ਸਾਊਥਾਲ (ਕਾਂਡ 54)

       ਜਗਮੋਹਣ ਬਹੁਤ ਦਿਨਾਂ ਤੱਕ ਗਰੇਵਾਲ ਨੂੰ ਮਿਲ ਨਹੀਂ ਸਕਦਾ। ਉਹ ਸਮਾਜਿਕ ਜਿਹੇ ਕੰਮਾਂ ਵਿਚ ਫਸਿਆ ਰਿਹਾ ਹੈ। ਬਲਰਾਮ ਦਾ ਵਿਆਹ ਹੈ। ਫਿਰ ਉਸ ਦੇ ਰਿਸ਼ਤੇਦਾਰੀ ਵਿਚ ਕਾਵੈਂਟਰੀ ਵਿਚ ਵੀ ਵਿਆਹ ਆ ਜਾਂਦਾ ਹੈ। ਤੇ ਫਿਰ ਸਤਿੰਦਰ ਦਾ ਵਿਆਹ ਵੀ ਹੈ। ਇਨ੍ਹਾਂ ਸਭ ਤੋਂ ਉਪਰ ਬਲਰਾਮ ਦੀ ਪਤਨੀ ਦਾ ਛੱਡ ਜਾਣਾ ਉਸ ਉਪਰ ਆਪਣਾ ਵਧੇਰੇ ਪ੍ਰਭਾਵ ਛੱਡ ਜਾਂਦਾ ਹੈ। ਇਸ ਵਿਸ਼ੇ ਬਾਰੇ ਉਸ ਦਾ ਗੱਲ ਕਰਨ ਨੂੰ ਵੀ ਦਿਲ ਨਹੀਂ ਕਰਦਾ ਬਲਕਿ ਉਦਾਸ ਜਿਹਾ ਰਹਿਣ ਲਗਦਾ ਹੈ। ਮਨਦੀਪ ਕਹਿੰਦੀ ਹੈ,
“ਜੇਹਦੀ ਵਾਈਫ ਛੱਡ ਗਈ ਉਹ ਸ਼ਾਇਦ ਏਨਾ ਦੁਖੀ ਨਾ ਹੋਵੇ।”
“ਮੈਂ ਕਿਹੜਾ ਦੁਖੀ ਆਂ।”
“ਸੋਚੀ ਤਾਂ ਜਾਂਦੇ ਓ ਜਿੱਦਾਂ ਤੁਹਾਡੀ ਈ ਚਲੇ ਗਈ ਹੋਵੇ !”
“ਜੇ ਮੇਰੀ ਚਲੇ ਗਈ ਮੈਂ ਤਾਂ ਓਦਾਂ ਈ ਮਰ ਜਾਊਂ।”
       ਉਹ ਕਹਿੰਦਾ  ਤੇ ਮਨਦੀਪ ਖੁਸ਼ ਹੋ ਜਾਂਦੀ ਹੈ। ਉਹ ਆਖਦੀ ਹੈ,
“ਤੁਹਾਨੂੰ ਚੁੜੇਲਾਂ ਈ ਨਹੀਂ ਚੁੰਬੜਦੀਆਂ ਭੂਤ ਵੀ ਚੁੰਬੜਦੇ ਆ।”
“ਬਸ ਇਹ ਮਨ ਸੈਂਸਟਿਵ ਜਿਉਂ ਹੋਇਆ। ਸੁੱਖੀ ਮਰੇ ਤਾਂ ਉਹਦੇ ਨਾਲ ਹੋ ਜਾਂਦੈ, ਬੌਬੀ ਆਵੇ ਤਾਂ ਬੌਬੀ ਨਾਲ, ਪ੍ਰੀਤੀ ਪੰਗੇ ਵਿਚ ਪਵੇ ਤੇ ਉਹਦੇ ਨਾਲ, ਮਨਿੰਦਰ ਨੂੰ ਕੁਸ਼ ਹੋਵੇ ਤਾਂ...।”
       ਕਹਿੰਦਾ ਕਹਿੰਦਾ ਉਹ ਰੁਕ ਜਾਂਦਾ ਹੈ। ਮਨਦੀਪ ਕਹਿੰਦੀ ਹੈ,
“ਏਹ ਨਵੀਂ ਬਿਮਾਰੀ ਨਾ ਸਹੇੜ ਲਿਓ, ਜੇ ਉਹਨੇ ਪਾਕਿਸਤਾਨੀ ਬੁਆਏ ਫਰਿੰਡ ਰੱਖਿਆ ਹੋਇਆ ਤਾਂ ਸਾਨੂੰ ਕੀ ?”
“ਤੈਨੂੰ ਵੀ ਪਤੈ ?”
“ਸਾਰੀ ਦੁਨੀਆ ਨੂੰ ਪਤੈ, ਤੁਹਾਨੂੰ ਭਾਵੇਂ ਲੇਟ ਖਬਰ ਮਿਲੀ ਹੋਵੇ, ਹੁਣ ਉਠੋ ਮੂਡ ਠੀਕ ਕਰੋ ਤੇ ਨਾਲੇ ਗਰੇਵਾਲ ਭਾਜੀ ਦਾ ਕਈ ਵਾਰ ਫੋਨ ਆਇਆ।”
       ਉਹ ਉਸੇ ਵਕਤ ਹੀ ਗਰੇਵਾਲ ਨੂੰ ਫੋਨ ਕਰਦਾ ਹੈ ਤੇ ਸ਼ਾਮ ਨੂੰ ਉਸ ਦੇ ਘਰ ਚਲੇ ਜਾਂਦਾ ਹੈ। ਗਰੇਵਾਲ ਮਸੋਸਿਆ ਬੈਠਾ ਹੈ। ਉਹ ਪੁੱਛਦਾ ਹੈ,
“ਸਰ ਜੀ, ਠੀਕ ਓ ? ਏਨਾ ਡਾਊਨ ਤਾਂ ਮੈਂ ਤੁਹਾਨੂੰ ਕਦੇ ਨਹੀਂ ਦੇਖਿਆ !”
“ਤੂੰ ਕਿਹੜੀ ਮੇਰੀ ਖਬਰ ਲੈਨਾਂ !.. ਮੈਂ ਮਰਾਂ, ਖਪਾਂ, ਤੈਨੂੰ ਕੀ !”
“ਸਰ ਜੀ! ਸਰ ਜੀ! ਮੈਂ ਸਦਕੇ ਜਾਵਾਂ, ਮੈਂ ਭਲਾ ਤੁਹਾਡੇ ਤੋਂ ਬੇਮੁਖ ਹੋ ਸਕਦਾਂ। ਮੈਂ ਤਾਂ ਫੋਨ ਨਹੀਂ ਕੀਤਾ ਕਿ ਓਸ ਦਿਨ ਈਲਿੰਗ ਬ੍ਰਾਡਵੇਅ ਉਪਰ ਤੁਹਾਡੇ ਨਾਲ ਮੈਂ ਦੇਸੀ ਕੁੜੀ ਦੇਖੀ ਸੀ।”
“ਅੱਛਾ ਉਹ !.. ਉਹ ਗੁਰਬੰਸ ਸੀ।”
“ਸਹੇਲੀ ਸੀ ?”
“ਹਾਂ, ਐਵੇਂ ਆਰਜ਼ੀ ਜਿਹੀ।”
“ਵੈਸੇ ਤਾਂ ਬਹੁਤ ਸੁਹਣੀ ਐ, ਮੈਂ ਤਾਂ ਉਸ ਦਿਨ ਧਿਆਨ ਨਾਲ ਦੇਖੀ ਐ।”
“ਹਾਂ, ਓਸ ਦਿਨ ਮੱਲੋਮੱਲੀ ਘਰ ਨੂੰ ਲੈ ਗਈ, ਈਲਿੰਗ ਵਿਚ ਬੜਾ ਵੱਡਾ ਘਰ ਐ ਓਹਦਾ। ਦੋ ਜੁਆਕ ਐ ਟੀਨ ਏਜ ਜਿਹੇ। ਆਦਮੀ ਛੱਡਿਆ ਹੋਇਐ, ਸਾਡੇ ਕਾਲਜ ਈ ਪੜ੍ਹਾਉਂਦੀ ਐ।”
“ਫੇਰ ਰਿਲੇਸ਼ਨ ਅੱਗੇ ਵੀ ਵਧੇ।”
“ਇਕ ਰਾਤ ਵਿਚ ਅੱਗੇ ਕੀ ਵਧਣੇ ਸੀ। ਸਵੇਰੇ ਮੈਂ ਉਠਿਆ ਤਾਂ ਦਰਵਾਜ਼ਾ ਛਪੱਟ ਖੁੱਲ੍ਹਾ ਪਿਆ ਸੀ। ਮੈਂ ਗੁਰਬੰਸ ਨੂੰ ਜਗਾਇਆ ਤਾਂ ਕਹਿਣ ਲੱਗੀ ਕਿ ਡੌਂਟ ਵੱਰੀ ਮੇਰੇ ਬੱਚੇ ਸਭ ਸਮਝਦੇ ਆ। ਫੇਰ ਬੋਲੀ ਕਿ ਦਰਵਾਜ਼ਾ ਤਾਂ ਮੈਂ ਜਾਣਬੁੱਝ ਕੇ ਖੁੱਲ੍ਹਾ ਛੱਡਿਆ ਸੀ ਕਿ ਮੇਰੇ ਬੱਚੇ ਮੈਨੂੰ ਮਿਹਣੇ ਮਾਰਦੇ ਰਹਿੰਦੇ ਆ ਕਿ ਮੰਮੀ ਹੁਣ ਸੈਕਸ ਤੇਰੇ ਵੱਸ ਦਾ ਨਹੀਂ।”
       ਕਹਿੰਦਾ ਗਰੇਵਾਲ ਹੱਸਣ ਲੱਗਦਾ ਹੈ। ਹੁਣ ਉਹ ਚਹਿਕ ਰਿਹਾ ਹੈ। ਜਗਮੋਹਣ ਪੁੱਛਦਾ ਹੈ,
“ਸਰ ਜੀ, ਮੈਡਮ ਸ਼ੀਲਾ ਸਪੈਰੋ ਦੀ ਕੋਈ ਖਬਰ ?”
       ਗਰੇਵਾਲ ਨੇ ਹੁਣ ਸ਼ੀਲਾ ਵਾਲੀ ਸਾਰੀ ਕਹਾਣੀ ਉਸ ਨੂੰ ਦੱਸ ਰੱਖੀ ਹੈ। ਉਹ ਕਹਿੰਦਾ ਹੈ,
“ਉਹ ਤਾਂ ਹਾਲੇ ਨਰਾਜ਼ ਈ ਚੱਲੀ ਆਉਂਦੀ ਐ, ਉਦੋਂ ਸਪੌਂਸਰ ਕਰ ਨਹੀਂ ਹੋਇਆ ਤੇ ਹਾਲੇ ਤੱਕ ਔਖੀ ਐ।”
“ਸਰ ਜੀ, ਐਤਕੀਂ ਸਾਰੀ ਗੱਲ ਮੇਰੇ 'ਤੇ ਛੱਡ ਦਿਓ। ਮੈਂ ਸਾਰੀ ਗੱਲ ਕਾਮਰੇਡ ਇਕਬਾਲ ਨਾਲ ਕਰ ਲਈ ਐ, ਉਹ ਵੀ ਮੈਡਮ ਨੂੰ ਚੰਗੀ ਤਰ੍ਹਾਂ ਜਾਣਦੈ।”
“ਜਾਣਨ ਨੂੰ ਤਾਂ ਉਹਨੂੰ ਸਾਰੇ ਜਾਣਦੇ ਆ ਪਰ ਜਦੋਂ ਇਨ੍ਹਾਂ ਇੰਡੀਆ ਤੋਂ ਕਿਸੇ ਨੂੰ ਸੱਦਣਾ ਹੁੰਦੈ ਤਾਂ ਆਪਣੇ ਜਾਣਕਾਰਾਂ ਨੂੰ ਈ ਬੁਲਾਉਂਦੇ ਆ ਜਾਂ ਫੇਰ ਜਿਨ੍ਹਾਂ ਤੋਂ ਇਨ੍ਹਾਂ ਨੂੰ ਕੋਈ ਫਾਇਦਾ ਹੋਵੇ।”
“ਇਕਬਾਲ ਵੀ ਇਹੋ ਗੱਲ ਦੱਸਦੈ। ਉਹ ਇਹ ਵੀ ਦੱਸਦੈ ਕਿ ਇੰਡੀਆ ਤੋਂ ਆਉਣ ਵਾਲੇ ਲੇਖਕ ਵੀ ਆਪਣੀਆਂ ਸ਼ਿਸ਼ਤਾਂ ਲਾ ਕੇ ਬੈਠੇ ਹੁੰਦੇ ਆ, ਮੈਡਮ ਦੇ ਕੰਮ ਦੀ ਮੇਰੀ ਜ਼ਿੰਮੇਵਾਰੀ ਰਹੀ।”
       ਗਰੇਵਾਲ ਲੰਮਾ ਸਾਹ ਲੈਂਦਾ ਕਹਿੰਦਾ ਹੈ,
“ਪਤਾ ਨਹੀਂ ਇਸ ਸਟੇਜ 'ਤੇ ਆ ਕੇ ਸਾਥੀ ਦੀ ਲੋੜ ਕਿਉਂ ਮਹਿਸੂਸ ਹੋਣ ਲੱਗੀ ਐ।”
“ਹੋ ਜਾਏਗਾ ਇਹ ਇੰਤਜ਼ਾਮ ਵੀ, ਤੁਸੀਂ ਹੋਰ ਕੋਈ ਗੱਲ ਕਰੋ।”
       ਜਗਮੋਹਣ ਕਹਿੰਦਾ ਹੈ। ਉਸ ਨੂੰ ਗਰੇਵਾਲ ਦਾ ਢਹਿੰਦੀ ਕਲਾ ਵਿਚ ਜਾਣਾ ਚੰਗਾ ਨਹੀਂ ਲੱਗ ਰਿਹਾ। ਉਸ ਤੋਂ ਤਾਂ ਉਹ ਆਪ ਕਿੰਨਾ ਕੁਝ ਸਿੱਖਿਆ ਕਰਦਾ ਹੈ। ਉਹ ਕਹਿੰਦਾ ਹੈ,
“ਸਰ ਜੀ, ਸਾਊਥਾਲ ਦਾ ਗੇੜਾ ਲਾਈਏ ?.. ਕੁਝ ਨਵੀਆਂ ਚੀਜ਼ਾਂ ਆਈਆਂ ਇਥੇ ਅਟਰੈਕਸ਼ਨ ਵਾਲੀਆਂ।”
“ਅੱਛਾ ! ਉਹ ਕਿਹੜੀਆਂ ?”
“ਹੁਣ ਗੇਅ ਪਰੋਸਟੀਚੂਟ ਵੀ ਸੜਕਾਂ 'ਤੇ ਖੜ ਕੇ ਗਾਹਕਾਂ ਦੀ ਭਾਲ ਕਰਨ ਲੱਗੇ ਆ।”
       ਕਹਿੰਦਾ ਜਗਮੋਹਣ ਹੱਸਦਾ  ਤੇ ਗਰੇਵਾਲ ਵੀ। ਉਹ ਕਹਿੰਦਾ ਹੈ,
“ਲਿਆ ਪਹਿਲਾਂ ਇਕ ਸਿਗਰਟ ਪਿਲਾ।”
       ਆਪੋ ਆਪਣੀਆਂ ਸਿਗਰਟਾਂ ਮੁਕਾ ਕੇ ਉਹ ਸਾਊਥਾਲ ਬ੍ਰੌਡਵੇਅ ਵਲ ਨੂੰ ਨਿਕਲ ਜਾਂਦੇ ਹਨ। ਗਰੇਵਾਲ ਨਾਲ ਬ੍ਰੌਡਵੇਅ ਦਾ ਚਕਰ ਲਗਾਉਣਾ ਉਸ ਨੂੰ ਚੰਗਾ ਲਗਦਾ ਹੈ। ਹੁਣ ਜਗਮੋਹਣ ਅਕਸਰ ਤ੍ਰਿਕਾਲਾਂ ਵੇਲੇ ਗਰੇਵਾਲ ਦੇ ਘਰ ਦਾ ਗੇੜਾ ਮਾਰਨ ਚਲੇ ਜਾਂਦਾ ਹੈ। ਉਹ ਬਰਾਡਵੇਅ ‘ਤੇ ਚਲੇ ਤਾਂ ਜਾਂਦੇ ਹਨ ਪਰ ਗਰੇਵਾਲ ਇੰਪੋਰੀਅਮ ਵਲ ਨੂੰ ਉਸ ਵਕਤ ਹੀ ਨਿਕਲਦੇ ਹਨ ਜਦ ਉਹ ਬੰਦ ਹੋਵੇ। ਜਗਮੋਹਨ ਨੂੰ ਸੁਖੀ ਦੇ ਕਤਲ ਵਾਲੀ ਜਗਾਹ ਹੁਣ ਤੰਗ ਨਹੀਂ ਕਰਦੀ। ਗਰੇਵਾਲ ਦੇ ਘਰ ਜਾਣ ਤੋਂ ਪਹਿਲਾਂ ਉਹ ਕਦੇ ਫੋਨ ਵੀ ਨਹੀਂ ਕਰਦਾ, ਉਸ ਨੂੰ ਪਤਾ ਹੈ ਕਿ ਬਹਤੀ ਵਾਰ ਉਹ ਘਰ ਹੀ ਹੁੰਦਾ ਹੈ। ਰਿਟਾਇਰਮੈਂਟ ਤੋਂ ਬਾਅਦ ਗਰੇਵਾਲ ਬਹੁਤਾ ਸਮਾਂ ਘਰ ਹੀ ਕਿਤਾਬਾਂ ਪੜਦਾ ਬਤੀਤ ਕਰਦਾ ਹੈ ਪਰ ਹੁਣ ਹੋਰ ਵੀ ਇਕੱਲਾ ਮਹਿਸੂਸ ਕਰਦਾ ਹੈ। ਸ਼ੀਲਾ ਸਪੈਰੋ ਉਸ ਲਈ ਵੱਡੀ ਆਸ ਹੈ ਉਸ ਨੂੰ ਲੱਗਦਾ ਹੈ ਕਿ ਉਹ ਹੁਣ ਨਹੀਂ ਆਵੇਗੀ। ਜੇ ਕਦੇ ਆਈ ਵੀ ਤਾਂ ਜਲਦੀ ਵਾਪਸ ਮੁੜ ਜਾਵੇਗੀ। ਉਸ ਦਾ ਆਪਣਾ ਘਰ ਇੰਡੀਆ ਵਿਚ ਹੈ ਹੀ। ਇਥੇ ਗਰੇਵਾਲ ਦਾ ਘਰ ਨਹੀਂ ਵਸਾ ਸਕੇਗੀ। ਜੇ ਆ ਕੇ ਮੁੜ ਜਾਂਦੀ ਹੈ ਤਾਂ ਗਰੇਵਾਲ ਹੋਰ ਵੀ ਇਕੱਲਾ ਹੋ ਜਾਵੇਗਾ। ਅਣਗਿਣਤ ਕਿਸਮ ਦੇ ਵਿਚਾਰ ਉਸ ਦੇ ਮਨ ਵਿਚ ਆਉਂਦੇ ਜਾਂਦੇ ਰਹਿੰਦੇ ਹਨ।
       ਗਰੇਵਾਲ ਤੇ ਜਗਮੋਹਨ ਇਕੱਠੇ ਹੁੰਦੇ ਹਨ ਤਾਂ ਉਹਨਾਂ ਦੀਆਂ ਗੱਲਾਂ ਨਹੀਂ ਮੁਕਦੀਆਂ। ਹਰ ਵਿਸ਼ੇ ਤੇ ਹੀ ਉਹਨਾਂ ਦੀ ਗੱਲਬਾਤ ਚਲਦੀ ਰਹਿੰਦੀ ਹੈ। ਪ੍ਰੀਤੀ ਦੀਆਂ ਤੇ ਮਨਿੰਦਰ ਦੀਆਂ ਗੱਲਾਂ ਤਾਂ ਉਹ ਕਰਦੇ ਹੀ ਰਹਿੰਦੇ ਹਨ। ਹੋਰ ਵੀ ਸਾਊਥਾਲ ਵਿਚ ਇੰਨਾ ਕੁਝ ਵਾਪਰਦਾ ਹੈ। ਨਵੇਂ ਗੁਰਦੁਆਰੇ ਲਈ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਹਰ ਧਰਮ ਆਪੋ ਆਪਣਾ ਜਲੂਸ ਸਾਊਥਾਲ ਵਿਚ ਕੱਢਣਾ ਚਾਹੁੰਦਾ ਹੈ। ਗੈਂਗ ਆਪਸ ਵਿਚ ਲੜਾਈਆਂ ਕਰਦੇ ਹਨ। ਨਸਲਵਾਦੀ ਘਟਨਾਵਾਂ ਵੱਧ ਰਹੀਆਂ ਹਨ। ਏਸ਼ੀਅਨ ਲੋਕ ਨਸਲੀ ਹਮਲਿਆਂ ਦੀ ਬਹੁਤੀ ਵਾਰ ਰਿਪੋਰਟ ਵੀ ਦਰਜ ਨਹੀਂ ਕਰਾਉਂਦੇ। ਸਾਊਥਾਲ ਵਿਚ ਡਰੱਗ ਦਾ ਧੰਦਾ ਜ਼ੋਰਾਂ 'ਤੇ ਹੈ। ਲੋਕਾਂ ਨੇ ਪੁਲਿਸ ਤੇ ਹੋਰ ਸਰਕਾਰੀ ਮਹਿਕਮਿਆਂ ਨੂੰ ਰਿਸ਼ਵਤ ਦੇਣੀ ਸ਼ੁਰੂ ਕਰ ਦਿੱਤੀ ਹੈ। ਬਰਤਾਨਵੀ ਸਿਆਸਤ ਵਿਚ ਉਤਰਾਅ ਚੜਾਅ ਆ ਰਹੇ ਹਨ। ਦੇਸੀ ਲੋਕਾਂ ਵਿਚ ਲੇਬਰ ਪਾਰਟੀ ਹਾਲੇ ਵੀ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਹੈ ਭਾਵੇਂ ਨਵੇਂ ਅਮੀਰ ਹੋਏ ਲੋਕ ਟੋਰੀ ਪਾਰਟੀ ਵਲ ਝੁਕ ਰਹੇ ਹਨ। ਇਹਨਾਂ ਵਿਸਿ਼ਆਂ ਨਾਲੋਂ ਉਹ ਸਭ ਤੋਂ ਵਧ ਗੱਲਾਂ ਗਿਆਨ ਇੰਦਰ ਬਾਰੇ ਕਰਦੇ ਹਨ। ਉਸ ਦੇ ਕਤਲ ਦੇ ਕਾਰਨ ਹਾਲੇ ਤਕ ਨਹੀਂ ਲੱਭੇ। ਰਿਟਾਇਰ ਹੋਣ ਤੋਂ ਬਾਅਦ ਗਰੇਵਾਲ ਆਪਣੇ ਕਾਲਜ ਨੂੰ ਬਹੁਤ ਚੇਤੇ ਕਰਦਾ ਰਹਿੰਦਾ ਹੈ। ਉਸ ਨੂੰ ਗਿਲਾ ਹੈ ਕਿ ਉਸ ਦੇ ਪੁਰਾਣੇ ਸਹਿਕਾਮੇ ਹੁਣ ਉਸ ਨਾਲ ਪਹਿਲਾਂ ਵਰਗੀ ਗਰਮਜੋਸ਼ੀ ਨਾਲ ਨਹੀਂ ਮਿਲਦੇ। ਫੋਨ ਤਾਂ ਹੁਣ ਬਹੁਤ ਘੱਟ ਆਉਂਦੇ ਹਨ।
       ਪੰਜਾਬੀ ਲੋਕਾਂ ਵਿਚ ਗਰੇਵਾਲ ਬਾਰੇ ਇਹ ਗਲ ਪ੍ਰਚੱਲਤ ਹੈ ਕਿ ਉਹ ਇਕੱਲਾ ਰਹਿ ਕੇ ਖੁਸ਼ ਹੈ। ਇਸੇ ਕਰਕੇ ਗੁਰਚਰਨ ਜਗਮੋਹਨ ਨੂੰ ਕਹਿਣ ਲੱਗਦਾ ਹੈ,
“ਓਸ ਲੋਨਰ ਨਾਲ ਤੇਰੀ ਕਿੱਦਾਂ ਬਣ ਜਾਂਦੀ ਐ?”
“ਮੇਰੀ ਤਾਂ ਕਿਸੇ ਨਾਲ ਵੀ ਬਣ ਜਾਂਦੀ ਐ।”
       ਇਕ ਦਿਨ ਜਗਮੋਹਨ ਕਾਮਰੇਡ ਇਕਬਾਲ ਨੂੰ ਮਿਲਦਾ ਹੈ। ਪੁੱਛਦਾ ਹੈ,
“ਕਦੋਂ ਐ ਕਾਮਰੇਡ, ਤੁਹਾਡਾ ਫੰਕਸ਼ਨ ?”
“ਜੂਨ ਵਿਚ, ਬਹੁਤ ਵੱਡੀ ਪੱਧਰ ਦਾ ਮੁਸ਼ਾਇਰਾ ਕਰਾ ਰਹੇ ਆਂ, ਇੰਡੀਆ ਤੇ ਪਾਕਿਸਤਾਨ ਤੋਂ ਸ਼ਾਇਰ ਪਹੁੰਚ ਰਹੇ ਆ।”
“ਸਾਡੀ ਮੈਡਮ ਨੂੰ ਸੱਦੋਂਗੇ ?”
“ਕਿਹਨੂੰ ? ਸ਼ੀਲਾ ਸਪੈਰੋ ਨੂੰ ?... ਕਿਉਂ ਨਹੀਂ ਸੱਦਾਂਗੇ। ਸਗੋਂ ਅਸੀਂ ਸੱਦੇ ਭੇਜਣੇ ਸ਼ੁਰੂ ਕੀਤੇ ਹੋਏ ਆ, ਉਨ੍ਹਾਂ ਨੇ ਵੀਜ਼ੇ ਲੈਣੇ ਹੁੰਦੇ ਆ ਤੇ ਹੋਰ ਤਿਆਰੀ ਵੀ ਕਰਨੀ ਹੁੰਦੀ ਆ।”
“ਸ਼ੀਲਾ ਸਪੈਰੋ ਨੂੰ ਵੀ ਭੇਜ ਛੱਡੋ।”
“ਅੱਜ ਈ ਸਭਾ ਵਿਚ ਗੱਲ ਕਰਦੇ ਆਂ ਤੇ ਤੇਰਾ ਕੰਮ ਹੋ ਜਾਊ ਪਰ ਇਕ ਗੱਲ ਦਸ ਬਈ ਤੂੰ ਸ਼ੀਲਾ ਸਪੈਰੋ ਨੂੰ ਕਿੱਦਾਂ ਜਾਣਦੈਂ।”
“ਮੈਂ ਓਹਦੀ ਕਵਿਤਾ ਪੜ੍ਹਦਾ ਹੁੰਨਾ।”
“ਅੱਛਾ! ਫੇਰ ਤੂੰ ਸਾਡੇ ਮੁਸ਼ਾਇਰਿਆਂ ਵਿਚ ਕਿਉਂ ਨਈਂ ਆਉਂਦਾ।”
“ਸੱਦੋਂਗੇ ਤੇ ਆਵਾਂਗਾ।”
“ਲੈ, ਫੇਰ ਐਤਕੀਂ ਹੁਣੇ ਤੋਂ ਸੱਦਾ ਸਮਝ।”
“ਤੁਸੀਂ ਸ਼ੀਲਾ ਸਪੈਰੋ ਨੂੰ ਸਦੋਂਗੇ ਤਾਂ ਮੈਂ ਵੀ ਆ ਜਾਊਂ।”
“ਇਹ ਹੁਣ ਤੂੰ ਮੇਰੇ ਤੇ ਛੱਡ ਦੇ, ਉਹ ਵੱਡੀ ਸ਼ਾਇਰਾ ਐ, ਉਹਦੀ ਹਾਜ਼ਰੀ ਨਾਲ ਤਾਂ ਸਾਨੂੰ ਵੀ ਫਾਇਦਾ ਹੋਣੈਂ।”
       ਜਗਮੋਹਣ ਉਸ ਦਾ ਧੰਨਵਾਦ ਕਰਦਾ ਹੈ। ਮਨ ਹੀ ਮਨ ਹੱਸਦਾ ਵੀ ਹੈ ਕਿ ਕਵਿਤਾ ਪੜ੍ਹਨ ਬਾਰੇ ਉਹ ਕਿੰਨੀ ਸਫਾਈ ਨਾਲ ਝੂਠ ਬੋਲ ਗਿਆ ਹੈ।
       ਸ਼ੀਲਾ ਸਪੈਰੋ ਨੂੰ ਫੰਕਸ਼ਨ ਦਾ ਸੱਦਾ ਪੱਤਰ ਚਲੇ ਜਾਂਦਾ ਹੈ ਤੇ ਨਾਲ ਹੀ ਗਰੇਵਾਲ ਇਕ ਸਪੌਂਸਰਸ਼ਿੱਪ ਲੈਟਰ ਵੀ ਭੇਜਦਾ ਹੈ। ਗਰੇਵਾਲ ਤੇ ਸ਼ੀਲਾ ਵਿਚਕਾਰ ਫੋਨ ਉਪਰ ਲਗਾਤਾਰ ਗੱਲਬਾਤ ਹੋਣ ਲਗਦੀ ਹੈ। ਉਹ ਉਸ ਨੂੰ ਵੀਜ਼ਾ ਮਿਲਣ ਦੀ ਉਡੀਕ ਬੜੀ ਬੇਸਬਰੀ ਨਾਲ ਕਰਦਾ ਹੈ। ਵੀਜ਼ਾ ਅਫਸਰ ਨਾਲ ਹੋਣ ਵਾਲੇ ਸਵਾਲ ਜਵਾਬ ਬਾਰੇ ਸਲਾਹਾਂ ਦਿੰਦਾ ਹੈ। ਉਹ ਜਗਮੋਹਨ ਨੂੰ ਆਖਦਾ ਹੈ,
“ਇੰਨੀ ਤਿਆਰੀ ਕੀਤੀ ਐ ਹੁਣ ਵੀਜ਼ਾ ਮਿਲ ਵੀ ਜਾਵੇ।”
“ਸਰ ਜੀ, ਮਿਲ ਜਾਣੈ ਤੁਸੀਂ ਐਵੇਂ ਵੱਰੀ ਨਾ ਕਰੋ, ਤੁਸੀਂ ਇਹ ਦੇਖੋ ਕਿ ਹਨੀਮੂਨ ਕਿਥੇ ਮਨਾਉਣੈਂ।”
“ਹਨੀਮੂਨ ਵਾਲੀਆਂ ਗੱਲਾਂ ਹੁਣ ਨਹੀਂ ਰਹੀਆਂ, ਏਸ ਉਮਰ ਵਿਚ ਤਾਂ ਇਕ ਦੂਜੇ ਦੀ ਹਾਜ਼ਰੀ ਈ ਬਹੁਤ ਹੁੰਦੀ ਐ”
“ਅਜ ਕਲ ਤਾਂ ਇਕ ਗੋਲੀ ਨਿਕਲੀ ਐ ਦਸਦੇ ਆ ਕਿ ਬਹੁਤ ਕਾਰਗਰ ਐ।”
“ਮੇਰੇ ਵਰਗੇ ਬਲੱਡ ਪ੍ਰੈਸ਼ਰ ਦੇ ਮਰੀਜ਼ ਲਈ ਉਹ ਗੋਲੀ ਖਤਰਨਾਕ ਐ।”
“ਕੋਈ ਦੇਸੀ ਦਵਾ ਲਭ ਲਵਾਂਗੇ।”
“ਇਹ ਸਲਾਹਾਂ ਰਹਿਣ ਦੇ, ਮੈਨੂੰ ਤਾਂ ਇਹ ਐ ਕਿ ਉਹਦਾ ਨੱਕ ਥੋੜਾ ਜਿਹਾ ਉਚਾ ਐ ਤੇ ਮੇਰੇ ਘਰ ਬਹੁਤੀ ਸਫਾਈ ਨਹੀਂ ਜੇ ਉਹ ਇਥੇ ਰਹਿਣ ਨੂੰ ਨਾ ਮੰਨੀ ਤਾਂ ਉਸ ਦੇ ਰਹਿਣ ਦਾ ਕਿਤੇ ਇੰਤਜ਼ਾਮ ਕਰਨਾ ਪਵੇਗਾ।”
“ਮੰਨੇਗੀ ਕਿਉਂ ਨਹੀਂ, ਘਰ ਦੀ ਸਫਾਈ ਦੀ ਗੱਲ ਮੇਰੇ ਤੇ ਛੱਡ ਦਿਓ, ਤੇ ਜੇ ਕੋਈ ਹੋਰ ਗੱਲ ਹੋਵੇ ਵੀ ਤਾਂ ਸਾਡੇ ਵੱਲ ਠਹਿਰਾ ਦੇਵਾਂਗੇ ਪਰ ਤੁਸੀਂ ਕਿਸੇ ਕਿਸਮ ਦਾ ਪ੍ਰੈਸ਼ਰ ਨਾ ਲਓ, ਆਪਣੀ ਸਿਹਤ ਦਾ ਧਿਆਨ ਰੱਖੋ, ਤੁਹਾਡੀ ਸਿਹਤ ਹੁਣ ਮੈਡਮ ਸ਼ੀਲਾ ਸਪੈਰੋ ਦੀ ਅਮਾਨਤ ਐ।”
       ਸ਼ੀਲਾ ਨੂੰ ਵੀਜ਼ਾ ਮਿਲ ਜਾਂਦਾ ਹੈ। ਗਰੇਵਾਲ ਹਰ ਰੋਜ਼ ਸ਼ੀਲਾ ਨੂੰ ਫੋਨ ਕਰਦਾ ਹੈ ਤੇ ਪਤਾ ਕਰਦਾ ਰਹਿੰਦਾ ਹੈ  ਉਸ ਦੇ ਆਉਣ ਦੀ ਤਿਆਰੀ ਕਿਸ ਪੜਾਅ ‘ਤੇ ਹੈ। ਜਿਸ ਫੰਕਸ਼ਨ 'ਤੇ ਉਸ ਨੇ ਆਉਣਾ ਹੈ ਉਹ ਤਾਂ ਹਾਲੇ ਅਗਲੇ ਮਹੀਨੇ ਹੈ ਪਰ ਗਰੇਵਾਲ ਚਾਹੁੰਦਾ ਹੈ ਕਿ ਸ਼ੀਲਾ ਜਲਦੀ ਆ ਜਾਵੇ। ਉਹ ਅਜੀਬ ਜਿਹੇ ਚਾਅ ਵਿਚ ਹੈ। ਕਈ ਵਾਰ ਉਹ ਸ਼ੀਲਾ ਬਾਰੇ ਸੋਚਦਾ ਸੋਚਦਾ ਬਹੁਤ ੳਤੇਜਤ ਹੋ ਜਾਂਦਾ ਹੈ।
       ਇਕ ਸ਼ਾਮ ਜਗਮੋਹਣ ਗਰੇਵਾਲ ਦੇ ਘਰ ਜਾਂਦਾ ਹੈ। ਗਰੇਵਾਲ ਘਰ ਨਹੀਂ ਹੈ ਪਰ ਉਸ ਦੀ ਕਾਰ ਖੜੀ ਹੈ। ਦੂਜੇ ਦਿਨ ਵੀ ਜਾਂਦਾ ਹੈ। ਘੰਟੀ ਖੜਕਾਉਂਦਾ ਹੈ ਪਰ ਕੋਈ ਉਤਰ ਨਹੀਂ ਆਉਂਦਾ, ਅੰਦਰੋਂ ਕਿਸੇ ਕਿਸਮ ਦੀ ਬਿੜਕ ਵੀ ਨਹੀਂ ਆ ਰਹੀ। ਉਸ ਨੂੰ ਲੱਗਦਾ ਹੈ ਕਿ ਜ਼ਰੂਰ ਗਰੇਵਾਲ ਕਿਸੇ ਲੰਮੇ ਸਫਰ 'ਤੇ ਨਿਕਲ ਗਿਆ ਹੋਵੇਗਾ। ਭਾਵੇਂ ਹੁਣ ਉਹ ਘੁੰਮ ਘੁੰਮ ਕੇ ਅੱਕ ਚੁੱਕਾ ਹੈ ਪਰ ਇਨਸਾਨ ਦੇ ਮਨ ਦਾ ਕੀ ਪਤਾ। ਉਹ ਮਨ ਹੀ ਮਨ ਹੱਸਦਾ ਸੋਚ ਰਿਹਾ ਹੈ ਕਿ ਸ਼ਾਇਦ ਸ਼ਾਇਦ ਸਰ ਜੀ ਮੈਡਮ ਨੂੰ ਲੈਣ ਇੰਡੀਆ ਹੀ ਚਲੇ ਗਏ ਹੋਣ।
       ਸ਼ਾਮ ਨੂੰ ਇਕਬਾਲ ਦਾ ਫੋਨ ਆਉਂਦਾ ਹੈ। ਪੁੱਛਦਾ ਹੈ,
“ਕਿਥੇ ਐ ਬਈ ਤੇਰਾ ਗਰੇਵਾਲ ?”
“ਕਿਧਰੇ ਗਿਆ ਲੱਗਦੈ ਹੈ। ਕਿਉਂ, ਤੁਹਾਨੂੰ  ਕੀ ਲੋੜ ਪੈ ਗਈ ਗਰੇਵਾਲ ਦੀ ?”
“ਅਸੀਂ ਉਹਦੇ ਤੋਂ ਕਿਹੜੇ ਨਾਹਰੇ ਲਗਵਾਉਣੇ ਆਂ। ਇਹ ਤਾਂ ਸ਼ੀਲਾ ਸਪੈਰੋ ਦਾ ਕੱਲ੍ਹ ਦਾ ਫੋਨ ਆਈ ਜਾਂਦੈ।”
“ਕੀ ਕਹਿੰਦੀ ਐ ਉਹ ?”
“ਉਹਨੇ ਆਉਣਾ ਬਈ ਤੇ ਗਰੇਵਾਲ ਨੇ ਫੋਨ ਚੁੱਕਣਾ ਈ ਬੰਦ ਕਰ 'ਤਾ।”
“ਗਰੇਵਾਲ ਨੂੰ ਪਤਾ ਨਹੀਂ ਹੋਣਾ।”
“ਉਹ ਕਹਿੰਦੀ ਕਿ ਗਰੇਵਾਲ ਨੂੰ ਉਹਨੇ ਫਲਾਈਟ ਨੰਬਰ ਤੇ ਟਾਈਮ ਲਿਖਵਾਇਆ ਹੋਇਐ।”
       ਜਗਮੋਹਣ ਸੋਚਦਾ ਹੈ ਕਿ ਕਿਧਰੇ ਕੁਝ ਗਲਤ ਹੈ। ਕਿਤੇ ਗਰੇਵਾਲ ਅੰਦਰ ਹੀ ਨਾ ਹੋਵੇ ਤੇ ਦਰਵਾਜ਼ਾ ਖੋਲ੍ਹਣ ਜੋਗਾ ਨਾ ਹੋਵੇ। ਉਸ ਨੂੰ ਚਿੰਤਾ ਹੋ ਜਾਂਦੀ ਹੈ। ਉਹ ਭੱਜਦਾ ਹੋਇਆ ਗਰੇਵਾਲ ਇੰਪੋਰੀਅਮ ਵਿਚ ਜਾਂਦਾ ਹੈ। ਗਰੇਵਾਲ ਦੇ ਭਰਾਵਾਂ ਨਾਲ ਗੱਲ ਕਰਦਾ ਹੈ। ਉਹ ਆ ਕੇ ਦਰਵਾਜ਼ਾ ਤੋੜਦੇ ਹਨ। ਗਰੇਵਾਲ ਸੈਟੀ ਉਪਰ ਲਾਸ਼ ਵਾਂਗ ਪਿਆ ਹੈ। ਨਬਜ਼ ਚੱਲ ਰਹੀ ਹੈ।  

ਬਾਕੀ ਅਗਲੇ ਹਫ਼ਤੇ...