ਪ੍ਰੀਤੀ ਕਾਰ ਵਿਚੋਂ ਆਲਾ ਦੁਆਲਾ ਦੇਖਦੀ ਹੈ ਤੇ ਫਿਰ ਇਕਦਮ ਉਤਰ ਜਾਂਦੀ ਹੈ। ਜਗਮੋਹਨ ਵੀ ਕਾਰ ਭਜਾ ਕੇ ਲੈ ਜਾਂਦਾ ਹੈ। ਪ੍ਰੀਤੀ ਜਾਂਦੀ ਹੋਈ ਕਾਰ ਨੂੰ ਦੇਖਦੀ ਮਨ ਹੀ ਮਨ ਕਹਿ ਰਹੀ ਹੈ – “ਚੰਦਰਾ, ਬਾਏ ਬਾਏ ਵੀ ਨਹੀਂ ਕਹਿ ਕੇ ਗਿਆ।” ਕਾਰ ਦੇ ਮੋੜ ਮੁੜ ਜਾਣ 'ਤੇ ਉਹ ਸੁਸੈਕਸ ਰੋਡ ਉਪਰ ਕਾਹਲੀ ਕਾਹਲੀ ਤੁਰਨ ਲੱਗਦੀ ਹੈ। ਉਹ ਸੋਚ ਰਹੀ ਹੈ ਕਿ ਜਗਮੋਹਨ ਨੂੰ ਪਹਿਲੀ ਮੁਲਾਕਾਤ ਵਿਚ ਹੀ ਇੰਨੀਆਂ ਗੱਲਾਂ ਨਹੀਂ ਸਨ ਦੱਸ ਦੇਣੀਆਂ ਚਾਹਦੀਆਂ। ਮਰਦ ਔਰਤ ਦਾ ਕਮਜ਼ੋਰੀ ਦਾ ਫਾਇਦਾ ਉਠਾਉਣ ਵਿਚ ਢਿੱਲ ਨਹੀਂ ਕਰਦਾ। ਸਾਰੇ ਮਰਦ ਇਕੋ ਜਿਹੇ ਹੀ ਹੁੰਦੇ ਹਨ। ਉਸ ਨੂੰ ਚੇਤਾ ਹੈ ਕਿ ਜਦ ਗੁਰਨਾਮ ਨੇ ਉਸ ਨੂੰ ਕੁੱਟ ਧਰਿਆ ਸੀ ਤਾਂ ਸਾਹਮਣੇ ਘਰ ਵਾਲਾ ਪਾਕਿਸਤਾਨੀ ਬਹੁਤੀ ਹੀ ਹਮਦਰਦੀ ਦਿਖਾਉਣ ਲੱਗਦਾ ਸੀ। ਉਸ ਦੇ ਮਨ ਦਾ ਇਕ ਕੋਨਾ ਇਹ ਵੀ ਕਹਿ ਰਿਹਾ ਹੈ ਕਿ ਕੋਈ ਉਸ ਦੀ ਗੱਲ ਸੁਣਨ ਵਾਲਾ ਹੋਵੇ। ਕੋਈ ਉਸ ਦਾ ਹਮਦਰਦ ਹੋੇਵੇ। ਕੋਈ ਮੋਹ ਨਾਲ ਪੇਸ਼ ਆਵੇ। ਉਸ ਦੇ ਸੁਫਨਿਆਂ ਦੀ ਕਦਰ ਪਾਵੇ। ਗੁਰਨਾਮ ਨੇ ਤਾਂ ਸਦਾ ਉਸ ਦੀ ਅਪੇਖਿਆ ਹੀ ਕੀਤੀ ਹੈ। ਕਿਸੇ ਨਾਲ ਦਿਲ ਦੀ ਗੱਲ ਕੀਤਿਆਂ ਹੀ ਉਸ ਦਾ ਸੁਨੇਹਾ ਕਿਧਰੇ ਪਹੁੰਚੇਗਾ। ਅਜਿਹਾ ਸੋਚਦਿਆਂ ਉਸ ਨੂੰ ਜਗਮੋਹਨ ਨਾਲ ਦਿਲ ਦੀਆਂ ਕੁਝ ਗੱਲ਼ਾਂ ਸਾਂਝੀਆਂ ਕਰ ਲੈਣਾ ਚੰਗਾ ਲਗਣ ਲਗਦਾ ਹੈ।
ਉਹ ਬੱਚਿਆਂ ਨੂੰ ਜੀਤੋ ਮਾਸੀ ਦੇ ਘਰੋਂ ਲੈਣ ਲਈ ਉਸ ਦੇ ਦਰਵਾਜ਼ੇ ਦੀ ਘੰਟੀ ਵਜਾਉਂਦੀ ਹੈ। ਮਾਸੀ ਬੱਚਿਆਂ ਨੂੰ ਦਰਵਾਜ਼ੇ ਵਿਚ ਹੀ ਲਿਆਉਂਦੀ ਹੋਈ ਹੌਲੇ ਜਿਹੇ ਆਖਦੀ ਹੈ,
“ਤੇਰਾ ਅੰਕਲ ਘਰੇ ਈ ਐ।”
ਪ੍ਰੀਤੀ ਨੂੰ ਪਤਾ ਹੈ ਕਿ ਅੰਕਲ ਨੂੰ ਵੀ ਗੁਰਨਾਮ ਵਾਂਗ ਉਸ ਦੀ ਇਹ ਐਕਟਿੰਗ ਵਾਲੀ ਗੱਲ ਪਸੰਦ ਨਹੀਂ ਹੈ। ਇਸੇ ਕਰਕੇ ਅੰਕਲ ਪ੍ਰੀਤੀ ਨੂੰ ਪਸੰਦ ਨਹੀਂ ਕਰਦਾ ਪਰ ਮਾਸੀ ਜੀਤੋ ਉਸ ਦੀ ਸਹੇਲੀ ਵਾਂਗ ਹੈ। ਗੁਰਨਾਮ ਦੀਆਂ ਮਾਰੀਆਂ ਸੱਟਾਂ ਨੂੰ ਉਹ ਸਹਿਲਾਉਂਦੀ ਹੋਈ ਸਲਾਹ ਦੇਣ ਲੱਗਦੀ ਹੈ,
“ਕਿਉਂ ਏਨੀ ਮਾਰ ਖਾਨੀ ਐਂ, ਆਹ ਨਾਈਨ ਨਾਈਨ ਨਾਈਨ ਕਾਹਦੇ ਲਈ ਐ, ਇਕ ਵਾਰ ਡਾਇਲ ਕਰਦੇ, ਫੇਰ ਦੇਖੀਂ ਕੰਨ 'ਚ ਪਾਇਆ ਨਾ ਰੜਕੂ, ਆਪਣੇ ਅੰਕਲ ਵੱਲ ਈ ਦੇਖ ਲੈ, ਤੇਰੇ ਅੰਕਲ ਨੇ ਵੀ ਬੜੀ ਭੈਰ ਮਿੱਟੀ ਚੁੱਕੀ ਹੋਈ ਸੀ, ਇਕ ਝੱਟਕੇ ਨਾਲ਼ ਸਿੱਧਾ ਹੋ ਗਿਆ, ਇਹ ਮਰਦ ਸੋਚਦੇ ਆ ਕਿ ਅਸੀ ਸਿਰਫ ਡਰਾਵੇ ਈ ਦਿੰਨੀਆਂ, ਇਹਨੇ ਮੇਰਾ ਮੂੰਹ ਸੁਜਾ ਦਿਤਾ ਸੀ, ਮੈਂ ਪੁਲੀਸ ਸੱਦ ਲਈ, ਫੇਰ ਮਿੰਨਤਾਂ ਕਰੇ, ਨਾਲ਼ੇ ਇਹ ਉਦੋਂ ਦੀ ਗੱਲ ਐ ਜਦੋਂ ਨਿਆਣੇ ਛੋਟੇ ਛੋਟੇ ਹੁੰਦੇ ਸੀ, ਹਾਲੇ ਵੀ ਕਦੇ ਔਖਾ ਫਿਕਾ ਹੋਵੇ ਤਾਂ ਮੈਂ ਕਹਿ ਦਿੰਨੀ ਆਂ ਕਿ ਮੈਨੂੰ ਨਾਈਨ ਨਾਈਨ ਨਾਈਨ ਡਾਇਲ ਕਰਨਾ ਔਂਦਾ ਤਾਂ ਮੂਤ ਦੀ ਝੱਗ ਆਗੂੰ ਬੈਠ ਜਾਂਦਾ, ਇਹ ਮਰਦ ਲੋਕ ਵੀ ਡਰਦਿਆਂ ਨੂੰ ਡਰਾਉਂਦੇ ਆ।”
“ਇਹ ਗੱਲ ਤਾਂ ਮੈਨੂੰ ਸਿਸਟਰਜ਼ ਇਨਹੈਂਡਜ਼ ਵਾਲੀਆਂ ਵੀ ਕਹਿੰਦੀਆਂ ਪਰ ਨਹੀਂ ਮਾਸੀ, ਮੇਰਾ ਪਿਓ ਕੀ ਕਹੂ ਕਿ ਕੁੜੀ ਨੇ ਜੁਆਈ 'ਤੇ ਪੁਲੀਸ ਸੱਦ ਲਈ।”
“ਪਿਓ ਉਦੋਂ ਕੀ ਕਹੂ ਜਦ ਉਹਨੂੰ ਪਤਾ ਚਲੂ ਕਿ ਜਵਾਈ ਧੀ ਨੂੰ ਧੈਅ ਧੈਅ ਕੁੱਟ ਧਰਦਾ, ਮਾਂ ਪਿਓ ਦਾ ਫਿਕਰ ਇੰਡੀਆ ‘ਚ ਈ ਹੁੰਦਾ ਏਥੇ ਨਹੀਂ, ਤੇਰੇ ਸਾਹਮਣੇ ਦੋ ਰਸਤੇ ਆ, ਇਕ ਤਾਂ ਖਾਈ ਚੱਲ ਛਿੱਤਰ ਦੂਜਾ ਕਿਸੇ ਦੀ ਮੱਦਦ ਲੈ।”
ਪ੍ਰੀਤੀ ਜੀਤੋ ਦੀ ਗੱਲ ਦਾ ਧਿਆਨ ਨਹੀਂ ਕਰਦੀ। ਉਸ ਨੂੰ ਆਪਣਾ ਵਸਿਆ ਵਸਾਇਆ ਘਰ ਚੰਗਾ ਲਗਦਾ ਹੈ। ਉਸ ਦੇ ਵਸਦੇ ਘਰ ਵਿਚ ਹੀ ਉਸ ਦੇ ਮਾਂ ਪਿਓ ਦੀ ਇਜ਼ਤ ਹੈ। ਕੁਝ ਸਮਾਂ ਪਹਿਲਾਂ ਉਹ ਸਿਸਟਰ ਇਨਹੈਂਡਜ਼ ਵਾਲੀ ਸੁਨੀਤਾ ਨਾਲ ਗੱਲ ਕਰਦੀ ਹੈ ਤਾਂ ਉਹ ਉਸ ਨੂੰ ਪੁਲੀਸ ਕੋਲ ਭੇਜਣ ਲਈ ਬਹੁਤ ਕਾਹਲੀ ਪੈ ਜਾਂਦੀ ਹੈ ਪਰ ਪੁਲੀਸ ਵਾਲਾ ਹੱਲ ਉਸ ਨੂੰ ਪਸੰਦ ਨਹੀਂ ਹੈ। ਗੁਰਨਾਮ ਨੂੰ ਉਸ ਦਾ ਸਿਸਟਰ ਇਨਹੈਂਡਜ਼ ਦੀ ਸੁਨੀਤਾ ਨਾਲ ਮਿਲਣਾ ਚੰਗਾ ਤਾਂ ਨਹੀਂ ਲਗਦਾ ਪਰ ਉਹ ਉਸ ਨੂੰ ਰੋਕਦਾ ਨਹੀਂ। ਅਸਲ ਵਿਚ ਗੁਰਨਾਮ ਉਸ ਨੂੰ ਕਿਸੇ ਗੱਲੋਂ ਵੀ ਨਹੀਂ ਰੋਕਿਆ ਕਰਦਾ ਬਸ ਉਸ ਨੂੰ ਉਸ ਦੀ ਐਕਟਿੰਗ ਵਾਲੀ ਗੱਲ ਪਸੰਦ ਨਹੀਂ ਹੈ।
ਗੁਰਨਾਮ ਪ੍ਰੀਤੀ ਉਪਰ ਹੱਥ ਤਾਂ ਪਹਿਲੇ ਦਿਨਾਂ ਵਿਚ ਹੀ ਚੁੱਕ ਲੈਂਦਾ ਹੈ ਜਦੋਂ ਪ੍ਰੀਤੀ ਐਕਟਿੰਗ ਨੂੰ ਕਿੱਤੇ ਵਜੋਂ ਅਪਣਾਉਣ ਲਈ ਆਖਦੀ ਹੈ। ਗੁਰਨਾਮ ਠਾਹ ਚੁਪੇੜ ਮਾਰਦੇ ਆਖਦਾ ਹੈ,
“ਮੈਨੂੰ ਵਾਈਫ ਚਾਹੀਦੀ ਐ ਕੰਜਰੀ ਨਹੀਂ।”
ਜਦੋਂ ਕਿ ਵਿਆਹ ਤੋਂ ਪਹਿਲਾਂ ਪ੍ਰੀਤੀ ਦੇ ਪਿਉ ਨੇ ਦੱਸਿਆ ਵੀ ਸੀ ਕਿ ਕੁੜੀ ਨੂੰ ਡਰਾਮੇ ਖੇਡਣ ਦਾ ਸ਼ੌਕ ਹੈ। ਗੁਰਨਾਮ ਚੁੱਪ ਰਿਹਾ ਸੀ। ਕੰਨ ਵਲੇਟ ਰੱਖੇ ਸਨ। ਦਹਾਜੂ ਹੋਣ ਕਰਕੇ ਡਰਦਾ ਸੀ ਕਿ ਪਤਾ ਨਹੀਂ ਵਿਆਹ ਹੋਵੇ ਵੀ ਕਿ ਨਾ, ਪ੍ਰੀਤੀ ਵਰਗੀ ਸੁਹਣੀ ਕੁੜੀ ਹੱਥੋਂ ਕਿਉਂ ਗੰਵਾਈ ਜਾਵੇ। ਉਹਨਾਂ ਦਿਨਾਂ ਵਿਚ ਪ੍ਰੀਤੀ ਇੰਗਲੈਂਡ ਵਿਚ ਨਵੀਂ ਸੀ। ਕੋਈ ਜਾਣੂ ਵੀ ਨਹੀਂ ਸੀ। ਇਸ ਲਈ ਚੁਪੇੜ ਖਾ ਕੇ ਚੁੱਪ ਕਰ ਗਈ ਸੀ ਤੇ ਆਪਣੇ ਸ਼ੌਕ ਨੂੰ ਭੁੱਲ ਗਈ ਸੀ। ਅੰਦਰ ਵੜ ਕੇ ਰੋ ਰੋ ਕੇ ਮਨ ਹਲਕਾ ਕਰ ਲਿਆ ਸੀ। ਫਿਰ ਮੀਨਾ ਆ ਗਈ, ਟੀਨਾ ਤੇ ਫਿਰ ਦੀਪੂ। ਇੰਨਾ ਚਿਰ ਪ੍ਰੀਤੀ ਨੇ ਐਕਟਿੰਗ ਕਰਨ ਦੀ ਕਦੇ ਗੱਲ ਨਹੀਂ ਸੀ ਕੀਤੀ।
ਘਰ ਵਿਚ ਵੈਸੇ ਦੇਸੀ ਮੈਗਜ਼ੀਨ ਆਦਿ ਆਉਂਦੇ ਰਹਿੰਦੇ ਹਨ ਜਿਹਨਾਂ ਵਿਚ ਅਜਿਹੀਆਂ ਮਸ਼ਹੂਰੀਆਂ ਹੁੰਦੀਆਂ ਹਨ ਕਿ ਕਿਸੇ ਡਰਾਮੇ ਜਾਂ ਫਿਲਮ ਲਈ ਨਵੇਂ ਚਿਹਰੇ ਲੋੜੀਂਦੇ ਹੁੰਦੇ ਹਨ ਜਾਂ ਫਿਰ ਕਿਸੇ ਐਕਟਿੰਗ ਸਕੂਲ ਵਿਚ ਭਰਤੀ ਖੁੱਲ੍ਹੀ ਹੁੰਦੀ ਹੈ। ਉਹ ਅਜਿਹੀਆਂ ਐਡਾਂ ਨੂੰ ਬੜੀਆਂ ਲਲਚਾਈਆਂ ਨਜ਼ਰਾਂ ਨਾਲ ਪੜ੍ਹਿਆ ਕਰਦੀ ਹੈ। ਐਕਟਿੰਗ ਦਾ ਕੀੜਾ ਉਸ ਦੇ ਦਿਮਾਗ ਵਿਚ ਤੇਜ਼ੀ ਨਾਲ ਘੁੰਮਣ ਲਗਦਾ ਹੈ। ਇਕ ਵਾਰ ਉਹ ਕਿਸੇ ਐਕਟਿੰਗ ਸਕੂਲ ਨੂੰ ਫੋਨ ਕਰ ਲੈਂਦੀ ਹੈ ਤੇ ਸਕੂਲ ਵਾਲੇ ਐਪਲੀਕੇਸ਼ਨ ਫਾਰਮ ਅਤੇ ਹੋਰ ਲਿਟਰੇਚਰ ਭੇਜ ਦਿੰਦੇ ਹਨ। ਗੁਰਨਾਮ ਨੂੰ ਪਤਾ ਚੱਲਦਾ ਹੈ ਤਾਂ ਉਹ ਫਿਰ ਪ੍ਰੀਤੀ ਨੂੰ ਕੁੱਟ ਦਿੰਦਾ ਹੈ। ਗਵਾਂਢਣ ਜੀਤੋ ਮਾਸੀ ਵੀ ਉਸ ਨੂੰ ਬਥੇਰਾ ਆਖਦੀ ਹੈ ਕਿ ਛੱਡ ਇਹ ਡਰਾਮਿਆਂ ਦੇ ਝੰਜਟ ਨੂੰ। ਜੇ ਗੁਰਨਾਮ ਨੂੰ ਡਰਾਮੇ ਚੰਗੇ ਨਹੀਂ ਲੱਗਦੇ ਤਾਂ ਨਾ ਇਹਨਾ ਬਾਰੇ ਸੋਚ ਤੇ ਨਾ ਬੇਇੱਜ਼ਤੀ ਕਰਾ। ਗੱਲ ਕਰਦੀ ਨਾਲ ਹੀ ਪੁਲਿਸ ਸੱਦਣ ਦੀ ਵੀ ਸਲਾਹ ਵੀ ਦੇ ਜਾਂਦੀ ਹੈ।
ਕਿਸੇ ਕੋਲੋਂ ਉਸ ਨੂੰ ਭੁਪਿੰਦਰ ਦੇ ਡਰਾਮੇ ਤਿਆਰ ਕਰਨ ਦਾ ਪਤਾ ਚਲਦਾ ਹੈ। ਉਹ ਸੋਚਦੀ ਹੈ ਕਿ ਦੇਖੇ ਤਾਂ ਸਹੀ ਕਿ ਇਥੇ ਡਰਾਮੇ ਕਿਵੇਂ ਤਿਆਰ ਕਰਵਾਏ ਜਾਂਦੇ ਹਨ। ਉਸ ਨੂੰ ਗੁਰਨਾਮ ਵਲੋਂ ਕੁੱਟਮਾਰ ਦਾ ਖਿਆਲ ਵੀ ਆਉਂਦਾ ਹੈ ਪਰ ਗੁਰਨਾਮ ਦੀ ਸ਼ਾਮ ਦੀ ਸਿ਼ਫਟ ਹੈ। ਦੋ ਵਜੇ ਕੰਮ ਤੇ ਲਗਦਾ ਹੈ ਤੇ ਦਸ ਵਜੇ ਛੱਡਦਾ ਹੈ। ਬੱਚੇ ਸੰਭਾਲਣ ਲਈ ਜੀਤੋ ਮਾਸੀ ਹੈ ਹੀ। ਮਾਸੀ ਹੀ ਹਰ ਦੁੱਖ ਸੁੱਖ ਵਿਚ ਉਸ ਨੂੰ ਮੋਢ੍ਹਾ ਦਿੰਦੀ ਹੈ। ਭੁਪਿੰਦਰ ਦੇ ਡਰਾਮੇ ਵਿਚ ਕੰਮ ਕਰਨ ਬਾਰੇ ਮਾਸੀ ਨਾਲ ਸਲਾਹ ਕਰਦੀ ਹੈ। ਮਾਸੀ ਗੁਰਨਾਮ ਦੇ ਭੈੜੇ ਸੁਭਾਅ ਬਾਰੇ ਚਿਤਾਵਨੀ ਦਿੰਦੀ ਉਸ ਨੂੰ ਉਤਸ਼ਾਹ ਦੇਣ ਲਗਦੀ ਹੈ। ਮਾਸੀ ਨੂੰ ਡਰਾਮਿਆਂ ਬਾਰੇ ਤਾਂ ਕੋਈ ਸਮਝ ਨਹੀਂ ਪਰ ਉਸ ਨੂੰ ਅੰਦਰੋ ਅੰਦਰ ਪ੍ਰੀਤੀ ਦਾ ਵਿਦਰੋਹ ਵਲ ਨੂੰ ਵਧਣਾ ਚੰਗਾ ਲਗਦਾ ਹੈ। ਮਾਸੀ ਦੇ ਆਪਣੇ ਬੱਚੇ ਸਾਰੇ ਵਿਆਹ ਕੇ ਆਪੋ ਆਪਣੇ ਘਰੀਂ ਜਾ ਚੁੱਕੇ ਹਨ। ਘਰ ਵਿਚ ਉਹ ਤੇ ਉਸ ਦਾ ਪਤੀ ਲੱਛੂ ਹੀ ਰਹਿੰਦੇ ਹਨ। ਲੱਛੂ ਪ੍ਰੀਤੀ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਪਰ ਬੱਚਿਆਂ ਦਾ ਮੋਹ ਕਰਦਾ ਹੈ। ਉਹਨਾਂ ਦਾ ਘਰ ਆਉਣਾ ਉਸ ਨੂੰ ਚੰਗਾ ਲਗਦਾ ਹੈ। ਜੀਤੋ ਆਪਣੇ ਪਤੀ ਨੂੰ ਇਹ ਨਹੀਂ ਦਸਦੀ ਕਿ ਪ੍ਰੀਤੀ ਡਰਾਮੇ ਖੇਡਣ ਦੇ ਚਕਰ ਵਿਚ ਹੈ।
ਭੁਪਿੰਦਰ ਕੋਲ ਜਾਣ ਵੇਲੇ ਪ੍ਰੀਤੀ ਕੁਝ ਵੀ ਸੋਚ ਸਕਣ ਤੋਂ ਅਸਮਰਥ ਹੈ। ਇਕ ਅਜੀਬ ਜਿਹਾ ਪਾਗਲਪਨ ਸਵਾਰ ਹੈ ਉਸ ਦੇ ਮਨ ਤੇ। ਉਹ ਸੋਚਦੀ ਰਹਿੰਦੀ ਹੈ ਕਿ ਉਹ ਆਪਣੇ ਇਰਾਦੇ ਦੀ ਬਹੁਤ ਮਜਬੂਤ ਹੈ। ਕਾਲਜ ਦੇ ਦਿਨਾਂ ਵਿਚ ਜਿਥੇ ਉਹ ਅੜ ਜਾਂਦੀ ਸੀ ਕੋਈ ਓਥੋਂ ਉਸ ਨੂੰ ਹਿਲਾ ਨਹੀਂ ਸੀ ਸਕਦਾ। ਕਈ ਵਾਰ ਨਾਲ ਦੇ ਵਿਦਿਅਰਥੀਆਂ ਨਾਲ ਉਸ ਦਾ ਪੰਗਾ ਪੈ ਜਾਇਆ ਕਰਦਾ ਸੀ। ਹੁਣ ਵੀ ਉਸ ਦਾ ਦਿਲ ਮੁੜ ਅਭਿਨਯ ਵਲ ਜਾਣ ਦਾ ਹੈ ਤਾਂ ਕੋਈ ਨਹੀਂ ਰੋਕ ਸਕਦਾ ਪਰ ਨਾਲ ਦੀ ਨਾਲ ਉਸ ਨੂੰ ਇਹ ਵੀ ਪਤਾ ਹੈ ਕਿ ਗੁਰਨਾਮ ਇਕ ਦਬਕਾ ਮਾਰੇਗਾ ਤੇ ਉਹ ਅਰਾਮ ਨਾਲ ਬੈਠ ਜਾਵੇਗੀ ਤੇ ਉਸ ਦੇ ਅਗੇ ਕੁਝ ਵੀ ਨਹੀਂ ਕਰ ਸਕੇਗੀ। ਉਹ ਇਹ ਵੀ ਨਹੀਂ ਸੋਚ ਰਹੀ ਕਿ ਇਕ ਦਿਨ ਤਾਂ ਗੁਰਨਾਮ ਨੂੰ ਪਤਾ ਚੱਲਣਾ ਹੀ ਹੈ। ਇਕ ਗੱਲ ਉਸ ਦੇ ਕਿਸੇ ਮਨ ਕਿਧਰੇ ਵਿਚ ਪਈ ਹੈ ਕਿ ਜਦ ਗੁਰਨਾਮ ਉਸ ਦਾ ਕੰਮ ਦੇਖੇਗਾ ਤਾਂ ਜ਼ਰੂਰ ਪਸੰਦ ਕਰੇਗਾ ਫਿਰ ਸਭ ਕੁਝ ਠੀਕ ਹੋ ਜਾਵੇਗਾ। ਇਕ ਗੱਲ ਹੋਰ ਵੀ ਉਸ ਦੇ ਮਨ ਵਿਚ ਹੈ ਜੋ ਸੁਨੀਤਾ ਵੀ ਕਹਿੰਦੀ ਹੈ ਤੇ ਮਾਸੀ ਜੀਤੋ ਵੀ ਕਿ ਗੁਰਨਾਮ ਨੂੰ ਪੁਲੀਸ ਦਾ ਡਰਾਵਾ ਦੇਵੇ ਜੋ ਕਿ ਅਜ ਤਕ ਉਸ ਨੇ ਨਹੀਂ ਦਿਤਾ। ਮਾਸੀ ਦੇ ਘਰੋਂ ਬਚਿਆਂ ਨੂੰ ਲੈ ਕੇ ਆਪਣੇ ਘਰ ਵੜਦੀ ਉਹ ਸੋਚਦੀ ਹੈ ਕਿ ਐਡਾ ਵੱਡਾ ਰਿਸਕ ਲੈ ਕੇ ਜਾਂਦੀ ਵੀ ਹੈ ਪਰ ਸਭ ਕੁਝ ਅਜਾਈਂ ਜਾਂਦਾ ਹੈ ਭੁਪਿੰਦਰ ਇੰਡੀਆ ਚਲੇ ਜਾਣ ਕਾਰਨ। ਵੈਸੇ ਉਸ ਨੂੰ ਭੁਪਿੰਦਰ ਦੇ ਕੰਮ ਕਰਨ ਦਾ ਤਰੀਕਾ ਬਹੁਤਾ ਚੰਗਾ ਵੀ ਨਹੀਂ ਲਗਦਾ। ਭੁਪਿੰਦਰ ਆਪਣੇ ਬਾਰੇ ਹੀ ਬਹੁਤਾ ਸੋਚਦਾ ਹੈ। ਉਸ ਨੂੰ ਬਾਕੀ ਟੀਮ ਦਾ ਬਹੁਤਾ ਫਿਕਰ ਨਹੀਂ ਹੈ। ਜਿੰਨੀ ਕੁ ਵਾਰ ਉਹ ਉਸ ਦੇ ਘਰ ਗਈ ਹੈ ਉਸ ਵਿਚ ਕੋਈ ਖਾਸ ਰਿਹਰਸਲ ਨਹੀਂ ਹੋ ਸਕੀ। ਉਸ ਨੇ ਗਿਣਤੀ ਦੇ ਵਾਰਤਾਲਾਪ ਹੀ ਬੋਲੇ ਹੋਣਗੇ ਪਰ ਉਸ ਨੂੰ ਇੰਨੇ ਕੁ ਨਾਲ ਹੀ ਅਥਾਹ ਤਸੱਲੀ ਮਿਲਦੀ ਹੈ। ਉਸ ਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਜਗਮੋਹਨ ਉਸ ਨੂੰ ਮੁੜ ਕੇ ਮਿਲਣ ਦਾ ਵਾਅਦਾ ਵੀ ਨਹੀਂ ਕਰ ਕੇ ਜਾਂਦਾ। ਨਾ ਟੈਲੀਫੋਨ ਨੰਬਰ ਨਾ ਕੁਝ ਹੋਰ। ਪਤਾ ਨਹੀਂ ਮਿਲਣ ਦਾ ਸਬੱਬ ਬਣੇ ਕਿ ਨਾ।
ਭੁਪਿੰਦਰ ਦੀ ਡਰਾਮਾ ਟੀਮ ਵਿਚ ਸ਼ਾਮਲ ਹੋਣ ਦੀ ਕੋਸਿ਼ਸ਼ ਉਸ ਦਾ ਹੌਸਲਾ ਵਧਾ ਦਿੰਦੀ ਹੈ। ਕੁਝ ਦੇਰ ਬਾਅਦ ਫਿਰ ਪ੍ਰੀਤੀ ਸੂਰਜ ਆਰਟਸ ਵਾਲਿਆਂ ਨਾਲ ਅਪਾਇੰਟਮੈਂਟ ਵੀ ਬਣਾ ਲੈਂਦੀ ਹੈ। ਉਹਨਾਂ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਕੋਈ ਰੋਲ ਦੇਣ। ਉਸ ਨੂੰ ਇਹ ਵੀ ਪਤਾ ਹੈ ਕਿ ਇਸ ਦਾ ਨਤੀਜਾ ਕੀ ਨਿਕਲੇਗਾ, ਫਿਰ ਵੀ ਖੁਦ ਨੂੰ ਰੋਕ ਨਹੀਂ ਸਕਦੀ। ਸੂਰਜ ਆਰਟਸ ਵਾਲੇ ਕਹਿੰਦੇ ਹਨ ਕਿ ਜਦ ਲੋੜ ਪਈ ਤਾਂ ਉਹ ਉਸ ਨੂੰ ਫੋਨ ਕਰਨਗੇ। ਸੂਰਜ ਆਰਟਸ ਵਾਲਿਆਂ ਨੂੰ ਲੋੜ ਪੈਂਦੀ ਹੈ ਤਾਂ ਉਹਨਾਂ ਪ੍ਰੀਤੀ ਨੂੰ ਫੋਨ ਕਰਦੇ ਹਨ। ਫੋਨ ਅਗਿਓਂ ਗੁਰਨਾਮ ਚੁੱਕ ਲੈਂਦਾ ਹੈ। ਫਿਰ ਉਹੋ ਕੁਝ ਹੁੰਦਾ ਹੈ ਜਿਸ ਦਾ ਡਰ ਹੈ। ਇਸ ਵਾਰ ਗੁਰਨਾਮ ਨੇ ਪ੍ਰੀਤੀ ਨੂੰ ਇੰਨਾ ਮਾਰਦਾ ਹੈ ਕਿ ਉਹ ਬਿਸਤਰ ਤੋਂ ਉਠਣ ਜੋਗੀ ਨਹੀਂ ਰਹਿੰਦੀ। ਇਸ ਮਾਰ ਦੌਰਾਨ ਹੀ ਵੱਡੀ ਕੁੜੀ ਪੁਲੀਸ ਨੂੰ ਫੋਨ ਕਰ ਦਿੰਦੀ ਹੈ। ਪੁਲੀਸ ਗੁਰਨਾਮ ਨੂੰ ਫੜ ਕੇ ਲੈ ਜਾਂਦੀ ਹੈ। ਪ੍ਰੀਤੀ ਜਾ ਕੇ ਸਿਸਟਰਜ਼ ਇਨਹੈਂਡਜ਼ ਦੀ ਸ਼ਰਣ ਲੈਂਦੀ ਹੈ। ਉਹ ਪ੍ਰੀਤੀ ਦਾ ਕੇਸ ਚੁੱਕ ਲੈਦੀਆਂ ਹਨ। ਉਹ ਪ੍ਰੀਤੀ ਨੂੰ ਹਸਪਤਾਲ ਲੈਜਾ ਕੇ ਗੁਰਨਾਮ ਦੇ ਖਿਲਾਫ ਕੇਸ ਨੂੰ ਵੱਡਾ ਕਰਨ ਦੀ ਕੋਸਿ਼ਸ਼ ਕਰਨ ਲਗਦੀਆਂ ਹਨ। ਗੁਰਨਾਮ ਦਾ ਇਹ ਪਹਿਲਾ ਕੇਸ ਹੋਣ ਕਰਕੇ ਉਸ ਨੂੰ ਕਚਹਿਰੀ ਵਲੋਂ ਕੁਝ ਜੁਰਮਾਨਾ ਤੇ ਤਾੜਨਾ ਹੋ ਜਾਂਦੀ ਹੈ ਤੇ ਨਾਲ ਹੀ ਘਰ ਤੋਂ ਸੌ ਗਜ਼ ਦੂਰ ਰਹਿਣ ਦਾ ਹੁਕਮ ਵੀ। ਸਿਸਟਰਜ਼ ਇਨਹੈਂਡਜ਼ ਇਸ ਕੇਸ ਨੂੰ ਮੀਡੀਏ ਰਾਹੀਂ ਵਾਹਵਾ ਉਛਾਲਦੀਆਂ ਹਨ। ਉਹ ਗੋਰਮਿੰਟ ਵਲੋਂ ਮਿਲਦੀ ਗਰਾਂਟ ਦੇ ਇਵਜ਼ ਵਿਚ ਦਿਖਾਉਣਾ ਚਾਹੁੰਦੀਆਂ ਹਨ ਕਿ ਉਹ ਬਹੁਤ ਕੰਮ ਕਰ ਰਹੀਆਂ ਹਨ। ਪ੍ਰੀਤੀ ਨੂੰ ਜਾਪਦਾ ਹੈ ਕਿ ਹੁਣ ਅਜ਼ਾਦ ਹੋ ਗਈ ਹੈ। ਇੰਡੀਆ ਵਿਚ ਬੈਠੇ ਮਾਂਪਿਓ ਨੂੰ ਉਹ ਆਪੇ ਹੀ ਹੌਲੀ ਹੌਲੀ ਸਮਝਾ ਲਵੇਗੀ।
ਚਲਦਾ...