ਸਾਊਥਾਲ (ਕਾਂਡ 64)

        ਮੀਕੇ ਦਾ ਮਾਰਿਆ ਮਿਹਣਾ ਪਰਦੁੱਮਣ ਨੂੰ ਛਣਨੀ ਛਣਨੀ ਕਰ ਜਾਂਦਾ ਹੈ। ਉਸ ਦਾ ਅੰਦਰ ਮਹਿਸੂਸ ਕਰ ਰਿਹਾ ਹੈ ਕਿ ਮੀਕੇ ਦੇ ਮਿਹਣੇ ਵਿਚ ਦਮ ਹੈ ਪਰ ਉਹ ਖੁਦ ਨੂੰ ਸਮਝਾਉਂਦਾ ਹੈ ਕਿ ਮੀਕਾ ਆਪਣੀ ਕਿੜ ਕੱਢ ਰਿਹਾ ਹੈ ਇਸ ਲਈ ਬਕਵਾਸ ਕਰ ਰਿਹਾ ਹੈ। ਪਵਨ ਉਪਰ ਉਸ ਨੂੰ ਪੂਰਾ ਭਰੋਸਾ ਹੈ। ਉਸ ਦਾ ਸੁਭਾਅ ਚੁੱਪ ਜਿਹਾ ਹੈ। ਉਸ ਨੂੰ ਸਤਿੰਦਰ ਬਾਰੇ ਫਿਕਰ ਹੁੰਦਾ ਸੀ ਕਿਉਂਕਿ ਉਹ ਬੜਬੋਲੀ ਹੈ ਪਰ ਪਵਨ ਦੀ ਇਹ ਹਵਾ ਉਸ ਤੋਂ ਬਰਦਾਸ਼ਤ ਨਹੀਂ ਹੋ ਰਹੀ। ਜੇ ਮੀਕੇ ਦੀ ਗੱਲ ਸੱਚ ਹੈ ਤਾਂ ਉਹ ਤਾਂ ਲੁਟਿਆ ਜਾਵੇਗਾ। ਉਹ ਸਾਧੂ ਸਿੰਘ ਦੇ ਰਾਹ ਦਾ ਹਾਮੀ ਹੈ। ਉਹ ਚੰਗੀ ਤਰ੍ਹਾਂ ਮਹਿਸੂਸ ਕਰ ਸਕਦਾ ਹੈ ਕਿ ਇਸ ਵੇਲੇ ਪਾਲਾ ਸਿੰਘ ਕਿਸ ਤਕਲੀਫ ਵਿਚ ਦੀ ਲੰਘ ਰਿਹਾ ਹੋਵੇਗਾ। ਉਹ ਉਸ ਦੇ ਦੁੱਖ ਵਿਚ ਸ਼ਰੀਕ ਹੋਣਾ ਚਾਹੁੰਦਾ ਹੈ ਪਰ ਪਾਲਾ ਸਿੰਘ ਤਾਂ ਜਿਵੇਂ ਕਿਧਰੇ ਛੁੱਪਨ ਹੀ ਹੋ ਗਿਆ ਹੋਵੇ। ਬਹਰਹਾਲ ਉਹ ਆਪਣੀ ਸਮੱਸਿਆ ਬਾਰੇ ਸੋਚਣਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਗਿਆਨ ਕੌਰ ਰਾਹੀਂ ਸੱਚ ਦਾ ਪਤਾ ਕਰੇ ਕਿਉਂਕਿ ਉਹ ਪਵਨ ਦਾ ਸਾਹਮਣਾ ਨਹੀਂ ਕਰ ਸਕੇਗਾ। ਸਭ ਕੁਝ ਸੋਚਦੇ ਹੋਏ ਉਸ ਵਿਚ ਇੰਨਾ ਧੀਰਜ ਨਹੀਂ ਹੈ ਕਿ ਕਿਸੇ ਨਾਲ ਬੈਠ ਕੇ ਗੱਲ ਕਰ ਸਕੇ। ਉਹ ਆਪਣੇ ਤੇ ਕਾਬੂ ਪਾਉਂਦਾ ਹੋਇਆ ਗਿਆਨ ਕੌਰ ਨਾਲ ਗੱਲ ਕਰਦਾ ਆਖਦਾ ਹੈ,

“ਇਕ ਤਾਂ ਉਸ ਨੂੰ ਇਹ ਦਸਦੇ ਕਿ ਓਹਦਾ ਪਿਓ ਇੰਨਾ ਸ਼ਰੀਫ ਨਹੀਂ ਜਿੰਨਾ ਦਿਸਦੈ, ਮੇਰੇ ਕੋਲ ਜਿੰਨੇ ਵੀ ਪੈਸੇ ਆ ਗਏ ਹੋਣ ਪਰ ਸਾਧੂ ਸਿੰਘ ਵਾਲਾ ਰਾਹ ਹਾਲੇ ਵੀ ਮੈਂਨੂੰ ਸਹੀ ਦਿਸਦੈ।”
        ਸਵੇਰ ਸਾਰ ਪਰਦੁੱਮਣ ਸਿੰਘ ਦੇ ਕੰਮ ਤੇ ਜਾਣ ਵੇਲੇ ਪਵਨ ਉਸ ਦੇ ਸਾਹਮਣੇ ਆ ਖੜਦੀ ਹੈ ਤੇ ਰੋਂਦੀ ਹੋਈ ਕਹਿਣ ਲਗਦੀ ਹੈ,
“ਆਏ’ਮ ਸੌਰੀ ਡੈਡ, ਆਏ ਵਿਲ ਡੂ ਵੱਟਐਵਰ ਯੂ ਸੇ, ਆਏ’ਮ ਸੌਰੀ, ਜੋ ਵੀ ਤੁਸੀਂ ਕਹੋਂਗੇ ਡੈਡ ਮੈਂ ਕਰਾਂਗੀ, ਪਲੀਜ਼ ਫਾਰਗੇਵ ਮੀ।”
       ਉਹ ਉਸ ਦੇ ਸਿਰ ‘ਤੇ ਹੱਥ ਫੇਰਦਾ ਤੇ ਫਿਰ ਮੋਢ੍ਹਾ ਥਪਥਪਾਉਂਦਾ ਆਖਦਾ ਹੈ,
“ਬੀ ਕਿਅਰਫੁੱਲ ਇਨ ਫਿਉਚਰ।”
       ਉਹ ਖੁਸ਼ ਹੈ ਕਿ ਵੱਡੀ ਸਮੱਸਿਆ ਆਸਾਨੀ ਨਾਲ ਹੱਲ ਹੋ ਗਈ ਹੈ। ਉਹ ਪਵਨ ਦੀ ਰਾਖੀ ਜਿਹੀ ਕਰਨ ਲਗਦਾ ਹੈ ਪਰ ਉਸ ਨੂੰ ਸਭ ਠੀਕ ਜਾਪਦਾ ਹੈ। ਹੌਲੀ ਹੌਲੀ ਉਹ ਪਹਿਲਾਂ ਵਾਂਗ ਪਵਨ ਵਲੋਂ ਬੇਫਿਕਰ ਹੋਣ ਲਗਦਾ ਹੈ। ਹੁਣ ਉਸ ਨੂੰ ਰਾਜਵਿੰਦਰ ਦਾ ਵੱਡਾ ਫਿਕਰ ਹੈ। ਉਹ ਬਲਰਾਮ ਦੇ ਵਿਆਹ ਵੇਲੇ ਕੁਝ ਦਿਨਾਂ ਲਈ ਘਰ ਆਉਂਦਾ ਹੈ ਤੇ ਫਿਰ ਚਲੇ ਜਾਂਦਾ ਹੈ। ਵੈਸੇ ਉਹ ਘਰ ਆਉਂਦਾ ਜਾਂਦਾ ਰਹਿੰਦਾ ਹੈ। ਗਿਆਨ ਕੌਰ ਉਸ ਨੂੰ ਪਤੀ ਤੋਂ ਚੋਰੀ ਕੁਝ ਨਾ ਕੁਝ ਦਿੰਦੀ ਰਹਿੰਦੀ ਹੈ। ਪਿਛਲੇ ਹਫਤੇ ਹੀ ਮੁਬਾਈਲ ਫੋਨ ਲੈਣ ਲਈ ਪੈਸੇ ਲੈ ਕੇ ਗਿਆ ਹੈ।
       ਪਰਦੁੱਮਣ ਸਿੰਘ ਰਾਜਵਿੰਦਰ ਬਾਰੇ ਆਪਣਾ ਫਿਕਰ ਦੋਸਤਾਂ ਨਾਲ ਵੀ ਸਾਂਝਾ ਕਰਦਾ ਰਹਿੰਦਾ ਹੈ। ਇਕ ਦਿਨ ਜਗਮੋਹਣ ਉਸ ਨੂੰ ਆਖਦਾ ਹੈ,
“ਅੰਕਲ ਜੀ, ਰਾਜਵਿੰਦਰ ਨਾਲ ਦੋਸਤੀ ਪਾ ਲਓ, ਹੋ ਸਕਦੈ ਉਸ ਦੀ ਵਿਗੜੀ ਆਦਤ ਵਿਚ ਸੁਧਾਰ ਆ ਜਾਵੇ।”
“ਇਕ ਗੇਅ ਨਾਲ਼ ਕਾਹਦੀ ਦੋਸਤੀ!”
“ਤੁਸੀਂ ਆਪੇ ਤਾਂ ਕਹਿੰਦੇ ਓ ਕਿ ਕੁਦਰਤ ਵਲੋਂ ਉਹ ਠੀਕ ਐ ਸਿਰਫ ਆਦਤ ਈ ਵਿਗੜੀ ਐ, ਕੋਸਿ਼ਸ਼ ਕਰਕੇ ਉਸ ਦੀ ਔਰਤ ਵਿਚ ਦਿਲਚਸਪੀ ਪੈਦਾ ਕਰੋ, ਨਾਲ਼ੇ ਇਹ ਤਾਂ ਤੁਹਾਡੀ ਮਨ ਭਾਉਂਦੀ ਜੌਬ ਐ।”
       ਕਹਿ ਕੇ ਜਗਮੋਹਣ ਹੱਸਣ ਲਗਦਾ ਹੈ। ਪਰਦੁੱਮਣ ਸਿੰਘ ਵੀ ਹੱਸਦਾ ਹੈ ਪਰ ਉਹ ਕਿਧਰੇ ਦੂਰ ਪਹੁੰਚਿਆ ਹੋਇਆ ਹੈ। ਉਹ ਸੋਚ ਰਿਹਾ ਹੈ ਕਿ ਇਹ ਗੱਲ ਉਸ ਦੇ ਮਨ ਵਿਚ ਪਹਿਲਾਂ ਕਿਉਂ ਨਹੀਂ ਆਈ। ਮੁੰਡੇ ਨੂੰ ਗਲਤ ਰਾਹ ਪੈਂਦਿਆਂ ਦੇਖ ਕੇ ਉਸ ਨਾਲ ਦੋਸਤੀ ਪਾ ਲੈਣੀ ਚਾਹੀਦੀ ਸੀ। ਜੇਕਰ ਉਸ ਨਾਲ ਦੋਸਤਾਂ ਵਾਂਗ ਵਰਤਦਾ ਤਾਂ ਸ਼ਾਇਦ ਫੈਕਟਰੀ ਵਿਚ ਕੰਮ ਵੀ ਕਰਦਾ ਰਹਿੰਦਾ।
       ਸ਼ਾਮ ਨੂੰ ਰਾਜਵਿੰਦਰ ਘਰ ਆਉਂਦਾ ਹੈ। ਪਰਦੁੱਮਣ ਸਿੰਘ ਟੈਲੀ ਮੁਹਰੇ ਬੈਠਾ ਬੀਅਰ ਪੀ ਰਿਹਾ ਹੈ। ਗਿਆਨ ਕੌਰ ਉਸ ਨੂੰ ਕਹਿੰਦੀ ਹੈ,
“ਰਾਜ, ਤੂੰ ਹੁਣ ਘਰ ਰਿਹਾ ਕਰ।”
“ਤੈਨੂੰ ਦਸਿਆ ਸੀ ਡੈਡ ਮਾਰਦਾ।”
“ਡੈਡ ਨਹੀਂ ਮਾਰਦਾ, ਆ, ਤੇਰੇ ਡੈਡੀ ਨੂੰ ਪੁੱਛ ਲੈਨੇ ਆਂ।”
       ਆਖਦੀ ਹੋਈ ਉਹ ਪਰਦੁੱਮਣ ਸਿੰਘ ਨੂੰ ਸੰਬੋਧਨ ਹੁੰਦੀ ਹੈ,
“ਕਿਉਂ ਜੀ, ਤੁਸੀਂ ਰਾਜ ਨੂੰ ਮਾਰਨਾਂ?”
“ਮੈਂ ਕਦੋਂ ਮਾਰਦਾਂ ਏਸ ਕੰਜਰ ਨੂੰ।”
“ਲੁਕ ਮੌਮ ਲੁਕ, ਸਵੇਅਰ ਵਰਡ ਕਹਿੰਦਾ, ਸੇਮ ਟੂ ਯੂ ਓਲਡ ਮੈਨ!”
       ਰਾਜਵਿੰਦਰ ਉਸ ਵਲ ਨੂੰ ਹੱਥ ਕਢਦਾ ਕਹਿ ਰਿਹਾ ਹੈ। ਪਰਦੁੱਮਣ ਸਿੰਘ ਹੱਸਣ ਲਗਦਾ ਹੈ ਤੇ ਆਖਦਾ ਹੈ,
“ਤੂੰ ਇੰਨੀ ਦੇਰ ਇੰਡੀਆ ਰਿਹਾਂ ਤੈਨੂੰ ਪੰਜਾਬੀ ਦੀਆਂ ਗਾਲ਼ਾਂ ਦਾ ਵੀ ਨਹੀਂ ਪਤਾ!”
“ਮੈਨੂੰ ਪਤਾ ਇਹ ਐਫ ਵਰਡ ਆ।”
“ਨਹੀਂ, ਇਹ ਐਫ ਵਰਡ ਨਹੀਂ, ਤੂੰ ਆ ਇਥੇ ਮੇਰੇ ਕੋਲ਼ ਆ ਕੇ ਬੈਠ।”
“ਨਹੀਂ, ਤੂੰ ਮੇਰੇ ਮਾਰਨਾ।”
“ਓ ਨਹੀਂ ਮਾਰਦਾ।”
“ਜੇ ਮਾਰਿਆ ਤਾਂ ਮੈਂ ਵੀ ਮਾਰੂੰ।”
“ਓ ਕੇ, ਆ ਬੈਠ ਤਾਂ ਸਹੀ।”
       ਰਾਜਵਿੰਦਰ ਸੈਟੀ ਤੇ ਬੈਠ ਜਾਂਦਾ ਹੈ। ਪਰਦੁੱਮਣ ਸਿੰਘ ਫਿਰ ਆਖਦਾ ਹੈ,
“ਪਹਿਲਾਂ ਤਾਂ ਤੂੰ ਜਾ ਕੇ ਸ਼ਾਵਰ ਲੈ ਤੇ ਕਪੜੇ ਬਦਲ ਤੇ ਫਿਰ ਆ ਜਾ ਗੱਲਾਂ ਕਰਦੇ ਆਂ।”
       ਰਾਜਵਿੰਦਰ ਹੈਰਾਨ ਹੋ ਰਿਹਾ ਹੈ ਕਿ ਪਿਓ ਇੰਨਾ ਕਿਉਂ ਬਦਲ ਗਿਆ ਹੈ। ਪਿਛਲੀ ਵਾਰ ਉਸ ਦੇ ਘਰ ਆਉਣ ‘ਤੇ ਗਿਆਨ ਕੌਰ ਉਸ ਨੂੰ ਗੁਰਦਵਾਰੇ ਲੈਜਾਣ ਲਈ ਜ਼ੋਰ ਪਾਉਂਦੀ ਰਹੀ ਹੈ। ਗਿਆਨ ਕੌਰ ਨੂੰ ਹੈ ਕਿ ਜੇ ਉਹ ਧਰਮ ਵਾਲੇ ਪਾਸੇ ਲਗ ਜਾਵੇ ਤਾਂ ਸ਼ਾਇਦ ਠੀਕ ਹੋ ਜਾਵੇ। ਉਹ ਆਖਦਾ ਹੈ,
“ਤੂੰ ਮੈਨੂੰ ਪੱਗ ਪਾਉਣ ਲਈ ਕਹਿਣਾਂ?”
       ਪਰਦੁੱਮਣ ਸਿੰਘ ਹੱਸਦਾ ਹੋਇਆ ਬੋਲਦਾ ਹੈ,
“ਤੈਨੂੰ ਮੈਂ ਕੁਸ਼ ਵੀ ਕਰਨ ਲਈ ਨਹੀਂ ਕਹਿੰਦਾ ਬਸ ਤੂੰ ਨਹਾ ਕੇ ਕਪੜੇ ਬਦਲ ਕੇ ਆ।”
       ਰਾਜਵਿੰਦਰ ਨਹਾਉਣ ਚਲੇ ਜਾਂਦਾ ਹੈ। ਪਰਦੁੱਮਣ ਸਿੰਘ ਸੋਚ ਰਿਹਾ ਹੈ ਕਿ ਕਿਸੇ ਨਾਲ ਪਿਆਰ ਨਾਲ ਪੇਸ਼ ਆਉਣ ਵਿਚ ਕਿੰਨਾ ਮਜ਼ਾ ਹੈ ਫਿਰ ਰਾਜਵਿੰਦਰ ਤਾਂ ਉਸ ਦਾ ਆਪਣਾ ਖੂਨ ਹੈ। ਰਾਜਵਿੰਦਰ ਨਹਾ ਕੇ ਉਸ ਕੋਲ ਆ ਬੈਠਦਾ ਹੈ। ਪਰਦੁੱਮਣ ਸਿੰਘ ਉਸ ਵਲ ਇਸ ਤਰ੍ਹਾਂ ਦੇਖ ਰਿਹਾ ਹੈ ਜਿਵੇਂ ਪਹਿਲੀ ਵਾਰ ਦੇਖ ਰਿਹਾ ਹੋਵੇ। ਉਹ ਪੁੱਛਦਾ ਹੈ,
“ਬੀਅਰ ਪੀਣੀ ਐ ਕਿ ਕੋਈ ਹਾਰਡ ਸਟੱਫ।”
“ਨਹੀਂ, ਆਏ ਵਾਂਟ ਨੱਥਿੰਗ।”
“ਆਹੋ ਤੂੰ ਮਾਰਵਾਨ ਪੀਣੀ ਹੋਣੀਂ ਆਂ।”
       ਸੁਣ ਕੇ ਰਾਜਵਿੰਦਰ ਮੁਸਕਰਾਉਂਦਾ ਹੈ ਤੇ ਬੋਲਦਾ ਹੈ,
“ਆਏ ਡੌਂਟ ਟੇਕ ਮੱਚ, ਵੈਰੀ ਰੇਅਰ।”
“ਜਾਹ, ਫਰਿਜ ‘ਚੋਂ ਬੀਅਰ ਕੱਢ ਲਿਆ, ਇਕ ਮੈਨੂੰ ਵੀ ਲਿਆ ਦੇ।”
       ਦੋਵੇਂ ਪਿਓ ਪੁਤਰ ਬੀਅਰ ਪੀਣ ਲਗਦੇ ਹਨ ਤੇ ਨਿਕੀਆਂ ਨਿਕੀਆਂ ਗੱਲਾਂ ਕਰ ਰਹੇ ਹਨ। ਫਿਰ ਬਲਰਾਮ ਵੀ ਉਹਨਾਂ ਵਿਚ ਆ ਬੈਠਦਾ ਹੈ ਤੇ ਪਵਨ ਵੀ ਆ ਜਾਂਦੀ ਹੈ। ਇਹ ਦੇਖ ਕੇ ਗਿਆਨ ਕੌਰ ਨੂੰ ਬਹੁਤ ਖੁਸ਼ੀ ਹੁੰਦੀ ਹੈ। ਉਹ ਰਾਜਵਿੰਦਰ ਨੂੰ ਪੁੱਛਦੀ ਹੈ,
“ਤੂੰ ਰੋਟੀ ਖਾਏਂਗਾ ਕਿ ਗੋਰਿਆਂ ਵਾਲਾ ਨਿਕ ਸੁੱਕ?”
“ਸੈਂਡਵਿਚ ਲਾ ਦੇ।”
         ਰਾਜਵਿੰਦਰ ਨੂੰ ਵੀ ਇੰਨੇ ਦਿਨਾਂ ਬਾਅਦ ਪਰਿਵਾਰ ਵਿਚ ਬੈਠਣਾ ਚੰਗਾ ਚੰਗਾ ਲਗਦਾ ਹੈ। ਉਹ ਜੇਬ੍ਹ ਵਿਚੋਂ ਮੁਬਾਈਲ ਕੱਢਦਾ ਉਠ ਖੜਦਾ ਹੈ ਤੇ ਦੂਜੇ ਕਮਰੇ ਵਿਚ ਜਾ ਕੇ ਕਿਸੇ ਨੂੰ ਫੋਨ ਕਰਕੇ ਦਸਦਾ ਹੈ ਕਿ ਉਹ ਅਜ ਨਹੀਂ ਆ ਰਿਹਾ। ਪਰੁਦੱਮਣ ਸਿੰਘ ਉਸ ਨੂੰ ਕਹਿੰਦਾ ਹੈ,
“ਤੂੰ ਹੁਣ ਘਰ ਰਿਹਾ ਕਰ, ਮੈਂ ਤੈਨੂੰ ਲੇਟਿਸਟ ਮੁਬਾਈਲ ਲੈ ਦਊਂ ਤੇ ਕਾਰ ਵੀ ਲੈ ਲਈਂ।”
“ਮੈਂ ਤੇਰੇ ਵਾਲੀ ਮਰਸਡੀਜ਼ ਮੰਗਦਾਂ।”
“ਤੂੰ ਮਰਸਡੀਜ਼ ਵੀ ਚਲਾ ਲਈਂ, ਤੈਨੂੰ ਜੁਦੀ ਕਾਰ ਲੈ ਦੇਵਾਂਗੇ।”
“ਮੈਂ ਤੇਰੀ ਫੈਕਟਰੀ ਜਾਣਾਂ ਨਹੀਂ।”
“ਨਾ ਜਾਈਂ, ਹੁਣ ਮੈਂ ਵੀ ਨਹੀਂ ਜਾਂਦਾ, ਹੁਣ ਬਲਰਾਮ ਜਾਂਦਾ। ਜੇ ਤਨਖਾਹ ਚਾਹੀਦੀ ਐ ਤਾਂ ਜਾਇਆ ਕਰ।”
       ਰਾਜਵਿੰਦਰ ਕੁਝ ਨਹੀਂ ਬੋਲਦਾ। ਅਗਲੇ ਦਿਨ ਉਹ ਸਵੇਰੇ ਉਠ ਕੇ ਚਲੇ ਜਾਂਦਾ ਹੈ ਤੇ ਦਿਨ ਭਰ ਨਹੀਂ ਮੁੜਦਾ। ਤ੍ਰਕਾਲਾਂ ਨੂੰ ਪਰਤਦਾ ਹੈ। ਪਰਦੁੱਮਣ ਸਿੰਘ ਪੁੱਛਦਾ ਹੈ,
“ਕਿਥੇ ਰਿਹੈਂ ਦਿਨ ਭਰ? ਤੂੰ ਤੇ ਘਰ ਰਹਿਣ ਦਾ ਵਾਅਦਾ ਕੀਤਾ ਸੀ।”
“ਮੈਂ ਕੋਈ ਪਰੌਮਿਜ਼ ਨਹੀਂ ਕਰਦਾ। ਮੇਰੇ ਫਰਿੰਡ ਵੀ ਹੈਗੇ, ਮੈਂ ਉਹਨਾਂ ਨੂੰ ਮਿਲਣਾ ਵੀ ਮੰਗਦਾਂ।”
“ਠੀਕ ਐ ਪਰ ਫਰਿੰਡਾਂ ਨੂੰ ਸਾਰਾ ਦਿਨ ਨਹੀਂ ਮਿਲੀਦਾ।”
“ਉਹ ਗੁੱਡ ਫਰਿੰਡ ਹੁੰਦੇ ਆ।”
       ਸਵੇਰ ਨੂੰ ਪਰਦੁੱਮਣ ਸਿੰਘ ਉਸ ਨੂੰ ਜਗਾਉਂਦਾ ਹੈ ਤੇ ਆਪਣੇ ਨਾਲ ਚਲਣ ਲਈ ਆਖਦਾ ਹੈ। ਉਸ ਨੇ ਅਕਾਊਂਟੈਂਟ ਦੇ ਜਾਣਾ ਹੈ। ਉਹ ਰਾਜਵਿੰਦਰ ਨੂੰ ਕਾਰ ਦੀ ਚਾਬੀ ਫੜਾਉਂਦਾ ਆਖਦਾ ਹੈ,
“ਜਿਹੜਾ ਵੀ ਮਿਉਜ਼ਕ ਤੂੰ ਸੁਣਨਾ ਨਾਲ਼ ਲੈ ਲੈ।”
       ਰਾਜਵਿੰਦਰ ਆਪਣੇ ਕਮਰੇ ਵਿਚੋਂ ਕੁਝ ਕੈਸਟਾਂ ਲੈ ਆਉਂਦਾ ਹੈ। ਬੜੀ ਸ਼ਾਨ ਨਾਲ ਕਾਰ ਸਟਾਰਟ ਕਰਦਾ ਹੈ। ਟੇਪ ਦੀ ਪੂਰੀ ਅਵਾਜ਼ ਛੱਡ ਕੇ ਕਾਰ ਦੀ ਖਿੜਕੀ ਖੋਹਲ ਲੈਂਦਾ ਹੈ। ਪਰਦੁੱਮਣ ਸਿੰਘ ਨੂੰ ਚੰਗਾ ਨਹੀਂ ਲਗਦਾ ਪਰ ਉਹ ਚੁੱਪ ਰਹਿੰਦਾ ਹੈ ਬਲਕਿ ਉਹ ਖੁਸ਼ ਹੈ, ਉਸ ਨੇ ਰਾਜਵਿੰਦਰ ਨੂੰ ਪਹਿਲਾਂ ਕਦੇ ਅਜਿਹੇ ਰੌਂਅ ਵਿਚ ਨਹੀਂ ਦੇਖਿਆ। ਉਹ ਦੁਪਿਹਰ ਦੀ ਰੋਟੀ ਇਕੱਠੇ ਖਾਂਦੇ ਹਨ ਪਰ ਫਿਰ ਰਾਜਵਿੰਦਰ ਕਿਧਰੇ ਟਿਬ੍ਹ ਜਾਂਦਾ ਹੈ। ਅਗਲੇ ਦਿਨ ਪਰਦੁੱਮਣ ਸਿੰਘ ਉਸ ਨੂੰ ਕਹਿੰਦਾ ਹੈ,
“ਕੀ ਲੈਣ ਭਜ ਜਾਨੈਂ ਰੋਜ਼ ਈ।”
“ਨੱਥਿੰਗ, ਜਸਟ ਟੂ ਸੀ ਮਾਈ ਫਰਿੰਡਜ਼।”
“ਕਿਹੜਾ ਡਰੱਗ ਲੈਨਾਂ?”
“ਨੋ ਵਨ।”
“ਟੈਲ ਮੀ ਦ ਟਰੁੱਥ, ਮੈਨੂੰ ਮਾਂਈਂਡ ਨਹੀਂ, ਬੱਟ ਬੀ ਕਿਅਰਫੁੱਲ, ਪੁਲੀਸ ਤੋਂ ਬਚ ਕੇ।”
“ਡੈਡ, ਤੂੰ ਟਰਾਈ ਕਰਨਾ ਮੰਗਦਾਂ?”
“ਨਹੀਂ, ਤੂੰ ਵੀ ਘੱਟ ਕਰ ਤੇ ਆਪਣੀ ਲਾਈਫ ਨੂੰ ਬਿਊਟੀਫੁੱਲ ਬਣਾ।”
“ਡੈਡ, ਤੂੰ ਟਰਾਈ ਕਰ ਤੇ ਫੀਲ ਕਰ ਏਹਦੇ ਨਾਲ ਲਾਈਫ ਕਿੰਨੀ ਸਵੀਟ ਲਗਦੀ ਆ।”
“ਮੈਨੂੰ ਪਤੈ ਜਿਹੜੀ ਸਵੀਟ ਲਗਦੀ ਆ, ਜੇ ਤੂੰ ਕਾਰ ਲੈਣੀ ਆਂ ਤਾਂ ਇਹਨੂੰ ਘੱਟ ਕਰ।”
“ਆਏ ਵਿਲ ਟਰਾਈ।”
       ਹੁਣ ਉਹ ਫੈਕਟਰੀ ਦੇ ਕੰਮਾਂ ਵਿਚ ਕੁਝ ਕੁ ਹੱਥ ਵਟਾਉਣ ਲਗਿਆ ਹੈ। ਫੈਕਟਰੀ ਦੇ ਅੰਦਰ ਬਹੁਤ ਘੱਟ ਜਾਂਦਾ ਹੈ ਪਰ ਪਰਦੁੱਮਣ ਸਿੰਘ ਨਾਲ ਰਲ਼ ਕੇ ਕੈਸ਼ ਐਂਡ ਕੈਰੀ ਵਿਚੋਂ ਜਾਂ ਹੋਰਨਾਂ ਥਾਵਾਂ ਤੋਂ ਸਮਾਨ ਲਿਆ ਦਿੰਦਾ ਹੈ। ਦੋ ਕੁ ਵਾਰ ਜਦੋਂ ਕੋਈ ਡਰਾਈਵਰ ਛੁੱਟੀ ਤੇ ਹੁੰਦਾ ਹੈ ਤਾਂ ਪਰਦੁੱਮਣ ਸਿੰਘ ਨਾਲ ਸਮਾਨ ਡਲਿਵਰ ਕਰਨ ਵੀ ਚਲੇ ਜਾਂਦਾ ਹੈ।
       ਗਿਆਨ ਕੌਰ ਆਖਣ ਲਗਦੀ ਹੈ,
“ਮੁੰਡਾ ਤਾਂ ਹੁਣ ਲਾਈਨ ਤੇ ਆ ਗਿਆ, ਜੇ ਮੰਨਦਾ ਹੋਵੇ ਤਾਂ ਕਿਉਂ ਨਾ ਇਹਦਾ ਵਿਆਹ ਕਰ ਦੇਈਏ।”
“ਹਾਲੇ ਨਹੀਂ, ਹਾਲੇ ਪੂਰੀ ਤਰ੍ਹਾਂ ਲਾਈਨ ਤੇ ਨਹੀਂ ਆਇਆ। ਵਿਆਹ ਤਾਂ ਓਹਦਾ ਕਰਾਂਗੇ, ਇਹ ਮੰਨੇ ਜਾਂ ਨਾ। ਗਰੀਬ ਜਿਹੇ ਘਰ ਦੀ ਕੁੜੀ ਇੰਡੀਆ ਤੋਂ ਲੈ ਆਵਾਂਗੇ, ਸ਼ਾਇਦ ਇਹਦੇ ਅੰਦਰ ਖਾਹਸ਼ ਜਾਗ ਪਵੇ।”
       ਉਸ ਦੇ ਅੰਦਰ ਹਰ ਰੋਜ਼ ਸਕੀਮਾਂ ਬਣਦੀਆਂ ਰਹਿੰਦੀਆਂ ਹਨ ਕਿ ਸ਼ਾਇਦ ਵਿਆਹ ਤੋਂ ਬਾਅਦ ਕੁੜੀ ਦੇ ਆਈ ਤੇ ਠੀਕ ਹੋ ਜਾਵੇ ਨਹੀਂ ਤਾਂ ਕੁੜੀ ਘਰ ਦਾ ਕੰਮ ਕਰੇਗੀ, ਫੈਕਟਰੀ ਵਿਚ ਵੀ ਸਹਾਈ ਹੋਵੇਗੀ। ਕੁੜੀ ਸਾਦੇ ਜਿਹੇ ਜਿਹੇ ਘਰ ਦੀ ਹੋਵੇ ਤਾਂ ਜੋ ਕੁੜੀ ਵਾਲੇ ਬਹੁਤਾ ਇਤਰਾਜ਼ ਵੀ ਨਾ ਕਰ ਸਕਣ।
       ਉਹ ਰਾਜਵਿੰਦਰ ਨਾਲ ਬਰਾਡਵੇਅ ਤੋਂ ਲੰਘ ਰਿਹਾ ਹੈ। ਫੁੱਟਪਾਥ ਤੇ ਤੁਰੀ ਜਾਂਦੀ ਇਕ ਕੁੜੀ ਵਲ ਇਸ਼ਾਰਾ ਕਰਦਾ ਪਰਦੁੱਮਣ ਸਿੰਘ ਆਖਦਾ ਹੈ,
“ਇਹ ਤਾਂ ਬਈ ਬਹੁਤ ਸੁਹਣੀ ਕੁੜੀ ਐ।”
“ਡੈਡ, ਯੂ ਔਲ ਰਾਈਟ?”
“ਕਿਉਂ ਬਈ, ਇਹਦੇ ਵਿਚ ਨਾ ਔਲ ਰਾਈਟ ਹੋਣ ਵਾਲੀ ਕਿਹੜੀ ਗੱਲ ਐ!”
“ਯੂ ਆਰ ਓਲਡ ਮੈਨ, ਇਹ ਨੌਟੀ ਗੱਲਾਂ ਡੈਡ।”
“ਦੇਖ ਮੈਂ ਓਲਡ ਜਾਂ ਯੰਗ ਮੈਨ, ਹਾਂ ਤਾਂ ਮਰਦ, ਕੁੜੀ ਦੇਖ ਕੇ ਦਿਲ ਵਿਚ ਟਿਕ ਟਿਕ ਤਾਂ ਹੋਣੀ ਹੀ ਹੋਈ।”
        ਇਵੇਂ ਉਹ ਕਿਤੇ ਵੀ ਇਕੱਠੇ ਜਾ ਰਹੇ ਹੋਣ ਤਾਂ ਸੜਕ ਤੇ ਜਾਂਦੀ ਕੁੜੀ ਵਲ ਇਸ਼ਾਰਾ ਕਰਕੇ ਉਹ ਰਾਜਵਿੰਦਰ ਤੋਂ ਉਸ ਦੀ ਰਾਏ ਪੁੱਛਣ ਲਗਦਾ ਹੈ। ਪਹਿਲਾਂ ਉਹ ਕੁਝ ਸੰਗਦਾ ਹੈ। ਫਿਰ ਉਸ ਦੀ ਸੰਗ ਉਤਰਦੀ ਜਾਂਦੀ ਹੈ ਪਰ ਕਿਸੇ ਕੁੜੀ ਬਾਰੇ ਆਪਣੀ ਰਾਏ ਉਹ ਕਦੇ ਨਹੀਂ ਦਿੰਦਾ। ਇਕ ਦਿਨ ਪਰਦੁੱਮਣ ਸਿੰਘ ਉਸ ਨੂੰ ਪੁੱਛਦਾ ਹੈ,
“ਅਜ ਸਟਰਿਪਟੀਜ਼ ਦੇਖਣ ਚਲੀਏ?”
“ਡੈਡ, ਯੂ ਗੋ’ਨਾ ਮੈਡ!”
“ਇਹਦੇ ਵਿਚ ਮੈਡ ਹੋਣ ਵਾਲੀ ਕਿਹੜੀ ਗੱਲ ਐ।”
“ਯੂ ਓਲਡ ਮੈਨ ਵਾਚਿੰਗ ਨੇਕਡ ਵਿਮਨ!”
       ਕਹਿੰਦਾ ਉੇਹ ਹੱਸਦਾ ਹੈ ਪਰ ਪਰਦੁੱਮਣ ਸਿੰਘ ਦੇ ਨਾਲ ਵੀ ਤੁਰ ਪੈਂਦਾ ਹੈ।

ਚਲਦਾ…