ਸਾਊਥਾਲ (ਕਾਂਡ 48)


       ਤਾਰਿਕ ਨਾਲ ਝਗੜੇ ਤੋਂ ਬਾਅਦ ਪਰਦੁੱਮਣ ਸਿੰਘ, ਮੀਕਾ ਤੇ ਨਿੰਮਾ ਵਾਪਸ ਫੈਕਟਰੀ ਨੂੰ ਆ ਜਾਂਦੇ ਹਨ। ਮੀਕਾ ਕਹਿਣ ਲਗਦਾ ਹੈ,
“ਮੈਂ ਤਾਂ ਕਿਹਾ ਸਾਲਾ ਤਾਰਿਕ ਕੁਸ਼ ਅੜੂਗਾ ਪਰ ਉਹ ਤਾਂ ਇਕ ਮੁੱਕੇ ਦੀ ਮਾਰ ਈ ਨਿਕਲਿਆ, ਨਾਲੇ ਇਹ ਮੇਰਾ ਮੁੱਕਾ ਹਲਕਾ ਈ ਸੀ, ਮੈਂ ਉਹਦੀ ਵਿੱਤ ਦੇਖ ਕੇ ਈ ਮਾਰਿਆ ਸੀ।”
       ਪਰਦੁੱਮਣ ਸਿੰਘ ਸ਼ਾਬਾਸ਼ ਕਹਿਣ ਵਾਂਗ ਮੀਕੇ ਵੱਲ ਦੇਖ ਰਿਹਾ ਹੈ। ਨਿੰਮਾ ਆਖਦਾ ਹੈ,
“ਮੈਂ ਤਾਂ ਹਾਲੇ ਬਾਹਾਂ ਹੀ ਟੰਗਦਾ ਸੀ। ਮੇਰੀ ਤਿਆਰੀ ਤਾਂ ਐਵੇਂ ਈ ਗਈ, ਜਿੰਨੇ ਬੰਦੇ ਅੰਦਰੋਂ ਨਿਕਲੇ ਸਾਰੇ ਈ ਚੱਡਿਆਂ ਵਿਚ ਪੂਛਾਂ ਦੇ ਕੇ ਈ ਨਿਕਲੇ।”
“ਮੁੰਡਿਓ, ਏਸ ਸੁੱਲੇ ਨੇ ਸਾਡੇ ਮੁਹਰੇ ਕੀ ਖੜਨੈ।”
“ਅੰਕਲ, ਮੈਂ ਰੋਕ ਲਿਆ ਆਪਣੇ ਆਪ ਨੂੰ, ਨਹੀਂ ਤਾਂ ਇਹ ਸੁੱਲਾ ਮੇਰੇ ਹੱਥੋਂ ਮਰ ਜਾਣਾ ਸੀ। ਅੰਕਲ, ਹੁਣ ਏਦਾਂ ਈ ਕਿਸੇ ਦਿਨ ਮੈਂ ਆਪਣੇ ਭਰਾ ਨੂੰ ਦੱਖੂ–ਦਾਣਾ ਦੇਣਾ, ਇਕ ਮਾਰੂੰ ਸਾਲੇ ਦੇ ਜਬਾੜੇ 'ਤੇ ਤੇ ਧਰਤੀ 'ਤੇ ਪਿਆ ਮਿੱਟੀ ਚੱਟੂ।”
       ਪਰਦੁੱਮਣ ਸਿੰਘ ਹਾਂ ਵਿਚ ਸਿਰ ਮਾਰਦਾ ਰਹਿੰਦਾ ਹੈ। ਉਸ ਨੂੰ ਪਤਾ  ਕਿ ਮੀਕੇ ਦਾ ਆਪਣੇ ਭਰਾ ਨਾਲ ਪੁਰਾਣਾ ਝਗੜਾ ਹੈ। ਸ਼ਰਾਬ ਪੀ ਕੇ ਉਸ ਨੂੰ ਬੁਰਾ ਭਲਾ ਬੋਲਦਾ ਰਹਿੰਦਾ ਹੈ। ਕਈ ਵਾਰ ਫੋਨ ਉਪਰ ਵੀ ਗਾਲ੍ਹਾਂ ਕੱਢਣ ਲੱਗਦਾ ਹੈ। ਉਸ ਨੂੰ ਪਤਾ ਹੈ ਕਿ ਮੀਕਾ ਗੱਪੀ ਹੈ। ਅੱਜ ਵਾਲੀ ਉਸ ਦੀ ਹਿੰਮਤ ਦੀ ਉਸ ਨੂੰ ਆਸ ਨਹੀਂ ਸੀ। ਫਿਰ ਅਚਾਨਕ ਪਰਦੁੱਮਣ ਸਿੰਘ ਨੂੰ ਲੱਗਣ ਲੱਗਦਾ ਹੈ ਕਿ ਤਾਰਿਕ ਨਾਲ ਕੁੱਟ ਮਾਰ ਨਹੀਂ ਸੀ ਕਰਨੀ ਚਾਹੀਦੀ। ਸਿਰਫ ਗਾਲ੍ਹਾਂ ਧਮਕੀਆਂ ਤੱਕ ਰਹਿਣਾ ਚਾਹੀਦਾ ਸੀ। ਹੁਣ ਕਿਤੇ ਪੁਲਿਸ ਕੋਲ ਰਿਪੋਰਟ ਹੀ ਨਾ ਕਰ ਦੇਵੇ। ਮੀਕੇ ਕੋਲ ਤਾਂ ਕੋਈ ਪੇਪਰ ਵੀ ਨਹੀਂ। ਅਗਲਿਆਂ ਚੁੱਕ ਕੇ ਸਿੱਧਾ ਇੰਡੀਆ ਹੀ ਸੁੱਟ ਦੇਣਾ ਹੈ। ਉਹ ਆਖਦਾ ਹੈ,
“ਮੀਕਿਆ, ਤੂੰ ਅਰੇ ਪਰੇ ਹੋ ਜਾ, ਤਾਰਿਕ ਕਿਤੇ ਪੁਲਿਸ ਨਾ ਸੱਦ ਲਵੇ।”
       ਮੀਕਾ ਵੀ ਫਿਕਰਮੰਦ ਹੋ ਜਾਂਦਾ ਹੈ। ਫਿਰ ਇਕ ਪੈੱਗ ਹੋਰ ਪੀ ਕੇ ਕਹਿਣ ਲੱਗਦਾ ਹੈ,
“ਅੰਕਲ, ਮੈਂ ਕਿਹੜਾ ਡਰਦਾਂ, ਔਣ ਦੇ ਪੁਲੀਸ ਨੂੰ।”
       ਪਰ ਫਿਰ ਉਹ ਉਥੋਂ ਤੁਰ ਪੈਂਦਾ ਹੈ। ਪਿਛਲੀਆਂ ਸੜਕਾਂ ਤੋਂ ਹੁੰਦਾ ਹੋਇਆ ਤਾਰੇ ਦੇ ਕਮਰੇ ਵਿਚ ਜਾ ਪੁੱਜਦਾ ਹੈ। ਇਵੇਂ ਹੀ ਨਿੰਮਾ ਵੀ ਖਿਸਕ ਜਾਂਦਾ ਹੈ। ਪਰਦੁੱਮਣ ਫੈਕਟਰੀ ਹੀ ਬੈਠਾ ਰਹਿੰਦਾ ਹੈ। ਸਾਰਾ ਸਟਾਫ ਵੀ ਚਲੇ ਜਾਂਦਾ ਹੈ। ਉਸ ਨੂੰ ਹੈ ਕਿ ਜੇਕਰ ਪੁਲਿਸ ਆਈ ਤਾਂ ਉਸ ਨੂੰ ਇਥੇ ਫੈਕਟਰੀ ਵਿਚ ਹੀ ਮਿਲਣਾ ਚਾਹੇਗਾ। ਉਸ ਨੂੰ ਲੱਭਣ ਲਈ ਪੁਲਿਸ ਦੇ ਘਰ ਆਵੇ ਇਹ ਉਸ ਨੂੰ ਪਸੰਦ ਨਹੀਂ । ਉਹ ਆਪਣੇ ਆਪ ਨੂੰ ਪੁਲਿਸ ਕੋਲ ਬਿਆਨ ਦੇਣ ਲਈ ਤਿਆਰ ਵੀ ਕਰ ਲੈਂਦਾ ਹੈ ਕਿ ਸਾਰੀ ਗੱਲ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਵੇਗਾ। ਮੀਕੇ ਜਾਂ ਨਿੰਮੇ ਨੂੰ ਵਿਚ ਨਹੀਂ ਆਉਣ ਦੇਵੇਗਾ। ਉਹ ਛੇ ਵਜੇ ਤੱਕ ਬੈਠਾ ਰਹਿੰਦਾ ਹੈ ਪਰ ਪੁਲਿਸ ਨਹੀਂ ਆਉਂਦੀ। ਉਹ ਸਮਝ ਜਾਂਦਾ  ਕਿ ਮੁਸੀਬਤ ਟਲ ਗਈ। ਉਠ ਕੇ ਘਰ ਨੂੰ ਤੁਰ ਪੈਂਦਾ ਹੈ ਪਰ ਅੰਦਰੋਂ ਉਹ ਬਹੁਤ ਡਰ ਰਿਹਾ ਹੈ ਕਿ ਐਵੇਂ ਹੀ ਪੰਗਾ ਲੈ ਲਿਆ।
       ਉਸ ਦਾ ਮੋਬਾਈਲ ਵੱਜਦਾ ਹੈ। ਓਪਰਾ ਜਿਹਾ ਨੰਬਰ  ਕੋਈ। ਉਹ ਔਨ ਕਰਦਾ ਹੈ। ਦੂਜੇ ਪਾਸੇ ਫਰੀਦਾ ਹੈ। ਉਹ ਕਹਿੰਦੀ ਹੈ,
“ਸਰਦਾਰ ਜੀ, ਤੁਸੀਂ ਇਹ ਕੀ ਕੀਤਾ ਜੇ, ਮੇਰਾ ਮੀਆਂ ਮਾਰਨਾ ਸੂ?”
“ਸੌਰੀ ਫਰੀਦਾ, ਮੇਰਾ ਮਤਲਬ ਉਹਨੂੰ ਏਨਾ ਮਾਰਨਾ ਨਹੀਂ ਸੀ।”
“ਸੌਰੀ ਕਾਹਦੀ ਸਰਦਾਰ ਜੀ, ਜੇ ਉਹ ਮਰ ਜਾਂਦਾ ਤਾਂ ਮੈਂ ਤਾਂ ਵਿਧਵਾ ਹੋ ਜਾਣਾ ਸੂ।”
“ਕਿੱਦਾਂ ਤਾਰਿਕ ਹੁਣ ?”
“ਉਂਜ ਤਾਂ ਠੀਕ ਜੇ, ਪੁਲਿਸ ਬੁਲਾਉਣੀ ਚਾਹੁੰਦਾ ਸੀ ਪਰ ਮੈਂ ਬੜੀ ਮੁਸ਼ਕਲ ਨਾਲ ਰੋਕਿਆ ਜੇ, ਬੜੀਆਂ ਮਿੰਨਤਾਂ ਕੀਤੀਆਂ ਸੂ ਕਿ ਨਵਾਂ ਨਵਾਂ ਬਿਜ਼ਨਸ ਐ, ਪੁਲਿਸ ਕਚਹਿਰੀ ਦੇ ਚੱਕਰ ਵਿਚ ਰੁਲ ਜਾ ਸੀ।”
“ਫਰੀਦਾ, ਤੇਰੀ ਬਹੁਤ ਮਿਹਰਬਾਨੀ ਪਰ ਹੁਣ ਆਪਣੇ ਸਰਦਾਰ ਨੂੰ ਭੁੱਲ ਨਾ ਜਾਈਂ, ਮੈਨੂੰ ਆਪਣੇ ਕੋਈ ਫੋਨ ਨੰਬਰ ਦੇਹ ਜਿਥੇ ਤੇਰੇ ਨਾਲ ਗੱਲ ਕਰ ਲਿਆ ਕਰਾਂ।”
“ਮੈਂ ਆਪਣੇ ਸਰਦਾਰ ਨੂੰ ਕਦੇ ਨਾ ਭੁੱਲ ਸਾਂ ਤੇ ਫੋਨ ਵੀ ਮੈਂ ਆਪੇ ਕਰ ਸਾਂ।”
       ਫਰੀਦਾ ਦੇ ਇਹ ਦੱਸਣ 'ਤੇ ਪਰਦੁੱਮਣ ਨੂੰ ਸੁੱਖ ਦਾ ਸਾਹ ਆਉਂਦਾ ਹੈ। ਹੁਣ ਉਸ ਦਾ ਪਤਛਾਵਾ ਹੋਰ ਵੀ ਵੱਧ ਜਾਂਦਾ ਹੈ ਕਿ ਜੇ ਤਾਰਿਕ ਪੁਲਿਸ ਕੇਸ ਬਣਾ ਦਿੰਦਾ ਤਾਂ ਉਸ ਦੀ ਬਹੁਤ ਬਦਨਾਮੀ ਹੋਣੀ ਸੀ। ਉਹ ਰਾਹਤ ਮਹਿਸੂਸ ਕਰਦਾ ਹੈ।
       ਅਗਲੇ ਦਿਨ ਨਿੰਮਾ ਤੇ ਮੀਕਾ ਵੀ ਵਾਪਸ ਆ ਜਾਂਦੇ ਹਨ। ਜਦ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਤਾਰਿਕ ਨੇ ਉਨ੍ਹਾਂ ਦੀ ਕੁੱਟ ਨੂੰ ਝੱਲ ਲਿਆ ਹੈ ਤਾਂ ਮੀਕੇ ਦੀਆਂ ਗੱਪਾਂ ਵੱਧ ਜਾਂਦੀਆਂ ਹਨ। ਉਹ ਚੌੜਾ ਹੋ ਕੇ ਤੁਰਨ ਲੱਗਦਾ ਹੈ। ਕੰਮ ਉਪਰ ਔਰਤਾਂ ਵੱਲ ਇਵੇਂ ਦੇਖਦਾ ਹੈ ਜਿਵੇਂ ਕੋਈ ਵੱਡੀ ਜੰਗ ਜਿੱਤ ਕੇ ਆਇਆ ਹੋਵੇ। ਉਸ ਦੀ ਟਿੱਚਰਬਾਜ਼ੀ ਵੀ ਵੱਧ ਜਾਂਦੀ ਹੈ ਤੇ ਕਹਿੰਦਾ ਰਹਿੰਦਾ ਹੈ ਕਿ ਕੋਈ ਬੰਦਾ ਕੁਟਾਉਣਾ ਹੋਇਓ ਤਾਂ ਦੱਸਿਓ।
       ਇਕ ਦਿਨ ਨਿੰਮਾ ਕੁਝ ਸਮੋਸੇ ਵਾਪਸ ਲੈ ਆਉਂਦਾ ਹੈ। ਉਨ੍ਹਾਂ ਵਿਚੋਂ ਵਾਲ ਨਿਕਲਿਆ ਹੈ। ਇਵੇਂ ਕਦੀ ਕਦਾਈਂ ਸਮੋਸੇ ਵਿਚੋਂ ਵਾਲ ਨਿਕਲ ਆਵੇ ਤਾਂ ਪਰਦੁੱਮਣ ਸਿੰਘ ਦੇ ਭਾਅ ਦੀਆਂ ਬਣ ਜਾਂਦੀਆਂ ਹਨ। ਸਿਹਤ ਵਿਭਾਗ ਅਨੁਸਾਰ ਇਹ ਬਹੁਤ ਵੱਡੀ ਅਣਗਹਿਲੀ ਹੈ। ਉਹ ਜੁਰਮਾਨਾ ਕਰ ਸਕਦੇ ਹਨ। ਜੇ ਜ਼ਿਆਦਾ ਹੋਵੇ ਤਾਂ ਫੈਕਟਰੀ ਵੀ ਬੰਦ ਕਰਾ ਸਕਦੇ ਹਨ। ਮੀਕਾ ਵਾਲ ਕੱਢ ਕੇ ਇਕੱਲੀ ਇਕੱਲੀ ਔਰਤ ਦੇ ਵਾਲਾਂ ਨਾਲ ਮੇਲ ਕੇ ਦੇਖ ਰਿਹਾ ਹੈ ਕਿ ਕਿਸ ਦਾ ਹੈ। ਸਭ ਨੇ ਹੀ ਸਿਰਾਂ ਉਪਰ ਟੋਪੀਆਂ ਪਾਈਆਂ ਹੋਈਆਂ ਹਨ ਫਿਰ ਉਹ ਕਹਿੰਦਾ ,
“ਅੰਕਲ, ਕਿਤੇ ਤੁਹਾਡਾ ਹੀ ਤਾਂ ਨਹੀਂ।”
“ਨਹੀਂ ਬਈ, ਮੇਰਾ ਕਿੱਦਾਂ ਹੋ ਸਕਦੈ, ਮੈਂ ਤਾਂ ਜਾਲੀ ਬੰਨ੍ਹ ਕੇ ਰੱਖਦਾ ਹੁੰਨਾ।”
“ਪਰ ਇਹ ਤਾਂ ਲੱਗਦੈ ਜਿੱਦਾਂ ਰੰਗਿਆ ਹੋਇਆ ਹੋਵੇ।”
“ਇਥੇ ਸਾਰੀਆਂ ਬੁੜੀਆਂ ਰੰਗੀ ਫਿਰਦੀਆਂ।”
       ਪਰਦੁੱਮਣ ਸਿੰਘ ਕਹਿੰਦਾ ਹੈ। ਉਸ ਨੂੰ ਜਾਪਦਾ ਹੈ ਕਿ ਚੋਰ ਫੜਨ ਦੀ ਥਾਵੇਂ ਉਹ ਆਪ ਹੀ ਚੋਰ ਬਣਦਾ ਜਾ ਰਿਹਾ ਹੈ। ਮੀਕਾ ਨਿੰਮੇ ਨੂੰ ਆਖਦਾ ਹੈ,
“ਤੂੰ ਕੱਲ੍ਹ ਨੂੰ ਜਾ ਕੇ ਸ਼ੌਪਕੀਪਰ ਨੂੰ ਕਹਿ ਦੇਈਂ ਕਿ ਵਾਲਾਂ ਤੋਂ ਨਹੀਂ ਡਰੀਦਾ, ਇਹ ਤਾਂ ਸਿੰਘਾਂ ਦਾ ਟਰੇਡ ਮਾਰਕ ਐ।”
       ਉਸ ਦੇ ਕੋਲ ਖੜੀਆਂ ਦੋ ਔਰਤਾਂ ਹੱਸਦੀਆਂ ਹਨ। ਇਕ ਆਖਣ ਲੱਗਦੀ ਹੈ,
“ਮੀਕਿਆ, ਅਗਲਾ ਕਹੂ ਕਿ ਜੇ ਇਹ ਵਾਲ ਤੁਹਾਡਾ ਟਰੇਡ ਮਾਰਕ ਐ ਤਾਂ ਹਰੇਕ ਸਮੋਸੇ ਵਿਚ ਪਾਇਆ ਕਰੋ, ਫੇਰ ਕੀ ਜਵਾਬ ਦੇਵੇਂਗਾ ?”
“ਇਹਦਾ ਜਵਾਬ ਵੀ ਹੈਗਾ ਕਿ ਹਰੇਕ ਸਮੋਸੇ ਵਿਚ ਵਾਲ਼ ਪਾ ਕੇ ਅਸੀਂ ਗੰਜੇ ਹੋਣਾ।”
       ਸਾਰੇ ਹੱਸਦੇ ਹਨ। ਵਾਲ ਨਿਕਲਣੇ ਵਾਲੀ ਗੰਭੀਰਤਾ ਗੁਆਚ ਜਾਂਦੀ ਹੈ। ਪਰਦੁੱਮਣ ਸਿੰਘ ਸੋਚਦਾ ਹੈ ਕਿ ਮੂਡ ਠੀਕ ਹੋਇਆਂ ਤੇ ਸਭ ਦੀ ਖਬਰ ਲਵੇਗਾ ਕਿ ਮੁੜ ਕੇ ਸਮੋਸੇ ਵਿਚੋਂ ਵਾਲ ਨਹੀਂ ਨਿਕਲਣਾ ਚਾਹੀਦਾ।
       ਉਸ ਨੂੰ ਫਰੀਦਾ ਦਾ ਫਿਰ ਫੋਨ ਆਉਂਦਾ ਹੈ। ਉਪਰੋਂ ਭਾਵੇਂ ਫਰੀਦਾ ਹਾਲੇ ਵੀ ਗੁੱਸੇ ਵਿਚ ਹੈ ਪਰ ਅੰਦਰੋਂ ਖੁਸ਼  ਕਿ ਤਾਰਿਕ ਦੇ ਇਵੇਂ ਲੱਗੀਆਂ ਹਨ। ਉਸ ਨੂੰ ਤਾਰਿਕ ਨਾਲ ਦਿਲੋਂ ਨਫਰਤ ਹੈ। ਇੰਗਲੈਂਡ ਤੋਂ ਗਿਆ ਪੈਸੇ ਦੇ ਜ਼ੋਰ ਨਾਲ ਹੀ ਉਸ ਨੂੰ ਵਿਆਹ ਲਿਆਇਆ ਸੀ ਨਹੀਂ ਤਾਂ ਉਸ ਦਾ ਬੁੱਢੇ ਤਾਰਿਕ ਨਾਲ ਕੀ ਮੇਲ ਸੀ। ਫਰੀਦਾ ਫੈਕਟਰੀ ਦੇ ਅੰਦਰ ਦੀ ਹਰ ਖਬਰ ਪਰਦੁੱਮਣ ਨੂੰ ਦਿੰਦੀ ਹੈ ਕਿ ਕਿੰਨੀਆਂ ਔਰਤਾਂ ਅੰਦਰ ਕੰਮ ਕਰਦੀਆਂ ਹਨ। ਕਿੰਨੇ ਸਮੋਸੇ ਰੋਜ਼ ਬਣਦੇ ਹਨ। ਕਿੰਨੇ ਡਰਾਈਵਰ ਡਲਿਵਰੀ ਲਈ ਜਾਂਦੇ ਹਨ। ਪਰਦੁੱਮਣ ਸਿੰਘ ਇਸ ਗੱਲ 'ਤੇ ਖੁਸ਼ ਹੈ ਪਰ ਉਸ ਕੋਲੋਂ ਹੁਣ ਫਰੀਦਾ ਨੂੰ ਪਹਿਲਾਂ ਵਾਂਗ ਨਹੀਂ ਮਿਲ ਹੁੰਦਾ। ਭੱਜ ਦੌੜ ਕੇ ਕਦੇ ਰਾਹ ਵਿਚ ਹੀ ਮਿਲ ਸਕਦੇ ਹਨ। ਹੁਣ ਤਾਰਿਕ ਹਰ ਵੇਲੇ ਫੈਕਟਰੀ ਵਿਚ ਹੁੰਦਾ ਹੈ ਤੇ ਫਰੀਦਾ ਵੀ ਉਸ ਦੇ ਨਾਲ ਹੀ ਹੁੰਦੀ ਹੈ। ਉਸ ਨੂੰ ਰਹਿਣਾ ਹੀ ਪੈਂਦਾ ਹੈ। ਕਦੇ ਕਦੇ ਘਰ ਵਿਚ ਸਫਾਈ ਦਾ ਬਹਾਨਾ ਬਣਾ ਕੇ ਉਹ ਘਰ ਚਲੇ ਜਾਂਦੀ ਹੈ ਤੇ ਪਰਦੁੱਮਣ ਸਿੰਘ ਨੂੰ ਬੁਲਾ ਲੈਂਦੀ ਹੈ ਪਰ ਕਦੇ ਕਦੇ ਹੀ।
       ਤਾਰਿਕ ਨਾਲ ਝਗੜੇ ਤੋਂ ਬਾਅਦ ਇਕ ਗੱਲ ਤਹਿ ਹੋ ਗਈ ਹੈ ਕਿ ਉਹ ਮੁੜ ਪਰਦੁੱਮਣ ਸਿੰਘ ਦੀ ਦੁਕਾਨ ਉਪਰ ਆਪਣੇ ਸਮੋਸੇ ਰੱਖਣ ਨਹੀਂ ਜਾਂਦਾ ਤੇ ਜਿਹੜੀਆਂ ਦੁਕਾਨਾਂ ਤਾਰਿਕ ਨੇ ਤੋੜ ਲਈਆਂ ਹਨ ਉਨ੍ਹਾਂ ਨੂੰ ਵਾਪਸ ਲੈਣ ਦੀ ਜ਼ਿੱਦ ਪਰਦੁੱਮਣ ਸਿੰਘ ਵੀ ਨਹੀਂ ਕਰ ਰਿਹਾ। ਥੋੜ੍ਹੇ ਜਿਹੇ ਝਟਕੇ ਲੱਗ ਕੇ ਜ਼ਿੰਦਗੀ ਆਮ ਵਾਂਗ ਚੱਲ ਪੈਂਦੀ ਹੈ। ਪਰਦੁੱਮਣ ਸਿੰਘ ਸਮਝ ਲੈਂਦਾ ਹੈ ਕਿ ਤਾਰਿਕ ਜਿੰਨੀ ਕੁ ਸਿਰਦਰਦੀ ਬਣ ਸਕਦਾ ਸੀ ਬਣ ਚੁੱਕਾ ਹੈ ਹੋਰ ਮੁਸੀਬਤ ਨਹੀ ਦੇਵੇਗਾ।
       ਤਾਰਿਕ ਵਾਲੀ ਸਿਰਦਰਦੀ ਭਾਵੇਂ ਕਿਸੇ ਹੱਦ ਤੱਕ ਖਤਮ ਹੋ ਗਈ ਹੋਵੇ ਪਰ ਬਲਵੀਰ ਉਸ ਲਈ ਨਵੀਂ ਮੁਸੀਬਤ ਖੜੀ ਕਰ ਦਿੰਦਾ ਹੈ। ਹੁਣ ਉਸ ਨੇ ਪਰਦੁੱਮਣ ਸਿੰਘ ਦੀਆਂ ਦੁਕਾਨਾਂ ਉਪਰ ਆਪਣਾ ਮਾਲ ਰੱਖਣਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਆਪਣੇ ਸਮੋਸੇ ਦਾ ਭਾਰ ਵੀ ਪਰਦੁੱਮਣ ਸਿੰਘ ਦੇ ਸਮੋਸੇ ਨਾਲੋਂ ਦਸ ਗ੍ਰਾਮ ਵਧਾ ਦਿੱਤਾ ਹੈ। ਪਰਦੁੱਮਣ ਸਿੰਘ ਇਕ ਸੌ ਚਾਲੀ ਗ੍ਰਾਮ ਦਾ ਸਮੋਸਾ ਬਣਾਉਂਦਾ ਹੈ ਜਦ ਕਿ ਬਲਵੀਰ ਇਕ ਸੌ ਪੰਜਾਹ ਗ੍ਰਾਮ ਦਾ ਬਣਾਉਣ ਲੱਗਿਆ ਹੈ। ਉਸ ਨੇ ਸਮੋਸੇ ਦੀ ਕੀਮਤ ਵੀ ਦੋ ਪੈਨੀਆਂ ਪਰਦੁੱਮਣ ਸਿੰਘ ਨਾਲੋਂ ਘੱਟ ਕਰ ਦਿੱਤੀ ਹੈ।
       ਇਕ ਵਾਰ ਤਾਂ ਪਰਦੁੱਮਣ ਸਿੰਘ ਨੂੰ ਲੱਗਦਾ ਹੈ ਕਿ ਸਾਰਾ ਬਿਜ਼ਨਸ ਹੱਥੋਂ ਗਿਆ। ਉਹ ਬਲਵੀਰ ਨੂੰ ਫੋਨ ਕਰਦਾ ਹੈ। ਬਲਵੀਰ ਅੱਗਿਉਂ ਜਵਾਬ ਨਹੀਂ ਦਿੰਦਾ। ਉਸ ਨੂੰ ਮਿਲਣ ਉਸ ਦੀ ਫੈਕਟਰੀ ਜਾਂਦਾ ਹੈ ਤਾਂ ਬਲਵੀਰ ਪਾਸੇ ਹੋ ਜਾਂਦਾ ਹੈ। ਪਰਦੁੱਮਣ ਸਿੰਘ ਆਪ ਇਕੱਲੀ ਇਕੱਲੀ ਦੁਕਾਨ ਉਪਰ ਜਾਂਦਾ ਹੈ। ਦੁਕਾਨਦਾਰਾਂ ਨੂੰ ਆਪਣੇ ਪੁਰਾਣੇ ਸਬੰਧਾਂ ਦੇ ਵਾਸਤੇ ਪਾਉਂਦਾ ਹੈ। ਉਨ੍ਹਾਂ ਨੂੰ ਵਧੀਆ ਸਰਵਿਸ ਮੁਹੱਈਆ ਕਰਨ ਦੇ ਵਾਅਦੇ ਕਰਦਾ ਹੈ। ਆਪਣਾ ਕਾਰੋਬਾਰ ਕਿਸੇ ਹੱਦ ਤੱਕ ਬਚਾਉਣ ਵਿਚ ਕਾਮਯਾਬ ਹੋ ਜਾਂਦਾ ਹੈ।
       ਉਹ ਮੀਕੇ ਨੂੰ ਬਲਵੀਰ ਨਾਲ ਲੜਨ ਲਈ ਤਿਆਰ ਕਰਨ ਲੱਗਦਾ ਹੈ। ਮੀਕਾ ਆਖਦਾ ਹੈ,
“ਅੰਕਲ, ਬਲਵੀਰ ਕੁੱਟਣ ਦੇ ਪੰਜ ਹਜ਼ਾਰ ਪੌਂਡ ਲਊਂ।”
“ਕੋਈ ਅਕਲ ਕਰ ਮੀਕਿਆ! ਪੰਜ ਹਜ਼ਾਰ ਕਾਹਦਾ? ਤੂੰ ਤਾਂ ਕਈ ਵਾਰ ਕਹਿ ਚੁੱਕਾਂ ਕਿ ਕੋਈ ਬੰਦਾ ਕੁਟਾਉਣਾ ਹੋਇਆ ਤਾਂ ਦੱਸੀਂ।”
“ਅੰਕਲ, ਉਹ ਤਾਂ ਮੈਂ ਬੰਦਿਆਂ ਲਈ ਕਹਿੰਨਾ ਹੁੰਨਾਂ ਤੇ ਬਲਵੀਰ ਕੋਈ ਬੰਦਾ ਥੋੜੋ ਆ, ਉਹ ਤਾਂ ਮੇਰਾ ਪੁਰਾਣਾ ਆੜੀ ਐ।”       

ਚਲਦਾ...