ਜਿ਼ੰਦਗੀ ਦੇ ਉਤਰਾਵਾਂ ਚੜਾਵਾਂ ਨੇ ਪਰਦੁੱਮਣ ਸਿੰਘ ਉਪਰ ਪੂਰੀ ਤਰ੍ਹਾਂ ਕਾਠੀ ਪਾ ਲਈ ਹੈ। ਬਲਰਾਮ ਦਾ ਦੁਬਾਰਾ ਵਿਆਹ ਹੋ ਜਾਂਦਾ ਹੈ। ਉਸ ਦੇ ਇਕ ਮੁੰਡਾ ਵੀ ਹੋ ਜਾਂਦਾ ਹੈ ਜਿਸ ਕਾਰਨ ਪਰਦੁੱਮਣ ਸਿੰਘ ਬੇਹੱਦ ਖੁਸ਼ ਹੈ। ਰਾਜਵਿੰਦਰ ਨੂੰ ਪਤਿਆ ਕੇ ਵਿਆਹ ਦਿਤਾ ਜਾਂਦਾ ਹੈ। ਕੁੜੀ ਉਹ ਇੰਡੀਆ ਤੋਂ ਲੈ ਆਉਂਦੇ ਹਨ। ਰਾਜਵਿੰਦਰ ਆਪਣੀ ਪਤਨੀ ਨਾਲ ਕੋਈ ਖਾਸ ਸਬੰਧ ਨਹੀਂ ਬਣਾ ਪਾਉਂਦਾ ਪਰ ਢਕੀ ਖੀਰ ਰਿਝ ਰਹੀ ਹੈ। ਰਾਜਵਿੰਦਰ ਦੀ ਪਤਨੀ ਘਰ ਦਾ ਸਾਰਾ ਕੰਮ ਕਾਰ ਸੰਭਾਲਦੀ ਹੈ ਤੇ ਫੈਕਟਰੀ ਵਿਚ ਵੀ ਕੰਮ ਕਰਦੀ ਹੈ।
ਅਜ ਪਰਦੁੱਮਣ ਸਿੰਘ ਦੋ ਘੰਟੇ ਪਹਿਲਾਂ ਫੈਕਟਰੀ ਬੰਦ ਕਰ ਦਿੰਦਾ ਹੈ। ਇਨ੍ਹਾਂ ਦੋ ਘੰਟਿਆਂ ਦੇ ਉਹ ਪੈਸੇ ਵੀ ਨਹੀਂ ਕੱਟ ਰਿਹਾ ਪਰ ਉਹ ਸਾਰਿਆਂ ਦੇ ਮਗਰ ਪਾ ਕੇ ਕਾਹਲੀ ਕਾਹਲੀ ਕੰਮ ਕਰਾ ਕੇ ਦੋ ਘੰਟੇ ਪੂਰੇ ਕਰ ਲੈਂਦਾ ਹੈ। ਸਾਰੇ ਹੈਰਾਨ ਹਨ ਤੇ ਖੁਸ਼ ਵੀ। ਉਹ ਕਹਿੰਦਾ ਹੈ,
“ਇਹ ਛੁੱਟੀ ਜਲੂਸ ਵਿਚ ਸ਼ਾਮਿਲ ਹੋਣ ਦੀ ਐ, ਏਦਾਂ ਨਾ ਹੋਵੇ ਘਰੀਂ ਜਾ ਕੇ ਬੈਠ ਜਾਓ, ਗੋਰਿਆਂ ਨੂੰ ਇਕ ਵਾਰੀ ਪਤਾ ਚੱਲ ਜਾਵੇ ਕਿ ਇਹ ਪੱਗਾਂ ਅਸੀਂ ਐਵੇਂ ਨਹੀਂ ਬੰਨ੍ਹੀ ਫਿਰਦੇ।”
ਉਹ ਹੁਣ ਇਕ ਦਮ ਬਦਲ ਚੁੱਕਾ ਹੈ। ਕੰਮ ਉਪਰ ਕਿਸੇ ਨਾਲ ਬਿਨਾਂ ਕੰਮ ਦੇ ਗੱਲ ਨਹੀਂ ਕਰਦਾ। ਸ਼ਰਾਬ ਪੀਣੀ ਬਿਲਕੁਲ ਛੱਡ ਦਿਤੀ ਹੈ। ਹਰ ਸਵੇਰ ਉਠ ਕੇ ਪਾਠ ਕਰਦਾ ਹੈ। ਗੁਰਦਵਾਰੇ ਦਾ ਨਿਤਨੇਮੀ ਹੋ ਗਿਆ ਹੈ। ਹੁਣ ਉਹ ਗੁਰਦਵਾਰੇ ਦੀ ਕਮੇਟੀ ਵਿਚ ਵੜਨ ਦਾ ਰਾਹ ਲਭ ਰਿਹਾ ਹੈ ਇਸ ਲਈ ਧਾਰਮਿਕ ਕੰਮਾਂ ਵਿਚ ਵਧ ਚੜ ਕੇ ਹਿੱਸਾ ਲੈਂਦਾ ਹੈ। ਸਮੇਂ ਸਮੇਂ ਨਿਕਲਦੇ ਜਲੂਸਾਂ ਜਾਂ ਨਗਰ ਕੀਰਤਨਾਂ ਵਿਚ ਪੂਰੇ ਉਤਸ਼ਾਹ ਨਾਲ ਭਾਗ ਲੈਂਦਾ ਹੈ। ਸਾਲ ਵਿਚ ਦੋ ਵਾਰ ਜਲੂਸ ਨਿਕਲਦੇ ਹਨ। ਇਕ ਗੁਰੂ ਨਾਨਕ ਦੇਵ ਦੇ ਜਨਮ ਦਿਨ 'ਤੇ ਤੇ ਦੂਜਾ ਵਿਸਾਖੀ ਵਾਲੇ ਦਿਹਾੜੇ ਦਾ। ਜੇਕਰ ਸਿੱਖ ਸੰਗਤ ਦਾ ਵੱਸ ਚਲੇ ਤਾਂ ਉਹ ਤਾਂ ਹਰ ਗੁਰਪੁਰਬ ਉਪਰ ਹੀ ਜਲੂਸ ਕੱਢ ਲਵੇ ਪਰ ਜਲੂਸ ਦੀ ਇਜਾਜ਼ਤ ਕੌਂਸਲ ਤੋਂ ਵੀ ਲੈਣੀ ਪੈਂਦੀ ਹੈ ਤੇ ਕੌਂਸਲ ਨੂੰ ਪੂਰੀ ਕਮਿਉਨਿਟੀ ਦਾ ਧਿਆਨ ਰੱਖਣਾ ਪੈਂਦਾ ਹੈ। ਸਿੱਖਾਂ ਵੱਲ ਦੇਖਦੇ ਹੋਏ ਮੁਸਲਮਾਨ ਤੇ ਹਿੰਦੂ ਵੀ ਆਪਣੇ ਖਾਸ ਦਿਨਾਂ ਉਪਰ ਜਲੂਸ ਕੱਢਣ ਲੱਗੇ ਹਨ। ਸਿੱਖਾਂ ਦੇ ਹੀ ਕਈ ਗੁਰਦੁਆਰੇ ਹਨ। ਹਰ ਗੁਰਦੁਆਰਾ ਵੱਖਰਾ ਜਲੂਸ ਲੈ ਕੇ ਜਾਣਾ ਚਾਹੁੰਦਾ ਹੈ। ਐਤਕੀਂ ਕੌਂਸਲ ਸਿਰਫ ਇਕ ਜਲੂਸ ਦੀ ਹੀ ਇਜਾਜ਼ਤ ਦੇ ਰਹੀ ਹੈ ਇਸ ਲਈ ਇਸ ਜਲੂਸ ਵਿਚ ਸਾਊਥਾਲ ਦੇ ਸਾਰੇ ਗੁਰਦਵਾਰੇ ਹੀ ਭਾਗ ਲੈ ਰਹੇ ਹਨ। ਗੌਰਮਿੰਟ ਨੂੰ ਇਸ ਦਿਨ ਹੋਣ ਵਾਲੇ ਇਕੱਠ ਦਾ ਅੰਦਾਜ਼ਾ ਹੈ। ਇਕ ਅੰਦਾਜ਼ੇ ਅਨੁਸਾਰ ਪੰਜਾਹ ਹਜ਼ਾਰ ਤੱਕ ਲੋਕ ਇਕੱਠੇ ਹੋ ਸਕਦੇ ਹਨ। ਇੰਨੇ ਲੋਕਾਂ ਲਈ ਪੁਲਿਸ ਤੇ ਹੋਰਨਾਂ ਸੇਵਾਵਾਂ ਦੀ ਵੀ ਲੋੜ ਪੈਣੀ ਹੈ। ਸੋ ਪਰਸਾਸ਼ਨ ਨੂੰ ਇਸ ਜਲੂਸ ਦਾ ਬਹੁਤ ਧਿਆਨ ਰੱਖਣਾ ਪੈਣਾ ਹੈ। ਇਸ ਜਲੂਸ ਦੀ ਤਿਆਰੀ ਮਹੀਨੇ ਪਹਿਲਾਂ ਚਲ ਪੈਂਦੀ ਹੈ। ਪਰਦੁੱਮਣ ਸਿੰਘ ਦੇ ਘਰ ਵਿਚ ਅਤੇ ਮਨ ਵਿਚ ਵੀ ਇਹ ਤਿਆਰੀ ਵੱਡੀ ਪੱਧਰ ਤੇ ਚਲਦੀ ਹੈ। ਉਹ ਕੇਸਰੀ ਰੰਗ ਦੀ ਪੱਗ ਬੰਨ੍ਹਦਾ ਹੈ। ਗਿਆਨ ਕੌਰ ਨੇ ਤਾਂ ਸੂਟ ਹੀ ਕੇਸਰੀ ਰੰਗ ਦਾ ਸਮਾਇਆ ਹੋਇਆ ਹੈ। ਦੋਨਾਂ ਕੁੜੀਆਂ ਤੇ ਨੂੰਹਾਂ ਨੇ ਵੀ ਕੇਸਰੀ ਰੰਗੇ ਸੂਟ ਖਰੀਦੇ ਹੋਏ ਹਨ। ਉਹ ਆਪਣੇ ਸਾਰੇ ਸਟਾਫ ਨੂੰ ਵੀ ਅਜ ਦੇ ਦਿਹਾੜੇ ਕੇਸਰੀ ਕਪੜੇ ਪਹਿਨਣ ਲਈ ਪਰੇਰਦਾ ਹੈ। ਅਜ ਪਰਦੁੱਮਣ ਸਿੰਘ ਦੋ ਘੰਟੇ ਪਹਿਲਾਂ ਫੈਕਟਰੀ ਬੰਦ ਕਰ ਦਿੰਦਾ ਹੈ। ਇਨ੍ਹਾਂ ਦੋ ਘੰਟਿਆਂ ਦੇ ਉਹ ਪੈਸੇ ਵੀ ਨਹੀਂ ਕੱਟ ਰਿਹਾ ਪਰ ਉਹ ਸਾਰਿਆਂ ਦੇ ਮਗਰ ਪਾ ਕੇ ਕਾਹਲੀ ਕਾਹਲੀ ਕੰਮ ਕਰਾ ਕੇ ਦੋ ਘੰਟੇ ਪੂਰੇ ਕਰ ਲੈਂਦਾ ਹੈ। ਸਾਰੇ ਹੈਰਾਨ ਹਨ ਤੇ ਖੁਸ਼ ਵੀ। ਉਹ ਕਹਿੰਦਾ ਹੈ,
“ਇਹ ਛੁੱਟੀ ਜਲੂਸ ਵਿਚ ਸ਼ਾਮਿਲ ਹੋਣ ਦੀ ਐ, ਏਦਾਂ ਨਾ ਹੋਵੇ ਘਰੀਂ ਜਾ ਕੇ ਬੈਠ ਜਾਓ, ਗੋਰਿਆਂ ਨੂੰ ਇਕ ਵਾਰੀ ਪਤਾ ਚੱਲ ਜਾਵੇ ਕਿ ਇਹ ਪੱਗਾਂ ਅਸੀਂ ਐਵੇਂ ਨਹੀਂ ਬੰਨ੍ਹੀ ਫਿਰਦੇ।”
ਖਾਲਿਸਤਾਨ ਦੀ ਲਹਿਰ ਦੇ ਠੰਡੀ ਪੈਣ 'ਤੇ ਆਮ ਲੋਕਾਂ ਨੇ ਸੁੱਖ ਦਾ ਸਾਹ ਲੈਂਦੇ ਹੋਏ ਮੁੜ ਧਰਮ ਅਤੇ ਗੁਰਦੁਆਰਿਆਂ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਹੈ। ਐਤਕੀਂ ਖਾਲਸੇ ਦਾ ਤਿੰਨ ਸੌ ਸਾਲਾ ਜਨਮ ਦਿਨ ਹੈ। ਇਸ ਲਈ ਵੀ ਲੋਕਾਂ ਵਿਚ ਬੇਹੱਦ ਉਤਸ਼ਾਹ ਹੈ। ਇਕ ਉਤਸ਼ਾਹ ਲੋਕਾਂ ਵਿਚ ਗੁਰਦੁਆਰੇ ਦੀ ਨਵੀਂ ਬਣ ਰਹੀ ਇਮਾਰਤ ਵੀ ਭਰ ਰਹੀ ਹੈ। ਇਸ ਨਵੀਂ ਉਸਰ ਰਹੀ ਇਮਾਰਤ ਦੀਆਂ ਥਾਂ ਥਾਂ ਖਬਰਾਂ ਲੱਗਦੀਆਂ ਹਨ। ਟੈਲੀ, ਰੇਡੀਓ ਉਪਰ ਵੀ ਇਸ ਦੀ ਇਮਾਰਤਸਾਜ਼ੀ ਦੀ ਖਾਸੀਅਤ ਦੀਆਂ ਗੱਲਾਂ ਹੁੰਦੀਆਂ ਹਨ। ਸਾਊਥਾਲ ਦੇ ਹੀ ਨਹੀਂ ਪੂਰੇ ਲੰਡਨ ਦੇ ਸਿੱਖ ਫੁੱਲੇ ਨਹੀਂ ਸਮਾਉਂਦੇ। ਇਸ ਨਵੇਂ ਗੁਰਦਵਾਰੇ ਦੀ ਤਿਆਰੀ ਦਾ ਬੱਜਟ ਉਨੀ ਵੀਹ ਮਿਲੀਅਨ ਪੌਂਡ ਤੋਂ ਵੀ ਵਧੇਰੇ ਹੈ ਇਸ ਲਈ ਵੀ ਲੋਕਾਂ ਵਿਚ ਅਸਚਜਤਾ ਹੈ ਕਿ ਸਿਖ ਭਾਈਚਾਰਾ ਇੰਨੇ ਪੈਸੇ ਕਿਵੇਂ ਇਕੱਠੇ ਕਰੇਗਾ। ਅੱਜ ਦਾ ਇਹ ਜਲੂਸ ਇਸ ਨਵੇਂ ਬਣ ਰਹੇ ਗੁਰਦੁਆਰੇ ਤੋਂ ਹੀ ਨਿਕਲਣਾ ਹੈ।
ਦੁਪਹਿਰ ਤੱਕ ਕਈ ਹਜ਼ਾਰ ਲੋਕ ਗੁਰਦੁਆਰੇ ਪਹੁੰਚ ਜਾਦੇ ਹਨ। ਸੈਂਕੜੇ ਵਾਹਨ ਵੀ ਜਿਨ੍ਹਾਂ ਨੇ ਇਸ ਜਲੂਸ ਵਿਚ ਸ਼ਾਮਿਲ ਹੋਣਾ ਹੈ। ਦਰਜਨਾਂ ਹੀ ਕੀਰਤਨ ਕਰਨ ਵਾਲੇ ਜਥੇ ਹਨ ਤੇ ਕਿੰਨੇ ਹੀ ਢੋਲੀ ਹਨ। ਇਹ ਢੋਲੀ ਸਾਰੇ ਹੀ ਇਥੋਂ ਦੇ ਜੰਮੇ ਮੁੰਡੇ ਹਨ। ਇਸ ਜਲੂਸ ਦੀ ਖਾਸੀਅਤ ਇਹੋ ਹੈ ਕਿ ਇਸ ਵਿਚ ਇਥੋਂ ਦੀ ਜੰਮੀ ਨਵੀਂ ਪੀੜ੍ਹੀ ਦੇ ਮੁੰਡੇ ਕੁੜੀਆਂ ਦੀ ਬਹੁਤਾਤ ਹੈ।
ਜਲੂਸ ਦਾ ਰੂਟ ਉਹੋ ਪੁਰਾਣਾ ਹੈ। ਗੁਰਦੁਆਰੇ ਤੋਂ ਚੱਲਿਆ ਜਲੂਸ ਸਟੇਸ਼ਨ ਦੇ ਮੁਹਰ ਦੀ ਲੰਘਦਾ ਹੋਇਆ ਬੇਕਨਜ਼ਫੀਲਡ ਰੋਡ ਉਪਰ ਦੀ ਜਾ ਕੇ ਬਰਾਡਵੇਅ ਨੂੰ ਕਰੌਸ ਕਰਦਾ ਹੋਇਆ ਡੇਨ ਐਵੇਨਿਊ ਉਪਰ ਪਹੁੰਚੇਗਾ। ਫਿਰ ਕਾਰਲਾਇਲ ਰੋਡ ਤੋਂ ਹੁੰਦਾ ਹੋਇਆ ਬਰਨ ਰੋਡ ਤੇ ਫਿਰ ਨੌਰਥ ਰੋਡ ਤੋਂ ਹੁੰਦਾ ਹੋਇਆ ਅਕਸਬ੍ਰਿਜ ਰੋਡ ਪਾਰ ਕਰਕੇ ਪਾਰਕ ਐਵੇਨਿਊ ਉਪਰ ਪਹੁੰਚੇਗਾ ਤੇ ਸਟੇਸ਼ਨ ਦੀ ਮੁਹਰ ਦੀ ਹੁੰਦਾ ਹੋਇਆ ਵਾਪਸ ਗੁਰਦੁਆਰੇ ਪੁੱਜ ਜਾਵੇਗਾ।
ਅਜ ਜਗਮੋਹਣ ਆਪਣੇ ਘਰ ਹੀ ਰਹਿੰਦਾ ਹੈ। ਉਸ ਨੂੰ ਪਤਾ ਹੈ ਕਿ ਅੱਜ ਕਿਸੇ ਪਾਸੇ ਵੀ ਨਹੀਂ ਜਾਇਆ ਜਾਣਾ। ਪੁਲਿਸ ਨੇ ਸਾਰੇ ਰਾਹ ਰੋਕੇ ਹੋਏ ਹਨ। ਕਾਰਾਂ, ਵੈਨਾਂ ਨੂੰ ਤਾਂ ਸਾਊਥਾਲ ਦੇ ਅੰਦਰ ਜਾਣ ਹੀ ਨਹੀਂ ਦਿੱਤਾ ਜਾ ਰਿਹਾ। ਜਲੂਸ ਨੇ ਉਸ ਦੇ ਘਰ ਮੁਹਰ ਦੀ ਵੀ ਲੰਘਣਾ ਹੈ। ਮਨਦੀਪ ਆਪਣੀ ਮੰਮੀ ਨਾਲ ਜਲੂਸ ਵਿਚ ਸ਼ਾਮਿਲ ਹੋਣ ਲਈ ਜਾ ਚੁੱਕੀ ਹੈ। ਦੋਵੇਂ ਮੁੰਡੇ ਵੀ ਉਸ ਦੇ ਨਾਲ ਹਨ। ਜਗਮੋਹਣ ਸੋਚਦਾ ਹੈ ਕਿ ਗਰੇਵਾਲ ਦੀ ਸਿਹਤ ਠੀਕ ਹੁੰਦੀ ਤਾਂ ਉਹ ਕਿੰਨੀਆਂ ਸਾਰੀਆਂ ਗੱਲਾਂ ਕਰਦੇ। ਨਵੀਂ ਪੀੜ੍ਹੀ ਵਿਚ ਧਰਮ ਪ੍ਰਤੀ ਇੰਨੀ ਜਾਗ੍ਰਿਤੀ ਕਿਵੇਂ ਆ ਰਹੀ ਹੈ। ਓਪਰੇ ਧਰਮਾਂ ਵਿਚ ਵਿਚਰਦੇ ਸਾਡੇ ਮੁੰਡੇ–ਕੁੜੀਆਂ ਨੂੰ ਆਪਣੇ ਧਰਮ ਪ੍ਰਤੀ ਕਿਵੇਂ ਹੇਜ ਜਾਗਦਾ ਹੈ। ਪਰ ਗਰੇਵਾਲ ਹਾਲੇ ਤੱਕ ਠੀਕ ਨਹੀਂ ਹੋਇਆ। ਇੰਨੇ ਮਹੀਨਿਆਂ ਤੋਂ ਹਾਲੇ ਹਸਪਤਾਲ ਵਿਚ ਹੀ ਹੈ। ਹੁਣ ਉਹ ਬੈਠ ਲੈਂਦਾ ਹੈ। ਇਕ ਬਾਂਹ ਵੀ ਕੁਝ ਕੁ ਹਿਲਾ ਲੈਂਦਾ ਹੈ ਪਰ ਹਾਲੇ ਆਵਾਜ਼ ਨਹੀਂ ਚੱਲੀ। ਯਾਦ ਸ਼ਕਤੀ ਵੀ ਬਹੁਤ ਕਮਜ਼ੋਰ ਹੋ ਗਈ ਹੈ। ਕਈ ਵਾਰ ਜਗਮੋਹਣ ਨੂੰ ਪਛਾਨਣ ਤੋਂ ਵੀ ਇਨਕਾਰ ਕਰ ਦਿੰਦਾ ਹੈ।
ਜਲੂਸ ਦੇ ਰੂਟ ਦੇ ਹਰ ਮੋੜ 'ਤੇ ਲੋਕਾਂ ਦੀ ਭੀੜ ਜਮ੍ਹਾਂ ਹੋ ਰਹੀ ਹੈ। ਥਾਂ–ਥਾਂ ਜੂਸ, ਕੋਕ ਤੇ ਪਾਣੀ ਦੀਆਂ ਛਬੀਲਾਂ ਹਨ। ਚਾਹ, ਪਕੌੜੇ, ਸਮੋਸੇ ਆਦਿ ਮਿਲ ਰਹੇ ਹਨ। ਬੱਚਿਆਂ ਲਈ ਸਵੀਟਾਂ, ਚਾਕਲੇਟ ਹਨ। ਗੋਰੇ, ਕਾਲੇ ਕੀ ਹਰ ਰੰਗ ਦੇ ਬੱਚਿਆਂ ਦੀਆਂ ਮੌਜਾਂ ਲੱਗੀਆਂ ਹੋਈਆਂ ਹਨ। ਜਲੂਸ ਆਪਣੀ ਪੂਰੀ ਫੱਬਤ ਨਾਲ ਨਿਕਲਦਾ ਹੈ। ਮੁਹਰੇ ਮੁਹਰੇ ਪੰਜ ਪਿਆਰੇ ਤੁਰ ਰਹੇ ਹਨ, ਮਗਰ ਵੱਡੇ ਟਰੱਕ ਉਪਰ ਪਾਲਕੀ ਵਿਚ ਪਾਠ ਹੋ ਰਿਹਾ ਹੈ। ਉਸ ਦੇ ਮਗਰ ਪੈਦਲ ਲੋਕ ਹਨ। ਫਿਰ ਪਿੱਛੇ ਖੁੱਲ੍ਹੀ ਤੇ ਪਿੱਕ ਅੱਪ ਵਿਚ ਬੈਠੀ ਸੰਗਤ ਕੀਰਤਨ ਕਰ ਰਹੀ ਹੈ। ਉਸ ਪਿੱਛੇ ਪੰਜ–ਪੰਜ ਦੀ ਪੰਕਤ ਵਿਚ ਢੋਲੀ ਹਨ। ਇਵੇਂ ਕਰਦਿਆਂ ਇਹ ਜਲੂਸ ਮੀਲਾਂ ਲੰਬਾ ਬਣ ਰਿਹਾ ਹੈ। ਜਗਮੋਹਣ ਦੇ ਘਰ ਦੇ ਮੁਹਰੇ ਉਸ ਦੇ ਕਿਸੇ ਵਾਕਫ ਨੇ ਸੰਗਤ ਦੀ ਸੇਵਾ ਕਰਨ ਹਿੱਤ ਸਟਾਲ ਲਗਾਇਆ ਹੋਇਆ ਹੈ। ਜਗਮੋਹਣ ਉਸ ਕੋਲ ਹੀ ਆ ਖੜਦਾ ਹੈ। ਉਹ ਜਲੂਸ ਵਿਚ ਹਾਜ਼ਰ ਲੋਕਾ ਦੀ ਗਿਣਤੀ ਦਾ ਅੰਦਾਜ਼ਾ ਜਿਹਾ ਲਗਾਉਂਦਾ ਹੈ। ਉਹ ਗਿਣਦਾ ਹੈ ਕਿ ਦਸ ਕੁ ਗਜ਼ ਦੇ ਖੇਤਰ ਵਿਚ ਸੌ ਬੰਦਾ ਹੈ ਕੁਲ ਕਿੰਨੇ ਕੁ ਹੋ ਸਕਦੇ ਹਨ। ਥੋੜਾ ਚਿਰ ਮਗਜ਼ਮਾਰੀ ਮਾਰ ਕੇ ਹਟ ਜਾਂਦਾ ਹੈ। ਜਲੂਸ ਵਿਚ ਜਗਮੋਹਣ ਦੇ ਕਈ ਵਾਕਿਫ ਸ਼ਾਮਿਲ ਹਨ। ਹਰ ਕੋਈ ਲੰਘਦਾ ਹੋਇਆ ਅੰਗੂਠਾ ਦਿਖਾ ਕੇ ਆਪਣੇ ਹਾਜ਼ਰ ਹੋਣ ਦਾ ਦਾਅਵਾ ਕਰਦਾ ਜਾਂਦਾ ਹੈ। ਕਿੰਨੇ ਹੀ ਘੰਟੇ ਖੜਾ ਉਹ ਜਲੂਸ ਦੇਖਦਾ ਰਹਿੰਦਾ ਹੈ। ਜਲੂਸ ਵਿਚ ਜਿਵੇਂ ਸਾਊਥਾਲ ਹੀ ਨਹੀਂ ਸਾਰਾ ਇੰਗਲੈਂਡ ਆ ਜੁੜਿਆ ਹੋਵੇ। ਇੰਨੇ ਲੋਕਾਂ ਦੇ ਇਕੱਠ ਨੂੰ ਉਸ ਨੇ ਪਹਿਲਾਂ ਕਦੇ ਦੇਖਿਆ ਹੀ ਨਹੀਂ ਹੈ। ਇੰਨੇ ਚਿਹਰਿਆਂ ਨੂੰ ਘਰ ਮੋਹਰ ਦੀ ਲੰਘਦਿਆਂ ਦੇਖਦਾ ਉਹ ਇਕੱਲਾ ਇਕੱਲਾ ਮਹਿਸੂਸ ਕਰਨ ਲੱਗਦਾ ਹੈ। ਜਦ ਮਨਦੀਪ ਅਤੇ ਦੋਨੋਂ ਮੁੰਡੇ ਉਸ ਨੂੰ ਹੱਥ ਮਾਰਦੇ ਲੰਘਦੇ ਹਨ ਤਾਂ ਉਸ ਨੂੰ ਜਾਪਦਾ ਹੈ ਕਿ ਜਿਵੇਂ ਸਾਰੇ ਹੀ ਉਸ ਦਾ ਸਾਥ ਛੱਡ ਗਏ ਹੋਣ। ਸਾਰੀ ਹੀ ਦੁਨੀਆ ਦੂਜੇ ਪਾਸੇ ਜਾ ਖੜੀ ਹੋਵੇ। ਇਕ ਵਾਰ ਤਾਂ ਉਸ ਦਾ ਦਿਲ ਕਰਦਾ ਕਿ ਇਸ ਹਜੂਮ ਵਿਚ ਜਾ ਵੜੇ ਪਰ ਉਸ ਤੋਂ ਵੜਿਆ ਨਹੀਂ ਜਾਂਦਾ ਤੇ ਖੜਾ ਤੱਕਦਾ ਰਹਿੰਦਾ ਹੈ।
ਰੇਡੀਓ ਦੀ ਖਬਰ ਹੈ ਕਿ ਇਸ ਦਿਹੜੇ ‘ਤੇ ਡੇੜ ਲੱਖ ਲੋਕ ਸਾਊਥਾਲ ਵਿਚ ਇਕੱਠੇ ਹੋਏ ਹਨ। ਸ਼ਾਮ ਨੂੰ ਟੈਲੀ ਵਾਲੇ ਦੱਸ ਰਹੇ ਹਨ ਕਿ ਇਕ ਲੱਖ ਸਿੱਖ ਇਸ ਜਲੂਸ ਵਿਚ ਸ਼ਾਮਿਲ ਹੋਣ ਲਈ ਦੂਰ ਦੂਰ ਦੇ ਸ਼ਹਿਰਾਂ ਵਿਚੋਂ ਸਾਊਥਾਲ ਪੁੱਜਿਆ ਹੈ। ਜਿੰਨੇ ਲੋਕ ਜਲੂਸ ਨਾਲ ਤੁਰਦੇ ਹਨ ਉਸ ਤੋਂ ਕਿਤੇ ਵਧ ਇਸ ਦੇ ਸਵਾਗਤ ਲਈ ਰਸਤੇ ਵਿਚ ਖੜੇ ਹਨ। ਜਲੂਸ ਤੋਂ ਮੁੜਦੇ ਨਵਕਿਰਨ ਤੇ ਨਵਜੀਵਨ ਆਪਣੇ ਡੌਲ੍ਹੇ ਜਗਮੋਹਣ ਨੂੰ ਦਿਖਾ ਰਹੇ ਹਨ। ਉਸ ਨੂੰ ਗਰੇਵਾਲ ਦੀ ਗੱਲ ਚੇਤੇ ਆਉਂਦੀ ਹੈ। ਉਸ ਨੂੰ ਆਪਣੇ ਮੁੰਡਿਆਂ ਦਾ ਧਰਮ ਪ੍ਰਤੀ ਉਲਾਰ ਬਹੁਤਾ ਚੰਗਾ ਨਹੀਂ ਲਗਦਾ। ਉਹ ਚਾਹੁੰਦਾ ਹੈ ਕਿ ਬੱਚਿਆਂ ਨੂੰ ਧਰਮ ਦੀ ਵਾਕਫੀ ਹੋਵੇ ਜਨੂੰਨ ਨਾ ਹੋਵੇ। ਉਹ ਉਹਨਾਂ ਨਾਲ ਜਲੂਸ ਵਿਚ ਹੋਈਆਂ ਨਿਕੀਆਂ ਨਿਕੀਆਂ ਗੱਲਾਂ ਕਰਨ ਲਗਦਾ ਹੈ। ਉਸ ਨੂੰ ਗਰੇਵਾਲ ਦੀ ਯਾਦ ਆਉਣ ਲਗਦੀ ਹੈ। ਕਿੰਨੀਆਂ ਗੱਲਾਂ ਹਨ ਉਸ ਨਾਲ ਕਰਨ ਵਾਲੀਆਂ।
ਅਗਲੇ ਦਿਨ ਸ਼ਾਮ ਭਾਰਦਵਾਜ ਨਾਲ ਗਲੌਸਟਰ ਵਿਚ ਬੈਠਿਆਂ ਇਨ੍ਹਾਂ ਗੱਲਾਂ ਬਾਰੇ ਬਹਿਸ ਹੁੰਦੀ ਹੈ। ਸੋਹਣਪਾਲ ਦੱਸਦਾ ਹੈ,
“ਇਨ੍ਹਾਂ ਜਲੂਸਾਂ ਉਪਰ ਕੌਂਸਲਾਂ ਦਾ ਢੇਰ ਪੈਸਾ ਖਰਚ ਹੁੰਦਾ ਹੈ ਤੇ ਸਾਰਾ ਬੋਝ ਲੋਕਲ ਲੋਕਾਂ ਉਪਰ ਪੈਂਦਾ ਹੈ। ਕਿੰਨੀ ਪੁਲਿਸ ਵਾਧੂ ਬੁਲਾਉਣੀ ਪੈਂਦੀ ਹੈ ਤੇ ਹੋਰ ਸਫਾਈ ਆਦਿ ਦਾ ਕੰਮ ਵੀ।”
“ਇਹਦਾ ਇੰਤਜ਼ਾਮ ਵੀ ਹੋ ਰਿਹੈ, ਸ਼ਾਇਦ ਇਹ ਗੱਲ ਤਹਿ ਹੋ ਜਾਵੇ ਕਿ ਸਾਰਾ ਖਰਚ ਜਲੂਸ ਦੀ ਇੰਤਜ਼ਾਮੀਆ ਕਮੇਟੀ ਦੇਵੇਗੀ।”
“ਇਹ ਵੀ ਤਾਂ ਇਹਦਾ ਹੱਲ ਨਹੀਂ, ਹੋਰ ਕਿਤੇ ਸਮਾਜਕ ਇਕੱਠ ਹੁੰਦੇ ਨਹੀਂ ਜਿਥੇ ਸਰਕਾਰੀ ਮਸ਼ੀਨਰੀ ਵਰਤੀ ਜਾਂਦੀ ਹੋਵੇ, ਏਸ਼ੀਅਨਾਂ ਦੇ ਇਕੱਠਾਂ ਦਾ ਖਰਚਾ ਇਹ ਲੋਕ ਆਪ ਕਿਉਂ ਦੇਣ।”
ਜਗਮੋਹਣ ਆਖਦਾ ਹੈ। ਫਿਰ ਸੋਹਣਪਾਲ ਬੋਲਦਾ ਹੈ,
“ਅਸਲ ਵਿਚ ਤਾਂ ਧਰਮ ਪ੍ਰਤੀ ਜਾਗਰੂਕ ਹੋਣਾ ਅਗਲੀ ਜਨਰੇਸ਼ਨ ਦੀ ਲੋੜ ਐ ਤੇ ਇਨ੍ਹਾਂ ਧਾਰਮਿਕ ਸਥਾਨਾਂ ਨੇ ਸੱਭਿਆਚਾਰ ਸੰਭਾਲਣ ਦਾ ਬਹੁਤ ਵਧੀਆ ਕੰਮ ਕੀਤੈ।”
“ਅਸਲੀ ਗੱਲ ਤਾਂ ਭੀੜ–ਭੜੱਕਾ ਵੱਧਦਾ ਐ ਪੋਲੂਸ਼ਨ ਵੀ ਵਧਦਾ ਹੈ, ਲੜਾਈ ਝਗੜੇ ਦਾ ਖਤਰਾ ਪੈਦਾ ਹੋ ਜਾਂਦਾ ਹੈ।”
“ਭੀੜ–ਭੜੱਕੇ ਦਾ ਮਸਲਾ ਤਾਂ ਆਰਜ਼ੀ ਐ, ਆਹ ਫੁੱਟਬਾਲ ਦੇ ਮੈਚਾਂ ਉਪਰ ਕੀ ਹੁੰਦੈ, ਜਿਹੜੀ ਟੀਮ ਹਾਰ ਜਾਂਦੀ ਐ ਉਹਦੇ ਫੈਨ ਤਬਾਹੀ ਤੇ ਉਤਾਰੂ ਹੋ ਜਾਂਦੇ ਆ, ਅਸਲ ਕਾਰਨ ਤਾਂ ਆਪਣੀ ਹੋਂਦ ਨੂੰ ਬਰਕਰਾਰ ਰੱਖਣਾ ਐ।”
“ਹੋਂਦ ਪਿੱਛੇ ਤਾਂ ਮੁਸਲਮਾਨਾਂ ਤੇ ਸਿੱਖਾਂ ਦੇ ਮੁੰਡੇ ਫੱਸਦੇ ਰਹਿੰਦੇ ਆ।”
“ਇਹਦੇ ਪਿੱਛੇ ਤਾਂ ਆਪਾਂ ਸਾਰਿਆਂ ਨੂੰ ਪਤਾ ਈ ਐ ਕਿ ਦੋ ਰੈਸਟੋਰੈਂਟਾਂ ਦੇ ਮਾਲਕਾਂ ਦੀ ਸਿਆਸਤ ਐ।”
“ਇਨ੍ਹਾਂ ਦੀ ਸਿਆਸਤ ਤਾਂ ਲੋਕਲ ਹੋ ਸਕਦੀ ਐ ਪਰ ਇਹ ਮਸਲਾ ਕੁਝ ਵੱਡਾ ਐ।”
“ਕੋਈ ਵੱਡਾ ਨਹੀਂ, ਦੋਹਾਂ ਧਰਮਾਂ ਦੇ ਲੀਡਰਾਂ ਨੇ ਜ਼ਰਾ ਕੁ ਬਿਆਨ ਦਿੰਦੇ ਆ ਤਾਂ ਸਭ ਠੀਕ ਹੋ ਜਾਂਦੈ।”
ਸ਼ਾਮ ਭਾਰਦਵਾਜ ਕਮਿਉਨਿਟੀ ਦੇ ਲੀਡਰ ਵਜੋਂ ਪੁਲਿਸ ਨਾਲ ਮੀਟਿੰਗਾਂ ਕਰਦਾ ਰਹਿੰਦਾ ਹੈ ਇਸ ਲਈ ਉਸ ਨੂੰ ਸਾਊਥਾਲ ਦੀਆਂ ਅੰਦਰ ਦੀਆਂ ਖਬਰਾਂ ਦੀ ਭਿਣਕ ਵੀ ਰਹਿੰਦੀ ਹੈ। ਉਹ ਦੱਸਣ ਲੱਗਦਾ ਹੈ,
“ਇਹ ਤਾਂ ਬਹੁਤ ਚੰਗਾ ਹੋ ਗਿਐ ਕਿ ਜਲੂਸ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ ਨਹੀਂ ਤਾਂ ਸੀ.ਆਈ.ਡੀ. ਮਿਲੀ ਸੀ ਕਿ ਕੁਝ ਲੋਕ ਇਸ ਮੌਕੇ 'ਤੇ ਗੜਬੜ ਕਰਨਗੇ ਪਰ ਤਿੰਨ ਸੌਵਾਂ ਖਾਲਸੇ ਦਾ ਜਨਮ ਦਿਨ ਸੀ, ਸਿਖਾਂ ਲਈ ਖਾਸ ਦਿਨ ਸੀ ਤੇ ਜਲੂਸ ਰੋਕਣਾ ਵੀ ਮੁਸ਼ਕਿਲ ਸੀ।”
ਉਸ ਦੀ ਗੱਲ ਨਾਲ ਸਹਿਮਤ ਹੁੰਦਾ ਸੋਹਣਪਾਲ ਕਹਿਣ ਲੱਗਦਾ ਹੈ,
“ਆਹ ਸਾਊਥਾਲ ਦਾ ਫਨ ਫੇਅਰ ਇਸੇ ਲਈ ਰੋਕ 'ਤਾ ਸੀ ਪੁਲਿਸ ਨੇ, ਕਿਧਰੋਂ ਭਿਣਕ ਪੈ ਗਈ ਸੀ ਕਿ ਇਸ ਮੌਕੇ ਤੇ ਕੁਝ ਸ਼ਰਾਰਤੀ ਲੋਕ ਗੜਬੜ ਕਰਨ ਵਾਲੇ ਆ।”
ਬਾਈ ਸੁਰਿੰਦਰ ਸਿੰਘ ਕਾਫੀ ਦੇਰ ਚੁੱਪ ਰਹਿਣ ਤੋਂ ਬਾਅਦ ਆਖਦਾ ਹੈ,
“ਘੰਟਾ ਹੋ ਗਿਆ ਦੇਖਦੇ ਨੂੰ, ਤੁਸੀਂ ਸਾਰੇ ਜਲੂਸ ਜਲੂਸ ਗਾਈ ਜਾਨੇ ਓਂ, ਅਸਲੀ ਸ਼ਬਦ ਹੁੰਦਾ ਏ ਨਗਰ-ਕੀਰਤਨ। ਇਹ ਜਲੂਸ ਸ਼ਬਦ ਵਧੀਆ ਨਹੀਂ ਏ।
ਉਨ੍ਹਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ ਦੂਰ ਬੈਠਾ ਰਾਮ ਸਿੰਘ ਉਹਨਾਂ ਦੇ ਟੇਬਲ ਤੇ ਆ ਜਾਂਦਾ ਹੈ ਤੇ ਕਹਿੰਦਾ ਹੈ,
“ਯਾਰੋ, ਪਹਿਲਾਂ ਵਰਗਾ ਸਾਊਥਾਲ ਕਿਥੇ ਰਹਿ ਗਿਆ, ਜਦੋਂ ਆਈ.ਡਬਲਯੂ.ਏ. ਦਾ ਜ਼ਮਾਨਾ ਹੁੰਦਾ ਸੀ ਉਦੋਂ ਦੇਖਣ ਵਾਲਾ ਹੁੰਦਾ ਸੀ ਸਾਊਥਾਲ। ਸਿਨਮਾ ਆਪਣਾ ਹੁੰਦਾ ਸੀ। ਇੰਡੀਆ ਤੋਂ ਲੀਡਰ ਲੋਕ ਲਾਈਨਾਂ ਬੰਨ੍ਹ ਕੇ ਤੁਰੇ ਆਉਂਦੇ ਸੀ। ਇੰਡੀਆ ਦੀ ਪ੍ਰਾਈਮ ਮਨਿਸਟਰ ਵੀ ਸਾਊਥਾਲ ਆਉਣ ਵਿਚ ਆਪਣਾ ਮਾਣ ਸਮਝਦੀ ਸੀ। ਹੁਣ ਤਾਂ ਆਹ ਸੁੱਲੇ ਆ ਵੜੇ, ਸੁਮਾਲੀ ਆ ਵੜੇ।”
ਉਸ ਦੀ ਗੱਲ ਸੁਣਦਾ ਹੀ ਬਾਈ ਸੁਰਿੰਦਰ ਸਿੰਘ ਕਹਿਣ ਲੱਗਦਾ ਹੈ,
“ਸੁਮਾਲੀਅਨਾਂ ਨੂੰ ਤਾਂ ਗੌਰਮਿੰਟ ਨੇ ਜਾਣ ਕੇ ਵਾੜਿਆ, ਖਾਲਿਸਤਾਨ ਦੇ ਰੌਲੇ ਵੇਲੇ ਸਾਡੇ ਲੋਕ ਆਪਣੇ ਆਪ ਨੂੰ ਸਾਊਥਾਲ ਦੇ ਮਾਲਕ ਈ ਸਮਝਣ ਲੱਗ ਪਏ ਸੀ। ਸੁਮਾਲੀਅਨਾਂ ਨੂੰ ਵਾੜ ਕੇ ਤਾਂ ਗੌਰਮਿੰਟ ਨੇ ਸਾਨੂੰ ਅਕਲ ਦਿੱਤੀ ਐ।”
ਰਾਮ ਸਿੰਘ ਫਿਰ ਬੋਲਦਾ ਹੈ,
“ਤੇ ਸੁਮਾਲੀਅਨਾਂ ਨੇ ਦੇਖ ਲਓ ਆਹ ਮਸਜਿਦ 'ਤੇ ਕਬਜ਼ਾ ਕਰ ਲਿਆ, ਬਣਾਉਂਦੇ ਰਹਿ ਗਏ ਪੰਜਾਬੀ।”
ਸ਼ਾਮ ਤੇ ਜਗਮੋਹਣ ਇਕ ਦੂਜੇ ਵੱਲ ਦੇਖਦੇ ਹਨ। ਸੋਹਣਪਾਲ ਵੀ ਸਮਝ ਜਾਂਦਾ ਹੈ ਕਿ ਉਨ੍ਹਾਂ ਦੀ ਗੱਲ ਉਲਟੇ ਪਾਸੇ ਵਲ ਨਿਕਲ ਗਈ ਤਾਂ ਕਿਸੇ ਕਿਸਮ ਦੀ ਬਦਮਗਜ਼ੀ ਵੀ ਪੈਦਾ ਹੋ ਸਕਦੀ ਹੈ। ਉਹ ਗੁਰਚਰਨ ਤੋਂ ਇੰਡੀਆ ਦਾ ਹਾਲ–ਚਾਲ ਪੁੱਛਣ ਲੱਗਦਾ ਹੈ ਜੋ ਹੁਣੇ ਜਿਹੇ ਜਾ ਕੇ ਆਇਆ ਹੈ।
ਅਠਾਹਟ
ਟਰੈਫਿਕ ਹੇਜ਼ ਐਂਡ ਤਕ ਹੈ ਜਿਵੇਂ ਆਮ ਤੌਰ ਤੇ ਹੁੰਦਾ ਹੀ ਹੈ। ਸਰਦੀਆਂ ਦੇ ਦਿਨ ਹਨ, ਛੋਟੇ ਹਨ। ਪੰਜ ਵਜੇ ਹੀ ਰਾਤ ਪਈ ਪਈ ਹੈ। ਇਕ ਠੰਡ ਵੀ ਲੋਹੜੇ ਦੀ ਹੈ ਤੇ ਉਪਰੋਂ ਟਰੈਫਿਕ ਹਿਲ ਨਹੀਂ ਰਿਹਾ। ਜਗਮੋਹਨ ਇਸ ਵਿਚ ਫਸਿਆ ਖੜਾ ਹੈ। ਉਸ ਨੂੰ ਆਪਣੇ ਆਪ ਉਪਰ ਗੁੱਸਾ ਆ ਰਿਹਾ ਹੈ ਕਿ ਸਭ ਕੁਝ ਪਤਾ ਹੁੰਦਿਆਂ ਇਸ ਰਸਤੇ ਕਿਉਂ ਆਉਂਦਾ ਹੈ। ਉਸ ਦੇ ਇਧਰ ਆਉਣ ਦਾ ਕਾਰਨ ਸਕਾਈਲਿੰਕ ਦੇ ਦਫਤਰ ਵਿਚੋਂ ਆਪਣੀ ਟਿਕਟ ਚੁੱਕਣਾ ਹੈ। ਅਗਲੇ ਹਫਤੇ ਉਹ ਇੰਡੀਆ ਜਾ ਰਿਹਾ ਹੈ। ਉਹ ਸੋਚ ਰਿਹਾ ਹੈ ਕਿ ਇੰਨੀ ਵੀ ਆਲਸ ਕੀ ਹੋਈ ਕਿ ਘਰੋਂ ਤੁਰ ਕੇ ਬਰਾਡਵੇਅ ਨਹੀਂ ਆ ਸਕਦਾ। ਗਰੇਵਾਲ ਸਮੇਂ ਉਹ ਬਰਾਡਵੇਅ ਦਾ ਗੇੜਾ ਮਾਰਦਾ ਹੀ ਰਿਹਾ ਹੈ। ਉਹ ਸਿਧਾ ਘਰ ਇਸ ਲਈ ਨਹੀਂ ਜਾਂਦਾ ਕਿ ਇਕ ਵਾਰੀ ਬੈਠ ਗਿਆ ਤਾਂ ਮੁੜ ਕੇ ਉਠਿਆ ਨਹੀਂ ਜਾਣਾ। ਉਹ ਇਥੋਂ ਯੂ ਟਰਨ ਮਾਰ ਕੇ ਪਿਛੇ ਜਾਣ ਬਾਰੇ ਸੋਚਦਾ ਹੈ ਪਰ ਹੁਣ ਸਾਰਾ ਰਾਹ ਆਰਜ਼ੀ ਤੌਰ ਤੇ ਡੂਯਲ ਕੈਰਜਵੇਅ ਬਣਾਇਆ ਹੋਇਆ ਹੈ ਇਸ ਲਈ ਇਹ ਟਰੈਫਿਕ ਝੱਲਣਾ ਹੀ ਪੈਣਾ ਹੈ। ਉਹ ‘ਵਾਸ ਪਰਵਾਸ’ ਪੜਨ ਲਗਦਾ ਤੇ ਨਾਲ ਹੀ ਰੇਡੀਓ ਦੀ ਅਵਾਜ਼ ਉਚੀ ਕਰ ਲੈਂਦਾ ਹੈ। ਸਾਊਥਾਲ ਵਿਚ ਹੁਣ ਏਸ਼ੀਅਨ ਰੇਡੀਓ ਸਟੇਸ਼ਨਾਂ ਦੀ ਭਰਮਾਰ ਹੈ। ਇਹਨਾਂ ਵਿਚੋਂ ਕਈ ਖਾਲਸ ਪੰਜਾਬੀ ਦੇ ਹਨ। ਕੁਝ ਹਿੰਦੀ ਦੇ ਵੀ ਹਨ ਤੇ ਹੋਰ ਏਸ਼ੀਅਨ ਜ਼ੁਬਾਨਾਂ ਦੇ ਵੀ। ਕੁਲ ਮਿਲਾ ਕੇ ਇਹਨਾਂ ਉਪਰ ਪੰਜਾਬੀ ਸੰਗੀਤ ਦਾ ਬੋਲਬਾਲ ਹੈ। ਇਕ ਪੰਜਾਬੀ ਦਾ ਰੇਡੀਓ ਸਟੇਸ਼ਨ ਅਜਿਹਾ ਵੀ ਹੈ ਜਿਸ ਨੂੰ ਆਮ ਲੋਕ ਫੌਜੀ ਰੇਡੀਓ ਸਟੇਸ਼ਨ ਕਹਿ ਕੇ ਚੇਤੇ ਕਰਦੇ ਹਨ ਕਿਉਂਕਿ ਇਹ ਇਕ ਆਮ ਜਿਹੀ ਧਾਰਨਾ ਹੈ ਕਿ ਇਸ ਨੂੰ ਨਵੇਂ ਆਏ ਜਾਂ ਗੈਰਕਨੂੰਨੀ ਲੋਕ ਹੀ ਜਿ਼ਆਦਾ ਸੁਣਦੇ ਹਨ। ਇਹ ਸਾਰੇ ਸਟੇਸ਼ਨ ਆਪਣੀ ਆਪਣੀ ਤੂਤੀ ਵਜਾਉਂਦੇ ਹਨ ਕੋਈ ਸੁਣੇ ਨਾ ਸੁਣੇ। ਝੂਠੇ ਸੱਚੇ ਦਾਅਵੇ ਕਰਨ ਵਾਲੀ ਇਸ਼ਤਿਹਾਰਬਾਜ਼ੀ ਰਾਹੀਂ ਖੂਬ ਪੈਸੇ ਕਮਾ ਰਹੇ ਹਨ। ਇਹਨਾਂ ਵਿਚ ਇਕ ਚੀਜ਼ ਸਾਂਝੀ ਹੈ ਉਹ ਹੈ ਖਬਰਾਂ।
ਖਬਰਾਂ ਆ ਰਹੀਆਂ ਹਨ। ਇਕ ਮੌਲਵੀ ਨੇ ਕਿਸੇ ਨਾਬਾਲਗ ਕੁੜੀ ਨਾਲ ਫੇਲ੍ਹ ਕਰ ਲਿਆ। ਇਕ ਪੁਜਾਰੀ ਲੌਂਡੇਬਾਜ਼ੀ ਕਰਦਾ ਫੜਿਆ ਗਿਆ। ਇਕ ਗ੍ਰੰਥੀ ਰੈੱਡਲਾਈਟ ਏਰੀਏ ਵਿਚੋਂ ਪਕੜ ਲਿਆ ਗਿਆ। ਜਗਮੋਹਣ ਸੋਚਣ ਲੱਗਦਾ ਹੈ ਕਿ ਹੈ ਕਿ ਲੋਕਾਂ ਦਾ ਧਿਆਨ ਖਿਚਣ ਲਈ ਕਿਵੇਂ ਮਸਾਲਾ ਲਾ ਲਾ ਕੇ ਖਬਰਾਂ ਪੇਸ਼ ਕਰ ਰਹੇ ਹਨ। ਫਿਰ ਖਬਰ ਆਉਂਦੀ ਹੈ ਕਿ ਇਕ ਹੋਰ ਔਰਤ ਖਾਨਦਾਨੀ ਇਜ਼ਤ ਦੀ ਭੇਟ ਚੜ੍ਹ ਗਈ ਹੈ। ਇਸ ਬਹਾਨੇ ਕਤਲ ਕੀਤੀ ਜਾਣ ਵਾਲੀ ਇਸ ਸਾਲ ਦੀ ਇਹ ਦਸਵੀਂ ਔਰਤ ਹੈ। ਜਗਮੋਹਣ ਦਾ ਸਾਰਾ ਧਿਆਨ ਖਬਰ ਵਿਚ ਜਾ ਵੜਦਾ ਹੈ। ਉਹ ਫਿਕਰਮੰਦ ਹੋਇਆ ਸੁਣਨ ਲੱਗਦਾ ਹੈ। ਇਹ ਘਟਨਾ ਨੌਰਥ ਲੰਡਨ ਦੀ ਹੈ ਤੇ ਕਿਸੇ ਟਰਕਿਸ਼ ਪਰਿਵਾਰ ਦੀ ਹੈ। ਜਗਮੋਹਣ ਨੂੰ ਮਨਿੰਦਰ ਦਾ ਫਿਕਰ ਰਹਿੰਦਾ ਹੈ ਕਿ ਇਵੇਂ ਹੀ ਕਿਸੇ ਦਿਨ ਉਸ ਦੀ ਖਬਰ ਆਵੇਗੀ। ਪਾਲਾ ਸਿੰਘ ਹਾਲੇ ਵੀ ਉਸ ਦੀ ਤਲਾਸ਼ ਵਿਚ ਮਾਰਿਆ ਮਾਰਿਆ ਫਿਰ ਰਿਹਾ ਹੈ। ਉਹ ਪਾਲਾ ਸਿੰਘ ਦੇ ਸਾਹਮਣੇ ਹੋਣ ਤੋਂ ਝਿਜਕਣ ਲਗਿਆ ਹੈ। ਇਕ ਵਾਰ ਉਹ ਪਾਲਾ ਸਿੰਘ ਨੂੰ ਸੜਕ ਤੇ ਤੁਰੇ ਜਾਂਦੇ ਨੂੰ ਦੇਖਦਾ ਹੈ। ਉਹ ਇਵੇਂ ਤਿਆਰ ਬਰ ਤਿਆਰ ਹੈ ਕਿ ਜਿਵੇਂ ਕਿਸੇ ਮੁਹਿੰਮ ਤੇ ਚਲਿਆ ਹੋਵੇ। ਹੁਣ ਤਾਂ ਪਰਦੁੱਮਣ ਸਿੰਘ ਦੀ ਕੁੜੀ ਪਵਨ ਵੀ ਘਰੋਂ ਭੱਜੀ ਹੋਈ ਹੈ। ਉਹ ਕਾਲੇ ਮੁੰਡੇ ਨਾਲ ਦੋਸਤੀ ਛੱਡ ਨਹੀਂ ਸਕਦੀ ਤੇ ਇਕ ਦਿਨ ਅਚਾਨਕ ਰੂਪੋਸ਼ ਹੋ ਜਾਂਦੀ ਹੈ। ਪਰਦੁੱਮਣ ਸਿੰਘ ਦੇ ਭਾੜੇ ਦੇ ਬੰਦੇ ਉਸ ਨੂੰ ਹਰਲ ਹਰਲ ਕਰਦੇ ਲੱਭ ਰਹੇ ਹਨ। ਜਗਮੋਹਣ ਦਾ ਮਨ ਉਦਾਸ ਹੋ ਜਾਂਦਾ ਹੈ। ਥੋੜ੍ਹਾ ਅੱਗੇ ਜਾਵੇਗਾ ਤਾਂ ਉਹ ਥਾਂ ਆਵੇਗੀ ਜਿਥੇ ਸੁੱਖੀ ਮਾਰੀ ਗਈ ਸੀ। ਉਸ ਦਾ ਦਿਲ ਕਰਦਾ ਹੈ ਕਿ ਵਾਪਸ ਮੁੜ ਜਾਵੇ। ਟਿਕਟ ਫਿਰ ਚੁੱਕ ਲਵੇਗਾ। ਪਿੱਛੇ ਮੁੜਨਾ ਬਹੁਤ ਮੁਸ਼ਕਿਲ ਹੈ। ਬਰਾਡਵੇਅ ਲੰਘਣਾ ਹੀ ਪਵੇਗਾ।
ਬਹੁਤ ਮੁਸ਼ਕਿਲ ਨਾਲ ਨਹਿਰ ਦਾ ਪੁਲ ਆਉਂਦਾ ਹੈ। ਥੋੜਾ ਹੋਰ ਅਗੇ ਜਾ ਕੇ ਉਸ ਦੇ ਦੋਸਤ ਦੀ ਦੁਕਾਨ ਆਉਂਦੀ ਹੈ ਪਰ ਇਹ ਹੁਣ ਬੰਦ ਹੋ ਚੁੱਕੀ ਹੈ। ਦੋਸਤ ਕਾਮਯਾਬ ਨਹੀਂ ਹੋ ਸਕਿਆ। ਸਾਊਥਾਲ ਦੀ ਇਹ ਖਾਸੀਅਤ ਹੈ ਕਿ ਇਥੇ ਵਿਓਪਾਰ ਖੁਲ੍ਹਦੇ ਤੇ ਬੰਦ ਹੁੰਦੇ ਰਹਿੰਦੇ ਹਨ। ਅੱਗੇ ਮੈਕਡੋਨਲ ਦੇ ਕਾਰ ਪਾਰਕ ਵਿਚ ਵੱਡੀਆਂ ਵੱਡੀਆਂ ਕਾਰਾਂ ਖੜੀਆਂ ਹਨ। ਇਕ ਕਾਰ ਉਪਰ ਬਕਾਰਡੀ ਦੀ ਬੋਤਲ ਪਈ ਹੈ। ਨੌਜਵਾਨ ਮੁੰਡੇ–ਕੁੜੀਆਂ ਖੜੇ ਉਚੀ ਉਚੀ ਹੱਸ ਰਹੇ ਹਨ। ਉਹ ਸੋਚਦਾ ਹੈ ਕਿ ਸਾਥੋਂ ਅਗਲੀ ਇਹ ਪੀੜ੍ਹੀ ਸਾਡੇ ਨਾਲੋਂ ਕਿੰਨੀ ਭਿੰਨ ਹੈ ਤੇ ਗੋਰਿਆਂ ਦੇ ਬਹੁਤ ਕਰੀਬ। ਗੋਰਿਆਂ ਵਾਂਗ ਇਹਨਾਂ ਨੂੰ ਸਿਰਫ ਆਪਣੀ ਪਰਵਾਹ ਹੈ। ਗਰੇਵਾਲ ਕਿਹਾ ਕਰਦਾ ਸੀ ਕਿ ਇਸ ਮੁਲਕ ਵਿਚ ਸਾਡੇ ਬੱਚੇ ਕਈ ਪੀੜ੍ਹੀਆਂ ਛਾਲ਼ ਮਾਰ ਗਏ ਹਨ। ਹੁਣ ਸਮਾਂ ਹੈ ਕਿ ਸਾਨੂੰ ਵੀ ਬਦਲ ਜਾਣਾ ਚਾਹੀਦਾ ਹੈ ਮੁਸ਼ਤਾਕ ਅਲੀ ਦੀ ਦੁਕਾਨ ਮੁਹਰੇ ਪਾਕਿਸਤਾਨ ਤੋਂ ਲਿਆਂਦੀ ਬੱਸ ਖੜੀ ਹੈ ਤੇ ਸਾਹਮਣੇ ਇਕ ਹੋਰ ਦੁਕਾਨ ਉਪਰ ਦੇਸੋਂ ਲਿਆਂਦਾ ਟਾਂਗਾ ਖੜਾ ਕੀਤਾ ਹੋਇਆ ਹੈ। ਪ੍ਰਤਾਪ ਖੈਹਰੇ ਵਾਲੀ ਦੁਕਾਨ ਵੀ ਮੁਸ਼ਤਾਕ ਅਲੀ ਨੇ ਖਰੀਦ ਲਈ ਹੈ। ਲੋਕ ਕਹਿੰਦੇ ਹਨ ਕਿ ਜਦੋਂ ਦੇ ਪ੍ਰਤਾਪ ਖੈਹਰੇ ਤੇ ਮੁਸ਼ਤਾਕ ਅਲੀ ਨੇ ਹੱਥ ਮਿਲਾਏ ਹਨ ਸਾਊਥਾਲ ਵਿਚ ਝਗੜੇ ਘੱਟ ਗਏ ਹਨ। ਉਨ੍ਹਾਂ ਦਾ ਪਾਲਿਆ ਤੇ ਸਾਂਭਿਆ ਮਾੜਾ ਅਨਸਰ ਇਧਰ ਉਧਰ ਜਾ ਕੇ ਵਾਰਦਾਤਾਂ ਕਰਨ ਲੱਗਿਆ ਹੈ। ਇਸ ਦੇ ਨਤੀਜੇ ਵਜੋਂ ਪਿੱਛੇ ਜਿਹੇ ਟੋਨੀ ਦਾ ਕਤਲ ਹੋਇਆ ਹੈ। ਟੋਨੀ ਦੀ ਬਰਾਡਵੇਅ ਉਪਰ ਦੁਕਾਨ ਸੀ। ਵਿਹਲੜ ਜਿਹੇ ਮੁੰਡੇ ਉਸ ਦੀ ਦੁਕਾਨ ਵਿਚ ਜਾ ਬੈਠਣ ਲੱਗੇ ਸਨ।
ਬਰਾਡਵੇਅ ਦਾ ਫੁੱਟਵੇਅ ਹੁਣ ਰੇੜੀਆਂ ਨਾਲ ਭਰਿਆ ਪਿਆ ਹੈ ਜਿਵੇਂ ਕਿ ਬਾਹਰ ਮੈਦਾਨ ਵਿਚ ਮਾਰਕਿਟ ਲੱਗੀ ਹੋਈ ਹੋਵੇ। ਇਨ੍ਹਾਂ ਰੇੜੀਆਂ ਉਪਰ ਘੜੀਆਂ, ਕੈਮਰੇ, ਖਿਲੌਣੇ, ਫੋਨ, ਸੰਗੀਤ ਦੀਆਂ ਸੀਡੀਜ਼, ਕੈਸਿਟਾਂ ਤੋਂ ਲੈ ਕੇ ਜਲੇਬੀਆਂ, ਪਕੌੜੇ, ਗੋਲਗੱਪੇ, ਭੁੱਜੀਆਂ ਛੱਲੀਆਂ ਆਦਿ ਵਿਕ ਰਹੇ ਹਨ। ਕਈ ਦੁਕਾਨਾਂ ਵਿਚ ਤਾਂ ਛੋਟੇ ਛੋਟੇ ਯੂਨਿਟ ਬਣਾ ਕੇ ਭੀੜਾ ਬਜ਼ਾਰ ਜਿਹਾ ਬਣਾ ਦਿੱਤਾ ਗਿਆ ਹੈ। ਗਰੇਵਾਲ ਇੰਪੋਰੀਅਮ ਪਹਿਲਾਂ ਜਿੱਡਾ ਹੀ ਹੈ ਤੇ ਪਹਿਲਾਂ ਵਾਂਗ ਹੀ ਗਾਹਕਾਂ ਨਾਲ ਭਰਿਆ ਹੋਇਆ ਹੈ। ਜਦੋਂ ਦਾ ਗਰੇਵਾਲ ਪੂਰਾ ਹੋਇਆ ਹੈ ਉਸ ਦੇ ਭਰਾ ਆਪਣੇ ਆਪ ਨੂੰ ਸੰਪੂਰਨ ਸਮਝਣ ਲੱਗ ਪਏ ਹਨ ਪਰ ਉੁਹਨਾਂ ਨੇ ਇਕ ਗੱਲ ਜ਼ਰੂਰ ਕਰ ਦਿਤੀ ਹੈ ਕਿ ਗਰੇਵਾਲ ਦੀ ਵੱਡੇ ਸਾਈਜ਼ ਦੀ ਤਸਵੀਰ ਆਪਣੇ ਸਟੋਰ ਦੇ ਅੰਦਰ ਲਾ ਦਿਤੀ ਹੈ। ਗਰੇਵਾਲ ਦੇ ਮਰਨ ਦਾ ਜਗਮੋਹਣ ਨੂੰ ਬਹੁਤ ਵਿਗੋਚਾ ਹੈ। ਹੁਣ ਉਸ ਕੋਲ ਗਰੇਵਾਲ ਵਰਗਾ ਇਕ ਵੀ ਦੋਸਤ ਨਹੀਂ ਹੈ।
ਸਾਊਥਾਲ ਦੀ ਭੀੜ ਪਿਛਲੇ ਦਸਾਂ ਸਾਲਾਂ ਵਿਚ ਬਹੁਤ ਵਧੀ ਹੈ। ਬਹੁਤੇ ਚਿਹਰੇ ਓਪਰੇ ਹਨ। ਜਗਮੋਹਣ ਤਾਂ ਕਿਸੇ ਨੂੰ ਵੀ ਨਹੀਂ ਪਛਾਣਦਾ। ਵੈਸੇ ਤਾਂ ਉਹ ਪਹਿਲਾਂ ਵੀ ਬਹੁਤੇ ਲੋਕਾਂ ਨੂੰ ਨਹੀਂ ਸੀ ਜਾਣਦਾ ਪਰ ਬਰਾਡਵੇਅ 'ਤੇ ਆਇਆਂ ਕਈ ਵਾਕਿਫ ਜਿਹੇ ਚਿਹਰੇ ਦਿਸ ਪੈਂਦੇ ਸਨ ਪਰ ਹੁਣ ਕੋਈ ਨਹੀਂ ਦਿੱਸਦਾ। ਫੁੱਟਵੇਅ 'ਤੇ ਲੱਗੀਆਂ ਰੇੜ੍ਹੀਆਂ ਅਫਗਾਨੀ ਸਿੰਘਾਂ ਨੇ ਸੰਭਾਲ ਲਈਆਂ ਹਨ ਜਿਹੜੇ ਕਿ ਦੇਸੀ ਤਰੀਕੇ ਨਾਲ ਸੌਦਾ ਕਰਦੇ ਹਨ। ਕਿਸੇ ਚੀਜ਼ ਦੇ ਦਸ ਪੌਂਡ ਮੰਗ ਕੇ ਤਿੰਨ ਦੀ ਛੱਡ ਦਿੰਦੇ ਹਨ। ਇਸ ਲਚਕੀਲੀ ਕੀਮਤਬਾਜ਼ੀ ਨੇ ਗਾਹਕਾਂ ਦੇ ਵਿਸ਼ਵਾਸ ਹਿਲਾਏ ਹੋਏ ਹਨ ਪਰ ਫਿਰ ਵੀ ਕਾਰੋਬਾਰ ਹੋ ਰਿਹਾ ਹੈ। ਵੈਸੇ ਹੁਣ ਬਰਾਡਵੇਅ ਉਪਰ ਚਾਰ ਕਿਸਮ ਦੀਆਂ ਦੁਕਾਨਾਂ ਹੀ ਰਹਿ ਗਈਆਂ ਹਨ। ਟਰੇਵਲ ਏਜੰਟ, ਕੱਪੜੇ ਦੀਆਂ, ਰੈਸਟੋਰੈਂਟ ਅਤੇ ਸੋਨੇ ਦੀਆਂ। ਵਿਚ ਵਿਚ ਮੀਟ ਦੀਆਂ ਵੀ ਹਨ ਖਾਸ ਤੌਰ 'ਤੇ ਹਲਾਲ ਮੀਟ ਦੀਆਂ।
ਉਸ ਨੂੰ ਯਾਦ ਆਉਂਦਾ ਹੈ ਕਿ ਗੁਰਜੰਟ ਸਿੰਘ ਜਿਸ ਨੂੰ ਸਾਊਥਾਲ ਦਾ ਮੀਨਾਰ ਵੀ ਕਹਿ ਦਿੰਦੇ ਸਨ, ਵੀ ਪਿੱਛੇ ਜਿਹੇ ਮਰ ਗਿਆ ਹੈ। ਉਹ ਹੱਸਦਾ ਹੋਇਆ ਸੋਚਦਾ ਹੈ ਕਿ ਸ਼ਾਇਦ ਸਾਊਥਾਲ ਵਿਚ ਹੁਣ ਉਹ ਹੀ ਸਭ ਤੋਂ ਪੁਰਾਣਾ ਰਹਿ ਗਿਆ ਹੋਵੇ ਫਿਰ ਆਪਣੇ ਆਪ ਹੀ ਕਹਿੰਦਾ ਹੈ ਕਿ ਆਪਾਂ ਇੰਨੇ ਵੀ ਪੁਰਾਣੇ ਨਹੀਂ ਯਾਰ।
ਉਹ ਗੱਡੀ ਪਾਰਕ ਕਰਨ ਲਈ ਜਗ੍ਹਾ ਲੱਭਣ ਲੱਗਦਾ ਹੈ। ਇਕ ਬੱਸ ਉਸ ਦੇ ਮੁਹਰੇ ਆ ਕੇ ਰੁਕਦੀ ਹੈ। ਉਹ ਬੱਸ ਦਾ ਨੰਬਰ ਪੜ੍ਹਦਾ ਹੈ। ਯੂਰਪੀਅਨ ਬੱਸ ਹੈ। ਬੱਸ ਵਿਚੋਂ ਨਿਕਲਦੇ ਲੋਕ ਰੈਸਟੋਰੈਂਟਾਂ ਵਿਚ ਵੜ ਰਹੇ ਹਨ। ਉਸ ਨੂੰ ਯਾਦ ਆਉਂਦਾ ਹੈ ਕਿ ਪਿੱਛੇ ਜਿਹੇ ਜਰਮਨੀ ਤੋਂ ਆਇਆ ਉਸ ਦਾ ਪੇਂਡੂ ਉਸ ਨੂੰ ਕਹਿ ਰਿਹਾ ਸੀ ਕਿ ਰੌਲਾ ਤਾਂ ਸਾਊਥਾਲ ਦਾ ਇੰਨਾ ਹੈ ਪਰ ਰਾਹ ਵਿਚ ਇਹਦੇ ਸਾਈਨ ਤਾਂ ਕਿਤੇ ਆਉਂਦੇ ਨਹੀਂ। ਜਗਮੋਹਨ ਉਸ ਨੂੰ ਦਸਦਾ ਹੈ ਕਿ ਇਹ ਸਾਊਥਾਲ ਤਾਂ ਸਾਡੇ ਲਈ ਹੀ ਹੈ ਆਮ ਯੌਰਪੀਅਨਾਂ ਲਈ ਤਾਂ ਇਹ ਲੰਡਨ ਦਾ ਇਕ ਛੋਟਾ ਜਿਹਾ ਹਿੱਸਾ ਹੈ, ਇੰਨਾ ਛੋਟਾ ਕਿ ਜਿਸ ਦੇ ਨਾਂ ਦੇ ਸਾਈਨ ਬੋਰਡ ਮੁੱਖ ਸੜਕਾਂ ਤੇ ਨਹੀਂ ਲਗਦੇ।
ਸਾਊਥਾਲ ਕਿਸੇ ਹੱਦ ਤਕ ਧਾਰਮਿਕ ਤਣਾਅ ਤੋਂ ਮੁਕਤ ਹੈ ਭਾਵੇਂ ਕਿ ਧਾਰਮਿਕ ਗਤੀਵਿਧੀਆਂ ਪਹਿਲਾਂ ਨਾਲੋਂ ਵੱਧ ਗਈਆਂ ਹਨ। ਨਵੇਂ ਬਣੇ ਗੁਰਦੁਆਰੇ ਉਪਰ ਪੂਰੇ ਸਾਊਥਾਲ ਨੂੰ ਮਾਣ ਹੈ। ਸਾਊਥਾਲ ਨੂੰ ਹੀ ਨਹੀਂ ਸਮੁਚੇ ਸਿੱਖ ਭਾਈਚਾਰੇ ਨੂੰ ਗਰਵ ਹੈ। ਇਕ ਮੰਦਰ ਵੀ ਨਵਾਂ ਉਸਾਰਨ ਦੀਆਂ ਸਕੀਮਾਂ ਬਣ ਰਹੀਆਂ ਹਨ। ਸ਼ਾਇਦ ਮਸਜਿਦ ਵੀ ਹੋਰ ਬਣ ਜਾਵੇ। ਸਮੁੱਚੇ ਤੌਰ 'ਤੇ ਹਾਲੇ ਵੀ ਸਾਊਥਾਲ ਉਪਰ ਪੰਜਾਬੀਆਂ ਦੀ ਮੇਰ ਹੈ। ਇਕ ਗੱਲ ਹੋਰ ਹੈ ਕਿ ਇਥੋਂ ਦੀ ਸਿਆਸਤ ਕੁਝ ਗੰਧਲੀ ਹੋ ਗਈ ਹੈ। ਕਈ ਕਹਿਣ ਲੱਗਦੇ ਹਨ ਕਿ ਜਿਥੇ ਪੰਜਾਬੀ ਹੋਣਗੇ ਉਥੇ ਸਿਆਸਤ ਗੰਧਲੀ ਹੋਵੇਗੀ ਹੀ। ਕਾਫੀ ਦੇਰ ਤੋਂ ਸਾਊਥਾਲ ਨੂੰ ਪੰਜਾਬੀ ਟਾਊਨ ਦਾ ਨਾਂ ਦੇਣ ਦੀ ਗੱਲ ਚੱਲਦੀ ਰਹੀ ਹੈ। ਉਪਰ ਤੱਕ ਇਹ ਮੰਗ ਪੁੱਜ ਚੁੱਕੀ ਹੈ। ਉਪਰੋਂ ਮਨਜ਼ੂਰੀ ਮਿਲਣ ਲਗਦੀ ਹੈ ਤਾਂ ਕੋਈ ਨਾ ਕਈ ਲੱਤ ਅੜਾ ਦਿੰਦਾ ਹੈ ਕਿ ਇਸ ਟਾਊਨ ਵਿਚ ਗੈਰ–ਪੰਜਾਬੀ ਵੀ ਰਹਿੰਦੇ ਹਨ, ਉਨ੍ਹਾਂ ਦਾ ਕੀ ਬਣੇਗਾ।
ਉਵੇਂ ਵੀ ਸਿਆਸਤ ਪਹਿਲਾਂ ਨਾਲੋਂ ਖਰਾਬ ਹੋਈ ਹੈ। ਸ਼ਾਮ ਭਾਰਦਵਾਜ ਦੀ ਪਾਰਟੀ ਦੀ ਨੌਮੀਨੇਸ਼ਨ ਦੂਜੇ ਗਰੁੱਪ ਨੇ ਖੋਹ ਲਈ ਹੈ। ਜਿਸ ਦਿਨ ਨੌਮੀਨੇਸ਼ਨ ਲਈ ਚੋਣ ਹੁੰਦੀ ਹੈ ਦੂਜੇ ਗਰੁੱਪ ਵਾਲੇ ਜ਼ਿਆਦਾ ਪਾਰਟੀ ਮੈਂਬਰ ਭੁਗਤਾ ਜਾਂਦੇ ਹਨ। ਸ਼ਾਮ ਭਾਰਦਵਾਜ ਤੋਂ ਵੀ ਪੁਰਾਣਾ ਹੈ ਪੂਰਨ ਸਿੰਘ, ਉਹ ਵੀ ਨੌਮੀਨੇਸ਼ਨ ਗਵਾ ਬੈਠਦਾ ਹੈ। ਕਿੰਨੇ ਹੀ ਸਾਲਾਂ ਤੋਂ ਈਲਿੰਗ ਕੌਂਸਲ ਦੇ ਏਸ਼ੀਅਨ ਮੇਅਰ ਚੱਲੇ ਆ ਰਹੇ ਹਨ। ਦੋ ਸਾਲ ਲਈ ਇਕ ਤੇ ਅਗਲੇ ਦੋ ਸਾਲ ਲਈ ਦੂਜਾ, ਵਾਰੀਆਂ ਵੰਡ ਲੈਂਦੇ ਹਨ। ਪੂਰੀ ਕੌਂਸਲ ਵਿਚ ਏਸ਼ੀਅਨਾਂ ਦੀ ਸਰਦਾਰੀ ਹੈ। ਪਰ ਅੰਦਰਲੀ ਕਸ਼ਮਕਸ਼ ਸਿਖਰਾਂ 'ਤੇ ਹੈ। ਭਾਵੇਂ ਸਾਊਥਾਲ ਉਪਰ ਲੇਬਰ ਪਾਰਟੀ ਦਾ ਕਬਜ਼ਾ ਰਿਹਾ ਹੈ ਪਰ ਹੁਣ ਟੋਰੀ ਪਾਰਟੀ ਨੇ ਵੀ ਪੈਰ ਰੱਖ ਲਏ ਹਨ ਤੇ ਐਸ.ਡੀ.ਪੀ. ਵੀ ਗੇੜੇ ਕੱਢ ਰਹੀ ਹੈ। ਨਵੀਂ ਪੀੜ੍ਹੀ ਕੁਝ ਕੁ ਐਸ.ਡੀ.ਪੀ. ਵੱਲ ਨੂੰ ਝੁਕ ਰਹੀ ਹੈ। ਪਾਰਟੀਆਂ ਬਦਲਣ ਵਾਲੀ ਮੌਕਾ ਪਰਸਤੀ ਇੰਡੀਆ ਵਾਂਗ ਹੀ ਚਲਣ ਲਗ ਪਈ ਹੈ। ਲੇਬਰ ਪਾਰਟੀ ਦੇ ਐਮ ਪੀ ਦੀ ਮੌਤ ਬਾਅਦ ਸਾਊਥਾਲ ਦਾ ਰਾਜਨੀਤਕ ਮਹੌਲ ਬਹੁਤ ਤਣਾਵ ਭਰਿਆ ਬਣ ਜਾਂਦਾ ਹੈ। ਲੇਬਰ ਪਾਰਟੀ ਵਲੋਂ ਐਮ ਪੀ ਸਿ਼ੱਪ ਦੇ ਦੋ ਪ੍ਰਮੁੱਖ ਦਾਅਵੇਦਾਰ ਹਨ। ਜਦ ਇਕ ਦਾਅਵੇਦਾਰ ਨੂੰ ਐਪ ਪੀ ਲਈ ਲੇਬਰ ਪਾਰਟੀ ਵਲੋਂ ਨੌਮੀਨੇਸ਼ਨ ਨਹੀਂ ਮਿਲਦੀ ਤਾਂ ਉਹ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਟੋਰੀ ਪਾਰਟੀ ਵਿਚ ਜਾ ਵੜਦਾ ਹੈ। ਕਾਫੀ ਸਾਰੇ ਲੋਕਾਂ ਇਸ ਤੋਂ ਬਹੁਤ ਨਿਰਾਸ਼ ਹੁੰਦੇ ਹਨ ਕਿ ਸਾਡੇ ਲੋਕ ਪਾਰਟੀਆਂ ਬਦਲਣ ਵਾਲੀ ਮੌਕਾ ਪਰਸਤੀ ਇਥੇ ਆ ਕੇ ਵੀ ਨਹੀਂ ਛੱਡਦੇ।
ਇਕ ਦਿਨ ਜਗਮੋਹਣ ਕੋਲ ਕੁਝ ਲੋਕ ਆਉਂਦੇ ਹਨ। ਉਹ ਉਨ੍ਹਾਂ ਨੂੰ ਪਛਾਣਦਾ ਹੈ ਪਰ ਜਾਣਦਾ ਨਹੀਂ ਹੈ। ਗੁਰਚਰਨ ਵੀ ਨਾਲ ਹੈ। ਜਗਮੋਹਣ ਉਨ੍ਹਾਂ ਨੂੰ ਅੰਦਰ ਬੈਠਾਉਂਦਾ ਹੈ। ਗੁਰਚਰਨ ਕਹਿੰਦਾ ਹੈ,
“ਅਸੀਂ ਤਾਂ ਤੇਰੇ ਕੋਲ ਇਕ ਛੋਟਾ ਜਿਹਾ ਕੰਮ ਆਏ ਹਾਂ।”
“ਚੜ੍ਹਾਈ ਤਾਂ ਵੱਡੇ ਕੰਮ ਦੀ ਲੱਗਦੀ ਐ।”
ਜਗਮੋਹਣ ਹੱਸਦਾ ਹੋਇਆ ਆਖਦਾ ਹੈ। ਉਹ ਸਾਰੇ ਹੱਸਦੇ ਹਨ। ਉਨ੍ਹਾਂ ਵਿਚੋਂ ਇਕ ਬੰਦਾ ਕਹਿੰਦਾ ਹੈ,
“ਮੇਰਾ ਨਾਂ ਅਜਮੇਰ ਸਿੰਘ ਐ, ਇਹ ਸਤਨਾਮ ਤੇ ਇਹ ਮਹਿੰਦਰ। ਅਸੀਂ ਸਾਰੇ ਆਈ.ਡਬਲਯੂ.ਏ. ਦੇ ਮੈਂਬਰ ਆਂ।”
“ਆਈ.ਡਬਲਯੂ.ਏ. ਹੈਗੀ ਐ ਹਾਲੇ?”
ਜਗਮੋਹਣ ਹੈਰਾਨ ਹੋ ਕੇ ਪੁੱਛਦਾ ਹੈ। ਅਜਮੇਰ ਸਿੰਘ ਕਹਿੰਦਾ ਹੈ,
“ਹੋਣ ਨੂੰ ਤਾਂ ਹੈਗੀ ਪਰ ਇਹਦਾ ਕੰਟਰੋਲ ਏਦਾਂ ਦੇ ਲੋਕਾਂ ਦੇ ਹੱਥ ਵਿਚ ਐ ਕਿ ਬਿਲਕੁਲ ਖਤਮ ਕਰਕੇ ਰੱਖ ਦਿੱਤੀ ਐ, ਅਸੀਂ ਇਹਨੂੰ ਮੁੜ ਕੇ ਸੁਰਜੀਤ ਕਰ ਰਹੇ ਆਂ।”
ਕਹਿ ਕੇ ਅਜਮੇਰ ਸਿੰਘ ਜਗਮੋਹਣ ਵੱਲ ਦੇਖਦਾ ਹੈ ਤੇ ਜਗਮੋਹਣ ਉਨ੍ਹਾਂ ਤਿੰਨਾਂ ਵੱਲ ਧਿਆਨ ਦਿੰਦਾ ਸੋਚਦਾ ਹੈ ਕਿ ਇਹ ਤਿੰਨੋਂ ਹੀ ਰਿਟਾਇਰ ਹੋ ਰਹੇ ਜਾਂ ਹੋ ਚੁੱਕੇ ਬੰਦੇ ਹਨ ਤੇ ਹੁਣ ਵਿਹਲੇ ਹੋ ਕੇ ਆਪਣਾ ਸ਼ੁਗਲ ਬੰਨ੍ਹਣ ਲਈ ਜਾਂ ਜਿਉਂਦੇ ਹੋਣ ਦਾ ਅਹਿਸਾਸ ਕਾਇਮ ਰੱਖਣ ਲਈ ਇਸ ਜਥੇਬੰਦੀ ਦੀ ਸ਼ੁਰਲੀ ਛੱਡਣ ਲੱਗੇ ਹਨ ਜਾਂ ਫਿਰ ਕੋਈ ਗਰਾਂਟ ਆਦਿ ਪਰਾਪਤ ਕਰਨ ਦੇ ਚਕਰ ਵਿਚ ਹੋਣਗੇ। ਪਿਛੇ ਜਿਹੇ ਸਾਊਥਾਲ ਦੇ ਕੁਝ ਪੁਰਾਣੇ ਨੇਤਾ ਕਿਸਮ ਦੇ ਲੋਕਾਂ ਨੇ ਅਜਿਹੀ ਹੀ ਕੋਈ ਜਥੇਬੰਦੀ ਖੜੀ ਕਰਕੇ ਆਪਣੇ ਮੁੰਡੇ ਕੁੜੀਆਂ ਦੀਆਂ ਨੌਕਰੀਆਂ ਪੱਕੀਆਂ ਕਰ ਲਈਆਂ ਸਨ। ਉਨ੍ਹਾਂ ਵਿਚੋਂ ਮਹਿੰਦਰ ਸਿੰਘ ਕਹਿੰਦਾ ਹੈ,
“ਇੰਨਾ ਤਾਂ ਤੁਹਾਨੂੰ ਪਤਾ ਈ ਹੋਵੇਗਾ ਕਿ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨੇ ਭਾਰਤੀ ਕਮਿਉਨਿਟੀ ਲਈ ਕਿੰਨਾ ਕੰਮ ਕੀਤਾ ਐ।”
“ਬਿਲਕੁਲ ਪਤਾ ਜੀ, ਉਹ ਤਾਂ ਸਾਊਥਾਲ ਦਾ ਖਾਸ ਇਤਹਾਸਕ ਦੌਰ ਸੀ।”
“ਅਸੀਂ ਉਹੋ ਦੌਰ ਵਾਪਸ ਲਿਆਵਾਂਗੇ।”
“ਕਿਵੇਂ ਲਿਆਵੋਂਗੇ ਉਸ ਦੌਰ ਨੂੰ ਵਾਪਸ, ਸਭ ਕੁਝ ਬਦਲ ਚੁੱਕੈ, ਪਹਿਲੀ ਗੱਲ ਇਹ ਕਿ ਉਹਨਾਂ ਵੇਲਿਆਂ ਦੇ ਬਹੁਤੇ ਲੋਕ ਰਿਟਾਇਰ ਹੋ ਚੁੱਕੇ ਆ ਤੇ ਫਿਰ ਉਪਰੋਂ ਦੀ ਇੰਡੀਅਨ ਵਰਕਰਜ਼ ਦੀਆਂ ਲੋੜਾਂ ਵੀ ਬਦਲ ਚੁੱਕੀਆਂ, ਤੁਸੀਂ ਅਸੀ ਸਾਰੇ ਬਦਲ ਚੁੱਕੇ ਆਂ। ਸਾਊਥਾਲ ਉਹ ਨਹੀਂ ਰਿਹਾ। ਜੇਕਰ ਕਿਸੇ ਜਥੇਬੰਦੀ ਦੀ ਲੋੜ ਐ ਤਾਂ ਉਹ ਬਿਲਕੁਲ ਵੱਖਰੀ ਕਿਸਮ ਦੀ ਹੋਣੀ ਚਾਹੀਦੀ ਐ।”
ਅਜਮੇਰ ਸਿੰਘ ਜਗਮੋਹਣ ਦਾ ਇਸ਼ਾਰਾ ਸਮਝਦਾ ਹੋਇਆ ਕਹਿੰਦਾ ਹੈ,
“ਠੀਕ ਐ ਅਸੀਂ ਹੁਣ ਜਵਾਨ ਨਹੀਂ ਰਹੇ ਪਰ ਇੰਡੀਅਨ ਵਰਕਰ ਅਸੌਸੀਏਸ਼ਨ ਦਾ ਨਾਂ ਹਾਲੇ ਵੀ ਲੋਕ ਜਾਣਦੇ ਆ ਤੇ ਅਸੀਂ ਇਥੇ ਜੰਮੀ ਜਨਰੇਸ਼ਨ ਨੂੰ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਨਾਲ ਜੋੜਾਂਗੇ।”
“ਕੀ ਤੁਸੀਂ ਸਮਝਦੇ ਓ ਕਿ ਇਥੇ ਜੰਮੀ ਜਨਰੇਸ਼ਨ ਇੰਡੀਅਨ ਐ?”
(ਸਮਾਪਤ)