ਸਕੌਟ ਐਵੇਨਿਊ ਉਪਰ ਪੁਲਿਸ ਦੀਆਂ ਕਾਰਾਂ ਹੀ ਕਾਰਾਂ ਹਨ। ਇਕ ਐਂਬੂਲੈਂਸ ਵੀ ਖੜੀ ਹੈ। ਸਕੌਟ ਐਵੇਨਿਊ ਪਾਰਕ ਰੋਡ ਤੇ ਕੈਸਲ ਐਵੇਨਿਊ ਨੂੰ ਮਿਲਾਉਂਦੀ ਹੈ। ਸਵੇਰੇ ਫੈਕਟਰੀ ਜਾਣ ਲਈ ਪਰਦੁੱਮਣ ਸਿੰਘ ਪਾਰਕ ਰੋਡ ਉਪਰੋਂ ਦੀ ਹੀ ਲੰਘ ਕੇ ਜਾਂਦਾ ਤੇ ਆਉਂਦਾ ਹੈ। ਪੁਲਿਸ ਦੀਆਂ ਕਾਰਾਂ ਕਾਰਨ ਸਕੌਟ ਐਵੇਨਿਊ ਬੰਦ ਕੀਤੀ ਹੋਈ ਹੈ। ਪਰਦੁੱਮਣ ਸਿੰਘ ਤੇ ਗਿਆਨ ਕੌਰ ਫੈਕਟਰੀ ਤੋਂ ਘਰ ਨੂੰ ਜਾ ਰਹੇ ਹਨ। ਉਹ ਕਹਿੰਦਾ ਹੈ,
“ਕੋਈ ਵੱਡਾ ਕਾਰਾ ਹੋਇਆ ਲੱਗਦੈ।”
ਗਿਆਨ ਕੌਰ ਕੁਝ ਨਹੀਂ ਬੋਲਦੀ ਤੇ ਕਾਰਾਂ ਵੱਲ ਦੇਖਦੀ ਰਹਿੰਦੀ ਹੈ। ਉਹ ਦਿਨ ਭਰ ਦੇ ਕੰਮ ਨਾਲ ਥੱਕੀ ਪਈ ਹੈ। ਪਰਦੁੱਮਣ ਸਿੰਘ ਫਿਰ ਆਖਣ ਲੱਗਦਾ ਹੈ,
“ਕੁਲਬੀਰੋ ਵੀ ਇਸੇ ਰੋਡ 'ਤੇ ਈ ਰਹਿੰਦੀ ਐ ਨਾ ?”
“ਹਾਂ, ਬਹੱਤਰ ਨੰਬਰ 'ਚ।”
ਕੁਲਬੀਰੋ ਦਾ ਚੇਤਾ ਆਉਂਦਿਆਂ ਹੀ ਗਿਆਨ ਕੌਰ ਨੂੰ ਫਿਕਰ ਹੋ ਜਾਂਦਾ ਹੈ ਤੇ ਕਹਿੰਦੀ ਹੈ,“ਕੋਈ ਵੱਡਾ ਕਾਰਾ ਹੋਇਆ ਲੱਗਦੈ।”
ਗਿਆਨ ਕੌਰ ਕੁਝ ਨਹੀਂ ਬੋਲਦੀ ਤੇ ਕਾਰਾਂ ਵੱਲ ਦੇਖਦੀ ਰਹਿੰਦੀ ਹੈ। ਉਹ ਦਿਨ ਭਰ ਦੇ ਕੰਮ ਨਾਲ ਥੱਕੀ ਪਈ ਹੈ। ਪਰਦੁੱਮਣ ਸਿੰਘ ਫਿਰ ਆਖਣ ਲੱਗਦਾ ਹੈ,
“ਕੁਲਬੀਰੋ ਵੀ ਇਸੇ ਰੋਡ 'ਤੇ ਈ ਰਹਿੰਦੀ ਐ ਨਾ ?”
“ਹਾਂ, ਬਹੱਤਰ ਨੰਬਰ 'ਚ।”
“ਉਹ ਤਾਂ ਅੱਜ ਕੰਮ 'ਤੇ ਵੀ ਨਹੀਂ ਆਈ, ਮੈਂ ਘਰ ਫੋਨ ਕੀਤਾ ਸੀ ਕਿਸੇ ਨੇ ਨਹੀਂ ਚੁੱਕਿਆ। ਕਿਤੇ ਉਹਦੇ ਘਰ ਈ ਕੋਈ ਵਾਰਦਾਤ ਨਾ ਵਾਪਰ ਗਈ ਹੋਵੇ, ਉਹ ਦਾਦੇ ਮਗੌਣਾ ਰੇਸ਼ੂ ਹੈ ਵੀ ਏਦਾਂ ਦਾ ਈ।”
“ਦੇਖ ਕੇ ਆਈਏ ਜ਼ਰਾ।”
ਪਰਦੁੱਮਣ ਸਿੰਘ ਆਖਦਾ ਹੈ ਪਰ ਫਿਰ ਕਹਿੰਦਾ ਹੈ,
“ਪੁਲਿਸ ਨੇ ਰੋਡ ਈ ਬੰਦ ਕੀਤੀ ਹੋਈ ਆ।”
ਪਰਦੁੱਮਣ ਸਿੰਘ ਕਾਰ ਰੋਕ ਲੈਂਦਾ ਹੈ। ਉਸ ਦਾ ਦਿਲ ਕਰਦਾ ਕਿ ਪਤਾ ਕਰਕੇ ਆਵੇ। ਰੇਸ਼ੂ ਉਪਰ ਉਸ ਨੂੰ ਵੀ ਯਕੀਨ ਹੈ ਕਿ ਕੋਈ ਵੀ ਉਲਟਾ ਕੰਮ ਕਰ ਸਕਦਾ ਹੈ। ਉਹ ਉਤਰਨ ਲੱਗਦਾ ਹੈ ਤਾਂ ਗਿਆਨ ਕੌਰ ਉਸ ਦੀ ਬਾਂਹ ਫੜ ਲੈਂਦੀ ਹੈ,
“ਜੀ, ਅਸੀਂ ਕੀ ਲੈਣਾ ਚਲੋ ਘਰ ਨੂੰ ਚੱਲਦੇ ਆਂ। ਪਵਨ ਉਡੀਕਦੀ ਹੋਊ।”
ਪਰਦੁੱਮਣ ਸਿੰਘ ਮੁੜ ਕਾਰ ਵਿਚ ਠੀਕ ਹੋ ਕੇ ਬੈਠ ਜਾਂਦਾ ਹੈ। ਸਾਹਮਣੇ ਦੋ ਔਰਤਾਂ ਮੂੰਹ ਮੁਹਰੇ ਕੱਪੜਾ ਦੇਈ ਗੱਲਾਂ ਕਰਦੀਆਂ ਆ ਰਹੀਆਂ ਹਨ। ਉਹ ਗਿਆਨ ਕੌਰ ਨੂੰ ਕਹਿੰਦਾ ਹੈ,
“ਇਨ੍ਹਾਂ ਨੂੰ ਪਤਾ ਹੋਊ, ਪੁੱਛ ਜ਼ਰਾ।”
ਗਿਆਨ ਕੌਰ ਉਤਰ ਕੇ ਉਨ੍ਹਾਂ ਔਰਤਾਂ ਕੋਲ ਜਾਂਦੀ ਹੈ। ਸਲਵਾਰ ਸੂਟ ਤੋਂ ਪਤਾ ਸਾਫ ਹੈ ਕਿ ਪੰਜਾਬਣਾਂ ਹਨ। ਗਿਆਨ ਕੌਰ ਪੁੱਛਦੀ ਹੈ,
“ਭੈਣੋ, ਕੀ ਹੋਇਆ? ਏਨੀ ਪੁਲਿਸ ਕਾਹਤੋਂ ਖੜੀ ਆ ?”
“ਕੀ ਦੱਸੀਏ ਭੈਣ ਜੀ, ਹਨੇਰੀ ਵਗ ਗਈ, ਏਥੇ ਰਹਿੰਦੇ ਇਕ ਬੰਦੇ ਨੇ ਆਪਣੀ ਸਾਲੀ ਮਾਰ ਦਿੱਤੀ ਤੇ ਨਾਲ ਈ ਆਪ ਫਾਹਾ ਲੈ ਲਿਆ।”
“ਂ ਹੈਂ!”
ਕਹਿੰਦੀ ਗਿਆਨ ਕੌਰ ਉਥੇ ਹੀ ਬੈਠ ਜਾਂਦੀ ਹੈ। ਪਰਦੁੱਮਣ ਸਿੰਘ ਬਾਹਰ ਨਿਕਲ ਕੇ ਗਿਆਨ ਕੌਰ ਨੂੰ ਸੰਭਾਲਦਾ ਹੈ ਤੇ ਉਨ੍ਹਾਂ ਔਰਤਾਂ ਨੂੰ ਪੁੱਛਦਾ ਹੈ,
“ਕਿੰਨੇ ਨੰਬਰ ਦੀ ਗੱਲ ਐ ਇਹ ?”
“ਨੰਬਰ ਤਾਂ ਭਰਾ ਜੀ ਪਤਾ ਨਹੀਂ, ਗੱਭੇ ਜਿਹੇ ਨੀਲੇ ਡੋਰਾਂ ਵਾਲਾ ਘਰ ਐ।”
“ਬਹੱਤਰ ਨੰਬਰ ਤਾਂ ਨਹੀਂ?”
“ਹਾਂ ਜੀ, ਬਹੱਤਰ ਨੰਬਰ ਈ ਐ, ਬੰਦਾ ਏਦਾਂ ਦਾ ਬਦਮਾਸ਼ ਜਿਹਾ ਈ ਸੀ।”
ਉਨ੍ਹਾਂ ਵਿਚੋਂ ਇਕ ਔਰਤ ਕਹਿੰਦੀ ਹੈ ਤੇ ਉਸ ਇਸ ਘਟਨਾ ਨੂੰ ਕੋਸਦੀਆਂ ਅੱਗੇ ਨਿਕਲ ਜਾਂਦੀਆਂ ਹਨ। ਪਰਦੁੱਮਣ ਸਿੰਘ ਗਿਆਨ ਕੌਰ ਨੂੰ ਕਾਰ ਵਿਚ ਬੈਠਾਲਦਾ ਕਹਿੰਦਾ ਹੈ,
“ਤੂੰ ਕਿਉਂ ਮਰਨ ਨੂੰ ਫਿਰਦੀ ਐਂ ! ਸਾਡੀ ਕੀ ਲੱਗਦੀ ਸੀ ?”
ਗਿਆਨ ਕੌਰ ਰੋਣ ਲੱਗਦੀ ਹੈ ਤੇ ਕਹਿੰਦੀ ਹੈ,
“ਮੈਨੂੰ ਲੱਗਦਾ ਸੀ ਕਿ ਕੁਸ਼ ਨਾ ਕੁਸ਼ ਹੋਊ।”
“ਤੈਨੂੰ ਦੱਸਦੀ ਸੀ ਕੁਸ਼ ?”
“ਰੋਜ਼ ਰੋਂਦੀ ਸੀ ਮੇਰੇ ਕੋਲ। ਰੇਸ਼ੂ ਬਹੁਤ ਕੁੱਤਾ ਬੰਦਾ ਸੀ। ਏਹਦੇ ਸਾਰੇ ਪੈਸੇ ਖਾਈ ਜਾਂਦਾ ਸੀ। ਏਹਨੇ ਦਸ ਹਜ਼ਾਰ ਪੌਂਡ ਜੋੜਿਆ ਹੋਇਆ ਸੀ, ਉਹਨੂੰ ਪਤਾ ਲੱਗ ਗਿਆ। ਪੈਸਿਆਂ ਦੀ ਖਾਤਰ ਕੁਲਬੀਰੋ ਨੂੰ ਕੁੱਟਣ ਮਾਰਨ ਲੱਗਦਾ ਸੀ।”
ਕਹਿੰਦੀ ਉਹ ਫਿਰ ਰੋਣ ਲੱਗਦੀ ਹੈ। ਕੁਝ ਦੇਰ ਬਾਅਦ ਅੱਖਾਂ ਪੂੰਝਦੀ ਆਖਦੀ ਹੈ,
“ਇਕ ਦਿਨ ਮੈਨੂੰ ਕਹਿੰਦੀ ਸੀ ਕਿ ਮੈਨੂੰ ਆਪਣੇ ਘਰ ਰੱਖ ਲਵੋ ਨਹੀਂ ਤਾਂ ਰੇਸ਼ੂ ਨੇ ਮੈਨੂੰ ਮਾਰ ਦੇਣਾ।”
“ਤੇ ਫੇਰ ਤੂੰ ਰੱਖ ਲੈਂਦੀ, ਵਿਚਾਰੀ ਦਾ ਆਹ ਹਾਲ ਤਾਂ ਨਾ ਹੁੰਦਾ।”
ਪਰਦੁੱਮਣ ਸਿੰਘ ਕਹਿੰਦਾ ਹੈ। ਗਿਆਨ ਕੌਰ ਬੋਲਦੀ ਹੈ,
“ਮੈਂ ਕਿਹਾ ਰੇਸ਼ੂ ਸਾਡੇ ਪੇਸ਼ ਪੈ ਜਾਊ, ਅਸੀਂ ਇੱਜ਼ਤ ਵਾਲੇ ਆਂ..।”
ਪਰਦੁੱਮਣ ਸਿੰਘ ਕੁਲਬੀਰੋ ਬਾਰੇ ਸੋਚਦਾ ਜਾ ਰਿਹਾ ਹੈ। ਘਰ ਆ ਕੇ ਗਿਆਨ ਕੌਰ ਘਰ ਦੇ ਕੰਮ ਵਿਚ ਰੁੱਝ ਜਾਂਦੀ ਹੈ। ਪਰਦੁੱਮਣ ਸਿੰਘ ਆਪਣੇ ਲਈ ਡਰਿੰਕ ਬਣਾ ਕੇ ਟੈਲੀ ਮੁਹਰੇ ਜਾ ਬੈਠਦਾ ਹੈ। ਪਰ ਉਸ ਦੀਆਂ ਅੱਖਾਂ ਅਗੇ ਕੁਲਬੀਰੋ ਹੀ ਘੁੰਮੀ ਜਾ ਰਹੀ ਹੈ। ਜੇ ਉਹ ਉਸ ਨੂੰ ਸਹਾਰਾ ਦੇ ਦਿੰਦੇ ਤਾਂ ਕੁਲਬੀਰੋ ਬਚ ਵੀ ਜਾਂਦੀ ਤੇ ਉਸ ਦੇ ਵੀ ਕਿਸੇ ਕੰਮ ਆ ਗਈ ਹੁੰਦੀ। ਉਸ ਨੂੰ ਕੁਲਬੀਰੋ ਦੀ ਮੌਤ ਦਾ ਅਫਸੋਸ ਹੋਣ ਲੱਗਦਾ ਹੈ। ਗਿਆਨ ਕੌਰ ਰੋਟੀ ਦੇਣ ਲੱਗਦੀ ਹੈ ਤਾਂ ਉਹ ਕਹਿੰਦਾ ਹੈ,
“ਜੇ ਉਹ ਰੇਸ਼ੂ ਨੂੰ ਦਸ ਹਜ਼ਾਰ ਦੇ ਦਿੰਦੀ ਤਾਂ ਆਹ ਭੰਗ ਦੇ ਭਾੜੇ ਤਾਂ ਨਾ ਮਰਦੀ।”
ਗਿਆਨ ਕੌਰ ਫਿਰ ਰੋਣ ਲੱਗਦੀ ਹੈ।
ਸੌਣ ਵੇਲੇ ਗਿਆਨ ਕੌਰ ਉਸ ਨੂੰ ਕਹਿੰਦੀ ਹੈ,
“ਜੀ, ਇਕ ਗੱਲ ਦੱਸਾਂ।”
“ਕੀ ਆ ?”
“ਕੁਲਬੀਰੋ ਨੇ ਦਸ ਹਜ਼ਾਰ ਮੇਰੇ ਕੋਲ ਰੱਖਿਆ ਹੋਇਆ ਸੀ।”
ਪਰਦੁੱਮਣ ਸਿੰਘ ਝਟਕੇ ਨਾਲ ਉਠ ਬੈਠਦਾ ਹੈ ਤੇ ਕਹਿੰਦਾ ਹੈ,
“ਕੀ ?”
“ਹਾਂ, ਮੈਨੂੰ ਕਹਿੰਦੀ ਸੀ ਲੋੜ ਪਈ ਤਾਂ ਲੈ ਲਊਂ।”
ਪਰਦੁੱਮਣ ਸਿੰਘ ਸੋਚਾਂ ਵਿਚ ਪੈ ਜਾਂਦਾ ਹੈ। ਗਿਆਨ ਕੌਰ ਪੁੱਛਦੀ ਹੈ,
“ਜੀ, ਏਹਦਾ ਹੁਣ ਕੀ ਕਰੀਏ? ਉਹਦੇ ਬੁੱਢੇ ਮਾਂ–ਪਿਓ ਨੂੰ ਭੇਜ ਦੇਈਏ?”
“ਤੂੰ ਕਮਲੀ ਹੋ ਗਈ ਐਂ!.. ਜਿਹੜੇ ਮਾਂ–ਪਿਓ ਨੇ ਕੁਲਬੀਰੋ ਦੀ ਕਦਰ ਨਹੀਂ ਪਾਈ, ਕੁਆਰੀ ਕੁੜੀ ਏਸ ਕਸਾਈ ਨਾਲ ਤੋਰ ਦਿੱਤੀ ਉਨ੍ਹਾਂ ਨੂੰ ਕਾਹਦੇ ਪੈਸੇ।”
“ਫੇਰ ਕੀ ਕਰਾਂਗੇ ਇਨ੍ਹਾਂ ਦਾ ?”
“ਤੂੰ ਐਵੇਂ ਕਾਹਲੀ ਨਾ ਪੈ, ਤੇਲ ਦੇਖ, ਤੇਲ ਦੀ ਧਾਰ ਦੇਖ।”
ਕਹਿੰਦਾ ਪਰਦੁੱਮਣ ਸਿੰਘ ਸੌਣ ਦੀ ਕੋਸਿ਼ਸ਼ ਕਰਨ ਲਗਦਾ ਹੈ।
ਫੈਕਟਰੀ ਵਿਚ ਕੁਲਬੀਰੋ ਦੀ ਮੌਤ ਕਾਰਨ ਸੋਗ ਫੈਲ ਜਾਂਦਾ ਹੈ। ਹਰ ਕੋਈ ਉਦਾਸ ਹੈ। ਔਰਤਾਂ ਰੋ ਰਹੀਆਂ ਹਨ। ਮੀਕਾ ਰੇਸ਼ੂ ਨੂੰ ਗਾਲ੍ਹਾਂ ਕੱਢੀ ਜਾ ਰਿਹਾ ਹੈ। ਰੇਡੀਓ ਉਪਰ ਵੀ ਵਾਰ ਵਾਰ ਇਸ ਦੋਹਰੇ ਕਤਲ ਦੀ ਖਬਰ ਆ ਰਹੀ ਹੈ। ਫੈਕਟਰੀ ਵਿਚ ਕੰਮ ਕਰਨ ਨੂੰ ਕਿਸੇ ਦਾ ਦਿਲ ਨਹੀਂ ਕਰ ਰਿਹਾ। ਪਰਦੁੱਮਣ ਸਿੰਘ ਬਾਕੀ ਔਰਤਾਂ ਨੂੰ ਸੁਣਾਉਂਦਾ ਗਿਆਨ ਕੌਰ ਨੂੰ ਕਹਿਣ ਲੱਗਦਾ ਹੈ,
“ਕੱਲ ਦਾ ਆਰਡਰ ਵੀ ਕੱਢਣਾ ਕਿ ਨਹੀਂ ? ਸਵੇਰੇ ਡਲਿਵਰ ਕੀ ਕਰਨੈਂ ?”
ਸਾਰੀਆਂ ਔਰਤਾਂ ਕੰਮ ਨੂੰ ਲੱਗ ਜਾਂਦੀਆਂ ਹਨ। ਗਿਆਨ ਕੌਰ ਵੀ ਸੋਗ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰਦੀ ਹੈ। ਬਲਰਾਮ ਆਪ ਆ ਕੇ ਸਮੋਸੇ ਤਲਣ ਲੱਗ ਜਾਂਦਾ ਹੈ। ਉਸ ਨੂੰ ਵੀ ਫਿਕਰ ਕਿ ਕੰਮ ਵਕਤ ਸਿਰ ਖਤਮ ਹੋ ਜਾਣਾ ਚਾਹੀਦਾ ਹੈ।
ਪਰਦੁੱਮਣ ਸਿੰਘ ਦਾ ਦਿਲ ਨਹੀਂ ਲੱਗ ਰਿਹਾ। ਉਹ ਪੱਬ ਦਾ ਗੇੜਾ ਕੱਢ ਆਉਂਦਾ ਹੈ। ਵਾਪਸ ਫੈਕਟਰੀ ਆਉਂਦਾ ਹੈ ਤਾਂ ਗਿਆਨ ਕੌਰ ਉਪਰ ਦਫਤਰ ਵਿਚ ਉਸ ਕੋਲ ਆ ਜਾਂਦੀ ਹੈ। ਦੱਸਣ ਲੱਗਦੀ ਹੈ,
“ਬੰਤੀ ਦੱਸਦੀ ਆ ਕਿ ਰਾਤੀਂ ਵੀ ਕੁੱਟਿਆ ਸੀ ਰੇਸ਼ੂ ਨੇ ਕੁਲਬੀਰੋ ਨੂੰ, ਰਾਤੀਂ ਤਾਂ ਨਿਆਣਿਆਂ ਨੇ ਛਡਾ 'ਤੀ ਸੀ। ਸਵੇਰੇ ਨਿਆਣੇ ਸਕੂਲ ਚਲੇ ਗਏ। ਰੇਸ਼ੂ ਫੇਰ ਉਹਨੂੰ ਮਾਰਨ ਲੱਗਿਆ, ਏਦਾਂ ਈ ਕਿਤੇ ਉਹਦਾ ਗਲ ਘੁੱਟ 'ਤਾ। ਦੱਸਦੀ ਹੁੰਦੀ ਸੀ ਕਿ ਸਿੱਧਾ ਗਲ ਨੂੰ ਈ ਪੈਂਦਾ। ਬਾਅਦ ਵਿਚ ਸੋਚਿਆ ਹੋਊ ਕਿ ਕੀ ਕਰ ਬੈਠਾਂ ਤੇ ਫਾਹਾ ਲੈ ਲਿਆ। ਸਾਰੀ ਇਨ੍ਹਾਂ ਪੈਸਿਆਂ ਦੀ ਲੜਾਈ ਸੀ।”
ਪਰਦੁੱਮਣ ਸਿੰਘ ਉਸ ਵੱਲ ਦੇਖਣ ਲੱਗਦਾ ਹੈ। ਉਹ ਹੌਲੇ ਜਿਹੇ ਪੁੱਛਦੀ ਹੈ,
“ਹੁਣ ਕੀ ਕਰੀਏ ਇਨ੍ਹਾਂ ਦਾ ?”
“ਤੈਨੂੰ ਇਹ ਥੋੜ੍ਹੇ ਜਿਹੇ ਪੈਸੇ ਈ ਚੁਭੀ ਜਾਂਦੇ ਆ ?”
“ਬੇਗਾਨੀ ਚੀਜ਼ ਅਸੀਂ ਕਾਹਨੂੰ ਰੱਖਣੀ ਆਂ, ਕੁਲਬੀਰੋ ਦੀ ਰੂਹ ਦੁਰਸੀਸ ਦੇਊ ਸਾਨੂੰ, ਅਸੀਂ ਤਾਂ ਪਹਿਲਾਂ ਈ ਦੁਖੀ ਆਂ।”
ਉਸ ਦਾ ਇਸ਼ਾਰਾ ਰਾਜਵਿੰਦਰ ਵੱਲ ਤੇ ਬਲਰਾਮ ਦੇ ਟੁੱਟੇ ਵਿਆਹ ਵੱਲ ਹੈ। ਪਰਦੁੱਮਣ ਸਿੰਘ ਕੁਝ ਸੋਚ ਕੇ ਕਹਿਣ ਲੱਗਦਾ ਹੈ,
“ਦੇਖ, ਤੂੰ ਏਸ ਪੈਸੇ ਦਾ ਧੂੰਆਂ ਤੱਕ ਨਾ ਕੱਢੀਂ, ਨਹੀਂ ਤਾਂ ਪੁਲਿਸ ਨੇ ਤੈਨੂੰ ਖਿੱਚੀ ਫਿਰਨੈਂ ਕਿ ਤੈਨੂੰ ਏਸ ਘਟਨਾ ਬਾਰੇ ਜ਼ਰੂਰ ਕੋਈ ਜਾਣਕਾਰੀ ਹੋਊ। ਤੈਨੂੰ ਪਤੈ ਪੁਲਿਸ ਦੇ ਕੰਮ ਕਿੱਦਾਂ ਦੇ ਹੁੰਦੇ ਆ।”
ਗਿਆਨ ਕੌਰ ਸਮਝਦੀ ਹੋਈ ਹਾਂ ਵਿਚ ਸਿਰ ਹਿਲਾਉਂਦੀ ਹੈ। ਪਰਦੁੱਮਣ ਸਿੰਘ ਨੂੰ ਡਰ ਹੈ ਕਿ ਉਹ ਹਾਲੇ ਵੀ ਕੋਈ ਗਲਤ ਕਦਮ ਚੁੱਕ ਕੇ ਘਰ ਆਈ ਲੱਛਮੀ ਨੂੰ ਠੁਕਰਾ ਸਕਦੀ ਹੈ। ਉਹ ਕਹਿੰਦਾ ਹੈ,
“ਉਹ ਪੈਸੇ ਕਿਥੇ ਪਏ ਆ ?”
“ਘਰੇ ਈ ਮੈਂ ਛੁਪਾ ਕੇ ਰੱਖੇ ਆ।”
“ਏਨੇ ਪੈਸੇ ਘਰ ਥੋੜੋਂ ਰੱਖੀਦੇ ਆ, ਲਿਆ ਮੈਨੂੰ ਫੜਾ ਮੈਂ ਸੰਭਾਲ ਦੇਵਾਂ, ਟਾਈਮ ਆਉਣ 'ਤੇ ਜਿੱਦਾਂ ਕਹੇਂਗੀ ਕਰ ਲਵਾਂਗੇ।
ਬਾਕੀ ਅਗਲੇ ਹਫ਼ਤੇ...