ਮਨਿੰਦਰ ਜਗਮੋਹਨ ਨੂੰ ਸਵਿਮਿੰਗ ਗਏ ਨੂੰ ਅਕਸਰ ਮਿਲ ਪੈਂਦੀ ਹੈ ਪਰ ਹੈਲੋ ਤੋਂ ਜਿ਼ਆਦਾ ਕਦੇ ਕੋਈ ਗੱਲ ਨਹੀਂ ਹੁੰਦੀ। ਜਗਮੋਹਣ ਨੂੰ ਉਹ ਬਹੁਤ ਸੁਹਣੀ ਲਗਦੀ ਹੈ। ਜਦੋਂ ਉਹ ਇੰਗਲੈਂਡ ਆਇਆ ਸੀ ਤਾਂ ਮਨਿੰਦਰ ਬਹੁਤ ਛੋਟੀ ਸੀ। ਜਗਮੋਹਨ ਨੇ ਕਦੀ ਸੋਚਿਆ ਹੀ ਨਹੀਂ ਸੀ ਕਿ ਇਹ ਵੱਡੀ ਹੋ ਕੇ ਇੰਨੀ ਸੁਹਣੀ ਨਿਕਲੇਗੀ। ਜੇ ਪਾਲਾ ਸਿੰਘ ਦੇ ਪਰਿਵਾਰ ਨਾਲ ਨੇੜਤਾ ਨਾ ਹੁੰਦੀ ਤਾਂ ਉਹ ਜ਼ਰੂਰ ਮਨਿੰਦਰ ਤਕ ਦੋਸਤੀ ਲਈ ਪਹੁੰਚ ਕਰਦਾ। ਗਰੇਵਾਲ ਨਾਲ ਮਨਿੰਦਰ ਬਾਰੇ ਗੱਲਾਂ ਕਰਨ ਲਗਦਾ ਹੈ। ਗਰੇਵਾਲ ਪੁੱਛਦਾ ਹੈ,
“ਫਿਰ ਤੈਨੂੰ ਦੂਜੀਆਂ ਔਰਤਾਂ ਹੌਂਟ ਕਿਉਂ ਕਰਨ ਲਗ ਜਾਂਦੀਆਂ ਨੇ!”
ਜਗਮੋਹਣ ਸੋਚਣ ਲਗ ਪੈਂਦਾ ਹੈ। ਕੁਝ ਦੇਰ ਬਾਅਦ ਬੋਲਦਾ ਹੈ,
“ਪਤਾ ਨਹੀਂ ਕਿਉਂ।”
“ਤੇਰੇ ਮਨਦੀਪ ਨਾਲ਼ ਸਬੰਧ ਕਿਹੋ ਜਿਹੇ ਨੇ?”
“ਠੀਕ ਐ ਪਰ ਸਰ ਜੀ, ਮੈਨੂੰ ਘਰ ਦੇ ਟੁੱਟਣ ਤੋਂ ਬਹੁਤ ਡਰ ਲਗਦੈ, ਘਰ ਟੁੱਟਣ ਨਾਲ ਜੋ ਬੱਚਿਆਂ ਨਾਲ ਬੀਤਦੀ ਐ ਓਹ ਬਹੁਤ ਸਭ ਘਿਨਾਉਣਾ ਐ। ਮੈਂ ਆਮ ਤੌਰ ਤੇ ਸੋਚਦਾ ਹੁੰਨਾਂ ਕਿ ਜੇ ਕਿਧਰੇ ਕੋਈ ਗੜਬੜ ਹੋਈ ਤਾਂ ਮੈਂ ਔਖ ਝੱਲ ਲਊਂ, ਕਿਸੇ ਨਾ ਕਿਸੇ ਤਰ੍ਹਾਂ ਘਰਵਾਲੀ ਨਾਲ ਰਹੀ ਜਾਊਂ ਪਰ ਬੱਚਿਆਂ ਨੂੰ ਇਕੱਲੇ ਨਹੀਂ ਛੱਡਣਾ।”
“ਕੋਈ ਨਾ ਕੋਈ ਗੱਲ ਤਾਂ ਮਨਦੀਪ ਵਿਚ ਅਧੂਰੀ ਐ ਜਿਹੜੀ ਕਿ ਤੈਨੂੰ ਮਨਿੰਦਰਾਂ ਵਿਚ, ਸੁਖੀਆਂ ਵਿਚ ਜਾਂ ਪ੍ਰੀਤੀਆਂ ਵਿਚ ਦਿਸਦੀ ਐ।”
“ਸ਼ਾਇਦ ਮਨਦੀਪ ਵਿਚ ਸਾਹਸ ਦੀ ਘਾਟ ਐ, ਉਹ ਆਪਣੇ ਮਾਂਪਿਓ ਨਾਲ ਐਸੀ ਬੱਝੀ ਹੋਈ ਐ ਕਿ ਉਹਨਾਂ ਬਿਨਾਂ ਕੋਈ ਫੈਸਲਾ ਹੀ ਨਹੀਂ ਕਰ ਸਕਦੀ, ਤੇ ਇਹ ਔਰਤਾਂ ਮੈਨੂੰ ਮਰਜ਼ੀ ਕਰਦੀਆਂ ਦਿਸਦੀਆਂ, ਸ਼ਾਇਦ ਇਹੋ ਕਾਰਨ ਹੋਵੇ।”
ਜਗਮੋਹਣ ਦਸਦਾ ਹੈ। ਪਰ ਉਹ ਗਰੇਵਾਲ ਤੋਂ ਇਹ ਛੁਪਾ ਜਾਂਦਾ ਹੈ ਕਿ ਇਕ ਸ਼ੱਕ ਜਿਹੀ ਹਰ ਵੇਲੇ ਉਸ ਦੇ ਮਨ ਵਿਚ ਤਰਦੀ ਰਹਿੰਦੀ ਹੈ ਕਿ ਸ਼ਾਇਦ ਮਨਦੀਪ ਦੇ ਮਨ ਵਿਚ ਕੋਈ ਹੋਰ ਹੈ। ਇਕ ਤੇ ਮਨਦੀਪ ਕਿਸੇ ਵੀ ਗੱਲੋਂ ਉਸ ਦਾ ਕਦੇ ਵੀ ਬਹੁਤਾ ਵਿਰੋਧ ਨਹੀਂ ਕਰਦੀ ਜਿਵੇਂ ਆਮ ਪਤਨੀਆਂ ਕਰਦੀਆਂ ਹਨ, ਘਰ ਵਿਚ ਉਸ ਦੇ ਹਰ ਫੈਸਲੇ ਨੂੰ ਜਿਵੇਂ ਦਾ ਤਿਵੇਂ ਮੰਨ ਜਾਂਦੀ ਹੈ ਤੇ ਦੂਜਾ ਸਹਿਵਾਸ ਸਮੇਂ ਉਸ ਦੀ ਕਿਸੇ ਕਿਸਮ ਦੀ ਸ਼ਮੂਲੀਅਤ ਨਹੀਂ ਹੁੰਦੀ ਜਿਵੇਂ ਪਹਿਲੀਆਂ ਵਿਚ ਹੋਇਆ ਕਰਦੀ ਸੀ। ਜਗਮੋਹਨ ਜਿ਼ਦਗੀ ਦੀ ਗੱਡੀ ਚਲਾਉਣ ਵਾਸਤੇ ਇਹ ਸਭ ਦਬਾ ਰੱਖਦਾ ਹੈ। ਇਸ ਬਾਰੇ ਉਹ ਸੋਚਣਾ ਵੀ ਨਹੀਂ ਚਾਹੁੰਦਾ।
ਉਸ ਨੂੰ ਗਰੇਵਾਲ ਦੀ ਹੁਣ ਆਦਤ ਜਿਹੀ ਪੈ ਗਈ ਹੈ। ਜੇ ਕੁਝ ਦਿਨ ਉਸ ਨਾਲ ਗੱਲਬਾਤ ਨਾ ਹੋਵੇ ਤਾਂ ਉਸ ਨੂੰ ਕੁਝ ਗਵਾਚਾ ਗਵਾਚਾ ਲਗਣ ਲਗਦਾ ਹੈ। ਗਰੇਵਾਲ ਨੂੰ ਸ਼ਾਇਦ ਇਵੇਂ ਨਹੀਂ ਹੈ। ਉਸ ਨੇ ਕਿਸੇ ਪਾਸੇ ਖਿਸਕਣਾ ਹੋਵੇ ਤਾਂ ਚੁਪ ਚਾਪ ਨਿਕਲ ਜਾਂਦਾ ਹੈ। ਹੁਣ ਵੀ ਕਈ ਦਿਨ ਹੋ ਗਏ ਹਨ ਉਹ ਗਰੇਵਾਲ ਨੂੰ ਫੋਨ ਤੇ ਫੋਨ ਕਰੀ ਜਾ ਰਿਹਾ ਹੈ। ਉਸ ਦੀ ਅਨਸਰਿੰਗ ਮਸ਼ੀਨ ਤੇ ਸੁਨੇਹੇ ਵੀ ਛੱਡਦਾ ਹੈ ਪਰ ਗਰੇਵਾਲ ਵਲੋਂ ਕੋਈ ਜਵਾਬ ਨਹੀਂ ਆ ਰਿਹਾ। ਉਸ ਨੂੰ ਲਗਦਾ ਹੈ ਕਿ ਛੁੱਟੀਆਂ ਹੋਣਗੀਆਂ ਤੇ ਕਿਸੇ ਪਾਸੇ ਚਲੇ ਗਿਆ ਹੋਵੇਗਾ। ਸ਼ਾਮ ਨੂੰ ਉਹ ਉਸਦੇ ਘਰ ਦੇ ਮੁਹਰ ਦੀ ਲੰਘਦਾ ਹੈ ਤਾਂ ਦੇਖਦਾ ਹੈ ਕਿ ਗਰੇਵਾਲ ਦੀ ਕਾਰ ਹਿਲੀ ਹੋਈ ਹੈ ਭਾਵ ਕਿ ਕਾਰ ਵਰਤੀ ਹੋਈ ਹੈ। ਇਸ ਦਾ ਮਤਲਵ ਗਰੇਵਾਲ ਆਲੇ ਦੁਆਲੇ ਹੀ ਹੈ। ਸ਼ਾਇਦ ਘਰ ਹੀ ਹੋਵੇ। ਇਹ ਸੋਚਦਿਆਂ ਉਸ ਨੂੰ ਫਿਕਰ ਹੋਣ ਲਗਦਾ ਹੈ ਕਿ ਇਕੱਲੀ ਜਾਨ ਹੈ ਕਿਤੇ ਕੁਝ ਹੋ ਹੀ ਨਾ ਗਿਆ ਹੋਵੇ। ਗਰੇਵਾਲ ਦਾ ਭਾਰ ਵੀ ਤਾਂ ਕੁਝ ਜਿ਼ਆਦਾ ਹੈ। ਜਗਮੋਹਨ ਕਈ ਵਾਰ ਕਹਿ ਚੁੱਕਾ ਹੈ ਕਿ ਸਰ ਜੀ ਕੋਈ ਵਰਜਿਸ਼ ਕਰਿਆ ਕਰੋ। ਜ਼ਰਾ ਭਾਰ ਘਟਾਓ ਪਰ ਗਰੇਵਾਲ ਹੱਸ ਛਡਦਾ ਹੈ। ਜਗਮੋਹਨ ਉਸ ਦੇ ਘਰ ਦੀ ਘੰਟੀ ਵਜਾਉਂਦਾ ਹੈ। ਅੰਦਰਲੀ ਹਿਲਜੁਲ ਤੋਂ ਲਗਦਾ ਹੈ ਕਿ ਕੋਈ ਘਰ ਹੈ। ਕਾਫੀ ਦੇਰ ਬਾਅਦ ਗਰੇਵਾਲ ਦਰਵਾਜ਼ਾ ਖੋਲ੍ਹਦਾ ਹੈ। ਉਸ ਦਾ ਚਿਹਰਾ ਉਤਰਿਆ ਹੋਇਆ ਹੈ ਜਿਵੇਂ ਦੇਰ ਦਾ ਬਿਮਾਰ ਹੋਵੇ। ਜਗਮੋਹਣ ਇਕਦਮ ਪੁੱਛਦਾ ਹੈ,
“ਸਰ ਜੀ, ਠੀਕ ਤਾਂ ਓ ?... ਕੀ ਹਾਲਤ ਬਣਾ ਰੱਖੀ ਐ !”
“ਠੀਕ ਆਂ, ਸੈਟੀ 'ਤੇ ਪਏ ਪਏ ਨੂੰ ਨੀਂਦ ਆ ਗਈ ਸੀ।”
“ਮੈਂ ਬਹੁਤ ਫੋਨ ਕੀਤੇ, ਤੁਸੀਂ ਚੁੱਕਿਆ ਈ ਨਹੀਂ।”
“ਅੰਦਰ ਆ ਜਾ, ਫਿਰ ਗਿਲੇ ਕਰੀਂ।”
ਜਗਮੋਹਣ ਉਸ ਦੇ ਮਗਰ ਅੰਦਰ ਲੰਘ ਜਾਂਦਾ ਹੈ। ਘਰ ਦੀ ਹਾਲਤ ਦੇਖ ਕੇ ਕਹਿੰਦਾ ਹੈ,
“ਸਰ ਜੀ, ਕੋਈ ਸਫਾਈ ਵਾਲੀ ਔਰਤ ਰੱਖ ਲਓ, ਸਵੇਰੇ ਦੋ ਘੰਟੇ ਵਿਚ ਆ ਕੇ ਘਰ ਸਿੱਧਾ ਕਰ ਜਾਇਆ ਕਰੂ।”
“ਨਹੀਂ ਯਾਰ, ਠੀਕ ਨਹੀਂ ਬੈਠਦੀ, ਅੱਗੇ ਰੱਖੀ ਸੀ, ਮੇਰਾ ਕੀ ਐ, ਡਾਲ ਡਾਲ ਪੇ ਡੇਰਾ ਅਪਨਾ।”
“ਉਹ ਤਾਂ ਠੀਕ ਐ ਪਰ ਆਹ ਜਿਹੜਾ ਖਿਲਾਰਾ ਤੁਸੀਂ ਪਾਇਆ ਹੋਇਐ ਇਹ ਵੀ ਤੁਹਾਡੇ ਸੁਭਾਅ ਨੂੰ ਸੂਟ ਨਹੀਂ ਕਰਦਾ।”
“ਇਹ ਛੱਡ ਸਭ, ਦੱਸ ਚਾਹ ਪੀਵੇਂਗਾ ?”
“ਚਾਹ! ਜ਼ਰਾ ਘੜੀ ਦੇਖੋ ਇਹ ਭਲਾ ਚਾਹ ਦਾ ਵੇਲਾ ਐ, ਆਓ ਜ਼ਰਾ ਪੱਬ ਨੂੰ ਚੱਲਦੇ ਆਂ, ਮੈਨੂੰ ਵੀ ਬਹੁਤ ਦਿਨ ਹੋ ਗਏ ਗਿਆਂ। ਜ਼ਰਾ ਦੁਨੀਆ ਵਿਚ ਵਿਚਰੀਏ, ਆਓ ਦੇਖਦੇ ਆਂ ਕਿ ਸੈਚਰਡੇਅ ਵਾਲੇ ਦਿਨ ਲੋਕ ਕਿੱਦਾਂ ਬਿਹੇਵ ਕਰਦੇ ਆ।”
ਉਹ ਚਹਿਕ ਰਿਹਾ ਹੈ। ਉਸ ਵੱਲ ਦੇਖਦਾ ਗਰੇਵਾਲ ਵੀ ਵਧੀਆ ਰੌਂਅ ਵਿਚ ਆ ਜਾਂਦਾ ਹੈ। ਵੈਸੇ ਤਾਂ ਜਗਮੋਹਣ ਪੱਬ ਨੂੰ ਘੱਟ ਹੀ ਜਾਂਦਾ ਹੈ ਪਰ ਕਦੇ ਕਦੇ ਘਰ ਬੈਠਾ ਬੋਰ ਹੋਣ ਲਗੇ ਤਾਂ ਚਲੇ ਵੀ ਜਾਂਦਾ ਹੈ। ਇਵੇਂ ਹੀ ਗਰੇਵਾਲ ਵੀ ਪੱਬ ਦਾ ਸ਼ੌਕੀਨ ਨਹੀਂ ਹੈ ਪਰ ਕੋਈ ਕੰਪਨੀ ਮਿਲ ਜਾਵੇ ਤਾਂ ਠੀਕ ਹੈ। ਗਰੇਵਾਲ ਕਹਿਣ ਲਗਦਾ ਹੈ,
“ਜੇ ਹੋ ਸਕੇ ਤਾਂ ਤੂੰ ਚਾਹ ਬਣਾ ਮੈਂ ਸਵੇਰ ਦਾ ਕੁਝ ਖਾਧਾ ਪੀਤਾ ਨਹੀਂ, ਬਸ ਸੌਂ ਕੇ ਵਕਤ ਗੁਜ਼ਾਰਿਆ ਤੇ ਜਦ ਤੱਕ ਮੈਂ ਤਿਆਰ ਹੁੰਨਾਂ।”
ਜਗਮੋਹਣ ਰਸੋਈ ਵਿਚ ਜਾ ਕੇ ਚਾਹ ਬਣਾਉਣ ਦੀ ਤਿਆਰੀ ਕਰਨ ਲੱਗਦਾ ਹੈ। ਉਹ ਗਰੇਵਾਲ ਦੀ ਰਸੋਈ ਦਾ ਭੇਤੀ ਹੈ। ਪਹਿਲਾਂ ਵੀ ਕਈ ਵਾਰ ਇਵੇਂ ਚਾਹ ਆਦਿ ਬਣਾ ਲਿਆ ਕਰਦਾ ਹੈ। ਉਹ ਫਰਿੱਜ ਖੋਲ੍ਹ ਕੇ ਦੇਖਦਾ ਹੈ। ਦੁੱਧ ਖਰਾਬ ਹੋ ਚੁੱਕਾ ਹੈ। ਉਸ ਦੀ ਤਰੀਕ ਕਈ ਦਿਨਾਂ ਦੀ ਲੰਘੀ ਹੋਈ ਹੈ। ਉਹ ਉਚੀ ਆਵਾਜ਼ ਵਿਚ ਆਖਦਾ ਹੈ,
“ਸਰ ਜੀ, ਜੇ ਚਾਹ ਪੀਣੀ ਹੁੰਦੀ ਐ ਤਾਂ ਦੁੱਧ ਤਾਂ ਲਿਆ ਰੱਖਿਆ ਕਰੋ।”
“ਚੱਲ ਯਾਰ, ਛੱਡ ਕੇ ਦੇਖ, ਪੱਬ ਚੱਲ ਕੇ ਬੀਅਰ ਹੀ ਪੀਵਾਂਗੇ।”
ਕੁਝ ਮਿੰਟਾਂ ਵਿਚ ਹੀ ਗਰੇਵਾਲ ਟਾਈ ਲਾ ਕੇ ਤੇ ਸੂਟ ਪਾ ਕੇ ਤਿਆਰ ਹੋ ਜਾਂਦਾ ਹੈ। ਪੱਗ ਬੱਝੀ ਬਝਾਈ ਹੀ ਸਿਰ 'ਤੇ ਰੱਖ ਲੈਂਦਾ ਹੈ। ਨਵੀਂ ਬੰਨ੍ਹਣ ਦਾ ਹੁਣ ਵਕਤ ਨਹੀਂ । ਕਾਰ ਵਿਚ ਬੈਠਦਿਆਂ ਹੀ ਜਗਮੋਹਣ ਆਖਦਾ ਹੈ,
“ਕੋਈ ਸੈਂਟ ਵਰਤਦੇ ਓ?”
“ਮੈਂ ਤਾਂ ਕੋਈ ਸੈਂਟ ਨਹੀਂ ਵਰਤਦਾ।”
ਗਰੇਵਾਲ ਕਹਿੰਦਾ ਹੈ। ਜਗਮੋਹਣ ਜੇਬ੍ਹ ਵਿਚੋਂ ਸੈਂਟ ਦੀ ਇਕ ਸ਼ੀਸ਼ੀ ਕੱਢ ਕੇ ਉਸ ਦੇ ਕਪੜਿਆਂ ਤੇ ਛਿੜਕਦਾ ਆਖਦਾ ਹੈ,
“ਕਿਉਂ ਨਹੀਂ ਵਰਤਦੇ! ਲਓ ਰੱਖੋ, ਵਰਤਿਆ ਕਰੋ, ਮੈਨੂੰ ਕਿਤਿਓਂ ਫਰੀ ਦੇ ਕੁਝ ਸੈਂਟ ਮਿਲ ਗਏ ਸਨ, ਜਦ ਬਾਕੀ ਤਿਆਰੀ ਸ਼ਿਕਾਰੀਆਂ ਵਾਲੀ ਐ ਤਾਂ ਸੈਂਟ ਦੀ ਕਸਰ ਕਿਉਂ ਛੱਡੀ!”
“ਸ਼ਿਕਾਰੀ ਭਾਈ ਤੂੰ ਐਂ, ਤੂੰ ਮੁੰਡਾ–ਖੁੰਡਾ ਐਂ, ਮੇਰਾ ਹੁਣ ਸਮਾਂ ਨਵਾਂ ਸ਼ਿਕਾਰ ਕਰਨ ਦਾ ਨਹੀਂ ਰਿਹਾ। ਚੀਤੇ ਵਾਂਗੂੰ ਕਿਸੇ ਦਰੱਖਤ 'ਤੇ ਟੰਗਿਆ ਪੁਰਾਣਾ ਮਾਸ ਹੱਥ ਲੱਗ ਜਾਵੇ ਤਾਂ ਖਾ ਲਈਏ ਨਹੀਂ ਭੁੱਖੇ ਈ ਠੀਕ ਆਂ।”
ਕਹਿੰਦਾ ਗਰੇਵਾਲ ਹੱਸਦਾ ਹੈ। ਉਸ ਦੇ ਦਿਲ ਵਿਚ ਆਉਂਦਾ ਹੈ ਕਿ ਸ਼ੀਲਾ ਬਾਰੇ ਗੱਲਬਾਤ ਜਗਮੋਹਣ ਨਾਲ ਸਾਂਝੀ ਕਰੇ ਪਰ ਉਸ ਤੋਂ ਕੀਤੀ ਨਹੀਂ ਜਾਂਦੀ। ਜਦ ਤੱਕ ਮੂਡ ਬਣਾਉਂਦਾ ਹੈ ਤਾਂ ਪੱਬ ਆ ਜਾਂਦਾ ਹੈ।
ਦਾ ਗਲੌਸਟਰ ਭਰਿਆ ਪਿਆ ਹੈ। ਕਈ ਜਾਣੂ ਚਿਹਰੇ ਬੈਠੇ ਦਿਸ ਰਹੇ ਹਨ। ਇਕ ਵਾਰ ਤਾਂ ਜਗਮੋਹਣ ਸੋਚਦਾ ਹੈ ਕਿ ਇਥੇ ਕਾਹਨੂੰ ਆਉਣਾ ਸੀ। ਗਰੇਵਾਲ ਆਖਦਾ ਹੈ,
“ਅੱਜ ਤਾਂ ਪੱਬ ਅਰਲੀ ਈ ਭਰਿਆ ਪਿਐ।”
“ਸਰ ਜੀ, ਲੋਕ ਤੁਹਾਡੇ ਵਾਂਗੂੰ ਅੰਦਰੀਂ ਵੜ ਕੇ ਨਹੀਂ ਬੈਠੇ।”
ਉਹ ਗਲਾਸ ਭਰਾਉਂਦੇ ਹਨ। ਜਗਮੋਹਣ ਦਾ ਦਿਲ ਕਰਦਾ ਹੈ ਕਿ ਕੁਝ ਪਲ ਲਈ ਪਾਲਾ ਸਿੰਘ ਕੋਲ ਜਾ ਬੈਠੇ ਪਰ ਉਸ ਨੂੰ ਪਤਾ ਹੈ ਕਿ ਪਾਲਾ ਸਿੰਘ ਗਰੇਵਾਲ ਨੂੰ ਪਸੰਦ ਨਹੀਂ ਕਰਦਾ ਤੇ ਕੋਈ ਗੱਲ ਕਹਿਣ ਲਗਿਆ ਵੀ ਮਿੰਟ ਲਾਉਂਦਾ ਹੈ। ਪਾਲਾ ਸਿੰਘ ਉਸ ਵੱਲ ਦੇਖ ਕੇ ਮੁਸਕਰਾਉਂਦਾ ਵੀ ਹੈ ਪਰ ਦਿਲਜੀਤ ਉਸ ਨੂੰ ਆਪਣੇ ਕੋਲ ਆਉਣ ਦਾ ਇਸ਼ਾਰਾ ਕਰਦਾ ਹੈ। ਹੁਣ ਦਿਲਜੀਤ ਵੀ ਕੌਂਸਲਰ ਬਣ ਚੁੱਕਾ ਹੈ। ਉਸ ਦਾ ਪਰਚਾ ‘ਨਵੇਂ ਅਕਸ’ ਬੰਦ ਹੋ ਗਿਆ ਹੈ। ਉਸ ਦਾ ਕੌਂਸਲਰ ਬਣ ਜਾਣਾ ਸ਼ਾਮ ਭਾਰਦਵਾਜ ਨੂੰ ਬਹੁਤ ਚੁੱਭਦਾ ਹੈ ਤੇ ਭਾਰਦਵਾਜ ਸਹਿਜੇ ਹੀ ਕਹਿਣ ਲੱਗਦਾ ਹੈ ਕਿ ਉਸ ਦੀ ਨਜ਼ਰ ਤਾਂ ਐਮ.ਪੀ. ਸਿੱ਼ਪ ਉਪਰ ਹੈ। ਦਿਲਜੀਤ ਉਨ੍ਹਾਂ ਦੋਹਾਂ ਨਾਲ ਹੱਥ ਮਿਲਾਉਂਦਾ ਹੈ। ਬਾਕੀ ਸਭ ਨਾਲ ਵੀ ਹੈਲੋ ਹੈਲੋ ਹੁੰਦੀ ਹੈ। ਗਰੇਵਾਲ ਦਿਲਜੀਤ ਨੂੰ ਕੌਂਸਲਰ ਬਣਨ ਦੀਆਂ ਵਧਾਈਆਂ ਦਿੰਦਾ ਹੈ। ਸੋਹਣਪਾਲ ਆਖਦਾ ਹੈ,
“ਗਰੇਵਾਲ ਸਾਹਿਬ, ਤੁਸੀਂ ਆਓ ਹੁਣ ਮੈਦਾਨ ਵਿਚ, ਹੁਣ ਆਪਣੇ ਕੌਂਸਲਰਾਂ ਦੀ ਬਹੁਤ ਲੋੜ ਐ।”
“ਮੈਂ ਤਾਂ ਇਕ ਵਾਰੀ ਆ ਕੇ ਈ ਪਛਤਾ ਰਿਹਾਂ, ਤੁਸੀਂ ਏਹਨੂੰ ਜਗਮੋਹਣ ਨੂੰ ਆਪਣੇ ਨਾਲ ਤੋਰੋ, ਪੌਲੇਟਿਕਸ ਨੂੰ ਯੰਗ ਬਲੱਡ ਦੀ ਲੋੜ ਐ।”
“ਨਾ ਸਰ ਜੀ, ਮੈਂ ਏਸ ਮੁਸੀਬਤ ਵਿਚ ਨਹੀਂ ਪੈਂਦਾ।”
ਜਗਮੋਹਣ ਦੋਨੋਂ ਹੱਥ ਨਾਂਹ ਵਿਚ ਹਿਲਾਉਂਦਾ ਆਖਦਾ ਹੈ।
ਉਨ੍ਹਾਂ ਵਿਚ ਬਾਈ ਸੁਰਿੰਦਰ ਸਿੰਘ ਵੀ ਆ ਕੇ ਸ਼ਾਮਲ ਹੋ ਜਾਂਦਾ ਹੈ। ਪਹਿਲਾਂ ਉਹ ਖਾਲਿਸਤਾਨ ਦਾ ਪੱਕਾ ਹਮਾਇਤੀ ਸੀ ਤੇ ਆਪਣਾ ਸਾਰਾ ਧਿਆਨ ਉਸ ਪਾਸੇ ਦੇ ਰਿਹਾ ਸੀ। ਹੁਣ ਜਦ ਕਿ ਖਾਲਿਸਤਾਨ ਦਾ ਰੌਲਾ ਠੰਡਾ ਪੈ ਚੁੱਕਾ ਹੈ ਤਾਂ ਉਸ ਕੋਲ ਕਰਨ ਨੂੰ ਕੁਝ ਨਹੀਂ ਰਹਿੰਦਾ ਤਾਂ ਲੇਬਰ ਪਾਰਟੀ ਵਿਚ ਸ਼ਾਮਲ ਹੋ ਜਾਂਦਾ ਹੈ। ਹੁਣ ਕੌਂਸਲਰੀ ਨੂੰ ਹੱਥ ਪੈਰ ਮਾਰਦਾ ਫਿਰ ਰਿਹਾ ਹੈ। ਉਹ ਆਉਂਦਾ ਹੀ ਦਿਲਜੀਤ ਨੂੰ ਆਖਦਾ ਹੈ,
“ਤੁਸੀਂ ਸਾਊਥਾਲ ਦੇ ਪ੍ਰਦੂਸ਼ਣ ਬਾਰੇ ਕਿਹੜੇ ਕਦਮ ਚੁੱਕ ਰਹੇ ਓ।”
ਦਿਲਜੀਤ ਨੂੰ ਬਾਈ ਦਾ ਸਵਾਲ ਚੰਗਾ ਨਹੀਂ ਲੱਗ ਰਿਹਾ। ਉਹ ਕੁਝ ਖਿੱਝ ਜਾਂਦਾ ਹੈ ਤੇ ਆਖਦਾ ਹੈ,
“ਸਿੰਘ ਜੀ, ਕਿਹੜੇ ਪ੍ਰਦੂਸ਼ਣ ਦੀ ਗੱਲ ਕਰਦੇ ਓ। ਸਾਊਥਾਲ ਵਿਚ ਕੋਈ ਐਸਾ ਪ੍ਰਦੂਸ਼ਣ ਨਹੀਂ ਜਿਹਦਾ ਸਾਨੂੰ ਨਾ ਪਤਾ ਹੋਵੇ।”
“ਆਹ ਸਾਲੀਆਂ ਹੇੜਾਂ ਦੀਆਂ ਹੇੜਾਂ ਤਾਂ ਲਾਈਟਾਂ 'ਤੇ ਖੜੀਆਂ ਹੁੰਦੀਆਂ।”
ਉਸ ਦੀ ਗੱਲ ਸੁਣ ਕੇ ਸਾਰੇ ਹੱਸਦੇ ਹਨ। ਸੋਹਣਪਾਲ ਬੋਲਦਾ ਹੈ,
“ਇਨ੍ਹਾਂ ਦਾ ਭਾਵ ਪ੍ਰੋਸਟੀਚੂਸ਼ਨ ਤੋਂ ਐ, ਇਹਦਾ ਹੱਲ ਭਾਈ ਸਾਹਿਬ ਇਹ ਐ ਕਿ ਤੁਸੀਂ ਇਨ੍ਹਾਂ ਦੇ ਗਾਹਕ ਬਣਨੋਂ ਹਟ ਜਾਓ ਇਹ ਆਪੇ ਚਲੇ ਜਾਣਗੀਆਂ।”
ਇਕ ਵਾਰ ਫਿਰ ਹਾਸਾ ਮੱਚ ਜਾਂਦਾ ਹੈ। ਬਾਈ ਸੁਰਿੰਦਰ ਸਿੰਘ ਗੁੱਸੇ ਵਿਚ ਆ ਕੇ ਬੋਲਦਾ ਹੈ,
“ਤੈਨੂੰ ਮੈਂ ਇਹੋ ਜਿਹਾ ਦੀਂਹਦਾ ਵਾਂ?”
“ਭਾਈ ਸਾਹਿਬ, ਤੁਹਾਡੇ ਤੋਂ ਮੇਰੀ ਮੁਰਾਦ ਪੂਰੇ ਸਾਊਥਾਲ ਦੇ ਲੋਕਾਂ ਤੋਂ ਐ ਜਿਹਦੇ ਵਿਚ ਮੈਂ ਵੀ ਆਉਨਾਂ।”
ਬਾਈ ਸੁਰਿੰਦਰ ਸਿੰਘ ਦਾ ਗੁੱਸਾ ਸ਼ਾਂਤ ਪੈਣ ਲੱਗਦਾ ਹੈ। ਦਿਲਜੀਤ ਕਹਿੰਦਾ ਹੈ,
“ਇਹ ਸਾਊਥਾਲ ਦੀ ਵੱਡੀ ਸਮੱਸਿਆ ਨਹੀਂ ਐ ਪਰ ਫੇਰ ਵੀ ਪੁਲਿਸ ਇਸ ਗੱਲ ਤੋਂ ਅਵੇਅਰ ਐ, ਸਾਊਥਾਲ ਦੀਆਂ ਹੋਰ ਬਹੁਤ ਸਾਰੀਆਂ ਪ੍ਰੌਬਲਮਜ਼ ਹੈਗੀਆਂ। ਦੇਖੋ ਗੰਦ–ਮੰਦ ਥਾਂ ਥਾਂ ਪਿਐ, ਟ੍ਰੈਫਿਕ ਦੀ ਪ੍ਰੌਬਲਮ ਐ, ਡਰੱਗ ਵੀ ਹੁਣ ਇਕ ਪ੍ਰੌਬਲਮ ਐ।”
“ਆਪਣੇ ਕਲਚਰ ਨੂੰ ਸਾਂਭਣ ਦੀ ਵੀ ਪ੍ਰੌਬਲਮ ਐ, ਆਪਣੀ ਪੰਜਾਬੀ ਜ਼ੁਬਾਨ ਦੀ ਵੀ ਸਮੱਸਿਆ ਐ, ਹੋਰ ਵੀ ਕਿੰਨਾ ਕੁਸ਼ ਐ। ਇਕ ਹੋਰ ਸਮੱਸਿਆ ਐ ਕਿ ਸਾਊਥਾਲ ਵਿਚ ਫਲੈਟ ਤੇ ਫਲੈਟ ਬਣਾਏ ਜਾ ਰਹੇ ਆ, ਦਿਨੋ ਦਿਨ ਸਾਊਥਾਲ ਨੂੰ ਭੀੜਾ ਕੀਤਾ ਜਾ ਰਿਹੈ।”
“ਇਹ ਕਸੂਰ ਤਾਂ ਕੌਂਸਲ ਦਾ ਐ ਜਿਹੜੇ ਨਕਸ਼ੈ ਪਾਸ ਕਰਦੀ ਐ।”
“ਨਕਸ਼ੇ ਕੌਂਸਲ ਐਵੇਂ ਨਹੀਂ ਪਾਸ ਕਰ ਦਿੰਦੀ, ਕੌਂਸਲਰਾਂ ਨੂੰ ਚੜ੍ਹਾਵਾ ਚੜਦਾ।”
ਉਹਨਾਂ ਦੀਆਂ ਗੱਲਾਂ ਸੁਣਦਾ ਇਕ ਓਪਰਾ ਜਿਹਾ ਬੰਦਾ ਜੋ ਨਾਲ ਦੇ ਟੇਬਲ ਤੇ ਬੈਠਾ ਹੈ ਆਖਣ ਲਗਦਾ ਹੈ। ਨਕਸ਼ੇ ਪਾਸ ਕਰਨ ਵਾਲੀ ਗੱਲ ਜਗਮੋਹਨ ਨੇ ਕਹੀ ਹੈ, ਉਹ ਉਸ ਬੰਦੇ ਨੂੰ ਪੁੱਛਦਾ ਹੈ,
“ਚੜ੍ਹਾਵੇ ਤੋਂ ਤੁਹਾਡਾ ਕੀ ਭਾਵ?”
“ਭਾਵ ਇਹ ਕਿ ਇਹ ਕੌਂਸਲਰ ਰਿਸ਼ਵਤ ਲੈ ਕੇ ਨਕਸ਼ੇ ਪਾਸ ਕਰੀ ਜਾਂਦੇ ਆ। ਆਹ ਦੇਖੋ ਸਾਊਥਾਲ ਬਰਾਡਵੇਅ ਉਪਰ ਥੋੜੀ ਜਿਹੀ ਜਗਾਹ ਤੇ ਕਿੰਨੇ ਫਲੈਟ ਬਣਾਉਣ ਦੀ ਆਗਿਆ ਮਿਲ ਗਈ, ਦੇਖੋ ਇਹ ਕਿੰਨੀ ਕਨਜਸਟਡ ਜਗਾਹ ਐ। ਫਲੈਟਾਂ ਦਾ ਮਾਲਕ ਆਪ ਦਸਦੈ ਕਿ ਪੌਡਾਂ ਦਾ ਭਰਿਆ ਬੈਗ ਮੁਹਰੇ ਲਿਜਾ ਰੱਖਿਆ ਤੇ ਨਕਸ਼ਾ ਪਾਸ ਹੋ ਗਿਆ।”
ਉਸ ਦੇ ਇਲਜ਼ਾਮ ਤੇ ਦਿਲਜੀਤ ਦਾ ਮੂੰਹ ਹੋਰਵੇਂ ਹੋ ਜਾਂਦਾ ਹੈ। ਸ਼ਾਇਦ ਇਲਜ਼ਾਮ ਲਗਾਉਣ ਵਾਲੇ ਬੰਦੇ ਨੂੰ ਪਤਾ ਨਹੀਂ ਕਿ ਦਿਲਜੀਤ ਕੌਂਸਲਰ ਹੈ। ਜਗਮੋਹਣ ਉਸ ਦਾ ਬਚਾਅ ਕਰਦਾ ਆਖਦਾ ਹੈ,
“ਭਾਈ ਸਾਹਿਬ, ਇਹ ਇਲਜ਼ਾਮ ਤੁਸੀਂ ਬਿਨਾਂ ਕਿਸੇ ਸਬੂਤ ਦੇ ਲਗਾ ਰਹੇ ਓ।”
“ਨਹੀਂ ਭਾਈ ਸਾਹਿਬ, ਜਿਸ ਬੰਦੇ ਨੇ ਪੈਸੇ ਦਿਤੇ ਆ ਉਹਦੇ ਲਫਜ਼ ਹੀ ਦੁਹਰਾ ਰਿਹਾਂ। ਬਾਕੀ ਜਿਹੜੇ ਸਬੂਤਾਂ ਦੀ ਗੱਲ ਤੁਸੀਂ ਕਰਦੇ ਓ ਜਿਹਨਾਂ ਲੋਕਾਂ ਨੇ ਇਹ ਕੰਮ ਕਰਨੇ ਹੁੰਦੇ ਆ ਓਹ ਸਬੂਤ ਛੱਡ ਕੇ ਜਾਂਦੇ ਆ!”
ਇਕ ਹੋਰ ਬੰਦਾ ਉਠਦਾ ਹੋਇਆ ਦਸਣ ਲਗਦਾ ਹੈ,
“ਭਾਜੀ, ਮੈ ਆਪਣੇ ਕੌਂਸਲਰ ਕੋਲ ਗਿਆ ਕਿ ਮੈ ਘਰ ਵਿਚ ਥੋੜਾ ਵਾਧਾ ਕਰਨੈ, ਉਹ ਕਹਿਣ ਲਗਾ ਕਿ ਨਕਸ਼ਾ ਪਾਸ ਕਰਾ ਦਊਂ ਪਰ ਪੰਜ ਸੌ ਪੌਂਡ ਲਗੇਗਾ। ਮੇਰੀ ਗਵਾਹੀ ਲਵੋ ਤੇ ਜਿਥੇ ਕਹੋਂਗੇ ਛਾਤੀ ਠੋਕ ਕੇ ਕਹੂੰਗਾ ਤੇ ਕੌਂਸਲਰ ਦਾ ਨਾਂ ਵੀ ਦਸ ਦੇਊਂ।”
ਜਗਮੋਹਨ ਸੋਚਣ ਲਗਦਾ ਹੈ ਕਿ ਇਸ ਸਭ ਨੂੰ ਰੋਕਿਆ ਕਿਵੇਂ ਜਾਵੇ। ਗੱਲ ਖਿਲਰ ਰਹੀ ਹੈ। ਉਹ ਗੱਲ ਬਦਲਣ ਲਈ ਆਖਦਾ ਹੈ,
“ਤੁਸੀਂ ਸਾਊਥਾਲ ਦੇ ਟਰੈਫਿਕ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਰ ਰਹੇ।”
ਜਗਮੋਹਣ ਦੇ ਮਗਰ ਹੀ ਸੋਹਣਪਾਲ ਵੀ ਸਥਿਤੀ ਨੂੰ ਸੰਭਾਲਣ ਹਿਤ ਬਾਈ ਸੁਰਿੰਦਰ ਸਿੰਘ ਨੂੰ ਸੰਬੋਧਨ ਹੁੰਦਾ ਹੈ,
“ਬਾਈ ਜੀ, ਕਿਸੇ ਹੋਰ ਨੁਕਤੇ ਤੇ ਉਂਗਲ ਰੱਖੋ ਕਿ ਆਪਾਂ ਗੱਲ ਕਰ ਸਕੀਏ।”
“ਸਾਡੇ ਜੁਆਕ ਆਪਣੇ ਆਪ ਨੂੰ ਇੰਡੀਅਨ ਨਹੀਂ ਸਮਝਦੇ।”
“ਉਹ ਠੀਕ ਨੇ, ਉਹ ਇੰਡੀਅਨ ਹੈ ਈ ਨਹੀਂ, ਉਹ ਬ੍ਰਿਟਿਸ਼ ਇਡੀਅਨ ਨੇ।”
“ਬਾਈ ਜੀ, ਇਹ ਜੁਆਕ ਤਾਂ ਸ਼ਾਇਦ ਆਪਣੇ ਆਪ ਨੂੰ ਇੰਡੀਅਨ ਕਹਿ ਲੈਣ ਪਰ ਇੰਡੀਆ ਦੇ ਕਈ ਮੁੱਖ ਮੰਤਰੀ ਭਾਰਤ ਦਾ ਸੰਵਿਧਾਨ ਸਾੜ ਕੇ ਵੀ ਭਾਰਤ ਵਿਚ ਮੁੱਖ ਮੰਤਰੀ ਬਣੇ ਫਿਰਦੇ ਆ।”
“ਤੁਸੀਂ ਇਸ ਮੁਲਕ ਦੀ ਸਿਆਸਤ ਨੂੰ ਇੰਡੀਆ ਦੀ ਸਿਆਸਤ ਨਾਲ ਨਹੀਂ ਮਿਲ਼ਾ ਸਕਦੇ। ਉਥੇ ਤਾਂ ਪਾਰਲੀਮੈਂਟ ਦੇ ਕਿੰਨੇ ਹੀ ਮੈਂਬਰਾਂ ‘ਤੇ ਰੇਪ, ਮਰਡਰ, ਡਾਕੇ ਵਰਗੇ ਗੰਭੀਰ ਮੁਕੱਦਮੇ ਚਲਦੇ ਹੁੰਦੇ ਨੇ ਤੇ ਇਹ ਲੋਕ ਦੇਸ਼ ਦੇ ਕਨੂੰਨ ਬਣਾ ਰਹੇ ਹੁੰਦੇ ਨੇ। ਉਥੇ ਦੀ ਜੰਨਤਾ ਨੂੰ ਵੀ ਕੁਰੱਪਟ ਲੀਡਰਾਂ ਦੀ ਆਦਤ ਪੈ ਚੁੱਕੀ ਏ, ਸਾਨੂੰ ਇਸ ਮੁਲਕ ਵਿਚ ਇਸ ਦੇ ਸਟੈਂਡਰਡ ਨੂੰ ਮੇਨਟੇਨ ਕਰਨ ਬਾਰੇ ਯਤਨਸ਼ੀਲ ਹੋਣਾ ਚਾਹੀਦਾ ਏ।”
ਗਰੇਵਾਲ ਆਪਣੇ ਵਿਚਾਰ ਦੱਸਦਾ ਹੈ। ਫਿਰ ਸੋਹਣਪਾਲ ਬੋਲਣ ਲੱਗਦਾ ਹੈ,
“ਸਿਆਸਤ ਵਿਚ ਪੈਣ ਲਈ ਸਭ ਤੋਂ ਜ਼ਰੂਰੀ ਗੱਲ ਕਿ ਲੋਕਲ ਸਮੱਸਿਆਵਾਂ ਤੋਂ ਜਾਣੂੰ ਹੋਣਾ।”
ਉਸ ਦਾ ਇਸ਼ਾਰਾ ਬਾਈ ਸੁਰਿੰਦਰ ਸਿੰਘ ਵੱਲ ਹੀ ਹੈ ਕਿ ਸਾਊਥਾਲ ਦੇ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਉਸ ਦੀ ਜਾਣਕਾਰੀ ਹਾਲੇ ਘੱਟ ਹੈ। ਗਰੇਵਾਲ ਫਿਰ ਆਖਦਾ ਹੈ,
“ਇਸ ਵੇਲੇ ਇਸ ਮੁਲਕ ਵਿਚ ਸਾਡੇ ਪੰਜਾਬੀ ਲੋਕਾਂ ਦੀ ਵੱਡੀ ਲੋੜ ਕਲਚਰ ਸਾਂਭਣ ਅਤੇ ਬੋਲੀ ਸਾਂਭਣ ਦੀ ਐ। ਗੁਰਦੁਆਰਿਆਂ ਉਪਰ ਸਾਨੂੰ ਪ੍ਰੈਸ਼ਰ ਬਣਾਉਣਾ ਚਾਹੀਦਾ ਕਿ ਪੰਜਾਬੀ ਪੜ੍ਹਾਉਣ ਵਲ ਤਵੱਜੋਂ ਦੇਣ।”
“ਹਰ ਵੀਕਐਂਡ 'ਤੇ ਤਾਂ ਸਕੂਲ ਲੱਗਦੈ।”
“ਥੋੜ੍ਹੇ ਈ ਬੱਚੇ ਹੁੰਦੇ ਆ, ਮੈਂ ਤਾਂ ਆਪ ਪੰਜਾਬੀ ਪੜ੍ਹਾਉਣ ਗੁਰਦੁਆਰੇ ਜਾਂਦਾ ਰਿਹਾਂ। ਲੋਕ ਸ਼ੌਕੀਆ ਹੀ ਬੱਚੇ ਭੇਜਦੇ ਆ ਜਾਂ ਫਿਰ ਮਜਬੂਰੀ ਜਿਹੀ ਨਾਲ। ਪੰਜਾਬੀ ਦੀ ਲੋੜ ਨਹੀਂ ਮਹਿਸੂਸ ਕੀਤੀ ਜਾ ਰਹੀ।”
“ਤੇ ਸਾਡੇ ਮੁਕਾਬਲੇ ਮੁਸਲਮਾਨ ਦੇਖੋ ਬੱਚਿਆਂ ਨੂੰ ਆਪਣੀ ਜ਼ੁਬਾਨ ਕਿੱਦਾਂ ਪੜ੍ਹਾਉਂਦੇ ਆ।”
“ਉਹ ਵੀ ਆਪਣੀ ਜ਼ੁਬਾਨ ਨਹੀਂ ਪੜ੍ਹਾਉਂਦੇ ਉਰਦੂ ਪੜ੍ਹਾਉਂਦੇ ਆ ਜਾਂ ਫਿਰ ਕੁਰਾਨ ਸਿਖਾਉਂਦੇ ਆ।”
“ਪੰਜਾਬੀ ਦੇ ਮੁੱਦਈ ਤਾਂ ਮੁਸਲਮਾਨ ਵੀ ਬਹੁਤ ਬਣਦੇ ਹੁੰਦੇ ਆ।”
“ਐਵੇਂ ਬਸ ਜ਼ਿਹਨੀ ਅੱਯਾਸ਼ੀ ਲਈ ਈ।”
“ਇਹ ਗਰੇਵਾਲ ਜੀ ਦੀ ਗੱਲ ਠੀਕ ਐ, ਸਾਊਥਾਲ ਨੂੰ ਹੁਣ ਤੱਕ ਪੰਜਾਬੀ ਟਾਊਨ ਡਿਕਲੇਅਰ ਕਰ ਦਿੱਤਾ ਜਾਣਾ ਸੀ ਜੇਕਰ ਇਕ ਮੁਸਲਮਾਨ ਕੌਂਸਲਰ ਲੱਤ ਨਾ ਅੜਾਉਂਦਾ। ਬਣਿਆ ਬਣਾਇਆ ਕੰਮ ਉਸ ਨੇ ਖਰਾਬ ਕਰ ਦਿੱਤੈ।”
ਦਿਲਜੀਤ ਆਖਦਾ ਹੈ।
ਨਾਲ ਦੀ ਢਾਣੀ ਵਿਚ ਬੈਠੇ ਇਕ ਵਿਅਕਤੀ ਆਪਣੇ ਦਿਲ ਦੀ ਗੱਲ ਕਹਿਣ ਦੇ ਮਕਸਦ ਨਾਲ ਉਹਨਾਂ ਵਲ ਨੂੰ ਘੁੰਮਦਾ ਬੋਲਣ ਲਗਦਾ ਹੈ,
“ਮੈਨੂੰ ਆਪਣਾ ਇਕ ਤਜਰਬਾ ਤੁਹਾਡੇ ਨਾਲ ਸਾਂਝਾ ਕਰ ਲੈਣ ਦਿਓ, ਮੇਰੇ ਘਰ ਦੇ ਮੁਹਰੇ ਇਕ ਦ੍ਰਖਤ ਸੀ, ਮੈਂ ਕੌਂਸਲ ਨੂੰ ਬਹੁਤ ਲਿਖਿਆ ਕਿ ਮੇਰੀ ਕਾਰ ਅੰਦਰ ਨਹੀਂ ਲੰਘਦੀ ਇਹ ਦ੍ਰਖਤ ਕਟ ਦਿਓ ਪਰ ਮੇਰੀ ਕਿਸੇ ਨਹੀਂ ਸੁਣੀ। ਮੈਂ ਦੋ ਸਾਲ ਕੌਂਸਲ ਨਾਲ ਲੜਿਆ ਪਰ ਕੁਝ ਨਾ ਬਣਿਆ ਤੇ ਹਾਰ ਕੇ ਮੈਂ ਘਰ ਹੀ ਵੇਚ ਦਿਤਾ। ਇਕ ਕੌਂਸਲਰ ਨੇ ਖਰੀਦਿਆ ਮੇਰਾ ਘਰ, ਉਸੇ ਨੇ ਜਿਹਨੇ ਕਿਸੇ ਲਾਲਚ ਵਸ ਪਿਛੇ ਜਿਹੇ ਪਾਰਟੀ ਬਦਲੀ ਐ ਤੇ ਉਹਨੇ ਮਹੀਨੇ ਦੇ ਅੰਦਰ ਅੰਦਰ ਦ੍ਰਖਤ ਕਟਾ ਕੇ ਓਹ ਮਾਰਿਆ।”
ਚਲਦਾ...