Showing posts with label ਕਾਂਡ 49. Show all posts
Showing posts with label ਕਾਂਡ 49. Show all posts

ਸਾਊਥਾਲ (ਕਾਂਡ 49)

       ਹੋਟਲ ਖਰੀਦ ਕੇ ਕਾਰਾ ਸੱਤਵੇਂ ਅਸਮਾਨ ਜਾ ਚੜ੍ਹਦਾ ਹੈ। ਉਹ ਆਪਣੇ ਨਾਂ ਨਾਲ ਹੋਟਲੀਅਰ ਅਖਵਾਉਣ ਲੱਗਿਆ ਹੈ। ਗੁਰਦੁਆਰੇ ਜਾ ਕੇ ਗਿਆਰਾਂ ਪੌਂਡ ਦੇ ਕੇ ਅਰਦਾਸ ਵਿਚ ਕਹਿਲਵਾਏਗਾ ਸਰਦਾਰ ਬਲਕਾਰ ਸਿੰਘ ਰਾਏ ਹੋਟਲੀਅਰ ਪਰ ਉਸ ਦੀ ਦਿੱਖ ਜਾਂ ਉਸ ਵਿਚਲੇ ਮੁੰਡੇਪਣ ਕਾਰਣ ਲੋਕ ਉਸ ਨੂੰ ਕਾਰੇ ਤੋਂ ਬਲਕਾਰ ਵੀ ਨਹੀਂ ਕਹਿਣ ਲੱਗੇ। ਓਪਰੇ ਬੰਦੇ ਭਾਵੇਂ ਮਿਸਟਰ ਰਾਏ ਕਹਿ ਲੈਂਦੇ ਹੋਣ ਪਰ ਪੁਰਾਣੇ ਵਾਕਫ ਤਾਂ ਕਾਰਾ ਕਹਿ ਕੇ ਹੀ ਸੰਬੋਧਨ ਹੁੰਦੇ ਹਨ। ਕੁਝ ਵੀ ਹੋਵੇ ਉਸ ਨੂੰ ਹੋਟਲੀਅਰ ਬਣਨ ਦਾ ਹਲਕਾ ਜਿਹਾ ਨਸ਼ਾ ਹੈ।
       ਕਾਰਾ ਵੈਸੇ ਵੀ ਆਪਣੀ ਜਿ਼ੰਦਗੀ ਵਿਚ ਖੁਸ਼ ਹੈ। ਉਸ ਦਾ ਮੁੰਡਾ ਜਤਿੰਦਰਪਾਲ ਯੂਨੀਵਰਸਿਟੀ ਪੜ੍ਹਦਾ ਹੈ। ਭਾਵੇਂ ਉਸ ਦਾ ਝੁਕਾਅ ਸਿੱਖੀ ਵੱਲ ਨੂੰ ਵੀ ਕਾਫੀ ਹੈ ਪਰ ਪੜ੍ਹਨ ਵਿਚ ਹੁਸ਼ਿਆਰ ਹੈ। ਇਵੇਂ ਹੀ ਉਸ ਦੀ ਧੀ ਪਰਮੀਤ ਵੀ ਪੜਾਈ ਵਿਚ ਤੇਜ਼ ਹੈ। ਬੱਚਿਆਂ ਵਲੋਂ ਉਹ ਖੁਸ਼ ਹੈ ਕਿ ਪੜ੍ਹ ਕੇ ਕਿਸੇ ਚੰਗੀ ਨੌਕਰੀ ਤੇ ਲਗ ਜਾਣਗੇ। ਹੁਣ ਜਦੋਂ ਦਾ ਉਹ ਹੋਟਲ ਵਿਚ ਜਾਣ ਲੱਗਿਆ ਹੈ ਤਾਂ ਉਸ ਦੀ ਪਤਨੀ ਸੁਰਜੀਤ ਕੌਰ ਆਪਣਾ ਪੂਰਾ ਧਿਆਨ ਦਫਤਰ ਵਲ ਦੇਣ ਲਗਦੀ ਹੈ। ਕਾਰੇ ਵਾਲੀ ਮਰਸਡੀਜ਼ ਹੁਣ ਉਹ ਚਲਾਈ ਫਿਰਦੀ ਹੈ ਤੇ ਕਾਰੇ ਨੇ ਨਵੀਂ ਕਨਵਰਟੇਬਲ ਬੀ.ਐਮ.ਡਬਲਯੂ. ਖਰੀਦ ਲਈ ਹੈ। ਜਤਿੰਦਰਪਾਲ ਨੂੰ ਵੀ ਸਪੋਰਟਸ ਕਾਰ ਲੈ ਦਿੱਤੀ ਹੈ। ਜਿਸ ਦਿਨ ਤੋਂ ਉਸ ਨੇ ਆਪਣੇ ਮੁੰਡੇ ਨਾਲ ਉਸ ਦੀ ਗਰਲਫਰਿੰਡ ਨੂੰ ਦੇਖਿਆ ਹੈ, ਉਸ ਦੇ ਮਨ ਤੋਂ ਮਣਾ ਬੋਝ ਉਤਰ ਜਾਂਦਾ ਹੈ। ਪਰਦੁੱਮਣ ਦੇ ਮੁੰਡੇ ਰਾਜਵਿੰਦਰ ਵੱਲ ਦੇਖ ਕੇ ਉਸ ਦੇ ਅੰਦਰ ਕਈ ਡਰ ਉਗਣ ਲੱਗਦੇ ਸਨ। ਮੁੰਡੇ ਨਾਲ ਗਰਲਫਰਿੰਡ ਦੇਖ ਕੇ ਇਕ ਵਾਰ ਤਾਂ ਉਸ ਦਾ ਦਿਲ ਕਰਦਾ ਹੈ ਕਿ ਦੋਸਤਾਂ ਨੂੰ ਪਾਰਟੀ ਦੇਵੇ ਪਰ ਫਿਰ ਸੋਚਦਾ ਹੈ ਕਿ ਇਹ ਰਸਮ ਪੱਛਮੀ ਲੋਕਾਂ ਨੂੰ ਹੀ ਸ਼ੋਭਦੀ  ਭਾਰਤੀਆਂ ਨੂੰ ਨਹੀਂ।