ਸਾਊਥਾਲ (ਕਾਂਡ 55)

       ਪਾਲਾ ਸਿੰਘ ਨੂੰ ਤੜਕਸਾਰ ਜਾਗ ਆ ਜਾਂਦੀ ਹੈ। ਉਸ ਨੂੰ ਹਾਲੇ ਵੀ ਪੂਰਾ ਨਸ਼ਾ ਹੈ। ਕੱਲ ਉਹ ਜ਼ਿਆਦਾ ਪੀ ਗਿਆ ਸੀ। ਇੰਨੀ ਸ਼ਰਾਬ ਉਹ ਪੀਆ ਨਹੀਂ ਕਰਦਾ। ਉਹ ਦੇਖਦਾ ਹੈ ਕਿ ਉਸ ਉਪਰ ਕੰਬਲ ਦਿੱਤਾ ਹੋਇਆ ਹੈ। ਉਸ ਦੇ ਸਿਰ ਤੋਂ ਪੱਗ ਲਾਹ ਕੇ ਪਰਨਾ ਬੰਨ੍ਹਿਆ ਹੋਇਆ ਹੈ। ਪੈਰਾਂ ਵਿਚੋਂ ਜੁਰਾਬਾਂ ਤੱਕ ਉਤਾਰ ਦਿੱਤੀਆਂ ਹਨ। ਉਹ ਸੋਚਦਾ  ਕਿ ਮਨਿੰਦਰ ਲੇਟ ਘਰ ਆਈ ਹੋਵੇਗੀ। ਇਕ ਪਲ ਲਈ ਮਨਿੰਦਰ ਉਸ ਨੂੰ ਆਪਣੀ ਮਾਂ ਜਿਹੀ ਦਿੱਸਦੀ ਹੈ। ਉਹ ਕੰਬਲ ਉਤੇ ਹੱਥ ਫੇਰ ਕੇ ਦੇਖਦਾ ਹੈ ਤੇ ਮੁੜ ਸੌਣ ਦੀ ਕੋਸ਼ਿਸ਼ ਕਰਦਾ ਹੈ।
       ਦੋਨਾਂ ਮੁੰਡਿਆਂ ਦੇ ਜਾਣ ਤੋਂ ਬਾਅਦ ਮਨਿੰਦਰ ਉਸ ਦੇ ਬਹੁਤ ਨੇੜੇ ਆ ਜਾਂਦੀ ਹੈ। ਉਹ ਅਕਸਰ ਸੋਚਣ ਲੱਗਦਾ  ਕਿ ਧੀਆਂ ਤਾਂ ਪੁੱਤਰਾਂ ਤੋਂ ਵੱਧ ਮੋਹ ਕਰਦੀਆਂ ਹਨ ਤੇ ਧੀਆਂ ਨੂੰ ਆਪਣੇ ਫਰਜ਼ਾਂ ਦਾ ਵੀ ਜ਼ਿਆਦਾ ਪਤਾ ਹੁੰਦਾ ਹੈ। ਹੁਣ ਉਸ ਦੇ ਦੋਵੇਂ ਪੁੱਤ ਓਪਰੇ ਬਣ ਚੁੱਕੇ ਹਨ ਜਦ ਕਿ ਧੀ ਉਸ ਦੇ ਨਾਲ ਰਹਿੰਦੀ ਹੈ ਤੇ ਘਰ ਵਿਚ ਸੌ ਸਲਾਹਾਂ ਕਰਦੀ  ਪਰ ਗੁਰਦਿਆਲ ਸਿੰਘ ਆ ਕੇ ਉਸ ਦੀ ਜਿ਼ੰਦਗੀ ਨੂੰ ਉਲਟ ਪੁਲਟ ਕਰ ਜਾਂਦਾ ਹੈ। ਮੁੰਡਿਆਂ ਨੇ ਮਰਜ਼ੀ ਦੀਆਂ ਕੁੜੀਆਂ ਲੱਭ ਲਈਆਂ, ਘਰੋਂ ਚਲੇ ਗਏ ਪਰ ਕਿਸੇ ਸ਼ਰੀਕ ਨੇ ਮਿਹਣਾ ਨਹੀਂ ਮਾਰਿਆ। ਮਨਿੰਦਰ ਵੇਲੇ ਤਾਂ ਗੁਰਦਿਆਲ ਸਿੰਘ ਜਿਵੇਂ ਉਸ ਨੂੰ ਮੰਜੇ ਤੋਂ ਹੇਠਾਂ ਲਾਹ ਗਿਆ ਹੋਵੇ। ਉਹ ਮੁੜ ਕੇ ਸੌਣ ਦੀ ਕੋਸ਼ਿਸ਼ ਕਰਦਾ ਹੈ। ਮਨਿੰਦਰ ਉਠੇਗੀ ਤਾਂ ਉਸ ਨਾਲ ਗੱਲ ਕਰੇਗਾ। ਰਾਤ ਵਾਲਾ ਉਸ ਦਾ ਜੋਸ਼ ਠੰਡਾ ਪੈ ਚੁੱਕਾ ਹੈ।
       ਰਸੋਈ ਵਿਚ ਭਾਂਡਿਆਂ ਦੇ ਖੜਕਣ ਨਾਲ ਉਸ ਦੀ ਨੀਂਦ ਖੁੱਲਦੀ ਹੈ। ਉਹ ਕੰਬਲ ਨੂੰ ਇਕ ਪਾਸੇ ਰੱਖਦਾ ਉਠ ਖੜਦਾ ਹੈ। ਮਨਿੰਦਰ ਚਾਹ ਦਾ ਕੱਪ ਲਈ ਆਉਂਦੀ ਹੈ ਤੇ ਪੁੱਛਦੀ ਹੈ,
“ਕੀ ਗੱਲ ਐ ਡੈਡ ?... ਰਾਤੀਂ ਇਥੇ ਹੀ ਪੈ ਗਏ! ਏਨੀ ਕਿਉਂ ਪੀਣੀ ਸੀ ?”
       ਪਾਲਾ ਸਿੰਘ ਕੁਝ ਨਹੀਂ ਬੋਲਦਾ ਤੇ ਉਠ ਕੇ ਗੁਸਲ ਚਲੇ ਜਾਂਦਾ ਹੈ। ਗੁਸਲ ਤੋਂ ਵਿਹਲਾ ਹੋ ਕੇ ਚਾਹ ਪੀਣ ਲੱਗਦਾ ਹੈ। ਮਨਿੰਦਰ ਵੀ ਆਪਣੀ ਚਾਹ ਉਸ ਕੋਲ ਹੀ ਲੈ ਆਉਂਦੀ ਹੈ। ਪਾਲਾ ਸਿੰਘ ਕਹਿੰਦਾ ਹੈ,
“ਮਨਿੰਦਰ, ਸ਼ਾਮ ਨੂੰ ਜ਼ਰਾ ਜਲਦੀ ਆ ਜਾਵੀਂ, ਇਕ–ਦੋ ਗੱਲਾਂ ਕਰਨੀਆਂ।”
“ਐਨੀਥਿੰਗ ਸਪੈਸ਼ਲ ਡੈਡ ?”
“ਨਹੀਂ, ਕੋਈ ਸਪੈਸ਼ਲ ਨਹੀਂ।”
       ਉਹ ਮਨਿੰਦਰ ਵੱਲ ਅੱਖਾਂ ਮਿਲਾਏ ਬਿਨਾਂ ਆਖਦਾ ਹੈ। ਮਨਿੰਦਰ ਉਸ ਦਾ ਚਾਹ ਵਾਲਾ ਖਾਲੀ ਕੱਪ ਚੁੱਕਦੀ ਹੈ। ਰਸੋਈ ਵਿਚ ਰੱਖ ਕੇ ਤੁਰ ਜਾਂਦੀ ਹੈ। ਪਾਲਾ ਸਿੰਘ ਨੂੰ ਆਪਣੇ ਆਪ 'ਤੇ ਗੁੱਸਾ ਆ ਰਿਹਾ ਹੈ ਕਿ ਉਸ ਨੂੰ ਕੁਝ ਕਹਿ ਕਿਉਂ ਨਹੀਂ ਸਕਿਆ। ਉਹ ਗਾਰਡਨ ਵੱਲ ਦੇ ਦਰਵਾਜ਼ੇ ਮੁਹਰੇ ਡੱਠੀ ਕੁਰਸੀ ਉਪਰ ਜਾ ਬੈਠਦਾ ਹੈ। ਇਥੇ ਖੇਡ ਕੇ ਹੀ ਬਚਪਨ ਲੰਘਿਆ ਹੈ ਉਸ ਦੇ ਬੱਚਿਆਂ ਦਾ। ਮਨਿੰਦਰ ਦੀ ਟਰਾਈ–ਸਾਈਕਲ ਹਾਲੇ ਵੀ ਸ਼ੈੱਡ ਵਿਚ ਪਈ ਹੈ। ਫਿਰ ਉਹ ਮੁੱਛਾਂ ਉਪਰ ਹੱਥ ਫੇਰਦਾ ਉਠ ਖੜਦਾ ਹੈ। ਉਹ ਸੋਚਦਾ ਹੈ ਕਿ ਇਵੇਂ ਗੱਲ ਨਹੀਂ ਬਣਨੀ। ਲੋਕਾਂ ਦੇ ਮੂੰਹ ਬੈਠ ਕੇ ਬੰਦ ਨਹੀਂ ਹੋਣੇ। ਆਪਣੀ ਮੁੱਛ ਨੂੰ ਉਹ ਕਿਸੇ ਹਾਲਤ ਵਿਚ ਵੀ ਡਿੱਗਣ ਨਹੀਂ ਦੇਵੇਗਾ। ਉਹ ਲੌਂਜ ਦਾ ਇਕ ਗੇੜਾ ਕੱਢਦਾ ਹੈ। ਉਸ ਨੂੰ ਇਕ ਪਲ ਲਈ ਖਿਆਲ ਆਉਂਦਾ ਹੈ ਕਿ ਐਡੇ ਵੱਡੇ ਘਰ ਵਿਚ ਉਹ ਬਿਲਕੁਲ ਇਕੱਲਾ ਹੈ। ਉਹ ਉਸੇ ਪਲ ਸੋਚਦਾ ਹੈ ਕਿ ਉਹ ਇਕੱਲਾ ਜ਼ਰੂਰ ਹੈ ਪਰ ਇਕੱਲ ਦਾ ਮਾਰਿਆ ਹੋਇਆ ਨਹੀਂ ਹੈ। ਉਸ ਨੂੰ ਜੀਉਣਾ ਆਉਂਦਾ ਹੈ। ਉਹ ਜਿਥੇ ਵੀ ਬੈਠਦਾ ਹੈ ਲੋਕਾਂ ਦਾ ਮਜਮ੍ਹਾ ਜਿਹਾ ਲਾ ਸਕਦਾ ਹੈ। ਕਈ ਵਾਰ ਉਹ ਸੋਚਣ ਲੱਗਦਾ ਹੈ ਕਿ ਜਦ ਉਹ ਡਿੱਗ ਪਿਆ ਤੇ ਬ੍ਰਿਧ ਘਰ ਵਿਚ ਚਲੇ ਗਿਆ ਤਾਂ ਉਥੇ ਵੀ ਉਦਾਸ ਨਹੀਂ ਹੋਵੇਗਾ। ਜੇ ਜੇਲ੍ਹ ਵਿਚ ਵੀ ਹੋਇਆ ਤਾਂ ਕਿਸੇ ਤਰ੍ਹਾਂ ਵੀ ਘਬਰਾਵੇਗਾ ਨਹੀਂ।
       ਉਹ ਤਿਆਰ ਹੋ ਕੇ ਬਾਹਰ ਨਿਕਲਦਾ ਹੈ। ਗੁਰਦੁਆਰੇ ਜਾਂਦਾ ਹੈ। ਅੱਜ ਉਹ ਬਹੁਤ ਲੇਟ ਹੈ। ਵੈਸੇ ਤਾਂ ਉਹ ਗੁਰਦੁਆਰੇ ਲਗਾਤਾਰ ਨਹੀਂ ਜਾਂਦਾ ਪਰ ਜਦ ਜਾਵੇ ਤਾਂ ਤੜਕਸਾਰ ਹੀ ਮੱਥਾ ਟੇਕ ਆਉਂਦਾ ਹੈ। ਰਾਤ ਦੀ ਸ਼ਰਾਬ ਕਾਰਨ ਉਸ ਦਾ ਸਭ ਕੁਝ ਬੇਤਰਤੀਬ ਹੋ ਚੁੱਕਾ ਹੈ ਤੇ ਲੇਟ ਤਾਂ ਹੋਵੇਗਾ ਹੀ। ਗੁਰਦੁਆਰੇ ਉਸ ਨੂੰ ਸੁੱਚਾ ਸਿੰਘ ਮਿਲਦਾ  ਜਿਸ ਦੀ ਕੁੜੀ ਨੇ ਆਪਣੀ ਮਰਜ਼ੀ ਦਾ ਵਿਆਹ ਕਰਾਇਆ ਹੈ। ਉਹ ਸੋਚਦਾ ਹੇ ਕਿ ਜੇ ਸੁੱਚਾ ਸਿੰਘ ਉਵੇਂ ਦਾ ਉਵੇਂ ਤੁਰਿਆ ਫਿਰਦਾ ਰਹਿ ਸਕਦਾ ਹੈ ਤਾਂ ਉਸ ਨੂੰ ਕੀ ਕਸਰ ਹੈ। ਉਹ ਵੀ ਤਾਂ ਮਨਿੰਦਰ ਦੀ ਕੋਈ ਗਲਤੀ ਦਿਲ ਵਿਚ ਸਾਂਭ ਸਮਾਜ ਵਿਚ ਰਹਿ ਹੀ ਸਕਦਾ ਹੈ। ਸੁੱਚਾ ਸਿੰਘ ਉਸ ਨਾਲ ਹੱਥ ਮਿਲਾ ਕੇ ਅੱਗੇ ਲੰਘ ਜਾਂਦਾ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਸੁੱਚਾ ਸਿੰਘ ਦੇ ਹੱਥ ਵਿਚ ਨਿੱਘ ਨਹੀਂ ਹੈ ਤੇ ਉਸ ਨੇ ਉਸ ਨਾਲ ਅੱਖਾਂ ਵੀ ਨਹੀਂ ਮਿਲਾਈਆਂ। ਪਾਲਾ ਸਿੰਘ ਇਵੇਂ ਨਹੀਂ ਕਰ ਸਕੇਗਾ। ਅਜਿਹਾ ਕੁਝ ਵੀ ਬਰਦਾਸ਼ਤ ਨਹੀਂ ਕਰੇਗਾ ਜਿਸ ਕਰਕੇ ਉਹ ਕਿਸੇ ਨਾਲ ਅੱਖਾਂ ਨਾ ਮਿਲਾ ਸਕੇ।
       ਉਹ ਘੰਮਦਾ ਘਮਾਉਂਦਾ ਗੁਰਦਿਆਲ ਸਿੰਘ ਕੋਲ ਪਹੁੰਚਦਾ ਹੈ। ਗੁਰਦਿਆਲ ਸਿੰਘ ਦੀਆਂ ਅੱਖਾਂ ਵਿਚ ਸਵਾਲ ਹੈ। ਪਾਲਾ ਸਿੰਘ ਕਹਿੰਦਾ ਹੈ,
“ਹਾਲੇ ਗੱਲ ਨਹੀਂ ਹੋਈ ਮਨਿੰਦਰ ਨਾਲ। ਸਵੇਰੇ ਮਿਲੀ ਸੀ।”
“ਰਾਤੀਂ ਨਹੀਂ ਮਿਲੀ ?”
“ਮੈਂ ਜ਼ਿਆਦਾ ਪੀ ਗਿਆ ਸੀ, ਮੈਂ ਸਵੇਰੇ ਕਿਹਾ ਕਿ ਸ਼ਾਮੀਂ ਜਲਦੀ ਆਈਂ।”
       ਗੁਰਦਿਆਲ ਸਿੰਘ ਲੰਮਾ ਸਾਹ ਲੈਂਦਾ ਬੋਲਦਾ ਹੈ,
“ਪਿਆਰ ਨਾਲ ਸਮਝਾ ਤੇ ਡਰਾ ਵੀ। ਏਦਾਂ ਈ ਗੱਲ ਬਣ ਜਾਣੀ ਆਂ, ਕੁੜੀ ਨੇ ਓਸ ਮੁੰਡੇ ਦਾ ਖਹਿੜਾ ਛੱਡ ਦੇਣਾਂ। ਤੂੰ ਬਹੁਤੀਆਂ ਦੂਰ ਦੀਆਂ ਨਾ ਸੋਚ। ਤੂੰ ਤੱਤਾ ਬੰਦਾ ਐਂ, ਐਵੇਂ ਨਾ ਕੁਸ਼ ਕਰ ਬੈਠੀਂ।”
       ਪਾਲਾ ਸਿੰਘ ਜਵਾਬ ਵਿਚ ਕੁਝ ਨਹੀਂ ਕਹਿੰਦਾ। ਉਹ ਕੁਝ ਦੇਰ ਹੀ ਗੁਰਦਿਆਲ ਸਿੰਘ ਕੋਲ ਰੁਕਦਾ ਹੈ। ਘਰ ਆ ਕੇ ਖਾਣਾ ਤਿਆਰ ਕਰਦਾ ਹੈ। ਫਰੀਜ਼ਰ ਵਿਚੋਂ ਕੱਢ ਕੇ ਸਬਜ਼ੀ ਤੇ ਰੋਟੀਆਂ ਗਰਮ ਕਰ ਲੈਂਦਾ ਹੈ। ਉਹ ਜਲਦੀ ਜਲਦੀ ਹੱਥ ਮਾਰਦਾ ਖਾਣਾ ਖਾ ਰਿਹਾ ਹੈ ਜਿਵੇਂ ਕਿਧਰੇ ਛੇਤੀ ਜਾਣਾ ਹੋਵੇ। ਉਹ ਪੱਬ ਨੂੰ ਜਾਂਦਾ ਹੈ। ਇਕ ਪਾਸੇ ਬੈਠ ਕੇ ਦੋ ਗਲਾਸ ਪੀ ਕੇ ਮੁੜ ਆਉਂਦਾ ਹੈ। ਉਹ ਸ਼ੁਕਰ ਮਨਾਉਂਦਾ ਹੈ ਕਿ ਪੱਬ ਵਿਚ ਕੋਈ ਵਾਕਿਫ ਨਹੀਂ ਮਿਲਿਆ। ਪੱਬ ਤੋਂ ਵਾਪਸ ਘਰ ਮੁੜਦਾ ਉਹ ਵਿਸਕੀ ਦੀ ਵੱਡੀ ਬੋਤਲ ਫੜ ਲਿਆਉਂਦਾ ਹੈ। ਉਸ ਨੂੰ ਪਤਾ ਹੈ ਕਿ ਅੱਜ ਧਿਆਨ ਨਾਲ ਪੀਣੀ  ਕਿਉਂਕਿ ਮਨਿੰਦਰ ਨਾਲ ਗੱਲ ਵੀ ਕਰਨੀ ਹੈ।
      ਮਨਿੰਦਰ ਘਰ ਆਉਂਦੀ ਹੈ। ਬਾਥਰੂਮ ਜਾ ਕੇ ਉਹ ਪਾਲਾ ਸਿੰਘ ਕੋਲ ਆ ਬੈਠਦੀ ਹੈ। ਪਾਲਾ ਸਿੰਘ ਕਹਿਣ ਲੱਗਦਾ ਹੈ,
“ਮਨਿੰਦਰ, ਤੇਰੀ ਮਾਂ ਨਹੀਂ ਰਹੀ ਏਸ ਕਰਕੇ ਕਈ ਗੱਲਾਂ ਮੈਨੂੰ ਈ ਤੇਰੇ ਨਾਲ ਕਰਨੀਆਂ ਪੈਂਦੀਆਂ।”
“ਡੈਡ, ਕੀ ਹੋਇਆ, ਵਾਏ ਯੂ ਅਪਸੈੱਟ? ਕਿਸੇ ਨੇ ਕਿਹਾ ਕੁਸ਼?”
“ਮਨਿੰਦਰ ਮੈਨੂੰ ਪਤਾ ਚੱਲਿਐ ਕਿ ਕੋਈ ਪਾਕਿਸਤਾਨੀ ਮੁੰਡਾ ਤੇਰਾ ਬੁਆਏ ਫਰਿੰਡ ਐ।”
“ਕੌਣ ਕਹਿੰਦਾ ਡੈਡ? ਇਹ ਝੂਠ ਐ। ਇਟ'ਜ਼ ਬਲੱਡੀ ਲਾਈ।”
“ਤੇਰੀ ਸਾਰੀ ਖਬਰ ਮੈਨੂੰ ਮਿਲਦੀ ਰਹਿੰਦੀ ਐ, ਸਾਡੀ ਫੈਮਲੀ ਵਿਚ ਬੁਆਏ ਫਰਿੰਡ ਅਲਾਓ ਨਹੀਂ ਹੋ ਸਕਦਾ।”
“ਡੈਡ, ਮੇਰੇ ਨਾਲ ਇੰਨੇ ਮੁੰਡੇ ਪੜ੍ਹਦੇ ਆ, ਜੇ ਕੋਈ ਮੇਰੇ ਨਾਲ ਹੈਲੋ ਕਰ ਲਵੇ ਤਾਂ ਮੇਰਾ ਬੁਆਏ ਫਰਿੰਡ ਹੋ ਗਿਆ ? ਡੈਡ ਤੈਨੂੰ ਕਿਸੇ ਨੇ ਲਾਈ ਕੀਤਾ।”
“ਇੰਨਾ ਤਾਂ ਮੈਨੂੰ ਪਤਾ ਐ ਪਰ ਓਸ ਮੁੰਡੇ ਖਾਤਰ ਕਿੰਨੀਆਂ ਲੜਾਈਆਂ ਹੋਈਆਂ, ਤੈਨੂੰ ਪੰਜਾਬੀ ਮੁੰਡਿਆਂ ਨੇ ਰੋਕਿਆ ਵੀ, ਤੂੰ ਨਹੀਂ ਰੁਕੀ ਤਾਂ ਗੱਲ ਮੇਰੇ ਤੱਕ ਪਹੁੰਚੀ ਐ, ਸ਼ਿਵਰਾਜ ਦੀ ਵਾਈਫ ਨੇ ਵੀ ਤੈਨੂੰ ਸਮਝਾਇਆ ਸੀ। ਮੈਂ ਤਾਂ ਐਂਡ ਵਿਚ ਆਪਣੀ ਗੱਲ ਕਰ ਰਿਹਾਂ।”
       ਹੁਣ ਮਨਿੰਦਰ ਚੁੱਪ ਹੈ ਤੇ ਹੇਠਾਂ ਨੂੰ ਦੇਖਦੀ ਜਾ ਰਹੀ ਹੈ। ਪਾਲਾ ਸਿੰਘ ਵਿਚ ਹੁਣ ਗੱਲ ਕਰਨ ਦਾ ਹੌਸਲਾ ਵੱਧ ਚੁੱਕਾ ਹੈ। ਉਹ ਕਹਿੰਦਾ ਹੈ,
“ਮਨਿੰਦਰ, ਤੇਰੀ ਮਾਂ ਵਾਲੇ ਲਾਡ ਤਾਂ ਮੇਰੇ ਕੋਲ ਹੈ ਨਹੀਂ। ਮੈਂ ਤਾਂ ਸਿੱਧੀ ਤੇ ਆਖਰੀ ਗੱਲ ਕਰੂੰ, ਇਸ ਕੰਮ ਨੂੰ ਏਥੇ ਹੀ ਦੱਬ ਦੇ, ਪੜ੍ਹਾਈ ਖਤਮ ਕਰ ਤੇ ਫੇਰ ਤੇਰਾ ਵਿਆਹ ਕਰ ਦੇਈਏ, ਜੇ ਤੇਰੀ ਨਜ਼ਰ ਵਿਚ ਆਪਣੇ ਮੁਲਕ ਤੇ ਆਪਣੀ ਜਾਤ ਦਾ ਮੁੰਡਾ ਹੋਇਆ ਤਾਂ ਮੈਨੂੰ ਮਾਈਂਡ ਨਹੀਂ ਪਰ ਆਹ ਪਾਕਿਸਤਾਨੀ ਨਹੀਂ ਚੱਲਣਾ।”
       ਉਹ ਇਕ ਮਿੰਟ ਲਈ ਚੁੱਪ ਕਰਦਾ ਹੈ ਕਿ ਜੇ ਮਨਿੰਦਰ ਨੇ ਕੁਝ ਕਹਿਣਾ ਹੋਵੇ ਤਾਂ ਕਹਿ ਲਵੇ। ਮਨਿੰਦਰ ਹਾਲੇ ਵੀ ਖਾਮੋਸ਼ ਹੈ। ਪਾਲਾ ਸਿੰਘ ਫਿਰ ਕਹਿਣ ਲੱਗਦਾ ਹੈ,
“ਤੈਨੂੰ ਪਤਾ ਸਾਧੂ ਸੂੰਹ ਮੇਰਾ ਦੋਸਤ ਸੀ, ਸੁੱਖੀ ਦਾ ਪਿਓ, ਜੇ ਮੈਨੂੰ ਵੀ ਉਹਦੇ ਵਾਲੇ ਰਾਹ ਤੁਰਨਾ ਪਿਆ ਤਾਂ ਮੈਨੂੰ ਮਾਈਂਡ ਨਹੀਂ, ਪਰ ਮੈਂ ਤੈਨੂੰ ਇਕ ਚਾਂਸ ਦਿੰਨਾ ਕਿ ਸਭ ਕੁਝ ਇਥੇ ਹੀ  ਬੰਦ ਕਰ ਦੇ।”
       ਮਨਿੰਦਰ ਰੋਣ ਲੱਗਦੀ ਹੈ। ਪਾਲਾ ਸਿੰਘ ਫਿਰ ਕਹਿੰਦਾ ਹੈ,
“ਇਹ ਗੱਲ ਮੈਂ ਪੂਰੇ ਹੋਸ਼ ਹਵਾਸ ਨਾਲ ਤੇ ਸੀਰੀਅਸਲੀ ਕਹਿ ਰਿਹਾਂ, ਮੈਂ ਤੈਨੂੰ ਏਸ ਰਾਹ ਕਦੇ ਨਹੀਂ ਤੁਰਨ ਦੇ ਸਕਦਾ, ਮੇਰੀ ਜ਼ਿੱਦ ਦਾ ਤੈਨੂੰ ਪਤਾ ਈ ਐ।”
       ਮਨਿੰਦਰ ਹਾਲੇ ਵੀ ਰੋ ਰਹੀ ਹੈ। ਪਾਲਾ ਸਿੰਘ ਫਿਰ ਬੋਲਦਾ ਹੈ,
“ਹੁਣ ਤੂੰ ਜਾਹ ਤੇ ਮੇਰੀ ਗੱਲ ਭੁੱਲੀਂ ਨਾ, ਗੁਡ ਗਰਲ ਬਣ ਕੇ ਰਹਿ।”
       ਮਨਿੰਦਰ ਉਠ ਕੇ ਆਪਣੇ ਕਮਰੇ ਵਿਚ ਚਲੇ ਜਾਂਦੀ ਹੈ।
       ਪਾਲਾ ਸਿੰਘ ਟੈਲੀ ਮੁਹਰੇ ਬੈਠਾ ਰਹਿੰਦਾ ਹੈ। ਉਸ ਤੋਂ ਹੋਰ ਡਰਿੰਕ ਪੀਤੀ ਨਹੀਂ ਜਾਂਦੀ ਤੇ ਅੰਤ ਕੁਝ ਖਾਧੇ ਪੀਤੇ ਬਿਨਾਂ ਉਹ ਵੀ ਜਾ ਕੇ ਸੌਂ ਜਾਂਦਾ ਹੈ। ਸਵੇਰੇ ਉਠਦਾ ਹੈ। ਘੜੀ ਦੇਖਦਾ ਹੈ। ਮਨਿੰਦਰ ਵੀ ਜਾਣ ਵਾਲੀ ਹੋਵੇਗੀ। ਉਸ ਨੂੰ ਘਰ ਵਿਚ ਕੋਈ ਹਿਲਜੁਲ ਨਹੀਂ ਸੁਣ ਰਹੀ। ਸੋਚਦਾ ਹੈ ਕਿ ਕਿਤੇ ਮਨਿੰਦਰ ਸੁੱਤੀ ਹੀ ਨਾ ਰਹਿ ਜਾਵੇ। ਉਹ ਮਨਿੰਦਰ ਦਾ ਦਰਵਾਜ਼ਾ ਖੜਕਾਉਣ ਜਾਂਦਾ ਹੈ ਪਰ ਉਸ ਦਾ ਦਰਵਾਜ਼ਾ ਸਪਾਟ ਖੁੱਲ੍ਹਾ ਪਿਆ ਹੈ। ਕਮਰਾ ਖਾਲੀ ਪਿਆ ਹੈ। ਮੋਟਾ ਮੋਟਾ ਸਮਾਨ ਕਮਰੇ ਵਿਚੋਂ ਗਾਇਬ ਹੈ। ਪਾਲਾ ਸਿੰਘ ਘਬਰਾਉਣ ਲੱਗਦਾ ਹੈ। ਹੇਠਾਂ ਪੋਰਚ ਵਿਚ ਆ ਕੇ ਦੇਖਦਾ ਹੈ। ਮਨਿੰਦਰ ਦੇ ਸਾਰੇ ਸ਼ੂਅ ਵੀ ਉਥੇ ਨਹੀਂ ਹਨ। ਉਹ ਬੁੜਬੁੜਾਉਂਦਾ ਕਹਿੰਦਾ ਹੈ – ਇਹ ਕੁੜੀ ਮੈਨੂੰ ਸਾਧੂ ਸੂੰਹ ਬਣਾ ਕੇ ਈ ਹਟੇਗੀ।

ਚਲਦਾ...