ਪਾਲਾ ਸਿੰਘ ‘ਰਾਏ ਇੰਸ਼ੋਰੈਂਸ ਬਰੋਕਰ’ ਦੇ ਦਫਤਰ ਅਗੇ ਦੀ ਤਿੰਨ ਚਾਰ ਵਾਰ ਲੰਘਦਾ ਹੈ ਤੇ ਧਿਆਨ ਨਾਲ ਅੰਦਰ ਦੇਖਦਾ ਜਾਂਦਾ ਹੈ। ਉਸ ਨੂੰ ਪੱਗ ਵਾਲਾ ਕੋਈ ਨਹੀਂ ਦਿਸਦਾ। ਉਸ ਦੀ ਜਾਣਕਾਰੀ ਅਨੁਸਾਰ ਕਾਰੇ ਦਾ ਮੁੰਡਾ ਪੱਗ ਬੰਨਦਾ ਹੈ ਤੇ ਛੁੱਟੀ ਵਾਲੇ ਦਿਨ ਇਥੇ ਦਫਤਰ ਵਿਚ ਹੀ ਹੁੰਦਾ ਹੈ। ਅਜ ਹੈ ਤਾਂ ਸ਼ਨਿਚਰਵਾਰ ਹੀ ਪਰ ਜਾਪਦਾ ਹੈ ਕਿ ਕਾਰੇ ਦਾ ਮੁੰਡਾ ਕੰਮ ਤੇ ਨਹੀਂ ਆਇਆ ਹੋਵੇਗਾ। ਅਗਲੇ ਸ਼ਨਿਚਰਵਾਰ ਉਹ ਫਿਰ ਜਾਂਦਾ ਹੈ ਤਾਂ ਕਾਰੇ ਦਾ ਮੁੰਡਾ ਅੰਦਰ ਕੁਰਸੀ ‘ਤੇ ਬੈਠਾ ਦਿਸ ਪੈਂਦਾ ਹੈ। ਉਹ ਅੰਦਰ ਵੜ ਕੇ ਮੁੰਡੇ ਦੇ ਕੋਲ ਜਾ ਖੜਦਾ ਹੈ ਤੇ ਬਾਕੀ ਸਟਾਫ ਵਲ ਦੇਖਦਾ ਹੌਲੇ ਜਿਹੇ ਆਖਦਾ ਹੈ,
“ਯੰਗਮੈਨ, ਤੇਰੇ ਨਾਲ ਇਕ ਪ੍ਰਾਈਵੇਟ ਗੱਲ ਕਰਨੀ ਐ।”
ਮੁੰਡਾ ਉਸ ਨੂੰ ਪੱਛਾਣਦਾ ਹੈ ਤੇ ਇਕ ਕੋਨੇ ਪਈ ਕੁਰਸੀ ਵਲ ਇਸ਼ਾਰਾ ਕਰਦਾ ਕਹਿੰਦਾ ਹੈ,
“ਆ ਜਾਓ ਅੰਕਲ ਜੀ, ਇਧਰ ਆ ਜਾਓ।”
ਪਾਲਾ ਸਿੰਘ ਕੁਰਸੀ ਤੇ ਬੈਠਦਾ ਹੈ ਤਾਂ ਮੁੰਡਾ ਪੁੱਛਦਾ ਹੈ,
“ਦਸੋ ਕੀ ਕਹਿਣਾ ਚਾਹੁੰਦੇ ਓ?”
“ਤੈਨੂੰ ਪਤੈ ਕਿ ਮਨਿੰਦਰ ਕਿਥੇ ਰਹਿੰਦੀ ਐ।”“ਯੰਗਮੈਨ, ਤੇਰੇ ਨਾਲ ਇਕ ਪ੍ਰਾਈਵੇਟ ਗੱਲ ਕਰਨੀ ਐ।”
ਮੁੰਡਾ ਉਸ ਨੂੰ ਪੱਛਾਣਦਾ ਹੈ ਤੇ ਇਕ ਕੋਨੇ ਪਈ ਕੁਰਸੀ ਵਲ ਇਸ਼ਾਰਾ ਕਰਦਾ ਕਹਿੰਦਾ ਹੈ,
“ਆ ਜਾਓ ਅੰਕਲ ਜੀ, ਇਧਰ ਆ ਜਾਓ।”
ਪਾਲਾ ਸਿੰਘ ਕੁਰਸੀ ਤੇ ਬੈਠਦਾ ਹੈ ਤਾਂ ਮੁੰਡਾ ਪੁੱਛਦਾ ਹੈ,
“ਦਸੋ ਕੀ ਕਹਿਣਾ ਚਾਹੁੰਦੇ ਓ?”
“ਅੰਕਲ ਜੀ, ਮੈਂ ਤਾਂ ਹੁਣ ਮਾਸਟਰ ਕਰਦਾਂ ਤੇ ਹੋਰ ਯੂਨੀ ਜਾਂਨਾ। ਮੈਨੂੰ ਪਤਾ ਨਹੀਂ ਕੁਸ਼।”
“ਤੇਰੇ ਫਰਿੰਡਜ਼ ਹੋਣਗੇ ਪਤਾ ਕਰ ਸਕਦਾਂ?”
ਮੁੰਡਾ ਸੋਚੀਂ ਪੈ ਜਾਂਦਾ ਹੈ। ਪਾਲਾ ਸਿੰਘ ਫਿਰ ਆਖਦਾ ਹੈ,
“ਮੈਨੂੰ ਉਸ ਤਕ ਇਕ ਬਹੁਤ ਜ਼ਰੂਰੀ ਕੰਮ ਐ, ਕੋਈ ਫੈਮਲੀ ਦਾ ਕੰਮ, ਕਿਸੇ ਤਰ੍ਹਾਂ ਪਤਾ ਕਰਦੇ, ਪਲੀਜ਼!”
“ਮੈਂ ਟਰਾਈ ਕਰੂੰਗਾ ਪਰ ਪਰੌਮਿਜ਼ ਨਹੀਂ ਕਰ ਸਕਦਾ।”
“ਪਰ ਇਸ ਗੱਲ ਦਾ ਮਨਿੰਦਰ ਨੂੰ ਪਤਾ ਨਾ ਲਗੇ, ਮੈਂ ਉਸ ਨੂੰ ਸਰਪਰਾਈਜ਼ ਦੇਣਾ ਚਾਹੁੰਨਾ।”
“ਆਏ ਵਿਲ ਟਰਾਏ।”
“ਮੈਨੂੰ ਆਪਣਾ ਮੁਬਾਈਲ ਨੰਬਰ ਦੇ ਦੇਹ, ਮੈਂ ਤੈਨੂੰ ਪੁੱਛ ਲਊਂ।”
ਮੁੰਡਾ ਇਕ ਪਲ ਲਈ ਝਿਜਕ ਜਿਹੀ ਮੰਨਦਾ ਹੈ ਪਰ ਫਿਰ ਇਕ ਪੇਪਰ ਉਪਰ ਆਪਣਾ ਫੋਨ ਨੰਬਰ ਲਿਖ ਦਿੰਦਾ ਹੈ ਤੇ ਬੋਲਦਾ ਹੈ,
“ਨੈਕਸਟ ਵੀਕ ਮੈਨੂੰ ਫੋਨ ਕਰ ਲਿਓ, ਪਰ ਕੁਸ਼ ਕਹਿ ਨਹੀਂ ਸਕਦਾ।”
ਪਾਲਾ ਸਿੰਘ ਉਸ ਦਾ ਧੰਨਵਾਦ ਕਰਦਾ ਤੁਰ ਪੈਂਦਾ ਹੈ। ਕੋਈ ਹੋਰ ਰਾਹ ਨਾ ਦਿਸਦਾ ਹੋਣ ਕਰਕੇ ਉਹ ਕਾਰੇ ਦੇ ਮੁੰਡੇ ਨਾਲ ਰਾਬਤਾ ਕਰਦਾ ਹੈ। ਮਨਿੰਦਰ ਦੇ ਥੁਹ ਪਤੇ ਲਈ ਇਹੋ ਇਕ ਆਸ ਦੀ ਕਿਰਨ ਹੈ ਨਹੀਂ ਤਾਂ ਉਹ ਸਾਰੀ ਉਮਰ ਹੀ ਹਨੇਰੇ ਵਿਚ ਭਟਕਦਾ ਰਹੇਗਾ। ਇੰਨੇ ਮਹੀਨੇ ਹੋ ਗਏ ਹਨ ਮਨਿੰਦਰ ਨੂੰ ਘਰੋਂ ਗਈ ਨੂੰ, ਇਹ ਸਮਾਂ ਉਸ ਲਈ ਬਹੁਤ ਤਕਲੀਫ ਭਰਿਆ ਰਿਹਾ ਹੈ। ਉਸ ਨੇ ਗੁਰਦਵਾਰੇ ਜਾਣਾ ਛੱਡ ਰਖਿਆ ਹੈ। ਪੱਬ ਵੀ ਨਹੀਂ ਜਾਂਦਾ, ਜੇ ਕਦੇ ਬੀਅਰ ਦੀ ਹੁੜਕ ਉਠੇ ਵੀ ਤਾਂ ਦੂਰ ਦੇ ਕਿਸੇ ਪੱਬ ਜਾਂਦਾ ਹੈ ਜਿਥੇ ਕੋਈ ਵਾਕਫ ਨਾ ਹੋਵੇ। ਰਾਹ ਖਾਤੇ ਕੋਈ ਵਾਕਫ ਮਿਲ ਵੀ ਜਾਵੇ ਤਾਂ ੳਹ ਸਾਧਾਰਣ ਜਿਹੀ ਫਤਿਹ ਬੁਲਾ ਕੇ ਲੰਘ ਜਾਂਦਾ ਹੈ। ਗੁਰਦਿਆਲ ਸਿੰਘ ਵਲ ਵੀ ਬਹੁਤ ਘੱਟ ਜਾਇਆ ਕਰਦਾ ਹੈ। ਉਸ ਨੂੰ ਲਗਦਾ ਹੈ ਕਿ ਬਦਲੇ ਦੀ ਭੱਠੀ ਵਿਚ ਉਸ ਤੋਂ ਹੋਰ ਨਹੀਂ ਬਲਿਆ ਜਾਂਦਾ ਤੇ ਇਸ ਦਾ ਅੰਤ ਕਰਨਾ ਚਾਹੁੰਦਾ ਹੈ। ਉਸ ਨੂੰ ਯਕੀਨ ਹੈ ਕਿ ਕਾਰੇ ਦਾ ਮੁੰਡਾ ਜ਼ਰੂਰ ਉਸ ਦੀ ਮੱਦਦ ਕਰੇਗਾ।
ਅਗਲੇ ਹਫਤੇ ਉਹ ਕਾਰੇ ਦੇ ਮੁੰਡੇ ਨੂੰ ਫੋਨ ਕਰਦਾ ਹੈ। ਮੁੰਡਾ ਕਹਿੰਦਾ ਹੈ,
“ਲਿਖੋ ਅੰਕਲ, ਫਿਫਟੀਨ ਨੰਬਰ, ਲਗਜ਼ਰੀ ਹਾਊਸ, ਹੈਕਨੀ ਰੋਡ, ਹੈਕਨੀ। ਪਤਾ ਨਾ ਹੈਕਨੀ ਈਸਟ ਲੰਡਨ ਵਿਚ ਆ।”
“ਹਾਂ, ਮੈਨੂੰ ਹੈਕਨੀ ਦਾ ਪਤੈ। ਤੇਰਾ ਬਹੁਤ ਬਹੁਤ ਥੈਂਕਿਊ, ਯੰਗਮੈਨ।”
ਪਾਲਾ ਸਿੰਘ ਨੂੰ ਚਾਅ ਚੜ੍ਹ ਜਾਂਦਾ ਹੈ ਜਿਵੇਂ ਬਹੁਤ ਵੱਡੀ ਸ਼ੈਅ ਮਿਲ ਗਈ ਹੋਵੇ। ਉਹ ਲੰਡਨ ਦੀ ਏ ਟੂ ਜ਼ੈਡ ਉਠਾ ਕੇ ਹੈਕਨੀ ਰੋਡ ਲਭਣ ਲਗਦਾ ਹੈ। ਹੈਕਨੀ ਰੋਡ ਕਾਫੀ ਲੰਬੀ ਹੈ। ਇਸ ਉਪਰ ਲਗਜ਼ਰੀ ਹਾਊਸ ਕਿਥੇ ਕੁ ਹੋਵੇਗਾ ਇਹ ਉਸ ਨੂੰ ਢੂੰਡਣਾ ਪਵੇਗਾ। ਇਕ ਦੋ ਇਧਰ ਓਧਰ ਦੇ ਗੇੜੇ ਲਗਾ ਕੇ ਮਿਲ ਹੀ ਜਾਵੇਗਾ। ਉਹ ਸਕੀਮ ਬਣਾਉਂਦਾ ਹੈ ਕਿ ਇਸ ਕੰਮ ਨੂੰ ਕਿਵੇਂ ਨੇਪਰੇ ਚਾੜ੍ਹਨਾ ਹੈ। ਉਹ ਚਾਰ ਕੁ ਵਜੇ ਇਸ ਇਮਾਰਤ ਦੇ ਨੇੜੇ ਜਾ ਕੇ ਖੜ ਜਾਵੇਗਾ। ਜਦ ਮਨਿੰਦਰ ਆਉਂਦੀ ਦਿਸੀ ਤੇ ਉਸ ਤੇ ਝਪਟ ਪਵੇਗਾ। ਜੇ ਕੋਈ ਉਸ ਦੀ ਮੱਦਦ ਲਈ ਨੇੜੇ ਆਇਆ ਤਾਂ ਉਹ ਉਸ ਉਪਰ ਵਾਰ ਕਰਨ ਤੋਂ ਵੀ ਪਰਹੇਜ਼ ਨਹੀਂ ਕਰੇਗਾ। ਉਹ ਤਲਵਾਰ ਉਠਾਉਂਦਾ ਹੈ। ਮਿਆਨ ਵਿਚੋਂ ਕਢਦਾ ਹੈ। ਤਲਵਾਰ ਨੂੰ ਹਿਲਾ ਕੇ ਇਸ ਦੀ ਚਮਕ ਦੇਖਦਾ ਹੈ। ਉਹ ਨੰਗੀ ਤਲਵਾਰ ਲੈ ਕੇ ਘਰ ਦੇ ਬਗੀਚੇ ਵਿਚ ਨਿਕਲਦਾ ਹੈ। ਬਗੀਚੇ ਵਿਚ ਇਕ ਵੱਡਾ ਦਰਖਤ ਹੈ, ਉਸ ਦਾ ਡਾਹਣਾ ਜੋ ਮਨੁੱਖ ਦੀ ਗਰਦਨ ਸਾਨ ਹੈ ਉਸ ਉਪਰ ਉਹ ਤਲਵਾਰ ਦਾ ਇਕ ਭਰਪੂਰ ਵਾਰ ਕਰਦਾ ਹੈ। ਡਾਹਣਾ ਕੱਟ ਹੋ ਕੇ ਓਹ ਜਾ ਡਿਗਦਾ ਹੈ। ਉਹ ਖੁਸ਼ ਹੋ ਜਾਂਦਾ ਹੈ ਕਿ ਉਸ ਵਿਚ ਹਾਲੇ ਦਮ-ਖ਼ਮ ਹੈ ਤੇ ਉਸ ਦੀ ਤਲਵਾਰ ਵਿਚ ਵੀ। ਉਹ ਤਲਵਾਰ ਨੂੰ ਸਾਫ ਕਰਕੇ ਮਿਆਨ ਵਿਚ ਪਾ ਲੈਂਦਾ ਹੈ। ਫਿਰ ਉਹ ਦਾਹੜੀ ਰੰਗਣ ਲਗਦਾ ਹੈ। ਇਸ ਦਾ ਕਾਰਨ ਇਹ ਸਮਝਦਾ ਹੈ ਕਿ ਹੋ ਸਕਦਾ ਹੈ ਕਿਸੇ ਹੋਰ ਨਾਲ ਵੀ ਟੱਕਰ ਹੋ ਜਾਵੇ ਤੇ ਉਸ ਦੀ ਸਫੈਦ ਦਾਹੜੀ ਕਾਰਨ ਦੁਸ਼ਮਣ ਉਸ ਨੂੰ ਕਮਜ਼ੋਰ ਹੀ ਨਾ ਸਮਝ ਲਵੇ। ਉਹ ਪੂਰੀ ਤਿਆਰੀ ਕਰ ਕੇ ਹੈਕਨੀ ਲਈ ਨਿਕਲ ਪੈਂਦਾ ਹੈ। ਉਹ ਨਾਲ ਇਕ ਚਾਕੂ ਵੀ ਲੈ ਲੈਂਦਾ ਹੈ ਕਿ ਸ਼ਾਇਦ ਇਸ ਦੀ ਵੀ ਲੋੜ ਪੈ ਜਾਵੇ। ਇਹ ਚਾਕੂ ਉਸ ਨੇ ਕੁਝ ਦਿਨ ਪਹਿਲਾਂ ਇਕ ਮਾਰਕਿਟ ਵਿਚੋਂ ਵਿਸ਼ੇਸ਼ ਤੌਰ ਤੇ ਖਰੀਦਿਆ ਹੈ।
ਲਗਜ਼ਰੀ ਹਾਊਸ ਫਲੈਟਾਂ ਦਾ ਇਕ ਬਲੌਕ ਹੈ। ਉਸ ਨੂੰ ਲਭਣ ਨੂੰ ਕੁਝ ਵਕਤ ਲਗਦਾ ਹੈ ਪਰ ਲਭ ਪੈਂਦਾ ਹੈ। ਉਹ ਕਾਰ ਨੂੰ ਅਜਿਹੀ ਜਗਾਹ ਖੜੀ ਕਰਦਾ ਹੈ ਜਿਥੋਂ ਫਲੈਟਾਂ ਵਿਚ ਆਉਣ ਜਾਣ ਵਾਲਾ ਹਰ ਕੋਈ ਉਸ ਨੂੰ ਦਿਸਦਾ ਰਹੇ ਤੇ ਉਸ ਦੀ ਕਾਰ ਅਸਾਨੀ ਨਾਲ ਕਿਸੇ ਦੀ ਨਜ਼ਰੀਂ ਨਾ ਪਵੇ। ਉਹ ਅੱਖਾਂ ਗੱਡ ਕੇ ਇੰਤਜ਼ਾਰ ਕਰਦਾ ਹੈ। ਚਾਰ ਵਜਦੇ ਹਨ, ਪੰਜ ਵਜਦੇ ਹਨ, ਛੇ ਵੱਜ ਜਾਂਦੇ ਹਨ ਪਰ ਮਨਿੰਦਰ ਦਾ ਕਿਧਰੇ ਨਾਂ ਨਿਸ਼ਾਨ ਨਹੀਂ ਹੈ। ਉਹ ਸੋਚਣ ਲਗਦਾ ਹੈ ਕਿ ਕਿਤੇ ਇਹ ਸਿਰਨਾਵਾਂ ਗਲਤ ਹੀ ਨਾ ਹੋਵੇ। ਜਿਸ ਤੋਂ ਵੀ ਕਾਰੇ ਦੇ ਮੁੰਡੇ ਨੇ ਇਹ ਹਾਸਲ ਕੀਤਾ ਹੋਵੇ ਉਸ ਨੇ ਜਾਣ ਬੁਝ ਕੇ ਗਲਤ ਦੇ ਦਿਤਾ ਹੋਵੇ ਜਾਂ ਫਿਰ ਮਨਿੰਦਰ ਅੰਦਰ ਹੀ ਹੋਵੇ। ਅੱਠ ਵਜੇ ਉਹ ਕਾਰ ਵਿਚੋਂ ਨਿਕਲਦਾ ਹੈ। ਚਾਕੂ ਜੇਬ੍ਹ ਵਿਚ ਪਾ ਕੇ ਲਗਜ਼ਰੀ ਹਾਊਸ ਦੇ ਅੰਦਰ ਜਾ ਵੜਦਾ ਹੈ। ਪੰਦਰਾਂ ਨੰਬਰ ਫਲੈਟ ਤੀਜੀ ਮੰਜ਼ਲ ‘ਤੇ ਹੈ। ਉਹ ਪੌੜੀਆਂ ਚੜਨ ਲਗਦਾ ਹੈ। ਪੰਦਰਾਂ ਨੰਬਰ ਮੁਹਰੇ ਪੁੱਜ ਕੇ ਦਰਵਾਜ਼ੇ ਲਗੀ ਘੰਟੀ ਵਜਾਉਂਦਾ ਹੈ। ਕੁਝ ਦੇਰ ਬਾਅਦ ਇਕ ਏਸੀਅਨ ਨੌਜਵਾਨ ਦਰਵਾਜ਼ਾ ਖੋਹਲਦਾ ਹੈ। ਉਹ ਅੰਗਰੇਜ਼ੀ ਵਿਚ ਪੁੱਛਦਾ ਹੈ,
“ਕਿਸ ਨੂੰ ਮਿਲਣਾ ਏ?”
“ਕੀ ਮੈਂ ਅੰਦਰ ਆ ਸਕਦਾਂ?”
ਉਸ ਦਾ ਉਤਰ ਸੁਣਨ ਤੋਂ ਪਹਿਲਾਂ ਹੀ ਪਾਲਾ ਸਿੰਘ ਅੰਦਰ ਜਾ ਵੜਦਾ ਹੈ। ਆਲਾ ਦੁਆਲਾ ਦੇਖਦਾ ਆਖਦਾ ਹੈ,
“ਮੈਂ ਮਨਿੰਦਰ ਨੂੰ ਮਿਲਣਾਂ।”
“ਇਥੇ ਇਸ ਨਾਂ ਦਾ ਕੋਈ ਵਿਅਕਤੀ ਨਹੀਂ।”
ਪਾਲਾ ਸਿੰਘ ਕੁਝ ਕਹੇ ਬਿਨਾ ਇਧਰ ਓਧਰ ਦੇਖਦਾ ਜਾ ਰਿਹਾ ਹੈ। ਉਸ ਦਾ ਸੱਜਾ ਹੱਥ ਜੇਬ੍ਹ ਵਿਚ ਪਏ ਚਾਕੂ ਉਪਰ ਹੈ। ਕੰਧ ਉਪਰ ਮੱਕਾ ਸ਼ਰੀਫ ਦੀ ਤਸਵੀਰ ਲਟਕ ਰਹੀ ਹੈ। ਉਹ ਨੌਜਵਾਨ ਆਪਣੀ ਗੱਲ ਫਿਰ ਦੁਹਰਾਉਂਦਾ ਹੈ,
“ਮੈਂ ਕਿਹਾ ਕਿ ਇਸ ਨਾਂ ਦਾ ਇਥੇ ਕੋਈ ਵਿਅਕਤੀ ਨਹੀਂ ਰਹਿੰਦਾ।”
“ਮੈਨੂੰ ਤਾਂ ਇਹੋ ਐਡਰਸ ਦਿਤਾ ਗਿਆ, ਕੀ ਮੈਂ ਤੁਹਾਡੀ ਰਸੋਈ ਦੇਖ ਸਕਦਾਂ?”
ਇਕ ਵਾਰ ਫਿਰ ਪਾਲਾ ਸਿੰਘ ਉਸ ਦਾ ਉਤਰ ਸੁਣੇ ਬਿਨਾ ਰਸੋਈ ਵਿਚ ਜਾ ਵੜਦਾ ਹੈ। ਇਕ ਜਾਣੀ ਪੱਛਾਣੀ ਮਹਿਕ ਰਸੋਈ ਵਿਚੋਂ ਆ ਰਹੀ ਹੈ। ਉਹ ਨੌਜਵਾਨ ਨੂੰ ਕਹਿੰਦਾ ਹੈ,
“ਮੈਨੂੰ ਪਤੈ ਮਨਿੰਦਰ ਇਥੇ ਰਹਿੰਦੀ ਐ, ਮੈਂ ਉਸ ਦਾ ਬਾਪ ਆਂ ਤੇ ਉਸ ਨੂੰ ਮਿਲਣਾਂ ਚਾਹੁੰਨਾਂ।”
ਉਸ ਦੀ ਗੱਲ ਸੁਣ ਕੇ ਨੌਜਵਾਨ ਦਾ ਰੰਗ ਉਡ ਜਾਂਦਾ ਹੈ ਪਰ ਉਹ ਸੰਭਲਦਾ ਹੋਇਆ ਬੋਲਦਾ ਹੈ,
“ਜਦ ਮੈਂ ਇਕ ਵਾਰ ਕਹਿ ਦਿਤਾ।”
“ਤੂੰ ਝੂਠ ਬੋਲ ਰਿਹੈਂ, ਜਾਹ ਮਨਿੰਦਰ ਨੂੰ ਬੁਲਾ।”
“ਮੇਰਾ ਯਕੀਨ ਕਰ, ਇਥੇ ਕੋਈ ਨਹੀਂ।”
“ਮੈਂ ਬੈਡਰੂਮ ਚੈਕ ਕਰ ਸਕਦਾਂ?”
ਇਹ ਸਵਾਲ ਪਾਲਾ ਸਿੰਘ ਪੰਜਾਬੀ ਵਿਚ ਕਰਦਾ ਹੈ ਤੇ ਨਾਲ ਹੀ ਬੈਡਰੂਮ ਵਿਚ ਜਾ ਵੜਦਾ ਹੈ। ਨੌਜਵਾਨ ਅੰਗਰੇਜ਼ੀ ਵਿਚ ਹੀ ਬੋਲਦਾ ਹੈ,
“ਦੇਖ ਮਿਸਟਰ, ਮੈਂ ਪੁਲੀਸ ਸੱਦਣ ਲਗਿਆਂ।”
“ਤੂੰ ਪੁਲੀਸ ਕੀ ਸਦੇਂਗਾ ਮੈਂ ਪੁਲੀਸ ਬੁਲਾਵਾਂਗਾ, ਤੂੰ ਮੇਰੀ ਕੁੜੀ ਨੂੰ ਕੈਦ ਕਰ ਕੇ ਰਖਿਆ ਹੋਇਐ।”
ਨੌਜਵਾਨ ਫੋਨ ਚੁੱਕ ਕੇ ਪੁਲੀਸ ਦਾ ਨੰਬਰ ਘੁਮਾਉਣ ਲਗਦਾ ਹੈ। ਪਾਲਾ ਸਿੰਘ ਨੂੰ ਲਗਦਾ ਹੈ ਕਿ ਕੋਈ ਹੋਰ ਮੁਸੀਬਤ ਨਾ ਖੜੀ ਹੋ ਜਾਵੇ ਕਿਉਂਕਿ ਚਾਕੂ ਉਸ ਦੀ ਜੇਬ੍ਹ ਵਿਚ ਹੈ। ਉਹ ਉਥੋਂ ਤੁਰ ਆਉਂਦਾ ਹੈ। ਉਹ ਕਿਸੇ ਕਿਸਮ ਦੀ ਧਮਕੀ ਵੀ ਨਹੀਂ ਦਿੰਦਾ ਕਿਉਂਕਿ ਉਹ ਦੁਸ਼ਮਣ ਨੂੰ ਡਰਾਉਣਾ ਨਹੀਂ ਚਾਹੁੰਦਾ। ਇਕ ਵਾਰ ਤਾਂ ਉਸ ਦੇ ਮਨ ਵਿਚ ਆਉਂਦਾ ਹੈ ਕਿ ਚਾਕੂ ਮਾਰ ਕੇ ਇਸ ਮੁੰਡੇ ਦਾ ਹੀ ਕੰਮ ਕਰ ਦੇਵੇ ਪਰ ਫਿਰ ਸੋਚਦਾ ਹੈ ਕਿ ਮਨਿੰਦਰ ਤਾਂ ਫਿਰ ਬਚ ਗਈ। ਉਸ ਦਾ ਨਿਸ਼ਾਨਾ ਮਨਿੰਦਰ ਹੈ।
ਉਹ ਫਲੈਟਾਂ ਦੀਆਂ ਪੌੜੀਆਂ ਉਤਰ ਆਉਂਦਾ ਹੈ। ਉਸ ਦਾ ਸੱਜਾ ਹੱਥ ਹਾਲੇ ਵੀ ਚਾਕੂ ਉਪਰ ਹੀ ਹੈ। ਮਨਿੰਦਰ ਨਾਲ ਹਾਲੇ ਵੀ ਟਾਕਰਾ ਹੋ ਸਕਦਾ ਹੈ। ਸ਼ਾਇਦ ਕੰਮ ਤੋਂ ਵਾਪਸ ਆ ਰਹੀ ਹੋਵੇ। ਉਹ ਵਾਪਸ ਆਪਣੀ ਕਾਰ ਵਿਚ ਆ ਬੈਠਦਾ ਹੈ ਤੇ ਦੂਰੋਂ ਪੁਲੀਸ ਦੀ ਕਾਰ ਦੀਆਂ ਨੀਲੀਆਂ ਰੋਸ਼ਨੀਆਂ ਜਗਦੀਆਂ ਦਿਸਦੀਆਂ ਹਨ। ਉਹ ਆਪਣੀ ਕਾਰ ਭਜਾ ਲੈਂਦਾ ਹੈ। ਘਰ ਪਹੁੰਚ ਕੇ ਇਕ ਦਮ ਸੈਟੀ ਤੇ ਡਿਗ ਪੈਂਦਾ ਹੈ। ਉਸ ਨੂੰ ਆਪਣੀ ਅਸਫਲਤਾ ‘ਤੇ ਬੇਹੱਦ ਅਫਸੋਸ ਹੈ।
ਅਗਲੇ ਦਿਨ ਤੜਕਸਾਰ ਉਹ ਫਿਰ ਹੈਕਨੀ ਜਾ ਪੁੱਜਦਾ ਹੈ। ਉਸ ਨੂੰ ਪਤਾ ਹੈ ਕਿ ਦੁਸ਼ਮਣ ਉਪਰ ਸਵੇਰੇ ਵੇਲੇ ਸਿਰ ਹਮਲਾ ਕੀਤਾ ਜਾਂਦਾ ਹੈ। ਪੰਦਰਾਂ ਨੰਬਰ ਦੀ ਘੰਟੀ ਵਜਾਉਂਦਾ ਹੈ। ਉਸ ਨੂੰ ਲਗਦਾ ਹੈ ਕਿ ਮਨਿੰਦਰ ਲੇਟ ਆਈ ਹੋਵੇਗੀ ਤੇ ਇਸ ਵਕਤ ਘਰ ਹੀ ਹੋਵੇਗੀ। ਘੰਟੀ ਵਜਾਉਣ ਤੇ ਦਰਵਾਜ਼ਾ ਨਹੀਂ ਖੁਲ੍ਹਦਾ ਤਾਂ ਉਹ ਦਰਵਾਜ਼ਾ ਖੜਕਾਉਣ ਲਗ ਪੈਂਦਾ ਹੈ। ਵਾਰ ਵਾਰ ਦਰਵਾਜ਼ਾ ਖੜਕਾਉਣ ਤੇ ਗਵਾਂਢੀ ਬਾਹਰ ਆ ਜਾਂਦੇ ਹਨ। ਇਕ ਅਫਰੀਕਨ ਨਸਲ ਦੀ ਔਰਤ ਪੁੱਛਦੀ ਹੈ,
“ਕੀ ਪਰੇਸ਼ਾਨੀ ਐ?”
“ਇਥੇ ਮੇਰੀ ਬੇਟੀ ਰਹਿੰਦੀ ਐ ਮੈਂ ਉਹਨੂੰ ਮਿਲਣ ਆਇਆਂ।”
“ਇਥੇ ਰਹਿੰਦੇ ਲੋਕ ਤਾਂ ਰਾਤੀਂ ਆਪਣਾ ਸਮਾਨ ਲੈ ਕੇ ਚਲੇ ਗਏ।”
ਪਾਲਾ ਸਿੰਘ ਜੇਬ੍ਹ ਵਿਚੋਂ ਮਨਿੰਦਰ ਦੀ ਫੋਟੋ ਕੱਢ ਕੇ ਉਸ ਨੂੰ ਦਿਖਾਉਂਦਾ ਪੁੱਛਦਾ ਹੈ,
“ਇਹੋ ਕੁੜੀ ਇਥੇ ਰਹਿੰਦੀ ਸੀ?”
“ਹਾਂ, ਇਹੋ ਸੀ।”
ਉਹ ਔਰਤ ਫੋਟੋ ਦੇਖਦੀ ਦਸਦੀ ਹੈ।
ਇਹ ਸੁਣ ਕੇ ਪਾਲਾ ਸਿੰਘ ਨੂੰ ਓਨਾ ਹੀ ਦੁੱਖ ਹੁੰਦਾ ਹੈ ਜਿੰਨਾ ਮਨਿੰਦਰ ਦੇ ਘਰੋਂ ਜਾਣ ਵੇਲੇ ਹੋਇਆ ਸੀ।
ਚਲਦਾ...