ਸਾਊਥਾਲ (ਕਾਂਡ 51)


       ਪਾਲਾ ਸਿੰਘ ਸਵੇਰਸਾਰ ਗੁਰਦੁਆਰੇ ਤੋਂ ਮੁੜਦਾ ਹੈ। ਬੱਸ ਸਟਾਪ ਦੇ ਸਾਹਮਣੇ ਫਿਰ ਬਹੁਤ ਹੀ ਗੰਦਾ ਪੋਸਟਰ ਲੱਗਿਆ ਹੋਇਆ ਹੈ। ਇਕ ਨੰਗੀ ਔਰਤ ਖੜੀ ਆਪਣੀ ਕੱਛੀ ਵਿਚ ਦੇਖ ਰਹੀ ਹੈ ਤੇ ਲਿਖਿਆ ਹੈ ਕਿ ਸਾਡੇ ਕੋਲ ਵਾਲ ਰੰਗਣ ਲਈ ਇੰਨਾ ਵਧੀਆ ਰੰਗ ਹੈ ਕਿ ਤੁਸੀਂ ਆਪਣੇ ਵਾਲਾਂ ਦਾ ਅਸਲੀ ਰੰਗ ਭੁੱਲ ਜਾਵੋਗੇ। ਤੇ ਅਸਲੀ ਰੰਗ ਦੇਖਣ ਲਈ ਤੁਹਾਨੂੰ ਗੁਪਤ ਅੰਗ ਦੇ ਵਾਲਾਂ ਉਪਰ ਨਜ਼ਰ ਮਾਰਨੀ ਹੋਵੇਗੀ। ਪਾਲਾ ਸਿੰਘ ਜ਼ਰਾ ਕੁ ਖੜ ਕੇ ਪੜ੍ਹਦਾ ਹੈ ਤੇ ਹੱਸਦਾ ਹੋਇਆ ਅੱਗੇ ਲੰਘ ਜਾਂਦਾ ਹੈ। ਉਸ ਨੂੰ ਪਤਾ  ਕਿ ਇਸ ਪੋਸਟਰ ਨਾਲ ਸੇਮੇ ਤੇ ਅਨਵਰ ਨੂੰ ਬਹੁਤ ਤਕਲੀਫ ਹੋਵੇਗੀ। ਪਹਿਲਾਂ ਤਾਂ ਉਹ ਪੋਸਟਰ ਪੇਂਟ ਕਰਕੇ ਇਸ ਔਰਤ ਦੇ ਕੱਪੜੇ ਪਵਾ ਦੇਣਗੇ। ਇਵੇਂ ਵੀ ਉਨ੍ਹਾਂ ਦੀ ਤਸੱਲੀ ਨਹੀਂ ਹੋਵੇਗੀ ਤੇ ਫਿਰ ਪੋਸਟਰ ਪਾੜ ਦੇਣਗੇ।
       ਉਹ ਘਰ ਪਹੁੰਚਦਾ ਹੈ। ਰਸੋਈ ਵਿਚੋਂ ਆ ਰਹੀ ਚਾਹ ਦੀ ਸੁੰਘ ਤੋਂ ਸਮਝ ਜਾਂਦਾ ਹੈ ਕਿ ਮਨਿੰਦਰ ਉਠ ਖੜੀ ਹੋਵੇਗੀ। ਫਿਰ ਪੋਰਚ ਵਿਚ ਜਾ ਕੇ ਦੇਖਦਾ ਹੈ ਕਿ ਮਨਿੰਦਰ ਜਾ ਚੁੱਕੀ ਹੈ। ਉਸ ਦੀ ਜੁੱਤੀ ਪੋਰਚ ਵਿਚ ਜਿਉਂ ਨਹੀਂ ਪਈ। ਮਨਿੰਦਰ ਸਵੇਰੇ ਜਲਦੀ ਚਲੇ ਜਾਂਦੀ  ਤੇ ਰਾਤ ਨੂੰ ਲੇਟ ਮੁੜਦੀ ਹੈ। ਕਾਲਜ ਤੋਂ ਬਾਅਦ ਕਿਧਰੇ ਕੰਮ ਕਰਦੀ ਹੈ। ਪਾਲਾ ਸਿੰਘ ਬਥੇਰਾ ਕਹਿੰਦਾ ਹੈ ਕਿ ਉਸ ਨੂੰ ਕੰਮ ਕਰਨ ਦੀ ਲੋੜ ਨਹੀਂ ਹੈ। ਉਸ ਕੋਲ ਪੈਸੇ ਹਨ ਪਰ ਮਨਿੰਦਰ ਨਹੀਂ ਮੰਨਦੀ। ਉਹ ਆਪਣੀ ਜੇਬ ਖਰਚ ਲਈ ਕੰਮ ਕਰਕੇ ਖੁਸ਼ ਹੈ। ਵੈਸੇ ਪਾਲਾ ਸਿੰਘ ਨੂੰ ਇਹ ਗੱਲ ਚੰਗੀ ਵੀ ਲੱਗਦੀ ਹੈ ਕਿ ਇਵੇਂ ਬੱਚਿਆਂ ਵਿਚ ਕੰਮ ਕਰਨ ਦੀ ਭਾਵਨਾ ਪ੍ਰਬਲ ਰਹਿੰਦੀ ਹੈ ਤੇ ਅਣਖ ਵੀ ਕਾਇਮ ਰਹਿੰਦੀ ਹੈ।

       ਉਹ ਲੌਂਜ ਵਿਚ ਆ ਕੇ ਪਰਦੇ ਹਟਾਉਂਦਾ ਹੈ। ਇਧਰ ਉਧਰ ਖਿੰਡਰੀਆਂ ਚੀਜ਼ਾਂ ਸਿੱਧੀਆਂ ਕਰਦਾ ਹੈ। ਫਰਿੱਜ ਖੋਲ੍ਹ ਕੇ ਰਾਸ਼ਣ ਦੀ ਸਥਿਤੀ ਦੇਖਦਾ ਹੈ ਕਿ ਕਿਧਰੇ ਸ਼ੌਪਿੰਗ ਕਰਨ ਵਾਲੀ ਤਾਂ ਨਹੀਂ। ਉਹ ਆਪਣੇ ਲਈ ਚਾਹ ਦਾ ਕੱਪ ਬਣਾਉਂਦਾ ਹੈ ਤੇ ਫਰੰਟ ਵਿੰਡੋ ਵਿਚ ਖੜ ਕੇ ਘੁੱਟ ਭਰਨ ਲੱਗਦਾ ਹੈ। ਬਾਹਰ ਸੜਕ ਖਾਲੀ ਹੈ। ਹਲਕੀ ਜਿਹੀ ਭੂਰ ਪੈ ਰਹੀ ਹੈ। ਵਕਤ ਤਾਂ ਭਾਵੇਂ ਸਵੇਰ ਦੇ ਨੌਂ ਦਾ ਹੈ ਪਰ ਜਿਵੇਂ ਹਨੇਰਾ ਹੋ ਰਿਹਾ ਹੋਵੇ। ਉਹ ਇੰਗਲੈਂਡ ਦੇ ਮੌਸਮ ਨੂੰ ਕੋਸਦਾ ਮੁੱਛਾਂ ਨੂੰ ਵਟਾ ਦੇਣ ਲੱਗਦਾ ਹੈ। ਖਾਲੀ ਕੱਪ ਰਸੋਈ ਵਿਚ ਰੱਖਣ ਆਇਆ ਗਾਰਡਨ ਦੇਖਣ ਲੱਗਦਾ ਹੈ। ਕਿੰਨਾ ਗੰਦ ਪਿਆ ਹੋਇਆ ਹੈ। ਘਾਹ ਹੀ ਕਿੱਡਾ ਕਿੱਡਾ ਹੋ ਗਿਆ ਹੈ। ਉਹ ਸੋਚਦਾ ਹੈ ਕਿ ਦਿਨ ਪੱਧਰੇ ਹੋਣ ਤਾਂ ਗਾਰਡਨ ਠੀਕ ਕਰੇ। ਪਹਿਲਾਂ ਉਸ ਨੂੰ ਗਾਰਡਨਿੰਗ ਨਾਲ ਬਹੁਤ ਨਫਰਤ ਹੋਇਆ ਕਰਦੀ ਸੀ। ਉਹ ਹੱਸਦਾ ਹੋਇਆ ਕਹਿੰਦਾ ਕਿ ਖੇਤੀ ਤੋਂ ਡਰਦਾ ਤਾਂ ਇੰਗਲੈਂਡ ਭੱਜ ਕੇ ਆਇਆ ਹਾਂ ਤੇ ਹੁਣ ਇਥੇ ਵੀ ਇਹ ਕੰਮ ਨਹੀਂ ਕਰ ਹੁੰਦਾ ਪਰ ਹੁਣ ਉਸ ਨੂੰ ਟਾਈਮ ਪਾਸ ਕਰਨ ਦਾ ਇਹ ਵਧੀਆ ਤਰੀਕਾ ਲੱਗਦਾ ਹੈ। ਨਸੀਬ ਕੌਰ ਜਿਉਂਦੀ ਸੀ ਤਾਂ ਉਹ ਆਪ ਗਾਰਡਨ ਵਿਚ ਮੇਥੀ ਤੇ ਧਨੀਆ ਬੀਜ ਲਿਆ ਕਰਦੀ। ਪਾਲਾ ਸਿੰਘ ਸੋਚ ਰਿਹਾ ਹੈ ਕਿ ਐਤਕੀਂ ਉਹ ਵੀ ਕੁਝ ਸਬਜ਼ੀਆਂ ਬੀਜੇਗਾ ਭਾਵੇਂ ਖਾਣ ਵਾਲਾ ਉਹ ਇਕੱਲਾ ਹੀ ਹੈ।

       ਉਹ ਟੈਲੀ ਲਾ ਲੈਂਦਾ ਹੈ। ਖਬਰਾਂ ਚੱਲ ਰਹੀਆਂ ਹਨ। ਉਸ ਨੂੰ ਬਹੁਤੀ ਦਿਲਚਸਪੀ ਨਹੀਂ ਹੈ। ਫਿਰ ਅਚਾਨਕ ਪ੍ਰੀਤੀ ਬਾਰੇ ਖਬਰ ਆਉਂਦੀ ਹੈ। ਪਾਲਾ ਸਿੰਘ ਨੂੰ ਪਤਾ ਹੈ ਕਿ ਇਸ ਔਰਤ ਨੇ ਪਿੱਛੇ ਜਿਹੇ ਪਤੀ ਦਾ ਕਤਲ ਕਰ ਦਿੱਤਾ ਹੈ। ਔਰਤਾਂ ਦੀਆਂ ਕਈ ਜਥੇਬੰਦੀਆਂ ਨੇ ਪ੍ਰੀਤੀ ਦੇ ਹੱਕ ਵਿਚ ਮੁਜ਼ਾਹਰਾ ਕੀਤਾ ਹੈ। ਔਰਤਾਂ ਦੀ ਮੰਗ ਹੈ ਕਿ ਪ੍ਰੀਤੀ ਉਪਰ ਕੇਸ ਨਾ ਚਲਾਇਆ ਜਾਵੇ ਕਿਉਂਕਿ ਕਤਲ ਕਰਨ ਵੇਲੇ ਉਹ ਆਪੇ ਵਿਚ ਨਹੀਂ ਸੀ। ਪਾਲਾ ਸਿੰਘ ਮਨ ਵਿਚ ਕਹਿੰਦਾ ਹੈ ਕਿ ਔਰਤਾਂ ਕਿਵੇਂ ਇਕ ਦੂਜੇ ਨਾਲ ਖੜ ਜਾਂਦੀਆਂ ਹਨ। ਇਹ ਮਰਦ ਇਕ ਦੂਜੇ ਨਾਲ ਖਾਰ ਖਾਂਦੇ ਹੀ ਮਾਰੇ ਜਾਂਦੇ ਹਨ। ਸਾਧੂ ਸਿੰਘ ਦੇ ਹਾਲਾਤ ਵੀ ਤਾਂ ਅਜਿਹੇ ਹੀ ਸਨ। ਉਸ ਨੂੰ ਕਤਲ ਕਰਦਿਆਂ ਕਿਹੜੀ ਕੋਈ ਸਮਝ ਸੀ। ਕਿਸੇ ਮਰਦ ਨੇ ਉਸ ਲਈ ਖੁੱਲ੍ਹ ਕੇ ਹਾਅ ਦਾ ਨਾਹਰਾ ਨਹੀਂ ਸੀ ਮਾਰਿਆ। ਬਸ ਅੰਦਰੀਂ ਵੜੇ ਹੀ ਝੂਰਦੇ ਰਹੇ।
     ਗਿਆਰਾਂ ਕੁ ਵਜੇ ਡੋਰ ਬੈੱਲ ਵੱਜਦੀ ਹੈ। ਉਹ ਸੋਚਣ ਲੱਗਦਾ ਹੈ ਕਿ ਕੌਣ ਆ ਗਿਆ ਹੋਇਆ। ਡਾਕੀਆ ਤਾਂ ਲੰਘ ਚੁੱਕਾ ਹੈ। ਉਹ ਉਠ ਕੇ ਦਰਵਾਜ਼ਾ ਖੋਲ੍ਹਦਾ ਹੈ। ਗੁਰਦਿਆਲ ਸਿੰਘ ਦਰਵਾਜ਼ੇ 'ਤੇ ਖੜਾ ਹੈ। ਉਹ ਹੈਰਾਨ ਹੋ ਜਾਂਦਾ ਹੈ। ਗੁਰਦਿਆਲ ਸਿੰਘ ਕਦੇ ਵੀ ਇਸ ਤਰ੍ਹਾਂ ਉਸ ਦੇ ਘਰ ਨਹੀਂ ਆਇਆ। ਉਹ ਆਖਦਾ ਹੈ,
“ਅੱਜ ਕੀੜੀ ਦੇ ਘਰ ਨਾਰਾਇਣ ਕਿਧਰੋਂ ?”
“ਮੈਂ ਕਿਹਾ ਤੂੰ ਤਾਂ ਕਈ ਦਿਨ ਦਾ ਆਇਆ ਨਹੀਂ ਮੈਂ ਹੀ ਮਿਲ ਆਵਾਂ, ਪਹਿਲਾਂ ਮੈਂ ਸੋਚਦਾ ਸੀ ਕਿ ਫੋਨ ਕਰ ਕੇ ਦੇਖ ਲਵਾਂ ਘਰ ਵੀ ਹੈਂ ਕਿ ਨਹੀਂ ਫਿਰ ਸੋਚਿਆ ਕਿ ਏਦਾਂ ਦੇ ਮੌਸਮ ਵਿਚ ਤੂੰ ਕਿਥੇ ਜਾਣਾਂ।”
“ਆਹ ਦੇਖਲੈ, ਮੌਸਮ ਨੂੰ ਦੇਖ ਕੀ ਹੋਇਐ ਪਿਐ, ਕਈ ਦਿਨ ਹੋ ਗਏ ਏਹਨੂੰ ਚਲਦੇ ਨੂੰ, ਬਾਹਰ ਨਿਕਲ ਈ ਨਹੀਂ ਹੁੰਦਾ। ਪੱਬ ਤੱਕ ਮਸਾਂ ਜਾਨਾਂ। ਅੱਜ ਗੁਰਦੁਆਰੇ ਵੀ ਕਈ ਦਿਨਾਂ ਬਾਅਦ ਗਿਆਂ। ਤੂੰ ਸੁਣਾ ਕਿੱਦਾਂ ?”
“ਬਸ ਠੀਕ ਐ।”
“ਘਰ 'ਕੱਲਾ ਈ ਲੱਗਦਾਂ?”
“ਹੋਰ ਮੇਰੇ ਨਾਲ ਰਾਣੀ ਇਲੈਜ਼ਬੈਥ ਹੋਣੀ ਆਂ। ਗੁਰਦਿਆਲ ਸਿਆਂ ਤੂੰ ਵੀ ਟਿੱਚਰਾਂ ਕਰਦਾਂ, ਮੁੰਡੇ ਸਾਲੇ ਪਿੱਠ ਦਿਖਾ ਗਏ ਤਾਂ 'ਕੱਲਾ ਈ ਹੋਣਾ ਸੀ।”
“ਮਨਿੰਦਰ ਵੀ ਨਹੀਂ ਦਿੱਸਦੀ ?”
“ਉਹ ਯੂਨੀ ਗਈ ਆ।”
“ਕਿੰਨੇ ਕੁ ਵਜੇ ਮੁੜ ਆਉਂਦੀ ਐ ?”
“ਲੇਟ ਈ ਆਉਂਦੀ ਐ, ਕੰਮ 'ਤੇ ਜਿਉਂ ਜਾਂਦੀ ਐ।”
       ਪਾਲਾ ਸਿੰਘ ਦੱਸਦਾ ਹੈ। ਗੁਰਦਿਆਲ ਸਿੰਘ ਚੁੱਪ ਕਰ ਜਾਂਦਾ ਹੈ। ਫਿਰ ਕੁਝ ਕਹਿਣ ਦੀ ਹਿੰਮਤ ਕਰਦਾ ਕਹਿੰਦਾ ਹੈ,
“ਪਾਲਾ ਸਿਆਂ, ਮਨਿੰਦਰ ਬਾਰੇ ਇਕ ਗੱਲ ਕਰਨੀ ਸੀ।”
“ਗੁਰਦਿਆਲ ਸਿਆਂ, ਹਾਲੇ ਪੜ੍ਹ ਲੈਣ ਦਿੰਨੇ ਆਂ, ਡਿਗਰੀ ਹੋਈ ਤੇ ਵਿਆਹ ਦਾ ਸੋਚ ਲਵਾਂਗੇ।”
       ਗੁਰਦਿਆਲ ਸਿੰਘ ਖਾਮੋਸ਼ ਹੋ ਜਾਂਦਾ ਹੈ। ਕੁਝ ਦੇਰ ਸੋਚਦਾ ਰਹਿੰਦਾ ਹੈ ਕਿ ਗੱਲ ਕਿਵੇਂ ਕਰੇ। ਉਹ ਕਹਿੰਦਾ ਹੈ,
“ਤੈਨੂੰ ਪਤਾ ਨਾ ਸਿੱਖਾਂ ਦੇ ਮੁੰਡੇ ਤੇ ਮੁਸਲਮਾਨਾਂ ਦੇ ਮੁੰਡੇ ਆਪਸ ਵਿਚ ਡਾਂਗਾਂ, ਕ੍ਰਿਪਾਨਾਂ ਕੱਢੀ ਫਿਰਦੇ ਆ।”
“ਇਹ ਸਭ ਤਾਂ ਪ੍ਰਤਾਪ ਖੈਹਰੇ ਤੇ ਚੌਧਰੀ ਦੇ ਪਾਏ ਹੋਏ ਪੰਗੇ ਆ।”
“ਇਹ ਵੀ ਠੀਕ ਐ ਪਾਲਾ ਸਿਆਂ ਪਰ ਇਹ ਮੁੰਡੇ ਜਿਹੜੇ ਕਾਲਜਾਂ, ਯੂਨੀਆਂ 'ਚ ਜਾਂਦੇ ਆ ਉਹ ਵੀ ਗਰੁੱਪ ਬਣਾਈ ਫਿਰਦੇ ਆ। ਕਾਰੇ ਦਾ ਮੁੰਡਾ ਏਦਾਂ ਦੇ ਕਿਸੇ ਗਰੁੱਪ ਦਾ ਲੀਡਰ ਐ।”
“ਉਹ ਤਾਂ ਕਾਰਾ ਵੀ ਕਿਹੜਾ ਲੀਡਰਾਂ ਨਾਲੋਂ ਘੱਟ ਐ।”
“ਨਹੀਂ ਪਾਲਾ ਸਿਆਂ, ਗੱਲ ਕੁਸ਼ ਸੀਰੀਅਸ ਐ।”
“ਅੱਛਾ!”
“ਗੱਲ ਅਸਲ ਵਿਚ ਇਹ ਐ ਕਿ ਮੁਸਲਮਾਨਾਂ ਦੇ ਮੁੰਡੇ ਸਾਡੀਆਂ ਕੁੜੀਆਂ ਨੂੰ ਫਸਾ ਰਹੇ ਆ। ਕੜੇ ਪਾ ਕੇ ਫੁਸਲਾ ਲੈਂਦੇ ਆ ਕਿ ਅਸੀਂ ਵੀ ਸਿੱਖ ਈ ਆਂ ਤੇ ਬਾਅਦ ਵਿਚ ਈ ਅਸਲੀਅਤ ਦਾ ਪਤਾ ਚੱਲਦੈ।”
“ਤਾਂ ਹੀ ਤਾਂ ਸਾਧੂ ਸਿੰਘ ਵਰਗੇ ਜੇਲ੍ਹਾਂ 'ਚ ਬੈਠੇ ਆ।”
“ਅਸਲ ਵਿਚ ਕੁਸ਼ ਸ਼ਰਾਰਤੀ ਲੋਕ ਅਜਿਹੇ ਮੁੰਡਿਆਂ ਨੂੰ ਇਨਕਰੇਜ ਕਰਦੇ ਆ ਕਿ ਸਿੱਖਾਂ ਦੀਆਂ ਕੁੜੀਆਂ ਫਸਾਓ ਤੇ ਮੁਸਲਮਾਨ ਬਣਾਓ।”
“ਗੁਰਦਿਆਲ ਸਿੰਆਂ, ਮੈਂ ਉਹ ਲੀਫਲੈੱਟ ਦੇਖੇ ਆ ਜਿਹੜੇ ਇਹ ਲੋਕ ਵੰਡਦੇ ਫਿਰਦੇ ਸੀ ਪਰ ਉਹ ਤਾਂ ਪੁਰਾਣੀਆਂ ਗੱਲਾਂ...।”
“ਨਹੀਂ, ਹਾਲੇ ਵੀ ਚੱਲੀ ਜਾਂਦੀਆਂ, ਕੱਲ ਕਾਰਾ ਮੇਰੇ ਕੋਲ ਆਇਆ ਸੀ, ਦੁਖੀ ਸੀ ਵਿਚਾਰਾ।”
“ਕਿਉਂ, ਉਹਦੀ ਕੁੜੀ ਵੀ...?”
“ਨਹੀਂ, ਉਹਦਾ ਮੁੰਡਾ ਜਿਉਂ ਲੀਡਰ ਐ, ਕਾਰਾ ਡਰਦੈ ਕਿ ਮੁੰਡਾ ਕਿਸੇ ਵੱਡੀ ਇਲਤ ਵਿਚ ਨਾ ਫਸ ਜਾਵੇ, ਕਿਸੇ ਕੁੜੀ ਕਾਰਨ ਮੁੰਡਿਆਂ ਦੇ ਗਰੁੱਪਾਂ ਵਿਚ ਅੱਜ ਕੱਲ ਬਹੁਤ ਟੈਨਸ਼ਨ ਚੱਲ ਰਹੀ ਐ। ਕੋਈ ਆਪਣੀ ਕੁੜੀ ਮੁਸਲਮਾਨ ਮੁੰਡੇ ਨਾਲ ਸ਼ਰੇਆਮ ਘੁੰਮਦੀ ਫਿਰਦੀ ਐ ਤੇ ਇਹਦੇ ਨਾਲ ਸਾਡੇ ਮੁੰਡੇ ਬਹੁਤ ਹੇਠੀ ਮੰਨਦੇ ਆ। ਉਨ੍ਹਾਂ ਨੇ ਕੁੜੀ ਨੂੰ ਬਹੁਤ ਸਮਝਾਇਆ ਪਰ ਕੁੜੀ ਕਹਿੰਦੀ ਆ ਕਿ ਉਹਨੇ ਤਾਂ ਵਿਆਹ ਵੀ ਉਸੇ ਨਾਲ ਕਰੌਣੈ।”
        ਪਾਲਾ ਸਿੰਘ ਨੂੰ ਗੁਰਦਿਆਲ ਸਿੰਘ ਦਾ ਗੱਲ ਕਰਨ ਦਾ ਤਰੀਕਾ ਚੰਗਾ ਨਹੀਂ ਲੱਗ ਰਿਹਾ। ਫਿਰ ਉਸ ਨੂੰ ਇਹ ਵੀ ਅਜੀਬ ਲੱਗ ਰਿਹਾ ਹੈ ਕਿ ਗੁਰਦਿਆਲ ਸਿੰਘ ਚੱਲ ਕੇ ਉਸ ਦੇ ਘਰ ਆਇਆ ਹੈ। ਪਹਿਲਾਂ ਉਹ ਇਵੇਂ ਕਦੇ ਨਹੀਂ ਆਇਆ। ਉਹ ਤਾਂ ਕੰਮ ਵਿਚ ਹੀ ਇੰਨਾ ਰੁੱਝਿਆ ਹੁੰਦਾ ਹੈ ਕਿ ਵਿਆਹ ਸ਼ਾਦੀ 'ਤੇ ਵੀ ਨਹੀਂ ਜਾਇਆ ਕਰਦਾ। ਫਿਰ ਉਸ ਨੂੰ ਇਹ ਵੀ ਪਤਾ ਹੈ ਕਿ ਕਾਰੇ ਦਾ ਮੁੰਡਾ ਮਨਿੰਦਰ ਵਾਲੀ ਯੂਨੀ ਹੀ ਜਾਂਦਾ ਹੈ। ਪਾਲਾ ਸਿੰਘ ਨੂੰ ਡਰ ਲੱਗਣ ਲੱਗਦਾ ਹੈ ਕਿ ਗੁਰਦਿਆਲ ਸਿੰਘ ਕੋਈ ਖਤਰਨਾਕ ਗੱਲ ਨਾ ਕਹਿ ਦੇਵੇ। ਉਹ ਦਿਲ 'ਤੇ ਹੱਥ ਰੱਖਦਾ ਉਸ ਦੀ ਗੱਲ ਸੁਣਦਾ ਰਹਿੰਦਾ ਹੈ।
       ਗੁਰਦਿਆਲ ਸਿੰਘ ਕਹਿ ਰਿਹਾ ਹੈ,
“ਪਾਲਾ ਸਿਆਂ, ਦੁੱਖ ਵਾਲੀ ਗੱਲ ਇਹ ਐ ਕਿ ਉਹ ਕੁੜੀ ਆਪਣੀ ਮਨਿੰਦਰ ਐ।”
“ਨਹੀਂ ਗੁਰਦਿਆਲ ਸਿਆਂ, ਧੋਖਾ ਲੱਗਿਆ ਹੋਣਾ, ਇਹ ਕਾਰਾ ਸਾਲਾ ਕੰਜਰ ਐ, ਮੈਨੂੰ ਬਦਨਾਮ ਕਰਨ ਲਈ ਕਹਿ ਰਿਹੈ ਸਭ, ਮੈਂ ਕਿਤੇ ਆਪਣੀ ਕੁੜੀ ਨੂੰ ਜਾਣਦਾ ਨਹੀਂ, ਇਹ ਸਭ ਕਾਰੇ ਦੀ ਕਾਰਸਤਾਨੀ ਐ।”
       ਕਹਿੰਦਾ ਹੋਇਆ ਪਾਲਾ ਸਿੰਘ ਗੁੱਸੇ ਵਿਚ ਕੰਬਣ ਲੱਗਦਾ ਹੈ। ਬੋਲਦਾ ਹੈ, 
“ਏਸ ਕਾਰੇ ਕੰਜਰ ਨੇ ਮੇਰੇ ਹੱਥੋਂ ਮਰਨਾ।”
“ਪਾਲਾ ਸਿਆਂ, ਇਕੱਲੇ ਕਾਰੇ ਦੇ ਕਹੇ 'ਤੇ ਮੈਂ ਤੇਰੇ ਨਾਲ ਗੱਲ ਨਹੀਂ ਸੀ ਕਰਨੀ, ਆਪਣੇ ਸ਼ਿਵਰਾਜ ਦੀ ਘਰਵਾਲੀ ਨੇ ਇਕ ਦਿਨ ਮਨਿੰਦਰ ਨਾਲ ਫੋਨ 'ਤੇ ਗੱਲ ਕੀਤੀ ਸੀ ਤੇ ਕਿਹਾ ਸੀ ਕਿ ਰੁਕ ਜਾਵੇ, ਛੱਡ ਦਵੇ ਉਸ ਮੁੰਡੇ ਦੀ ਸੋਹਬਤ।”
       ਪਾਲਾ ਸਿੰਘ ਉਸ ਵੱਲ ਦੇਖਦਾ ਹੈ। ਪਾਲਾ ਸਿੰਘ ਦੀਆਂ ਅੱਖਾਂ ਗੁੱਸੇ ਵਿਚ ਲਾਲ ਹੋ ਰਹੀਆਂ ਹਨ। ਉਹ ਕਹਿੰਦਾ ਹੈ,
“ਗੁਰਦਿਆਲ ਸਿਆਂ, ਜੇ ਇਹ ਸੱਚ ਹੋਇਆ ਤਾਂ ਮੈਂ ਸਿੱਧਾ ਜਾਊਂ ਸਾਧੂ ਸੂੰਹ ਦੇ ਨਾਲ ਵਾਲੀ ਸੈੱਲ ਵਿਚ।”
“ਨਹੀਂ ਪਾਲਾ ਸਿਆਂ, ਪਹਿਲਾਂ ਕੁੜੀ ਨੂੰ ਸਮਝਾ, ਉਹਨੂੰ ਪਤੈ ਕਿ ਤੂੰ ਗੁੱਸੇਖੋਰ ਐਂ, ਡਰ ਜਾਏਗੀ, ਫੇਰ ਜਲਦੀ ਨਾਲ ਮੁੰਡਾ ਲੱਭ ਕੇ ਵਿਆਹ ਦਿੰਨੇ ਆਂ।”
       ਪਾਲਾ ਸਿੰਘ ਸਮਝਦਾ ਹੋਇਆ ਹਾਂ ਵਿਚ ਸਿਰ ਮਾਰਦਾ ਹੈ। ਗੁਰਦਿਆਲ ਸਿੰਘ ਜਾਣ ਲਈ ਉਠ ਖੜਦਾ ਹੈ। ਜਾਂਦਾ ਹੋਇਆ ਕਹਿਣ ਲੱਗਦਾ ਹੈ, 
“ਬਹੁਤ ਸਬਰ ਤੋਂ ਕੰਮ ਲੈਣ ਦੀ ਲੋੜ ਐ, ਕੋਈ ਏਦਾਂ ਦੀ ਗੱਲ ਨਾ ਕਰੀਂ ਕਿ ਗੱਲ ਵਧ ਜਾਵੇ, ਸਾਧੂ ਸੂੰਹ ਦੀ ਕੁੜੀ ਵਾਂਗੂ ਘਰੋਂ ਦੌੜ ਜਾਵੇ।”
“ਗੁਰਦਿਆਲ ਸਿਆਂ, ਮੈਂ ਦੌੜਨ ਜੋਗੀ ਛੱਡੂ ਤਾਂ ਦੌੜੂ।”
“ਨਹੀਂ ਪਾਲਾ ਸਿਆਂ, ਸਬਰ ਤੇ ਹੌਸਲੇ ਤੋਂ ਕੰਮ ਲਵੀਂ, ਉਹਨੂੰ ਬੈਠ ਕੇ ਸਮਝਾਈਂ।”
“ਪਤਾ ਨਹੀਂ ਹੁਣ ਗੁਰਦਿਆਲ ਸਿਆਂ ਕੀ ਹੋਊ, ਮੈਂ ਕੋਸ਼ਿਸ਼ ਕਰੂੰ।”
       ਗੁਰਦਿਆਲ ਸਿੰਘ ਚਲੇ ਜਾਂਦਾ ਹੈ। ਪਾਲਾ ਸਿੰਘ ਬਾਥਰੂਮ ਜਾਂਦਾ ਹੈ। ਸ਼ੀਸ਼ੇ ਵਿਚ ਆਪਣਾ ਚਿਹਰਾ ਦੇਖਦਾ ਹੈ। ਉਸ ਨੂੰ ਆਪਣੀ ਮੁੱਛ ਵਿਚ ਫਰਕ ਪੈ ਗਿਆ ਲੱਗਦਾ ਹੈ। ਉਹ ਮੁੱਛਾਂ ਨੂੰ ਵਟਾ ਦਿੰਦਾ ਮੁੜ ਖੜੀਆਂ ਕਰਦਾ ਹੈ। ਅਲਮਾਰੀ ਵਿਚੋਂ ਬੋਤਲ ਚੁੱਕਦਾ ਹੈ। ਇਕ ਡਰਿੰਕ ਪਾ ਕੇ ਬੈਠ ਜਾਂਦਾ ਹੈ ਤੇ ਸੋਚਣ ਲੱਗਦਾ ਹੈ ਕਿ ਹੁਣ ਉਸ ਨੂੰ ਕੀ ਕਰਨਾ ਚਾਹੀਦਾ ਹੈ। ਕਿਉਂ ਨਾ ਆਉਂਦੀ ਮਨਿੰਦਰ ਦਾ ਗਲ਼ ਹੀ ਘੁੱਟ ਦੇਵੇ ਕਿਉਂਕਿ ਉਸ ਕੋਲੋਂ ਸਬਰ ਨਾਲ ਉਸ ਨੂੰ ਸਮਝਾਇਆ ਨਹੀਂ ਜਾਣਾ। ਉਸ ਨੂੰ ਨਸੀਬ ਕੌਰ ਯਾਦ ਆਉਣ ਲੱਗਦੀ ਹੈ। ਉਹ ਜਿਉਂਦੀ ਹੁੰਦੀ ਤਾਂ ਇਸ ਮਸਲੇ ਨਾਲ ਆਪ ਹੀ ਨਿਪਟਦੀ। ਉਸ ਨੂੰ ਪਤਾ ਤੱਕ ਨਾ ਲੱਗਣ ਦਿੰਦੀ।
       ਉਹ ਘੜੀ ਦੇਖਦਾ ਹੈ। ਇਸ ਸਮੇਂ ਉਹ ਦਾਲ ਬਣਾ ਰਿਹਾ ਹੁੰਦਾ ਹੈ ਤੇ ਫਿਰ ਬਾਹਰ ਦਾ ਗੇੜਾ ਮਾਰਨ ਚਲੇ ਜਾਇਆ ਕਰਦਾ ਹੈ ਪਰ ਅਜ ਉਸ ਦਾ ਕੁਝ ਵੀ ਕਰਨ ਦਾ ਮਨ ਨਹੀਂ ਹੈ। ਉਹ ਉਠ ਕੇ ਆਪਣੇ ਲਈ ਸੈਂਡਵਿਚ ਬਣਾਉਂਦਾ ਹੈ ਤੇ ਇਕ ਪੈਗ ਵਿਸਕੀ ਦਾ ਹੋਰ ਬਣਾ ਲੈਂਦਾ ਹੈ। ਉਸ ਨੂੰ ਯਕੀਨ ਹੋ ਰਿਹਾ ਹੈ ਕਿ ਉਸ ਨੂੰ ਸਾਧੂ ਸਿੰਘ ਵਾਲੇ ਰਾਹ ਹੀ ਤੁਰਨਾ ਪਵੇਗਾ। ਉਹ ਤੁਰੇਗਾ ਵੀ। ਉਸ ਨੂੰ ਕਿਸੇ ਗੱਲ ਦਾ ਪਛਤਾਵਾ ਨਹੀਂ ਹੋਵੇਗਾ। ਪਰ ਸਾਧੂ ਸਿੰਘ ਸ਼ਾਇਦ ਕਾਹਲੀ ਕਰ ਗਿਆ ਹੋਵੇਗਾ। ਉਸ ਨੂੰ ਕਾਹਲੀ ਨਹੀਂ ਕਰਨੀ ਚਾਹੀਦੀ। ਇਸ ਕੰਮ ਲਈ ਕਿਸੇ ਪ੍ਰੋਫੈਸ਼ਨਲ ਦੀ ਮੱਦਦ ਲੈ ਲੈਣੀ ਚਾਹੀਦੀ ਹੈ। ਰੋਜ਼ ਹੀ ਕਿੰਨੇ ਬਲਾਈਂਡ ਅਸੈਸਨਜ਼ ਹੁੰਦੇ ਹਨ। ਕਾਤਲ ਤੱਕ ਦਾ ਪਤਾ ਨਹੀਂ ਚੱਲਦਾ, ‘ਵਾਸ ਪਰਵਾਸ’ ਵਾਲੇ ਦੇ ਕਾਤਲ ਹਾਲੇ ਤਕ ਨਹੀਂ ਫੜੇ ਗਏ। ਜਾਂ ਫਿਰ ਪਤਿਆ ਕੇ ਮਨਿੰਦਰ ਨੂੰ ਇੰਡੀਆ ਲੈ ਜਾਵੇ। ਉਥੇ ਤਾਂ ਇਹ ਕੰਮ ਬਹੁਤ ਹੀ ਸੌਖਾ ਹੈ। ਹਾਂ, ਇੰਡੀਆ ਹੀ ਲੈ ਜਾਵੇ। ਪਰ ਕੀ ਉਹ ਇੰਨਾ ਸਬਰ ਕਰ ਸਕੇਗਾ ਕਿ ਜਦ ਤੱਕ ਇਹ ਸਭ ਬਰਦਾਸ਼ਤ ਕਰਦਾ ਰਹੇ। ਉਸ ਦੇ ਮਨ ਵਿਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆ ਜਾ ਰਹੇ ਹਨ। ਉਸ ਦਾ ਸਿਰ ਸੋਚਾਂ ਨਾਲ ਫਟਣ ਫਟਣ ਕਰ ਰਿਹਾ ਹੈ। ਉਸ ਦੇ ਦਿਲ ਵਿਚ ਕਾਹਲ ਜਿਹੀ ਪੈ ਰਹੀ ਹੈ। ਘਰ ਜਿਵੇਂ ਉਸ ਨੂੰ ਖਾਣ ਨੂੰ ਪੈ ਰਿਹਾ ਹੋਵੇ। ਉਹ ਓਵਰਕੋਟ ਪਾ ਕੇ ਬਾਹਰ ਨਿਕਲ ਜਾਂਦਾ ਹੈ।
        ਬਾਹਰ ਹਾਲੇ ਵੀ ਹਲਕਾ ਜਿਹਾ ਮੀਂਹ ਪੈ ਰਿਹਾ ਹੈ। ਉਸ ਨੂੰ ਮੀਂਹ ਦਾ ਚਿੱਤ ਚੇਤਾ ਵੀ ਨਹੀਂ ਹੈ। ਤੁਰਦਾ ਹੋਇਆ ਉਹ ਲੇਡੀ ਮਾਰਗਰੇਟ ਰੋਡ ਤੋਂ ਹੁੰਦਾ ਹੋਇਆ ਦੁਕਾਨਾਂ ਦੀ ਪਰੇਡ ਕੋਲ ਆ ਜਾਂਦਾ ਹੈ। ਵਿਸਕੀ ਦੀ ਵੱਡੀ ਬੋਤਲ ਖਰੀਦਦਾ ਹੈ। ਦੁਕਾਨਦਾਰ ਉਸ ਨਾਲ ਕੋਈ ਗੱਲ ਕਰਨੀ ਚਾਹ ਰਿਹਾ ਹੈ ਪਰ ਉਹ ਅਣਸੁਣੀ ਕਰਕੇ ਪਾਰਕ ਵਲ ਨੂੰ ਨਿਕਲ ਜਾਂਦਾ ਹੈ। ਮੀਂਹ ਹੋਰ ਤੇਜ਼ ਹੋ ਜਾਂਦਾ ਹੈ ਪਰ ਉਹ ਹੌਲੀ ਹੌਲੀ ਤੁਰਦਾ ਜਾਂਦਾ ਹੈ। ਉਹ ਮਨਿੰਦਰ ਦੇ ਕਤਲ ਬਾਰੇ ਗੰਭੀਰ ਹੋ ਕੇ ਸੋਚਣ ਲੱਗਦਾ ਹੈ। ਜੇਕਰ ਉਹ ਕਿਸੇ ਪ੍ਰੋਫੈਸ਼ਨਲ ਦੀ ਮੱਦਦ ਲਵੇਗਾ ਤਾਂ ਸ਼ਾਇਦ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਜਿਵੇਂ ਕਿ ਅਜਿਹੇ ਬੰਦੇ ਦੀ ਭਾਲ, ਉਸ ਲਈ ਪੈਸੇ ਦਾ ਇੰਤਜ਼ਾਮ ਤੇ ਜੇਕਰ ਪ੍ਰੋਫੈਸ਼ਨਲ ਫੜਿਆ ਗਿਆ ਤਾਂ ਉਸ ਨੇ ਉਸ ਦਾ ਨਾਂ ਲੈਣਾ ਹੀ ਲੈਣਾ ਹੈ। ਇਸ ਨਾਲੋਂ ਬਿਹਤਰ ਨਹੀਂ ਕਿ ਇਹ ਕੰਮ ਉਹ ਆਪ ਕਰੇ। ਉਹ ਮਨਿੰਦਰ ਨੂੰ ਸਿਰਫ ਇਕ ਵਾਰ ਸਮਝਾਵੇ। ਜੇ ਨਾ ਸਮਝੇ ਤਾਂ ਗਲਾ ਫੜ ਕੇ ਦਬਾ ਦੇਵੇ ਤੇ ਸਿੱਧਾ ਪੁਲਿਸ ਸਟੇਸ਼ਨ ਚਲਾ ਜਾਵੇ। ਜੋ ਹੁੰਦੀ ਹੈ ਦੇਖੀ ਜਾਵੇਗੀ। ਫਿਰ ਉਸ ਨੂੰ ਖਿਆਲ ਆਉਂਦਾ ਹੈ ਕਿ ਇਕ ਤਾਂ ਕੁਝ ਕੁ ਉਹ ਸ਼ਰਾਬੀ ਹੋਵੇਗਾ ਉਸ ਦੇ ਹੱਥਾਂ ਵਿਚ ਓਨੀ ਤਾਕਤ ਨਹੀਂ ਹੋਵੇਗੀ। ਦੂਜੇ ਮਨਿੰਦਰ ਵੀ ਸਿਹਤਮੰਦ ਹੈ ਤੇ ਸ਼ਾਇਦ ਇਸ ਮਨਸ਼ੇ ਵਿਚ ਉਸ ਨੂੰ ਕਾਮਯਾਬ ਨਾ ਹੋਣ ਦੇਵੇ। ਸ਼ਾਇਦ ਮੂਹਰਿਓਂ ਮੁਕਾਬਲਾ ਵੀ ਕਰੇ ਤੇ ਇਸ ਤਰ੍ਹਾਂ ਗੱਲ ਵਿਗੜ ਸਕਦੀ ਹੈ। ਸਾਰੇ ਹਾਲਾਤ ਉਸ ਦੇ ਵੱਸੋਂ ਬਾਹਰ ਵੀ ਨਿਕਲ ਸਕਦੇ ਹਨ। ਕਿਉਂ ਨਾ ਛੁਰੀ ਨਾਲ ਉਸ ਦਾ ਗਲਾ ਕੱਟ ਦੇਵੇ। ਉਹ ਖੁਦ ਨੂੰ ਸਵਾਲ ਕਰਦਾ ਹੈ ਕਿ ਕੀ ਉਸ ਨੂੰ ਕੁੜੀ ਨਾਲ ਕੋਈ ਗੱਲਬਾਤ ਵੀ ਕਰਨੀ ਚਾਹੀਦੀ ਹੈ ਕਿ ਸਿਧਾ ਹਮਲਾ ਹੀ ਕਰਨਾ ਚਾਹੀਦਾ ਹੈ। ਇਕ ਮੌਕਾ ਦੇਣਾ ਚਾਹੀਦਾ ਹੈ ਕਿ ਨਹੀਂ। ਉਹ ਇਕ ਗੱਲ ਦਾ ਧਿਆਨ ਜ਼ਰੂਰ ਰਖੇਗਾ ਕਿ ਜਿ਼ਆਦਾ ਸ਼ਰਾਬ ਨਹੀਂ ਪੀਵੇਗਾ।
       ਘਰ ਆ ਕੇ ਉਹ ਸੈਟੀ ਕੋਲ ਖੜ ਕੇ ਦੇਖਦਾ ਹੈ ਕਿ ਉਹ ਕਿਹੜੀ ਜਗਾਹ ਬੈਠਿਆ ਕਰਦਾ ਹੈ ਤੇ ਮਨਿੰਦਰ ਆਮ ਤੌਰ ਤੇ ਕਿਥੇ ਕੁ ਬੈਠਦੀ ਹੈ। ਉਸ ਉਪਰ ਹਮਲੇ ਲਈ ਇੰਨੀ ਕੁ ਦੂਰੀ ਨੂੰ ਕਿਵੇਂ ਤਹਿ ਕਰੇਗਾ। ਉਹ ਸੋਚਦਾ ਹੈ ਕਿ ਉਹ ਆਰਮ-ਚੇਅਰ ‘ਤੇ ਬੈਠਾ ਹੋਵੇਗਾ ਤੇ ਮਨਿੰਦਰ ਨੂੰ ਆਪਣੇ ਨਜ਼ਦੀਕ ਸੈਟੀ ਉਪਰ ਬੈਠਣ ਲਈ ਆਖੇਗਾ। ਉਹ ਜੰਪ ਮਾਰ ਕੇ ਛੁਰੀ ਉਸ ਦੇ ਗਲ 'ਤੇ ਰੱਖ ਦੇਵੇਗਾ ਤੇ ਕਾਹਲੀ ਨਾਲ ਫੇਰ ਦੇਵੇਗਾ, ਹਲਾਲ ਕਰਨ ਵਾਂਗ। ਕਿਸੇ ਤਰ੍ਹਾਂ ਵੀ ਜਜ਼ਬਾਤੀ ਨਹੀਂ ਹੋਵੇਗਾ। ਆਪਣੇ ਕੰਮ ਵਿਚ ਦੇਰੀ ਵੀ ਨਹੀਂ ਕਰੇਗਾ। ਇਕ ਵਾਰ ਵਾਰ ਕਰ ਦਿੱਤਾ ਤਾਂ ਮਨਿੰਦਰ ਦਾ ਕੋਈ ਵੀ ਮਿੰਨਤ ਤਰਲਾ ਨਹੀਂ ਸੁਣੇਗਾ। ਉਹ ਉਠ ਕੇ ਰਸੋਈ ਵਿਚ ਜਾਂਦਾ ਹੈ ਤੇ ਤਿੱਖਾ ਜਿਹਾ ਚਾਕੂ ਚੁੱਕ ਲੈਂਦਾ ਹੈ। ਉਹ ਸੋਚਦਾ ਹੈ ਕਿ ਚਾਕੂ ਭਾਰਾ ਹੋਵੇਗਾ ਤਾਂ ਵਾਰ ਕਰਨ ਵਿਚ ਅਸਾਨੀ ਰਹੇਗੀ। ਉਹ ਚਾਕੂ ਲੈ ਕੇ ਮੁੜ ਸੋਫੇ 'ਤੇ ਆ ਬੈਠਦਾ ਹੈ। ਆਰਮ-ਚੇਅਰ ਤੋਂ ਸੈਟੀ ਤਕ ਉਠ ਕੇ ਕਾਹਲੀ ਨਾਲ ਵਾਰ ਕਰਨ ਦੀ ਪਰੈਕਟਿਸ ਕਰਨ ਲਗਦਾ ਹੈ।
       ਉਹ ਇਕ ਪੈਗ ਹੋਰ ਪਾ ਲੈਂਦਾ ਹੈ। ਉਹ ਘੜੀ ਦੇਖਦਾ ਹੈ। ਚਾਰ ਵੱਜ ਰਹੇ ਹਨ। ਮਨਿੰਦਰ ਦਾ ਪਤਾ ਨਹੀਂ ਕਿੰਨੇ ਵਜੇ ਆਵੇ। ਅਕਸਰ ਲੇਟ ਹੀ ਮੁੜਦੀ ਹੈ। ਜੇ ਲੇਟ ਆਈ ਤਾਂ ਜਦ ਤੱਕ ਉਹ ਜ਼ਿਆਦਾ ਸ਼ਰਾਬੀ ਹੋ ਜਾਵੇਗਾ। ਉਸ ਉਪਰ ਹਮਲਾ ਕਰਨ ਦੀ ਸ਼ਕਤੀ ਹੋਰ ਕਮਜ਼ੋਰ ਪੈ ਜਾਵੇਗੀ। ਉਹ ਉਠ ਕੇ ਇਕ ਹੋਰ ਚਾਕੂ ਲੈ ਆਉਂਦਾ ਹੈ ਜਿਹੜਾ ਕਿ ਮੂਹਰਿਓਂ ਤਿੱਖਾ ਹੈ ਭਾਵੇਂ ਇਹ ਬਹੁਤ ਲੰਮਾ ਨਹੀਂ। ਉਹ ਸੋਚਦਾ ਹੈ ਕਿ ਜਿਗਰ ਵਿਚ ਖੁਭੋਣ ਲਈ ਲੰਮੇ ਚਾਕੂ ਦੀ ਲੋੜ ਵੀ ਨਹੀਂ ਹੁੰਦੀ। ਉਹ ਕੋਲ ਬੈਠੀ ਮਨਿੰਦਰ ਦੇ ਜਿਗਰ ਵਿਚ ਚਾਕੂ ਮਾਰ ਕੇ ਜਿਗਰ ਪਾੜ ਦੇਵੇਗਾ ਤੇ ਮਿੰਟਾਂ ਵਿਚ ਹੀ ਉਸ ਦਾ ਕਾਮ ਤਮਾਮ ਹੋ ਜਾਵੇਗਾ। ਉਹ ਆਪਣੇ ਪੇਟ ਨੂੰ ਸੱਜੇ ਪਾਸਿਓ ਦਬਾ ਕੇ ਆਪਣੇ ਜਿਗਰ ਨੂੰ ਟੋਹ ਕੇ ਦੇਖਦਾ ਹੈ ਕਿ ਬਾਹਰਲੀ ਦੀ ਚਮੜੀ ਤੋਂ ਕਿੰਨਾ ਕੁ ਡੂੰਘਾ ਹੋਵੇਗਾ ਭਾਵ ਕਿ ਚਾਕੂ ਉਥੇ ਤਕ ਪਹੁੰਚ ਵੀ ਸਕੇਗਾ ਕਿ ਨਹੀਂ। ਦੋ ਸੇਬ ਵੀ ਆਪਣੇ ਕੋਲ ਲਿਆ ਰੱਖਦਾ ਹੈ। ਚਾਕੂ ਦਾ ਨੇੜੇ ਪਏ ਹੋਣ ਦਾ ਬਹਾਨਾ ਵੀ ਬਣਾਉਣਾ ਚਾਹੁੰਦਾ ਹੈ।
       ਉਹ ਵਿਸਕੀ ਦੇ ਘੁੱਟ ਭਰਦਾ ਸੋਚ ਰਿਹਾ ਹੈ ਕਿ ਹੁਣ ਸਭ ਕੁਝ ਤਿਆਰ ਹੈ। ਜੇ ਲੋੜ ਹੈ ਤਾਂ ਮਨਿੰਦਰ ਦੀ। ਆਰਮੀ ਵਿਚ ਸਿੱਖਿਆ ਸਭ ਕੁਝ ਅੱਜ ਕੰਮ ਆਵੇਗਾ। ਆਰਮੀ ਵਿਚ ਦਸਿਆ ਜਾਂਦਾ ਹੈ ਕਿ ਕੋਲ ਅਸਲਾ ਨਾ ਹੋਵੇ ਤਾਂ ਦੁਸ਼ਮਣ ਨਾਲ ਕਿਵੇਂ ਨਿਪਟਣਾ ਹੈ।
       ਮਨਿੰਦਰ ਲੇਟ ਹੀ ਆਉਂਦੀ ਹੈ। ਉਹ ਫਰੰਟ ਰੂਮ ਵਿਚ ਜਾਂਦੀ ਹੈ। ਪਾਲਾ ਸਿੰਘ ਸੈਟੀ 'ਤੇ ਹੀ ਟੇਢਾ ਹੋਇਆ ਪਿਆ ਹੈ। ਕੋਲ ਬੋਤਲ ਖਾਲੀ ਪਈ ਹੈ। ਅਣਕੱਟੇ ਸੇਬ 'ਤੇ ਚਾਕੂ ਪਿਆ ਹੈ। ਉਹ ਉਸ ਦੀ ਜੁੱਤੀ ਤੇ ਜੁਰਾਬਾਂ ਖੋਲ੍ਹਦੀ ਹੈ। ਸਿਰ ਤੋਂ ਪੱਗ ਉਤਾਰ ਕੇ ਇਕ ਪਾਸੇ ਰੱਖਦੀ ਹੈ ਤੇ ਕੰਬਲ ਲਿਆ ਕੇ ਉਸ ਉਪਰ ਦੇ ਦਿੰਦੀ ਹੈ।        

ਚਲਦਾ...