ਸਾਊਥਾਲ (ਕਾਂਡ 63)

       ਮਨਿੰਦਰ ਨੂੰ ਗਾਇਬ ਹੋਇਆਂ ਕਈ ਮਹੀਨੇ ਬੀਤ ਗਏ ਹਨ। ਉਸ ਦਾ ਕੁਝ ਨਹੀਂ ਪਤਾ ਕਿ ਕਿਥੇ ਰਹਿੰਦੀ ਹੈ, ਕੀ ਕਰਦੀ ਹੈ। ਪੜ੍ਹਾਈ ਜਾਰੀ ਰੱਖੀ ਹੋਈ ਹੈ ਜਾਂ ਛੱਡ ਦਿੱਤੀ ਹੈ। ਪਾਲਾ ਸਿੰਘ ਨੂੰ ਹੈਰਾਨੀ ਵੀ ਹੈ ਕਿ ਇੰਨੀ ਤਲਾਸ਼ ਬਾਅਦ ਵੀ ਉਹ ਨਹੀਂ ਮਿਲੀ। ਹੋ ਸਕਦਾ  ਕਿ ਉਹ ਆਪਣੇ ਭਰਾਵਾਂ ਨੂੰ ਮਿਲਦੀ ਹੋਵੇ। ਉਨ੍ਹਾਂ ਨਾਲ ਵੀ ਤਾਂ ਪਾਲਾ ਸਿੰਘ ਦਾ ਕੋਈ ਰਾਬਤਾ ਨਹੀਂ ਹੈ। ਦੋਨਾਂ ਨੇ ਉਸ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਾਇਆ ਹੋਣ ਕਰਕੇ ਪਾਲਾ ਸਿੰਘ ਨੇ ਇਹ ਜਾਨਣਾ ਹੀ ਨਹੀਂ ਚਾਹਿਆ ਕਿ ਉਹ ਕਿਥੇ ਰਹਿੰਦੇ ਹਨ ਤੇ ਹੁਣ ਕਿਸ ਹਾਲ ਵਿਚ ਹਨ। ਉਨ੍ਹਾਂ ਨੇ ਵੀ ਕਦੇ ਪਾਲਾ ਸਿੰਘ ਦੀ ਖਬਰਸਾਰ ਨਹੀਂ ਲਈ। ਕਈ ਵਾਰ ਪਾਲਾ ਸਿੰਘ ਸੋਚਣ ਲੱਗਦਾ ਹੈ ਕਿ ਕੀ ਮੈਂ ਇੰਨਾ ਹੀ ਖਰਾਬ ਪਿਓ ਹਾਂ। ਉਸ ਨੇ ਤਾਂ ਸਦਾ ਹੀ ਆਪਣੀ ਔਲਾਦ ਦਾ ਭਲਾ ਚਾਹਿਆ ਹੈ। ਉਨ੍ਹਾਂ ਨੂੰ ਪਾਲਿਆ, ਪੋਸਿਆ, ਵੱਡੇ ਕੀਤਾ, ਪੜ੍ਹਾਇਆ, ਡਿਗਰੀਆਂ ਕਰਾਈਆਂ ਅਤੇ ਬਦਲੇ ਵਿਚ ਕੁਝ ਸੰਸਕਾਰਾਂ ਦੀ ਪਾਲਣਾ ਹੀ ਮੰਗੀ ਸੀ ਤੇ ਔਲਾਦ ਉਹ ਵੀ ਨਹੀਂ ਕਰ ਸਕੀ। ਜੇ ਇਹੋ ਹੈ ਤਾਂ ਕੀ ਖੜਾ ਹੈ ਔਲਾਦ ਖੁਣੋ। ਉਹ ਔਂਤ ਵੀ ਰਹਿ ਜਾਂਦਾ ਤਾਂ ਕੀ ਬੁਰਾ ਸੀ।
       ਮੁੰਡਿਆਂ ਤੋਂ ਉਸ ਦਾ ਦਿਲ ਇੰਨਾ ਨਹੀਂ ਸੀ ਦੁਖਿਆ ਜਿੰਨਾ ਕਿ ਹੁਣ ਮਨਿੰਦਰ ਤੋਂ ਉਹ ਦੁਖੀ ਹੈ। ਹਾਲੇ ਤੱਕ ਵੀ ਉਸ ਦਾ ਗੁੱਸਾ ਠੰਡਾ ਨਹੀਂ ਪਿਆ। ਹਾਲੇ ਵੀ ਕਿਰਪਾਨ ਉਸ ਦੀ ਕਾਰ ਵਿਚ ਪਈ ਹੈ। ਹਾਲੇ ਵੀ ਉਹ ਆਲੇ ਦੁਆਲੇ ਦੇ ਸਟੋਰਾਂ ਦਾ ਗੇੜਾ ਕੱਢਣ ਚਲੇ ਜਾਇਆ ਕਰਦਾ ਹੈ ਕਿ ਸ਼ਾਇਦ ਮਨਿੰਦਰ ਕਿਧਰੇ ਕੰਮ ਕਰਦੀ ਮਿਲ ਜਾਵੇ। ਉਹ ਸੋਚਾਂ ਦੇ ਘੋੜੇ ਦੜਾਉੁਣ ਲਗਦਾ ਹੈ ਕਿ ਉਹ ਕਿਥੇ ਜਾ ਛੁਪੀ ਹੋਈ।
       ਉਸ ਦੀ ਹਿੱਟਮੈਨ ਵਾਲੀ ਯੋਜਨਾ ਵੀ ਸਿਰੇ ਨਹੀਂ ਚੜ੍ਹਦੀ। ਜਿਵੇਂ ਗੁਰਦਿਆਲ ਸਿੰਘ ਕਹਿੰਦਾ ਹੈ ਕਿ ਉਹ ਪੈਸਿਆਂ ਦਾ ਇੰਤਜ਼ਾਮ ਕਰ ਲੈਂਦਾ ਹੈ। ਮਨਿੰਦਰ ਦੀਆਂ ਕੁਝ ਤਸਵੀਰਾਂ ਵੀ ਕੱਢ ਰੱਖਦਾ ਹੈ ਪਰ ਕੋਈ ਉਸ ਨੂੰ ਫੋਨ ਨਹੀਂ ਕਰਦਾ ਤੇ ਕੋਈ ਉਸ ਦੇ ਘਰ ਨਹੀਂ ਆਉਂਦਾ। ਇਕ ਦਿਨ ਪੱਬ ਵਿਚ ਉਸ ਨੂੰ ਆਦਮੀ ਮਿਲਦਾ ਹੈ। ਉਸ ਨਾਲ ਅਸਿੱਧੀਆਂ ਜਿਹੀਆਂ ਗੱਲਾਂ ਕਰਦਾ ਹੈ। ਉਹ ਕਹਿੰਦਾ ਹੈ,
“ਮਿਸਟਰ ਸਿੰਘ, ਮੈਨੂੰ ਪਤਾ ਲੱਗਿਆ ਕਿ ਤੈਨੂੰ ਖਾਸ ਸਰਵਿਸ ਦੀ ਲੋੜ ਐ।”
       ਪਾਲਾ ਸਿੰਘ ਉਸ ਵੱਲ ਦੇਖਦਾ ਹੈ। ਉਹ ਅੱਧਖੜ ਜਿਹੀ ਉਮਰ ਦਾ ਗੋਰਾ ਹੈ। ਪਾਲਾ ਸਿੰਘ ਉਸ ਦੇ ਸਵਾਲ ਬਾਰੇ ਸਪੱਸ਼ਟ ਨਹੀਂ ਹੈ। ਉਹ ਝਿਜਕਦਾ ਹੋਇਆ ਜਵਾਬ ਦਿੰਦਾ ਹੈ,
“ਹਾਂ, ਹੈ ਤਾਂ ਸਹੀ।”
“ਕਿਹੋ ਜਿਹੀ ਸਰਵਿਸ ਚਾਹੀਦੀ ਐ ?”
“ਇਹ ਤਾਂ ਤੈਨੂੰ ਪਤਾ ਹੋਣਾ ਚਾਹੀਦੈ ਕਿ ਕਿਹੋ ਜਿਹੀ ਸਰਵਿਸ ਚਾਹੀਦੀ ਐ। ਮੇਰੇ ਤੱਕ ਤੂੰ ਅਪਰੋਚ ਕੀਤੈ, ਕਿਸੇ ਨੇ ਦੱਸ ਕੇ ਹੀ ਭੇਜਿਆ ਹੋਏਗਾ।”
       ਉਸ ਨੂੰ ਲੱਗਦਾ ਹੈ ਕਿ ਜੇ ਉਹ ਸਹੀ ਬੰਦਾ ਹੁੰਦਾ ਤਾਂ ਜ਼ਰੂਰ ਕੰਮ ਦੀ ਗੱਲ ਤੇ ਸਿੱਧਾ ਪਹੁੰਚਦਾ। ਉਹ ਬੰਦਾ ਫਿਰ ਪੁੱਛਦਾ ਹੈ,
“ਟਾਰਗਟ ਕੀ ਐ, ਪਤਾ ਟਿਕਾਣਾ ?”
“ਇਹ ਮੈਨੂੰ ਨਹੀਂ ਪਤਾ।”
       ਉਹ ਬੰਦਾ ਉਠ ਖੜਦਾ ਹੈ ਤੇ ਕਹਿ ਕੇ ਤੁਰ ਜਾਂਦਾ ਹੈ,
“ਮਿਸਟਰ ਸਿੰਘ, ਤੂੰ ਟਾਈਮ ਖਰਾਬ ਕਰ ਰਿਹੈਂ।”
       ਪਾਲਾ ਸਿੰਘ ਨੂੰ ਪਤਾ ਨਹੀਂ ਲੱਗਦਾ ਕਿ ਉਹ ਬੰਦਾ ਸਹੀ ਵੀ ਹੋ ਸਕਦਾ ਹੈ ਕਿ ਨਹੀਂ। ਉਹ ਗੁਰਦਿਆਲ ਸਿੰਘ ਨਾਲ ਗੱਲ ਕਰਦਾ ਹੈ। ਗੁਰਦਿਆਲ ਸਿੰਘ ਆਖਦਾ ਹੈ,
“ਜੇ ਜੈਨੂਅਨ ਹੋਇਆ ਤਾਂ ਮੁੜ ਕੇ ਰਾਬਤਾ ਕਾਇਮ ਕਰੇਗਾ।”
       ਉਹ ਸਾਧੂ ਸਿੰਘ ਨੂੰ ਮਿਲਣ ਜੇਲ੍ਹ ਵਿਚ ਜਾਂਦਾ ਹੈ ਕਿ ਸ਼ਾਇਦ ਉਹ ਹੀ ਉਸ ਦੀ ਮੱਦਦ ਕਰ ਸਕੇ। ਪਰ ਸਾਧੂ ਸਿੰਘ ਉਸ ਦਾ ਹੌਸਲਾ ਢਾਹੁੰਦਾ ਹੋਇਆ ਇਹ ਰਾਹ ਤਿਆਗ ਦੇਣ ਲਈ ਕਹਿੰਦਾ ਹੈ। ਉਹ ਆਖਦਾ ਹੈ,
“ਪਾਲਾ ਸਿਆਂ, ਜਿਹੜੀ ਬੇਇੱਜ਼ਤੀ ਹੋਣੀ ਸੀ ਉਹ ਤਾਂ ਹੋ ਚੁੱਕੀ ਐ, ਮੇਰੇ ਵਾਂਗੂੰ ਜੇਲ੍ਹ ਵਿਚ ਸੜੇਂਗਾ।”
“ਤੈਨੂੰ ਕੀ ਹੋਇਆ ਸਾਧੂ ਸਿਆਂ, ਪਲਿਆਂ ਪਿਐਂ, ਜੇਲ੍ਹ ਤਾਂ ਜਿੱਦਾਂ ਤੈਨੂੰ ਲੱਗ ਗਈ ਹੋਵੇ।”
“ਕੁਸ਼ ਵੀ ਹੋਵੇ, ਪਾਲਾ ਸਿਆਂ ਜੇਲ੍ਹ ਜੇਲ੍ਹ ਈ ਹੁੰਦੀ ਐ।”
“ਸਾਧੂ ਸਿਆਂ, ਤੂੰ ਸਠਿਆ ਗਿਐਂ, ਕਿਸੇ ਹੋਰ ਨੂੰ ਇਹ ਗੱਲ ਨਾ ਕਹਿ ਦੇਵੀਂ, ਜਿਹੜੀ ਤੇਰੀ ਭਾਈਚਾਰੇ ਵਿਚ ਇੱਜ਼ਤ ਬਣੀ ਹੋਈ ਐ, ਮਿੱਟੀ ਵਿਚ ਮਿਲ ਜਾਵੇਗੀ।”
“ਇਹ ਹੀਰੋਇਜ਼ਮ ਜ਼ਿੰਦਗੀ ਦੀ ਸੱਚਾਈ ਨਹੀਂ ਐ, ਸੱਚਾਈ ਇਹ ਐ ਜਿਹੜੀ ਮੈਂ ਭੁਗਤ ਰਿਹਾਂ।”
“ਨਹੀਂ ਸੱਚਾਈ ਉਹ ਐ ਸਾਧੂ ਸਿਆਂ, ਜਿਹੜੀ ਮੈਂ ਭੁਗਤ ਰਿਹਾਂ ਜਾਂ ਜੇਲ੍ਹ ਆਉਣ ਤੋਂ ਪਹਿਲਾਂ ਤੂੰ ਭੁਗਤ ਰਿਹਾ ਸੀ। ਸੱਚ ਦੱਸ ਇਹ ਕੰਮ ਕਰਕੇ ਕਿੰਨੀ ਕੁ ਤਸੱਲੀ ਮਿਲੀ ਸੀ ?”
“ਤਸੱਲੀ ਤਾਂ ਬਹੁਤ ਮਿਲੀ ਸੀ।”
“ਬਸ ਏਸ ਤਸੱਲੀ ਨੂੰ ਪ੍ਰਾਪਤ ਕਰਨ ਵਾਸਤੇ ਮੈਂ ਭੱਜਾ ਫਿਰਦਾਂ। ਤੂੰ ਮੇਰੀ ਮੱਦਦ ਕਰ, ਕੋਈ ਬੰਦਾ ਦੱਸ।”
“ਮੈਂ ਜ਼ਾਤੀ ਤੌਰ ਤੇ ਕਿਸੇ ਨੂੰ ਨਹੀਂ ਜਾਣਦਾ।”
“ਜੇਲ੍ਹ ਵਿਚ ਐਂ, ਪ੍ਰੋਫੈਸ਼ਨਲ ਵਾਕਫ ਹੋਣਗੇ।”
“ਹਾਂ, ਪਰ ਯਕੀਨ ਵਾਲੇ ਨਹੀਂ, ਪੈਸੇ ਲੈ ਕੇ ਜੇ ਕੋਈ ਅਰੇ ਪਰ੍ਹੇ ਹੋ ਗਿਆ ਤਾਂ ਮੈਨੂੰ ਗਾਲ੍ਹਾਂ ਕੱਢੇਂਗਾ।”
       ਪਾਲਾ ਸਿੰਘ ਇਕ ਵਾਰ ਫਿਰ ਫੈਸਲਾ ਕਰਦਾ ਹੈ ਕਿ ਉਹ ਆਪ ਹੀ ਇਸ ਕੰਮ ਨੂੰ ਨੇਪਰੇ ਚਾੜ੍ਹੇਗਾ।
       ਹੁਣ ਤੱਕ ਪੁਲਿਸ ਨੂੰ ਵੀ ਉਸ ਦੇ ਇਸ ਇਰਾਦੇ ਦੀ ਭਿਣਕ ਪੈ ਚੁੱਕੀ ਹੈ। ਇਕ ਦਿਨ ਇਕ ਪੁਲਿਸਮੈਨ ਤੇ ਇਕ ਪੁਲਿਸਵੋਮੈਨ ਉਸ ਦੇ ਘਰ ਆਉਂਦੇ ਹਨ। ਔਰਤ ਕਹਿੰਦੀ ਹੈ,
“ਸਾਡੇ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਐ ਕਿ ਤੂੰ ਆਪਣੀ ਧੀ ਦਾ ਕਤਲ ਕਰਨ ਨੂੰ ਫਿਰਦੈਂ, ਕੀ ਸੱਚ ਐ ?”
“ਨਹੀਂ, ਇਹ ਸੱਚ ਨਹੀਂ, ਪਰ ਤੁਹਾਨੂੰ ਕੌਣ ਕਹਿ ਰਿਹਾ? ਕਿਸ ਨੇ ਸ਼ਿਕਾਇਤ ਕੀਤੀ ਐ ?”
“ਇਹ ਅਸੀਂ ਨਹੀਂ ਦੱਸ ਸਕਦੇ ਪਰ ਅਸੀਂ ਤੇਰੇ ਤੇ ਨਜ਼ਰ ਰੱਖ ਰਹੇ ਹਾਂ।”
       ਪੁਲਿਸ ਵਾਲੇ ਚਲੇ ਜਾਂਦੇ ਹਨ ਤੇ ਉਹ ਖੜਾ ਸੋਚਦਾ ਰਹਿੰਦਾ ਹੈ ਕਿ ਕਿਸ ਨੇ ਸ਼ਿਕਾਇਤ ਕੀਤੀ ਹੋਈ। ਜੇ ਮਨਿੰਦਰ ਨੇ ਰਿਪੋਰਟ ਕੀਤੀ ਹੁੰਦੀ ਤਾਂ ਪੁਲਿਸ ਨੇ ਵੱਖਰੇ ਢੰਗ ਨਾਲ ਪੇਸ਼ ਆਉਣਾ ਸੀ। ਉਸ ਦੇ ਇਸ ਇਰਾਦੇ ਬਾਰੇ ਸਿਰਫ ਗੁਰਦਿਆਲ ਸਿੰਘ ਨੂੰ ਹੀ ਪਤਾ ਹੈ। ਉਹ ਤਾਂ ਉਸ ਦਾ ਅਸਲੀ ਰਾਜ਼ਦਾਰ ਹੈ। ਉਹ ਇਹ ਕੰਮ ਨਹੀਂ ਕਰ ਸਕਦਾ। ਫਿਰ ਉਸ ਨੂੰ ਜਗਮੋਹਣ ਦਾ ਖਿਆਲ ਆਉਂਦਾ ਹੈ ਜਿਸ ਨੂੰ ਉਸ ਨੇ ਮਨਿੰਦਰ ਦਾ ਪਤਾ ਲੱਭਣ ਲਈ ਕਿਹਾ ਸੀ। ਉਸ ਦੀ ਸ਼ੱਕ ਦੀ ਸੂਈ ਜਗਮੋਹਣ ਤੇ ਆ ਟਿਕਦੀ ਹੈ। ਉਹ ਸੋਚਦਾ ਹੈ ਕਿ ਸ਼ਰਾਬੀ ਹੋਏ ਨੇ ਸ਼ਾਇਦ ਕੋਈ ਗੱਲ ਕਰ ਦਿੱਤੀ ਹੋਵੇ ਜਾਂ ਉਸ ਨੇ ਆਪ ਹੀ ਕੋਈ ਅੰਦਾਜ਼ਾ ਲਾ ਲਿਆ ਹੋਵੇ। ਉਸ ਨੂੰ ਜੱਗੇ ਤੇ ਅਜਿਹਾ ਕੋਈ ਯਕੀਨ ਨਹੀਂ ਸੀ ਕਰਨਾ ਚਾਹੀਦਾ ਉਹ ਤਾਂ ਸਾਧੂ ਸਿੰਘ ਦੇ ਬਹੁਤ ਖਿਲਾਫ ਬੋਲਦਾ ਰਿਹ ਹੈ। ਆਪਣੇ ਆਪ ਨਾਲ ਵਾਅਦਾ ਕਰਦਾ ਹੈ ਕਿ ਮੁੜ ਕੇ ਬਹੁਤ ਹਿਸਾਬ ਦੀ ਸ਼ਰਾਬ ਪੀਵੇਗਾ।

ਚਲਦਾ…