ਸਾਊਥਾਲ (ਕਾਂਡ 50)

ਪਰਦੁੱਮਣ ਸਿੰਘ ਨੂੰ ਪਿਛਲੇ ਕੁਝ ਸਮੇਂ ਤੋਂ ਆਪਣੇ ਮੁੰਡਿਆਂ–ਕੁੜੀਆਂ ਦਾ ਫਿਕਰ ਹੋਣ ਲੱਗਿਆ ਹੈ। ਉਹ ਸੋਚਦਾ ਹੈ ਕਿ ਇਨ੍ਹਾਂ ਨੂੰ ਵਿਆਹੁਣਾ ਵੀ ਹੈ। ਅੱਜ ਕੱਲ ਚੰਗੇ ਮੁੰਡੇ–ਕੁੜੀਆਂ ਮਿਲਦੇ ਨਹੀਂ ਹਨ। ਇਨ੍ਹਾਂ ਵਿਚੋਂ ਕਿਸੇ ਨੇ ਇੰਡੀਆ ਵਿਚ ਵਿਆਹ ਕਰਾਉਣਾ ਨਹੀਂ ਹੈ। ਉਸ ਨੂੰ ਪਾਲਾ ਸਿੰਘ ਦੇ ਮੁੰਡਿਆਂ ਦਾ ਧਿਆਨ ਆਉਂਦਾ ਹੈ ਕਿ ਦੋਨਾਂ ਨੇ ਆਪੋ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਏ ਹਨ। ਉਸ ਨੂੰ ਫਿਕਰ ਲੱਗਣ ਲੱਗਦਾ ਹੈ ਕਿ ਉਸ ਨਾਲ ਵੀ ਕਿਤੇ ਇਵੇਂ ਹੀ ਨਾ ਹੋਵੇ। ਉਸ ਨੂੰ ਬਲਰਾਮ ਦਾ ਵੀ ਬਹੁਤਾ ਫਿਕਰ ਹੈ। ਰਾਜਵਿੰਦਰ ਤਾਂ ਹੱਥੋਂ ਨਿਕਲ ਗਿਆ ਹੈ। ਰਾਜਵਿੰਦਰ ਬਾਰੇ ਸੋਚਦਿਆਂ ਉਸ ਨੂੰ ਲਗਦਾ ਹੈ ਕਿ ਜੇਕਰ ਉਹ ਸਮਲਿੰਗੀ ਹੈ ਤਾਂ ਉਹ ਗਲਤ ਕੰਪਨੀ ਵਿਚ ਪੈ ਕੇ ਹੀ ਇਸ ਆਦਤ ਦਾ ਸਿ਼ਕਾਰ ਹੋ ਗਿਆ ਹੋ ਸਕਦਾ ਹੈ ਵਰਨਾ ਕੁਦਰਤ ਨੇ ਉਸ ਨਾਲ ਕੋਈ ਫਰਕ ਨਹੀਂ ਕੀਤਾ ਹੋਇਆ। ਜੇਕਰ ਉਸਦਾ ਵਿਆਹ ਹੋ ਜਾਵੇ ਤਾਂ ਠੀਕ ਵੀ ਹੋ ਸਕਦਾ ਹੈ।
       ਇਕ ਦਿਨ ਸ਼ਾਮ ਨੂੰ ਉਹ ਰਾਜਵਿੰਦਰ ਨੂੰ ਆਪਣੇ ਕੋਲ ਬੈਠਾ ਲੈਂਦਾ ਹੈ ਤੇ ਕਹਿੰਦਾ ਹੈ,
“ਦੇਖ ਰਾਜਵਿੰਦਰ, ਸਾਡੀ ਗੱਲ ਮੰਨ, ਤੂੰ ਵਿਆਹ ਕਰਾ ਲੈ ਸਭ ਠੀਕ ਹੋ ਜਾਊ।”
“ਡੈਡ, ਕੀ ਠੀਕ ਹੋ ਜਾਊ ?”
“ਤੇਰੀ ਲਾਈਫ ਨੌਰਮਲ ਹੋ ਜਾਊ, ਮੈਂ ਵੀ ਤੇਰੀ ਪੂਰੀ ਹੈਲਪ ਕਰੂੰਗਾ।”
“ਡੈਡ, ਮੇਰੀ ਲਾਈਫ ਤਾਂ ਹੁਣ ਵੀ ਨੌਰਮਲ ਈ ਐ, ਤੁਸੀਂ ਈ ਮੇਰੀ ਕੋਈ ਹੈਲਪ ਨਹੀਂ ਕਰਦੇ।”
“ਤੂੰ ਵਿਆਹ ਕਰਾ ਜੇ ਕਹੇਂ ਅਸੀਂ ਹੈਲਪ ਕਰਾਂਗੇ, ਤੈਨੂੰ ਜੁਦਾ ਘਰ ਲੈ ਦੇਵਾਂਗੇ, ਕਾਰ ਲੈ ਦੇਵਾਂਗੇ, ਫੈਕਟਰੀ ਵਿਚ ਈ ਜੌਬ ਵੀ ਕਰ ਲਵੀਂ, ਬਸ ਤੂੰ ਇਕ ਵਾਰ ਵਿਆਹ ਕਰਾ ਲੈ।”
“ਡੈਡ, ਜਿਥੇ ਮੈਂ ਕਹਾਂਗਾ ਵਿਆਹ ਕਰ ਦੇਵੋਂਗੇ ?”
“ਹਾਂ, ਬਿਲਕੁਲ, ਸਾਨੂੰ ਰੰਗ, ਜਾਤ ਦਾ ਹੁਣ ਤੇਰੇ ਮਾਮਲੇ ਵਿਚ ਕੋਈ ਫਰਕ ਨਹੀਂ, ਜਿਥੇ ਕਹੇਂ ਤੇਰਾ ਵਿਆਹ ਕਰ ਦਿੰਨੇ ਆਂ।”
“ਤੁਸੀਂ ਪੀਟਰ ਨੂੰ ਜਾਣਦੇ ਆਂ, ਜਿਹੜਾ ਮੇਰੇ ਨਾਲ ਆਉਂਦਾ ਹੁੰਦੈ ਕਦੇ ਕਦੇ।”
“ਹਾਂ।”
“ਡੈਡ, ਬਸ ਤੁਸੀਂ ਮੇਰਾ ਉਸ ਨਾਲ ਈ ਵਿਆਹ ਕਰ ਦਿਓ।”
       ਰਾਜਵਿੰਦਰ ਪਰਦੁੱਮਣ ਸਿੰਘ ਦੇ ਸਾਹਮਣੇ ਬੈਠਾ ਕਹਿ ਰਿਹਾ ਹੈ। ਪਰਦੁੱਮਣ ਸਿੰਘ ਠਾਹ ਕਰਦਾ ਇਕ ਥੱਪੜ ਉਸ ਦੇ ਮੂੰਹ 'ਤੇ ਜੜਦਾ ਕਹਿੰਦਾ ਹੈ,
“ਤੇਰੀ ਹਰਾਮੀ ਗੇਅ ਦੀ ਐਸੀ ਕੀ ਤੈਸੀ, ਨਿਕਲ ਘਰੋਂ, ਸਾਲਾ ਗੰਦਾ ਆਂਡਾ।”
“ਯੂ ਡਰਟੀ ਓਲਡ ਮੇਨ !... ਯੂ ਓਲਡ ਬਾਸਟਡ ਆਏ ਵਿਲ ਕਿਲ ਯੂ ਵਨ ਡੇ, ਆਈ ਵਿਲ ਕਿਲ ਯੂ।”
       ਕਹਿੰਦਾ ਹੋਇਆ ਰਾਜਵਿੰਦਰ ਉਠ ਖੜਦਾ ਹੈ। ਪਰਦੁੱਮਣ ਸਿੰਘ ਵੀ ਖੜਾ ਹੋ ਜਾਂਦਾ ਹੈ। ਉਸ ਦੇ ਇਕ ਹੋਰ ਮੁੱਕਾ ਮਾਰਦਾ ਹੈ। ਰੌਲਾ ਸੁਣਦੀ ਗਿਆਨ ਕੌਰ ਭੱਜੀ ਆਉਂਦੀ ਹੈ। ਬਲਰਾਮ ਤੇ ਕੁੜੀਆਂ ਵੀ ਆ ਜਾਂਦੀਆਂ ਹਨ। ਰਾਜਵਿੰਦਰ ਪਿਉ ਨੂੰ ਗਾਲ੍ਹਾਂ ਕੱਢਦਾ ਘਰੋਂ ਨਿਕਲ ਜਾਂਦਾ ਹੈ। ਜਾਂਦੇ ਹੋਏ ਨੂੰ ਪਰਦੁੱਮਣ ਸਿੰਘ ਆਖਦਾ ਹੈ,
“ਖਬਰਦਾਰ! ਜੇ ਮੁੜ ਕੇ ਏਸ ਘਰ ਵਿਚ ਵੜਿਆ ਤਾਂ।”
       ਗੁੱਸੇ ਵਿਚ ਉਸ ਦੇ ਬੁੱਲ੍ਹ ਕੰਬ ਰਹੇ ਹਨ। ਅਵਾਜ਼ ਖਿੰਡਰ ਰਹੀ ਹੈ। ਬਲਰਾਮ ਉਸ ਦੇ ਕੋਲ ਆ ਕੇ ਖੜ ਜਾਂਦਾ ਹੈ। ਉਸ ਦੇ ਮੋਢੇ ਉਪਰ ਹੱਥ ਰੱਖਦਾ ਹੈ ਤੇ ਕਹਿੰਦਾ ਹੈ,
“ਡੈਡ, ਕਿਉਂ ਉਸ ਉਪਰ ਆਪਣਾ ਟਾਈਮ ਵੇਸਟ ਕਰ ਰਹੇ ਓ।”
       ਜਵਾਬ ਵਿਚ ਪਰਦੁੱਮਣ ਸਿੰਘ ਤੋਂ ਬੋਲਿਆ ਨਹੀਂ ਜਾ ਰਿਹਾ। ਗਿਆਨ ਕੌਰ ਕਹਿਣ ਲੱਗਦੀ ਹੈ,
“ਪੁੱਤ, ਤੇਰੇ ਡੈਡੀ ਸੋਚਦੇ ਆ ਕਿ ਹੁਣ ਤੂੰ ਵੀ ਵਿਆਹ ਜੋਗਾ ਹੋ ਗਿਐਂ, ਡਿਗਰੀ ਤੂੰ ਕਰ ਲਈ ਐ। ਅਸੀਂ ਤੇਰਾ ਵੀ ਕੁਸ਼ ਕਰਨੈ, ਜਦ ਵੱਡਾ ਅਣਵਿਆਹਿਆ ਬੈਠਾ ਹੋਵੇ ਤਾਂ ਛੋਟੇ ਨੂੰ ਵਿਆਹ ਲਈਏ ਤਾਂ ਲੋਕ ਕੀ ਕਹਿਣਗੇ।”
“ਤੁਸੀਂ ਲੋਕਾਂ ਦੀ ਵਰੀ ਕਿਉਂ ਕਰਦੇ ਆਂ, ਜੋ ਤੁਹਾਡਾ ਦਿਲ ਕਰਦੈ, ਕਰੋ।”
“ਤੇਰਾ ਵਿਆਹ ਕਰ ਦੇਈਏ ਫੇਰ ?”
       ਗਿਆਨ ਕੌਰ ਖੁਸ਼ ਹੁੰਦੀ ਪੁੱਛਦੀ ਹੈ। ਬਲਰਾਮ ਮੋਢੇ ਮਾਰਦਾ ਆਪਣੇ ਕਮਰੇ ਵੱਲ ਨੂੰ ਤੁਰ ਜਾਂਦਾ ਹੈ। ਬਲਰਾਮ ਵੱਲ ਦੇਖ ਕੇ ਪਰਦੁੱਮਣ ਸਿੰਘ ਦਾ ਮੂਡ ਠੀਕ ਹੋਣ ਲੱਗਦਾ ਹੈ। ਉਹ ਮਨ ਵਿਚ ਕਹਿੰਦਾ ਹੈ ਕਿ ਏਦਾਂ ਤਾਂ ਏਦਾਂ ਹੀ ਸਹੀ।
       ਸੌਣ ਵੇਲੇ ਗਿਆਨ ਕੌਰ ਪੁੱਛਦੀ ਹੈ,
“ਕੋਈ ਕੁੜੀ ਨਿਗ੍ਹਾ ਵਿਚ ਹੈ ਬਲਰਾਮ ਲਈ ?”
“ਕੁੜੀ ਤਾਂ ਇਕ ਸਿਗੀ ਪਾਲਾ ਸਿਉਂ ਦੀ ਪਰ ਕਾਰੇ ਦਾ ਕੱਲ ਫੋਨ ਆਇਆ ਸੀ, ਦੱਸਦੈ ਕਿ ਓਸ ਕੁੜੀ ਦੀ ਹਵਾ ਠੀਕ ਨਹੀਂ।”
“ਕਾਰੇ ਨੂੰ ਤਾਂ ਸਾਰੇ ਆਪਣੇ ਵਰਗੇ ਈ ਦਿੱਸਦੇ ਆ।”
“ਨਹੀਂ, ਜਤਿੰਦਰ ਜਿਉਂ ਪੜ੍ਹਦੈ ਉਸੇ ਯੂਨੀ।”
“ਓਦਾਂ ਕੁੜੀ ਮਾੜੀ ਨਹੀਂ ਸੀ ਉਹ, ਦੇਖੀ ਹੋਈ ਆ।”
“ਨਹੀਂ, ਕਾਰਾ ਕਹਿੰਦਾ ਕਿ ਉਹਦੀ ਦੋਸਤੀ ਕਿਸੇ ਮੁਸਲਮਾਨ ਮੁੰਡੇ ਨਾਲ ਐ, ਜਿਹਦੀ ਖਾਤਰ ਯੂਨੀ ਵਿਚ ਲੜਾਈਆਂ ਵੀ ਹੋਈਆਂ।”
“ਕੋਈ ਹੋਰ ਦੇਖ ਲਓ, ਸਾਡਾ ਸੋਨੇ ਵਰਗਾ ਮੁੰਡਾ ਐ, ਇਹਨੂੰ ਕਿਤੇ ਰਿਸ਼ਤਿਆਂ ਦਾ ਘਾਟਾ ਐ।”
       ਬਲਰਾਮ ਨਾਲ ਉਹ ਕਦੇ ਕਦੇ ਸ਼ੁਗਲ ਕਰ ਲਿਆ ਕਰਦਾ ਹੈ। ਕਹਿਣ ਲੱਗਦਾ ਹੈ,
“ਕਿਉਂ ਬਈ, ਕੋਈ ਗਰਲਫਰਿੰਡ ਐ ਕਿ ਨਹੀਂ ਤੇਰੇ ਕੋਲ, ਜੇ ਨਹੀਂ ਲੱਭਦੀ ਤਾਂ ਹੈਲਪ ਕਰਾਂ ?”
“ਨਹੀਂ ਡੈਡ, ਮੈਨੂੰ ਗਰਲਫਰਿੰਡ ਪਸੰਦ ਨਹੀਂ।”
“ਤੈਨੂੰ ਗਰਲਫਰਿੰਡ ਕਿਉਂ ਪਸੰਦ ਨਹੀਂ ਬਈ ?... ਗਰਲਫਰਿੰਡ ਤਾਂ ਸਾਡੇ ਵਰਗੇ ਨੂੰ ਲੱਭ ਪਏ ਤਾਂ ਪਿੱਛੇ ਨਾ ਹਟੀਏ, ਤੂੰ ਤਾਂ ਯੰਗਮੈਨ ਐਂ। ਕਿਤੇ ਤੂੰ...।”
“ਏਹ ਗੱਲ ਨਹੀਂ ਡੈਡ, ਆਏ'ਮ ਸਟਰੇਟ... ਏਹ ਗਰਲਫਰਿੰਡ ਤਾਂ ਪੇਨ ਇਨ ਦਾ ਬਮ ਹੁੰਦੀਆਂ।”
       ਹੁਣ ਉਸ ਦਾ ਵਿਆਹ ਲਈ ਮੰਨ ਜਾਣਾ ਉਸ ਨੂੰ ਬਹੁਤ ਚੰਗਾ ਲੱਗਦਾ ਹੈ। ਉਹ ਭਵਿੱਖ ਦੀਆਂ ਸਕੀਮਾਂ ਬਣਾਉਣ ਲੱਗਦਾ ਹੈ ਕਿ ਬਲਰਾਮ ਦਾ ਵਿਆਹ ਕਿਹੋ ਜਿਹਾ ਕਰੇਗਾ। ਉਹ ਦੇਰ ਤੱਕ ਸੋਚਦਾ ਰਹਿੰਦਾ ਹੈ। ਗਿਆਨ ਕੌਰ ਨੂੰ ਵੀ ਹਾਲੇ ਨੀਂਦ ਨਹੀਂ ਆਈ। ਉਹ ਅਚਾਨਕ ਕਹਿੰਦੀ ਹੈ,
“ਉਹ ਕਮਲਾ ਪਤਾ ਨਹੀਂ ਕਿਥੇ ਸੁੱਤਾ ਹੋਊ।”
“ਉਹ ਤਾਂ ਮਜ਼ੇ ਨਾਲ ਸੁੱਤਾ ਪਿਆ ਹੋਊ ਨਾਲੇ਼ ਕਿਹੜਾ ਪਹਿਲੀ ਵਾਰ ਬਾਹਰ ਸੁੱਤੈ, ਮੁੜ ਆਊ ਕੱਲ ਨੂੰ, ਅਸੀਂ ਈ ਨੀਂਦ ਖਰਾਬ ਕਰੀ ਬੈਠੇ ਆਂ, ਤੂੰ ਵੀ ਸੌਣ ਦੀ ਕੋਸ਼ਿਸ਼ ਕਰ, ਸਵੇਰੇ ਜਲਦੀ ਉਠਣਾ।”
       ਸਵੇਰ ਤੋਂ ਹੀ ਪਰਦੁੱਮਣ ਸਿੰਘ ਬਲਰਾਮ ਲਈ ਕੁੜੀ ਦੀ ਪੁੱਛਗਿੱਛ ਸ਼ੁਰੂ ਕਰ ਦਿੰਦਾ ਹੈ। ਉਹ ਚਾਹੁੰਦਾ ਹੈ ਕਿ ਇਕ ਵਾਰ ਸਾਰੇ ਵਾਕਫਕਾਰਾਂ ਵਿਚ ਗੱਲ ਫੈਲ ਜਾਵੇ ਕਿ ਪਰਦੁੱਮਣ ਸਿੰਘ ਦਾ ਮੁੰਡਾ ਵਿਆਹੁਣ ਵਾਲਾ ਹੈ ਤਾਂ ਆਪੇ ਕੋਈ ਨਾ ਕੋਈ ਪਹੁਚ ਕਰ ਲਵੇਗਾ। ਅਜਕਲ ਬੱਚਿਆਂ ਲਈ ਰਿਸ਼ਤੇ ਲਭਣੇ ਬਹੁਤ ਮੁਸ਼ਕਲ ਹੋਏ ਪਏ ਹਨ। ਇਸ ਬਾਰੇ ਉਹ ਕਾਰੇ ਨੂੰ ਫੋਨ ਕਰਦਾ ਹੈ। ਬਰਾਡਵੇਅ ਵੱਲ ਨਿਕਲਿਆ ਪ੍ਰਤਾਪ ਖੈਹਰੇ ਕੋਲ ਜਾ ਖੜਦਾ ਹੈ। ਆਪਣੇ ਮੁੰਡੇ ਨੂੰ ਰਿਸ਼ਤਾ ਉਹ ਕਿਸੇ ਵੱਡੇ ਘਰ ਦਾ ਹੀ ਕਰਨਾ ਚਾਹੁੰਦਾ ਹੈ। ਗਿਆਨ ਕੌਰ ਵੀ ਕੰਮ ਉਪਰ ਸਾਰੀਆਂ ਔਰਤਾਂ ਨੂੰ ਆਪਣੇ ਮੁੰਡੇ ਨੂੰ ਰਿਸ਼ਤਾ ਕਰਵਾਉਣ ਲਈ ਕਹਿ ਦਿੰਦੀ ਹੈ। ਇਕੋ ਸ਼ਰਤ ਹੈ ਕਿ ਬੰਦੇ ਉਨ੍ਹਾਂ ਦੀ ਟੱਕਰ ਦੇ ਹੋਣ ਤੇ ਕੁੜੀ ਮੁੰਡੇ ਦੀ ਪਸੰਦ ਦੀ ਹੋਵੇ। ਡਿਗਰੀ ਹੋਣ ਤੋਂ ਬਾਅਦ ਬਲਰਾਮ ਨੌਕਰੀ ਦੀ ਤਲਾਸ਼ ਕਰਨ ਲੱਗਦਾ ਹੈ ਪਰ ਬਹੁਤਾ ਸਮਾਂ ਫੈਕਟਰੀ ਵਿਚ ਗੁਜ਼ਾਰਦਾ ਹੈ। ਉਹ ਫੈਕਟਰੀ ਦੇ ਕੰਮ ਨੂੰ ਸੰਭਾਲਣ ਲੱਗਦਾ ਹੈ। ਪਰਦੁੱਮਣ ਸਿੰਘ ਨੂੰ ਵਿਹਲਾ ਜਿਹਾ ਕਰ ਦਿੰਦਾ ਹੈ। ਉਹ ਬਲਰਾਮ ਨੂੰ ਕਹਿੰਦਾ ਹੈ,
“ਤੂੰ ਛੱਡ ਪਰ੍ਹੇ ਨੌਕਰੀ ਨੂੰ, ਫੈਕਟਰੀ ਸੰਭਾਲ, ਮੈਂ ਡਲਿਵਰੀ ਦਾ ਕੰਮ ਕਰੀ ਜਾਨਾਂ।”
“ਨਹੀਂ ਡੈਡ, ਯੂ ਰਿਲੈਕਸ, ਘਰ ਬੈਠਿਆ ਕਰ। ਮੰਮ ਨੂੰ ਵੀ ਕਹਿ ਰੈਸਟ ਕਰੇ।”
       ਪਰਦੁੱਮਣ ਸਿੰਘ ਦੇ ਅੰਦਰਲੇ ਪਿਉ ਦਾ ਮਨ ਮਾਣ ਨਾਲ ਭਰ ਜਾਂਦਾ ਹੈ। ਪਰਦੁੱਮਣ ਸਿੰਘ ਹੁਣ ਸੇਲਜ਼ਮੈਨਸ਼ਿੱਪ ਕਰਨ ਚਲੇ ਜਾਂਦਾ ਹੈ। ਉਹ ਸਮੋਸਿਆਂ ਦੀ ਵਿੱਕਰੀ ਲਈ ਨਵੀਆਂ ਜਗਾਵਾਂ ਦੀ ਤਲਾਸ਼ ਵਿਚ ਨਿਕਲ ਜਾਂਦਾ ਹੈ। ਦੋ ਕੁ ਵਾਰ ਫਰੀਦਾ ਦਾ ਫੋਨ ਆਉਂਦਾ ਹੈ ਪਰ ਉਹ ਜਵਾਬ ਨਹੀਂ ਦਿੰਦਾ। ਹੁਣ ਉਸ ਨੂੰ ਕੁਲਬੀਰੋ ਦਾ ਵੀ ਆਪਣੇ ਪ੍ਰਤੀ ਰਵੱਈਆ ਬਦਲਿਆ ਬਦਲਿਆ ਜਾਪਦਾ ਹੈ। ਉਸ ਨੂੰ ਜਾਪਦਾ ਹੈ ਕਿ ਦੋਸਤੀ ਲਈ ਹੁਣ ਤਿਆਰ ਹੋ ਜਾਵੇਗੀ ਪਰ ਉਹ ਅੱਗੇ ਨਹੀਂ ਵੱਧਦਾ। ਬਲਰਾਮ ਹਰ ਵੇਲੇ ਫੈਕਟਰੀ ਵਿਚ ਹੁੰਦਾ ਹੈ। ਉਹ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਕਿ ਆਪਣੇ ਪੁੱਤਰ ਦੀ ਨਜ਼ਰ ਵਿਚ ਬੁਰਾ ਹੋਵੇ। ਉਹ ਮੀਕੇ ਅਤੇ ਨਿੰਮੇ ਨਾਲ ਵੀ ਸੰਖੇਪ ਜਿਹੀਆਂ ਗੱਲਾਂ ਹੀ ਕਰਿਆ ਕਰਦਾ ਹੈ। ਹਾਸਾ ਮਜ਼ਾਕ ਉਸ ਨੇ ਬੰਦ ਕਰ ਦਿੱਤਾ ਹੈ।
       ਹੁਣ ਸਤਿੰਦਰ ਤੇ ਪਵਨ ਵੀ ਫੈਕਟਰੀ ਆਉਣ ਲੱਗੀਆਂ ਹਨ। ਉਨ੍ਹਾਂ ਦੇ ਆਉਣ ਨਾਲ ਉਹ ਹੋਰ ਵੀ ਗੰਭੀਰ ਰਹਿਣ ਲੱਗਦਾ ਹੈ। ਉਹ ਸੋਚਣ ਲੱਗਦਾ ਹੈ ਕਿ ਅਗਲੇ ਸਾਲ ਸਤਿੰਦਰ ਦੀ ਡਿਗਰੀ ਵੀ ਪੂਰੀ ਹੋ ਜਾਵੇਗੀ ਤੇ ਡਿਗਰੀ ਪੂਰੀ ਹੁੰਦਿਆਂ ਹੀ ਉਸ ਦਾ ਵਿਆਹ ਵੀ ਕਰ ਦੇਵੇਗਾ। ਉਸ ਨੂੰ ਸਤਿੰਦਰ ਦੇ ਬੜਬੋਲੇ ਜਿਹੇ ਸੁਭਾਅ ਦਾ ਫਿਕਰ ਵੀ ਰਹਿੰਦਾ ਹੈ ਕਿ ਕੋਈ ਮੁੰਡਾ ਐਵੇਂ ਹੀ ਗੱਲਾਂ ਗੱਲਾਂ ਵਿਚ ਮਗਰ ਨਾ ਲਵੇ ਤੇ ਕੁੜੀ ਹੱਥੋਂ ਜਾਂਦੀ ਰਹੇ। ਉਸ ਕੋਲੋਂ ਤਾਂ ਇਹ ਗੱਲ ਬਰਦਾਸ਼ਤ ਵੀ ਨਹੀਂ ਕੀਤੀ ਜਾਣੀ। ਛੋਟੀ ਪਵਨ ਦਾ ਉਸ ਨੂੰ ਬਹੁਤਾ ਫਿਕਰ ਨਹੀਂ ਹੈ। ਉਹ ਚੁੱਪ ਜਿਹੀ ਆਪਣੇ ਆਪ ਵਿਚ ਰਹਿਣ ਵਾਲੀ ਕੁੜੀ ਹੈ।
       ਕਈ ਮਹੀਨਿਆਂ ਦੀ ਤਲਾਸ਼ ਬਾਅਦ ਉਨ੍ਹਾਂ ਨੂੰ ਬਰੈਡਫੋਰਡ ਦੀ ਇਕ ਕੁੜੀ ਪਸੰਦ ਆਉਂਦੀ ਹੈ। ਉਨ੍ਹਾਂ ਨੇ ਕਈ ਦਰਜਨ ਕੁੜੀਆਂ ਦੇਖ ਮਾਰੀਆਂ ਹਨ। ਕਿਸੇ ਵਿਚ ਕੋਈ ਨੁਕਸ ਹੈ ਤੇ ਕਿਸੇ ਵਿਚ ਕੋਈ। ਜੇ ਕੋਈ ਕੁੜੀ ਪਸੰਦ ਆਉਂਦੀ ਹੈ ਤਾਂ ਉਸ ਦਾ ਘਰ ਗਰੀਬ ਨਿਕਲਦਾ ਹੈ। ਪਰਦੁੱਮਣ ਸਿੰਘ ਆਪਣੇ ਆਪ ਨੂੰ ਮਿਲੀਅਨੇਅਰਾਂ ਵਿਚ ਗਿਣ ਰਿਹਾ ਹੈ। ਉਸ ਦਾ ਘਰ, ਉਸ ਦੀ ਫੈਕਟਰੀ ਤੇ ਦੋ ਹੋਰ ਪ੍ਰੌਪਰਟੀਜ਼ ਉਸ ਨੇ ਖਰੀਦ ਲਈਆਂ ਹਨ, ਸਭ ਪਾ ਕੇ ਮਿਲੀਅਨ ਪੌਂਡ ਤੋਂ ਕਿਤੇ ਵੱਧ ਦੇ ਹਨ। ਹੁਣ ਉਸ ਨੂੰ ਮਿਲੀਅਨੇਅਰ ਰਿਸ਼ਤੇਦਾਰ ਹੀ ਚਾਹੀਦੇ ਹਨ। ਜੇ ਇਹ ਸਭ ਪਸੰਦ ਆ ਜਾਂਦਾ ਹੈ ਤਾਂ ਕੁੜੀ ਮੁੰਡੇ ਨੂੰ ਸਿਰ ਫੇਰ ਜਾਂਦੀ ।
       ਪੁਰੇਵਾਲ ਦੇ ਬਰੈਡਫੋਰਡ ਵਿਚ ਦੋ ਰੈਸਟੋਰੈਂਟ ਹਨ। ਕੁੜੀ ਵੀ ਬਲਰਾਮ ਨੂੰ ਚੰਗੀ ਲੱਗ ਜਾਂਦੀ ਹੈ। ਰਿਸ਼ਤਾ ਹੋ ਜਾਂਦਾ ਹੈ। ਵਿਆਹ ਵੀ ਹੋ ਜਾਂਦਾ ਹੈ। ਪਰਦੁੱਮਣ ਸਿੰਘ ਦੋ ਕੋਚਾਂ ਭਰ ਕੇ ਬਰਾਤ ਲੈ ਕੇ ਜਾਂਦਾ ਹੈ। ਕਾਰਾਂ ਦਾ ਕਾਫਲਾ ਅਲੱਗ ਹੈ। ਅੱਗਿਉਂ ਪੁਰੇਵਾਲ ਵੀ ਪੂਰੀ ਸੇਵਾ ਕਰਦਾ ਹੈ। ਬਰਾਤ ਖੁਸ਼ ਹੋ ਜਾਂਦੀ ਹੈ। ਪਰਦੁੱਮਣ ਸਿੰਘ ਵੀ ਚਾਅ ਦਾ ਭਰਿਆ ਪਿਆ ਹੈ।
       ਮੁੰਡਾ ਕੁੜੀ ਗਰੀਸ ਦੇ ਜ਼ਜੀਰੇ 'ਤੇ ਹਨੀਮੂਨ 'ਤੇ ਜਾਂਦੇ ਹਨ। ਉਥੋਂ ਹਰ ਰੋਜ਼ ਫੋਨ ਕਰਦੇ ਹਨ। ਸਾਰੇ ਪ੍ਰਸੰਨ ਹਨ। ਹਫਤੇ ਬਾਅਦ ਮੁੰਡਾ ਕੁੜੀ ਮੁੜਦੇ ਹਨ। ਕੁੜੀ ਆਪਣਾ ਸਮਾਨ ਇਕੱਠਾ ਕਰਨ ਲੱਗਦੀ ਹੈ। ਗਿਆਨ ਕੌਰ ਪੁੱਛਦੀ ਹੈ,
“ਕੀ ਹੋ ਗਿਆ ਪੁੱਤ ਤੈਨੂੰ ?”
“ਮੈਂ ਏਸ ਬੰਦੇ ਨਾਲ ਨਹੀਂ ਰਹਿ ਸਕਦੀ।”
ਚਲਦਾ...