ਸਾਊਥਾਲ (ਕਾਂਡ 47)


       ਰੇਡੀਓ ਉਪਰ ਖਬਰ ਆ ਰਹੀ ਹੈ ਕਿ ਸਾਊਥਾਲ ਵਿਚ ਕਤਲ ਹੋ ਗਿਆ ਹੈ। ਲੋਕ ਧਿਆਨ ਨਾਲ ਖਬਰ ਸੁਣ ਰਹੇ ਹਨ ਤੇ ਫਿਰ ਇਕ ਦੂਜੇ ਵੱਲ ਭੇਦਭਰੀ ਨਜ਼ਰ ਨਾਲ ਦੇਖਣ ਲੱਗਦੇ ਹਨ। ਜਗਮੋਹਣ ਕੰਮ ਉਪਰ ਹੈ। ਕੁਝ ਲੋਕ ਢਾਣੀ ਬਣਾ ਕੇ ਖੜੇ ਗੱਲਾਂ ਕਰ ਰਹੇ ਹਨ। ਜਗਮੋਹਣ ਕਾਹਲੀ ਜਿਹੇ ਕੋਲ ਦੀ ਲੰਘਣ ਲੰਘਦਾ ਹੈ। ਕੋਈ ਉਸ ਨੂੰ ਕਹਿੰਦਾ ਹੈ,
“ਜੱਗਿਆ, ਰਾਤੀਂ ਸਾਊਥਾਲ 'ਚ ਮਰਡਰ ਹੋ ਗਿਐ।”
“ਅੱਛਾ! ਹੁਣ ਸਾਊਥਾਲ ਵਿਚ ਮਰਡਰ ਵੀ ਆਮ ਜਿਹੀ ਗੱਲ ਹੋ ਗਈ।” 
       ਕਹਿੰਦਾ ਹੋਇਆ ਉਹ ਅੱਗੇ ਲੰਘ ਜਾਂਦਾ ਹੈ।
       ਵਾਪਸ ਮੁੜਦਿਆਂ ਕਾਰ ਦੇ ਰੇਡੀਓ ਉਪਰ ਫਿਰ ਉਹੀ ਖਬਰ ਆ ਰਹੀ ਹੈ। ਉਹ ਸੋਚਣ ਲੱਗਦਾ ਹੈ ਕਿ ਐਡੀ ਕਿਹੜੀ ਗੱਲ ਹੋ ਗਈ ਇਸ ਕਤਲ ਵਿਚ। ਕੰਮ ਉਪਰ ਵੀ ਲੋਕ ਢਾਣੀ ਬਣਾ ਕੇ ਖੜੇ ਹਨ। ਉਹ ਧਿਆਨ ਨਾਲ ਸੁਣਦਾ ਹੈ। ਪਤਨੀ ਨੇ ਪਤੀ ਦਾ ਕਤਲ ਕਰ ਦਿੱਤਾ ਹੈ। ਉਹ ਮਨ ਵਿਚ ਹੀ ਕਹਿੰਦਾ ਹੈ ਕਿ ਇਹ ਦਿਲਚਸਪੀ ਵਾਲੀ ਗੱਲ ਜ਼ਰੂਰ ਹੈ ਨਹੀਂ ਤਾਂ ਪਤੀ ਹੀ ਪਤਨੀਆਂ ਦਾ ਕਤਲ ਕਰਦੇ ਆ ਰਹੇ ਹਨ। ਉਹ ਘਰ ਪੁੱਜਦਾ ਹੈ। ਮਨਦੀਪ ਕਹਿੰਦੀ ਹੈ,
“ਸੁਣੀ ਅੱਜ ਦੀ ਖਬਰ?”

“ਸੁਣ ਲਈ, ਸੁਣ ਲਈ, ਤੇਰੇ ਵਰਗੀ ਤੇਜ਼ ਤੀਵੀਂ ਨੇ ਆਦਮੀ ਚੁੱਕ 'ਤਾ।”

“ਕੋਈ ਬਹੁਤੀ ਹੀ ਸਤੀ ਹੋਈ ਹੋਊ! ਮੇਰੇ ਵਰਗੀ ਵਿਚਾਰੀ।”
       ਮਨਦੀਪ ਕਹਿ ਕੇ ਉਸ ਵੱਲ ਦੇਖਦੀ ਹੈ। ਉਹ ਮੁਸਕਰਾਉਂਦਾ ਹੈ। ਮਨਦੀਪ ਫਿਰ ਆਖਦੀ ਹੈ, 
“ਭੁਪਿੰਦਰ ਦਾ ਦੋ–ਤਿੰਨ ਵਾਰ ਫੋਨ ਆਇਆ, ਕਹਿੰਦਾ ਸੀ ਕਿ ਜ਼ਰੂਰੀ ਕੰਮ ਐ।”
“ਨਵਾਂ ਡਰਾਮਾ ਖੇਡਣਾ ਹੋਊ, ਹੋਰ ਕੀ !”
“ਹੁਣ ਤੁਹਾਡੀ ਡਰਾਮਿਆਂ ਦੀ ਉਮਰ ਨਹੀਂ ਰਹੀ।”
“ਮੈਂ ਡਰਾਮੇ ਖੇਡੇ ਈ ਕਦੋਂ ਆ ਬਸ ਗੱਲਾਂ ਕੀਤੀਆਂ।”
       ਮਨਦੀਪ ਕੁਝ ਬੋਲੇ ਬਿਨਾਂ ਉਸ ਲਈ ਜੂਸ ਲੈਣ ਰਸੋਈ ਵਿਚ ਚਲੇ ਜਾਂਦੀ ਹੈ। ਜਗਮੋਹਣ ਗੇਮ ਖੇਡਦੇ ਮੁੰਡਿਆਂ ਦੀ ਗੇਮ ਵਿਚ ਹਿਸਾ ਲੈਣ ਲਗਦਾ ਹੈ।
       ਉਹ ਜੂਸ ਦਾ ਘੁੱਟ ਭਰਦਾ ਫੋਨ ਚੁੱਕ ਲੈਂਦਾ ਹੈ। ਭੁਪਿੰਦਰ ਦਾ ਫੋਨ ਨੰਬਰ ਚੇਤੇ ਕਰਦਾ ਡਾਇਲ ਕਰਨ ਲੱਗਦਾ ਹੈ। ਅੱਗਿਉਂ ਭੁਪਿੰਦਰ ਕਾਹਲੀ ਵਿਚ ਉਸ ਪੁੱਛਦਾ ਹੈ,
“ਤੂੰ ਮੋਬਾਈਲ ਕਿਉਂ ਨਹੀਂ ਰੱਖਿਆ ਹੋਇਆ ?”
“ਲੋੜ ਨਹੀਂ ਪੈਂਦੀ।”
“ਅੱਜ ਤਾਂ ਪੈ ਗਈ ਨਾ।”
“ਕੀ ਗੱਲ ਹੋ ਗਈ, ਸੁੱਖ ਤਾਂ ਹੈ?”
“ਖਬਰਾਂ ਨਹੀਂ ਸੁਣ ਰਿਹਾ ?”
“ਆਹ ਵਾਈਫ ਨੇ ਜਿਹੜਾ ਹਸਬੈਂਡ ਮਰਡਰ ਕਰ ਦਿੱਤੈ ?”
“ਪਤਾ ਕੌਣ ਐ ਵਾਈਫ ?”
“ਕੌਣ ਐ ?”
“ਪ੍ਰੀਤੀ ! ਆਪਣੀ ਪ੍ਰੀਤੀ !”
“ਂ ਹੈਂ!”
“ਹਾਂ, ਪ੍ਰੀਤੀ ਨੇ ਗੁਰਨਾਮ ਨੂੰ ਸਟੈਬ ਕਰ ਦਿਤਾ, ਦਸ ਰਹੇ ਆ ਕਿ ਇਕੋ ਵਾਰ ਵਿਚ ਗੁਰਨਾਮ ਥਾਵੇਂ ਮਰ ਗਿਆ।”
“ਇਹ ਕਿੱਦਾਂ ਹੋ ਗਿਆ ?”
“ਕਿੱਦਾਂ ਕੀ ਹੋਣੈ, ਤੈਨੂੰ ਪਤਾ ਈ ਐ ਪ੍ਰੀਤੀ ਦੀ ਕੀ ਹਾਲਤ ਬਣਾ ਰੱਖੀ ਸੀ ਗੁਰਨਾਮ ਨੇ, ਇਕ ਕੁੱਤੀ ਨੂੰ ਵੀ ਤੁਸੀਂ ਖੂੰਜੇ ਲਾਈ ਜਾਵੋਂ ਤਾਂ ਅੰਤ ਨੂੰ ਉਹ ਤੁਹਾਨੂੰ ਛਾਲ ਮਾਰ ਕੇ ਪੈਂਦੀ ਐ ਫੇਰ ਪ੍ਰੀਤੀ ਤਾਂ ਪ੍ਰੀਤੀ ਸੀ।”
       ਭੁਪਿੰਦਰ ਕਹਿ ਰਿਹਾ ਹੈ। ਜਗਮੋਹਣ ਤੋਂ ਬੋਲਿਆ ਨਹੀਂ ਜਾ ਰਿਹਾ। ਭੁਪਿੰਦਰ ਪੁੱਛਦਾ ਹੈ,
“ਪਿਛਲੇ ਦਿਨਾਂ ਵਿਚ ਕੋਈ ਰਾਬਤਾ ਹੋਇਆ ਸੀ ਉਹਦੇ ਨਾਲ ?”
“ਨਹੀਂ, ਕਦੇ ਵੀ ਨਹੀਂ।”
“ਮੈਂ ਇਕ ਦਿਨ ਫੇਰ ਦੇਖੀ ਸੀ ਉਹ, ਮੈਂ ਤਾਂ ਹੈਰਾਨ ਸਾਂ ਕਿ ਏਨਾ ਕੁਝ ਕਿਵੇਂ ਸਹਿੰਦੀ ਜਾ ਰਹੀ ਸੀ, ਮੈਨੂੰ ਕਈ ਵਾਰ ਲੱਗਦਾ ਵੀ ਸੀ ਕਿ ਕੁਝ ਨਾ ਕੁਝ ਹੋਵੇਗਾ ਪਰ ਏਨਾ ਕੁਝ ਹੋਵੇਗਾ ਇਸ ਦੀ ਆਸ ਨਹੀਂ ਸੀ।”
       ਜਗਮੋਹਣ ਫੋਨ ਰੱਖਦਾ ਹੈ। ਉਸ ਦਾ ਉਤਰਿਆ ਚਿਹਰਾ ਦੇਖ ਕੇ ਮਨਦੀਪ ਪੁੱਛਦੀ ਹੈ,
“ਕੀ ਹੋਇਆ? ਇਹ ਕਿਹੜੀ ਹੋਰ ਜੰਮ ਪਈ ਤੁਹਾਡੇ ਮਾਮੇ ਦੀ ਧੀ?”
“ਉਹ ਪ੍ਰੀਤੀ ਐ?”
“ਕਿਹੜੀ ਪ੍ਰੀਤੀ?”
“ਤੂੰ ਨਹੀਂ ਜਾਣਦੀ, ਮੈਂ ਵੀ ਬਹੁਤ ਸਾਲ ਪਹਿਲਾਂ ਇਕ ਅੱਧੀ ਵਾਰ ਈ ਮਿਲਿਆਂ ਜਦ ਡਰਾਮੇ ਦੇ ਚੱਕਰ ਵਿਚ ਆਈ ਸੀ ਭੁਪਿੰਦਰ ਕੋਲ।”
“ਫੇਰ ਏਨੀ ਵੱਰੀ ਵਾਲੀ ਕਿਹੜੀ ਗੱਲ ਐ ?”
“ਤੂੰ ਪਥਰ ਦਿਲ ਐਂ, ਤੇਰੇ ਲਈ ਇਹ ਕੁਝ ਨਹੀਂ ਪਰ ਮੈਨੂੰ ਇਹ ਬਹੁਤ ਵੱਡੀ ਗੱਲ ਲਗਦੀ ਐ ਖਾਸ ਤੌਰ ਤੇ ਜੇ ਤੁਸੀਂ ਕਿਸੇ ਨੂੰ ਥੋੜਾ ਬਹੁੱਤ ਜਾਣਦੇ ਹੋਵੋਂ ਤਾਂ ਫੀਲ ਤਾਂ ਹੋਣਾ ਹੀ ਹੋਇਆ!”
        ਕਹਿੰਦਾ ਜਗਮੋਹਣ ਖਾਮੋਸ਼ ਜਿਹਾ ਹੋ ਜਾਂਦਾ ਹੈ। ਮਨਦੀਪ ਕੁਝ ਦੇਰ ਉਸ ਵੱਲ ਦੇਖਦੀ ਰਹਿੰਦੀ ਹੈ ਤੇ ਕਹਿੰਦੀ ਹੈ,
“ਲਓ ਜੀ, ਇਕ ਹੋਰ ਚੁੜੇਲ ਚੁੰਬੜ ਗਈ।... ਚਲੋ ਉਠੋ ਸ਼ੌਪਿੰਗ ਕਰ ਕੇ ਆਈਏ, ਤੁਹਾਡਾ ਮੂਡ ਹੋਰ ਪਾਸੇ ਪਊ।”
“ਨਹੀਂ, ਤੂੰ ਇਕੱਲੀ ਈ ਜਾਇਆ, ਮੁੰਡਿਆਂ ਨੂੰ ਵੀ ਮੰਮੀ ਵੱਲ ਛੱਡ ਜਾਹ।”
       ਉਹ ਬੋਲਦਾ ਹੈ। ਆਮ ਤੌਰ 'ਤੇ ਉਹ ਮੁੰਡਿਆਂ ਨੂੰ ਆਪਣੇ ਨਾਲ ਨਾਲ ਹੀ ਰੱਖਿਆ ਕਰਦਾ ਹੈ। ਸਹੁਰਿਆਂ ਵੱਲ ਭੇਜ ਕੇ ਬਹੁਤਾ ਖੁਸ਼ ਨਹੀਂ ਹੁੰਦਾ ਪਰ ਅਜ ਉਸ ਦਾ ਦਿਲ ਚਾਹ ਰਿਹਾ ਹੈ ਕਿ ਉਸ ਨੂੰ ਇਕੱਲਾ ਛੱਡ ਦਿਤਾ ਜਾਵੇ। ਮਨਦੀਪ ਕੁਝ ਕਹੇ ਬਗੈਰ ਤਿਆਰ ਹੋਣ ਲਗਦੀ ਹੈ ਤੇ ਮੁੰਡੇ ਲੈ ਕੇ ਚਲੇ ਜਾਂਦੀ ਹੈ।
       ਉਹ ਉਠ ਕੇ ਗਰੇਵਾਲ ਦੇ ਘਰ ਜਾਂਦਾ ਹੈ। ਗਰੇਵਾਲ ਘਰ ਨਹੀਂ ਹੈ। ਭੁਪਿੰਦਰ ਵੱਲ ਜਾਂਦਾ ਹੈ। ਉਹ ਵੀ ਕਿਧਰੇ ਜਾ ਚੁੱਕਾ ਹੈ। ਉਹ ਸਿਸਟਰਜ਼ ਇਨਹੈਂਡਜ਼ ਦੇ ਦਫਤਰ ਜਾਂਦਾ ਹੈ। ਉਥੇ ਵੀ ਕੋਈ ਨਹੀਂ ਮਿਲਦਾ। ਉਹ ਵਾਪਸ ਘਰ ਆ ਕੇ ਸਿਗਰਟ ਸੁਲਘਾ ਕੇ ਬੈਠ ਜਾਂਦਾ ਹੈ। ਇਕ ਵਾਰ ਤਾਂ ਉਸ ਦਾ ਦਿਲ ਕਰਦਾ ਹੈ ਕਿ ਪਾਰਕ ਦਾ ਗੇੜਾ ਮਾਰ ਕੇ ਆਵੇ ਤਾਂ ਜੋ ਧਿਆਨ ਹੋਰ ਪਾਸੇ ਪਵੇ ਪਰ ਉਸ ਤੋਂ ਉਠਿਆ ਨਹੀਂ ਜਾ ਰਿਹਾ। ਉਹ ਬੈਠਾ ਬੈਠਾ ਸਾਰੀ ਘਟਨਾ ਨੂੰ ਆਪਣੇ ਮਨ ਵਿਚ ਮੁੜ ਸੁਰਜੀਤ ਕਰਨ ਲੱਗਦਾ ਹੈ ਕਿ ਗੁਰਨਾਮ ਹਰ ਰੋਜ਼ ਪ੍ਰੀਤੀ ਨੂੰ ਨੀਵਾਂ ਦਿਖਾ ਕੇ ਉਸ ਦੇ ਮਨ ਵਿਚ ਘਟੀਆਪਨ ਦਾ ਅਹਿਸਾਸ ਪੈਦਾ ਕਰਦਾ ਰਹਿੰਦਾ ਹੋਵੇਗਾ। ਉਸ ਦੇ ਬੱਚੇ ਵੀ ਉਸ ਦੇ ਖਿਲਾਫ ਕਰ ਦਿੱਤੇ ਹੋਣਗੇ। ਅਜਿਹੀ ਸਿੱਖਿਆ ਦਿੱਤੀ ਹੋਵੇਗੀ ਕਿ ਬੱਚੇ ਵੀ ਪ੍ਰੀਤੀ ਨੂੰ ਬੁਲਾਉਂਦੇ ਨਹੀਂ ਹੋਣਗੇ। ਪ੍ਰੀਤੀ ਮਨ ਹੀ ਮਨ ਵਿਚ ਜ਼ਹਿਰ ਘੋਲਦੀ ਰਹਿੰਦੀ ਹੋਵੇਗੀ। ਉਸ ਦਿਨ ਪ੍ਰੀਤੀ ਰਸੋਈ ਵਿਚ ਕੁਝ ਕਰ ਰਹੀ ਹੋਵੇਗੀ ਕਿ ਗੁਰਨਾਮ ਆ ਕੇ ਉਸ ਉਪਰ ਰੋਹਬ ਪਾਉਣ ਲੱਗਿਆ ਹੋਵੇਗਾ, ਕੁਝ ਗਲਤ ਬੋਲਿਆ ਹੋਵੇਗਾ। ਹੋ ਸਕਦਾ  ਕਿ ਕੁੱਟਮਾਰ ਹੀ ਕਰ ਦਿੱਤੀ ਹੋਵੇ। ਪ੍ਰੀਤੀ ਨੇ ਹੱਥ ਵਾਲਾ ਚਾਕੂ ਹੀ ਗੁਰਨਾਮ ਦੇ ਮਾਰ ਦਿੱਤਾ ਹੋਵੇਗਾ। ਚਾਕੂ ਸਿੱਧਾ ਜਿਗਰ ਵਿਚ ਜਾ ਵੱਜਿਆ ਹੋਵੇਗਾ। ਪ੍ਰੀਤੀ ਇੰਨੇ ਗੁੱਸੇ ਵਿਚ ਹੋਵੇਗੀ ਜਾਂ ਬੌਂਦਲੀ ਹੋਈ ਹੋਵੇਗੀ ਕਿ ਉਸ ਨੂੰ ਤਾਂ ਉਸ ਵੇਲੇ ਪਤਾ ਵੀ ਨਹੀਂ ਹੋਵੇਗਾ ਕਿ ਉਹ ਕੀ ਕਰ ਰਹੀ ਹੈ।
       ਇਹ ਸੋਚਦਾ ਉਹ ਇਕਦਮ ਉਠ ਬੈਠਦਾ ਹੈ। ਉਹ ਮਨ ਵਿਚ ਕਹਿੰਦਾ ਹੈ ਕਿ ਇਸ ਦਾ ਮਤਲਬ ਕਿ ਪ੍ਰੀਤੀ ਦਾ ਕੋਈ ਕਸੂਰ ਨਹੀਂ ਹੈ। ਉਸ ਵਕਤ ਉਸ ਦੀ ਮਾਨਸਿਕ ਸਥਿਤੀ ਤਾਂ ਅਜਿਹੀ ਸੀ ਕਿ ਉਸ ਨੂੰ ਪਤਾ ਨਹੀਂ ਕਿ ਉਹ ਕੀ ਕਰ ਰਹੀ ਹੈ। ਉਸ ਦੇ ਮਨ ਦੀ ਉਦਾਸੀ ਕੁਝ ਘੱਟਦੀ ਹੈ। ਪ੍ਰੀਤੀ ਬਚ ਸਕਦੀ ਹੈ। ਪ੍ਰੀਤੀ ਬਚ ਜਾਵੇਗੀ। ਅਜਿਹੇ ਦੋ ਕੇਸਾਂ ਵਿਚ ਪਿੱਛੇ ਜਿਹੇ ਹੀ ਦੋ ਔਰਤਾਂ ਤੇ ਇਕ ਆਦਮੀ ਰਿਹਾਅ ਹੋਏ ਹਨ। ਉਹ ਗਰੇਵਾਲ ਨੂੰ ਫੋਨ ਕਰਕੇ ਦੇਖਦਾ  ਕਿ ਸ਼ਾਇਦ ਘਰ ਆ ਗਿਆ ਹੋਵੇ। ਗਰੇਵਾਲ ਘਰ ਹੀ ਹੈ। ਉਹ ਫੋਨ ਉਪਰ ਖਬਰ ਬਾਰੇ ਦੱਸਦਾ ਹੈ। ਗਰੇਵਾਲ ਉਸ ਦੇ ਮਨ ਦੀ ਅਵਸਥਾ ਨੂੰ ਸਮਝਦਾ ਕਹਿੰਦਾ ਹੈ,
“ਤੂੰ ਏਧਰ ਆ ਜਾ, ਬੈਠ ਕੇ ਗੱਲ ਕਰਦੇ ਆਂ।”
       ਉਹ ਗਰੇਵਾਲ ਕੋਲ ਪੁੱਜ ਜਾਂਦਾ ਹੈ। ਗਰੇਵਾਲ ਕਹਿੰਦਾ ਹੈ,
“ਤੂੰ ਏਨਾ ਸੀਰੀਅਸ ਕਿਉਂ ਹੋਈ ਫਿਰਦੈਂ ?”
“ਕਿਉਂਕਿ ਮੈਂ ਪ੍ਰੀਤੀ ਨੂੰ ਜਾਣਦਾਂ, ਉਹਦਾ ਫਿਕਰ ਐ ਮੈਨੂੰ।”
“ਇਹ ਗੱਲ ਤਾਂ ਮੈਂ ਸਮਝ ਰਿਹਾਂ ਪਰ ਤੂੰ ਆਪਣੀ ਸਿਹਤ ਦਾ ਵੀ ਧਿਆਨ ਕਰ, ਤੇਰਾ ਆਪਣਾ ਟੱਬਰ ਵੀ ਐ, ਨਾਲੇ ਕੀ ਕਰੇਂਗਾ ਏਨਾ ਫਿਕਰ ਕਰ ਕੇ?”
“ਮੈਂ ਸੋਚਦਾਂ ਕਿ ਉਹਨੂੰ ਕੋਈ ਸਜ਼ਾ ਨਾ ਹੋਵੇ।”
“ਜੇ ਕਤਲ ਕੀਤਾ ਤਾਂ ਸਜ਼ਾ ਤਾਂ ਹੋਵੇਗੀ ਹੀ।”
“ਨਹੀਂ, ਇਹ ਕਤਲ ਨਹੀਂ ਸਰ ਜੀ, ਇਹ ਕਤਲ ਨਹੀਂ, ਇਹ ਮਰਡਰ ਨਹੀਂ ਇਹ ਮੈਨ ਸਲਾਟਰ ਐ। ਤੁਹਾਨੂੰ ਪਤੈ ਕੁਸ਼ ਡਿਮਿਨਿਸ਼ੰਗ ਮਾਰਜਨਲ ਰਿਸਪੌਂਸੀਬਿਲਟੀ ਬਾਰੇ ਪਿਛਲੇ ਸਾਲ ਦੋ ਔਰਤਾਂ ਦੀ ਸਜ਼ਾ ਮੁਆਫ ਹੋਈ ਸੀ ਜਾ ਘਟੀ ਸੀ।”
       ਗਰੇਵਾਲ ਚੇਤੇ ਕਰਨ ਲੱਗਦਾ ਹੈ। ਜਗਮੋਹਣ ਫਿਰ ਕਹਿੰਦਾ ਹੈ,
“ਜਦ ਇਨਸਾਨ ਨੇ ਜੁਰਮ ਕਰਦੇ ਸਮੇਂ ਮਾਨਸਿਕ ਤਵਾਜ਼ਨ ਖੋਇਆ ਹੋਇਆ ਹੋਵੇ ਤੇ ਇਹ ਤਵਾਜ਼ਨ ਵੀ ਮਕਤੂਲ ਕਾਰਨ ਖੋਇਆ ਹੋਵੇ ਤਾਂ ਜੁਰਮ ਦੀ ਉਸ ਦੀ ਜ਼ਿੰਮੇਵਾਰੀ ਉਪਰ ਫਰਕ ਪੈ ਜਾਂਦੈ।”
“ਇਹ ਤਾਂ ਵਕੀਲਾਂ ਵਾਲਾ ਨੁਕਤਾ ਐ।”
“ਤੁਹਾਨੂੰ ਪਤੈ ਕੈਂਟ ਵਿਚ ਇਕ ਇੰਡੀਅਨ ਨੇ ਆਪਣੀ ਵਾਈਫ ਮਾਰ ਦਿੱਤੀ ਸੀ ਤੇ ਮਾਮੂਲੀ ਜਿਹੀ ਸਜ਼ਾ ਹੋਈ ਸੀ, ਇਹੋ ਬਿਨਾਅ ਲਈ ਸੀ ਉਹਨੇ।”
“ਪਰ ਤੈਨੂੰ ਕੀ ਪਤੈ ਕਿ ਪ੍ਰੀਤੀ ਨੇ ਕਿਹੜੇ ਹਾਲਾਤ ਵਿਚ ਕਤਲ ਕੀਤਾ।”
“ਇਹੋ ਹੀ ਹਾਲਾਤ ਹੋਣਗੇ, ਹੋਰ ਕਿਤੇ ਉਹ ਪ੍ਰੋਫੈਸ਼ਨਲ ਕਾਤਲ ਐ।”
“ਜੋ ਕੁਝ ਵੀ ਏ ਜਗਮੋਹਣ, ਪਹਿਲਾਂ ਤਾਂ ਤੂੰ ਰਿਲੈਕਸ ਹੋ, ਮਨਦੀਪ ਠੀਕ ਕਹਿੰਦੀ ਐ ਕਿ ਤੈਨੂੰ ਚੁੜੇਲਾਂ ਇਕਦਮ ਚੁੰਬੜ ਜਾਂਦੀਆਂ।”
       ਜਗਮੋਹਣ ਮੁਸਕਰਾਉਂਦਾ ਹੈ ਤੇ ਫਿਰ ਆਖਦਾ ਹੈ,
“ਮੈਂ ਸਿਸਟਰ ਇਨਹੈਂਡਜ਼ ਵਲ ਗਿਆ ਸੀ ਪਰ ਉਥੇ ਕੋਈ ਨਹੀਂ ਸੀ, ਸੋਚਦਾਂ ਕਿ ਫੋਨ ਕਰਕੇ ਵਕਤ ਲੈਨਾਂ ਤੇ ਮਿਲ ਕੇ ਆਉਨਾ, ਐਤਕੀਂ ਤਾਂ ਮੈਂ ਉਹਨਾਂ ਦੇ ਪਿੱਛੇ ਪੈ ਜਾਊਂ ਕਿ ਕੁਝ ਨਾ ਕੁਝ ਕਰਨ।”
       ਅਗਲੇ ਦਿਨ ਕੰਮ ਤੋਂ ਮੁੜਦਾ ਹੀ ਜਗਮੋਹਣ ਗਰੀਨ ਰੋਡ ਉਪਰ ਪਹੁੰਚ ਜਾਂਦਾ ਹੈ। ਦਿਨੇ ਕਈ ਵਾਰ ਫੋਨ ਕਰਨ ਤੋਂ ਬਾਅਦ ਅਨੀਤਾ ਪਟੇਲ ਮਿਲੀ ਸੀ ਤੇ ਉਸ ਨੇ ਅਜ ਹੀ ਮਿਲਣ ਦਾ ਸਮਾਂ ਦੇ ਦਿਤਾ ਹੈ। ਭਾਵੇਂ ਅਨੀਤਾ ਪਟੇਲ ਮਰਦਾਂ ਦੀ ਗੱਲ ਘੱਟ ਸੁਣਦੀ ਹੈ ਪਰ ਜਗਮੋਹਣ ਦੇ ਨਾਂ ਤੋਂ ਉਨ੍ਹਾਂ ਦਾ ਸਾਰਾ ਦਫਤਰ ਜਾਣੂ ਹੈ ਇਸ ਲਈ ਉਸ ਨੂੰ ਵਕਤ ਦੇ ਦਿੰਦੇ ਹਨ। ਅਨੀਤਾ ਉਸ ਨੂੰ ਉਡੀਕ ਰਹੀ ਹੈ। ਉਹ ਕਹਿੰਦੀ ਹੈ,
“ਹਮੇਂ ਆਪ ਕੀ ਦੋਸਤ ਸੇ ਹਮਦਰਦੀ ਹੈ।”
“ਅਨੀਤਾ ਜੀ, ਹਮਦਰਦੀ ਨਹੀਂ ਚਾਹੀਏ ਹੈਲਪ ਚਾਹੀਏ।”
“ਹੈਲਪ ਤਬ ਤਕ ਨਹੀਂ ਕਰ ਸਕਤੇ ਜਬ ਤਕ ਕੇਸ ਨਹੀਂ ਚਲਤਾ, ਅਬੀ ਕਲ ਇਹ ਇਨਸੀਡੈਂਟ ਹੈਪਨ ਹੂਆ ਹੈ, ਕੇਸ ਤੋ ਸਾਲ ਤਕ ਚਲੇਗਾ।”
“ਅਨੀਤਾ ਜੀ, ਕੇਸ ਜਬ ਚਲੇ ਸੋ ਚਲੇ ਪਰ ਪ੍ਰੀਤੀ ਕੋ ਮਿਲਨੇ ਕੀ ਜ਼ਰੂਰਤ ਹੈ, ਉਸ ਸੇ ਬਾਤ ਕਰਨੇ ਕੀ ਜ਼ਰੂਰਤ ਹੈ, ਉਸ ਕੋ ਹੌਸਲਾ ਦੇਨਾ ਚਾਹੀਏ।”
“ਜੇ ਕਾਮ ਤੋ ਆਪ ਵੀ ਕਰ ਸਕਤੇ ਹੋ।”
“ਮੈਂ ਜੋ ਕਰ ਸਕਤਾ ਹੂੰ ਮੈਂ ਕਰੂੰਗਾ ਮਗਰ ਆਪ ਕੀ ਇਸ ਇੰਸਟੀਚੂਸ਼ਨ ਕਾ ਯੇਹ ਕਾਮ ਹੈ।”
“ਜਗਮੋਹਨ ਜੀ, ਹਮੇਂ ਯੇਹ ਮਤ ਸਮਝਾਈਏ ਕਿ ਹਮਾਰਾ ਕਿਆ ਕਾਮ ਹੈ, ਆਪ ਅਪਨਾ ਕਾਮ ਕੀਜੀਏ ਔਰ ਹਮੇਂ ਅਪਨਾ ਕਰਨਾ ਦੀਜੀਏ।”

ਚਲਦਾ...