ ਆਪਣੇ ਆਪ ਨੂੰ ਕੋਸਣ ਲੱਗਦਾ ਹੈ ਤੇ ਫਿਰ ਮੁੱਛਾਂ ਨੂੰ ਵਟਾ ਦਿੰਦਾ ਟੈਲੀ ਦੇਖਣ ਲੱਗਦਾ ਹੈ। ਉਹ ਸੋਚਣ ਦੀ ਕੋਸ਼ਿਸ਼ ਕਰਦਾ ਹੈ ਕਿ ਕੌਣ ਹੋਇਆ ਉਹ ਮੁੰਡਾ ਜਿਸ ਦੀ ਖਾਤਰ ਮਨਿੰਦਰ ਉਸ ਦੀ ਇੱਜ਼ਤ ਨੂੰ ਮਿੱਟੀ ਵਿਚ ਮਿਲਾ ਗਈ ਹੈ। ਕਿਸ ਨੂੰ ਪੁੱਛੇ ਉਸ ਮੁੰਡੇ ਬਾਰੇ। ਮਨਿੰਦਰ ਦੀ ਕਿਸੇ ਵੀ ਸਹੇਲੀ ਨੂੰ ਉਹ ਨਹੀਂ ਜਾਣਦਾ। ਨਾ ਹੀ ਕਿਸੇ ਹੋਰ ਜਮਾਤੀ ਜਾਂ ਜਮਾਤਣ ਨੂੰ ਜਾਣਦਾ ਪਛਾਣਦਾ ਹੈ। ਗੁਰਦਿਆਲ ਸਿੰਘ ਨੇ ਕਾਰੇ ਦੇ ਮੁੰਡੇ ਬਾਰੇ ਕੋਈ ਗੱਲ ਕੀਤੀ ਸੀ ਜਿਹੜਾ ਕਿ ਮਨਿੰਦਰ ਦੀ ਸ਼ਿਕਾਇਤ ਲਾ ਰਿਹਾ ਸੀ ਪਰ ਕਾਰਾ ਤਾਂ ਆਪ ਕਿਸੇ ਕੇਸ ਵਿਚ ਫਸਿਆ ਹੋਇਆ ਹੈ ਫਿਰ ਉਸ ਮੁੰਡੇ ਨੂੰ ਪੁੱਛੇਗਾ ਵੀ ਕੀ।
ਤੀਜੇ ਦਿਨ ਫਿਰ ਉਹ ਜਾਂਦਾ ਹੈ। ਇਸ ਵਾਰ ਉਸ ਕਾਰ ਕਿਧਰੇ ਪਾਰਕ ਕਰਕੇ ਯੂਨੀ ਦਾ ਚਕਰ ਮਾਰਦਾ ਹੈ ਕਿ ਸ਼ਾਇਦ ਮਨਿੰਦਰ ਮਿਲ ਜਾਵੇ ਪਰ ਖਾਲੀ ਮੁੜ ਆਉਂਦਾ ਹੈ। ਉਹ ਸੋਚਦਾ ਹੈ ਕਿ ਇਵੇਂ ਕਿੰਨੇ ਦਿਨ ਭੱਜਾ ਫਿਰਦਾ ਰਹੇਗਾ। ਕਿਤੇ ਆਪਣੇ ਇਸ ਮਿਸ਼ਨ ਵਿਚ ਫੇਲ੍ਹ ਹੀ ਨਾ ਹੋ ਜਾਵੇ। ਕਿਉਂ ਨਾ ਕਿਸੇ ਹੋਰ ਦੀ ਮੱਦਦ ਲੈ ਲਵੇ। ਉਹ ਅਗਲੇ ਦਿਨ ਗੁਰਦਿਆਲ ਸਿੰਘ ਨੂੰ ਮਿਲਦਾ ਹੈ। ਉਸ ਦੇ ਮਨ ਵਿਚ ਇਹ ਵੀ ਹੈ ਕਿ ਗੁਰਦਿਆਲ ਸਿੰਘ ਸ਼ਰੀਕ ਹੈ ਤੇ ਸ਼ਰੀਕ ਅਜਿਹੀਆਂ ਗੱਲਾਂ ‘ਤੇ ਢਿਡ ਵਿਚ ਹੱਸਿਆ ਕਰਦੇ ਹਨ। ਗੁਰਦਿਆਲ ਸਿੰਘ ਨੂੰ ਸਾਰੀ ਗੱਲ ਦੱਸਦਿਆਂ ਉਸ ਦੇ ਮਨ ਨੂੰ ਘੇਰ ਜਿਹੀ ਪੈਣ ਲੱਗਦੀ ਹੈ। ਗੁਰਦਿਆਲ ਸਿੰਘ ਉਸ ਦਾ ਮੋਢਾ ਥਾਪੜਦਾ ਆਖਦਾ ਹੈ,
“ਇਹ ਕੰਮ ਬਹੁਤ ਦਿਲ ਗੁਰਦੇ ਦਾ ਐ।”
“ਤੇਰਾ ਕੀ ਖਿਆਲ ਐ ਕਿ ਮੈਂ ਪਿੱਛੇ ਹਟਣ ਵਾਲਾ ਆਂ, ਮੈਨੂੰ ਤਾਂ ਪਛਤਾਵਾ ਏਨਾ ਈ ਐ ਕਿ ਮੈਂ ਏਨਾ ਅਵੇਸਲਾ ਕਿਉਂ ਹੋ ਗਿਆ ਸੀ, ਉਹਨੂੰ ਜਾਣ ਕਿਉਂ ਦਿੱਤਾ।”
“ਜੇ ਤੇਰੀ ਥਾਂ 'ਤੇ ਕੋਈ ਹੋਰ ਹੁੰਦਾ ਤਾਂ ਏਦਾਂ ਈ ਕਰਦਾ।”
“ਪਰ ਮੈਂ ਕੇਅਰਫੁੱਲ ਸੀ। ਮੈਂ ਸਾਰੀ ਗੱਲ ਸੋਚੀ ਜਾਂਦਾ ਸੀ, ਮੈਨੂੰ ਪਤਾ ਸੀ ਕਿ ਸਾਧੂ ਸੂੰਹ ਨੂੰ ਕੁੜੀ ਲੱਭਣ ਵਿਚ ਕਿੰਨੀ ਮਿਹਨਤ ਕਰਨੀ ਪਈ ਹੋਊ ਤੇ ਮੈਂ ਮੌਕਾ ਨਹੀਂ ਸੀ ਗਵਾਉਣਾ ਚਾਹੁੰਦਾ ਪਰ ਗਵਾ ਹੋ ਗਿਆ ਤੇ ਤਿੰਨ ਦਿਨ ਹੋ ਗਏ ਮਾਰਿਆ ਮਾਰਿਆ ਫਿਰਦਾਂ।”
“ਪਾਲਾ ਸਿਆਂ, ਹਿੱਟ ਮੈਨ ਲੱਭ ਕੋਈ, ਪ੍ਰੋਫੈਸ਼ਨਲ।”
“ਗੱਲ ਤਾਂ ਫੇਰ ਵੀ ਗੁਰਦਿਆਲ ਸਿਆਂ ਉਥੇ ਈ ਆਉਣੀ ਐ, ਪੁਲਿਸ ਨੇ ਮੈਨੂੰ ਈ ਫੜਨੈ। ਕਿਉਂ ਨਾ ਮੈਂ ਆਪ ਸਭ ਕੁਸ਼ ਕਰਾਂ, ਆਪਣੇ ਹੱਥੀਂ ਕੀਤੇ ਕੰਮ ਦੀ ਤਸੱਲੀ ਹੋਰ ਹੁੰਦੀ ਐ।”
“ਪਾਲਾ ਸਿਆਂ, ਸਾਰੀ ਉਮਰ ਜੇਲ੍ਹ 'ਚ ਸੜੇਂਗਾ, ਮੁਹਰੇ ਹੁਣ ਰਹਿ ਵੀ ਕਿੰਨੀ ਕੁ ਗਈ।”
“ਇਥੇ ਬਾਹਰ ਰਹਿ ਕੇ ਵੀ ਤਾਂ ਸੜਨਾ ਈ ਹੋਇਆ, 'ਕੱਲੀ ਜਾਨ ਆਂ ਅੰਦਰ ਹੋਵਾਂ ਜਾਂ ਬਾਹਰ ਕੀ ਫਰਕ ਪੈਂਦਾ।”
“ਦੇਖ ਜ਼ਰਾ ਸੋਚ, ਜੇ ਕੋਈ ਪ੍ਰੋਫੈਸ਼ਨਲ ਕੰਮ ਕਰੂ ਤਾਂ ਪੂਰੀ ਸਫਾਈ ਨਾਲ ਕਰੂ, ਆਹ ਦੇਖ ਬ੍ਰੈਡਫੋਰਡ ਪਾਕਿਸਤਾਨੀ ਨੇ ਕੁੜੀ ਮਰਵਾਈ। ਪੁਲਿਸ ਨੂੰ ਪਤੈ ਵੀ ਐ ਸਭ ਪਰ ਸਬੂਤ ਹੈ ਨਹੀਂ ਕੋਈ। ਸਬੂਤ ਨਾ ਹੋਣ ਕਰਕੇ ਦੋ ਵਾਰ ਅਰੈਸਟ ਕਰਕੇ ਛੱਡ ਦਿੱਤਾ ਐ।”
“ਪ੍ਰੋਫੈਸ਼ਨਲ ਪੈਸੇ ਵੀ ਬਹੁਤ ਮੰਗੂ, ਮੇਰੇ ਕੋਲ ਐਨਾ ਕੁਸ਼ ਨਹੀਂ।”
“ਦਸ ਹਜ਼ਾਰ ਲੈ ਲਊ ਹੋਰ ਕੀ।”
“ਏਨਾ ਤਾਂ ਮੈਂ ਕੈਸ਼ ਈ ਕਰ ਦਊਂ, ਮੈਂ ਕਿਹਾ ਪੰਜਾਹ–ਸੱਠ ਹਜ਼ਾਰ ਮੰਗੂ।”
“ਪੰਜਾਹ–ਸੱਠ 'ਚ ਤਾਂ ਪੂਰਾ ਮਹੱਲਾ ਸਾਫ ਕਰਾ ਲਓ ਭਾਵੇਂ।”
“ਫੇਰ ਤਾਂ ਠੀਕ ਐ, ਕਰ ਫੇਰ ਕੋਈ ਇੰਤਜ਼ਾਮ।”
“ਇੰਤਜ਼ਾਮ ਪਾਲਾ ਸਿਆਂ ਤੂੰ ਆਪ ਕਰ, ਮੈਨੂੰ ਵਿਚ ਨਾ ਰੱਖ।”
“ਮੈਨੂੰ ਗਾਈਡ ਤਾਂ ਕਰੇਂਗਾ ਈ, ਕਿਥੋਂ ਲੱਭਾਂ ਮੈਂ ਹਿੱਟ ਮੈਨ ?”
ਪਾਲਾ ਸਿੰਘ ਬੇਵਸੀ ਵਿਚ ਮੋਢੇ ਮਾਰਦਾ ਆਖਦਾ ਹੈ। ਗੁਰਦਿਆਲ ਸਿੰਘ ਸੋਚਣ ਲੱਗਦਾ ਹੈ ਤੇ ਕੁਝ ਦੇਰ ਸੋਚਦਾ ਰਹਿੰਦਾ ਹੈ। ਫਿਰ ਕਹਿੰਦਾ ਹੈ,
“ਕਰਦੇ ਆਂ ਕੁਸ਼ ਪਰ ਤੂੰ ਆਪ ਸਿੱਧੀ ਕਿਸੇ ਤੱਕ ਅਪਰੋਚ ਨਾ ਕਰੀਂ ਤੇ ਬਿਨਾਂ ਕਿਸੇ ਰੈਫਰੈਂਸ ਦੇ ਗੱਲ ਨਾ ਕਰੀਂ। ਕਈ ਵਾਰ ਪੁਲਿਸ ਅੰਡਰ–ਕਵਰ ਹੋਈ ਫਿਰਦੀ ਹੁੰਦੀ ਐ, ਲੋਕਾਂ ਨੂੰ ਫਸਾਉਂਦੀ ਫਿਰਦੀ ਹੁੰਦੀ ਐ।”
“ਪਰ ਕੰਮ ਦਾ ਬੰਦਾ ਲੱਭਣ ਲਈ ਪੁੱਛ–ਦੱਸ ਤਾਂ ਕਰਨੀ ਈ ਪਊ।”
“ਈਸਟ ਐਂਡ ਵਿਚ ਇਕ ਬੰਦਾ ਮੇਰਾ ਵਾਕਫ ਹੁੰਦਾ ਸੀ, ਬਹੁਤ ਸਾਲ ਹੋ ਗਏ ਮਿਲੇ ਨੂੰ। ਉਹਦੀ ਬਹੁਤ ਵਾਕਫੀ ਐ। ਦੋ ਕੁ ਸਾਲ ਪਹਿਲਾਂ ਉਹਦਾ ਫੋਨ ਆਇਆ ਸੀ ਹੈਲੋ ਕਹਿਣ ਲਈ। ਮੈਂ ਦੇਖਦਾਂ ਜੇ ਕਿਤੇ ਉਹਦਾ ਫੋਨ ਲੱਭ ਗਿਆ ਤਾਂ।”
“ਗੁਰਦਿਆਲ ਸਿਆਂ, ਦੇਖ, ਮੈਂ ਤੈਨੂੰ ਕਿਸੇ ਝਮੇਲੇ ਵਿਚ ਨਹੀਂ ਪਾਉਣਾ ਚਾਹੁੰਦਾ, ਤੂੰ ਮੈਨੂੰ ਨੰਬਰ ਦੇ ਦੇਈਂ ਮੈਂ ਆਪੇ ਗੱਲ ਕਰ ਲਊਂ।”
“ਤੇਰੀ ਗੱਲ ਠੀਕ ਐ ਪਰ ਪਾਲਾ ਸਿਆਂ ਇੱਜ਼ਤ ਤਾਂ ਆਪਣੀ ਸਭ ਦੀ ਸਾਂਝੀ ਐ ਨਾਲੇ ਕਿਸੇ ਨਾਲ ਗੱਲ ਨਾ ਕਰੀਂ ਕੁੜੀ ਦੇ ਚਲੇ ਜਾਣ ਦੀ।”
“ਗੱਲ ਤਾਂ ਮੈਂ ਕੀ ਕਰਨੀ ਐ ਕਿਸੇ ਨਾਲ।”
ਪਾਲਾ ਸਿੰਘ ਕਹਿੰਦਾ ਹੋਇਆ ਉਥੋਂ ਆ ਜਾਂਦਾ ਹੈ। ਉਸ ਦੇ ਮਨ ਵਿਚ ਟਿਕਾਅ ਨਹੀਂ ਹੈ। ਉਹ ਕਾਰ ਨੂੰ ਸੜਕਾਂ ਉਪਰ ਭਜਾਈ ਫਿਰਦਾ ਹੈ ਕਿ ਸ਼ਾਇਦ ਮਨਿੰਦਰ ਕਿਧਰੇ ਤੁਰੀ ਜਾਂਦੀ ਮਿਲ ਪਵੇ।
ਕਈ ਦਿਨ ਲੰਘ ਜਾਂਦੇ ਹਨ। ਮਨਿੰਦਰ ਦਾ ਕੁਝ ਪਤਾ ਨਹੀਂ ਚੱਲਦਾ। ਉਹ ਹਰ ਰੋਜ਼ ਹੀ ਉਸ ਦੀ ਤਲਾਸ਼ ਵਿਚ ਨਿਕਲਦਾ ਹੈ। ਉਹ ਚਾਹੁੰਦਾ ਹੈ ਕਿ ਇਹ ਕੰਮ ਜਿੰਨੀ ਜਲਦੀ ਹੋ ਜਾਵੇ ਠੀਕ ਹੈ। ਉਸ ਦਿਨ ਤੋਂ ਬਾਅਦ ਮੁੜ ਕੇ ਉਸ ਦੇ ਗੁਰਦੁਆਰੇ ਵੀ ਨਹੀਂ ਜਾਇਆ ਜਾਂਦਾ ਤੇ ਨਾ ਹੀ ਪੱਬ ਨੂੰ। ਘਰ ਆ ਕੇ ਵੀ ਛੇਤੀ ਹੀ ਬੱਤੀਆਂ ਬੁਝਾ ਦਿੰਦਾ ਹੈ। ਬਹੁਤੀ ਵਾਰ ਨੀਂਦ ਵੀ ਨਹੀਂ ਆਉਂਦੀ। ਸ਼ਰਾਬ ਵੀ ਥੋੜ੍ਹੇ ਕੀਤੇ ਉਸ ਉਪਰ ਅਸਰ ਨਹੀਂ ਕਰਦੀ।
ਇਕ ਦਿਨ ਗੁਰਦਿਆਲ ਸਿੰਘ ਦਾ ਫੋਨ ਆਉਂਦਾ ਹੈ,
“ਪਾਲਾ ਸਿਆਂ, ਕੁੜੀ ਦੀਆਂ ਦੋ–ਤਿੰਨ ਫੋਟੋ ਤੇ ਬਾਰਾਂ ਹਜ਼ਾਰ ਪੌਂਡ ਹੱਥ ਹੇਠ ਰੱਖ, ਕਦੇ ਵੀ ਲੋੜ ਪੈ ਸਕਦੀ ਆ।”
ਚਲਦਾ...