ਸਾਊਥਾਲ (ਕਾਂਡ 49)

       ਹੋਟਲ ਖਰੀਦ ਕੇ ਕਾਰਾ ਸੱਤਵੇਂ ਅਸਮਾਨ ਜਾ ਚੜ੍ਹਦਾ ਹੈ। ਉਹ ਆਪਣੇ ਨਾਂ ਨਾਲ ਹੋਟਲੀਅਰ ਅਖਵਾਉਣ ਲੱਗਿਆ ਹੈ। ਗੁਰਦੁਆਰੇ ਜਾ ਕੇ ਗਿਆਰਾਂ ਪੌਂਡ ਦੇ ਕੇ ਅਰਦਾਸ ਵਿਚ ਕਹਿਲਵਾਏਗਾ ਸਰਦਾਰ ਬਲਕਾਰ ਸਿੰਘ ਰਾਏ ਹੋਟਲੀਅਰ ਪਰ ਉਸ ਦੀ ਦਿੱਖ ਜਾਂ ਉਸ ਵਿਚਲੇ ਮੁੰਡੇਪਣ ਕਾਰਣ ਲੋਕ ਉਸ ਨੂੰ ਕਾਰੇ ਤੋਂ ਬਲਕਾਰ ਵੀ ਨਹੀਂ ਕਹਿਣ ਲੱਗੇ। ਓਪਰੇ ਬੰਦੇ ਭਾਵੇਂ ਮਿਸਟਰ ਰਾਏ ਕਹਿ ਲੈਂਦੇ ਹੋਣ ਪਰ ਪੁਰਾਣੇ ਵਾਕਫ ਤਾਂ ਕਾਰਾ ਕਹਿ ਕੇ ਹੀ ਸੰਬੋਧਨ ਹੁੰਦੇ ਹਨ। ਕੁਝ ਵੀ ਹੋਵੇ ਉਸ ਨੂੰ ਹੋਟਲੀਅਰ ਬਣਨ ਦਾ ਹਲਕਾ ਜਿਹਾ ਨਸ਼ਾ ਹੈ।
       ਕਾਰਾ ਵੈਸੇ ਵੀ ਆਪਣੀ ਜਿ਼ੰਦਗੀ ਵਿਚ ਖੁਸ਼ ਹੈ। ਉਸ ਦਾ ਮੁੰਡਾ ਜਤਿੰਦਰਪਾਲ ਯੂਨੀਵਰਸਿਟੀ ਪੜ੍ਹਦਾ ਹੈ। ਭਾਵੇਂ ਉਸ ਦਾ ਝੁਕਾਅ ਸਿੱਖੀ ਵੱਲ ਨੂੰ ਵੀ ਕਾਫੀ ਹੈ ਪਰ ਪੜ੍ਹਨ ਵਿਚ ਹੁਸ਼ਿਆਰ ਹੈ। ਇਵੇਂ ਹੀ ਉਸ ਦੀ ਧੀ ਪਰਮੀਤ ਵੀ ਪੜਾਈ ਵਿਚ ਤੇਜ਼ ਹੈ। ਬੱਚਿਆਂ ਵਲੋਂ ਉਹ ਖੁਸ਼ ਹੈ ਕਿ ਪੜ੍ਹ ਕੇ ਕਿਸੇ ਚੰਗੀ ਨੌਕਰੀ ਤੇ ਲਗ ਜਾਣਗੇ। ਹੁਣ ਜਦੋਂ ਦਾ ਉਹ ਹੋਟਲ ਵਿਚ ਜਾਣ ਲੱਗਿਆ ਹੈ ਤਾਂ ਉਸ ਦੀ ਪਤਨੀ ਸੁਰਜੀਤ ਕੌਰ ਆਪਣਾ ਪੂਰਾ ਧਿਆਨ ਦਫਤਰ ਵਲ ਦੇਣ ਲਗਦੀ ਹੈ। ਕਾਰੇ ਵਾਲੀ ਮਰਸਡੀਜ਼ ਹੁਣ ਉਹ ਚਲਾਈ ਫਿਰਦੀ ਹੈ ਤੇ ਕਾਰੇ ਨੇ ਨਵੀਂ ਕਨਵਰਟੇਬਲ ਬੀ.ਐਮ.ਡਬਲਯੂ. ਖਰੀਦ ਲਈ ਹੈ। ਜਤਿੰਦਰਪਾਲ ਨੂੰ ਵੀ ਸਪੋਰਟਸ ਕਾਰ ਲੈ ਦਿੱਤੀ ਹੈ। ਜਿਸ ਦਿਨ ਤੋਂ ਉਸ ਨੇ ਆਪਣੇ ਮੁੰਡੇ ਨਾਲ ਉਸ ਦੀ ਗਰਲਫਰਿੰਡ ਨੂੰ ਦੇਖਿਆ ਹੈ, ਉਸ ਦੇ ਮਨ ਤੋਂ ਮਣਾ ਬੋਝ ਉਤਰ ਜਾਂਦਾ ਹੈ। ਪਰਦੁੱਮਣ ਦੇ ਮੁੰਡੇ ਰਾਜਵਿੰਦਰ ਵੱਲ ਦੇਖ ਕੇ ਉਸ ਦੇ ਅੰਦਰ ਕਈ ਡਰ ਉਗਣ ਲੱਗਦੇ ਸਨ। ਮੁੰਡੇ ਨਾਲ ਗਰਲਫਰਿੰਡ ਦੇਖ ਕੇ ਇਕ ਵਾਰ ਤਾਂ ਉਸ ਦਾ ਦਿਲ ਕਰਦਾ ਹੈ ਕਿ ਦੋਸਤਾਂ ਨੂੰ ਪਾਰਟੀ ਦੇਵੇ ਪਰ ਫਿਰ ਸੋਚਦਾ ਹੈ ਕਿ ਇਹ ਰਸਮ ਪੱਛਮੀ ਲੋਕਾਂ ਨੂੰ ਹੀ ਸ਼ੋਭਦੀ  ਭਾਰਤੀਆਂ ਨੂੰ ਨਹੀਂ।

       ਉਸ ਦੇ ਹੋਟਲ ਲੈਣ ਤੋਂ ਬਾਅਦ ਉਸ ਦਾ ਬੈਂਕ ਮੈਨੇਜਰ ਡੇਵਿਡ ਕੈਲਾਹਨ ਦੋ ਵਾਰ ਉਸ ਨੂੰ ਫੋਨ ਕਰ ਚੁੱਕਾ ਹੈ  ਪਰ ਉਹ ਉਸ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੰਦਾ ਹੈ। ਲੋਨ ਨਾ ਦੇਣ ਦਾ ਗੁੱਸਾ ਹਾਲੇ ਵੀ ਉਸ ਦੇ ਮਨ ਵਿਚ ਹੈ। ਦੂਜੇ ਪਾਸੇ ਮਨੀਸ਼ ਪਟੇਲ ਦੇ ਬੈਂਕ ਮੈਨੇਜਰ ਨਾਲ ਉਸ ਦੇ ਸਬੰਧ ਕਾਫੀ ਮਜ਼ਬੂਤ ਹੋ ਚੁੱਕੇ ਹਨ। ਹੋਟਲ ਲੈਣ ਤੋਂ ਬਾਅਦ ਉਹ ਸਾਊਥਾਲ ਦੇ ਅਮੀਰ ਬੰਦਿਆਂ ਨੂੰ ਕੁਝ ਜ਼ਿਆਦਾ ਹੀ ਮਿਲਣ ਲੱਗਿਆ ਹੈ। ਸਾਊਥਾਲ ਦੇ ਵਿਓਪਾਰੀਆਂ ਦੀ ਬਣੀ ਸੰਸਥਾ ਸਾਊਥਾਲ ਬਿਜ਼ਨਸ ਸੁਸਾਇਟੀ ਦਾ ਵੀ ਹੁਣ ਸਿਰਕੱਢਦਾ ਮੈਂਬਰ ਹੈ। ਹਰ ਮੀਟਿੰਗ ਵਿਚ ਜਾਣ ਲੱਗਿਆ ਹੈ। ਉਥੇ ਹੋਰਨਾਂ ਬੈਂਕਾਂ ਦੇ ਮੈਨੇਜਰ ਵੀ ਆਉਂਦੇ ਹਨ ਜਿਹੜੇ ਕਿ ਕਾਰੇ ਨਾਲ ਦੋਸਤੀਆਂ ਗੰਢਣੀਆਂ ਚਾਹੁੰਦੇ ਹਨ। ਪਰ ਕਾਰੇ ਨੂੰ ਕੈਲਾਹਨ ਦੀ ਬੇਰੁਖੀ ਤੋਂ ਬਾਅਦ ਮੈਨੇਜਰਾਂ ਉਪਰ ਬਹੁਤਾ ਯਕੀਨ ਨਹੀਂ ਰਿਹਾ।
       ਦਫਤਰ ਵਿਚ ਕੰਮ ਕਰਦੀ ਸੁਰਜੀਤ ਕੌਰ ਵੀ ਖੁਸ਼ ਹੈ। ਪਤੀ ਦੀ ਕਾਮਯਾਬੀ ਉਸ ਨੂੰ ਚੰਗੀ ਲੱਗਦੀ ਹੈ। ਪਹਿਲਾ ਉਹ ਪਾਰਟ ਟਾਈਮ ਜਿਹਾ ਦਫਤਰ ਜਾਇਆ ਕਰਦੀ ਤੇ ਨਹੀਂ ਤਾਂ ਘਰ ਹੀ ਰਹਿੰਦੀ। ਘਰ ਵਿਹਲੀ ਬੈਠਣਾ ਉਸ ਨੂੰ ਚੰਗਾ ਨਹੀਂ ਲਗਦਾ। ਜੇ ਕਿਤੇ ਬੈਠਣਾ ਵੀ ਪੈ ਜਾਵੇ ਤਾਂ ਸਾਰਾ ਦਿਨ ਟੈਲੀ ਮੁਹਰੇ ਬੈਠੀ ਰਹਿੰਦੀ ਹੈ। ਕਈ ਵਾਰ ਜਤਿੰਦਰਪਾਲ ਦੇ ਕਮਰੇ ਵਿਚੋਂ ਬਲਿਊ ਫਿਲਮ ਚੁੱਕ ਕੇ ਦੇਖਣ ਲੱਗਦੀ ਹੈ ਜਾਂ ਫਿਰ ਜਤਿੰਦਰਪਾਲ ਤੋਂ ਅਜਿਹੀ ਫਿਲਮ ਮੰਗਵਾ ਵੀ ਲੈਂਦੀ ਹੈ। ਉਸ ਨੂੰ ਪਤਾ  ਕਿ ਇਧਰ ਦੇ ਜੰਮੇ ਬੱਚੇ ਅਜਿਹੀ ਗੱਲ ਦਾ ਬੁਰਾ ਨਹੀਂ ਮਨਾਉਂਦੇ। ਬਲਿਊ ਫਿਲਮ ਦੇਖ ਕੇ ਤਾਂ ਉਸ ਦਾ ਮਨ ਹੋਰ ਵੀ ਕਾਹਲਾ ਪੈਣ ਲੱਗਦਾ ਹੈ। ਆਨੇ ਬਹਾਨੇ ਕਾਰੇ ਨਾਲ ਲੜਨ ਲੱਗਦੀ ਹੈ ਪਰ ਹੁਣ ਉਸ ਨੇ ਆਪਣੇ ਆਪ ਨੂੰ ਦਫਤਰ ਦੇ ਕੰਮ ਵਿਚ ਡੋਬ ਲਿਆ ਹੈ। ਸ਼ਾਮ ਨੂੰ ਥੱਕ ਕੇ ਹੀ ਘਰ ਮੁੜਦੀ ਹੈ।
       ਕਾਰੇ ਦੇ ਹੋਟਲ ਖਰੀਦਣ ਦੀ ਖੁਸ਼ੀ ਦੀ ਉਮਰ ਨੌਂ ਦਸ ਮਹੀਨੇ ਹੀ ਬਣਦੀ ਹੈ। ਹੋਟਲ ਦੀ ਮੈਨੇਜਮੈਂਟ ਦੇ ਬਦਲਣ ਨਾਲ ਗਾਹਕੀ ਕੁਝ ਕੁ ਘਟ ਜਾਂਦੀ ਹੈ। ਟੂਰਿਸਟ ਕੰਪਨੀਆਂ ਜ਼ਿਆਦਾ ਕਮਿਸ਼ਨ ਮੰਗਣ ਲੱਗੀਆਂ ਹਨ। ਹੋਟਲ ਦਾ ਅੰਗਰੇਜ਼ ਮੈਨੇਜਰ ਕਿਸੇ ਹੋਰ ਹੋਟਲ ਨੇ ਜ਼ਿਆਦਾ ਤਨਖਾਹ ਦੇ ਕੇ ਪੱਟ ਲਿਆ ਹੈ ਤੇ ਕਾਰੇ ਨੂੰ ਮੈਨੇਜਮੈਂਟ ਦਾ ਕੋਈ ਤਜਰਬਾ ਨਹੀਂ ਹੈ। ਨਵੇਂ ਮੈਨੇਜਰ ਦੇ ਆਉਣ ਤੱਕ ਵੀ ਬਿਜ਼ਨਸ ਨੂੰ ਹੇਠਾਂ ਨੂੰ ਧੱਕੇ ਜਿਹੇ ਵੱਜਦੇ ਰਹਿੰਦੇ ਹਨ। ਸਭ ਤੋਂ ਵੱਡੀ ਮੁਸੀਬਤ ਉਸ ਨੂੰ ਪੈਂਦੀ ਹੈ ਹੈਲਥ ਵਿਭਾਗ ਦੀ ਸਲਾਨਾ ਚੈਕਿੰਗ ਵੇਲੇ। ਹਰ ਹੋਟਲ ਨੂੰ ਹੈਲਥ ਐਂਡ ਸੇਫਟੀ ਮਹਿਕਮੇ ਵਲੋਂ ਸਭ ਕੁਝ ਠੀਕ ਹੋਣ ਦਾ ਸਰਟੀਫਿਕੇਟ ਚਾਹੀਦਾ ਹੁੰਦਾ ਹੈ ਤੇ ਹੈਲਥ ਵਾਲੇ ਪੂਰੀ ਤਰ੍ਹਾਂ ਹੋਟਲ ਦਾ ਨਿਰੀਖਣ ਕਰਕੇ ਹੀ ਇਹ ਸਰਟੀਫਿਕੇਟ ਦਿੰਦੇ ਹਨ। ਜਦੋਂ ਤੋਂ ਬ੍ਰਤਾਨੀਆਂ ਯੋਰਪੀਅਨ ਯੂਨੀਅਨ ਵਿਚ ਆਇਆ ਹੈ ਤਾਂ ਅਜਿਹੇ ਕਨੂੰਨ ਵੀ ਕੁਝ ਸਖਤ ਹੋ ਗਏ ਹਨ। ਹੈਲਥ ਵਾਲੇ ਆ ਕੇ ਸਾਰੇ ਹੋਟਲ ਨੂੰ ਦੇਖ ਪਰਖ ਕੇ ਉਸ ਨੂੰ ਨੁਕਸਾਂ ਦੀ ਇਕ ਲੰਮੀ ਲਿਸਟ ਫੜਾ ਜਾਂਦੇ ਹਨ। ਸਾਰੇ ਹੋਟਲ ਦੀਆਂ ਬਿਜਲੀ ਦੀਆਂ ਤਾਰਾਂ ਗਲ਼ ਚੁੱਕੀਆਂ ਹਨ, ਰੀ–ਵਾਇਰਿੰਗ ਹੋਣ ਵਾਲੀ ਹੈ। ਬਹੁਤੇ ਕਮਰੇ ਨਵਾਂ ਪੇਪਰ ਪੇਂਟ ਮੰਗਦੇ ਹਨ। ਰਸੋਈ ਵਿਚ ਵੀ ਕੁਝ ਵੱਡੇ ਨੁਕਸ ਨਿਕਲਦੇ ਹਨ। ਹੋਟਲ ਦੇ ਪਾਣੀ ਦਾ ਪ੍ਰਬੰਧ ਵੀ ਯੂਰਪੀਅਨ ਕਾਨੂੰਨ ਮੁਤਾਬਿਕ ਨਹੀਂ ਹੈ।
       ਕਾਰਾ ਲਿਸਟ ਲੈ ਕੇ ਮਨੀਸ਼ ਪਟੇਲ ਕੋਲ ਜਾਂਦਾ ਹੈ। ਮਨੀਸ਼ ਹੋਟਲ ਦੇ ਕੰਮ ਵਿਚ ਘੱਟ ਹੀ ਦਖਲ ਦਿੰਦਾ ਹੈ। ਉਹ ਆਪਣੀਆਂ ਦੁਕਾਨਾਂ ਵਿਚ ਹੀ ਵਿਅਸਤ ਹੈ। ਲਿਸਟ ਦੇਖ ਕੇ ਮਨੀਸ਼ ਦੀ ਵੀ ਖਾਨਿਓਂ ਜਾਂਦੀ ਹੈ। ਉਹ ਗੁੱਸੇ ਵਿਚ ਕਹਿੰਦਾ ਹੈ,
“ਯੇ ਸਾਲਾ ਹਮਾਰਾ ਸਰਵੇਅਰ ਪਹਿਲੇ ਮਾਲਿਕ ਸੇ ਮਿਲਾ ਹੂਆ ਥਾ, ਜੋ ਜੇ ਬਾਤੇਂ ਵੋ ਛੁਪਾ ਗਿਆ।”
“ਲਗਤਾ ਹੈ ਠੱਗੀ ਹੋ ਗਈ।”
“ਬਿਲਡਰੋਂ ਕੋ ਬੁਲਾਓ, ਦੇਖਤੇ ਂ ਕਿ ਕਿਤਨੇ ਕਾ ਖਰਚਾ ।”
       ਬਿਲਡਰ ਆਉਂਦੇ ਹਨ। ਕੁੱਲ ਮਿਲਾ ਕੇ ਡੇੜ ਲੱਖ ਪੌਂਡ ਦਾ ਖਰਚ ਦੱਸਦੇ ਹਨ। ਮਨੀਸ਼ ਤੇ ਕਾਰਾ ਦੋਵੇਂ ਹੀ ਸਿਰ ਸੁੱਟ ਕੇ ਬੈਠ ਜਾਂਦੇ ਹਨ। ਕਾਰਾ ਕਹਿੰਦਾ ਹੈ,
“ਇਤਨਾ ਪੈਸਾ ਕਹਾਂ ਸੇ ਆਏਗਾ ਰਿਪੇਅਰ ਕੇ ਲੀਏ!”
“ਮੈਕਸੀਮਮ ਲੋਨ ਤੋ ਹਮ ਲੇ ਚੁੱਕੇ ਂ।”
“ਏਜੰਟ ਸੇ ਬਾਤ ਕਰੇਂ ਜਿਸ ਨੇ ਹਮੇਂ ਵੇਚਾ ਹੈ।”
“ਵੋਹ ਸਾਲਾ ਕਿਆ ਬੋਲੇਗਾ।”
       ਉਹ ਏਜੰਟ ਨੂੰ ਮਿਲਦੇ ਹਨ। ਏਜੰਟ ਮੋਢੇ ਚੁੱਕ ਕੇ ਮਾਰਦਾ ਕਹਿੰਦਾ ਹੈ,
“ਜਿਹੜਾ ਬਿਜ਼ਨਸ ਤੁਸੀਂ ਖਰੀਦ ਰਹੇ ਓ ਉਸ ਦੇ ਬਾਰੇ ਤੁਹਾਡਾ ਤਜਰਬਾ ਹੋਣਾ ਚਾਹੀਦੈ, ਸਾਡਾ ਕੀ ਐ ਅਸੀਂ ਤਾਂ ਕਮਿਸ਼ਨ 'ਤੇ ਕੰਮ ਕਰਦੇ ਆਂ, ਸਾਨੂੰ ਜਿਹੜੀ ਇਨਫਰਮੇਸ਼ਨ ਮਾਲਕ ਦਿੰਦੇ ਉਹੀ ਤੁਹਾਨੂੰ ਅੱਗੇ ਦੇ ਦਿੰਦੇ ਆਂ।”
“ਹੁਣ ਕੀ ਕਰੀਏ ?”
“ਤੁਸੀਂ ਇੰਨਾ ਦਿਲ ਨਾ ਛੱਡੋ, ਇਹ ਹੋਟਲ ਤੁਹਾਨੂੰ ਕਾਫੀ ਸਸਤਾ ਮਿਲਿਆ ਹੋਇਐ, ਕੁਝ ਦੇਰ ਹੋਲਡ ਕਰੋਗੇ ਤਾਂ ਇਸ ਦੀ ਕੀਮਤ ਬਹੁਤ ਵਧ ਜਾਣੀ ਐਂ, ਤੁਸੀਂ ਘਾਟੇ ਵਿਚ ਨਹੀਂ ਰਹੋਗੇ।”
“ਇਹਦੀ ਸੇਲ ਬਹੁਤ ਘਟ ਗਈ ਐ, ਇੰਨੀ ਕਿ ਹੁਣ ਖਰਚੇ ਵੀ ਪੂਰੇ ਨਹੀਂ ਹੋ ਰਹੇ।”
“ਜੇ ਇਹ ਗੱਲ ਐ ਤਾਂ ਤੁਸੀਂ ਅੱਗੇ ਕਿਸੇ ਨੂੰ ਵੇਚ ਦਿਓ।”
“ਜਾਣੀ ਕਿ ਤੁਹਾਡਾ ਕਮਿਸ਼ਨ ਫਿਰ ਕਾਇਮ।”
       ਕਾਰਾ ਗੁੱਸੇ ਵਿਚ ਆਉਂਦਾ ਆਖਦਾ ਹੈ। ਏਜੰਟ ਉਸ ਨੂੰ ਸ਼ਾਂਤ ਕਰਦਾ ਆਖਦਾ ਹੈ,
“ਮਿਸਟਰ ਰਾਏ, ਅਸੀਂ ਇਥੇ ਪ੍ਰੌਪਰਟੀਜ਼ ਖਰੀਦਣ, ਵੇਚਣ ਲਈ ਈ ਬੈਠੇ ਆਂ, ਜੇ ਤੁਸੀਂ ਸਾਡੇ ਰਾਹੀਂ ਨਹੀਂ ਤਾਂ ਕਿਸੇ ਹੋਰ ਰਾਹੀਂ ਵੇਚ ਸਕਦੇ ਓ ਪਰ ਜੇ ਸਾਡੇ ਰਾਹੀਂ ਵੇਚੋਗੇ ਤਾਂ ਕਮਿਸ਼ਨ ਕੁਝ ਘੱਟ ਲਵਾਂਗੇ।”
       ਮਨੀਸ਼ ਤੇ ਕਾਰਾ ਹਾਲੇ ਵੀ ਉਸ ਵੱਲ ਗੁੱਸੇ ਨਾਲ ਦੇਖੀ ਜਾ ਰਹੇ ਹਨ। ਏਜੰਟ ਫਿਰ ਕਹਿਣ ਲੱਗਦਾ ਹੈ,
“ਪਰ ਇਕ ਗੱਲ ਯਾਦ ਰੱਖੋ ਕਿ ਇਹ ਹੋਟਲ ਤੁਹਾਨੂੰ ਮਾਰਕਿਟ ਦੀ ਕੀਮਤ ਨਾਲੋਂ ਸਸਤਾ ਮਿਲਿਆ ਹੋਇਐ। ਤੁਸੀਂ ਮਾਲਕ ਓ ਸੋਚ ਲਓ ਜੇ ਵੇਚਣਾ  ਤਾਂ...।”
       ਉਹ ਦੋਵੇਂ ਸਲਾਹ ਕਰਨ ਲੱਗਦੇ ਹਨ। ਫੈਸਲਾ ਕਰਦੇ ਹਨ ਕਿ ਇਵੇਂ ਹੀ ਕੁਝ ਕੁ ਪੈਚਅਪ ਕਰਕੇ ਕਿਸੇ ਤਰ੍ਹਾਂ ਹੈਲਥ ਵਾਲਿਆਂ ਤੋਂ ਪਾਸ ਕਰਵਾ ਲਿਆ ਜਾਵੇ ਤੇ ਵੇਚਣ ਲਈ ਮਾਰਕਿਟ ਵਿਚ ਲਗਾ ਦਿੱਤਾ ਜਾਵੇ। ਏਜੰਟ ਆਖਦਾ ਹੈ,
“ਹੈਲਥ ਵਾਲਿਆਂ ਨੂੰ ਮੈਂ ਸੰਭਾਲ ਲਵਾਂਗਾ, ਤੁਸੀਂ ਦੱਸੋ ਹੋਟਲ ਕਿੰਨੇ ਦਾ ਵੇਚਣਾ ਚਾਹੁੰਦੇ ਹੋ ?”
“ਜਿੰਨੇ ਦਾ ਲਿਆ ਪਲੱਸ ਤੁਹਾਡਾ ਕਮਿਸ਼ਨ।”
“ਇੰਨੇ ਦਾ ਸ਼ਾਇਦ ਨਾ ਵਿਕੇ, ਮਾਰਕਿਟ ਕਾਫੀ ਡਿੱਗ ਚੁੱਕੀ ਐ।”
“ਮਾਰਕਿਟ ਵਿਚ ਸੇਲ ਉਪਰ ਤਾਂ ਲਾਓ।”
“ਠੀਕ ਐ, ਅਗਲੇ ਹਫਤੇ ਹੀ ਪ੍ਰੈਸ ਵਿਚ ਆ ਜਾਵੇਗਾ ਪਰ ਘਾਟਾ ਵੀ ਪੈ ਸਕਦੈ ਇਸ ਲਈ ਤਿਆਰ ਰਹਿਓ।”
       ਕਾਰਾ ਤੇ ਮਨੀਸ਼ ਇਕ ਦੂਜੇ ਵੱਲ ਦੇਖਣ ਲੱਗਦੇ ਹਨ।
       ਹੋਟਲ ਮੁੜ ਸੇਲ 'ਤੇ ਲੱਗ ਜਾਂਦਾ ਹੈ। ਦੇਖਣ ਆਏ ਗਾਹਕਾਂ ਨਾਲ ਏਜੰਟ ਪਹਿਲਾਂ ਵਾਲੇ ਹੀ ਹੱਥਕੰਡੇ ਵਰਤਦਾ ਹੈ। ਉਹੀ ਕਮਰੇ ਦਿਖਾਉਂਦਾ ਹੈ ਜਿਨ੍ਹਾਂ ਦੀ ਹਾਲਤ ਵਧੀਆ ਹੈ ਤੇ ਦੇਖਣ ਵਾਲਿਆਂ ਨੂੰ ਵੀ ਉਸ ਸਮੇਂ ਹੀ ਬੁਲਾਉਂਦਾ  ਜਦ ਗਾਹਕਾਂ ਦੀ ਆਵਾਜਾਈ ਵਧੇਰੇ ਹੋਵੇ। ਖਰੀਦਣ ਆਏ ਲੋਕ ਹੋਟਲ ਦਾ ਟਿਕਾਣਾ ਦੇਖ ਕੇ ਤਾਂ ਖੁਸ਼ ਹੋ ਜਾਂਦੇ ਹਨ ਪਰ ਖਰੀਦਣ ਲਈ ਕੋਈ ਅੱਗੇ ਨਹੀਂ ਵੱਧਦਾ।
       ਹੋਟਲ ਸੇਲ 'ਤੇ ਲੱਗਦਾ ਹੈ ਤਾਂ ਕਾਰਾ ਉਦਾਸ ਹੋ ਜਾਂਦਾ ਹੈ। ਉਸ ਦੇ ਤਾਂ ਹਾਲੇ ਚਾਅ ਵੀ ਪੂਰੇ ਨਹੀਂ ਹੋਏ। ਹਾਲੇ ਤਾਂ ਉਸਨੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਹੋਟਲ ਵਿਚ ਸੱਦ ਕੇ ਪਾਰਟੀ ਵੀ ਨਹੀਂ ਦਿਤੀ। ਪਰਦੁੱਮਣ ਸਿੰਘ ਨੂੰ ਕਈ ਵਾਰ ਬੁਲਾ ਚੁੱਕਾ ਹੈ ਪਰ ਉਹ ਰੁੱਝੇ ਹੋਣ ਦਾ ਬਹਾਨਾ ਕਰਦਾ ਹਾਲੇ ਤਕ ਆਇਆ ਨਹੀਂ ਹੈ। ਲੋਕਾਂ ਦੇ ਮੂੰਹ ਉਪਰ ਉਸ ਦਾ ਤਖੱਲਸ ਹੋਟਲੀਅਰ ਹਾਲੇ ਚੜ੍ਹਿਆ ਵੀ ਨਹੀਂ  ਕਿ ਹੋਟਲ ਤੋਂ ਵਾਂਝਾ ਹੋ ਰਿਹਾ ਹੈ। ਉਧਰ ਉਦਾਸ ਤਾਂ ਮਨੀਸ਼ ਪਟੇਲ ਵੀ ਹੈ ਪਰ ਕਾਰੇ ਜਿੰਨਾ ਨਹੀਂ। ਮਨੀਸ਼ ਉਦਾਸ ਉਸ ਦਿਨ ਹੁੰਦਾ ਹੈ ਜਿਸ ਦਿਨ ਪਤਾ ਚੱਲਦਾ ਹੈ ਕਿ ਹੋਟਲ ਵਿਕ ਤਾਂ ਰਿਹਾ ਹੈ ਪਰ ਬਹੁਤ ਘਾਟੇ ਵਿਚ। ਲਾ ਪਾ ਕੇ ਪੂਰੇ ਦੋ ਲੱਖ ਦਾ ਘਾਟਾ ਪੈ ਰਿਹਾ ਹੈ। ਮਨੀਸ਼ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ ਤੇ ਸ਼ੂਗਰ ਡਿੱਗ ਪੈਂਦੀ ਹੈ। ਉਸ ਨੂੰ ਲੱਗਦਾ ਹੈ ਕਿ ਉਹ ਗਿਆ। ਉਹ ਕਹਿੰਦਾ ਹੈ,
“ਭਈਆ, ਯੇ ਸਾਲਾ ਹੋਟਲ ਮੁਝੇ ਲੇ ਜਾਏਗਾ।”
“ਤੁਮੇਂ ਕਿਆ ਮੁਝੇ ਵੀ ਲੇ ਜਾਏਗਾ।”
“ਦੋ ਲਾਖ ਪੌਂਡ ਕਹਾਂ ਸੇ ਪੂਰਾ ਕਰੇਂਗੇ ਮਿਸਟਰ ਰਾਏ ?”
“ਓ ਭਈਆ, ਤੂੰ ਤਾਂ ਕਰ ਲੇਂਗਾ, ਮੇਰਾ ਕਿਆ ਬਨੇਗਾ ! ਮੈਂ ਤੋ ਲੂਟਾ ਗਿਆ ਨਾ।”
“ਨਹੀਂ ਯਾਰ, ਜੇ ਦੋ ਲਾਖ ਤੋ ਪੂਰਾ ਹੋਨਾ ਚਾਹੀਏ, ਮਿਸਟਰ ਰਾਏ ਚੋਰੀ ਕਰੇਂ ਜਾਂ ਬੈਂਕ ਮੇਂ ਡਾਕਾ ਡਾਲੇਂ ਜੇ ਦੋ ਲਾਖ ਤੋ ਪੂਰਾ ਕਰਨਾ ਹੋਗਾ।”
“ਹਾਂ ਯਾਰ ਪਟੇਲ, ਕੁਸ਼ ਨਾ ਕੁਸ਼ ਤੋ ਸੋਚਨਾ ਪੜੇਗਾ ਹੀ।”

ਚਲਦਾ...