ਸਾਊਥਾਲ (ਕਾਂਡ 56)

       ਜੋਧ ਸਿੰਘ ਭੋਗ ਪੈਣ ਤੋਂ ਬਾਅਦ ਸਿੱਧਾ ਹੀ ਪੱਚੀ ਨੰਬਰ ਵਿਚ ਆ ਜਾਂਦਾ ਹੈ। ਉਹ ਕਾਹਲੀ ਕਾਹਲੀ ਆ ਰਿਹਾ ਹੈ। ਪਿਛਲੇ ਦੋ ਹਫਤਿਆਂ ਦਾ ਕਿਰਾਇਆ ਰੁਕਿਆ ਪਿਆ ਹੈ। ਉਹ ਸੋਚਦਾ ਹੈ ਕਿ ਤਾਰਾ ਵੀ ਇਨ੍ਹਾਂ ਵਿਚੋਂ ਹੀ ਇਕ ਹੈ ਇਸ ਲਈ ਜ਼ੋਰ ਪਾ ਕੇ ਕਹਿੰਦਾ ਨਹੀਂ ਹੋਵੇਗਾ ਉਹ ਮਨ ਹੀ ਮਨ ਸੋਚਦਾ ਆ ਰਿਹਾ ਹੈ ਕਿ ਉਨ੍ਹਾਂ ਨੂੰ ਆਖਰੀ ਚੇਤਾਵਨੀ ਦੇਵੇਗਾ ਕਿ ਕਿਰਾਇਆ ਦੇ ਦੇਵੋ ਨਹੀਂ ਉਹ ਦੂਜਾ ਰਾਹ ਅਪਣਾ ਲਵੇਗਾ। ਉਹ ਤਾਰੇ ਦੀ ਖਿੜਕੀ ਉਪਰ ਦਸਤਕ ਦਿੰਦਾ ਹੈ। ਤਾਰੇ ਦੇ ਕਮਰੇ ਦੀ ਖਿੜਕੀ ਬਾਹਰ ਨੂੰ ਹੈ। ਤਾਰਾ ਪਰਦਾ ਹਟਾ ਕੇ ਦੇਖਦਾ ਹੈ। ਉਸ ਨੂੰ ਜੋਧ ਸਿੰਘ ਦੀ ਪੱਗ ਦਿਸ ਪੈਂਦੀ ਹੈ। ਆਪਣੀ ਉਚੀ ਪੱਗ ਕਾਰਨ ਉਹ ਦੂਰੋਂ ਹੀ ਪਛਾਣਿਆ ਜਾਂਦਾ ਹੈ। ਮੀਕਾ ਕਿਹਾ ਕਰਦਾ ਹੈ ਕਿ ਜਿੱਡਾ ਜੋਧ ਸਿੰਘ ਓਡੀ ਹੀ ਜੋਧ ਸਿੰਘ ਦੀ ਪੱਗ। ਤਾਰਾ ਦਰਵਾਜ਼ਾ ਖੋਲ੍ਹਦਾ ਹੈ। ਜੋਧ ਸਿੰਘ ਹੌਲੇ ਜਿਹੇ ਪੁੱਛਦਾ ਹੈ,
“ਸਾਰੇ ਘਰ ਆ ?”
“ਆਹੋ, ਆ ਜਾਵੋ ਭਾਜੀ, ਆਪ ਗੱਲ ਕਰ ਲਓ।”
       ਜੋਧ ਸਿੰਘ ਅੰਦਰ ਲੰਘ ਆਉਂਦਾ ਹੈ। ਸਭ ਦੇ ਵਾਰੀ ਵਾਰੀ ਦਰਵਾਜ਼ੇ ਖੜਕਾਉਂਦਾ ਹੈ। ਮਿੰਦੀ ਤੇ ਦੇਬੀ ਬਾਹਰ ਨਿਕਲਦੇ ਹਨ। ਜੋਧ ਸਿੰਘ ਕਹਿੰਦਾ ਹੈ,
“ਕਿਉਂ ਬਈ ਮੁੰਡਿਓ, ਕਿਰਾਏ ਤੋਂ ਕਿਉਂ ਭੱਜਦੇ ਓ?”
“ਕੌਣ ਭੱਜਦਾ ਭਾਜੀ, ਅਸੀਂ ਕਦੋਂ ਨਾਂਹ ਕੀਤੀ ਆ।”
       ਮਿੰਦੀ ਕਹਿਣ ਲੱਗਦਾ ਹੈ। ਉਸ ਦੇ ਨਾਲ ਹੀ ਦੇਬੀ ਆਖਦਾ ਹੈ,
“ਏਹ ਤਾਂ ਭਾਜੀ ਪਿਛਲੇ ਵੀਕ ਪੇਅ ਨਹੀਂ ਮਿਲੀ।”
“ਪੇਅ ਮਿਲੀ ਜਾਂ ਨਹੀਂ ਮਿਲੀ ਇਹ ਮੇਰੀ ਪਰੌਬਲਮ ਨਹੀਂ, ਮੇਰੀ ਪਰੌਬਲਮ ਮੇਰਾ ਕਿਰਾਇਆ ਐ।”
“ਭਾਜੀ, ਇਹ ਤਾਂ ਠੀਕ ਐ ਪਰ ਪੇਅ ਮਿਲੂ ਤਾਂ ਕਿਰਾਇਆ ਦੇ ਹੋਊ।”
“ਜੇ ਏਦਾਂ ਕਰਨੀ ਆਂ ਤਾਂ ਆਪਣਾ ਇੰਤਜ਼ਾਮ ਕਿਤੇ ਹੋਰ ਕਰ ਲਓ। ਦੂਜੀ ਗੱਲ ਮੈਨੂੰ ਕਿਤੇ ਐਰਾ ਗੈਰਾ ਨਾ ਸਮਝ ਬੈਠਿਓ, ਮੇਰੀਆਂ ਜੜ੍ਹਾਂ ਬਹੁਤ ਡੂੰਘੀਆਂ ਹੈਗੀਆਂ, ਮੈਨੂੰ ਕਿਰਾਇਆ ਲੈਣਾ ਔਂਦੈ।”
       ਜੋਧ ਸਿੰਘ ਨੇ ਢਾਕਾਂ 'ਤੇ ਹੱਥ ਰੱਖ ਕੇ ਗੱਲ ਕਰਦਾ ਹੈ। ਉਹ ਦੋਵੇਂ ਝਿਪ ਜਿਹਾ ਜਾਂਦੇ ਹਨ। ਨਾਲ ਹੀ ਉਹ ਨਿੰਮੇ ਦਾ ਮੁੜ ਦਰਵਾਜ਼ਾ ਖੜਕਾ ਦਿੰਦਾ ਹੈ। ਮਿੰਦੀ ਤੇ ਦੇਬੀ ਹਾਲੇ ਗੈਰਕਾਨੂੰਨੀ ਹੀ ਤੁਰੇ ਫਿਰਦੇ ਹਨ ਜਦ ਕਿ ਨਿੰਮੇ ਨੇ ਕੇਸ ਕੀਤਾ ਹੋਇਆ ਹੈ। ਇਵੇਂ ਹੀ ਮੀਕਾ ਵੀ ਕੇਸ ਕਰਕੇ ਕਾਨੂੰਨਨ ਕੰਮ ਕਰਨ ਯੋਗ ਹੋ ਗਿਆ ਹੈ। ਹੁਣ ਉਸ ਨੂੰ ਪਹਿਲਾਂ ਵਾਲਾ ਡਰ ਨਹੀਂ ਹੈ। ਉਸ ਨੂੰ ਮੂੰਹ ਆਈ ਗੱਲ ਕਹਿਣ ਵਿਚ ਸੌਖ ਹੋ ਗਈ ਹੈ ਵੈਸੇ ਉਸ ਦੇ ਫੈਸਲੇ ਦੀ ਚਿੱਠੀ ਆਉਣ ਵਾਲੀ ਹੈ ਕਿ ਉਸ ਨੂੰ ਰਹਿਣ ਦੀ ਇਜ਼ਾਜਤ ਮਿਲੇਗੀ ਕਿ ਮੁੜ ਲੁਕ ਛਿਪ ਕੇ ਰਹਿਣਾ ਪਵੇਗਾ। ਨਿੰਮੇ ਦੇ ਕਮਰੇ ਵਿਚੋਂ ਮੀਕਾ ਵੀ ਨਿਕਲਦਾ ਹੈ। ਮੀਕੇ ਨੂੰ ਦੇਖ ਕੇ ਜੋਧ ਸਿੰਘ ਦਾ ਗੁੱਸਾ ਵੱਧ ਜਾਂਦਾ ਹੈ। ਉਹ ਪੁੱਛਦਾ ਹੈ,
“ਮੀਕਿਆ, ਤੂੰ ਵੀ ਇਥੇ ਰਹਿੰਨਾਂ ?”
“ਨਾ ਬਈ ਬੜੇ ਭਾਈ, ਏਦਾਂ ਦੇ ਗੰਦੇ ਘਰ ਵਿਚ ਤਾਂ ਰੱਬ ਦੁਸ਼ਮਣ ਨੂੰ ਵੀ ਨਾ ਰੱਖੇ। ਇਹ ਘਰ ਤਾਂ ਟੀ.ਬੀ. ਦੀ ਬਿਮਾਰੀ ਨਾਲ ਭਰਿਆ ਪਿਐ, ਲੱਗੀ ਕਿ ਲੱਗੀ, ਆਹ ਦੇਖ ਦੇਬੀ ਦੀ ਲੱਤ ਕਿਦਾਂ ਗਲ਼ੀ ਪਈ ਐ।”
“ਇਹਦੀ ਲੱਤ ਮੈਂ ਗਾਲ਼ੀ ਆ!”
“ਦੇਖ ਕਿੰਨਾ ਸਲਾਭਾ ਸਾਲਾ ਏਥੇ, ਜ਼ਖਮ ਠੀਕ ਕਿਦਾਂ ਹੋ ਜਾਊ! ਘਰ ਗੰਦ ਨਾਲ ਭਰਿਆ ਹੋਇਐ, ਕੰਧਾਂ ਤੋਂ ਸੀਮੰਟ ਝੜਦੈ, ਕਾਰਪੈੱਟ ਪਤਾ ਨਹੀਂ ਕਿੰਨੇ ਸਾਲਾਂ ਦੀ ਪਾਈ ਹੋਈ ਐ, ਇਹ ਇਨਸਾਨਾਂ ਦੇ ਰਹਿਣ ਵਾਲ਼ਾ ਹੈ ਈ ਨਹੀਂ ਜੇ ਹੈਲਥ ਵਾਲੇ ਇਹ ਘਰ ਦੇਖ ਲੈਣ ਤਾਂ ਤੈਨੂੰ ਜੇਲ੍ਹ ਕਰ ਦੇਣ।”
“ਘਰ ਦੀ ਸਫਾਈ ਰੱਖਣੀ ਕਿਰਾਏਦਾਰ ਦਾ ਕੰਮ ਹੁੰਦੈ ਤੇ ਜੇ ਤੈਨੂੰ ਇਹ ਘਰ ਗੰਦਾ ਲੱਗਦੈ ਤਾਂ ਏਥੇ ਕੀ ਕਰਨ ਔਨਾਂ, ਨਿਕਲ ਏਥੋਂ।”
“ਦੇਖ ਓਏ ਯੋਧਿਆ, ਜ਼ਰਾ ਅਕਲ ਨਾਲ ਗੱਲ ਕਰ, ਆਪਣੀ ਵੀ ਇੱਜ਼ਤ ਐ, ਤੇਰੇ ਵਰਗੇ ਛੋਟੇ ਬੰਦੇ ਨਾਲ ਤਾਂ ਮੈਂ ਗੱਲ ਕਰਨੀ ਵੀ ਆਪਣੀ ਹੇਠੀ ਸਮਝਦਾਂ। ਤੂੰ ਇਨ੍ਹਾਂ ਮੁੰਡਿਆਂ ਨੂੰ ਡਰਾਈ ਜਾਨਾ। ਜੇ ਇਕ ਹਫਤਾ ਕਿਰਾਏ ਨੂੰ ਲੇਟ ਹੋ ਗਏ ਤਾਂ ਆ ਕੇ ਏਦਾਂ ਰੋਅਬ ਪਾਉਂਨਾ ਜਿੱਦਾਂ ਸਾਲੀ ਬਾਰਾਂਦਰੀ ਕਿਰਾਏ 'ਤੇ ਦਿੱਤੀ ਹੋਵੇ।”
       ਜੋਧਾ ਸਿੰਘ ਉਸ ਵੱਲ ਗੁੱਸੇ ਨਾਲ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਹੈ। ਨਿੰਮਾ ਉਸ ਨੂੰ ਆਖਦਾ ਹੈ,
“ਭਾਜੀ ਫਿਕਰ ਨਾ ਕਰ, ਅਸੀਂ ਕਿਰਾਇਆ ਤਾਰੇ ਨੂੰ ਦੇ ਦੇਵਾਂਗੇ।”
       ਜੋਧਾ ਹਾਲੇ ਵੀ ਦੇਖੀ ਜਾ ਰਿਹਾ ਹੈ ਜਿਵੇਂ ਕਿ ਲੜਨ ਲਈ ਤਿਆਰ ਖੜਾ ਹੁੰਦਾ ਹੈ। ਮੀਕਾ ਉਚੀ ਅਵਾਜ਼ ਵਿਚ ਕਹਿੰਦਾ ਹੈ,
“ਆਓ ਬਈ ਮੁੰਡਿਓ, ਆਪਾਂ ਲੰਗਰ ਵੀ ਖਾਣਾ, ਫੇਰ ਪਿੱਪਲ ਬੋਹੜਾਂ ਵਿਚ ਮਾਣਕ ਦਾ ਖਾੜਾ ਵੀ ਲੱਗਣਾ। ਇਹ ਜੋਧੇ ਨੇ ਜੇ ਸਾਨੂੰ ਗਲਾਸੀ ਪੀਣ ਲਈ ਮਜਬੂਰ ਕਰ ਦਿੱਤਾ ਤਾਂ ਲੰਗਰ ਰਹਿ ਜਾਣਾ ਤੇ ਬਾਬੇ ਨੇ ਨਰਾਜ਼ ਹੋ ਜਾਣਾ।”
       ਕਹਿ ਕੇ ਉਹ ਵਿੰਗੀ ਨਜ਼ਰ ਨਾਲ ਜੋਧਾ ਸਿੰਘ ਵੱਲ ਦੇਖਦਾ ਹੈ ਤੇ ਨਿੰਮੇ ਦੇ ਕਮਰੇ ਵਿਚ ਜਾ ਵੜਦਾ ਹੈ। ਤਾਰਾ ਜੋਧਾ ਸਿੰਘ ਨੂੰ ਕਹਿੰਦਾ ਹੈ,
“ਭਾਜੀ, ਹੁਣ ਤੁਸੀਂ ਜਾਓ, ਮੈਂ ਕਿਰਾਇਆ ਅੱਪੜਦਾ ਕਰ ਦਊਂ।”
       ਜੋਧਾ ਸਿੰਘ ਤੁਰਨ ਲਈ ਇਕ ਪੈਰ ਪੁੱਟਦਾ ਆਖਦਾ ਹੈ,
“ਕਿਤੇ ਮੈਨੂੰ ਸਵਰਨ ਸੂੰਹ ਈ ਨਾ ਸਮਝ ਲੈਣ ਕਿ ਮੁਫਤ 'ਚ ਈ ਮਕਾਨ ਦੱਬਲਾਂਗੇ, ਮੈਂ ਤਾਂ ਚੁਕਾ ਦਊਂ ਪੂਛਾਂ।”
       ਮੀਕਾ ਵੀ ਸੁਣ ਲੈਂਦਾ ਹੈ ਤੇ ਬਾਹਰ ਆ ਕੇ ਕਹਿੰਦਾ ਹੈ,
“ਜੋਧਾ ਸਿਆਂ, ਤੂੰ ਏਸ ਨਰਕ ਨੂੰ ਐਵੇਂ ਘਰ ਘਰ ਕਹੀ ਜਾਨਾ। ਪਹਿਲਾਂ ਏਹਦੀ ਸਫਾਈ ਕਰਾ, ਏਹਨੂੰ ਰਹਿਣ ਯੋਗ ਬਣਾ ਫੇਰ ਕਿਰਾਇਆ ਮੰਗ। ਤੇਰਾ ਮਕਾਨ ਐ ਤਾਂ ਤੂੰ ਕਿਰਾਏ ਦਾ ਹੱਕਦਾਰ ਤਾਂ ਹੈਗਾਂ ਪਰ ਏਹਦੇ 'ਤੇ ਹੱਥ ਵੀ ਫੇਰ।”
“ਤੂੰ ਮੀਕਿਆ, ਮੈਨੂੰ ਸਲਾਹਾਂ ਨੇ ਦੇ ਬਹੁਤੀਆਂ।”
“ਧਰਮ ਨਾਲ ਜੇ ਮੈਂ ਤੇਰਾ ਕਿਰਾਏਦਾਰ ਹੁੰਦਾ ਤਾਂ ਮੈਂ ਤੈਨੂੰ ਦੱਸਦਾ।”
       ਨਿੰਮਾ ਤੇ ਤਾਰਾ ਮੀਕੇ ਨੂੰ ਚੁੱਪ ਕਰਾਉਣ ਲੱਗਦੇ ਹਨ। ਮਿੰਦੀ ਤੇ ਦੇਬੀ ਵੀ ਆ ਜਾਂਦੇ ਹਨ। ਜੋਧਾ ਸਿੰਘ ਘਰੋਂ ਬਾਹਰ ਤੁਰ ਜਾਂਦਾ ਹੈ। ਉਹ ਬੁੜਬੁੜ ਕਰ ਰਿਹਾ ਹੈ – “ਇਹ ਸਾਲੇ ਫੌਜੀ ਈ ਨਹੀਂ ਮਾਨ, ਆਹ ਹਫਤਾ ਦੇਖਦਾਂ ਨਹੀਂ ਤਾਂ ਇਨ੍ਹਾਂ ਦਾ ਸਮਾਨ ਚੁੱਕ ਕੇ ਬਾਹਰ ਨਾ ਸੁੱਟਿਆ ਤਾਂ ਮੈਨੂੰ ਜੋਧਾ ਸੂੰਹ ਕਿਹਨੇ ਕਹਿਣਾ।”
       ਉਸ ਦੇ ਜਾਣ ਤੋਂ ਬਾਅਦ ਮੀਕਾ ਕਹਿੰਦਾ ਹੈ,
“ਕਰ ਗਿਆ ਨਾ ਸਾਲਾ ਮੂਡ ਖਰਾਬ, ਅੱਗੇ ਸਾਲੀ ਕੁਲਬੀਰੋ ਮਰ ਗਈ ਤਾਂ ਕਈ ਦਿਨ ਚਿੱਤ ਟਿਕਾਣੇ ਨਹੀਂ ਆਇਆ, ਲਿਆਓ ਬਈ ਮੈਨੂੰ ਦਿਓ ਇਕ ਤਕੜਾ ਜਿਹਾ ਹਾੜਾ, ਮੈਂ ਨਹੀਂ ਜਾਂਦਾ ਹੁਣ ਬਾਬੇ ਦੇ। ਸਿੱਧਾ ਖਾੜੇ 'ਚ ਈ ਮਿਲੂੰ।”
       ਕਹਿੰਦਾ ਮੀਕਾ ਆਪ ਹੀ ਬੋਤਲ ਚੁੱਕ ਲੈਂਦਾ ਹੈ। ਉਹ ਸਾਰੇ ਹੀ ਤਾਰੇ ਦੇ ਕਮਰੇ ਵਿਚ ਆ ਬੈਠਦੇ ਹਨ। ਗੁਰਦੁਆਰੇ ਜਾਣ ਦਾ ਪ੍ਰੋਗਰਾਮ ਕੈਂਸਲ ਹੋ ਜਾਂਦਾ ਹੈ। ਮਿੰਦੀ ਮੀਟ ਲੈਣ ਚਲੇ ਜਾਂਦਾ ਹੈ। ਦੇਬੀ ਦੋ ਬੋਤਲਾਂ ਵਿਸਕੀ ਦੀਆਂ ਫੜ ਲਿਆਉਂਦਾ ਹੈ। ਮਹਿਫਲ ਲੱਗ ਜਾਂਦੀ ਹੈ। ਹਫਤਾਂਤ ‘ਤੇ ਕਦੇ ਕਦੇ ਇਵੇਂ ਇਕੱਠੇ ਹੋ ਜਾਇਆ ਕਰਦੇ ਹਨ। ਇਵੇਂ ਹੀ ਮੀਕਾ ਇਧਰ ਆ ਜਾਂਦਾ ਹੈ। ਨਹੀਂ ਤਾਂ ਉਹ ਲੇਡੀ ਮਾਰਗਰੇਟ ਰੋਡ ਉਪਰ ਰਹਿੰਦਾ ਹੈ। ਉਹ ਆਖਦਾ ਹੈ,
“ਸਭ ਤੋਂ ਪਹਿਲਾਂ ਤਾਂ ਆਪਾਂ ਦੇਬੀ ਦੀ ਲੱਤ ਦਾ ਕੁਸ਼ ਕਰੀਏ, ਏਹ ਤਾਂ ਮਰ ਜਾਊ ਏਦਾਂ ਈ।”
“ਅਸੀਂ ਤਾਂ ਕੋਸਿ਼ਸ਼ ਕਰੀ ਜਾਨੇ ਆਂ ਕਿ ਕੋਈ ਡਾਕਟਰ ਬਣ ਜਾਵੇ ਤੇ ਇਹਦਾ ਇਲਾਜ ਹੋ ਸਕੇ।”
“ਨਈਂ ਯਾਰ, ਤੁਸੀਂ ਗਲਾਸੀ ਪੀਓ, ਮੇਰੀ ਦਵਾਈ ਇੰਡੀਆ ਤੋਂ ਆ ਰਹੀ ਐ।”
“ਇੰਡੀਆ ਤੋਂ ਆਈ ਦਵਾਈ ਨਾਲ਼ ਵੀ ਪੂਰਾ ਈ ‘ਰਾਮ ਆ ਜਾਊ।”
        ਦੇਬੀ ਦੀ ਲੱਤ ਬਾਰੇ ਉਹ ਸਾਰੇ ਹੀ ਬਹੁਤ ਫਿਕਰਵੰਦ ਹਨ ਪਰ ਦੇਬੀ ਦੇ ਗੈਰਕਨੂੰਨੀ ਰਹਿੰਦੇ ਹੋਣ ਕਰਕੇ ਡਾਕਟਰ ਤਾਈਂ ਪਹੁੰਚ ਨਹੀਂ ਕਰ ਸਕਦੇ। ਦੇਬੀ ਦੀ ਲੱਤ ਦਾ ਛੋਟਾ ਜਿਹਾ ਜ਼ਖਮ ਇਲਾਜ ਖੁਣੋਂ ਹੀ ਪੂਰੀ ਲੱਤ ‘ਤੇ ਫੈਲ ਜਾਂਦਾ ਹੈ। ਸਭ ਦਾ ਮੂਡ ਖਰਾਬ ਹੋ ਰਿਹਾ ਹੈ। ਤਾਰਾ ਗੱਲ ਬਦਲਦਾ ਮੀਕੇ ਨੂੰ ਪੁੱਛਦਾ ਹੈ,
“ਇਹ ਜਿਹੜੀ ਕੁੜੀ ਮਰ ਗਈ ਤੇਰੀ ਗੱਲਬਾਤ ਸੀ ਉਹਦੇ ਨਾਲ ?”
“ਹੋਰ ਕਿਤੇ ਨਾ ਵੀ, ਉਹਦੀਆਂ ਅੱਖਾਂ ਵਿਚ ਸਾਲਾ ਪਿਆਰ ਈ ਪਿਆਰ ਸੀ।”
       ਨਿੰਮਾ ਉਸ ਦੀ ਗੱਲ ਟੋਕਦਾ ਆਖਣ ਲੱਗਦਾ ਹੈ,
“ਐਵੇਂ ਛੱਡੀ ਜਾਂਦੈ ਸਾਲਾ, ਉਹ ਤਾਂ ਏਹਦੀ ਹੈਲੋ ਦਾ ਜਵਾਬ ਵੀ ਨਹੀਂ ਸੀ ਦਿੰਦੀ, ਸਗਾਂ ਅੰਕਲ ਕੋਲ ਏਹਦੀ ਸ਼ਿਕਾਇਤ ਕਰ ਦਿੰਦੀ ਸੀ।”
“ਉਹ ਅੰਕਲ ਦੀ ਕੌਣ ਪ੍ਰਵਾਹ ਕਰਦਾ। ਨਾਲੇ ਉਹ ਜਿਹੜੀਆਂ ਗੱਲਾਂ ਮੇਰੇ ਨਾਲ ਅੱਖਾਂ ਅੱਖਾਂ ਰਾਹੀਂ ਕਰ ਲੈਂਦੀ ਸੀ ਤੁਹਾਨੂੰ ਕਿਸੇ ਨੂੰ ਕੀ ਪਤਾ।”
“ਮੀਕਿਆ, ਛੱਡ ਓਹਦੀਆਂ ਗੱਲਾਂ, ਕੋਈ ਹੋਰ ਗੱਲ ਕਰੀਏ।”
       ਨਿੰਮਾ ਕਹਿੰਦਾ ਹੈ। ਉਸ ਨੂੰ ਕੁਲਬੀਰੋ ਦੀਆਂ ਗੱਲਾਂ ਕਰਨਾ ਚੰਗਾ ਨਹੀਂ ਲੱਗ ਰਿਹਾ। ਮੀਕਾ ਹੱਸਦਾ ਹੋਇਆ ਕਹਿੰਦਾ ਹੈ,
“ਏਹ ਵੀ ਓਹਦਾ ਭਗਤ ਸੀ, ਬੁੜੀਆਂ ਵਿਚ ਬੈਠ ਕੇ ਰੋਂਦਾ ਸੀ ਓਦਣ ਤੇ ਸਾਲੇ ਨੇ ਰੋਜ਼ ਈ ਸਕੌਟ ਐਵੇਨਿਊ ਉਤੇ ਕੁਲਬੀਰੋ ਦੇ ਘਰ ਮੁਹਰੇ ਗੱਡੀ ਖੜੀ ਕਰਕੇ ਘਰ ਵੱਲ ਨੂੰ ਦੇਖੀ ਜਾਣਾ। ਇਹ ਤਾਂ ਅੰਕਲ ਨੇ ਦੱਬਕਿਆ ਕਿ ਪੁਲਿਸ ਕਿਸੇ ਗੱਲ ਵਿਚ ਨਾ ਘੜੀਸ ਕਰ ਲਵੇ।”
       ਉਹ ਕਿੰਨੀ ਦੇਰ ਤੱਕ ਕੁਲਬੀਰੋ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਸ਼ਾਮ ਤੱਕ ਇੰਨੇ ਸ਼ਰਾਬੀ ਹੋ ਜਾਂਦੇ ਹਨ ਕਿ ਸਾਰੇ ਹੀ ਸੌਂ ਜਾਂਦੇ ਹਨ। ਕੁਝ ਘੰਟੇ ਸੌਂ ਕੇ ਊਠਦੇ ਹਨ ਤੇ ਪੱਬ ਨੂੰ ਚਲੇ ਜਾਂਦੇ ਹਨ। ਜੋਧਾ ਸਿੰਘ ਵੀ ਪੱਬ ਵਿਚ ਬੈਠਾ ਹੈ। ਮੀਕਾ ਉਸ ਵੱਲ ਦੇਖਦਾ ਨਿੰਮੇ ਨੂੰ ਕਹਿੰਦਾ ਹੈ,
“ਦੱਸ ਇਹ ਸਾਲਾ ਲਿੰਗ ਜਿੱਡਾ ਬੰਦਾ ਐ, ਇਹਦੇ ਬੰਦਾ ਮੁੱਕਾ ਕਿਥੇ ਮਾਰੇ।”
       ਕੁਝ ਦੇਰ ਸੋਚਦਾ ਰਹਿੰਦਾ ਹੈ ਤੇ ਫਿਰ ਕਹਿੰਦਾ ,
“ਨਿੰਮਿਆ, ਹੁਣ ਜਿੱਦਣ ਵੀ ਮੇਰਾ ਮੂਡ ਬਣ ਗਿਆ ਮੈਂ ਆਪਣਾ ਭਰਾ ਕੰਜਰ ਕੁੱਟਣੈ, ਦੇਖੀਂ ਇਕ ਵਾਰ ਕਿੱਦਾਂ ਅੜਾਟ ਪੈਂਦਾ।”
“ਮੀਕਿਆ, ਤਾਰਿਕ ਨੂੰ ਕੁੱਟ ਕੇ ਤੂੰ ਈ ਸਾਲਾ ਊਧਾ ਬਦਮਾਸ਼ ਬਣਿਆ ਫਿਰਦੈਂ। ਛੱਡ ਲੜਾਈ ਝਗੜੇ, ਚੱਲ ਅੱਜ ਲਾਈਟਾਂ ਤੋਂ ਕੋਈ ਮਾਲ ਚੁੱਕਦੇ ਆਂ।”
“ਨਹੀਂ ਯਾਰ ਰਣਜੀਤ ਕੌਰ ਨੂੰ ਸੱਦ ਲਓ, ਸਾਲੀ ਮਰਸਡੀਜ਼ 'ਚ ਆਊ ਤੇ ਬੋਲੂ ਵੀ ਪੰਜਾਬੀ, ਆਹ ਜਿਹੜੀਆਂ ਲਾਈਟਾਂ 'ਤੇ ਖੜਦੀਆਂ ਇਹ ਪੰਜਾਬੀ ਬੋਲਣ ਦੇ ਵਾਧੂ ਪੈਸੇ ਮੰਗਦੀਆਂ।”
       ਕਹਿ ਕੇ ਹੱਸਣ ਲੱਗਦਾ ਹੈ। ਪੱਬ ਵਿਚ ਆ ਕੇ ਤਾਰਾ ਤੇ ਮਿੰਦੀ ਵੀ ਕੁਝ ਖੁੱਲ੍ਹ ਕੇ ਗੱਲਾਂ ਕਰਨ ਲੱਗਦੇ ਹਨ। ਤਾਰੇ ਨੂੰ ਸਾਹਮਣੇ ਗੁਰਮੀਤ ਬੈਠਾ ਦਿਸ ਪੈਂਦਾ ਹੈ। ਉਹ ਨਿੰਮੇ ਨੂੰ ਕਹਿੰਦਾ ਹੈ,
“ਔਹ ਦੇਖ ਓਏ ਗੁਰਮੀਤ।”
“ਕਿਹੜਾ ਗੁਰਮੀਤ ?”
“ਜਿਹੜਾ ਓਸ ਬੁੱਢੀ ਜਿਹੀ ਤੀਵੀਂ ਨਾਲ ਰਹਿੰਦੈ, ਜਿਹੜੀ ਗੁਰਦਆਰੇ ਬਹੁਤ ਨੀਵੀਂ ਹੋ ਕੇ ਮੱਥਾ ਟੇਕਦੀ ਹੁੰਦੀ ਐ। ਇਹ ਕਹਿੰਦਾ ਕਿ ਮੈਂ ਓਹਨੂੰ ਮਾਂ ਬਣਾਇਆ ਹੋਇਐ ਤੇ ਉਹ ਕਹਿੰਦੀ ਐ ਕਿ ਮੈਂ ਏਹਦੇ ਨਾਲ ਵਿਆਹ ਕਰੌਣੈ।”
“ਸਾਨੂੰ ਕੀ, ਜਿੱਦਾਂ ਜੇਹਦਾ ਦਾਅ ਲੱਗਦੈ ਕਰੀ ਜਾਵੇ, ਇਹ ਸਭ ਪੱਕੇ ਹੋਣ ਦੇ ਹੀਲੇ ਵਸੀਲੇ ਐ।”
       ਨਿੰਮਾ ਹੌਲੇ ਜਿਹੇ ਕਹਿੰਦਾ ਹੈ। ਉਸ ਨੂੰ ਪਤਾ ਹੈ ਜੇਕਰ ਮੀਕੇ ਨੇ ਕੁਝ ਸੁਣ ਲਿਆ ਉਹ ਤਾਂ ਗੁਰਮੀਤ ਤੋਂ ਪੁੱਛਣ ਹੀ ਤੁਰ ਪਵੇਗਾ।

ਚਲਦਾ...