ਪੱਚੀ ਨੰਬਰ ਵਿਚ ਜੋਧਾ ਸਿੰਘ ਦਾ ਦਬਕਾ ਹਾਲੇ ਵੀ ਚੱਲਦਾ ਹੈ। ਦਬਕਾ ਮਾਰ ਕੇ ਕਿਰਾਇਆ ਇਕੱਠਾ ਕਰ ਲੈਂਦਾ ਹੈ। ਮੀਕਾ ਨਾ ਹੋਵੇ ਤਾਂ ਕੋਈ ਕਿਰਾਏ ਨੂੰ ਨਾਂਹ ਨਹੀਂ ਕਰ ਸਕਦਾ। ਮੀਕੇ ਦਾ ਉਸ ਘਰ ਵਿਚ ਆਉਣਾ ਉਸ ਨੇ ਬੰਦ ਕੀਤਾ ਹੋਇਆ ਹੈ। ਇਕ ਵਾਰ ਤਾਂ ਉਹ ਸਾਰੇ ਕਿਰਾਏਦਾਰਾਂ ਨੂੰ ਨੋਟਿਸ ਦੇ ਦਿੰਦਾ ਹੈ ਕਿ ਜੇ ਮੀਕੇ ਨੇ ਇਥੇ ਆਉਣਾ ਤਾਂ ਆਪੋ ਆਪਣੇ ਰਹਿਣ ਦਾ ਇੰਤਜ਼ਾਮ ਕਿਤੇ ਹੋਰ ਕਰ ਲਓ। ਨਿੰਮਾ ਤੇ ਮਿੰਦੀ ਮੀਕੇ ਨੂੰ ਨਾ ਆਉਣ ਲਈ ਜ਼ੋਰ ਪਾਉਂਦੇ ਹਨ।
ਦੇਬੀ ਦੀ ਲੱਤ ਹੁਣ ਪਹਿਲਾਂ ਨਾਲੋਂ ਵੀ ਖਰਾਬ ਹੈ ਪਰ ਹੁਣ ਉਹ ਹੋਰਨਾਂ ਤੋਂ ਛੁਪਾ ਕੇ ਰੱਖਦਾ ਹੈ। ਹਾਲੇ ਤਕ ਵੀ ਉਹ ਡਾਕਟਰ ਦੇ ਨਹੀਂ ਗਿਆ। ਉਸ ਨੂੰ ਡਰ ਹੈ ਕਿ ਡਾਕਟਰ ਪੁਲੀਸ ਹੀ ਨਾ ਬੁਲਾ ਲਵੇ।
ਹੁਣ ਤਾਰਾ ਉਥੋਂ ਜਾ ਚੁੱਕਾ ਹੈ। ਤਾਰੇ ਵਾਲਾ ਕਮਰਾ ਹੁਣ ਝੰਮੇ ਕੋਲ ਹੈ। ਝੰਮੇ ਦਾ ਸੁਭਾਅ ਵੀ ਕੁਝ ਕੁ ਮਜ਼ਾਕੀਆ ਜਿਹਾ ਹੈ। ਉਹ ਜੋਧਾ ਸਿੰਘ ਨੂੰ ਕਹਿਣ ਲੱਗਦਾ ਹੈ,
“ਚਾਚਾ, ਮੈਂ ਏਥੇ ਗੰਦ 'ਚ ਐਵੇਂ ਈ ਆ ਗਿਆ, ਮੈਂ ਚੰਗਾ ਭਲਾ ਮਕਬੂਲ ਸੂੰਹ ਦੇ ਘਰ ਰਹਿੰਦਾ ਸੀ, ਐਵੇਂ ਇਥੇ ਆ ਗਿਆਂ, ਹੁਣ ਟੀ.ਬੀ. ਕਰਾ ਕੇ ਨਿਕਲੂੰ, ਲੱਗਦੈ ਮੈਨੂੰ।”ਦੇਬੀ ਦੀ ਲੱਤ ਹੁਣ ਪਹਿਲਾਂ ਨਾਲੋਂ ਵੀ ਖਰਾਬ ਹੈ ਪਰ ਹੁਣ ਉਹ ਹੋਰਨਾਂ ਤੋਂ ਛੁਪਾ ਕੇ ਰੱਖਦਾ ਹੈ। ਹਾਲੇ ਤਕ ਵੀ ਉਹ ਡਾਕਟਰ ਦੇ ਨਹੀਂ ਗਿਆ। ਉਸ ਨੂੰ ਡਰ ਹੈ ਕਿ ਡਾਕਟਰ ਪੁਲੀਸ ਹੀ ਨਾ ਬੁਲਾ ਲਵੇ।
ਹੁਣ ਤਾਰਾ ਉਥੋਂ ਜਾ ਚੁੱਕਾ ਹੈ। ਤਾਰੇ ਵਾਲਾ ਕਮਰਾ ਹੁਣ ਝੰਮੇ ਕੋਲ ਹੈ। ਝੰਮੇ ਦਾ ਸੁਭਾਅ ਵੀ ਕੁਝ ਕੁ ਮਜ਼ਾਕੀਆ ਜਿਹਾ ਹੈ। ਉਹ ਜੋਧਾ ਸਿੰਘ ਨੂੰ ਕਹਿਣ ਲੱਗਦਾ ਹੈ,
“ਬੱਚੂ, ਮੈਨੂੰ ਪਤਾ ਤੂੰ ਉਥੋਂ ਕਿੱਦਾਂ ਨਿਕਲਿਆਂ, ਜੇ ਨਾ ਨਿਕਲਦਾ ਤਾਂ ਅਗਲੇ ਨੇ ਗਰਦਨ ਲਾਹ ਦੇਣੀ ਸੀ, ਅਗਲੇ ਨੇ ਤੈਨੂੰ ਰੂਮ ਦਿੱਤਾ ਰਹਿਣ ਲਈ, ਤੂੰ ਉਹਦੀ ਤੀਵੀਂ 'ਤੇ ਈ ਹੱਥ ਸਾਫ ਕਰਨ ਲੱਗਿਆ ਸੀ।”
“ਕਾਹਨੂੰ ਚਾਚਾ, ਲੋਕ ਐਵੇਂ ਗੱਲਾਂ ਬਣਾਉਂਦੇ ਆ। ਲੋਕ ਵੈਰੀ ਬਣੇ ਪਏ ਆ।”
“ਲੋਕਾਂ ਨੇ ਤਾਂ ਵੈਰੀ ਬਣਨਾ ਹੀ ਹੋਇਆ, ਤੁਸੀਂ ਫੌਜੀ ਲੋਕ ਪੱਕੇ ਹੋਣ ਦੀ ਖਾਤਰ ਜਿਸ ਘਰ ਜਾਂਦੇ ਓ ਅਗਲੇ ਦੀ ਔਰਤ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰਦੇ ਓ।”
ਜੋਧਾ ਸਿੰਘ ਪਿਛਲੇ ਅਰਸੇ ਵਿਚ ਵਾਪਰੀਆਂ ਕੁਝ ਘਟਨਾਵਾਂ ਦੇ ਅਧਾਰ 'ਤੇ ਕਹਿਣ ਲੱਗਦਾ ਹੈ। ਗੈਰਕਾਨੂੰਨੀ ਰਹਿ ਰਹੇ ਲੋਕਾਂ ਲਈ ਵਿਆਹ ਇਥੇ ਟਿਕਣ ਦਾ ਸਾਧਨ ਹੈ। ਵਿਆਹ ਲਈ ਢੰਗ ਦੀ ਕੁੜੀ ਨਾ ਮਿਲੇ ਤਾਂ ਕਿਸੇ ਦਾ ਘਰ ਪੱਟਣ ਤੱਕ ਪੁੱਜ ਜਾਂਦੇ ਹਨ। ਝੰਮਾ ਆਖਦਾ ਹੈ,
“ਚਾਚਾ, ਜੇ ਫੱਟਾ ਸਾਹ ਦੇਊਗਾ ਤਾਂ ਹੀ ਬਾਜ਼ੀਗਰ ਛਾਲ ਮਾਰੂ, ਜੇ ਅਗਲੀ ਸਾਡੇ ਨਾਲ ਸਹਿਮਤ ਹੋਊ ਤਾਂ ਹੀ ਅੱਗੇ ਵਧਾਂਗੇ।”
“ਜੇ ਨਾ ਸਹਿਮਤ ਹੋਊ ਤਾਂ ਜੁੱਤੀਆਂ ਪੈਣਗੀਆਂ ਜਿੱਦਾਂ ਤੇਰੇ ਪੈਂਦੀਆਂ ਪੈਂਦੀਆਂ ਰਹਿ ਗਈਆਂ।”
“ਚਾਚਾ ਸਿਆਂ, ਤੂੰ ਕਿਉਂ ਫਿਕਰ ਕਰੀ ਜਾਨੈ, ਤੇਰੇ ਏਸ ਘਰ ਵਿਚ ਤਾਂ ਚੂਹੀ ਵੀ ਨਹੀਂ ਜੇਹਨੂੰ ਮੇਰੇ ਤੋਂ ਖਤਰਾ ਹੋਵੇ।” ਕਹਿ ਕੇ ਝੰਮਾ ਹੱਸਣ ਲੱਗਦਾ ਹੈ।
ਝੰਮੇ ਦੇ ਆਉਣ ਤੋਂ ਬਾਅਦ ਪੱਚੀ ਨੰਬਰ ਦਾ ਮਾਹੌਲ ਜੋਧਾ ਸਿੰਘ ਲਈ ਕੁਝ ਸੁਖਾਵਾਂ ਹੋ ਜਾਂਦਾ ਹੈ। ਉਹ ਕਿਰਾਇਆ ਲੈਣ ਆਇਆ ਉਥੇ ਬੈਠ ਕੇ ਗਲਾਸੀ ਵੀ ਲਾਉਣ ਲੱਗਦਾ ਹੈ। ਝੰਮਾ ਪੱਬ ਨੂੰ ਘੱਟ ਜਾਂਦਾ ਹੈ। ਫੌਜੀ ਮੁੰਡਿਆਂ ਵਿਚੋਂ ਜਿਹੜੇ ਪੈਸੇ ਬਚਾਉਣ ਦੇ ਮੂਡ ਵਿਚ ਹੁੰਦੇ ਹਨ ਉਹ ਪੱਬ ਜਾਣਾ ਪਸੰਦ ਨਹੀਂ ਕਰਦੇ। ਪੱਬ ਮਹਿੰਗਾ ਪੈਂਦਾ ਹੈ। ਘਰ ਬੈਠ ਕੇ ਭਾਵੇਂ ਜਿੰਨੀ ਮਰਜ਼ੀ ਪੀ ਲਓ ਸਸਤੀ ਪਵੇਗੀ। ਵੈਸੇ ਵੀ ਸਾਊਥਾਲ ਦੇ ਪੱਬ ਹੁਣ ਪਹਿਲਾਂ ਵਾਂਗ ਨਹੀਂ ਭਰਦੇ। ਗਾਹਕਾਂ ਨੂੰ ਖਿੱਚਣ ਲਈ ਮਾਲਕ ਕਈ ਕਿਸਮ ਦੇ ਤਰੱਦਦ ਕਰ ਰਹੇ ਹਨ। ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ। ਦੇਸੀ ਜਿਹੇ ਨਾਂ ਰੱਖ ਕੇ ਤੇ ਦੇਸੀ ਮਾਹੌਲ ਕਾਇਮ ਕਰਕੇ ਜਨਤਾ ਉਪਰ ਪ੍ਰਭਾਵ ਪਾਉਣ ਦੇ ਯਤਨ ਕਰਦੇ ਹਨ ਫਿਰ ਵੀ ਸਾਊਥਾਲ ਦੇ ਬਹੁਤ ਥੋੜ੍ਹੇ ਪੱਬ ਹਨ ਜਿਹੜੇ ਕਾਮਯਾਬੀ ਨਾਲ ਚੱਲ ਰਹੇ ਹਨ। ਹਾਲੇ ਸਾਊਥਾਲ ਦੇ ਨੇੜਲੇ ਟਾਊਨਾਂ ਦੇ ਜ਼ਿਆਦਾ ਭਰ ਜਾਂਦੇ ਹਨ।
ਮੀਕਾ ਪੱਬ ਆਉਣ ਦਾ ਸ਼ੌਕੀਨ ਹੈ ਤੇ ਉਸ ਦਾ ਇਕ ਦੋਸਤ ਹੈ ਜੈਲਾ। ਜੈਲਾ ਤੇ ਮੀਕਾ ਇਕੱਠੇ ਪੱਬ ਨੂੰ ਨਿਕਲਿਆ ਕਰਦੇ ਹਨ। ਖਾਸ ਤੌਰ 'ਤੇ ਸ਼ਨਿਚਰਵਾਰ ਦੀ ਰਾਤ ਨੂੰ। ਮੀਕਾ ਕਿਹਾ ਕਰਦਾ ਹੈ,
“ਜੈਲਿਆ, ਜਿਹੜੇ ਮਰਜ਼ੀ ਪੱਬ ਨੂੰ ਲੈ ਚੱਲ ਪਰ ਗੋਰਿਆਂ ਦੇ ਪੱਬ ਵਿਚ ਨਾ ਲੈ ਕੇ ਜਾਈਂ, ਸਾਲੇ ਦੇਖਦੇ ਈ ਬਰੂ ਖਾਧੀ ਮੱਝ ਵਾਂਗ ਐ, ਬੀਅਰ ਕੀ ਚੜ੍ਹਨੀ ਹੋਈ।”
ਕਈ ਵਾਰ ਮੀਕਾ ਤੇ ਜੈਲਾ ਪੱਚੀ ਨੰਬਰ ਵਿਚੋਂ ਆ ਕੇ ਝੰਮੇ, ਨਿੰਮੇ ਬਗੈਰਾ ਨੂੰ ਵੀ ਲੈ ਜਾਇਆ ਕਰਦੇ ਹਨ। ਜਦ ਇਕੱਠੇ ਹੋ ਜਾਣ ਤਾਂ ਘੁੰਮ ਫਿਰ ਕੇ ਬੀਅਰ ਪੀਆ ਕਰਦੇ ਹਨ। ਇਕ ਗਲਾਸ ਇਸ ਪੱਬ ਵਿਚ ਤੇ ਇਕ ਓਸ ਵਿਚ। ਉਸ ਦਿਨ ਵੀ ਉਹ ਪੱਚੀ ਨੰਬਰ ਵਿਚ ਨਿੰਮੇ ਨੂੰ ਫੋਨ ਕਰ ਦਿੰਦੇ ਹਨ ਕਿ ਪੱਬ ਜਾਣ ਨੂੰ ਤਿਆਰ ਹੋ ਜਾਓ। ਜੈਲੇ ਦੀ ਕਾਰ ਹੈ। ਉਹ ਕਹਿੰਦਾ ਹੈ,
“ਅੱਜ ਬਈ ਤੁਹਾਨੂੰ ਐਪਲ ਟਰੀ ਵਿਚ ਲੈ ਕੇ ਚੱਲਦੇ ਆਂ।”
“ਇਹ ਕਿਥੇ ਹੋਇਆ ਬਈ ਤੇਰਾ ਐਪਲ ਟਰੀ ?.. ਨਾਂ ਤਾਂ ਗੋਰਿਆਂ ਵਾਲਾ ਲੱਗਦੈ।”
“ਮੀਕਿਆ, ਗੋਰਿਆਂ ਤੋਂ ਦੂਰ ਭੱਜੀਏ ਤਾਂ ਵਿੱਥ ਵੱਧਣ ਲੱਗਦੀ ਐ, ਇਨ੍ਹਾਂ ਦੇ ਨੇੜੇ ਰਹਿ ਕੇ, ਇਨ੍ਹਾਂ ਦੇ ਵਿਚ ਰਹਿ ਕੇ ਆਪਣੀ ਹੋਂਦ ਚਿਤਾਰਨੀ ਚਾਹੀਦੀ ਐ ਕਿ ਅਸੀਂ ਵੀ ਹੈਗੇ ਆਂ।”
“ਆਹੋ, ਹੋਂਦ ਚਿਤਾਰਦੇ ਚਿਤਾਰਦੇ ਜਾਂ ਸਾਡਾ ਉਹ ਮੂੰਹ ਭੰਨ ਜਾਣ ਜਾਂ ਫਿਰ ਅਸੀਂ ਉਨ੍ਹਾਂ ਦੇ ਦੰਦ ਤੋੜ ਦੇਈਏ।”
“ਸਾਰੇ ਗੋਰੇ ਨਸਲਵਾਦੀ ਨਹੀਂ ਹੁੰਦੇ, ਜੇ ਏਹੀ ਗੱਲ ਐ ਤਾਂ ਆਪਾਂ ਕਿਹੜੇ ਘੱਟ ਨਸਲਵਾਦੀ ਆਂ।”
“ਗੱਲ ਸੁਣ ਓਏ ਜੈਲਿਆ, ਜਿੱਦਾਂ ਕਹਿੰਦੇ ਹੁੰਦੇ ਆ ਕਿ ਤੂੰ ਸਾਡੇ ਵੱਲ ਦਾ ਐਂ ਕਿ ਸ਼ੈਤਾਨ ਵੱਲ ਦਾ ?”
“ਮੀਕਿਆ, ਮੂਡ ਨਾ ਖਰਾਬ ਕਰ, ਦੱਸ ਕਿਥੇ ਜਾਣੈ, ਜਿਥੇ ਕਹੋਂ ਲੈ ਜਾਊਂ।”
ਮੀਕੇ ਦੇ ਬੋਲਣ ਤੋਂ ਪਹਿਲਾਂ ਹੀ ਮਿੰਦੀ ਕਹਿੰਦਾ ਹੈ,
“ਮੀਕਾ ਤਾਂ ਐਵੇਂ ਈ ਭੋਰਨ ਲੱਗ ਪੈਂਦੈ, ਤੇਰੇ ਹੱਥ 'ਚ ਸਟੇਅਰਿੰਗ ਐ, ਜਿਥੇ ਮਰਜ਼ੀ ਲੈ ਚੱਲ।”
ਜੈਲਾ ਕਾਰ ਨੂੰ ਗਰੇਟ ਵੈਸਟ ਰੋਡ 'ਤੇ ਪਾ ਲੈਂਦਾ ਹੈ। ਏਅਰਪੋਰਟ ਲੰਘ ਕੇ ਵੱਡਾ ਸਾਰਾ ਪੱਬ ਹੈ। ਸੌ ਕਾਰਾਂ ਜੋਗਾ ਕਾਰ ਪਾਰਕ ਵੀ ਨਾਲ ਹੈ। ਪੱਬ ਭਰਿਆ ਪਿਆ ਹੈ। ਬੈਠਣ ਲਈ ਕੋਈ ਕੁਰਸੀ ਜਾਂ ਸੀਟ ਨਹੀਂ ਬਚੀ। ਉਹ ਇਕ ਪਾਸੇ ਖੜਦੇ ਹੋਏ ਗਲਾਸ ਭਰਾਉਂਦੇ ਹਨ ਤੇ ਇਕ ਉਚੇ ਸਾਰੇ ਮੇਜ਼ ਦੁਆਲੇ ਖੜ ਕੇ ਪੀਣ ਲੱਗਦੇ ਹਨ। ਮੀਕਾ ਆਲਾ ਦੁਆਲਾ ਦੇਖਦਾ ਕਹਿੰਦਾ ਹੈ,
“ਬੱਲੇ ਬੱਲੇ ਬਈ ਇੰਨੇ ਗੋਰੇ ਮੈਂ ਪਹਿਲੀ ਵਾਰੀ ਦੇਖ ਆ! ਅਜ ਪਊ ਪੰਗਾ।”
“ਓਹ ਦੇਖ ਓਏ, ਆਪਣੀ ਕੁੜੀ ਗੋਰੇ ਨਾਲ।”
ਮਿੰਦੀ ਇਕ ਕੋਨੇ ਵਲ ਦੇਖਦਾ ਕਹਿ ਉਠਦਾ ਹੈ। ਨਿੰਮਾ ਦੂਜੇ ਪਾਸੇ ਦੇਖਦਾ ਬੋਲਦਾ ਹੈ,
“ਏਧਰ ਦੇਖ, ਔਹ ਕਾਲਾ ਵੀ ਆਪਣੀ ਈ ਲਈ ਬੈਠਾ।”
ਝੰਮਾ ਕਹਿਣ ਲੱਗਦਾ ਹੈ,
“ਏਹਦੇ ਵਿਚ ਹੈਰਾਨੀ ਦੀ ਕਿਹੜੀ ਗੱਲ ਐ, ਹੁਣ ਤਾਂ ਇਹ ਆਮ ਐ। ਜਦ ਅਸੀਂ ਉਨ੍ਹਾਂ ਦੀਆਂ ਲਈ ਫਿਰਦੇ ਆਂ ਤਾਂ ਉਨ੍ਹਾਂ ਨੇ ਵੀ ਸਾਡੀਆਂ ਨਾਲ ਫਿਰਨਾ ਈ ਹੋਇਆ।”
“ਵੈਸੇ ਮੈਂ ਇਕ ਗੱਲ ਦੇਖੀ ਐ ਕਿ ਸਾਊਥਾਲ ਵਿਚ ਓਪਰੀਆਂ ਜਿਹੀਆਂ ਕੁੜੀਆਂ ਈ ਘੁੰਮਦੀਆਂ ਹੁੰਦੀਆਂ, ਲੋਕਲ ਕੁੜੀਆਂ ਪਤਾ ਨਹੀਂ ਕਿਥੇ ਮਰ ਜਾਂਦੀਆਂ, ਅੰਦਰੋਂ ਈ ਨਹੀਂ ਨਿਕਲਦੀਆਂ।”
“ਸਾਊਥਾਲ ਦੀਆਂ ਕੁੜੀਆਂ ਬਾਹਰ ਨੂੰ ਨਿਕਲ ਜਾਂਦੀਆਂ, ਸੈਂਟਰਲ ਲੰਡਨ ਦੇ ਪੱਬਾ ਕਲੱਬਾਂ ਨੂੰ।”
ਉਹ ਆਲਾ ਦੁਆਲਾ ਬਹੁਤ ਘੂਰ ਘੂਰ ਕੇ ਦੇਖ ਰਹੇ ਹਨ। ਜੈਲਾ ਉਨ੍ਹਾਂ ਨੂੰ ਰੋਕਦਾ ਹੋਇਆ ਆਖਦਾ ਹੈ,
“ਓ ਏਦਾਂ ਭੁੱਖਿਆਂ ਵਾਂਗੂੰ ਨਹੀਂ ਦੇਖੀ ਜਾਈਦਾ, ਕੋਈ ਗੁੱਸਾ ਕਰ ਜਾਊ ਤੇ ਝਗੜਾ ਹੋ ਜਾਊ।”
ਨਿੰਮਾ ਕਹਿਣ ਲੱਗਦਾ ਹੈ,
“ਸੁਖਵਿੰਦਰ ਸੱਚ ਈ ਕਹਿੰਦਾ।”
“ਕਿਹੜਾ ਸੁਖਵਿੰਦਰ ਬਈ ਤੇ ਕੀ ਕਹਿੰਦੈ?”
“ਸੁਖਵਿੰਦਰ, ਮੇਰਾ ਮਸੇਰ, ਬੀ.ਏ. ਪਾਸ ਐ, ਉੱਚਾ ਲੰਮਾ ਕਿਸੇ ਹੀਰੋ ਵਰਗਾ ਸੁਨੱਖਾ ਕਹਿੰਦੈ ਬਈ ਇਥੇ ਦੀਆਂ ਜੰਮੀਆਂ ਕੁੜੀਆਂ ਇੰਡੀਅਨਾਂ ਨੂੰ ਪਸੰਦ ਨਹੀਂ ਕਰਦੀਆਂ।”
“ਕਿਉਂ ਬਈ?”
“ਇਹ ਕਾਲਿਆਂ ਨੂੰ ਈ ਲਾਈਕ ਕਰਦੀਆਂ, ਇਹ ਕਾਲੇ ਤੀਵੀਂ ਸਾਂਭਣ ਵਿਚ ਵਾਧੂ ਐ।”
“ਓ ਨਹੀਂ ਬਈ, ਗੱਲ ਇਹ ਐ ਕਿ ਇਹ ਪੈਸੇ ਵੀ ਖਰਚਦੇ ਆ, ਸਾਡੀਆਂ ਤਾਂ ਪੰਜਾਹ ਜ਼ਿੰਮੇਵਾਰੀਆਂ ਹੁੰਦੀਆਂ, ਸਾਡੇ ਸਮਾਜ ਦੀ ਬਣਤਰ ਈ ਏਦਾਂ ਦੀ ਐ ਕਿ ਸਾਨੂੰ ਸਾਰੇ ਰਿਸ਼ਤੇਦਾਰਾਂ ਦਾ ਧਿਆਨ ਰੱਖਣਾ ਪੈਂਦਾ ਪਰ ਇਹ ਹੋਏ, ਗੋਰੇ ਹੋਏ ਇਨ੍ਹਾਂ ਨੇ ਧੀ ਵਿਆਹੁਣੀ ਨਹੀਂ ਤੇ ਤੋਰਨੀ ਨਹੀਂ ਤੇ ਨੂੰਹ ਘਰ ਲਿਆਉਣੀ ਨਹੀਂ। ਇਹ ਜੋ ਕਮਾਉਂਦੇ ਆ ਏਦਾਂ ਤੀਵੀਆਂ ਪਟਾਉਣ 'ਤੇ ਈ ਖਰਚ ਦਿੰਦੇ ਆ ਤੇ ਕੁੜੀਆਂ ਨੇ ਆਪੇ ਇਨ੍ਹਾਂ ਮਗਰ ਲੱਗਣਾ ਹੋਇਆ।”
ਉਨ੍ਹਾਂ ਦੀ ਆਵਾਜ਼ ਕੁਝ ਉਚੀ ਹੈ। ਜੈਲੇ ਨੂੰ ਇਹ ਗੱਲ ਚੰਗੀ ਨਹੀਂ ਲੱਗ ਰਹੀ। ਉਹ ਕਹਿੰਦਾ ਹੈ,
“ਲੱਗਦਾ ਨਹੀਂ ਬਈ ਇਥੇ ਬੈਠਣ ਨੂੰ ਥਾਂ ਮਿਲੇ, ਗਲਾਸ ਮੁਕਾਓ ਤੇ ਚਲੋ ਕਿਸੇ ਹੋਰ ਪੱਬ ਚੱਲਦੇ ਆਂ, ਖੜ ਕੇ ਪੀਣ ਦਾ ਮਜ਼ਾ ਨਹੀਂ ਆ ਰਿਹਾ।”
ਮੀਕਾ ਕਹਿਣ ਲੱਗਦਾ ਹੈ,
“ਚਲੋ ਬਈ, ਮੇਰੇ ਤੋਂ ਨਹੀਂ ਝੱਲ ਹੁੰਦੀਆਂ ਗੈਰਾਂ ਨਾਲ ਬੈਠੀਆਂ, ਮੇਰੇ ਤੋਂ ਕੋਈ ਕੁੱਟ ਹੋ ਜਾਣੈ।”
ਸਾਰੇ ਹੱਸਦੇ ਹਨ ਤੇ ਗਲਾਸ ਖਾਲੀ ਕਰਦੇ ਤੁਰ ਪੈਂਦੇ ਹਨ। ਅਚਾਨਕ ਨਿੰਮਾ ਕਹਿ ਉਠਦਾ ਹੈ,
“ਓਹ ਦੇਖੋ ਓਏ, ਦੁੰਮਣ ਦੀ ਛੋਟੀ ਕਾਲੇ ਨਾਲ...।”
ਚਲਦਾ…