ਪਾਲਾ ਸਿੰਘ ਠੱਗਿਆ ਹੋਇਆ ਖੜਾ ਹੈ। ਉਸ ਨੂੰ ਆਪਣੇ ਆਪ ਉਪਰ ਬਹੁਤ ਗੁੱਸਾ ਆ ਰਿਹਾ ਹੈ। ਮਨਿੰਦਰ ਕਿਵੇਂ ਸਹਿਜੇ ਜਿਹੇ ਉਸ ਨੂੰ ਚੋਰ–ਭਲਾਈ ਦੇ ਕੇ ਘਰੋਂ ਚਲੇ ਗਈ। ਉਹ ਸਦਾ ਹੀ ਆਪਣੇ ਆਪ ਨੂੰ ਚਲਾਕ ਸਮਝਦਾ ਰਿਹਾ ਹੈ ਤੇ ਮਨਿੰਦਰ ਉਸ ਨੂੰ ਬੜੇ ਅਰਾਮ ਨਾਲ ਧੋਖਾ ਦੇ ਜਾਂਦੀ ਹੈ। ਹੁਣ ਉਹ ਬਾਹਰ ਕਿਹੜਾ ਮੂੰਹ ਲੈ ਕੇ ਨਿਕਲੇਗਾ। ਉਹ ਲੌਂਜ ਵਿਚ ਆ ਕੇ ਸੈਟੀ ਉਪਰ ਡਿੱਗ ਪੈਂਦਾ ਹੈ। ਕੱਲ ਵਾਲੇ ਦੋ ਸੇਬ ਅਤੇ ਚਾਕੂ ਉਵੇਂ ਹੀ ਮੇਜ਼ 'ਤੇ ਪਏ ਹਨ। ਉਹ ਚਾਕੂ ਨੂੰ ਹੱਥ ਵਿਚ ਫੜ ਕੇ ਦੇਖਦਾ ਹੈ। ਉਸ ਨੇ ਮੌਕਾ ਕਿਵੇਂ ਗੰਵਾ ਲਿਆ ਹੈ। ਉਹ ਆਪਣੇ ਉਪਰ ਹੈਰਾਨ ਹੈ। ਹੁਣ ਉਸ ਨੂੰ ਯਾਦ ਆ ਰਿਹਾ ਹੈ ਕਿ ਕਦੇ ਉਹ ਸਨੂਕਰ ਖੇਡਿਆ ਕਰਦਾ ਸੀ। ਸਨੂਕਰ ਖੇਡਦਿਆਂ ਉਸ ਦਾ ਅਸੂਲ ਹੋਇਆ ਕਰਦਾ ਸੀ ਕਿ ਬਾਲ ਉਸ ਦੇ ਕਾਬੂ ਵਿਚ ਆ ਗਿਆ ਤਾਂ ਅਣਗਹਿਲੀ ਨਹੀਂ ਸੀ ਕਰਦਾ। ਬਾਲ ਨੂੰ ਕਦੇ ਵੀ ਦੂਜੇ ਦੇ ਹੱਥ ਨਾ ਲੱਗਣ ਦਿੰਦਾ। ਸਾਰੇ ਕਹਿੰਦੇ ਕਿ ਪੌਲ ਦੀ ਵਾਰੀ ਆਈ ਨਹੀਂ ਕਿ ਉਹ ਜਿੱਤਿਆ ਨਹੀਂ। ਪਰ ਉਹ ਮਨਿੰਦਰ ਦੇ ਮਾਮਲੇ ਵਿਚ ਅਣਗਹਿਲੀ ਕਰ ਗਿਆ ਹੈ। ਹੁਣ ਜਦੋਂ ਲੋਕਾਂ ਨੂੰ ਪਤਾ ਚੱਲੇਗਾ ਕਿ ਉਹ ਇਕ ਮੁਸਲਮਾਨ ਮੁੰਡੇ ਦੀ ਖਾਤਰ ਘਰ ਛੱਡ ਗਈ ਹੈ ਤਾਂ ਲੋਕ ਕੀ ਕਹਿਣਗੇ। ਲੋਕ ਇਹੋ ਕਹਿਣਗੇ ਕਿ ਪਾਲਾ ਸਿੰਘ ਦੀ ਧੀ ਨੂੰ ਮੁਸਲਮਾਨ ਕੱਢ ਕੇ ਲੈ ਗਿਆ। ਉਹ ਉਠ ਕੇ ਦੋਨੋਂ ਹੱਥਾਂ ਦੇ ਮੁੱਕੇ ਬਣਾ ਕੇ ਕੰਧ ਵਿਚ ਮਾਰਦਾ ਹੈ। ਉਸ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ। ਗੁਰਦਿਆਲ ਸਿੰਘ ਨੂੰ ਵੀ ਹੁਣ ਕੀ ਦੱਸੇਗਾ ਕਿ ਸ਼ਿਕਾਰ ਹੱਥੋਂ ਨਿਕਲ ਗਿਆ।