ਸਾਊਥਾਲ (ਕਾਂਡ 52)

       ਹੋਟਲ ਵਿਚ ਘਾਟਾ ਪੈਂਦਿਆਂ ਹੀ ਕਾਰਾ ਆਪਣਾ ਦੁੱਖ ਪਰਦੁੱਮਣ ਸਿੰਘ ਕੋਲ ਸਾਂਝਾ ਕਰਨ ਪੁੱਜਦਾ ਹੈ। ਜ਼ਿਆਦਾ ਖੁਸ਼ੀ ਜਾਂ ਜ਼ਿਆਦਾ ਗਮੀ ਉਹ ਪਰਦੁੱਮਣ ਸਿੰਘ ਨਾਲ ਸਾਂਝਾ ਕਰਿਆ ਕਰਦਾ ਹੈ ਤੇ ਪਰਦੁੱਮਣ ਸਿੰਘ ਉਸ ਨਾਲ। ਦੋਨਾਂ ਨੂੰ ਹੀ ਪਤਾ ਹੈ ਕਿ ਮੁਸ਼ਕਲ ਸਮੇਂ ਉਹ ਇਕ ਦੂਜੇ ਨਾਲ ਖੜਨਗੇ। ਦੋਵਾਂ ਨੂੰ ਹੀ ਇਕ ਦੂਜੇ ਉਪਰ ਭਰੋਸਾ ਹੈ। ਭਾਵੇਂ ਦਿਲਾਂ ਵਿਚ ਕੁਝ ਈਰਖਾ ਵੀ ਹੈ ਖਾਸ ਤੌਰ 'ਤੇ ਕਾਰੇ ਦੇ ਕਿਉਂਕਿ ਪਰਦੁੱਮਣ ਸਿੰਘ ਜਲਦੀ ਹੀ ਇਸ ਮੁਕਾਮ 'ਤੇ ਪੁੱਜ ਗਿਆ ਹੈ। ਕਈ ਵਾਰ ਉਹ ਮਨ ਵਿਚ ਕਹਿਣ ਵੀ ਲੱਗਦਾ ਹੈ ਕਿ ਸਾਲਾ ਸਮੋਸਾਬਾਜ਼ ਨਾ ਹੋਵੇ ਕਿਸੇ ਜਗ੍ਹਾ ਦਾ।
       ਪਰਦੁੱਮਣ ਸਿੰਘ ਬਲਰਾਮ ਲਈ ਕੁੜੀ ਲੱਭਣ ਲੱਗਿਆ ਸੀ ਤਾਂ ਸਭ ਤੋਂ ਪਹਿਲਾਂ ਕਾਰੇ ਨੂੰ ਹੀ ਫੋਨ ਕੀਤਾ ਸੀ ਤੇ ਫਿਰ ਜਦ ਕੁੜੀ ਛੱਡ ਗਈ ਤਾਂ ਕਾਰੇ ਕੋਲ ਹੀ ਸਿੱਧਾ ਜਾਂਦਾ ਹੈ। ਸਤਿੰਦਰ ਲਈ ਵੀ ਮੁੰਡੇ ਦੀ ਦੱਸ ਕਾਰੇ ਨੇ ਹੀ ਪਾਈ ਹੈ। ਰਿਸ਼ਤੇ ਦੀ ਗੱਲ ਚੱਲ ਰਹੀ ਹੈ। ਮੁੰਡਾ ਕੁੜੀ ਇਕ ਦੂਜੇ ਨੂੰ ਪਸੰਦ ਕਰ ਚੁੱਕੇ ਹਨ। ਕੁਝ ਕੁ ਉਪਰਲੀਆਂ ਗੱਲਾਂ ਤਹਿ ਕਰਨ ਵਾਲੀਆਂ ਰਹਿੰਦੀਆਂ ਹਨ ਜਿਵੇਂ ਕਿ ਦਾਜ–ਦਹੇਜ ਜਾਂ ਫਿਰ ਬਰਾਤ ਦੀ ਗਿਣਤੀ ਤੇ ਵਿਆਹ ਦੀਆਂ ਤਰੀਕਾਂ।
       ਹੋਟਲ ਵਿਚ ਘਾਟਾ ਪੈਣ 'ਤੇ ਉਹ ਸਿੱਧਾ ਪਰਦੁੱਮਣ ਸਿੰਘ ਕੋਲ ਜਾਂਦਾ ਹੈ। ਕਹਿਣ ਲੱਗਦਾ ਹੈ,
“ਦੁੱਮਣਾ, ਦੋ ਲੱਖ ਦਾ ਘਾਟਾ ਝੱਲਿਆ ਨਹੀਂ ਜਾ ਰਿਹਾ।”
“ਚੱਲ ਤੇਰਾ ਤਾਂ ਇਕ ਲੱਖ ਈ ਐ।”
“ਇਕ ਲੱਖ ਥੋੜ੍ਹਾ ਹੁੰਦੈ, ਦੋ ਘਰ ਆ ਜਾਂਦੇ ਆ ਸਾਊਥਾਲ 'ਚ।”
“ਹੁਣ ਹੌਸਲਾ ਰੱਖ ਕਾਰਿਆ, ਕੋਈ ਰੋਗ ਨਾ ਲੁਆ ਬੈਠੀਂ।”
“ਰੋਗ ਨੂੰ ਤਾਂ ਮੈਂ ਲੱਗ ਜਾਊਂ, ਮੈਂ ਬੜੀ ਸਖਤ ਜਾਨ ਆਂ, ਤੈਨੂੰ ਪਤਾ ਈ ਐ ਦੁੱਮਣਾ, ਵੱਡੀ ਤੋਂ ਵੱਡੀ ਮੁਸੀਬਤ ਤੋਂ ਮੈਂ ਨਹੀਂ ਘਬਰਾਉਂਦਾ ਪਰ ਆਹ ਦੋ ਲੱਖ ਸਾਲਾ.... ਪੂਰਾ ਕੀਤੇ ਬਿਨਾਂ ਮੈਨੂੰ ਵੀ ਚੈਨ ਨਹੀਂ ਆਉਣਾ। ਬਸ ਇਹੋ ਐ ਕਿ ਕਿੱਦਾਂ ਪੂਰਾ ਕੀਤਾ ਜਾਵੇ।”
“ਫੀਮ ਮੰਗਾ ਲੈ ਇੰਡੀਆ ਤੋਂ।”
       ਪਰਦੁੱਮਣ ਸਿੰਘ ਹੱਸਦਾ ਹੋਇਆ ਕਹਿੰਦਾ ਹੈ।
“ਤੂੰ ਤਾਂ ਟਿੱਚਰਾਂ ਕਰਦਾਂ, ਕਾਨੂੰਨ ਨਾਲ ਆਪਾਂ ਸਿੱਧਾ ਪੰਗਾ ਨਹੀਂ ਲੈਣਾ ਪਰ ਸਿੱਧੀ ਉਂਗਲੀ ਘਿਓ ਵੀ ਨਹੀਂ ਨਿਕਲਣਾ।”
       ਕਾਰੇ ਦੇ ਦਿਮਾਗ ਵਿਚ ਹਰ ਵੇਲੇ ਇਹੋ ਗੱਲ ਰਹਿਣ ਲੱਗੀ ਹੈ ਕਿ ਇਹ ਘਾਟਾ ਕਿਵੇਂ ਪੂਰਾ ਕਰਨਾ ਹੈ। ਉਸ ਦਿਨ ਆਪਣੇ ਇਕ ਹੋਰ ਦੋਸਤ ਗੁਰਪਾਲ ਸਿੰਘ ਨੂੰ ਗੁਰਦੁਆਰੇ ਗਏ ਨੂੰ ਜਾ ਮਿਲਦਾ ਹੈ। ਹਾਲੇ ਕੱਲ ਹੀ ‘ਵਾਸ ਪ੍ਰਵਾਸ’ ਵਿਚ ਉਸ ਦੀ ਫੋਟੋ ਛਪੀ ਹੈ। ਕਬੱਡੀ ਦੀ ਕਿਸੇ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ ਹੈ। ਕਾਰਾ ਕਹਿੰਦਾ ਹੈ,
“ਗੁਰਪਾਲ, ਵਧਾਈਆਂ ਬਈ, ਕਿਤੇ ਪ੍ਰਧਾਨ ਬਣਦੈਂ, ਕਿਤੇ ਸੈਕਟਰੀ ਬਣਦਾਂ।”
“ਕਾਹਦਾ ਪ੍ਰਧਾਨ ਯਾਰ, ਜੁੱਤੀਆਂ ਦਾ ਘਰ ਐ,  ਲੋਕ ਕਹਿੰਦੇ ਆ ਕਿ ਅਸੀਂ ਪੈਸੇ ਖਾਈ ਜਾਨੇ ਆਂ, ਪਲੇਅਰਾਂ ਦੇ ਨਾਂ 'ਤੇ ਕਬੂਤਰ ਉਡਾਈ ਜਾਨੇ ਆਂ।”
       ਪਿਛਲੇ ਕੁਝ ਸਮੇਂ ਤੋਂ ਗੈਰਕਾਨੂੰਨੀ ਤੌਰ 'ਤੇ ਬੰਦੇ ਇੰਗਲੈਂਡ ਲੰਘਾਉਣ ਨੂੰ ਅਖਬਾਰਾਂ ਵਾਲੇ ਕਬੂਤਰ ਉਡਾਉਣਾ ਕਹਿਣ ਲੱਗੇ ਹਨ। ਕਾਰਾ ਕਹਿੰਦਾ ਹੈ,
“ਕੁਸ਼ ਨਾ ਕੁਸ਼ ਤਾਂ ਹੋਊਗਾ ਈ, ਲੋਕ ਐਵੇਂ ਤਾਂ ਨਹੀਂ ਕਹਿੰਦੇ, ਅੱਗ ਲੱਗੂ ਤਾਂ ਧੂੰਆਂ ਨਿਕਲੂ।”
“ਪਹਿਲੀਆਂ 'ਚ ਲੋਕ ਬਥੇਰੇ ਬੰਦੇ ਲੰਘਾ ਗਏ, ਹੁਣ ਹਾਈ ਕਮਿਸ਼ਨਰ ਬਹੁਤ ਕੇਅਰਫੁੱਲ ਹੋ ਗਿਐ।”
“ਕਿੰਨੇ ਕੁ ਪੈਸੇ ਮਿਲ ਜਾਂਦੇ ਸੀ ਬੰਦੇ ਮਗਰ?”
“ਪਤਾ ਨਹੀਂ ਕਾਰਿਆ, ਜਿਹੜੇ ਕਰਦੇ ਰਹੇ ਆ ਉਹੀ ਜਾਣਦੇ ਹੋਣਗੇ।”
“ਇਨਫਰਮੇਸ਼ਨ ਤਾਂ ਹੋਏਗੀ ਤੇਰੇ ਕੋਲ ਵੀ, ਮੈਂ ਕਿਹੜਾ ਅਖਬਾਰ ਵਾਲਾ ਜਾਂ ਪੁਲਿਸ ਦਾ ਆਦਮੀ ਆਂ, ਮੈਂ ਤਾਂ ਆਪਣੀ ਨੌਲਜ ਲਈ ਈ ਪੁੱਛ ਰਿਹਾਂ।”
“ਪੰਜ ਹਜ਼ਾਰ ਪੌਂਡ ਬੰਦੇ ਮਗਰ। ਸੋਲਾਂ ਪਲੇਅਰਾਂ ਲਈ ਅਪਲਾਈ ਕਰੋ, ਉਹਦੇ ਵਿਚੋਂ ਅੱਠ ਸਹੀ ਤੇ ਅੱਠ ਕਬੂਤਰ।”
“ਹੁਣ ਮੌਕੇ ਘਟ ਗਏ ਕੀ ?”
“ਮੌਕੇ ਤਾਂ ਨਹੀਂ ਘਟੇ, ਰੌਲਾ ਬਹੁਤ ਪੈ ਗਿਆ।”
“ਗੁਰਪਾਲ, ਕਦੇ ਸ਼ਾਮ ਨੂੰ ਮਿਲ ਯਾਰ, ਬੈਠ ਕੇ ਗੱਲਾਂ ਕਰਾਂਗੇ। ਬਹੁਤ ਦੇਰ ਹੋ ਗਈ ਗਲਾਸ ਪੀਤਿਆਂ ਨੂੰ।”
       ਕਾਰਾ ਪਿਆਰ ਜਤਲਾਉਣ ਲੱਗਦਾ ਹੈ। ਗੁਰਪਾਲ ਸਿੰਘ ਕਹਿੰਦਾ ਹੈ,
“ਹਾਂ ਬਈ ਕਾਰਿਆ, ਤੂੰ ਹੁਣ ਵੱਡਾ ਬਿਜ਼ਨਸਮੈਨ ਐਂ, ਸਾਨੂੰ ਕਿਥੋਂ ਮਿਲਦੈਂ।”
       ਕਾਰਾ ਉਸੇ ਸ਼ਾਮ ਹੀ ਉਸ ਨੂੰ ਪੱਬ ਵਿਚ ਲੈ ਜਾਂਦਾ ਹੈ ਤੇ ਹੋਟਲ ਵਿਚ ਘਾਟਾ ਪੈਣ ਦੀ ਗੱਲ ਦਸਦਾ ਹੈ ਤੇ ਬੰਦੇ ਲੰਘਾਉਣ ਦੇ ਕਾਰੋਬਾਰ ਬਾਰੇ ਹੋਰ ਜਾਣਕਾਰੀ ਲੈਣੀ ਚਾਹੁੰਦਾ ਹੈ ਤਾਂ ਜੋ ਪਏ ਘਾਟੇ ਨੂੰ ਕਿਸੇ ਤਰ੍ਹਾ ਪੂਰਾ ਕੀਤਾ ਜਾ ਸਕੇ। ਗੁਰਪਾਲ ਸਿੰਘ ਆਖਦਾ ਹੈ,
“ਕਾਰਿਆ, ਕਬੱਡੀ ਤਾਂ ਹੁਣ ਏਸ ਗੱਲੋਂ ਬਦਨਾਮ ਹੋ ਗਈ। ਐਤਕੀਂ ਅਸੀਂ ਕੁੜੀਆਂ ਦੀ ਟੀਮ ਮੰਗਵਾ ਲਈ, ਇਕ ਮੈਚ ਈ ਖੇਡਿਆ ਤੇ ਸਾਰੀਆਂ ਈ ਦੌੜ ਗਈਆਂ, ਅਗਲੇ ਮੈਚ ਵੇਲੇ ਅਸੀਂ ਸੀਟੀਆਂ ਮਾਰਦੇ ਰਹਿ ਗਏ।”
“ਤੁਹਾਨੂੰ ਕੀ, ਤੁਹਾਡੇ ਪੈਸੇ ਹਰੇ ਹੋ ਗਏ।”
“ਉਹ ਤਾਂ ਠੀਕ ਐ, ਪਰ ਬਦਨਾਮੀ ਵੀ ਤਾਂ ਹੁੰਦੀ ਐ।”
“ਮੈਨੂੰ ਦੱਸ, ਮੈਂ ਵੀ ਏਦਾਂ ਦਾ ਕੰਮ ਈ ਕਰਾਂ।”
“ਤੂੰ ਵੀ ਕਰ ਲੈ, ਕੋਲਿਆਂ ਦੀ ਦਲਾਲੀ ਵਾਲਾ ਕੰਮ ਐ, ਮੈਂ ਤਾਂ ਤੋਬਾ ਕਰ ਲਈ ਏਦਾਂ ਦੇ ਕੰਮ ਤੋਂ। ਏਹ ਇਕੱਲੇ ਬੰਦੇ ਦਾ ਕੰਮ ਨਹੀਂ, ਟੀਮ ਵਰਕ ਐ, ਪੈਸਿਆਂ ਦੇ ਕਈ ਹਿੱਸੇਦਾਰ ਬਣ ਜਾਂਦੇ ਆ। ਬਦਨਾਮੀ ਮੋਹਰੀ ਨੂੰ ਮਿਲਦੀ ਐ ਤੇ ਹਿੱਸੇਦਾਰ ਚੁੱਪ ਚੁਪੀਤੇ ਈ ਮਲਾਈ ਖਾਏ ਜਾਂਦੇ ਆ।”
       ਕਾਰਾ ਚੁੱਪ ਚਾਪ ਸੁਣ ਰਿਹਾ ਹੈ ਤੇ ਨਾਲ ਦੀ ਨਾਲ ਸਥਿਤੀ ਨੂੰ ਤੋਲੀ ਜਾ ਰਿਹਾ ਹੈ ਕਿ ਕਿੰਨੀ ਕੁ ਫਾਇਦੇਮੰਦ ਹੋ ਸਕਦੀ ਹੈ ਇਹ ਸਕੀਮ। ਗੁਰਪਾਲ ਸਿੰਘ ਇਕ ਗਲਾਸ ਹੋਰ ਪੀ ਕੇ ਹੋਰ ਵੀ ਖੁੱਲ੍ਹਣ ਲੱਗਦਾ ਹੈ। ਉਹ ਕਹਿ ਰਿਹਾ ਹੈ,
“ਹੁਣ ਤਾਂ ਹੋਰ ਕਈ ਪਾਸੇ ਹੈਗੇ ਆ ਐਕਸਪਲੋਅਰ ਕਰਨ ਲਈ, ਜਿੱਦਾਂ ਹਾਕੀ ਦੀ ਟੀਮ ਮੰਗਵਾਓ, ਫੁੱਟਬਾਲ ਜਾਂ ਭੰਗੜੇ ਦੀ ਜਾਂ ਕਿਸੇ ਗਾਉਣ ਵਾਲੇ ਨੂੰ ਈ ਸੱਦ ਲਓ, ਆਹ ਪਾਕਿਸਤਾਨੀ ਤਾਂ ਗਾਉਣ ਵਾਲੀਆਂ ਦੇ ਬਹਾਨੇ ਰੰਡੀਆਂ ਨੂੰ ਈ ਲੰਘਾਏ ਜਾਂਦੇ ਆ।”
“ਰੰਡੀਆਂ ਤੋਂ ਕੀ ਕਰਾਉਣਗੇ, ਪਹਿਲਾਂ ਹੀ ਇਥੇ ਥੋੜੀਆਂ!”
“ਮੁਜਰਾ ਕਰਾਉਂਦੇ ਆ, ਦੇਖਿਆ ਨਹੀਂ ਕਦੇ, ਜੋ ਕੁਝ ਹੀਰਾ ਮੰਡੀ, ਲਹੌਰ ਵਿਚ ਹੁੰਦੈ ਉਹੋ ਕੁਝ ਇਥੇ ਕਰੌਂਦੇ ਆ। ਖੈਰ ਜਿਵੇਂ ਜੇ ਤੂੰ ਕੁਝ ਕਰਨੈ ਤਾਂ ਕੋਈ ਨਵਾਂ ਕੋਨਾ ਫਰੋਲ਼। ਫੁਟਬਾਲ ਦੀ ਟੀਮ ਨਹੀਂ ਆਈ ਇਥੇ ਕਦੇ, ਪਾਕਿਸਤਾਨ ਤੋਂ ਕਬੱਡੀ ਦੀ ਟੀਮ ਨਹੀਂ ਆਈ ਹਾਲੇ ਪਰ ਨਾਲ ਬੰਦੇ ਹੋਰ ਜੋੜਨੇ ਪੈਣਗੇ।”
“ਇਕ ਬੰਦੇ ਮਗਰ ਕਿੰਨਾ ਕੁ ਬਚ ਜਾਊ ?”
“ਪੰਜ ਸੌ,  ਜੇ ਹਿੱਸੇਦਾ ਘੱਟ ਹੋਣ ਤਾਂ ਵੱਧ ਤੋਂ ਵੱਧ ਹਜ਼ਾਰ ਪੌਂਡ।”
“ਨਾ ਬਈ ਗੁਰਪਾਲ ਸਿੰਆਂ ਇਹ ਬਹੁਤ ਥੋੜ੍ਹਾ ਐ, ਮੈਨੂੰ ਦੋ ਲੱਖ ਚਾਹੀਦਾ। ਪੰਜ ਸੌ ਬੰਦਾ ਲੰਘਾਊ ਤਾਂ ਪੂਰਾ ਹੋਊ।”
       ਕਾਰਾ ਸੋਚਦਾ ਹੈ ਕਿ ਉਹੀ ਕੰਮ ਕਰੇ ਜਿਸ ਵਿਚ ਉਸ ਦਾ ਤਜਰਬਾ ਹੋਵੇ। ਉਹ ਕਾਰ ਲੈ ਕੇ ਇਧਰ ਉਧਰ ਘੁੰਮਦਾ ਰਹਿੰਦਾ ਹੈ। ਦਫਤਰ ਦਾ ਕੰਮ ਤਾਂ ਹੁਣ ਸੁਰਜੀਤ ਕੌਰ ਸੰਭਾਲ ਹੀ ਲੈਂਦੀ ਹੈ। ਜਤਿੰਦਰ ਪਾਲ ਵੀ ਮੱਦਦ ਲਈ ਆ ਜਾਂਦਾ ਹੈ। ਜੇਕਰ ਕੁੜੀ ਨੂੰ ਛੁੱਟੀਆਂ ਹੋਣ ਤਾਂ ਉਹ ਵੀ ਦਫਤਰ ਵਿਚ ਆ ਬੈਠਦੀ ਹੈ। ਕਾਰੇ ਨੇ ਬਚਪਨ ਤੋਂ ਹੀ ਉਨ੍ਹਾਂ ਨੂੰ ਕਲਾਇੰਟਾਂ ਦੀਆਂ ਫਾਈਲਾਂ ਦੇਖਣ ਦੇ ਕੰਮ ਵਿਚ ਲਗਾਇਆ ਹੋਇਆ ਹੈ ਤੇ ਕਾਰੋਬਾਰ ਦੀਆਂ ਮੁੱਢਲੀਆਂ ਗੱਲਾਂ ਨੂੰ ਜਤਿੰਦਰ ਤੇ ਪਰਮੀਤ ਚੰਗੀ ਤਰ੍ਹਾਂ ਸਮਝਦੇ ਹਨ। ਹੁਣ ਕੰਪਿਊਟਰ ਨੇ ਤਾਂ ਬਹੁਤ ਹੀ ਸੌਖ ਕਰ ਦਿੱਤੀ ਹੋਈ ਹੈ। ਕਲਾਇੰਟ ਦੇ ਅਤੇ ਵਾਹਨ ਦੇ ਡੀਟੇਲ ਹੀ ਫੀਡ ਕਰਨੇ ਹੁੰਦੇ ਹਨ ਕੁਟੇਸ਼ਨਾਂ ਆਪਣੇ ਆਪ ਆ ਜਾਂਦੀਆਂ ਹਨ। ਉਨ੍ਹਾਂ ਵਿਚੋਂ ਜਿਹੜੀ ਮਰਜ਼ੀ ਚੁਣ ਲਵੋ।
       ਇਕ ਦਿਨ ਬੈਠਿਆਂ ਬੈਠਿਆਂ ਉਸ ਨੂੰ ਸੁਝ ਜਾਂਦਾ ਹੈ ਕਿ ਕੀ ਕਰੇ। ਉਹ ਭੱਜਿਆ ਭੱਜਿਆ ਮਨੀਸ਼ ਕੋਲ ਜਾਂਦਾ ਹੈ। ਕਹਿੰਦਾ ਹੈ,
“ਭਈਆ, ਗਿਆਨ ਹੋ ਗਿਆ ਕਿ ਕਿਆ ਕਰੇਂ।”
“ਕਿਆ ਮਤਲਬ ?”
“ਯਹੀ ਕਿ ਦੋ ਲਾਖ ਕੈਸੇ ਵਾਪਸ ਆਏ।”
“ਕੈਸੇ ?”
“ਏਕ ਡਮੀ ਇੰਸ਼ੋਰੰਸ ਕੰਪਨੀ ਖੋਲ੍ਹੀ ਜਾਏ, ਬੜੀ ਕਾਰੋਂ ਕੀ ਸਸਤੀ ਇੰਸ਼ੋਰੰਸ।”
       ਮਨੀਸ਼ ਸਮਝਦਾ ਹੋਇਆ ਪੁੱਛਦਾ ਹੈ,
“ਕਿਤਨੇ ਪਰਸੈਂਟ ਲੋਗ ਕਲੇਮ ਫਾਰਮ ਭਰਤੇ ਹੈਂ?”
“ਪਾਂਚ ਪਰਸੈਂਟ।”
      ਕਹਿ ਕੇ ਕਾਰਾ ਸੋਚਣ ਲੱਗਦਾ ਹੈ ਤੇ ਕਹਿੰਦਾ ਹੈ,
“ਬਸ ਏਕ ਪਰੌਬਲਮ ।”
“ਕਿਆ ?”
“ਬੈਂਕ ਮੇਂ ਅਕਾਊਂਟ ਖੁਲਵਾਨੇ ਕੀ।”
“ਵੋਹ ਕੋਈ ਪਰੌਬਲਮ ਨਹੀਂ, ਵੋਹ ਮੇਰੇ ਉਪਰ ਛੋੜੋ, ਕਿਸੀ ਵੀ ਨਾਮ ਕਾ ਅਕਾਊਂਟ ਖੁਲਵਾ ਸਕਤਾ ਹੂੰ, ਕੁਸ਼ ਓਵਰ ਡਰਾਫਟ ਕਾ ਇੰਤਜ਼ਾਮ ਵੀ ਕਰ ਲੂੰਗਾ।”
       ਉਹ ਬੈਠ ਕੇ ਸਾਰੀ ਸਕੀਮ ਘੜ ਲੈਂਦੇ ਹਨ। ਸੈਂਟਰਲ ਲੰਡਨ ਵਿਚ ਇਕ ਛੋਟਾ ਜਿਹਾ ਚੁਬਾਰਾ ਸਿਰਨਾਵੇਂ ਲਈ ਕਿਰਾਏ 'ਤੇ ਲੈਂਦੇ ਹਨ। ‘ਵੈਸਟਰਨ ਯੂਨਾਈਟਿਡ ਇੰਸ਼ੋਰੰਸ’ ਨਾਂ ਦੀ ਬੀਮਾ ਕੰਪਨੀ ਬਣਾ ਕੇ ਉਸ ਦੇ ਨਾਂ ਉਪਰ ਅਖਬਾਰਾਂ ਵਿਚ ਇਸ਼ਤਿਹਾਰ ਦੇ ਦਿੱਤੇ ਹਨ ਕਿ ਮਰਸਡੀਜ਼, ਜੈਗੂਅਰ, ਰੋਲਜ ਰੁਆਇਸ, ਬੈਂਟਲੇ ਆਦਿ ਵਰਗੀਆਂ ਕਾਰਾਂ ਦੀ ਇੰਸ਼ੋਰੰਸ ਅੱਧੀ ਕੀਮਤੀ 'ਤੇ ਕੀਤੀ ਜਾਵੇਗੀ। ਕਿਰਾਏ ਵਾਲੇ ਕਮਰੇ ਨੂੰ ਸਿਰਫ ਸਿਰਨਾਵੇਂ ਲਈ ਵਰਤਦੇ ਹਨ ਜਿਥੇ ਚਿੱਠੀਆਂ ਨੇ ਆਉਣਾ ਹੈ। ਕੇਂਦਰੀ ਲੰਡਨ ਦਾ ਸਿਰਨਾਵਾਂ ਹੀ ਆਪਣੀ ਕੀਮਤ ਰਖਦਾ ਹੈ। ਇਕ ਫੋਨ ਲਗਵਾ ਲੈਂਦੇ ਹਨ ਪਰ ਇਸ ਫੋਨ ਨੂੰ ਅੱਗੇ ਮਨੀਸ਼ ਦੀ ਦੁਕਾਨ ਦੇ ਇਕ ਫੋਨ ਨੂੰ ਰੀਡਾਇਰੈਕਟ ਕਰ ਲੈਂਦੇ ਹਨ। ਮਨੀਸ਼ ਦੀ ਦੁਕਾਨ ਦੇ ਪਿੱਛੇ ਬਣੇ ਇਕ ਕਮਰੇ ਵਿਚ ਕਾਰਾ ਆਪਣਾ ਦਫਤਰ ਬਣਾ ਲੈਂਦਾ ਹੈ। ਇਥੇ ਉਹ ਆਪਣਾ ਇਕ ਕੰਪਿਊਟਰ ਆਦਿ ਲਿਆ ਰੱਖਦਾ ਹੈ। ਬ੍ਰਤਾਨੀਆਂ ਦੀਆਂ ਨੈਸ਼ਨਲ ਅਖਬਾਰਾਂ ਵਿਚ ਮਸ਼ਹੂਰੀ ਕਰਦੇ ਹਨ। ਵੱਡੀ ਕਾਰ ਦੀ ਇੰਸ਼ੋਅਰੈਂਸ ਦੀ ਕੀਮਤ ਇੰਨੀ ਘੱਟ ਦਸਦੇ ਹਨ ਕਿ ਗਾਹਕ ਖਿਚੇ ਚਲੇ ਆਉਂਦੇ ਹਨ। ਛੇਤੀ ਹੀ ਉਹਨਾਂ ਦਾ ਕੰਮ ਤੁਰ ਪੈਂਦਾ ਹੈ। ਕਾਰੇ ਦੀ ਇਸ ਕੰਮ ਵਿਚ ਇੰਨੀ ਮੁਹਾਰਤ ਹੈ ਕਿ ਗਾਹਕ ਉਸ ਉਪਰ ਪੂਰਾ ਯਕੀਨ ਕਰ ਲੈਂਦਾ ਹੈ। ਚੈਕ ਆਉਣ ਲੱਗਦੇ ਹਨ। ਚੈਕ ਬੈਂਕ ਵਿਚ ਰੱਖ ਕੇ ਕੈਸ਼ ਕਢਵਾਉਂਦੇ ਜਾਂਦੇ ਹਨ। ਛੇਤੀ ਹੀ ਦੋ ਤਿੰਨ ਚੈਕ ਰੋਜ਼ ਦੇ ਪੁੱਜਣ ਲੱਗਦੇ ਹਨ। ਕਈ ਛੋਟੇ ਛੋਟੇ ਕੁਝ ਕਲੇਮ ਆਉਂਦੇ ਹਨ ਜੋ ਕਿ ਕਾਰਾਂ ਦੇ ਮਾਲਕ ਕਿਸੇ ਐਕਸੀਡੈਂਟ ਵਿਚ ਹੋਏ ਆਪਣੀ ਕਾਰ ਦੇ ਨੁਕਸਾਨ ਹੋਣ ਤੇ ਕਰਦੇ ਹਨ। ਉਹ ਦੇ ਦਿੰਦੇ ਹਨ। ਇਕ ਵੱਡਾ ਕਲੇਮ ਵੀ ਆ ਜਾਂਦਾ ਹੈ ਕਾਰ ਦੀ ਮੁਰੰਮਤ ਦਾ ਅੰਦਾਜ਼ਨ ਖਰਚਾ ਪੰਜ ਹਜ਼ਾਰ ਪੌਂਡ ਦਾ ਹੈ। ਕਾਰਾ ਸੋਚਾਂ ਵਿਚ ਪੈ ਜਾਂਦਾ ਹੈ ਕਿ ਕੀ ਕਰੇ। ਉਸ ਕਲੇਮ ਨੂੰ ਲਮਕਾਉਣ ਲਗਦਾ ਹੈ। ਉਸ ਨੂੰ ਡਰ ਹੈ ਕਿ ਹੈ ਕਿ ਕਲਾਇੰਟ ਉਸ ਦੀ ਕੰਪਨੀ ਉਪਰ ਕੇਸ ਹੀ ਨਾ ਕਰ ਦੇਵੇ। ਜਦ ਤਕ ਪੰਜ ਕਾਰਾਂ ਦੇ ਹੋਰ ਬੀਮੇ ਦੇ ਚੈਕ ਆ ਜਾਂਦੇ ਹਨ ਤੇ ਉਹ ਉਸ ਕਲਾਇੰਟ ਨੂੰ ਪੰਜ ਹਜ਼ਾਰ ਦਾ ਚੈਕ ਭੇਜ ਦਿੰਦਾ ਹੈ। ਕਾਰੇ ਨੂੰ ਇਹ ਸਾਰੇ ਕੰਮ ਕਰਨੇ ਆਉਂਦੇ ਹਨ। ਕਾਰੇ ਦੀਆਂ ਫੁਰਤੀਆਂ ਦੇਖ ਮਨੀਸ਼ ਬਹੁਤ ਖੁਸ਼ ਹੈ ਪਰ ਉਹ ਕਹਿਣ ਲੱਗਦਾ ਹੈ,
“ਰਾਏ, ਜਿਸ ਦਿਨ ਪੈਸੇ ਪੂਰੇ ਹੋ ਗਏ ਯਹ ਸਭ ਬੰਦ ਕਰ ਦੇਂਗੇ ਮੁਝੇ ਤੋ ਸਾਲਾ ਡਰ ਲਗਦਾ ਹੈ।”
“ਫਿਕਰ ਮਤ ਕਰ ਭਈਆ।”
       ਕਾਰਾ ਹੌਸਲੇ ਨਾਲ ਆਖਦਾ ਹੈ।
       ਇਕ ਦਿਨ ਉਨ੍ਹਾਂ ਦੀ ਇੰਸ਼ੋਅਰਡ ਕੀਤੀ ਬੈਂਟਲੇ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ। ਜਿਸ ਵਿਚ ਕਾਰ ਵਿਚ ਤਬਾਹ ਹੋ ਜਾਂਦੀ ਹੈ ਤੇ ਕਾਰ ਵਿਚ ਇਕ ਸਵਾਰ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ। ਇਹ ਲੱਖਾਂ ਪੌਂਡਾਂ ਦਾ ਕਲੇਮ ਹੋਵੇਗਾ। ਕਾਰਾ ਸਭ ਦੇਖਦਾ ਹੋਇਆ ਮਨੀਸ਼ ਨੂੰ ਕਹਿੰਦਾ ਹੈ,
“ਭਈਆ, ਪੈਕ ਅੱਪ ਕਰਨੇ ਕਾ ਵਕਤ ਆ ਗਿਆ।”
“ਦੋ ਲਾਖ ਤੋ ਪੂਰਾ ਨਹੀਂ ਹੂਆ।”
“ਨੀਅਰ ਇਨਫ। ਔਰ ਆਗੇ ਗਏ ਤੋ ਮਰ ਜਾਏਂਗੇ।”
       ਇਸ ਇੰਸ਼ੋਰੰਸ ਕੰਪਨੀ ਨੂੰ ਉਥੇ ਹੀ ਬੰਦ ਕਰ ਦਿੰਦੇ ਹਨ। ਕਿਰਾਏ ਵਾਲਾ ਕਮਰਾ ਛੱਡ ਦਿੰਦੇ ਹਨ। ਟੈਲੀਫੋਨ ਕਟਵਾ ਦਿੰਦੇ ਹਨ। ਉਨ੍ਹਾਂ ਦਾ ਹੋਟਲ ਵਿਚ ਪਿਆ ਘਾਟਾ ਕਾਫੀ ਹੱਦ ਤੱਕ ਪੂਰਾ ਹੋ ਚੁੱਕਾ ਹੈ। ਕੁਝ ਮਹੀਨੇ ਉਹ ਚੁੱਪ ਰਹਿੰਦੇ ਹਨ। ਕਿਧਰੇ ਕੋਈ ਖਬਰ ਨਹੀਂ ਨਿਕਲਦੀ। ਉਨ੍ਹਾਂ ਦੇ ਸਿਰਨਾਵੇਂ ਉਪਰ ਆਈ ਡਾਕ ਵਾਪਸ ਜਾ ਰਹੀ ਹੈ। ਕਾਰਾਂ ਦੇ ਮਾਲਕ ਹੱਥ ਮਲਦੇ ਰਹਿ ਜਾਂਦੇ ਹਨ। ਅਖਬਾਰ ਵਿਚ ਨਿੱਕੀ ਜਿਹੀ ਖਬਰ ਇਸ ਡਮੀ ਇੰਸ਼ੋਰੰਸ ਕੰਪਨੀ ਬਾਰੇ ਛਪਦੀ ਹੈ ਤੇ ਬਸ। ਕਾਰਾ ਵਿਸਕੀ ਦੀ ਘੁੱਟ ਭਰਦਾ ਆਪਣੀ ਹੁਸ਼ਿਆਰੀ ਉਪਰ ਮਾਣ ਕਰਨ ਲੱਗਦਾ ਹੈ। ਕਦੇ ਕਦੇ ਉਸ ਦਾ ਦਿਲ ਕਰਦਾ ਹੈ ਕਿ ਆਪਣੀ ਇਸ ਚਤੁਰਾਈ ਬਾਰੇ ਕਿਸੇ ਨਾਲ ਗੱਲ ਕਰੇ। ਅਗਲਾ ਉਸ ਦੀ ਹਿੰਮਤ ਦੀ ਦਾਦ ਦੇਵੇ ਤੇ ਉਸ ਦੀ ਵਡਿਆਈ ਕਰੇ ਪਰ ਉਹ ਡਰਦਾ ਹੈ ਕਿ ਲੋਕ ਉਸ ਨੂੰ ਧੋਖੇਬਾਜ਼ ਕਹਿਣ ਲਗਣਗੇ। ਉਸ ਦਾ ਦਿਲ ਚਾਹੁੰਦਾ ਹੈ ਕਿ ਪਰਦੁੱਮਣ ਸਿੰਘ ਨੂੰ ਹੀ ਦੱਸੇ ਕਿ ਜਿਹੜਾ ਐਡਾ ਵੱਡਾ ਘਾਟਾ ਪਿਆ ਸੀ ਉਹ ਉਸ ਨੇ ਪੂਰਾ ਕਰ ਲਿਆ ਹੈ ਪਰ ਉਸ ਨੇ ਤਾਂ ਪਰਦੁੱਮਣ ਦੀ ਮਰਸੀਡੀਜ਼ ਦੀ ਵੀ ਇੰਨਸ਼ੋਅਰੈਂਸ ਕੀਤੀ ਹੋਈ ਹੈ ਤੇ ਪੂਰੇ ਪੈਸੇ ਲਏ ਹੋਏ ਹਨ। ਉਹ ਚੁੱਪ ਰਹਿੰਦਾ ਹੈ। ਮਨੀਸ਼ ਪਟੇਲ ਨਾਲ ਬੈਠੇ ਤਾਂ ਜ਼ਰੂਰ ਇਸ ਬਾਰੇ ਗੱਲਾਂ ਕਰਕੇ ਹੱਸ ਲਿਆ ਕਰਦਾ ਹੈ।
       ਉਹ ਦਫਤਰ ਵਿਚ ਵਾਪਸ ਜਾਂਦਾ ਜਾਂਦਾ ਹੈ ਤਾਂ ਉਸ ਨੂੰ ਇਹ ਕੰਮ ਬਹੁਤ ਛੋਟਾ ਜਿਹਾ ਲਗਦਾ ਹੈ। ਵੱਡੇ ਵੱਡੇ ਚੈਕ ਗਾਹਕਾਂ ਦੇ ਆਉਂਦੇ ਤਾਂ ਹਨ ਪਰ ਉਸ ਦਾ ਉਨ੍ਹਾਂ ਵਿਚ ਕਮਿਸ਼ਨ ਦੇ ਤੌਰ ਤੇ ਕੁਝ ਫੀਸਦੀ ਹਿੱਸਾ ਹੀ ਹੁੰਦਾ ਹੈ। ਜਿਹਦੇ ਵਿਚੋਂ ਉਸ ਨੇ ਸਟਾਫ ਦੀਆਂ ਤਨਖਾਹਾਂ ਕੱਢਣੀਆਂ ਹੁੰਦੀਆਂ। ਹੋਰ ਵੀ ਪੰਜਾਹ ਬਿਲ ਹੁੰਦੇ ਹਨ। ਉਸ ਨੂੰ ਵੱਡੇ ਚੈਕ ਦੇਖਣ ਦੀ ਆਦਤ ਪੈ ਗਈ ਹੈ ਜਿਹੜੇ ਉਸ ਦੇ ਆਪਣੇ ਹੋਣ।
       ਇਕ ਦਿਨ ਹਬੀਬ ਮੁਹੰਮਦ ਦਾ ਫੋਨ ਉਸ ਨੂੰ ਆਉਂਦਾ ਹੈ। ਹਬੀਬ ਸ਼ੇਅਰ ਬਰੋਕਰ ਹੈ। ਉਸ ਰਾਹੀਂ ਕਾਰਾ ਕਦੇ ਕਦੇ ਸ਼ੇਅਰ ਖਰੀਦਿਆ ਕਰਦਾ ਹੈ। ਇਕ ਦਿਨ ਹਬੀਬ ਉਸ ਨੂੰ ਫੋਨ ਕਰਕੇ ਸ਼ੇਅਰ ਖਰੀਦਣ ਦੀ ਸਲਾਹ ਦਿੰਦਾ ਕਹਿੰਦਾ ਹੈ,
“ਸਰਦਾਰ ਜੀ, ਗੈਸ ਦੇ ਸ਼ੇਅਰ ਖਰੀਦ ਛੱਡੋ, ਡਾਊਨ ਹੋ ਗਏ ਨੇ, ਇਸ ਤੋਂ ਡਾਊਨ ਨਾ ਜਾਸਣ, ਖਰੀਦ ਛੱਡੋ।”
“ਹਬੀਬ, ਤੂੰ ਕਿਸੇ ਵੇਲੇ ਮੈਨੂੰ ਮਿਲ।”
       ਕਾਰੇ ਨੂੰ ਪਤਾ ਹੈ ਕਿ ਹਬੀਬ ਚਾਲੂ ਬੰਦਾ ਹੈ। ਹਬੀਬ ਉਸ ਨੂੰ ਮਿਲਦਾ ਹੈ। ਕਾਰਾ ਆਖਣ ਲੱਗਦਾ ਹੈ,
“ਮੀਆਂ, ਜੂਆ ਖੇਡਣ ਵਿਚ ਮੇਰੀ ਦਿਲਚਸਪੀ ਨਹੀਂ। ਕੋਈ ਪੈਸੇ ਆਉਣ ਦੀ ਗਰੰਟੀ ਦਿੱਸਦੀ ਹੋਵੇ ਤਾਂ ਖਰੀਦ ਲਵਾਂ।”
“ਸਰਦਾਰ ਜੀ, ਇਹ ਸ਼ੇਅਰ ਤਾਂ ਵਧ ਸਣ, ਸ਼ੋਅਰਲੀ ਵਧ ਸਣ, ਗਰੰਟੀ ਹੋਸੀ।”
“ਹਬੀਬ, ਤੇਰੇ ਕੋਲ ਸ਼ੇਅਰਾਂ ਦੇ ਸਰਟੀਫਿਕੇਟ ਹੈਨ ?”
“ਕਿਉਂ ?”
“ਜੇ ਹੈਨ ਤਾਂ ਦਿਖਾ ਜ਼ਰਾ।”
       ਹਬੀਬ ਬਰੀਫਕੇਸ ਵਿਚੋਂ ਕੁਝ ਸਰਟੀਫਿਕੇਟ ਕੱਢ ਕੇ ਦਿਖਾਉਂਦਾ ਹੈ। ਕਾਰਾ ਪੁੱਛਦਾ ਹੈ,
“ਇਹ ਅਸਲੀ ਐ ਜਾਂ ਨਕਲੀ ?”
“ਸਰਦਾਰ ਜੀ, ਇਹ ਕਿਹੜੇ ਨੋਟ ਐ ਜਿਹੜੇ ਅਸਲੀ ਨਕਲੀ ਹੋਸੀ, ਇਹ ਤਾਂ ਕੰਪਿਊਟਰ 'ਚੋਂ ਨਿਕਲੇ ਪੇਪਰ ਹੋ ਸਣ।”
“ਜੇ ਤੂੰ ਮੈਨੂੰ ਸ਼ੇਅਰ ਵੇਚ ਕੇ ਨਕਲੀ ਸਰਟੀਫਿਕੇਟ ਦੇ ਜਾਵੇਂ ਤਾਂ ਮੈਂ ਕੀ ਕਰ ਸਕਦਾਂ ?”
“ਰਿਕਾਰਡ ਕੰਪਨੀ ਵਿਚ ਹੋਸੀ।”
“ਤੇ ਜੇ ਤੇਰੀ ਕੰਪਨੀ ਵੀ ਤੇਰੀ ਈ ਹੋਸੀ ਮੀਆਂ ?”
       ਕਾਰਾ ਕਹਿ ਕੇ ਪੂਰੀ ਰੀਝ ਨਾਲ ਉਸ ਵੱਲ ਦੇਖਣ ਲੱਗਦਾ ਹੈ। ਹਬੀਬ ਕਹਿੰਦਾ ਹੈ,
“ਸਰਦਾਰ ਜੀ, ਇਰਾਦੇ ਠੀਕ ਨਾ ਲਗ ਸਣ।”
       ਕਾਰਾ ਹੱਸਦਾ ਹੈ। ਹਬੀਬ ਵੀ ਹੱਸਣ ਲੱਗਦਾ ਹੈ। ਹਬੀਬ ਫਿਰ ਕਹਿਣ ਲੱਗਦਾ ਹੈ,
“ਸਰਦਾਰ ਜੀ, ਕੰਪਨੀ ਐਵੇਂ ਹੀ ਨਾ ਬਣ ਜਾ ਸੀ, ਰਜਿਸਟਰ ਹੋਸੀ।”
“ਮੀਆਂ, ਕੱਲ ਮੈਂ ਐਫ.ਟੀ. ਵਿਚ ਦੇਖਿਆ ਕਿ ਪੈਟਰੋਲੀਅਮ ਦੀਆਂ ਕੋਈ ਦਸ ਕੰਪਨੀਆਂ ਹੈਗੀਆਂ।”
“ਉਹ ਤਾਂ ਹੈਨ ਜੀ।”
“ਫੇਰ ਇਕ ਕੰਪਨੀ ਆਪਣੀ ਵੀ ਤਾਂ ਹੋ ਸਕਦੀ ਐ।”
“ਸਰਦਾਰ ਜੀ, ਕੰਪਨੀ ਕਿਸੇ ਨਾਂ 'ਤੇ ਰਜਿਸਟਰ ਹੋਸੀ, ਬੈਂਕ ਵਿਚ ਅਕਾਊਂਟ ਬਗੈਰਾ...ਤੇ ਫਿਰ ਇਕ ਦਫਤਰ..।”
“ਮੀਆਂ, ਤੂੰ ਦੱਸ ਤੇਰਾ ਅਸਲੀ ਨਾਂ ਕੀ ਐ? ਪੁਲੀਟੀਕਲ ਸਟੇਅ ਉਪਰ ਤੂੰ ਹੈਗਾਂ, ਇਥੇ ਨਾ ਤੇਰੀ ਰੰਨ ਨਾ ਕੰਨ, ਛਾਲ ਮਾਰੇਂਗਾ ਤੇ ਅਮਰੀਕਾ, ਕੈਨੇਡਾ ਜਾ ਵੜੇਂਗਾ।”
“ਸਰਦਾਰ ਜੀ, ਤੁਸੀਂ ਮੈਨੂੰ ਅੰਦਰ ਕਰਾਉਣ 'ਤੇ ਤੁਲ ਗਏ ਜੇ।.. ਮਿਲਾਓ ਫੇਰ ਹੱਥ।”

ਬਾਕੀ ਅਗਲੇ ਹਫ਼ਤੇ...