ਮਹਿਕਮੇ ਵਾਲੇ ਦੱਸ ਰਹੇ ਹਨ ਕਿ ਦਰਜਾ ਹਰਾਰਤ ਮਨਫੀ 'ਤੇ ਹੈ। ਪ੍ਰਦੁੱਮਣ ਸਿੰਘ ਦਾ ਪਰਿਵਾਰ ਜਹਾਜ਼ ਵਿਚੋਂ ਨਿਕਲਦਾ ਹੀ ਠੰਡ ਦੀ ਲਪੇਟ ਵਿਚ ਆ ਜਾਂਦਾ ਹੈ। ਜਹਾਜ਼ ਵਿਚ ਤਾਂ ਕੁਝ ਮਹਿਸੂਸ ਹੀ ਨਹੀਂ ਹੁੰਦਾ। ਹੁਣ ਏਅਰਪੋਰਟ ਦੇ ਅੰਦਰ ਉਹ ਸਾਰੇ ਠੁਰ ਠੁਰ ਕਰ ਰਹੇ ਹਨ। ਪ੍ਰਦੁੱਮਣ ਸਿੰਘ ਨੇ ਰੰਮ ਦੇ ਦੋ ਪੈੱਗ ਲਾਏ ਹੋਣ ਕਾਰਨ ਕੁਝ ਠੀਕ ਹੈ ਪਰ ਗਿਆਨ ਕੌਰ ਤੇ ਨਿਆਣੇ ਠੰਡ ਕਾਰਨ ਦੁਖੀ ਹਨ। ਪ੍ਰਦੁੱਮਣ ਸਿੰਘ ਸੋਚ ਰਿਹਾ ਹੈ ਕਿ ਇਹ ਕਿਤੇ ਪਹਿਲੀਆਂ ਵਿਚ ਨਹੀਂ ਆਏ ਇਹ ਇਥੇ। ਜਿਨ੍ਹਾਂ ਦਿਨਾਂ ਵਿਚ ਹੀਟਿੰਗ ਦਾ ਖਾਸ ਇੰਤਜ਼ਾਮ ਨਹੀਂ ਸੀ ਹੁੰਦਾ ਤੇ ਠੰਡ ਵੀ ਲੋਹੜੇ ਦੀ ਪੈਂਦੀ ਸੀ। ਇਕ ਵਾਰ ਬਰਫ ਪੈਣੀ ਤੇ ਪੂਰਾ ਮੌਸਮ ਜੰਮੀ ਰਹਿਣੀ। ਫਿਰ ਨਿਆਣੇ ਹਾਲੇ ਡੇਢ ਕੁ ਸਾਲ ਪਹਿਲਾਂ ਹੀ ਤਾਂ ਇੰਡੀਆ ਗਏ ਸਨ ਤਾਂ ਵੀ ਇਸ ਮੌਸਮ ਨੂੰ ਇੰਨਾ ਓਪਰਾ ਮੰਨ ਰਹੇ ਹਨ।
ਉਹ ਕਸਟਮ ਤੋਂ ਬਾਹਰ ਨਿਕਲਦੇ ਉਡੀਕਦੀ ਭੀੜ ਵਿਚੋਂ ਕੋਈ ਆਪਣਾ ਲੱਭਣ ਲੱਗਦੇ ਹਨ। ਕਾਰਾ ਆਪਣੇ ਲੰਮੇ ਕੱਦ ਕਾਰਨ ਲੋਕਾਂ ਦੇ ਪਿੱਛੇ ਖੜਾ ਵੀ ਪ੍ਰਦੁੱਮਣ ਦੀ ਨਜ਼ਰੀਂ ਪੈ ਜਾਂਦਾ ਹੈ। ਉਹ ਹੱਥ ਹਿਲਾ ਕੇ ਆਪਣੀ ਹਾਜ਼ਰੀ ਲਵਾਉਂਦਾ ਹੈ। ਪ੍ਰਦੁੱਮਣ ਇਕ ਵਾਰ ਫਿਰ ਆਪਣੇ ਨਿਆਣਿਆਂ ਵੱਲ ਦੇਖਦਾ ਹੈ। ਵੱਡਾ ਰਾਜਵਿੰਦਰ ਬਹੁਤ ਖੁਸ਼ ਹੈ। ਵੈਸੇ ਤਾਂ ਸਾਰੇ ਹੀ ਇੰਡੀਆ ਤੋਂ ਅੱਕੇ ਪਏ ਸਨ ਪਰ ਰਾਜਵਿੰਦਰ ਬਾਗੀ ਹੋਇਆ ਹੋ ਰਿਹਾ ਸੀ। ਜੇਕਰ ਉਸ ਦੇ ਹੱਥ ਪਾਸਪੋਰਟ ਆ ਜਾਂਦਾ ਤਾਂ ਉਹ ਪਹਿਲਾਂ ਹੀ ਮੁੜ ਆਉਂਦਾ।
ਕਾਰਾ ਪ੍ਰਦੁੱਮਣ ਨੂੰ ਜੱਫੀ ਪਾ ਕੇ ਮਿਲਦਾ ਹੈ। ਪ੍ਰਦੁੱਮਣ ਉਸ ਨੂੰ ਇਵੇਂ ਬਾਹਾਂ ਵਿਚ ਘੁੱਟਦਾ ਹੈ ਜਿਵੇਂ ਕਿ ਸਦੀਆਂ ਦਾ ਵਿਛੜਿਆ ਹੋਵੇ। ਕਾਰਾ ਬੱਚਿਆਂ ਨੂੰ ਵੀ ਜੱਫੀ ਪਾ ਕੇ ਮਿਲਦਾ ਹੈ। ਗਿਆਨ ਕੌਰ ਦਾ ਤਾਂ ਉਸ ਨੂੰ ਦੇਖ ਕੇ ਰੋਣ ਹੀ ਨਿਕਲ ਜਾਂਦਾ ਹੈ। ਕਾਰਾ ਗਿਆਨ ਕੌਰ ਕੋਲੋਂ ਟਰਾਲੀ ਫੜ ਕੇ ਧੱਕਦਾ ਹੋਇਆ ਕਾਰ ਪਾਰਕ ਵੱਲ ਨੂੰ ਤੁਰ ਪੈਂਦਾ ਹੈ। ਸਾਰੇ ਚੁੱਪ ਹਨ। ਕਿਸੇ ਤੋਂ ਕੁਝ ਕਿਹਾ ਹੀ ਨਹੀਂ ਜਾ ਰਿਹਾ। ਅੰਤ ਕਾਰਾ ਹੀ ਆਖਦਾ ਹੈ,
“ਠੰਡ ਬਹੁਤ ਹੋ ਗਈ, ਔਲ ਔਫ ਸਡਨ ਬਰਫ ਪਈ ਤੇ ਹਵਾ ਚੱਲ ਗਈ।”
ਪ੍ਰਦੁੱਮਣ ਹਾਂ ਵਿਚ ਸਿਰ ਮਾਰਦਾ ਤੁਰਿਆ ਜਾਂਦਾ ਹੈ। ਕਾਰਾ ਫਿਰ ਪੁੱਛਦਾ ਹੈ,
“ਓਥੇ ਮੌਸਮ ਕਿੱਦਾਂ ਦਾ ਐ ?”
“ਮੌਸਮ ਤਾਂ ਠੀਕ ਆ, ਹਾਲਾਤ ਈ ਸਾਲੇ਼ ਖਰਾਬ ਆ।”
“ਆਹੋ, ਆਹ ਅਖਬਾਰਾਂ ਵੀ ਖੂਨ ਖਰਾਬੇ ਨਾਲ ਭਰੀਆਂ ਪਈਆਂ ਹੁੰਦੀਆਂ।”
“ਸਾਲ਼ੀ ਅੱਗ ਲੱਗੀ ਪਈ ਆ। ਪੰਜਾਬ ਤਾਂ ਪਹਿਲਾਂ ਵਾਲਾ ਰਿਹਾ ਈ ਨਹੀਂ।”
ਪ੍ਰਦੁੱਮਣ ਗੱਲ ਕਰਦਾ ਪੱਗ ਠੀਕ ਕਰਨ ਲੱਗਦਾ ਹੈ। ਗਿਆਨ ਕੌਰ ਬੋਲਦੀ ਹੈ,
“ਕਾਰਿਆ, ਬਹੁਤ ਮਾੜੀ ਲੈਫ ਆ, ਜੀਣ ਦਾ ਕੋਈ ਹੱਜ ਨਈਂ ਓਥੇ, ਮੈਂ ਤਾਂ ਇਥੇ ਪਹੁੰਚ ਕੇ ਇੰਗਲੈਂਡ ਦੀ ਧਰਤੀ ਨੂੰ ਨਮਸਕਾਰ ਕੀਤਾ ਤੇ ਰੱਬ ਦਾ ਸ਼ੁਕਰ ਕੀਤਾ ਕਿ ਘਰ ਪਹੁੰਚੇ।”
ਗੱਲ ਕਰਦੀ ਦਾ ਉਸ ਦਾ ਗਲ੍ਹ ਭਰ ਆਉਂਦਾ ਹੈ। ਚਾਰੇ ਬੱਚੇ ਆਲਾ ਦੁਆਲਾ ਦੇਖਦੇ ਖੁਸ਼ ਹਨ। ਆਪਸ ਵਿਚ ਹਾਸਾ ਮਜ਼ਾਕ ਵੀ ਕਰ ਰਹੇ ਹਨ। ਉਹ ਕਾਰੇ ਦੀ ਮਰਸਡੀਜ਼ ਕੋਲ ਆ ਪੁੱਜਦੇ ਹਨ। ਕਾਰਾ ਬੂਟ ਖੋਲ੍ਹ ਕੇ ਸਮਾਨ ਰੱਖਣ ਲੱਗਦਾ ਹੈ। ਸਮਾਨ ਜ਼ਿਆਦਾ ਹੈ। ਫਿਰ ਉਹ ਬੰਦੇ ਵੀ ਇਕ ਕਾਰ ਤੋਂ ਵੱਧ ਹਨ। ਕਾਰ ਛੋਟੀ ਪੈ ਰਹੀ ਹੈ। ਪ੍ਰਦੁੱਮਣ ਕਹਿੰਦਾ ਹੈ,
“ਤੁਸੀਂ ਚੱਲੋ, ਮੈਂ ਇਕ ਸੌ ਪੰਜ ਲੈ ਕੇ ਆ ਜਾਨਾਂ।”
“ਦੁੱਮਣਾ, ਖਿਆਲ ਈ ਨਹੀਂ ਕੀਤਾ, ਦੂਜੀ ਕਾਰ ਵੀ ਘਰ ਹੀ ਸੀ ਤੇ ਜੀਤੋ ਵੀ ਵਿਹਲੀ ਸੀ, ਹੁਣ ਫੋਨ ਕਰਕੇ ਸੱਦ ਲਈਏ?”
“ਕਾਹਨੂੰ, ਉਹਨੂੰ ਤਕਲੀਫ ਕਾਹਨੂੰ ਦੇਣੀ ਆਂ, ਮੈਨੂੰ ਕਿਹੜਾ ਰਾਹ ਦਾ ਨਹੀਂ ਪਤਾ, ਤੂੰ ਫਿਕਰ ਨਾ ਕਰ, ਘਰ ਦੇ ਮੂਹਰੇ ਤਾਂ ਇਕ ਸੌ ਪੰਜ ਆ ਜਾਂਦੀ ਆ, ਤੁਸੀਂ ਚੱਲੋ।”
ਪਿੰਡੋਂ ਭਾਵੇਂ ਉਹ ਖਾਲੀ ਹੱਥੀਂ ਹੀ ਤੁਰੇ ਹਨ। ਕੱਪੜੇ ਆਦਿ ਵੀ ਦਿੱਲੀ ਆ ਕੇ ਹੀ ਖਰੀਦੇ ਹਨ ਫਿਰ ਵੀ ਇਕ ਇਕ ਬੈਗ ਕਰਕੇ ਹੀ ਸਮਾਨ ਕਾਫੀ ਹੋ ਜਾਂਦਾ ਹੈ। ਕਾਰ ਵਿਚ ਉਹ ਮੁਸ਼ਕਲ ਨਾਲ ਫਸ ਕੇ ਬੈਠਦੇ ਹਨ।
ਪ੍ਰਦੁੱਮਣ ਸਿੰਘ ਗਲ਼ ਵਿਚ ਬੈਗ ਪਾਈ ਬੱਸ ਸਟੌਪ ਵੱਲ ਨੂੰ ਤੁਰ ਪੈਂਦਾ ਹੈ। ਇੰਨੇ ਸਮੇਂ ਵਿਚ ਕੁਝ ਵੀ ਨਹੀਂ ਬਦਲਿਆ। ਏਅਰਪੋਰਟ ਉਪਰਲੀ ਭੀੜ ਕੁਝ ਵਧੀ ਹੈ। ਇੰਨੀ ਠੰਡ ਵਿਚ ਵੀ ਲੋਕ ਸਫਰ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਪ੍ਰਦੁੱਮਣ ਸਿੰਘ ਦੇ ਬੈਗ ਵਿਚ ਰੰਮ ਦੀ ਬੋਤਲ ਹੈ। ਉਹ ਟੁਆਇਲਟ ਵਿਚ ਜਾ ਕੇ ਬੋਤਲ ਮੂੰਹ ਨੂੰ ਲਾ ਲੈਂਦਾ ਹੈ। ਉਸ ਦਾ ਸਰੀਰ ਟੁੱਟਿਆ ਪਿਆ ਹੈ। ਇੰਨੇ ਘੰਟੇ ਦਾ ਸਫਰ ਤੇ ਉਪਰੋਂ ਉਸ ਤੋਂ ਪਹਿਲੀ ਮਾਨਸਿਕ ਤਕਲੀਫ। ਉਹ ਟੁਆਇਲਟ ਦੇ ਬਾਹਰ ਨਿਕਲ ਕੇ ਆਲਾ ਦੁਆਲਾ ਦੇਖਦਾ ਹੈ। ਉਸ ਨੂੰ ਸਭ ਕੁਝ ਪਿਆਰਾ ਪਿਆਰਾ ਲੱਗ ਰਿਹਾ ਹੈ। ਇਹ ਸਾਰਾ ਏਅਰਪੋਰਟ ਹੀ ਜਿਵੇਂ ਉਸ ਦਾ ਆਪਣਾ ਹੋਵੇ। ਕਿੰਨੇ ਗੇੜੇ ਲੱਗਦੇ ਰਹੇ ਹਨ ਉਸ ਦੇ ਏਅਰਪੋਰਟ ਦੇ। ਕੋਈ ਇੰਡੀਆ ਤੋਂ ਆ ਰਿਹਾ ਹੈ ਤੇ ਕੋਈ ਇੰਡੀਆ ਨੂੰ ਜਾ ਰਿਹਾ ਹੈ। ਸਾਊਥਾਲ ਏਅਰਪੋਰਟ ਦੇ ਨੇੜੇ ਹੋਣ ਕਰਕੇ ਮਿਡਲੈਂਡ ਵਾਲੇ ਰਿਸ਼ਤੇਦਾਰ ਉਸ ਕੋਲ ਆ ਕੇ ਹੀ ਟਿਕਾਣਾ ਕਰਦੇ ਸਨ। ਉਹ ਗਿਆਨ ਕੌਰ ਨੂੰ ਦੁਕਾਨ 'ਤੇ ਖੜੀ ਕਰਕੇ ਏਅਰਪੋਰਟ ਨੂੰ ਭੱਜਣ ਲਈ ਮਿੰਟ ਲਾਉਂਦਾ। ਇੰਡੀਆ ਤੋਂ ਆਏ ਵਾਕਫਕਾਰ ਦਾ ਅਚਾਨਕ ਫੋਨ ਜਿਉਂ ਆ ਗਿਆ ਹੁੰਦਾ ਕਿ ਆ ਕੇ ਏਅਰਪੋਰਟ ਤੋਂ ਲੈ ਜਾਓ।
ਇਕ ਸੌ ਪੰਜ ਨੰਬਰ ਬੱਸ ਤਿਆਰ ਖੜੀ ਹੈ। ਉਹ ਜੇਬ ਵਿਚ ਹੱਥ ਪਾਉਂਦਾ ਹੈ। ਕੁਝ ਭਾਨ ਉਸ ਨੇ ਸਾਂਭ ਕੇ ਲਿਆਂਦੀ ਹੋਈ ਹੈ। ਡਿਊਟੀ ਫਰੀ ਵਿਚੋਂ ਕੁਝ ਸਮਾਨ ਖਰੀਦਣ ਉਪਰੰਤ ਉਸ ਵਿਚੋਂ ਵੀ ਕੁਝ ਬਚਦੀ ਹੈ। ਬੱਸ ਦਾ ਡਰਾਈਵਰ ਪੰਜਾਬੀ ਹੀ ਹੈ। ਪ੍ਰਦੁੱਮਣ ਪੁੱਛਦਾ ਹੈ,
“ਐਲਨਬੀ ਰੋਡ ਦੇ ਕਿੰਨੇ ਪੈਸੇ ?”
“ਸੈਵਨਟੀ ਪੈਂਸ।”
“ਵੱਧ ਗਏ!”
ਕਹਿੰਦਾ ਹੋਇਆ ਉਹ ਸੱਤਰ ਪੈਂਸ ਦੇ ਕੇ ਟਿਕਟ ਲੈ ਲੈਂਦਾ ਹੈ। ਉਹ ਉਚੇ ਥਾਂ ਵਾਲੀ ਸੀਟ 'ਤੇ ਬੈਠਦਾ ਹੈ ਤਾਂ ਜੋ ਆਲਾ ਦੁਆਲਾ ਦਿੱਸਦਾ ਰਹੇ। ਬਰਫ ਨੇ ਸਭ ਕੁਝ ਦੱਬਿਆ ਪਿਆ ਹੈ। ਕਾਰਾ ਦੱਸਦਾ ਹੈ ਕਿ ਠੰਡ ਨਾਲ ਲੋਕਾਂ ਦੇ ਘਰਾਂ ਦੇ ਪਾਈਪ ਫਟ ਰਹੇ ਹਨ। ਇਕ ਪਲ ਲਈ ਤਾਂ ਪ੍ਰਦੁੱਮਣ ਨੂੰ ਆਪਣੇ ਘਰ ਦੇ ਪਾਈਪਾਂ ਦਾ ਫਿਕਰ ਵੀ ਪੈਂਦਾ ਹੈ ਜਿਹੜਾ ਕੌਂਸਲ ਕੋਲ ਕਿਰਾਏ ਉਪਰ ਦਿੱਤਾ ਹੋਇਆ ਹੈ। ਬੱਸ ਏਅਰਪੋਰਟ ਪਿੱਛੇ ਛੱਡਦੀ ਜਾਂਦੀ ਹੈ। ਗਰੇਟ ਵੈਸਟ ਰੋਡ ਆ ਜਾਂਦੀ ਹੈ। ਬੱਸ ਰੁਕਦੀ ਹੈ। ਸਵਾਰੀਆਂ ਉਤਰਦੀਆਂ ਚੜ੍ਹਦੀਆਂ ਹਨ। ਉਸ ਦਾ ਕੋਈ ਵਾਕਫ ਚਿਹਰਾ ਨਹੀਂ ਮਿਲਦਾ। ਉਸ ਨੂੰ ਆਸ ਹੈ ਕਿ ਕੋਈ ਨਾ ਕੋਈ ਵਾਕਫ ਜ਼ਰੂਰ ਮਿਲ ਪਵੇਗਾ। ਬੱਸ ਬਾਥ ਰੋਡ ਤੋਂ ਹੁੰਦੀ ਹੋਈ ਸਾਊਥਾਲ ਲੇਨ ਉਪਰ ਆ ਜਾਂਦੀ ਹੈ। ਇਥੇ ਨਵੀਆਂ ਲਾਈਟਾਂ ਲੱਗੀਆਂ ਹਨ। ਪ੍ਰਦੁੱਮਣ ਮਨ ਵਿਚ ਆਖਦਾ ਹੈ ਕਿ ਇਨ੍ਹਾਂ ਦੀ ਲੋੜ ਵੀ ਹੈ ਸੀ। ਅੱਗੇ ਐਮ.ਫੋਰ ਦਾ ਪੁਲ ਤੇ ਖੱਬੇ ਪਾਸੇ ਇੰਟਰਨੈਸ਼ਨਲ ਮਾਰਕੀਟ, ਸੱਜੇ ਪਾਸੇ ਹੈਲਥ ਕਲੱਬ। ਪ੍ਰਦੁੱਮਣ ਇਹ ਸਭ ਧਿਆਨ ਨਾਲ ਦੇਖਦਾ ਜਾਂਦਾ ਹੈ। ਜਿਵੇਂ ਕਿ ਮੁੜ ਕੇ ਪਹਿਲੀ ਵਾਰ ਪਿੰਡ ਗਿਆਂ ਨੂੰ ਮਹਿਸੂਸ ਹੁੰਦਾ ਇਵੇਂ ਹੀ ਉਸ ਨੂੰ ਲਗ ਰਿਹਾ ਹੈ - ਸਾਊਥਾਲ, ਆਪਣਾ ਸਾਊਥਾਲ। ਉਸ ਦੇ ਮਨ ਵਿਚ ਇਹ ਲਫਜ਼ ਵਾਰ ਵਾਰ ਆ ਰਹੇ ਹਨ। ਫਿਰ ਉਹ ਮਨ ਹੀ ਮਨ ਹੱਸਦਾ ਹੈ – ਆਪਣਾ ਸਾਊਥਾਲ, ਕੈਸਾ ਆਪਣਾ ਸਾਊਥਾਲ। ਇਹ ਤਾਂ ਪਤਾ ਲੱਗੂ ਜਦ ਗੋਰਿਆਂ ਨੇ ਪੂਛਾਂ ਚੁਕਾਈਆਂ। ਕਦੇ ਪਿੰਡ ਵੀ ਤਾਂ ਆਪਣਾ ਹੁੰਦਾ ਸੀ। ਪਿੰਡ ਦਾ ਨਾਂ ਮੂੰਹ ਵਿਚ ਆਉਂਦਿਆਂ ਹੀ ਸਭ ਕੁਝ ਕੁਸੈਲਾ ਹੋ ਜਾਂਦਾ ਹੈ, ਕੁੜੱਤਣ ਨਾਲ ਭਰਿਆ ਹੋਇਆ। ਉਹ ਉਦਾਸ ਹੋਣ ਲੱਗਦਾ ਹੈ। ਅੱਗੇ ਨਿੱਕੇ ਰਾਊਂਡਅਬਾਊਟ ਤੋਂ ਬੱਸ ਸੱਜੇ ਪਾਸੇ ਵੈਸਟਰਨ ਰੋਡ ਉਪਰ ਮੁੜ ਜਾਂਦੀ ਹੈ। ਪਿੰਡ ਦੀ ਰੀਲ ਹਾਲੇ ਉਸ ਦੇ ਮਨ ਵਿਚ ਚੱਲ ਰਹੀ ਹੈ। ਪਿੰਡ ਦਾ ਆਪਣਾ ਹੋਣ ਦਾ ਭਰਮ ਸੀ। ਕਿੰਨਾ ਕੁਝ ਬੈਅ ਕਰਾਇਆ ਹੋਇਆ ਹੈ ਉਥੇ- ਖੇਤ, ਪਲਾਟ, ਦੁਕਾਨਾਂ। ਫਿਰ ਵੀ ਛੱਡ ਕੇ ਭੱਜਣਾ ਪਿਆ। ਇਥੋਂ ਭੱਜ ਕੇ ਕਿਥੇ ਜਾਵੇਗਾ ਉਹ। ਭੱਜੇਗਾ ਵੀ ਕਿਵੇਂ ਚਾਰੇ ਪਾਸੇ ਤਾਂ ਸਮੁੰਦਰ ਹੈ। ਨਹਿਰ ਦੇ ਪੁਲ ਦੀ ਚੜ੍ਹਾਈ ਉਸ ਦੀ ਲੜੀ ਤੋੜਦੀ ਹੈ। ਨਹਿਰ ਠੰਡ ਕਾਰਨ ਜੰਮੀ ਪਈ ਹੈ। ਇਹ ਇੰਨੀ ਸਖਤੀ ਨਾਲ ਜੰਮੀ ਹੋਈ ਹੈ ਕਿ ਲੋਕ ਇਸ ਨੂੰ ਪੈਦਲ ਪਾਰ ਕਰਨ ਦਾ ਮਜ਼ਾ ਲੈ ਰਹੇ ਹਨ।
ਖੱਬੇ ਪਾਸੇ ਰਵਿਦਾਸ ਗੁਰਦੁਆਰੇ ਦੀ ਨਵੀਂ ਦਿੱਖ ਹੈ। ਅੱਗੇ ਦੋ ਕੁ ਦੁਕਾਨਾਂ ਵੀ ਨਵੀਆਂ ਖੁੱਲ੍ਹੀਆਂ ਜਾਪਦੀਆਂ ਹਨ। ਵੈਸਟਰਨ ਰੋਡ ਉਪਰ ਵੀ ਪਹਿਲਾਂ ਨਾਲੋਂ ਜ਼ਿਆਦਾ ਰੌਣਕ ਹੈ। ਅੱਗੇ ਲਾਈਟਾਂ ਹਨ। ਸਿੱਧੇ ਜਾਈਏ ਤਾਂ ਵੱਡਾ ਗੁਰਦੁਆਰਾ ਹੈ ਹੈਵਲਕ ਰੋਡ ਵਾਲਾ। ਸੱਜੇ ਕਿੰਗ ਸਟਰੀਟ ਤੇ ਖੱਬੇ ਸਾਊਥ ਸਟਰੀਟ। ਬੱਸ ਖੱਬੇ ਮੁੜਦੀ ਹੈ। ਸੂਰਜ ਨਿਕਲ ਆਇਆ ਹੈ। ਕਿਤੇ ਕਿਤੇ ਬਰਫ ਸ਼ੀਸ਼ੇ ਵਾਂਗ ਚਮਕ ਰਹੀ ਹੈ ਸ਼ੀਸ਼ੇ ਵਾਂਗ ਹੀ ਸੂਰਜ ਦੇ ਅਕਸ ਦੀ ਲਿਸ਼ਕੋਰ ਦਿੰਦੀ ਹੋਈ। ਖੱਬੇ ਪਾਸੇ ਮੰਦਿਰ ਨੂੰ ਵੀ ਪੀਲਾ ਰੰਗ ਨਵਾਂ ਕੀਤਾ ਜਾਪਦਾ ਹੈ। ਸੱਜੇ ਪਾਸੇ ਪਾਰਕ ਦਾ ਘਾਹ ਵੀ ਚਿੱਟਾ ਹੋਇਆ ਪਿਆ ਹੈ। ਸੜਕਾਂ ਉਪਰਲੀ ਬਰਫ ਤਾਂ ਹੁਣ ਚਿਕੜੀ ਜਿਹੀ ਬਣੀ ਪਈ ਹੈ ਜਿਵੇਂ ਮੀਂਹ ਪਏ ਤੇ ਕੱਚੀ ਸੜਕ ਤੇ ਹੋ ਜਾਇਆ ਕਰਦੀ ਹੈ। ਸਾਊਥਾਲ ਦਾ ਸਟੇਸ਼ਨ ਆ ਜਾਂਦਾ ਹੈ। ਉਹ ਸੋਚਦਾ ਹੈ ਕਿ ਪੰਜਾਬੀ ਵਿਚ ਲਿਖੇ ਨਾਂ ਦੇ ਸਪੈਲਿੰਗ ਹਾਲੇ ਵੀ ਗਲਤ ਹਨ। ‘ਸਾਊਥਾਲ’ ਨੂੰ ‘ਸਾਊਥਹਾਲ’ ਲਿਖਿਆ ਹੋਇਆ ਹੈ। ਪਤਾ ਨਹੀਂ ਕਿਸ ਅੱਧਪੜ ਨੇ ਇਹ ਹੱਈਏ ਸੁਝਾਏ ਹੋਣਗੇ ਤੇ ਹਾਲੇ ਵੀ ਕਿਸੇ ਦੀ ਨਜ਼ਰੀਂ ਇਹ ਗਲਤੀ ਕਿਉਂ ਨਹੀਂ ਪੈ ਰਹੀ। ਖੱਬੇ ਹੱਥ ‘ਵਾਸ ਪ੍ਰਵਾਸ' ਦਾ ਦਫਤਰ ਹੈ। ਪੀਲਾ ਝੰਡਾ ਝੂਲ ਰਿਹਾ ਹੈ ਨਾਲ ਹੀ ਯੂਨੀਅਨ ਜੈਕ ਵੀ। ਸੱਜੇ ਪਾਸੇ ਗੁਰਦੁਆਰਾ ਹੈ। ਗੁਰਦੁਆਰੇ ਸਾਹਮਣੇ ਨੰਗੀ ਔਰਤ ਦੀ ਤਸਵੀਰ ਵਾਲਾ ਇਸ਼ਤਿਹਾਰ ਲੱਗਿਆ ਹੋਇਆ ਹੈ ਤੇ ਨਾਲ ਹੀ ‘ਦੇਸੀ ਹਾਤਾ’ ਨਾਂ ਦਾ ਪੱਬ ਹੈ ਜਿਸ ਵਿਚ ਕੁਰਸੀਆਂ ਮੇਜ਼ ਬੀਅਰ ਆਦਿ ਸਭ ਕੁਝ ਪੰਜਾਬੀ ਅੰਦਾਜ਼ ਵਿਚ ਹੈ। ਇਥੇ ਰੁਪਈਆਂ ਵਿਚ ਵੀ ਬੀਅਰ ਖਰੀਦੀ ਜਾ ਸਕਦੀ ਹੈ। ਸ਼ਾਮ ਨੂੰ ਭਾਰਤੋਂ ਆਏ ਗਵੱਈਆਂ ਦਾ ਖਾੜਾ ਲੱਗਦਾ ਹੈ। ਦੁਪਹਿਰ ਨੂੰ ਸਟਰਿਪਟੀਜ਼ ਹੁੰਦੀ ਹੈ ਭਾਵ ਨੰਗਾ ਨਾਚ।
ਅੱਗੇ ਜਾ ਕੇ ਬੱਸ ਖਾਲੀ ਜਿਹੀ ਹੋ ਜਾਂਦੀ ਹੈ ਪਰ ਓਨੀਆਂ ਕੁ ਸਵਾਰੀਆਂ ਮੁੜ ਚੜ੍ਹ ਆਉਂਦੀਆਂ ਹਨ। ਬਰਾਡਵੇਅ ਦੀਆਂ ਲਾਈਟਾਂ ਉਪਰ ਬੱਸ ਰੁਕਦੀ ਨਹੀਂ ਕਿਉਂਕਿ ਇਹ ਗਰੀਨ ਹਨ। ਅੱਗੇ ਸੱਜੇ ਹੱਥ ਮੰਦਰ ਮੁਹਰੇ ਸੀਮਿੰਟ ਦੀਆਂ ਗਾਈਆਂ ਖੜੀਆਂ ਕੀਤੀਆਂ ਹੋਈਆਂ ਹਨ। ਜਦ ਉਹ ਭਾਰਤ ਗਿਆ ਸੀ ਤਾਂ ਸੁਰਿੰਦਰ ਸ਼ਰਮਾ ਨਾਂ ਦਾ ਵਿਅਕਤੀ ਇਨ੍ਹਾਂ ਗਾਈਆਂ ਦਾ ਚੜ੍ਹਾਵਾ ਚੜ੍ਹਾਉਣਾ ਚਾਹੁੰਦਾ ਸੀ।
ਕਾਰਲਾਈਲ ਰੋਡ 'ਤੇ ਬੱਸ ਨੇ ਸੱਜੇ ਮੁੜਨਾ ਹੈ। ਖੱਬੇ ਪਾਸੇ ਜਗਮੋਹਣ ਦਾ ਘਰ ਹੈ। ਜਗਮੋਹਨ ਉਸ ਦੇ ਭਰਾ ਦਾ ਜਵਾਈ ਹੈ। ਉਸ ਨਾਲ ਵੀ ਜਗਮੋਹਣ ਦੇ ਚੰਗੇ ਸਬੰਧ ਹਨ। ਪਹਿਲਾਂ ਉਹ ਜਗਮੋਹਣ ਨੂੰ ਹੀ ਫੋਨ ਕਰਨਾ ਚਾਹੁੰਦਾ ਸੀ ਕਿ ਏਅਰਪੋਰਟ ਤੋਂ ਆ ਕੇ ਲੈ ਜਾਵੇ ਪਰ ਫਿਰ ਉਸ ਨੇ ਸੋਚਿਆ ਕਿ ਕਾਰਾ ਜ਼ਿਆਦਾ ਮੱਦਦਗਾਰ ਹੋ ਸਕਦਾ ਹੈ।
ਕਾਰਾ ਬੋਤਲ ਖੋਲ੍ਹ ਕੇ ਉਸ ਦਾ ਇੰਤਜ਼ਾਰ ਕਰ ਰਿਹਾ ਹੈ। ਪ੍ਰਦੁੱਮਣ ਦਰਵਾਜ਼ੇ ਦੀ ਘੰਟੀ ਕਰਦਾ ਹੈ ਤਾਂ ਕਾਰਾ ਉਥੇ ਹੀ ਉਸ ਨੂੰ ਬਰਾਂਡੀ ਦਾ ਪੈੱਗ ਪੇਸ਼ ਕਰਦਾ ਹੈ। ਗਿਆਨ ਕੌਰ ਤੇ ਬੱਚੇ ਚਾਹ ਪੀ ਕੇ ਨਿੱਘੇ ਹੋਏ ਬੈਠੇ ਹਨ। ਲੌਂਜ ਵਿਚ ਆਉਂਦਾ ਕਾਰਾ ਪ੍ਰਦੁੱਮਣ ਨੂੰ ਕਹਿੰਦਾ ਹੈ,
“ਵੈਲਕਮ ਬੈਕ ਟੂ ਸਾਊਥਾਲ।”
“ਥੈਂਕਿਊ ਬਈ ਕਾਰੇ, ਤੇਰੇ ਹੁੰਦੇ ਘਰ ਆਗੂੰ ਆ ਬੈਠੇ ਆਂ।”
ਪ੍ਰਦੁੱਮਣ ਕਾਰੇ ਦਾ ਧੰਨਵਾਦ ਕਰਦਾ ਹੈ। ਕਾਰਾ ਆਖਦਾ ਹੈ,
“ਦੁੱਮਣਾ, ਭਰਾ ਕਾਹਦੇ ਲਈ ਹੁੰਦੇ ਆ, ਇਹ ਤਾਂ ਜੇ ਮੈਂ ਇੰਡੀਆ ਹੁੰਦਾ, ਜਿੱਦਾਂ ਤੇਰੇ 'ਤੇ ਭੀੜ ਪਈ ਸੀ ਸਿਰਧੜ ਦੀ ਬਾਜ਼ੀ ਲਾ ਕੇ ਤੇਰੀ ਹੈਲਪ ਕਰਦਾ।”
ਕਾਰਾ ਦੁੱਮਣ ਦੇ ਮਾਮੇ ਦਾ ਪੁੱਤ ਭਰਾ ਹੈ। ਉਹ ਇਕੱਠੇ ਹੀ ਇੰਗਲੈਂਡ ਆਏ ਸਨ ਤੇ ਸਦਾ ਹੀ ਨੇੜੇ ਤੇੜੇ ਰਹਿੰਦੇ ਹੋਏ ਇਕ ਦੂਜੇ ਦੇ ਕੰਮ ਆਉਂਦੇ ਰਹੇ ਹਨ। ਇਕ ਦੂਜੇ ਨਾਲ ਖੜਦੇ ਹਨ। ਪ੍ਰਦੁੱਮਣ ਆਪ ਬੀਤੀ ਉਸ ਨੂੰ ਹੌਲੀ ਹੌਲੀ ਦੱਸਣਾ ਚਾਹੁੰਦਾ ਹੈ। ਉਹ ਦੋ ਲਫਜ਼ਾਂ ਵਿਚ ਗੱਲ ਖਤਮ ਨਹੀਂ ਕਰਨੀ ਚਾਹੁੰਦਾ। ਆਪਣਾ ਪੈੱਗ ਖਤਮ ਕਰਦਾ ਉਹ ਕਹਿੰਦਾ ਹੈ,
“ਕਾਰਿਆ, ਹੋਰ ਇਥੇ ਦੀ ਖਬਰ ਸਾਰ ਸੁਣਾ।”
“ਸਭ ਠੀਕ ਠਾਕ ਐ, ਸਭ ਚੜ੍ਹਦੀਆਂ ਕਲਾ 'ਚ ਐ, ਬਸ ਓਧਰੋਂ ਇੰਡੀਆ ਤੋਂ ਹੀ ਟੈਰੋਰਿਸਟਾਂ ਦੀਆਂ ਵਾਰਦਾਤਾਂ ਪੜ੍ਹ ਪੜ੍ਹ ਕੇ ਮਨ ਖਰਾਬ ਹੁੰਦਾ ਰਹਿੰਦੈ, ਬਾਕੀ ਸਭ ਲੋਹੇ ਵਰਗਾ ਐ।”
“ਆਹ ਸਾਧੂ ਸੂੰਹ ਦੀ ਓਧਰ ਬੜੀ ਚਰਚਾ ਰਹੀ ਐ।”
“ਹਾਂ, ਉਹਨੇ ਆਪਣੀ ਕੁੜੀ ਜਿਉਂ ਵੱਢ 'ਤੀ।”
“ਹੈ ਤਾਂ ਨਹੀਂ ਸੀ ਏਦਾਂ ਦਾ। ਦੇਖਣ ਨੂੰ ਸ਼ਰੀਫ ਜਿਹਾ ਲੱਗਦਾ ਸੀ।”
“ਆਹੋ, ਫੇਰ ਧੀ ਦੀ ਬਦਬਖਤੀ ਨਹੀਂ ਸੀ ਝੱਲੀ ਜਾਂਦੀ, ਇਹਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ।”
“ਹੁਣ ਤਾਂ ਆਈ ਸੀ ਨਿਊਜ਼ ਕਿ ਸਜ਼ਾ ਹੋ ਗਈ।”
“ਆਹੋ, ਇਹ ਗੱਲ ਮਾੜੀ ਹੋਈ, ਉਮਰ ਕੈਦ ਹੋ ਗਈ, ਅਸੀਂ ਤਾਂ ਸੋਚਦੇ ਸੀ ਕਿ ਡਾਇਮੈਨਸ਼ਨ ਲਾਇਬੈਲਟੀ ਕਾਰਨ ਬਚਾ ਹੋ ਜਾਊ। ਪਰ ਜੱਜ ਹੋਸਟਾਈਲ ਹੋ ਗਿਆ, ਏਥੇ ਦੀਆਂ ਸਿਸਟਰ ਇਨਹੈਂਡਜ਼ ਨੇ ਜਲੂਸ ਜਿਉਂ ਕੱਢ'ਤਾ।”
“ਇਹ ਕੀ ਬਲਾ ਐ।”
“ਇਹ ਔਰਤਾਂ ਦੀ ਇਕ ਜਥੇਬੰਦੀ ਬਣੀ ਐ ਅਖੇ ਅਸੀਂ ਔਰਤਾਂ ਦੇ ਹੱਕਾਂ ਦੀ ਰਾਖੀ ਕਰਨੀ ਆਂ, ਇਹ ‘ਕੱਠੀਆਂ ਹੋ ਕੇ ਅਦਾਲਤ ਮੁਹਰੇ ਜਲੂਸ ਕਢਦੀਆਂ ਰਹੀਆਂ ਇਸ ਲਈ ਜੱਜ ਨੂੰ ਉਮਰ ਕੈਦ ਦੀ ਸਜਾ ਕਰਨੀ ਈ ਪਈ।”
“ਉਮਰ ਕੈਦ ਤਾਂ ਹੋਣੀ ਸੀ, ਕਤਲ ਐ ਆਖਰ।”
“ਆਹੋ, ਅਸੀਂ ਸੋਚਦੇ ਸੀ ਕਿ ਮੈਨ ਸਲਾਟਰ ਵਿਚ ਆ ਜਾਂਦਾ ਤਾਂ ਕੁਸ਼ ਰਿਆਇਤ ਹੋ ਜਾਣੀ ਸੀ ਤੇ ਫੇਰ ਖਾਸ ਗਵਾਹ ਵੀ ਹੈ ਨਾ ਸੀ।”
“ਸ਼ਰੇਆਮ ਕੁੜੀ ਨੂੰ ਵੱਢਿਆ ਤੇ ਗਵਾਹ ਕਿਉਂ ਨਹੀਂ ਹੋਣਗੇ।”
ਚਲਦਾ...