ਗਰੇਵਾਲ ਨੂੰ ਸਟਰੋਕ ਹੋ ਜਾਂਦਾ ਹੈ। ਡਾਕਟਰ ਕਹਿੰਦੇ ਹਨ ਕਿ ਸਟਰੋਕ ਹੋਣ ਤੋਂ ਲਗ ਭਗ ਤਿੰਨ ਦਿਨ ਬਾਅਦ ਤੱਕ ਉਹ ਘਰ ਬਿਨਾਂ ਇਲਾਜ ਪਿਆ ਰਿਹਾ ਹੈ। ਇਸੇ ਲਈ ਉਸ ਦੀ ਹਾਲਤ ਇੰਨੀ ਗੰਭੀਰ ਹੈ। ਗਰੇਵਾਲ ਕਈ ਦਿਨ ਤੱਕ ਕੋਮਾ ਵਿਚ ਰਹਿੰਦਾ ਹੈ ਤਦ ਕਿਤੇ ਜਾ ਕੇ ਅੱਖਾਂ ਖੋਲ੍ਹਦਾ ਹੈ।
ਹੁਣ ਗਰੇਵਾਲ ਨੂੰ ਦੇਖਣ ਉਸ ਦਾ ਪਰਿਵਾਰ ਲਗਾਤਾਰ ਜਾਂਦਾ ਹੈ। ਉਸ ਦੇ ਦੋਵੇਂ ਭਰਾ, ਭਰਜਾਈਆਂ ਤੇ ਭਤੀਜੇ, ਭਤੀਜੀਆਂ। ਬਿਮਾਰ ਹੋਣ ਤੋਂ ਬਾਅਦ ਗਰੇਵਾਲ ਦੀ ਕੀਮਤ ਜਿਵੇਂ ਵੱਧ ਗਈ ਹੋਵੇ। ਜਗਮੋਹਣ ਨੂੰ ਗਰੇਵਾਲ ਦਾ ਬਹੁਤ ਫਿਕਰ ਹੈ। ਉਹ ਹਸਪਤਾਲ ਜਾਂਦਾ ਰਹਿੰਦਾ ਹੈ ਪਰ ਬਹੁਤਾ ਚਿਰ ਨਹੀਂ ਬੈਠਿਆ ਕਰਦਾ। ਇਕ ਤਾਂ ਗਰੇਵਾਲ ਕੋਲ ਹੋਰ ਰਿਸ਼ਤੇਦਾਰਾਂ ਦੀ ਭਰਮਾਰ ਹੁੰਦੀ ਹੈ ਜਿਹਨਾਂ ਨੂੰ ਉਹ ਜਾਣਦਾ ਨਹੀਂ ਹੈ, ਦੂਜੇ ਗਰੇਵਾਲ ਨਾਲ ਵੀ ਕੋਈ ਗਲ ਨਹੀਂ ਹੋ ਸਕਦੀ ਉਹ ਤਾਂ ਕਿਸੇ ਨੂੰ ਪਛਾਣਦਾ ਵੀ ਨਹੀਂ ਹੈ। ਉਸ ਨੂੰ ਉਸ ਦੇ ਭਰਾਵਾਂ ਦਾ ਗਰੇਵਾਲ ਪ੍ਰਤੀ ਉਮੜਦਾ ਪਿਆਰ ਬਹੁਤ ਕੋਫਤ ਦੇਣ ਲਗਦਾ ਹੈ। ਹੁਣ ਉਹਨਾਂ ਨੂੰ ਲਗਦਾ ਹੈ ਕਿ ਗਰੇਵਾਲ ਸ਼ਾਇਦ ਹੀ ਠੀਕ ਹੋਵੇ ਤੇ ਲੋਕਾਚਾਰੀ ਉਹ ਗਰੇਵਾਲ ਦੀ ਸੇਵਾ ਕਰਨੀ ਚਾਹੁੰਦੇ ਹਨ।
ਦੂਜੇ ਪਾਸੇ ਜਗਮੋਹਨ ਨੂੰ ਇਕ ਤਾਂ ਮਨਿੰਦਰ ਦੇ ਘਰੋਂ ਚਲੇ ਜਾਣ ਦੀ ਚਿੰਤਾ ਹੈ ਤੇ ਫਿਰ ਪਾਲਾ ਸਿੰਘ ਦੇ ਇਰਾਦਿਆਂ ਦੀ। ਪਾਲਾ ਸਿੰਘ ਦੀ ਗੱਲਬਾਤ ਤੋਂ ਹੀ ਉਹ ਸਮਝ ਜਾਂਦਾ ਹੈ ਕਿ ਉਹ ਕੀ ਕਰਨ ਜਾ ਰਿਹਾ ਹੈ। ਉਹ ਮਨ ਹੀ ਮਨ ਕਹਿੰਦਾ ਹੈ ਕਿ ਮਨਿੰਦਰ ਨੂੰ ਸੁੱਖੀ ਨਹੀਂ ਬਣਨ ਦੇਵਾਂਗਾ। ਮਨਿੰਦਰ ਨੂੰ ਬਚਾਵਾਂਗਾ। ਫਿਰ ਸੋਚਦਾ ਹੈ ਕਿ ਬਚਾਵਾਂਗਾ ਕਿਵੇਂ। ਉਹ ਕਿਹੜਾ ਹਰ ਵੇਲੇ ਪਾਲਾ ਸਿੰਘ ਦੇ ਨਾਲ ਰਹਿੰਦਾ ਹੈ। ਪੁਲੀਸ ਨੂੰ ਇਤਲਾਹ ਕਰਨੀ ਚਾਹੀਦੀ ਹੈ। ਪੁਲੀਸ ਕੋਲ ਜਾਣ ਤੋਂ ਪਹਿਲਾਂ ਉਹ ਬਹੁਤ ਦੇਰ ਤੱਕ ਵਿਚਾਰ ਕਰਦਾ ਰਹਿੰਦਾ ਹੈ ਕਿ ਜਾਵੇ ਕਿ ਨਾ। ਪੁਲੀਸ ਵਾਲਿਆਂ ਨੂੰ ਵੀ ਕੋਈ ਸਬੂਤ ਚਾਹੀਦਾ ਹੈ। ਬਿਨਾਂ ਸਬੂਤ ਉਹ ਆਪਣਾ ਸਮਾਂ ਖਰਾਬ ਨਹੀਂ ਕਰਨ ਲੱਗੇ। ਕਾਫੀ ਦੇਰ ਸੋਚ ਕੇ ਉਹ ਪੁਲੀਸ ਸਟੇਸ਼ਨ ਜਾਂਦਾ ਹੈ ਤੇ ਸਾਰੀ ਗੱਲ ਦੱਸ ਦਿੰਦਾ ਹੈ ਪਰ ਪੁਲੀਸ ਬਹੁਤਾ ਪ੍ਰਤੀਕਰਮ ਨਹੀਂ ਦਿਖਾਉਂਦੀ। ਫਿਰ ਉਹ ਮਨਿੰਦਰ ਨੂੰ ਲੱਭਣ ਲੱਗਦਾ ਹੈ ਕਿ ਉਸ ਨੂੰ ਦਸੇ ਕਿ ਬਹੁਤ ਬਚ ਕੇ ਰਹੇ। ਕਈ ਦਿਨ ਉਹ ਮਨਿੰਦਰ ਦੀ ਤਲਾਸ਼ ਤੇ ਖਰਚ ਦਿੰਦਾ ਹੈ ਪਰ ਮਨਿੰਦਰ ਦਾ ਕੁਝ ਪਤਾ ਨਹੀਂ ਚੱਲਦਾ।ਹੁਣ ਗਰੇਵਾਲ ਨੂੰ ਦੇਖਣ ਉਸ ਦਾ ਪਰਿਵਾਰ ਲਗਾਤਾਰ ਜਾਂਦਾ ਹੈ। ਉਸ ਦੇ ਦੋਵੇਂ ਭਰਾ, ਭਰਜਾਈਆਂ ਤੇ ਭਤੀਜੇ, ਭਤੀਜੀਆਂ। ਬਿਮਾਰ ਹੋਣ ਤੋਂ ਬਾਅਦ ਗਰੇਵਾਲ ਦੀ ਕੀਮਤ ਜਿਵੇਂ ਵੱਧ ਗਈ ਹੋਵੇ। ਜਗਮੋਹਣ ਨੂੰ ਗਰੇਵਾਲ ਦਾ ਬਹੁਤ ਫਿਕਰ ਹੈ। ਉਹ ਹਸਪਤਾਲ ਜਾਂਦਾ ਰਹਿੰਦਾ ਹੈ ਪਰ ਬਹੁਤਾ ਚਿਰ ਨਹੀਂ ਬੈਠਿਆ ਕਰਦਾ। ਇਕ ਤਾਂ ਗਰੇਵਾਲ ਕੋਲ ਹੋਰ ਰਿਸ਼ਤੇਦਾਰਾਂ ਦੀ ਭਰਮਾਰ ਹੁੰਦੀ ਹੈ ਜਿਹਨਾਂ ਨੂੰ ਉਹ ਜਾਣਦਾ ਨਹੀਂ ਹੈ, ਦੂਜੇ ਗਰੇਵਾਲ ਨਾਲ ਵੀ ਕੋਈ ਗਲ ਨਹੀਂ ਹੋ ਸਕਦੀ ਉਹ ਤਾਂ ਕਿਸੇ ਨੂੰ ਪਛਾਣਦਾ ਵੀ ਨਹੀਂ ਹੈ। ਉਸ ਨੂੰ ਉਸ ਦੇ ਭਰਾਵਾਂ ਦਾ ਗਰੇਵਾਲ ਪ੍ਰਤੀ ਉਮੜਦਾ ਪਿਆਰ ਬਹੁਤ ਕੋਫਤ ਦੇਣ ਲਗਦਾ ਹੈ। ਹੁਣ ਉਹਨਾਂ ਨੂੰ ਲਗਦਾ ਹੈ ਕਿ ਗਰੇਵਾਲ ਸ਼ਾਇਦ ਹੀ ਠੀਕ ਹੋਵੇ ਤੇ ਲੋਕਾਚਾਰੀ ਉਹ ਗਰੇਵਾਲ ਦੀ ਸੇਵਾ ਕਰਨੀ ਚਾਹੁੰਦੇ ਹਨ।
ਇਨ੍ਹਾਂ ਦਿਨਾਂ ਵਿਚ ਹੀ ਪ੍ਰੀਤੀ ਦਾ ਕੇਸ ਚੱਲ ਰਿਹਾ ਹੈ। ਸਿਸਟਰਜ਼ ਇਨਹੈਂਡਜ਼ ਵਾਲੀਆਂ ਔਰਤਾਂ ਕਚਹਿਰੀਆਂ ਮੁਹਰੇ ਪ੍ਰੀਤੀ ਦੇ ਹੱਕ ਵਿਚ ਮੁਜ਼ਾਹਰੇ ਕਰ ਰਹੀਆਂ ਹਨ। ਉਹਨਾਂ ਨਾਲ ਔਰਤਾਂ ਦੀਆਂ ਕੁਝ ਹੋਰ ਜਥੇਬੰਦੀਆਂ ਆ ਰਲ਼ਦੀਆਂ ਹਨ। ਜਗਮੋਹਣ ਦਾ ਸਾਰਾ ਧਿਆਨ ਪ੍ਰੀਤੀ ਦੇ ਮੁਕੱਦਮੇ ਵੱਲ ਹੋ ਜਾਂਦਾ ਹੈ। ਉਸ ਦਾ ਦਿਲ ਕਰਦਾ ਹੈ ਕਿ ਉਹ ਕੰਮ ਤੋਂ ਛੁੱਟੀ ਕਰਕੇ ਕਚਹਿਰੀਆਂ ਜਾਇਆ ਕਰੇ ਤੇ ਪ੍ਰੀਤੀ ਦੇ ਮੁਕੱਦਮੇ ਦੀ ਕਾਰਵਾਈ ਸੁਣੇ। ਹੋ ਸਕੇ ਤਾਂ ਉਸ ਦੇ ਹੱਕ ਵਿਚ ਨਾਹਰੇ ਲਾਉਂਦੀਆਂ ਔਰਤਾਂ ਨਾਲ ਖੜੇ ਪਰ ਉਹ ਡਰਦਾ ਹੈ ਕਿ ਮਨਦੀਪ ਕੀ ਕਹੇਗੀ। ਮਨਦੀਪ ਤਾਂ ਪਹਿਲਾਂ ਹੀ ਹਰ ਰੋਜ਼ ਕਹਿਣ ਲੱਗਦੀ ਐ,
“ਮੂੰਹ ਕਿਉਂ ਫੁਲਾਇਆ ਹੋਇਆ? ਕੋਈ ਨਵੀਂ ਚੁੜੇਲ ਚੁੰਬੜੀ ਐ।”
“ਪੁਰਾਣੀਆਂ ਈ ਨਹੀਂ ਲਹਿੰਦੀਆਂ, ਨਵੀਂ ਤਾਂ ਕੀ...।”
ਉਹ ਹਲਕਾ ਜਿਹਾ ਮੁਸਕਰਾ ਕੇ ਆਖ ਦਿੰਦਾ ਹੈ। ਉਹ ਚਾਹੁੰਦਾ ਹੋਇਆ ਵੀ ਮਨਦੀਪ ਨਾਲ ਖੁੱਲ੍ਹ ਕੇ ਕੋਈ ਗੱਲ ਨਹੀਂ ਕਰ ਸਕਦਾ।
ਫਿਰ ਇਕ ਦਿਹਾੜਾ ਖੁਸ਼ੀ ਦਾ ਵੀ ਆਉਂਦਾ ਹੈ। ਪ੍ਰੀਤੀ ਦੇ ਕੇਸ ਦਾ ਫੈਸਲਾ ਹੋ ਜਾਂਦਾ ਹੈ। ਪਤੀ ਦੇ ਭੈੜੇ ਵਿਵਹਾਰ ਨੂੰ ਧਿਆਨ ਵਿਚ ਰੱਖਦਿਆਂ ਹੀ ਜੱਜ ਫੈਸਲਾ ਸੁਣਾਉਂਦਾ ਹੈ ਕਿ ਇਹ ਜੁਰਮ ਕਰਨ ਵੇਲੇ ਆਪਣੇ ਵਿਚ ਨਹੀਂ ਸੀ। ਉਹ ਮਾਨਸਿਕ ਸੰਤੁਲਨ ਗਵਾ ਬੈਠੀ ਸੀ ਇਸ ਲਈ ਉਸ ਨੂੰ ਮਰਡਰ ਦੀ ਥਾਵੇਂ ਮੈਨ ਸਲਾਟਰ ਦੀ ਸ਼ਜਾ ਅਧੀਨ ਦੋ ਸਾਲ ਦੀ ਜੇਲ੍ਹ ਹੁੰਦੀ ਹੈ। ਉਹ ਸਾਲ ਭਰ ਤੋਂ ਜਿ਼ਆਦਾ ਸਮੇਂ ਤੋਂ ਜੇਹਲ ਬੰਦ ਹੈ ਇਸ ਲਈ ਉਸ ਨੂੰ ਛੱਡ ਦਿਤਾ ਜਾਂਦਾ ਹੈ।ਉਸ ਦਾ ਬਹੁਤ ਦਿਲ ਕਰਦਾ ਹੈ ਕਿ ਪ੍ਰੀਤੀ ਨੂੰ ਮਿਲੇ ਪਰ ਫਿਰ ਸੋਚਦਾ ਹੈ ਕਿ ਪਤਾ ਨਹੀਂ ਪ੍ਰੀਤੀ ਨੂੰ ਉਸ ਦਾ ਚੇਤਾ ਹੋਵੇਗਾ ਵੀ ਜਾਂ ਨਹੀਂ। ਇੰਨੀਆਂ ਛੋਟੀਆਂ ਮੁਲਾਕਾਤਾਂ ਨੂੰ ਕੌਣ ਯਾਦ ਰਖਦਾ ਹੈ। ਫਿਰ ਇਸ ਵੇਲੇ ਉਸ ਦੀ ਜਿ਼ੰਦਗੀ ਵਿਚ ਇੰਨਾ ਕੁਝ ਵਾਪਰ ਰਿਹਾ ਹੈ ਉਹ ਉਸ ਦੇ ਕੀ ਯਾਦ ਹੋਵੇਗਾ। ਉਹ ਆਪਣੀ ਇਹ ਖੁਸ਼ੀ ਗਰੇਵਾਲ ਨਾਲ ਸਾਂਝੀ ਕਰਨੀ ਚਾਹੁੰਦਾ ਹੈ ਪਰ ਉਹ ਤਾਂ ਬੇਹੋਸ਼ ਪਿਆ ਹੈ। ਉਹ ਭੁਪਿੰਦਰ ਨੂੰ ਮਿਲਣ ਜਾਂਦਾ ਹੈ। ਉਹ ਵੀ ਬੰਬਈ ਚਲੇ ਗਿਆ ਹੈ।
ਇਕ ਦਿਨ ਕਾਮਰੇਡ ਇਕਬਾਲ ਉਸ ਦੇ ਘਰ ਆਉਂਦਾ ਹੈ। ਆਖਦਾ ਹੈ,
“ਤੇਰਾ ਗਰੇਵਾਲ ਪਿਐ ਹਸਪਤਾਲ ਵਿਚ ਤੇ ਓਧਰ ਸ਼ੀਲਾ ਸਪੈਰੋ ਆਉਣ ਲਈ ਕੱਲ ਦੀ ਸੀਟ ਬੁੱਕ ਕਰਾਈ ਬੈਠੀ ਐ, ਕੀ ਕਰਨਾ ਓਹਦਾ?”
“ਆਉਣ ਦਿਓ।”
“ਆ ਤਾਂ ਜਾਏਗੀ ਪਰ ਰਹੇਗੀ ਕਿਥੇ? ਮੈਂ ਸਭਾ ਵਿਚ ਗੱਲ ਕੀਤੀ ਸੀ ਕੋਈ ਵੀ ਆਪਣੇ ਘਰ ਰੱਖਣ ਲਈ ਤਿਆਰ ਨਹੀਂ।”
“ਰਹਿਣ ਦੀ ਸਮੱਸਿਆ ਨਹੀਂ, ਮੇਰੇ ਵਲ ਰਹਿ ਲਵੇਗੀ।”
“ਫਿਰ ਤੂੰ ਓਹਨੂੰ ਹੁਣੇ ਫੋਨ ਕਰਕੇ ਦਸਦੇ ਤੇ ਏਅਰ ਪੋਰਟ ਤੋਂ ਲੈ ਆਵੀਂ।”
ਜਗਮੋਹਨ ਹਾਲੇ ਸੋਚ ਹੀ ਰਿਹਾ ਹੈ ਕਿ ਫੋਨ ਕਰੇ ਉਸ ਨੂੰ ਹੀ ਫੋਨ ਆ ਜਾਂਦਾ ਹੈ। ਦੂਜੇ ਪਾਸਿਓਂ ਮਹੀਨ ਜਿਹੀ ਅਵਾਜ਼ ਕਹਿੰਦੀ ਹੈ,
“ਮੈਂ ਸ਼ੀਲਾ ਸਪੈਰੋ ਬੋਲ ਰਹੀ ਆਂ, ਜਗਮੋਹਨ ਜੀ ਨਾਲ ਗੱਲ ਕਰਨੀ ਐਂ।”
“ਜੀ ਮੈਡਮ, ਬੋਲ ਰਿਹਾਂ।”
“ਮੈਨੂੰ ਇਕਬਾਲ ਜੀ ਤੋਂ ਪਤਾ ਚਲਿਆ ਕਿ ਗਰੇਵਾਲ ਸਾਹਿਬ ਤਾਂ ਹਸਪਤਾਲ ਵਿਚ ਨੇ।”
“ਜੀ ਹਾਂ।”
“ਕੀ ਹੋ ਗਿਆ ਉਹਨਾਂ ਨੂੰ?”
“ਸਟਰੋਕ ਹੋ ਗਿਆ ਸੀ।”
“ਰੀਅਲੀ! ਇਹ ਕਿਵੇਂ ਹੋ ਗਿਆ?”
“ਪਤਾ ਨਹੀਂ ਜੀ, ਅਸੀਂ ਵੀ ਦਰਵਾਜ਼ਾ ਪੁੱਟ ਕੇ ਹੀ ਅੰਦਰ ਗਏ ਸਾਂ।”
“ ਹੁਣ ਕੀ ਹਾਲਤ ਐ ਉਨ੍ਹਾਂ ਦੀ ?”
“ਹਾਲੇ ਬੇਹੋਸ਼ ਨੇ।”
“ਘਰ ਕਦੋਂ ਆਉਣਗੇ?”
“ਹਾਲੇ ਕੁਝ ਨਹੀਂ ਕਹਿ ਸਕਦੇ।”
“ਫਿਰ? ਮੈਨੂੰ ਤੁਹਾਡਾ ਉਨ੍ਹਾਂ ਨੇ ਫੋਨ ਤੇ ਐਡਰੈਸ ਦਿੱਤਾ ਸੀ ਐਮਰਜੈਂਸੀ ਵਾਸਤੇ।”
“ਉਨ੍ਹਾਂ ਮੈਨੂੰ ਵੀ ਤੁਹਾਡੇ ਆਉਣ ਬਾਰੇ ਦੱਸਿਆ ਹੋਇਆ।”
“ਫਿਰ ਮੈਂ ਕੈਂਸਲ ਕਰ ਦੇਵਾਂ ਆਪਣਾ ਆਉਣਾ?”
“ਤੁਸੀਂ ਕੈਂਸਲ ਕਿਉਂ ਕਰਨੈ, ਆ ਜਾਵੋ। ਸਾਡੇ ਘਰ ਰਹੋ ਜਿੰਨੇ ਦਿਨ ਰਹਿਣਾ ਚਾਹੁੰਦੇ ਓ।”
“ਗਰੇਵਾਲ ਸਾਹਿਬ ਦੇ ਘਰ ਦੀ ਚਾਬੀ ਤੁਹਾਡੀ ਪਾਸ ਹੀ ਹੋਵੇਗੀ।”
“ਨਹੀਂ ਜੀ।”
“ਮੈਂ ਤਾਂ ਆਪਣਾ ਸਾਰਾ ਪ੍ਰੋਗਰਾਮ ਉਨ੍ਹਾਂ ਕਰਕੇ ਹੀ ਬਣਾਇਆ ਸੀ, ਪੰਦਰਾਂ ਜੂਨ ਨੂੰ ਮੇਰਾ ਫੰਕਸ਼ਨ ਐ ਤੁਹਾਡੇ ਸ਼ਹਿਰ।”
“ਤੁਸੀਂ ਜਿੰਨੀ ਦੇਰ ਵੀ ਰਹਿਣਾ ਸਾਡੇ ਨਾਲ ਸਾਡੇ ਘਰ ਰਹਿ ਸਕਦੇ ਓ, ਮਜ਼ੇ ਨਾਲ ਫੰਕਸ਼ਨ ਅਟੈਂਡ ਕਰ ਸਕਦੇ ਓ, ਫਿਕਰ ਵਾਲੀ ਗੱਲ ਨਹੀਂ।”
ਫੋਨ ਰੱਖਦਾ ਹੋਇਆ ਜਗਮੋਹਣ ਸੋਚਦਾ ਹੈ ਕਿ ਸ਼ੀਲਾ ਸਪੈਰੋ ਨੂੰ ਗਰੇਵਾਲ ਦੀ ਸਿਹਤ ਨਾਲੋਂ ਆਪਣੇ ਫੰਕਸ਼ਨ ਦਾ ਜ਼ਿਆਦਾ ਫਿਕਰ ਹੈ।
ਸ਼ੀਲਾ ਆ ਜਾਂਦੀ ਹੈ। ਛੋਟੇ ਜਿਹੇ ਕੱਦ ਦੀ ਤੇਜ਼ ਤਰਾਰ ਔਰਤ ਹੈ। ਗਰੇਵਾਲ ਦੇ ਮੁਕਾਬਲੇ ਉਹ ਬਹੁਤ ਤੇਜ਼ ਹੈ। ਉਸ ਦੇ ਚਿਹਰੇ ‘ਤੇ ਲੋਹੜੇ ਦਾ ਆਤਮਵਿਸਵਾਸ਼ ਹੈ। ਜਗਮੋਹਣ ਮਨ ਵਿਚ ਹੀ ਕਹਿੰਦਾ ਹੈ ਕਿ ਸਰ ਜੀ, ਇਹਦੇ ਨਾਲ ਕਿਵੇਂ ਨਿਭਦੇ ਹੋਵੋਂਗੇ। ਸ਼ੀਲਾ ਇਕ ਪਲ ਲਈ ਗਰੇਵਾਲ ਬਾਰੇ ਫਿਕਰ ਦਰਸਾਉਂਦੀ ਹੈ ਤੇ ਫਿਰ ਕਾਹਲ ਨਾਲ ਪੁੱਛਦੀ ਹੈ,
“ਕੀ ਤੁਸੀਂ ਇਕੱਲੇ ਆਏ ਓ?”
“ਜੀ, ਕਿਸੇ ਹੋਰ ਨੇ ਵੀ ਆਉਣਾ ਸੀ?”
“ਮੇਰਾ ਮਤਲਵ ਲੇਖਕ ਸਭਾ ਵਾਲੇ ਜਾਂ ਜਿਹਨਾਂ ਲੋਕਾਂ ਨੇ ਮੈਨੂੰ ਸੱਦਿਆ ਉਹਨਾਂ ਨੂੰ ਤਾਂ ਮੇਰੇ ਸਵਾਗਤ ਲਈ ਆਉਣਾ ਹੀ ਚਾਹੀਦਾ ਸੀ।”
“ਇਹਦੇ ਬਾਰੇ ਤਾਂ ਮੈਨੂੰ ਕੁਝ ਨਹੀਂ ਪਤਾ।”
“ਇਟ ‘ਜ਼ ਵੈਰੀ ਬੈਡ, ਇਹੋ ਇਜ਼ਤ ਦਿੰਦੇ ਨੇ ਇਥੋਂ ਦੇ ਲੇਖਕ ਆਪਣੇ ਮਹਿਮਾਨਾਂ ਨੂੰ!”
“ਮੈਡਮ, ਇਹਦੇ ਬਾਰੇ ਮੈਨੂੰ ਨਹੀਂ ਜਾਣਦਾ ਕਿਉਂਕਿ ਮੇਰਾ ਇਹਨਾਂ ਲੋਕਾਂ ਨਾਲ ਵਾਹ ਨਹੀਂ ਪੈਂਦਾ।”
“ਮੇਰੇ ਰਹਿਣ ਦਾ ਵੀ ਕੋਈ ਇੰਤਜ਼ਾਮ ਨਹੀਂ ਕੀਤਾ ਹੋਣਾਂ ਇਹਨਾਂ ਨੇ।”
“ਮੈਂ ਤੁਹਾਨੂੰ ਫੋਨ ‘ਤੇ ਦਸਿਆ ਸੀ ਨਾ ਕਿ ਤੁਸੀਂ ਮੇਰੇ ਵਲ ਰਹੋ।”
ਉਹ ਇਥੋਂ ਦੇ ਲੇਖਕਾਂ ਨੂੰ ਕੋਸਦੀ ਜਾਂਦੀ ਹੈ ਤੇ ਫਿਰ ਉਹ ਆਪਣੇ ਪ੍ਰੋਗਰਾਮ ਬਾਰੇ ਗੱਲਾਂ ਕਰਨ ਲੱਗਦੀ ਹੈ,
“ਜਗਮੋਹਣ ਜੀ, ਮੈਨੂੰ ਇਕਬਾਲ ਜੀ ਨੂੰ ਮਿਲਾ ਦਿਓ, ਮੈਂ ਮੁਸ਼ਾਇਰੇ ਦੀ ਪ੍ਰਧਾਨਗੀ ਕਰਨੀ ਐ ਨਾ ਤੇ ਨਾਲ਼ੇ ਪੁੱਛਣਾਂ ਕਿ ਟਿਕਟ ਦੇ ਪੈਸੇ ਕਦੋਂ ਦੇਣਗੇ।”
“ਮੈਡਮ, ਆਪਾਂ ਪਹਿਲਾਂ ਘਰ ਚਲਦੇ ਆਂ, ਤੁਸੀਂ ਅਰਾਮ ਕਰੋ ਤੇ ਫਿਰ ਉਹਨਾਂ ਨਾਲ ਸਾਰੀ ਗੱਲ ਕਰ ਲਿਓ।”
“ਫਿਰ ਵੀ ਗੱਲ ਕਲੀਅਰ ਹੋਣੀ ਚਾਹੀਦੀ ਏ, ਮੈਂ ਇਕਬਾਲ ਜੀ ਨਾਲ ਫੋਨ ‘ਤੇ ਜਿ਼ਕਰ ਛੇੜਿਆ ਤਾਂ ਉਹ ਗੱਲ ਨੂੰ ਗੋਲ ਮੋਲ ਕਰ ਗਏ।”
“ਮੈਨੂੰ ਮੈਡਮ ਇਹਦੇ ਬਾਰੇ ਕੁਝ ਨਹੀਂ ਪਤਾ ਕਿ ਕੀ ਉਹ ਟਿਕਟ ਦੇ ਪੈਸੇ ਦਿੰਦੇ। ਜਦੋਂ ਮੈਂ ਤੇ ਸਰ ਜੀ ਇਕਬਾਲ ਨੂੰ ਮਿਲੇ ਸੀ ਤਾਂ ਉਨ੍ਹਾਂ ਕੋਈ ਜ਼ਿਕਰ ਨਹੀਂ ਸੀ ਕੀਤਾ।”
“ਸਭ ਨੂੰ ਦਿੰਦੇ ਆ ਕਿਰਾਇਆ ਤੇ ਮੇਰਾ ਵੀ ਤੀਹ ਹਜ਼ਾਰ ਲੱਗਿਆ ਟਿਕਟ ਤੇ।”
“ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ। ਮੈਨੂੰ ਤਾਂ ਸਰ ਜੀ ਦਸਦੇ ਹੁੰਦੇ ਸੀ ਕਿਸੇ ਲੇਖਕ ਨੂੰ ਸੱਦਿਆ ਜਾਂਦਾ ਤਾਂ ਪਰਸਨਲ ਲੈਵਲ ਤੇ ਈ ਸੱਦਿਆ ਜਾਂਦਾ ਜਿਵੇਂ ਸਰ ਜੀ ਨੇ ਤੁਹਾਨੂੰ ਸੱਦਿਐ।”
“ਮੈਂ ਤਾਂ ਬਹੁਤ ਸਾਰੇ ਲੇਖਕਾਂ ਨੂੰ ਜਾਣਦੀ ਵਾਂ ਜਿਹਨਾਂ ਨੂੰ ਇਹਨਾਂ ਨੇ ਟਿਕਟ ਦਿਤੀ ਐ ਤੇ ਹੋਰ ਖਰਚੇ ਵੀ ਪਰ ਗਰੇਵਾਲ ਸਾਹਿਬ ਨੇ ਵੀ ਟਿਕਟ ਨਹੀਂ ਭੇਜਿਆ, ਮੈਂ ਆਪਣੀ ਜੇਬ੍ਹ ਵਿਚੋਂ ਖਰਚ ਕੇ ਆਈ ਆਂ।”
“ਸ਼ਾਇਦ ਬਿਮਾਰ ਹੋ ਜਾਣ ਕਰਕੇ, ਉਹਨਾਂ ਨੂੰ ਤੁਸੀਂ ਠੀਕ ਹੋ ਜਾਣ ਦਿਓ ਸਭ ਠੀਕ ਹੋ ਜਾਵੇਗਾ ਤੁਸੀਂ ਫਿਕਰ ਨਾ ਕਰੋ ਮੈਡਮ।”
“ਕਦੋਂ ਕੁ ਤਕ ਘਰ ਆ ਜਾਣਗੇ ਗਰੇਵਾਲ ਸਾਹਿਬ?”
“ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਸਿਹਤ ਜਿ਼ਆਦਾ ਖਰਾਬ ਐ, ਹਾਲੇ ਪੂਰੀ ਹੋਸ਼ ਨਹੀਂ ਆਈ, ਕਿਸੇ ਨੂੰ ਪੱਛਾਣਦੇ ਨਹੀਂ, ਆਪਾਂ ਅਜ ਈ ਚੱਲਾਂਗੇ ਉਹਨਾਂ ਨੂੰ ਦੇਖਣ।”
ਜਗਮੋਹਨ ਸ਼ੀਲਾ ਦਾ ਸਮਾਨ ਆਪਣੇ ਘਰ ਦੇ ਇਕ ਉਪਰਲੇ ਕਮਰੇ ਵਿਚ ਰੱਖ ਦਿੰਦਾ ਹੈ ਤੇ ਕਹਿ ਦਿੰਦਾ ਹੈ ਕਿ ਇਸ ਨੂੰ ਆਪਣਾ ਹੀ ਘਰ ਸਮਝੋ। ਉਹ ਹੇਠਾਂ ਆ ਕੇ ਮੱਥੇ ਦਾ ਪਸੀਨਾ ਪੂੰਝਦਾ ਮਨ ਹੀ ਮਨ ਕਹਿੰਦਾ ਹੈ-‘ਧੰਨ ਦੀ ਐ ਤੁਹਾਡੀ ਸ਼ੀਲਾ ਸਪੈਰੋ, ਸਰ ਜੀ!’ ਮਨਦੀਪ ਕੰਮ ‘ਤੇ ਗਈ ਹੋਈ ਹੈ ਪਰ ਉਹ ਸ਼ੀਲਾ ਲਈ ਇਕ ਕਮਰਾ ਤਿਆਰ ਕਰ ਜਾਂਦੀ ਹੈ। ਸ਼ਾਮ ਨੂੰ ਜਗਮੋਹਨ ਸ਼ੀਲਾ ਨੂੰ ਲੈ ਕੇ ਹਸਪਤਾਲ ਜਾਂਦਾ ਹੈ। ਸ਼ੀਲਾ ਗਰੇਵਾਲ ਦੀ ਹਾਲਤ ਦੇਖ ਕੇ ਅਜੀਬ ਜਿਹਾ ਮੂੰਹ ਬਣਾ ਲੈਂਦੀ ਹੈ। ਗਰੇਵਾਲ ਕੁਝ ਕੁ ਹੋਸ਼ ਵਿਚ ਹੈ ਪਰ ਗਰੇਵਾਲ ਸ਼ੀਲਾ ਨੂੰ ਵੀ ਪੱਛਾਣ ਨਹੀਂ ਰਿਹਾ। ਉਹ ਬੱਚਿਆਂ ਵਾਂਗ ਮੁਸਕਰਾਈ ਜਾ ਰਿਹਾ ਹੈ। ਸ਼ੀਲਾ ਨੂੰ ਲਗਦਾ ਹੈ ਕਿ ਉਸ ਦੇ ਸਾਰੇ ਸੁਫਨੇ ਢਹਿ ਢੇਰੀ ਹੋ ਗਏ ਹਨ। ਉਸ ਨੂੰ ਦਿਸ ਰਿਹਾ ਹੈ ਕਿ ਗਰੇਵਾਲ ਜਲਦੀ ਠੀਕ ਹੋਣ ਵਾਲਾ ਨਹੀਂ ਹੈ। ਇਹ ਵੀ ਹੋ ਸਕਦਾ ਹੈ ਕਿ ਉਸ ਦੀ ਮੁੜ ਕੇ ਹਾਲਤ ਸੁਧਰੇ ਹੀ ਨਾ। ਉਹ ਆਪ ਡਾਕਟਰ ਨੂੰ ਮਿਲਦੀ ਹੈ ਤੇ ਉਸ ਦੀ ਸਿਹਤ ਬਾਰੇ ਪੁੱਛਦੀ ਹੈ। ਡਾਕਟਰ ਦਸਦਾ ਹੈ ਕਿ ਗਰੇਵਾਲ ਦਾ ਠੀਕ ਹੋਣਾ ਕਈ ਮਹੀਨਿਆਂ ਤੇ ਜਾ ਪਿਆ ਹੈ। ਗਰੇਵਾਲ ਦਾ ਛੋਟਾ ਭਰਾ ਹਸਪਤਾਲ ਆਉਂਦਾ ਹੈ ਤੇ ਸ਼ੀਲਾ ਨੂੰ ਦੇਖ ਕੇ ਉਹ ਹੋਰਵੇਂ ਹੋ ਜਾਂਦਾ ਹੈ। ਉਹ ਸ਼ੀਲਾ ਨੂੰ ਜਾਣਦਾ ਹੈ।
ਹਸਪਤਾਲ ਤੋਂ ਵਾਪਸ ਮੁੜਦਿਆਂ ਸ਼ੀਲਾ ਜਗਮੋਹਨ ਤੋਂ ਗਰੇਵਾਲ ਬਾਰੇ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਣ ਲਗਦੀ ਹੈ। ਗਰੇਵਾਲ ਦੇ ਘਰਬਾਰ ਬਾਰੇ ਤੇ ਦੂਜੇ ਰਿਸ਼ਤੇਦਾਰਾਂ ਬਾਰੇ, ਉਸ ਦੇ ਬੈਂਕ ਬੈਲੰਸ ਬਾਰੇ। ਗੱਲਾਂ ਗੱਲਾਂ ਵਿਚ ਦੱਸ ਬੈਠਦਾ ਹੈ ਕਿ ਗਰੇਵਾਲ ਦਾ ਕੱਪੜੇ ਦੇ ਵੱਡੇ ਸਟੋਰ ਵਿਚ ਵੀ ਹਿੱਸਾ ਹੈ। ਉਹ ਜਗਮੋਹਣ ਨੂੰ ਕਹਿੰਦੀ ਹੈ,
“ਗਰੇਵਾਲ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਹੋਵੇਗਾ ਕਿ ਸਾਡੇ ਸਬੰਧ ਕਿਹੋ ਜਿਹੇ ਹੈਨ।”
“ਹਾਂ ਜੀ, ਮੇਰੇ ਨਾਲ ਗੱਲ ਕਰ ਲੈਂਦੇ ਨੇ।”
“ਜਗਮੋਹਣ ਜੀ, ਮੈਨੂੰ ਉਨ੍ਹਾਂ ਦੇ ਘਰ ਦੀ ਚਾਬੀ ਲੈ ਕੇ ਦੇਵੋ ਤਾਂ ਕਿ ਮੈਂ ਉਨ੍ਹਾਂ ਦੀ ਹੋਂਦ ਤਾਂ ਮਹਿਸੂਸ ਕਰ ਸਕਾਂ।”
“ਮੈਡਮ, ਸਰ ਜੀ ਦੇ ਘਰ ਦੀ ਚਾਬੀ ਉਨ੍ਹਾਂ ਦੇ ਭਰਾਵਾਂ ਕੋਲ ਈ ਹੋਵੇਗੀ। ਮੈਂ ਤਾਂ ਉਨ੍ਹਾਂ ਨੂੰ ਬਹੁਤਾ ਜਾਣਦਾ ਨਹੀਂ, ਤੁਸੀਂ ਆਪ ਜਾ ਕੇ ਪੁੱਛ ਸਕਦੇ ਓ ਜੇ ਪੁੱਛਣਾ ਐ ਤਾਂ, ਨਹੀਂ ਤਾਂ ਰਹਿਣ ਨੂੰ ਇਥੇ ਈ ਰਹਿੰਦੇ ਰਹੋ।”
“ਜਗਮੋਹਣ ਜੀ, ਮੈਂ ਲੰਮਾ ਸਮਾਂ ਰਹਿਣਾ ਚਾਹੁੰਦੀ ਆਂ ਜਿਵੇਂ ਗਰੇਵਾਲ ਸਾਹਿਬ ਚਾਹੁੰਦੇ ਸਨ। ਮੈਂ ਉਨ੍ਹਾਂ ਨੂੰ ਹਸਪਤਾਲ ਤੋਂ ਘਰ ਲੈ ਆਵਾਂਗੀ ਤੇ ਸੇਵਾ ਕਰਾਂਗੀ।”
“ਉਹ ਤੇ ਠੀਕ ਐ ਪਰ ਮੈਂ ਉਸ ਦੇ ਭਰਾਵਾਂ ਤਕ ਅਜਿਹੀ ਗੱਲ ਲਈ ਪਹੁੰਚ ਨਹੀਂ ਕਰ ਸਕਦਾ।”
“ਕੋਈ ਹੋਰ ਐਸਾ ਵਿਅਕਤੀ ਮੈਨੂੰ ਮਿਲਾ ਦਿਓ ਜੋ ਗਰੇਵਾਲ ਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ ਤੇ ਮੈਨੂੰ ਘਰ ਦੀ ਚਾਬੀ ਦਵਾ ਦੇਵੇ।”
“ਮੈਡਮ, ਮੈਂ ਇਕ ਗੱਲ ਦੱਸਾਂ, ਸਰ ਜੀ ਅਜਿਹੀ ਹਾਲਤ ਵਿਚ ਨੇ ਕਿ ਕੁਝ ਵੀ ਹੋ ਸਕਦੈ, ਉਹਨਾਂ ਦੇ ਭਰਾ ਤਾਂ ਪਹਿਲਾਂ ਈ ਉਹਨਾਂ ਦੇ ਕਾਰੋਬਾਰ ਨੂੰ ਜੱਫਾ ਮਾਰੀ ਬੈਠੇ ਆ ਉਹ ਤੁਹਾਨੂੰ ਘਰ ਦੀ ਚਾਬੀ ਕਦੋਂ ਦੇਣ ਲਗੇ ਆ।”
ਸੋਚਦੀ ਹੋਈ ਸ਼ੀਲਾ ਸਿਰ ਜਿਹਾ ਮਾਰਦੀ ਹੋਈ ਆਖਦੀ ਹੈ,
“ਸ਼ਾਇਦ ਤੁਹਾਡੀ ਗੱਲ ਠੀਕ ਹੋਵੇ ਪਰ ਮੇਰੇ ਨਾਲ ਤਾਂ ਬਹੁਤ ਬੁਰੀ ਹੋਈ, ਮੈਂ ਗਰੇਵਾਲ ਸਾਹਿਬ ਦੇ ਕਹਿਣ ਤੇ ਪਰੋਗਰਾਮ ਬਣਾਇਆ ਤੇ ਉਹ ਆਪ ਹਸਪਤਾਲ ਜਾ ਪਏ, ਹੁਣ ਮੈਂ ਕਿਥੇ ਜਾਵਾਂ।”
“ਮੈਂ ਕਿਹਾ ਨਾ ਕਿ ਮੇਰੇ ਘਰ ਰਹੋ।”
“ਉਹ ਤੇ ਤੁਹਾਡੀ ਮਿਹਰਬਾਨੀ ਪਰ ਮੈਂ ਦਸਿਐ ਕਿ ਮੇਰਾ ਪਰੋਗਰਾਮ ਲੰਮਾ ਸਮਾਂ ਰਹਿਣ ਦਾ ਸੀ, ਖੈਰ ਤੁਸੀਂ ਮੈਨੂੰ ਇਕਬਾਲ ਜੀ ਨੂੰ ਜਾਂ ਸਭਾ ਦਾ ਜਿਹੜਾ ਵੀ ਕਰਤਾ ਧਰਤਾ ਐ ਮਿਲਾ ਦਿਓ, ਕਈ ਗੱਲਾਂ ਕਰਨ ਵਾਲੀਆਂ ਨੇ।”
ਉਹ ਸ਼ੀਲਾ ਦੀ ਗੱਲ ਇਕਬਾਲ ਨਾਲ ਕਰਾ ਦਿੰਦਾ ਹੈ। ਇਕਬਾਲ ਉਸ ਨੂੰ ਅਗਲੇ ਦਿਨ ਮਿਲਣ ਆਉਣ ਦਾ ਵਾਅਦਾ ਕਰਦਾ ਹੈ। ਅਗਲੇ ਦਿਨ ਜਗਮੋਹਣ ਨੇ ਕੰਮ ਤੇ ਜਾਣਾ ਹੁੰਦਾ ਹੈ। ਉਹ ਸ਼ੀਲਾ ਨੂੰ ਦਸ ਜਾਂਦਾ ਹੈ ਕਿ ਇਕਬਾਲ ਆਵੇਗਾ ਤੁਸੀਂ ਸਾਰੀ ਗੱਲਬਾਤ ਸਪੱਸ਼ਟ ਕਰ ਲੈਣਾ। ਕੰਮ ਤੋਂ ਵਾਪਸ ਆਏ ਨੂੰ ਮਨਦੀਪ ਦਸਦੀ ਹੈ ਕਿ ਸ਼ੀਲਾ ਬਹੁਤ ਖਿਝੀ ਪਈ ਹੈ ਤੇ ਵਾਪਸ ਇੰਡੀਆ ਜਾਣ ਦੀਆਂ ਗੱਲਾਂ ਕਰ ਰਹੀ ਹੈ। ਜਗਮੋਹਣ ਸ਼ੀਲਾ ਨੂੰ ਪੁੱਛਦਾ ਹੈ,
“ਮੈਡਮ, ਕਿਹੋ ਜਿਹੀ ਰਹੀ ਤੁਹਾਡੀ ਇਕਬਾਲ ਨਾਲ ਮੀਟਿੰਗ? ਤੁਹਾਡੀ ਹਵਾਈ ਟਿਕਟ ਦਾ ਖਰਚਾ ਦੇ ਰਹੇ ਨੇ ਕਿ ਨਹੀਂ? ”
“ਉਹ ਪੈਰਾਂ ਤੇ ਪਾਣੀ ਈ ਨਹੀਂ ਪੈਣ ਦੇ ਰਹੇ, ਇਹ ਲੋਕ ਇੰਨੇ ਵਿਕਸਤ ਮੁਲਕ ਵਿਚ ਬੈਠੇ ਨੇ ਤੇ ਇਹਨਾਂ ਨੂੰ ਕੋਈ ਐਟੀਕੇਟਸ ਨਹੀਂ, ਕਹਿੰਦੇ ਕਿ ਅਸੀਂ ਤੁਹਾਨੂੰ ਸੱਦਾ ਗਰੇਵਾਲ ਦੇ ਕਹਿਣ ਤੇ ਭੇਜਿਆ। ਮੈਂ ਕਿਹਾ ਕਿ ਮੇਰਾ ਪੰਜਾਬੀ ਸਾਹਿਤ ਵਿਚ ਐਡਾ ਕੁ ਨਾਂ ਹੈ ਕਿ ਲੋਕ ਮੈਨੂੰ ਆਪਣੇ ਫੰਕਸ਼ਨ ਵਿਚ ਸੱਦਣ ਵਿਚ ਆਪਣਾ ਮਾਣ ਸਮਝਦੇ ਨੇ, ਇਕਬਾਲ ਜੀ ਕਹਿੰਦੇ ਨੇ ਕਿ ਮਾਣ ਤਾਂ ਅਸੀਂ ਵੀ ਸਮਝਦੇ ਆਂ ਪਰ ਸਾਡੇ ਕੋਲ ਇੰਨੇ ਪੈਸੇ ਨਹੀਂ ਕਿ ਤੁਹਾਨੂੰ ਟਿਕਟ ਦੇ ਸਕੀਏ।”
“ਇਹ ਤਾਂ ਗੱਲ ਠੀਕ ਨਹੀਂ।”
“ਜਗਮੋਹਨ ਜੀ, ਪੰਜਾਬੀ ਕਵਿਤਾ ਵਿਚ ਮੇਰਾ ਬਹੁਤ ਵੱਡਾ ਨਾਂ ਐ।”
“ਮੈਨੂੰ ਸਰ ਜੀ ਨੇ ਸਭ ਦਸਿਆ ਹੋਇਐ।”
“ਫਿਰ ਜਗਮੋਹਨ ਜੀ, ਤੁਸੀਂ ਗੱਲ ਕਰੋ ਉਹਨਾਂ ਨਾਲ।”
“ਮੈਡਮ, ਮੈਂ ਕੋਈ ਲੇਖਕ ਨਹੀਂ ਆਂ, ਮੇਰਾ ਇਕਬਾਲ ਨਾਲ ਵਾਹ ਹੈਲੋ ਹੈਲੋ ਤਕ ਈ ਐ।”
“ਮੈਨੂੰ ਤਾਂ ਪਤਾ ਚਲਿਆ ਕਿ ਤੁਸੀਂ ਫਰੀ ਲੀਗਲ ਐਡਵਾਈਸ ਦਿੰਦੇ ਓ ਉਹਨਾਂ ਨੂੰ।”
“ਮੈਡਮ, ਮੈਨੂੰ ਲਗਦੈ ਕਿ ਤੁਹਾਨੂੰ ਥੋੜੀ ਗਲਤ ਸੂਚਨਾ ਮਿਲ ਗਈ ਐ, ਮੈਂ ਫਰੀ ਐਡਵਾਈਸ ਤਾਂ ਦਿੰਦਾ ਰਿਹਾਂ ਪਰ ਇਕਬਾਲ ਜਾਂ ਕਿਸੇ ਹੋਰ ਲੇਖਕ ਨੂੰ ਨਹੀਂ, ਹਾਂ, ਮੈਂ ਇਕਬਾਲ ਦੀ ਇਕ ਜਗਾਹ ਨੂੰ ਦਫਤਰ ਦੇ ਤੌਰ ਤੇ ਵਰਤਦਾ ਰਿਹਾਂ।”
“ਹੋਰ ਕਿਸੇ ਲੇਖਕ ਨੂੰ ਮਿਲਾ ਦਿਓ ਜਿਵੇਂ ਕਿ ਪਰਵਾਨਾ ਜੀ ਨੇ।”
“ਮੈਂ ਦਸਿਆ ਨਾ ਕਿ ਮੈਂ ਕਿਸੇ ਨੂੰ ਨਹੀਂ ਜਾਣਦਾ, ਮੇਰਾ ਫੀਲਡ ਹੋਰ ਐ।”
ਜਗਮੋਹਣ ਨੂੰ ਉਸ ਉਪਰ ਖਿਝ ਆਉਣ ਲਗਦੀ ਹੈ। ਉਹ ਸੋਚਦਾ ਹੈ ਚੰਗਾ ਹੈ ਗਰੇਵਾਲ ਹਸਪਤਾਲ ਪਿਆ ਹੈ ਨਹੀਂ ਤਾਂ ਇਹ ਉਸ ਦਾ ਬੁਰਾ ਹਾਲ ਕਰ ਦਿੰਦੀ। ਸ਼ੀਲਾ ਆਖ ਰਹੀ ਹੈ,
“ਪਰ ਤੁਹਾਡੇ ਸਾਊਥਾਲ ਦੇ ਲੇਖਕ ਏਨੇ ਪਾਗਲ ਨੇ ਕਿ ਸਮਝ ਨਹੀਂ ਰਹੇ ਕਿ ਇੰਨਾ ਕੁ ਤਾਂ ਮੇਰਾ ਹੱਕ ਬਣਦਾ ਈ ਐ।”
ਉਹ ਫਿਰ ਕਹਿਣ ਲੱਗਦੀ ਹੈ,
“ਅਸਲ ਵਿਚ ਜਗਮੋਹਨ ਜੀ, ਸਾਊਥਾਲ ਦੇ ਲੇਖਕ ਸਹੀ ਮਹਿਨਿਆਂ ਵਿਚ ਲੇਖਕ ਨਹੀਂ, ਅਸੀਂ ਲੋਕ ਹੀ ਇਨ੍ਹਾਂ ਨੂੰ ਲੇਖਕ ਹੋਣ ਦੀ ਉਪਾਧੀ ਦੇਈ ਜਾਂਦੇ ਹਾਂ। ਸਾਡੇ ਉਥੋਂ ਦੇ ਲੇਖਕਾਂ ਨੇ ਟਿਕਟਾਂ ਤੇ ਹੋਰ ਤੋਹਫੇ ਲੈ ਲੈ ਕੇ ਇਨ੍ਹਾਂ ਉਪਰ ਲੇਖਕ ਹੋਣ ਦੇ ਠੱਪੇ ਲਾਏ ਹੋਏ ਨੇ ਸੱਚ ਇਹ ਐ ਕਿ ਇਹਨਾਂ ਦੀਆਂ ਸੋ ਕਾਲਡ ਲਿਖਤਾਂ ਵਿਚ ਕੋਈ ਦਮ ਨਹੀਂ।”
ਫਿਰ ਕਹਿਣ ਲਗਦੀ ਹੈ,
“ਜਗਮੋਹਣ ਜੀ, ਅਸਲ ਵਿਚ ਇਹ ਲੋਕ ਤੇਜ਼ ਤਰਾਰ ਅਲੋਚਕਾਂ ਤੇ ਲੇਖਕਾਂ ਤੋਂ ਈ ਸੂਤ ਰਹਿੰਦੇ ਨੇ, ਉਹ ਉਥੇ ਬੈਠੇ ਹੀ ਇਹਨਾਂ ਤੋਂ ਪਹਿਲਾਂ ਕਾਰਮ ਕੇ ਤੁਰਦੇ ਨੇ ਕਿ ਭਾਈ ਜੇ ਆਪਣੀ ਟੁੱਟੀ ਭੱਜੀ ਰਚਨਾ ਦੀ ਗੁੱਡੀ ਚੜਾਉਣੀ ਏ ਤੇ ਆਹ ਕੁਝ ਚਾਹੀਦੈ। ਇਹਨਾਂ ਨੂੰ ਬਹਤਾ ਫਰਕ ਵੀ ਨਹੀਂ ਪੈਂਦਾ, ਸਾਡੇ ਸੱਤਰ ਅੱਸੀ ਰੁਪਏ ਵਿਚ ਇਹਨਾਂ ਦਾ ਇਕ ਪੌਂਡ ਚਲਦਾ ਏ। ਤੁਸੀਂ ਦੇਖਦੇ ਜਾਣਾ ਜੇ ਇਹ ਮੇਰੇ ਨਾਲ ਠੀਕ ਨਾ ਚਲੇ ਤਾਂ ਮੈਂ ਇਹਨਾਂ ਨਾਲ ਬਹੁਤ ਬੁਰੀ ਤਰ੍ਹਾਂ ਸਿਝਾਂਗੀ, ਮੈਂ ਇਹਨਾਂ ਬਾਰੇ ਅਜਿਹਾ ਲਿਖਾਂਗੀ ਕਿ ਇਹ ਚੇਤੇ ਕਰਨਗੇ।”
ਜਗਮੋਹਣ ਨੂੰ ਇਨ੍ਹਾਂ ਗੱਲਾਂ ਦੀ ਬਹੁਤੀ ਸਮਝ ਨਹੀਂ ਹੈ। ਉਹ ਔਖਾ ਸੌਖਾ ਸੁਣਦਾ ਰਹਿੰਦਾ ਹੈ।
ਚਲਦਾ…