ਗਰੇਵਾਲ ਦੀ ਨੌਕਰੀ ਅਜਿਹੀ ਹੈ ਕਿ ਛੁੱਟੀਆਂ ਵਾਹਵਾ ਹੋ ਜਾਂਦੀਆਂ ਹਨ। ਉਹ ਘੁੰਮਣ ਫਿਰਨ ਦਾ ਸ਼ੌਕੀਨ ਹੈ ਤੇ ਸਾਰੀ ਦੁਨੀਆਂ ਘੁੰਮਿਆ ਹੈ, ਇੰਨਾ ਘੁੰਮਿਆ ਹੈ ਕਿ ਹੁਣ ਮਨ ਅੱਕਿਆ ਪਿਆ ਹੈ ਫਿਰ ਵੀ ਛੁੱਟੀਆਂ ਵਿਚ ਉਸ ਤੋਂ ਘਰ ਨਹੀਂ ਬੈਠਿਆ ਜਾਂਦਾ। ਘਰ ਵਿਚਲੀ ਇਕੱਲ ਹੁਣ ਉਸ ਨੂੰ ਤੰਗ ਕਰਨ ਲੱਗਦੀ ਹੈ। ਕਦੇ ਸਮਾਂ ਸੀ ਕਿ ਉਹ ਸੋਚਦਾ ਸੀ ਕਿ ਉਹ ਕਿਧਰੇ ਵੀ ਉਮਰ ਭਰ ਇਕਾਂਤ ਕੱਟ ਸਕਦਾ ਹੈ ਪਰ ਹੁਣ ਉਹ ਅਕਸਰ ਸੋਚਣ ਲਗਦਾ ਹੈ ਕਿ ਕੋਈ ਸਾਥ ਹੋਵੇ।
ਦੋਸਤਾਂ ਵਿਚੋਂ ਹੁਣ ਜਗਮੋਹਣ ਹੀ ਉਸ ਦੇ ਨੇੜੇ ਹੈ ਪਰ ਜਗਮੋਹਣ ਦਾ ਆਪਣਾ ਪਰਿਵਾਰ ਹੈ ਜਿਸ ਦੀ ਉਸ ਨੇ ਸੰਭਾਲ ਕਰਨੀ ਹੁੰਦੀ ਹੈ। ਕਾਲਜ ਦੇ ਦੋਸਤ ਜਾਂ ਵਿਦਿਆਰਥੀ ਕਾਲਜ ਹੀ ਰਹਿ ਜਾਂਦੇ ਹਨ। ਦੋਸਤ ਕੁੜੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਕੋਈ ਸਥਾਈ ਦੋਸਤੀ ਨਹੀਂ ਬਣ ਰਹੀ। ਸਥਾਈ ਦੋਸਤੀ ਵਿਚ ਕਿੰਨੀਆਂ ਸਾਰੀਆਂ ਝਿਜਕਾਂ ਵੀ ਹਨ। ਸੋਚਦਾ ਸੋਚਦਾ ਗਰੇਵਾਲ ਕਈ ਵਾਰ ਹੈਰਾਨ ਰਹਿ ਜਾਂਦਾ ਹੈ ਕਿ ਇਕ ਕਿਸਮ ਨਾਲ ਉਸ ਨੇ ਸਾਰੇ ਸਮਾਜਿਕ ਰਿਸ਼ਤੇ ਤਿਆਗੇ ਹੋਏ ਹਨ ਪਰ ਫਿਰ ਵੀ ਸਮਾਜਿਕ ਬੰਧਨਾਂ ਦਾ ਉਸ ਨੂੰ ਹਾਲੇ ਬਹੁਤ ਫਿਕਰ ਹੈ। ਉਸ ਦੇ ਭਰਾਵਾਂ ਦੀਆਂ ਕੁੜੀਆਂ ਵੀ ਵੱਡੀਆਂ ਹੋ ਰਹੀਆਂ ਹਨ। ਕੋਈ ਗਲਤ ਕੰਮ ਜਾਂ ਅਣ–ਸਮਾਜਿਕ ਕੰਮ ਕਰਨ ਸਮੇਂ ਉਹ ਕੁੜੀਆਂ ਮੱਲੋਮੱਲੀ ਮੁਹਰੇ ਆ ਖੜਦੀਆਂ ਹਨ। ਭਾਵੇਂ ਉਸ ਨੇ ਭਰਾਵਾਂ ਦਾ ਤਿਆਗ ਕੀਤਾ ਹੋਇਆ ਹੈ ਪਰ ਮਨ ਵਿਚ ਹਾਲੇ ਵੀ ਕਿਧਰੇ ਅਪਣੱਤ ਹੈ। ਉਹਨੂੰ ਭਰਾਵਾਂ ਨਾਲ ਇਹੋ ਗੁੱਸਾ ਹੈ ਕਿ ਉਸ ਦੀ ਮਰਜ਼ੀ ਤੋਂ ਬਿਨਾਂ
ਹੀ ਐਡੇ ਵੱਡੇ ਕਾਰੋਬਾਰ ਦੇ ਮਾਲਕ ਬਣ ਬੈਠੇ ਹਨ ਤੇ ਜੇ ਉਸ ਦੀ ਮਰਜ਼ੀ ਵੀ ਪੁੱਛ ਲੈਂਦੇ ਤਾਂ ਉਹ ਕਦੇ ਇਨਕਾਰ ਨਾ ਕਰਦਾ। ਉਹ ਭਰਾਵਾਂ ਦੇ ਘਰ ਨਹੀਂ ਜਾਂਦਾ ਤੇ ਨਾ ਹੀ ਉਹਨਾਂ ਨੂੰ ਆਪਣੇ ਘਰ ਵੜਨ ਦਿੰਦਾ ਹੈ ਪਰ ਉਹਨਾਂ ਦੇ ਬੱਚੇ ਕਿਧਰੇ ਮਿਲਣ ਤਾਂ ਪੂਰੇ ਮੋਹ ਨਾਲ ਮਿਲਦਾ ਹੈ। ਕਦੇ ਕਦੇ ਉਸ ਨੂੰ ਔਰਤ ਦੀ ਤਲਬ ਹੋਣ ਲੱਗਦੀ ਹੈ। ਕਦੇ ਕਦੇ ਤਾਂ ਇਸ ਤਲਬ ਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕਰਨ ਲੱਗਦਾ । ਉਸ ਦਾ ਮਨ ਕਰਦਾ ਹੈ ਕਿ ਕਾਲ ਗਰਲ ਨੂੰ ਘਰ ਸੱਦ ਲਵੇ। ਕਈ ਵਾਰ ਸਾਊਥਾਲ ਦਾ ਗੇੜਾ ਮਾਰਦਾ ਹੈ। ਰਾਤ ਨੂੰ ਥਾਂ ਥਾਂ ਵੇਸਵਾਵਾਂ ਖੜਦੀਆਂ ਹਨ। ਸਾਰੀਆਂ ਹੀ ਏਸ਼ੀਅਨ ਹੁੰਦੀਆਂ ਹਨ, ਉਹ ਵੀ ਪੰਜਾਬੀ। ਕਈ ਵਾਰ ਲਾਈਟਾਂ 'ਤੇ ਕਾਰ ਰੁਕਦਿਆਂ ਹੀ ਕੁੜੀ ਆ ਪੁੱਛਦੀ ਹੈ,
“ਯੂ ਫੈਂਸੀ ਬਿਜ਼ਨਸ ?”
ਗਰੇਵਾਲ ਮੁਸਕਰਾ ਦਿੰਦਾ ਹੈ। ਕੁਝ ਕਹੇ ਬਿਨਾਂ ਕੁੜੀ ਵੱਲ ਦੇਖਦਾ ਰਹਿੰਦਾ ਹੈ। ਜਦ ਤੱਕ ਲਾਈਟਾਂ ਗਰੀਨ ਹੋ ਜਾਂਦੀਆਂ ਹਨ ਤੇ ਉਹ ਕਾਰ ਤੋਰ ਲੈਂਦਾ ਹੈ। ਕਦੇ ਉਹ ਦਾੜ੍ਹੀ ਰੰਗ ਲੈਂਦਾ ਹੈ ਤੇ ਕਦੇ ਉਂਜ ਹੀ ਰਹਿਣ ਦਿੰਦਾ ਹੈ। ਛੁੱਟੀਆਂ 'ਤੇ ਜਾਣਾ ਹੋਵੇ ਤਾਂ ਦਾੜ੍ਹੀ ਰੰਗਣੀ ਜ਼ਰੂਰੀ ਹੋ ਜਾਂਦੀ ਹੈ। ਉਥੇ ਔਰਤਾਂ ਆਮ ਮਿਲ ਜਾਂਦੀਆਂ ਹਨ। ਚਿੱਟੀ ਦਾੜ੍ਹੀ ਦੇਖਦਿਆਂ ਔਰਤ ਦੀ ਮਰਦ ਪ੍ਰਤੀ ਨਰਮੀ ਉਭਰ ਆਉਂਦੀ ਤੇ ਇਹ ਨਰਮੀ ਗਰੇਵਾਲ ਨੂੰ ਪਸੰਦ ਨਹੀਂ ਹੁੰਦੀ। ਉਸ ਨੂੰ ਪਤਾ ਹੈ ਕਿ ਉਹ ਹਾਲੇ ਬੁੱਢਾ ਨਹੀਂ ਹੈ। ਉਹ ਚਾਹੁੰਦਾ ਹੈ ਕਿ ਔਰਤ ਉਸ ਨਾਲ ਸਖਤੀ ਨਾਲ ਹੀ ਪੇਸ਼ ਆਵੇ।
ਪਹਿਲਾਂ ਉਸ ਨੂੰ ਘਰ ਵਿਚ ਇਕੱਲਾਪਨ ਇੰਨਾ ਤੰਗ ਨਹੀਂ ਸੀ ਕਰਿਆ ਕਰਦਾ। ਪਿੱਛੇ ਜਿਹੇ ਉਸ ਨੇ ਇਕ ਕਿਤਾਬ ਪੜ੍ਹੀ ਹੈ। ਕਿਤਾਬ ਵਿਚ ਇਕ ਪੰਕਤੀ ਹੈ ਕਿ ਜਿਹੜੇ ਬੰਦੇ ਰਾਤ ਨੂੰ ਕਮਰੇ ਵਿਚ ਇਕੱਲੇ ਸੌਂਦੇ ਹਨ ਉਹ ਤਰਸ ਦੇ ਪਾਤਰ ਹੁੰਦੇ ਹਨ। ਉਹ ਸੌਣ ਕਮਰੇ ਵਿਚ ਤਾਂ ਕੀ ਪੂਰੇ ਘਰ ਵਿਚ ਇਕੱਲਾ ਸੌਂਦਾ ਹੈ।
ਜਦੋਂ ਤੋਂ ਸ਼ੀਲਾ ਸਪੈਰੋ ਨੇ ਆਉਣ ਦੀ ਗੱਲ ਕੀਤੀ ਹੈ ਉਦੋਂ ਤੋਂ ਉਸ ਅੰਦਰ ਇਕ ਅਜੀਬ ਜਿਹਾ ਚਾਅ ਹੈ। ਸ਼ੀਲਾ ਨਾਲ ਉਸ ਦੀ ਪੁਰਾਣੀ ਦੋਸਤੀ ਹੈ। ਉਦੋਂ ਦੀ ਜਦੋਂ ਸ਼ੀਲਾ ਨੇ ਹਾਲੇ ਕਵਿਤਾ ਲਿਖਣੀ ਸ਼ੁਰੂ ਨਹੀਂ ਸੀ ਕੀਤੀ। ਗਰੇਵਾਲ ਉਸ ਨੂੰ ਪਿਆਰ ਨਾਲ ਚਿੜੀ ਕਿਹਾ ਕਰਦਾ। ਸ਼ੀਲਾ ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਗਰੇਵਾਲ ਦਾ ਵਿਆਹ ਕਿਸੇ ਰਿਸ਼ਤੇਦਾਰ ਨੇ ਕਿਧਰੇ ਪੱਕਾ ਕੀਤਾ ਹੋਇਆ ਸੀ। ਪਿਓ ਮਰਨ ਤੋਂ ਬਾਅਦ ਉਸ ਰਿਸ਼ਤੇਦਾਰ ਦੇ ਕਾਫੀ ਅਹਿਸਾਨ ਗਰੇਵਾਲ ਦੇ ਸਿਰ ਸਨ ਜਿਨ੍ਹਾਂ ਨੂੰ ਉਤਾਰਨ ਲਈ ਵਿਆਹ ਕਰਵਾਉਣਾ ਜ਼ਰੂਰੀ ਸੀ। ਵਿਆਹ ਹੋ ਗਿਆ। ਉਹ ਇੰਗਲੈਂਡ ਆ ਗਿਆ। ਉਧਰ ਸ਼ੀਲਾ ਵਿਯੋਗ ਵਿਚ ਕਵਿਤਾ ਲਿਖਣ ਲੱਗ ਗਈ। ਸ਼ੀਲਾ ਨੇ ਅੰਗਰੇਜ਼ੀ ਦੀ ਐਮ.ਏ. ਕੀਤੀ ਤੇ ਕਾਲਜ ਵਿਚ ਪੜ੍ਹਾਉਣ ਜਾ ਲੱਗੀ। ਸ਼ੀਲਾ ਦਾ ਵਿਆਹ ਹੋ ਗਿਆ। ਉਹ ਕਵਿਤਾ ਲਿਖਦੀ ਸ਼ੀਲਾ ਸਪੈਰੋ ਬਣ ਗਈ। ਪਹਿਲਾਂ ਅੰਗਰੇਜ਼ੀ ਵਿਚ ਲਿਖਦੀ ਸੀ ਫਿਰ ਪੰਜਾਬੀ ਵਿਚ ਵੀ ਲਿਖਣ ਲੱਗੀ। ਕਾਫੀ ਸਾਲ ਗਰੇਵਾਲ ਦਾ ਉਸ ਨਾਲ ਨਾਤਾ ਟੁੱਟਿਆ ਰਿਹਾ। ਫਿਰ ਕਦੇ ਕਦੇ ਉਸ ਦਾ ਨਾਂ ਕਿਸੇ ਅਖਬਾਰ ਜਾਂ ਰਸਾਲੇ ਵਿਚ ਪੜ੍ਹਨ ਨੂੰ ਮਿਲ ਜਾਂਦਾ ਜਿਥੇ ਉਸ ਦੀ ਕਵਿਤਾ ਜਾਂ ਕੋਈ ਲੇਖ ਛਪਿਆ ਹੁੰਦਾ। ਉਸ ਨੂੰ ਸ਼ੀਲਾ ਦਾ ਨਾਂ ਪੜ੍ਹ ਕੇ ਅਜੀਬ ਜਿਹੀ ਖੁਸ਼ੀ ਹੁੰਦੀ।
ਉਹ ਛੁੱਟੀਆਂ ਕੱਟਣ ਇੰਡੀਆ ਬਹੁਤ ਘੱਟ ਜਾਂਦਾ ਹੈ। ਇੰਡੀਆ ਵਿਚ ਉਸ ਦਾ ਕੋਈ ਹੈ ਵੀ ਨਹੀਂ। ਪਿੰਡ ਵਿਚ ਉਸ ਦਾ ਕੋਈ ਵਾਕਫ ਰਿਹਾ ਨਹੀਂ ਕਿ ਜਿਸ ਨਾਲ ਉਠ ਬੈਠ ਸਕੇ। ਉਸ ਲਈ ਤਾਂ ਪੂਰਾ ਇੰਡੀਆ ਹੀ ਓਪਰਾ ਹੈ। ਪੂਰੇ ਇੰਡੀਆ ਵਿਚ ਉਹ ਇਕ ਸ਼ੀਲਾ ਸਪੈਰੋ ਨੂੰ ਜਾਣਦਾ ਹੈ ਜਿਹੜੀ ਕਿ ਆਪਣੇ ਪਤੀ ਅਤੇ ਇਕ ਧੀ ਨਾਲ ਕਿਸੇ ਯੂਨੀਵਰਸਿਟੀ ਦੇ ਕਿਸੇ ਕੈਂਪਸ ਵਿਚ ਰਹਿੰਦੀ ਹੈ।
ਇਕ ਵਾਰ ‘ਵਾਸ–ਪ੍ਰਵਾਸ’ ਵਿਚ ਸ਼ੀਲਾ ਦੀਆਂ ਕਵਿਤਾਵਾਂ ਛਪਦੀਆਂ ਹਨ ਤੇ ਨਾਲ ਹੀ ਉਸ ਦਾ ਸਿਰਨਾਵਾਂ ਵੀ ਲਿਖਿਆ ਹੈ – ਸ਼ੀਲਾ ਸਪੈਰੋ, ਅੰਗਰੇਜ਼ੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ। ਉਹ ਉਸੇ ਵੇਲੇ ਹੀ ਸ਼ੀਲਾ ਨੂੰ ਖਤ ਲਿਖਣ ਬੈਠ ਜਾਂਦਾ ਹੈ। ਸੰਖੇਪ ਜਿਹਾ ਬਹੁਤ ਅਰਥੀ ਖਤ ਲਿਖ ਮਾਰਦਾ ਹੈ। ਦੋ ਹਫਤੇ ਬਾਅਦ ਸ਼ੀਲਾ ਦਾ ਜਵਾਬ ਆ ਜਾਂਦਾ ਹੈ। ਖਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਗਰੇਵਾਲ ਨੂੰ ਇੰਡੀਆ ਆਪਣਾ ਆਪਣਾ ਲੱਗਣ ਲੱਗਦਾ ਹੈ। ੳੇੁਸ ਲਈ ਇੰਡੀਆ ਮੁੜ ਕੇ ਵਸ ਗਿਆ ਹੈ। ਹੋਰ ਖੁਸ਼ੀ ਦੀ ਗੱਲ ਇਹ ਕਿ ਸ਼ੀਲਾ ਦੀ ਆਪਣੇ ਪਤੀ ਨਾਲ ਅਲਹਿਦਗੀ ਹੋ ਚੁੱਕੀ ਹੈ। ਗਰੇਵਾਲ ਦੀਆਂ ਅੱਖਾਂ ਵਿਚ ਕਈ ਸੁਫਨੇ ਜਾਗ ਪੈਂਦੇ ਹਨ। ਉਹ ਭੱਜਦਾ ਹੋਇਆ ਭਾਰਤ ਪਹੁੰਚਦਾ ਹੈ। ਦਿੱਲੀ ਤੋਂ ਸਿੱਧਾ ਚੰਡੀਗੜ੍ਹ। ਯੂਨੀਵਰਸਿਟੀ ਤੇ ਸ਼ੀਲਾ ਦਾ ਘਰ। ਘਰ ਦਾ ਦਰਵਾਜ਼ਾ ਇਕ ਜਵਾਨ ਕੁੜੀ ਖੋਲ੍ਹਦੀ ਹੈ। ਸ਼ੀਲਾ ਦੀਆਂ ਅੱਖਾਂ ਤੇ ਸ਼ੀਲਾ ਦੇ ਨੱਕ ਵਾਲੀ ਕੁੜੀ। ਉਸ ਨੂੰ ਭੁੱਲ ਹੀ ਗਿਆ ਹੈ ਕਿ ਵਕਤ ਇੰਨੀ ਤੇਜ਼ੀ ਨਾਲ ਅੱਗੇ ਨਿਕਲ ਆਇਆ ਹੈ। ਗਰੇਵਾਲ ਦੀ ਕਾਹਲ ਮੱਠੀ ਪੈ ਜਾਂਦੀ ਹੈ। ਸ਼ੀਲਾ ਮਿਲਦੀ ਹੈ ਪਰ ਦੋਵੇਂ ਇਕ ਦੂਜੇ ਨੂੰ ਬਾਹਾਂ ਵਿਚ ਨਹੀਂ ਲੈ ਸਕਦੇ। ਮੋਨਾ ਉਨ੍ਹਾਂ ਦੇ ਵਿਚਕਾਰ ਹੈ। ਮੋਨਾ ਨੂੰ ਵੀ ਇੰਨੀ ਉਕਤ ਨਹੀਂ ਆ ਰਹੀ ਕਿ ਉਨ੍ਹਾਂ ਦੇ ਵਿਚਕਾਰੋਂ ਹਟ ਜਾਵੇ ਜਾਂ ਫਿਰ ਉਹ ਕੁਝ ਗੰਵਾ ਦੇਣ ਤੋਂ ਡਰਦੀ ਹੋਵੇਗੀ।
ਦੋ ਦਿਨ ਉਹ ਸ਼ੀਲਾ ਕੋਲ ਰਹਿੰਦਾ ਹੈ। ਪਹਿਲਾਂ ਕੁਝ ਨਹੀਂ ਬੋਲਦਾ ਪਰ ਤੁਰਨ ਲੱਗਾ ਆਖਦਾ ਹੈ,
“ਚੱਲ ਚਿੜੀਏ, ਘਰ ਵਸਾਈਏ।”
ਸ਼ੀਲਾ ਹੱਸਦੀ ਹੈ। ਉਸ ਨੂੰ ਪਤਾ ਨਹੀਂ ਚੱਲਦਾ ਕਿ ਸ਼ੀਲਾ ਕਿਉਂ ਹੱਸੀ ਹੈ। ਆਪਣੇ ਆਪ ਨੂੰ ਇਸ ਉਮਰ ਵਿਚ ਚਿੜੀ ਕਹਿਣ 'ਤੇ ਜਾਂ ਫਿਰ ਘਰ ਵਸਾਉਣ ਦੀ ਪੇਸ਼ਕਸ਼ 'ਤੇ। ਉਹ ਆਖਦੀ ਹੈ,
“ਘਰ ਵਸਾਉਣ ਦੇ ਮੌਸਮ ਵਿਚ ਤਾਂ ਉਹ ਜੱਟੀ ਜਿਹੀ ਫੜ ਲਿਆਇਆ ਸੈਂ ਕਿਧਰੋਂ।”
“ਭਲਾ ਘਰ ਵਸਾਉਣ ਦਾ ਵੀ ਮੌਸਮ ਹੁੰਦੈ?”
“ਪੱਛਮੀ ਸਮਾਜ ਵਿਚ ਨਹੀਂ ਹੁੰਦਾ ਹੋਵੇਗਾ ਪਰ ਇਥੇ ਹੁੰਦੈ, ਮੈਂ ਮੋਨਾ ਨੂੰ ਡਾਕਟਰੀ ਕਰਵਾਉਣੀ ਐ।”
ਗਰੇਵਾਲ ਕੁਝ ਨਹੀਂ ਆਖਦਾ। ਤੁਰ ਆਉਂਦਾ ਹੈ। ਚਿੱਠੀਆਂ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਪਰ ਉਸ ਨੂੰ ਜਾਪਦਾ ਹੈ ਕਿ ਹੁਣ ਚਿੱਠੀਆਂ ਲਿਖਣੀਆਂ ਫੋਕੇ ਹਥਿਆਰ ਚਲਾਉਣ ਵਾਂਗ ਹੀ ਹੈ। ਵਕਤ ਲੰਘਦਾ ਜਾਂਦਾ ਹੈ। ਗਰੇਵਾਲ ਹੋਰ ਇਕੱਲਾ ਹੁੰਦਾ ਜਾਂਦਾ ਹੈ। ਉਹ ਇਕ ਵਾਰ ਫਿਰ ਸ਼ੀਲਾ ਸਪੈਰੋ ਕੋਲ ਜਾ ਕੇ ਕੁਝ ਰਾਤਾਂ ਰਹਿ ਆਉਂਦਾ ਹੈ। ਉਸ ਨੂੰ ਇੰਗਲੈਂਡ ਆਉਣ ਦਾ ਸੱਦਾ ਦੇ ਆਉਂਦਾ ਹੈ। ਸ਼ੀਲਾ ਨਹੀਂ ਆਉਂਦੀ। ਉਹ ਆਖਦੀ ਹੈ ਕਿ ਹਾਲੇ ਵਕਤ ਢੁਕਵਾਂ ਨਹੀਂ ਹੈ। ਫਿਰ ਉਹ ਸੱਦਾ ਦੇਣ ਤੋਂ ਅੱਕ ਜਾਂਦਾ ਹੈ। ਇੰਡੀਆ ਜਾਣਾ ਵੀ ਚੰਗਾ ਨਹੀਂ ਲੱਗਦਾ। ਕਨੇਰੀ ਆਈਲੈਂਡ ਉਪਰ ਜਵਾਨ ਔਰਤਾਂ ਘੁੰਮਦੀਆਂ ਹਨ। ਪੂਰਾ ਸਪੇਨ ਤੇ ਇਟਲੀ ਰੰਗੀਨੀਆਂ ਨਾਲ ਭਰਿਆ ਪਿਆ ਹੈ। ਕਦੇ ਕਦੇ ਥਾਈਲੈਂਡ ਬਾਰੇ ਪੜ੍ਹਦਾ ਹੈ ਤੇ ਉਥੇ ਜਾਣ ਦੀਆਂ ਸਕੀਮਾਂ ਘੜਨ ਲੱਗਦਾ ਹੈ।
ਇਕ ਦਿਨ ਸ਼ੀਲਾ ਦੀ ਚਿੱਠੀ ਆਉਂਦੀ ਹੈ ਕਿ ਮੋਨਾ ਡਾਕਟਰੀ ਕਰ ਗਈ ਹੈ। ਉਹ ਫੋਨ ਕਰਕੇ ਪੁੱਛਦਾ ਹੈ,
“ਚਿੜੀਏ, ਹੁਣ ਕੀ ਖਿਆਲ ਐ?”
“ਤੁਹਾਨੂੰ ਪਤੈ ਕਿ ਮੋਨਾ ਆਪਣੇ ਫਾਦਰ ਦੀ ਕਰੋੜਾਂ ਦੀ ਜਾਇਦਾਦ ਦੀ ਇਕਲੌਤੀ ਵਾਰਸ ਐ, ਮੈਂ ਨਹੀਂ ਚਹੁੰਦੀ ਕਿ ਮੇਰੇ ਕਾਰਨ ਮੋਨਾ ਦੇ ਕਿਸੇ ਹੱਕ ‘ਤੇ ਅਸਰ ਪਵੇ।”
“ਕਿਵੇਂ ਅਸਰ ਪੈ ਸਕਦੇ?”
“ਕਿਉਂਕਿ ਸਾਡਾ ਅਜੇ ਤਲਾਕ ਨਹੀਂ ਹੋਇਆ।”
“ਮੈਂ ਤੁਹਾਨੂੰ ਵਿਆਹ ਕਰਾਉਣ ਲਈ ਨਹੀਂ ਕਹਿ ਰਿਹਾ, ਇਥੇ ਆ ਕੇ ਮੇਰੇ ਨਾਲ ਇਕੱਠੇ ਰਹਿਣ ਲਈ ਕਹਿ ਰਿਹਾਂ।”
“ਮੈਂ ਸੋਚਾਂਗੀ।”
ਗਰੇਵਾਲ ਨੂੰ ਕੁਝ ਆਸ ਬਝਦੀ ਲਗਦੀ ਹੈ ਪਰ ਸ਼ੀਲਾ ਮੁੜ ਕੇ ਚੁੱਪ ਜਿਹਾ ਹੀ ਕਰ ਜਾਂਦੀ ਹੈ। ਉਸ ਦੀ ਚਿੱਠੀ ਦਾ ਉਤਰ ਵੀ ਨਹੀਂ ਦਿੰਦੀ। ਫੋਨ ਨੰਬਰ ਵੀ ਉਸ ਦਾ ਬਦਲਿਆ ਹੋਇਆ ਹੈ।
ਸਾਲ ਤੋਂ ਵੱਧ ਸਮੇਂ ਬਾਅਦ ਸ਼ੀਲਾ ਦਾ ਖਤ ਆਉਂਦਾ ਹੈ ਜਿਸ ਵਿਚ ਉਸ ਨੇ ਸ਼ੀਲਾ ਨੇ ਇੰਗਲੈਂਡ ਆਉਣ ਖਾਹਸ਼ ਦਾ ਇਜ਼ਹਾਰ ਕੀਤਾ ਹੈ ਪਰ ਚਿੜੀ ਬਣ ਕੇ ਨਹੀਂ ਸਗੋਂ ਸ਼ੀਲਾ ਸਪੈਰੋ ਬਣਕੇ। ਸ਼ੀਲਾ ਸਪੈਰੋ ਪੰਜਾਬੀ ਦੀ ਸਥਾਪਤ ਕਵਿਤਰੀ। ਗਰੇਵਾਲ ਨੂੰ ਮੁੜ ਚਾਅ ਚੜ੍ਹਨ ਲੱਗਦਾ ਹੈ। ਇਵੇਂ ਤਾਂ ਇਵੇਂ ਹੀ ਸਹੀ। ਉਹ ਆਪਣੇ ਘਰ ਨੂੰ ਧਿਆਨ ਨਾਲ ਦੇਖਣ ਲੱਗਦਾ ਹੈ ਜਿਥੇ ਆ ਕੇ ਸ਼ੀਲਾ ਨੇ ਤੁਰਨਾ ਹੈ, ਬੈਠਣਾ ਹੈ। ਆਪਣੇ ਨਿਸ਼ਾਨ ਛੱਡ ਕੇ ਜਾਣੇ ਹਨ। ਉਹ ਚਾਹੁੰਦਾ ਹੈ ਕਿ ਸ਼ੀਲਾ ਇਕਦਮ ਜਹਾਜ਼ੇ ਚੜ੍ਹ ਆਵੇ।
ਪਰ ਇਕਦਮ ਜਹਾਜ਼ੇ ਚੜ੍ਹਨਾ ਆਸਾਨ ਨਹੀਂ ਹੈ। ਵੀਜ਼ਾ ਲੈਣਾ ਪਵੇਗਾ। ਵੀਜ਼ੇ ਲਈ ਆਉਣ ਦਾ ਕਾਰਣ ਹੋਣਾ ਚਾਹੀਦਾ ਹੈ। ਵੈਸੇ ਤਾਂ ਆਉਣ ਦਾ ਕਾਰਨ ਜਾਂ ਕਿਸੇ ਵੀ ਮੁਲਕ ਨੂੰ ਜਾਣ ਦਾ ਕਾਰਨ ਉਥੇ ਦੀ ਸੈਰ ਹੀ ਕਾਫੀ ਹੁੰਦਾ ਹੈ। ਗਰੇਵਾਲ ਇਵੇਂ ਹੀ ਤਾਂ ਕਰਦਾ ਹੈ। ਜਿਥੇ ਵੀ ਜਾਣਾ ਹੁੰਦਾ ਹੈ, ਵੀਜ਼ੇ ਦੀ ਲੋੜ ਪਵੇ ਤਾਂ ਚੁੱਪ ਚਾਪ ਉਸ ਮੁਲਕ ਦੀ ਅੰਬੈਸੀ ਚਲੇ ਜਾਂਦਾ ਹੈ ਪਰ ਇੰਡੀਆ ਵਿਚ ਬਹੁਤੇ ਲੋਕ ਇਵੇਂ ਨਹੀਂ ਕਰਦੇ। ਉਨ੍ਹਾਂ ਨੂੰ ਸਿੱਧਿਆਂ ਵੀਜ਼ਾ ਲੈਣ ਜਾਣ ਤੋਂ ਡਰ ਲੱਗਦਾ ਹੈ ਕਿ ਨਾਂਹ ਹੀ ਨਾ ਹੋ ਜਾਵੇ। ਗਰੇਵਾਲ ਪੂਰੀ ਤਫਸੀਲ ਸ਼ੀਲਾ ਨੂੰ ਲਿਖਦਾ ਹੈ ਕਿ ਉਸ ਦੀ ਤਨਖਾਹ ਕਾਫੀ ਹੈ, ਉਸ ਦੀ ਜਾਇਦਾਦ ਵੀ ਹੈ, ਬੈਂਕ ਵਿਚ ਪੈਸੇ ਵੀ ਹਨ। ਉਹ ਦੁਨੀਆ ਦੀ ਸੈਰ ਦੇ ਹਰ ਤਰ੍ਹਾਂ ਕਾਬਲ ਹੈ। ਉਸ ਨੂੰ ਇਧਰੋਂ ਕਿਸੇ ਦੀ ਸਪੌਂਸਰਸ਼ਿੱਪ ਦੀ ਜਾਂ ਕਿਸੇ ਹੋਰ ਬਹਾਨੇ ਦੀ ਲੋੜ ਨਹੀਂ ਹੈ। ਪਰ ਜੋ ਸ਼ੀਲਾ ਦੇ ਮਨ ਵਿਚ ਹੈ ਗਰੇਵਾਲ ਉਹ ਨਹੀਂ ਸਮਝ ਰਿਹਾ। ਸ਼ੀਲਾ ਸ਼ੀਲਾ ਸਪੈਰੋ ਹੈ ਜੇਕਰ ਕੋਈ ਲੇਖਕ ਸਭਾ ਉਸ ਨੂੰ ਸੱਦੇਗੀ ਤਾਂ ਉਸ ਦਾ ਮਾਣ ਵਧੇਗਾ। ਪੰਜਾਬੀ ਦੇ ਕਿੰਨੇ ਹੀ ਲੇਖਕ ਤੇ ਲੇਖਕਾਵਾਂ ਇੰਗਲੈਂਡ ਦਾ ਚਕਰ ਲਗਾ ਕੇ ਜਾਂਦੇ ਹਨ ਤੇ ਉਹਨਾਂ ਦੀਆਂ ਵੱਡੀਆਂ ਵੱਡੀਆਂ ਖਬਰਾਂ ਲਗਦੀਆਂ ਹਨ। ਸੋ ਉਹ ਚਾਹੁੰਦੀ ਹੈ ਕਿ ਉਸ ਨੂੰ ਕੋਈ ਸਭਾ ਜਾਂ ਸੰਸਥਾ ਸੱਦੇ ਤਾਂ ਉਹ ਆਵੇ ਤੇ ਸਭਾ ਉਸ ਦਾ ਬਣਦਾ ਮਾਣ-ਤਾਣ ਵੀ ਕਰੇ। ਕਿਸੇ ਵੱਡੇ ਸਾਹਿਤਕ ਇਕੱਠ ਦੀ ਉਹ ਪਰਧਾਨਗੀ ਕਰੇ। ਅਖਬਾਰਾਂ ਵਿਚ ਉਸ ਦੀ ਚਰਚਾ ਹੋਵੇ। ਉਸ ਨੂੰ ਆਪਣੇ ਸਾਹਿਤਕ ਕੱਦ ਦਾ ਪਤਾ ਹੈ ਤੇ ਉਸ ਦੇ ਮੁਤਾਬਕ ਹੀ ਇੰਗਲੈਂਡ ਦਾ ਚੱਕਰ ਲਗਾਉਣਾ ਚਾਹੁੰਦੀ ਹੈ।
ਗਰੇਵਾਲ ਨੇ ਪਰਵਾਨੇ ਉਸ ਦੇ ਘਰ ਜਾ ਕੇ ਗੱਲ ਕੀਤੀ ਹੋਈ ਹੈ। ਪਰਵਾਨਾ ਕਹਿੰਦਾ ਹੈ ਕਿ ਜਦ ਇਹਨਾਂ ਗਰਮੀਆਂ ਵਿਚ ਇਕ ਵੱਡਾ ਸਮਾਗਮ ਕਰਾਇਆ ਜਾਵੇਗਾ ਤਦ ਸ਼ੀਲਾ ਸਪੈਰੋ ਨੂੰ ਵੀ ਸੱਦਾ ਭੇਜ ਦਿਤਾ ਜਾਵੇਗਾ। ਗਰੇਵਾਲ ਇਸੇ ਹਿਸਾਬ ਨਾਲ ਮਾਨਸਿਕ ਤੋਰ ਤੇ ਤਿਆਰ ਹੋ ਰਿਹਾ ਹੈ। ਪਰ ਉਹ ਮੁੜ ਕੇ ਪਰਵਾਨੇ ਨੂੰ ਨਹੀਂ ਮਿਲ ਸਕਦਾ ਫੋਨ ਵੀ ਨਹੀਂ ਕਰਦਾ। ਉਸ ਨੂੰ ਹੈ ਕਿ ਪਰਵਾਨਾ ਹੀ ਸਭਾ ਦਾ ਕਰਤਾ ਧਰਤਾ ਹੈ ਕੁਝ ਦੇਰ ਪਹਿਲਾਂ ਉਸ ਨੂੰ ਮਿਲੇਗਾ ਤੇ ਕੰਮ ਹੋ ਜਾਵੇਗਾ। ਉਹ ਮਈ ਦੇ ਅੱਧ ਵਿਚਕਾਰ ਪਰਵਾਨੇ ਨੂੰ ਮਿਲਦਾ ਹੈ। ਕਹਿੰਦਾ ਹੈ,
“ਪਰਵਾਨਾ ਸਾਹਿਬ, ਕਦੋਂ ਕੁ ਕਰਵਾ ਰਹੋ ਓ ਫੰਕਸ਼ਨ?”
“ਇਸ ਸਾਲ ਸਾਡੀ ਸਭਾ ਦਾ ਫੰਕਸ਼ਨ ਕੈਂਸਲ ਹੋ ਗਿਆ ਕਿਉਂਕਿ ਕੈਨੈਡਾ ਵਿਚ ਮੇਰੇ ਮਾਣ ਵੱਡਾ ਪਰੋਗਰਾਮ ਹੋ ਰਿਹੈ, ਮੈਂ ਤਾਂ ਐਤਕੀਂ ਉਥੇ ਚਲੇ ਜਾਣਾ। ਅਗਲੇ ਸਾਲ ਦੇਖਾਂਗੇ।”
ਗਰੇਵਾਲ ਖੜਾ ਉਸ ਵਲ ਦੇਖਦਾ ਰਹਿ ਜਾਂਦਾ ਹੈ। ਉਹ ਪੁੱਛਦਾ ਹੈ,
“ਜਿਹੜਾ ਤੁਸੀਂ ਸ਼ੀਲਾ ਸਪੈਰੋ ਨੂੰ ਸੱਦਾ ਭੇਜਣ ਦਾ ਵਾਅਦਾ ਕੀਤਾ ਸੀ ਓਹਦਾ ਕੀ ਬਣੇਗਾ?”
“ਹੀ, ਸੱਦਾ ਭੇਜ ਦਿੰਨੇ ਆਂ, ਸੱਦਾ ਤਾਂ ਮਹਿਜ਼ ਇਕ ਕਾਰਵਾਈ ਐ, ਪਰੋਗਰਾਮ ਕਰਾਉਣਾ ਕੋਈ ਜ਼ਰੂਰੀ ਨਹੀਂ।”
ਗਰੇਵਾਲ ਫੋਨ ਕਰਕੇ ਸਾਰੀ ਗੱਲ ਸ਼ੀਲਾ ਨੂੰ ਦਸਦਾ ਹੈ ਪਰ ਸ਼ੀਲਾ ਨੂੰ ਖਾਲੀ ਸੱਦਾ ਨਹੀਂ ਚਾਹੀਦਾ। ਜੇਕਰ ਕੋਈ ਫੰਕਸ਼ਨ ਹੀ ਨਹੀਂ ਤਾਂ ਉਹ ਆ ਕੇ ਕੀ ਕਰੇਗੀ।
ਸ਼ੀਲਾ ਦਾ ਆਉਣਾ ਮੁਲਤਵੀ ਹੋ ਜਾਂਦਾ ਹੈ। ਇਸ ਤਰ੍ਹਾਂ ਪਰੋਗਰਾਮ ਦੇ ਕੈਂਸਲ ਹੋ ਜਾਣ ਤੇ ਸ਼ੀਲਾ ਦੇ ਹਉਮੈ ਨੂੰ ਬਹੁਤ ਸੱਟ ਵਜਦੀ ਹੈ। ਉਸ ਨੂੰ ਗਰੇਵਾਲ ‘ਤੇ ਵੀ ਗੁੱਸਾ ਆ ਰਿਹਾ ਹੈ ਕਿ ਉਸ ਨੇ ਪੂਰੀ ਜਿ਼ੰਮੇਵਾਰੀ ਨਹੀਂ ਦਿਖਾਈ। ਇਵੇਂ ਅਚਾਨਕ ਵੀ ਕਦੇ ਫੰਕਸ਼ਨ ਕੈਂਸਲ ਹੁੰਦੇ ਹਨ। ਉਸ ਨੂੰ ਇੰਗਲੈਂਡ ਦੇ ਲੇਖਕ ਵੀ ਬਹੁਤ ਗੈਰਜਿ਼ੰਮੇਵਾਰ ਲਗਦੇ ਹਨ। ਉਸ ਨੇ ਇਹ ਕਦੇ ਨਹੀਂ ਸੀ ਸੋਚਿਆ ਕਿ ਇਹ ਲੋਕ ਇੰਨੇ ਬੇਇਤਬਾਰੇ ਵੀ ਹੋ ਸਕਦੇ ਹਨ। ਇਹ ਤਾਂ ਸ਼ੁਕਰ ਹੈ ਕਿ ਉਸ ਨੇ ਹਾਲੇ ਬਹੁਤੀ ਤਿਆਰੀ ਨਹੀਂ ਕੀਤੀ। ਬਹੁਤੇ ਲੋਕਾਂ ਨਾਲ ਆਪਣੇ ਜਾਣ ਦੀ ਗੱਲ ਵੀ ਸਾਂਝੀ ਨਹੀਂ ਕੀਤੀ। ਗਰੇਵਾਲ ਦੇ ਤਾਂ ਹੌਸਲੇ ਹੀ ਪਸਤ ਹੋ ਜਾਂਦੇ ਹਨ। ਉਸ ਦੀਆਂ ਸਕੀਮਾਂ ਬਣੀਆਂ ਬਣਾਈਆਂ ਰਹਿ ਜਾਂਦੀਆਂ ਹਨ। ਉਸ ਦੇ ਸੁਫਨਿਆਂ ‘ਤੇ ਪਾਣੀ ਫਿਰ ਜਾਂਦਾ ਹੈ। ਉਹ ਤਰ੍ਹਾਂ ਤਰ੍ਹਾਂ ਦੇ ਠੁਮਣੇ ਦੇ ਕੇ ਆਪਣੇ ਦਿਲ ਨੂੰ ਖੜਾ ਕਰਨ ਦੀ ਕੋਸਿ਼ਸ਼ ਕਰਨ ਲਗਦਾ ਹੈ।
ਉਹ ਵੀਰਵਾਰ ਕਾਲਜ ਤੋਂ ਵਾਪਸ ਆ ਕੇ ਸੈਟੀ ਉਪਰ ਹੀ ਪੈ ਜਾਂਦਾ ਹੈ। ਉਥੇ ਹੀ ਸੁੱਤਾ ਰਹਿੰਦਾ ਹੈ। ਪੂਰਾ ਦਿਨ ਸ਼ੁੱਕਰਵਾਰ ਵੀ ਪਿਆ ਰਹਿੰਦਾ ਹੈ। ਸ਼ਾਮ ਨੂੰ ਉਠ ਕੇ ਨਹਾਉਂਦਾ ਹੈ ਤੇ ਕਾਰ ਚੁੱਕ ਕੇਂਦਰੀ ਲੰਡਨ ਵਲ ਨੂੰ ਨਿਕਲ ਜਾਂਦਾ ਹੈ। ਰੈਡ ਲਾਈਟ ਏਰੀਏ ਦਾ ਚੱਕਰ ਲਗਾਉਂਦਾ ਹੈ। ਪਰ ਕਿਤੇ ਕਾਰ ਨਹੀਂ ਰੋਕਦਾ। ਦੋ ਘੰਟੇ ਘੁੰਮ ਕੇ ਵਾਪਸ ਮੁੜ ਆਉਂਦਾ ਹੈ। ਸਾਊਥਾਲ ਦੀਆਂ ਸੜਕਾਂ ਉਪਰ ਵੀ ਗੇੜਾ ਕਢਦਾ ਹੈ। ਕਿਤੇ ਕੋਈ ਕੁੜੀ ਖੜੀ ਨਹੀਂ ਦਿਸਦੀ, ਪਤਾ ਨਹੀਂ ਕਿਥੇ ਮਰ ਗਈਆਂ ਸਭ। ਉਹ ਸੋਚਦਾ ਹੈ ਘਰ ਜਾ ਕੇ ਕਿਸੇ ਕਾਲ ਗਰਲ ਨੂੰ ਫੋਨ ਕਰੇ। ਕੁਝ ਸਾਲ ਪਹਿਲਾਂ ਉਹ ਇਕ ਪੰਜਾਬੀ ਕੁੜੀ ਨੂੰ ਸਦ ਲਿਆ ਕਰਦਾ ਸੀ। ਘਰ ਆ ਕੇ ਉਹ ਉਸ ਕਾਲ ਗਰਲ ਦਾ ਫੋਨ ਨੰਬਰ ਲਭਣ ਦੀ ਕੋਸਿ਼ਸ਼ ਕਰਦਾ ਹੈ ਪਰ ਨਹੀਂ ਲਭਦਾ।
ਉਹ ਸਨਿਚਰਵਾਰ ਦਾ ਪੂਰਾ ਦਿਨ ਵੀ ਸੈਟੀ ਉਪਰ ਪੈ ਕੇ ਹੀ ਕੱਢ ਦਿੰਦਾ ਹੈ।
ਚਲਦਾ...