Showing posts with label ਕਾਂਡ 2. Show all posts
Showing posts with label ਕਾਂਡ 2. Show all posts

ਸਾਊਥਾਲ (ਕਾਂਡ 2)

ਉਹ ਟਰੇਨਰ ਕੱਸਦਾ ਹੋਇਆ ਬਾਹਰ ਨਿਕਲਦਾ ਹੈ। ਜੇਬ ਉਪਰ ਹੱਥ ਮਾਰਦਾ ਹੈ। ਸਿਗਰਟਾਂ ਦੀ ਡੱਬੀ ਤੇ ਲਾਈਟਰ ਉਹ ਭੁੱਲਿਆ ਨਹੀਂ। ਕੁਝ ਕੁ ਪੌਂਡ ਵੀ ਦੂਜੀ ਜੇਬ ਵਿਚ ਹੈਨ। ਅੱਠ ਵੱਜੇ ਹਨ ਪਰ ਹਾਲੇ ਸੂਰਜ ਕਾਫੀ ਖੜਾ ਹੈ। ਘਰੋਂ ਨਿਕਲਦਾ ਹੀ ਉਹ ਦੌੜਨ ਲੱਗਦਾ ਹੈ। ਹੇਜ਼ ਨੂੰ ਜਾਂਦਾ ਨਹਿਰ ਦਾ ਪੁਲ ਟੱਪਦਾ ਹੇਜ਼ ਵੁੱਡਜ਼ ਵਿਚ ਜਾ ਵੜਦਾ ਹੈ। ਇਹ ਛੋਟਾ ਜਿਹਾ ਜੰਗਲ ਸੈਰ ਕਰਨ ਵਾਲਿਆਂ ਲਈ ਹੀ ਰਾਖਵਾਂ ਰੱਖਿਆ ਹੋਇਆ ਹੈ। ਇਹ ਕੁਝ ਕੁ ਸੰਘਣਾ ਹੈ ਕਿ ਜੌਗਿੰਗ ਵਾਲਿਆਂ ਨੂੰ ਇਹ ਬਹੁਤਾ ਸੂਤ ਨਹੀਂ ਬੈਠਦਾ ਪਰ ਉਹ ਹੱਥਾਂ ਨਾਲ ਟਾਹਣੀ ਇਧਰ ਉਧਰ ਕਰਦਾ ਭੱਜ ਰਿਹਾ ਹੈ। ਇਸ ਵੇਲੇ ਬਹੁਤੇ ਲੋਕ ਇਧਰ ਨਹੀਂ ਹਨ ਨਹੀਂ ਤਾਂ ਭੀੜੀ ਜਿਹੀ ਪਗਡੰਡੀ ਵਿਚ ਤੁਰਦੇ ਲੋਕਾਂ ਨੂੰ ਪਾਰ ਕਰਨਾ ਔਖਾ ਹੋ ਜਾਂਦਾ ਹੈ। ਇਨ੍ਹਾਂ ਝਾੜੀਆਂ ਜਿਹਨਾਂ ਨੂੰ ਸਥਾਨਕ ਲੋਕ ਵੁਡਜ਼ ਆਖਦੇ ਹਨ ਵਿਚ ਦੀ ਜੌਗਿੰਗ ਕਰਨਾ ਉਸ ਨੂੰ ਇਸ ਲਈ ਵੀ ਚੰਗਾ ਲੱਗਦਾ ਹੈ ਕਿ ਅੱਗੇ ਜਾ ਕੇ ਨਹਿਰ ਕੰਢੇ ਪੱਬ ਹੈ ਜਿਸ ਦੀ ਲਾਗਰ ਉਸ ਨੂੰ ਬਹੁਤ ਪਸੰਦ ਹੈ।
ਇਕ ਪਾਸੇ ਇਕ ਰੁੱਖ ਦੇ ਪੈਰਾਂ ਵਿਚ ਕੋਈ ਲਾਲ ਜਿਹੀ ਚੀਜ਼ ਪਈ ਹੈ। ਨਜ਼ਰੀਂ ਪੈਂਦਿਆਂ ਉਹ ਇਕਦਮ ਰੁਕ ਜਾਂਦਾ ਹੈ। ਕੀ ਹੋਇਆ ਇਹ। ਸ਼ਾਇਦ ਕਿਸੇ ਦਾ ਟੌਪ, ਕਮੀਜ਼ ਜਾਂ ਸਵੈਟਰ। ਇੰਨੇ ਤੇਜ਼ ਰੰਗ ਤਾਂ ਔਰਤਾਂ ਹੀ ਪਹਿਨਦੀਆਂ ਹਨ। ਸੁੱਖੀ ਵੀ ਲਾਲ ਰੰਗ ਦਾ ਟੌਪ ਹੀ ਪਹਿਨਦੀ ਸੀ। ਉਹ ਇਕਦਮ ਭੱਜ ਪੈਂਦਾ ਹੈ। ਇੰਨਾ ਤੇਜ਼ ਕਿ ਸਾਹੋ ਸਾਹ ਹੋ ਜਾਂਦਾ ਹੈ। ਮਿੰਟਾਂ ਵਿਚ ਹੀ ਪੱਬ ਕੋਲ ਜਾ ਪੁੱਜਦਾ ਹੈ। ਫਿਰ ਰੁਕ ਕੇ, ਕੋਡਾ ਹੋ ਕੇ ਹੱਥ ਆਪਣੇ ਪੱਟਾਂ ਤੇ ਰੱਖਦਾ ਹੈ। ਸਾਹ ਨਾਲ ਸਾਹ ਰਲਣ ਲੱਗਦਾ ਹੈ। ਉਹ ਮੁੜ ਸਿੱਧਾ ਹੋ ਕੇ ਡੱਬੀ ਜੇਬ ਵਿਚੋਂ ਕੱਢਦਾ ਇਕ ਸਿਗਰਟ ਸੁਲਘਾ ਲੈਂਦਾ ਹੈ। ਕੁਝ ਦੇਰ ਉਹ ਲਾਈਟਰ ਜਗਾ ਕੇ ਉਸ ਦੀ ਲਾਟ ਵੱਲ ਦੇਖਦਾ ਰਹਿੰਦਾ ਹੈ। ਉਹ ਸਿਗਰਟ ਪੂਰੀ ਨਹੀਂ ਪੀ ਸਕਦਾ। ਵਿਚਕਾਰ ਹੀ ਹੇਠਾਂ ਸੁੱਟ ਕੇ ਪੈਰ ਨਾਲ ਮਸਲਦਾ ਪੱਬ ਵਿਚ ਜਾ ਵੜਦਾ ਹੈ। ਲਾਗਰ ਦਾ ਗਲਾਸ ਭਰਾ ਕੇ ਬਾਹਰ ਕੰਢੇ ਲੱਗੇ ਬੈਂਚ ਤੇ ਆ ਬੈਠਦਾ ਹੈ।
ਉਸ ਨੂੰ ਆਪਣੇ ਆਪ ਉਪਰ ਬਹੁਤ ਗੁੱਸਾ ਆਉਂਦਾ ਹੈ। ਲਾਲ ਰੰਗ ਦਾ ਕਪੜਾ ਦੇਖ ਕੇ ਹੀ ਤ੍ਰਬਕ ਉਠਿਆ। ਵੱਡੀਆਂ ਵੱਡੀਆਂ ਚੀਜ਼ਾਂ ਹਜ਼ਮ ਕਰ ਜਾਣ ਵਾਲਾ ਉਹ ਸੁੱਖੀ ਨੂੰ ਨਹੀਂ ਸੀ ਭੁਲਾ ਸਕਿਆ। ਮਨਦੀਪ ਠੀਕ ਕਹਿੰਦੀ ਹੈ ਕਿ ਸੁੱਖੀ ਨਾਲ ਉਸ ਦਾ ਵਾਹ ਹੀ ਕੀ ਸੀ। ਇੰਨਾ ਕੁ ਹੀ ਕਿ ਕੁਝ ਕੁ ਵਾਰ ਉਸ ਨੂੰ ਉਸ ਨੇ ਸਵਿਮਿੰਗ ਪੂਲ ਉਪਰ ਦੇਖਿਆ ਹੋਇਆ ਸੀ। ਕਦੇ ਇਕ ਬੋਲ ਤੱਕ ਸਾਂਝਾ ਨਹੀਂ ਸੀ ਕੀਤਾ। ਚੁੱਪ ਦਾ ਰਿਸ਼ਤਾ ਜ਼ਰੂਰ ਸੀ ਪਰ ਅਜਿਹਾ ਨਹੀਂ ਕਿ ਇੰਨੀ ਦੇਰ ਤੱਕ ਪਿੱਛਾ ਕਰੇ। ਰਿਸ਼ਤਾ ਵੀ ਹੋਵੇ ਤਾਂ ਕੋਈ ਇਵੇਂ ਪਾਗਲਹਾਰ ਤਾਂ ਨਹੀਂ ਹੋ ਜਾਂਦਾ। ਉਹ ਲਾਗਰ ਖਤਮ ਕਰਕੇ ਗਲਾਸ ਮੇਜ਼ ਤੇ ਰੱਖ ਤੁਰ ਪੈਂਦਾ ਹੈ। ਉਹ ਨਹਿਰ ਉਪਰ ਬਣਿਆ ਲੋਹੇ ਦਾ ਪੁਲ ਪਾਰ ਕਰਦਾ ਦੂਜੇ ਪਾਸੇ ਨਹਿਰ ਦੀ ਪਟੜੀ ਉਪਰ ਤੁਰਨ ਲਗਦਾ ਹੈ। ਨਹਿਰ ਦੇ ਇਸ ਪਾਸੇ ਸਾਫ ਰਸਤਾ ਹੈ। ਤੁਰਨ ਵਾਲਿਆਂ ਜਾਂ ਜੌਗਿੰਗ ਕਰਨ ਵਾਲਿਆਂ ਦੇ ਕੰਮ ਤਾਂ ਆਉਂਦਾ ਹੀ ਹੈ ਸਾਈਕਲਾਂ ਵਾਲੇ ਵੀ ਵਰਤਦੇ ਹਨ। ਨਹਿਰ ਦਾ ਪਾਣੀ ਬਹੁਤ ਗੰਦਾ ਹੈ। ਇਸ ਦੀ ਸਫਾਈ ਦਾ ਕੰਮ ਬਹੁਤ ਮਹਿੰਗਾ ਪਵੇਗਾ ਇਸ ਲਈ ਸਰਕਾਰ ਸਫਾਈ ਨਹੀਂ ਕਰਾ ਰਹੀ। ਪਿੱਛੇ ਜਿਹੇ ਲੋਕਲ ਕੌਂਸਲਾਂ ਨੇ ਇਸ ਨਹਿਰ ਨੂੰ ਲੀਜ਼ ਉਪਰ ਵੇਚ ਦੇਣ ਦੀ ਗੱਲ ਚਲਾਈ ਸੀ। ਜਗਮੋਹਨ ਸੋਚਦਾ ਹੈ ਕਿ ਕਿਉਂ ਨਾ ਕੁਝ ਮੀਲ ਨਹਿਰ ਹੀ ਖਰੀਦ ਲਵਾਂ। ਫਿਰ ਆਪ ਹੀ ਹੱਸਦਾ ਹੈ। ਸਾਹਮਣਿਉਂ ਆਉਂਦੀ ਹਾਊਸ 
ਬੋਟ ਉਸ ਲਈ ਛੋਟਾ ਜਿਹਾ ਹਾਰਨ ਵਜਾਉਂਦੀ ਹੈ। ਉਹ ਚਾਲਕ ਨੂੰ ਹੱਥ ਹਿਲਾ ਕੇ ਜਵਾਬ ਦਿੰਦਾ ਹੈ। ਖੱਬੇ ਪਾਸੇ ਕੈਨਾਲ ਇੰਡਸਟਰੀਅਲ ਇਸਟੇਟ ਦੀ ਉਚੀ ਵਾੜ ਹੈ। ਨਾਲ ਕੁਝ ਫਲੈਟ ਪੈਂਦੇ ਹਨ ਤੇ ਫਿਰ ਸਪਾਈਕਸ ਪਾਰਕ ਸ਼ੁਰੂ ਹੋ ਜਾਂਦਾ ਹੈ। ਵਾੜ ਤਾਂ ਸਪਾਈਕਸ ਪਾਰਕ ਅਤੇ ਨਹਿਰ ਵਿਚਕਾਰ ਵੀ ਹੈ ਪਰ ਲੰਘਣ ਲਈ ਰਾਹ ਕੁਝ ਰਾਹ ਛੱਡੇ ਹੋਏ ਹਨ ਜਾਂ ਲੋਕਾਂ ਬਣਾ ਲਏ ਹਨ। 
ਜਗਮੋਹਨ ਪਾਰਕ ਵਿਚ ਨੂੰ ਲੰਘ ਜਾਂਦਾ ਹੈ। ਉਹ ਹਾਲੇ ਵੀ ਆਪਣੇ ਆਪ ਨੂੰ ਕੋਸ ਰਿਹਾ ਹੈ ਕਿ ਸੁਖੀ ਦੇ ਇਸ ਭੂਤ ਤੋਂ ਛੁਟਕਾਰਾ ਕਿਉਂ ਨਹੀਂ ਪਾ ਸਕਦਾ। ਪਾਰਕ ਦੇ ਚਾਰੇ ਪਾਸੇ ਵੀ ਤੁਰਨ ਜਾਂ ਜੌਗਿੰਗ ਲਈ ਪੈਹਾ ਹੈ। ਉਹ ਹੌਲੀ ਹੌਲੀ ਦੌੜਨ ਲੱਗਦਾ ਹੈ। ਬੀਅਰ ਹੁਣ ਤੱਕ ਹਜ਼ਮ ਹੋ ਚੁੱਕੀ ਹੈ। ਪਾਰਕ ਬਹੁਤ ਵੱਡਾ ਹੈ। ਪੰਜ ਫੁੱਟਬਾਲ ਦੀਆਂ ਗਰਾਊਂਡਾਂ ਹਨ। ਉਚੀ ਜਾਲੀ ਲਾ ਕੇ ਅੰਦਰ ਤਿੰਨ ਗਰਾਊਂਡਾਂ ਟੈਨਿਸ ਦੀਆਂ ਬਣਾ ਰੱਖੀਆਂ ਹਨ। ਬੱਚਿਆਂ ਦੇ ਝੂਲੇ, ਫੁੱਲਾਂ ਦਾ ਬਗੀਚਾ ਤੇ ਇਕ ਮੀਲ ਦੌੜਨ ਦਾ ਟਰੈਕ ਵੀ। ਅੰਦਰ ਵੜਦਿਆਂ ਬੈਂਚ ਲੱਗੇ ਹਨ ਜਿਥੇ ਬੈਠ ਕੇ ਲੋਕ ਗੱਲਾਂ ਕਰਦੇ ਹਨ, ਆਰਾਮ ਕਰਦੇ ਧੁੱਪ ਸੇਕਦੇ ਹਨ। ਪਰ ਇਸ ਵੇਲੇ ਕੋਈ ਨਹੀਂ ਹੈ। ਨੌਂ ਵੱਜਣ ਨੂੰ ਹਨ। ਉਸ ਨੂੰ ਪਾਲਾ ਸਿੰਘ ਦਾ ਖਿਆਲ ਆਉਂਦਾ ਹੈ ਜੋ ਅਕਸਰ ਇਥੇ ਹੀ ਹੁੰਦਾ ਹੈ ਤੇ ਇਕ ਬੈਂਚ ਦੇ ਸਾਹਮਣੇ ਖੜ ਕੇ ਤੇ ਲੈਕਚਰ ਦੇਣ ਵਾਂਗ ਗੱਲਾਂ ਕਰਦਾ ਹੈ। ਕਈ ਲੋਕ ਧਿਆਨ ਨਾਲ ਸੁਣਦੇ ਹਨ। ਗੱਲ ਕਰਦਾ ਉਹ ਮੁੱਛ ਨੂੰ ਮਰੋੜਾ ਦਿੰਦਾ ਰਹਿੰਦਾ ਹੈ। ਮੁੱਛਾਂ ਨੂੰ ਸਵਾਰ ਕੇ ਰੱਖਣੀ ਉਸ ਦੀ ਪੁਰਾਣੀ ਆਦਤ ਹੈ। ਪਹਿਲੀਆਂ ਵਿਚ ਜਗਮੋਹਨ ਕਲੀਨ ਸ਼ੇਵਡ ਹੋਇਆ ਕਰਦਾ ਸੀ। ਅੰਕਲ ਪਾਲਾ ਸਿੰਘ ਨੇ ਕਹਿ ਕੇ ਮੁੱਛਾਂ ਰਖਵਾਈਆਂ ਸਨ। ਜਗਮੋਹਨ ਨੇ ਦਾੜ੍ਹੀ ਵਧਾ ਲਈ ਸੀ ਤੇ ਮੁੱਛਾਂ ਵੀ ਪਰ ਵਟਾ ਦੇਣ ਜੋਗੀਆਂ ਨਹੀਂ। ਉਸ ਨੂੰ ਮੁੱਛਾਂ ਨਾਲ ਖੇਡਦੇ ਰਹਿਣਾ ਚੰਗਾ ਵੀ ਨਹੀਂ ਲੱਗਦਾ।

ਚਲਦਾ....