ਸਾਊਥਾਲ (ਕਾਂਡ 44)


     ਪਾਲਾ ਸਿੰਘ ਦੀ ਮੁੱਛ ਹਾਲੇ ਵੀ ਖੜੀ ਹੈ। ਉਹ ਟੈਲੀ ਮੁਹਰੇ ਬੈਠਾ ਸੋਚ ਰਿਹਾ ਹੈ ਕਿ ਕੋਈ ਗੱਲ ਨਹੀਂ ਜੇ ਮੋਹਨ ਦੇਵ ਧੋਖਾ ਦੇ ਗਿਆ ਤਾਂ। ਇਹ ਛੋਟਾ ਅਮਰਦੇਵ ਤਾਂ ਸ਼ਰੀਫ ਹੈ। ਇਸ ਦਾ ਵਿਆਹ ਹੀ ਆਪਣੀ ਮਰਜ਼ੀ ਦਾ ਕਰੇਗਾ। ਮੋਹਨ ਦੇਵ ਤਾਂ ਪਹਿਲਾ ਹੀ ਲੂਸ਼ ਲੂਸ਼ ਕਰਦਾ ਫਿਰਦਾ ਹੁੰਦਾ ਸੀ। ਇਵੇਂ ਵਰਤਾਵ ਕਰਦਾ ਸੀ ਕਿ ਜਾਪਦਾ ਸੀ ਕਿ ਇਹ ਹੱਥ ਨਹੀਂ ਆਵੇਗਾ ਪਰ ਅਮਰਦੇਵ ਉਸ ਦਾ ਸਾਊ ਪੁੱਤ ਹੈ।
       ਉਸ ਨੂੰ ਗੁਰਦਿਆਲ ਸਿੰਘ ਦੀ ਸਲਾਹ ਵੀ ਚੰਗੀ ਲਗਦੀ ਹੈ ਕਿ ਜ਼ਰੂਰੀ ਤਾਂ ਨਹੀਂ ਕਿ ਮੁੰਡਿਆਂ ਨੂੰ ਇੰਡੀਆ ਵਿਚ ਹੀ ਵਿਆਹਿਆ ਜਾਵੇ। ਇਥੇ ਵੀ ਤਾਂ ਕੁੜੀਆਂ ਮਿਲ ਜਾਂਦੀਆਂ ਹਨ। ਇੱਡੀ ਵੱਡੀ ਆਪਣੀ ਜਾਤ ਬਰਾਦਰੀ ਹੈ ਇਥੇ। ਇਹ ਬੱਚੇ ਇਥੇ ਜੰਮੇ ਹੋਏ ਹਨ ਤੇ ਇੰਡੀਆ ਵਿਆਹ ਕਰਾਉਣ ਤੋਂ ਡਰਦੇ ਵਿਆਹ ਤੋਂ ਹੀ ਮਿਟਣ ਲਗਦੇ ਹਨ। ਉਹ ਬੈਠਾ ਬੈਠਾ ਦੂਰ ਤਕ ਨਿਗਾਹ ਚੜ੍ਹਾਉਂਦਾ ਹੈ ਕਿ ਕਿਸ ਵਾਕਫਕਾਰ ਦੀ ਕੁੜੀ ਵਿਆਹੁਣ ਵਾਲੀ ਹੋਵੇ ਤੇ ਅਮਰਦੇਵ ਦੇ ਮੁਕਾਬਲੇ ਦੀ ਪੜ੍ਹੀ ਹੋਵੇ ਪਰ ਉਸ ਨੂੰ ਕੋਈ ਨਜ਼ਰ ਨਹੀਂ ਆਉਂਦੀ। ਉਹ ਸੋਚਦਾ ਹੈ ਕਿ ਕਿਉਂ ਨਾ ‘ਵਾਸ–ਪਰਵਾਸ’ ਵਿਚ ਨਾਂ ਦੇ ਦੇਵੇ। ਬਹੁਤ ਸਾਰੇ ਰਿਸ਼ਤੇ ਅਜਕਲ ਅਖ਼ਬਾਰਾਂ ਰਾਹੀਂ ਹੀ ਹੁੰਦੇ ਹਨ। ਬਲਕਿ ਅਜਕਲ ਅਖਬਾਰਾਂ ਹੀ ਵੱਡੀ ਵਿਚੋਲ ਗਿਰੀ ਕਰ ਰਹੀਆਂ ਹਨ। ਉਹ ਇਕ ਦਿਨ ਅਮਰ ਦੇਵ ਨੂੰ ਪੁੱਛਦਾ ਹੈ,

“ਕਿੱਦਾਂ ਬਈ ਵਿਆਹ ਬਾਰੇ ਤੇਰਾ ਕੀ ਖਿਆਲ ਐ? ਤੂੰ ਵੀ ਕਿਤੇ ਬੜੇ ਵਾਲੇ ਰਾਹੇ ਤਾਂ ਨਹੀਂ ਜਾਣਾ?”

“ਡੈਡ, ਤੈਨੂੰ ਵਿਆਹ ਤੋਂ ਬਿਨਾਂ ਹੋਰ ਕੁਸ਼ ਥਿੰਕ ਕਰਨ ਨੂੰ ਨਹੀਂ?”
“ਜਿਹੜੀ ਹਾਲਤ ਸਾਡੀ ਐ ਕਿ ਤੁਹਾਡੀ ਮਾਂ ਤੁਰ ਗਈ ਤੇ ਮੁੰਡੇ ਵਿਆਹੁਣ ਵਾਲੇ ਆ, ਏਸ ਹਾਲਤ ਵਿਚ ਤਾਂ ਤੁਹਾਡੇ ਵਿਆਹ ਬਹੁਤ ਦੇਰ ਦੇ ਹੋ ਜਾਣੇ ਚਾਹੀਦੇ ਸੀ।”
“ਕਿਉਂ?”
“ਕਿਉਂਕਿ ਘਰ ਸੰਭਾਲਣ ਲਈ ਔਰਤ ਦੀ ਲੋੜ ਹੁੰਦੀ ਐ, ਔਰਤ ਤਾਂ ਹੁਣ ਤੁਸੀਂ ਈ ਲਿਆ ਸਕਦੇ ਆਂ, ਮੋਹਨਦੇਵ ਤਾਂ ਗਿਆ, ਹੁਣ ਮੇਰੀ ਆਸ ਤਾਂ ਤੇਰੇ ਤੇ ਈ ਐ।”
“ਆਪਣਾ ਘਰ ਚਲਦਾ ਨਹੀਂ ਕਿਤੇ ?”
“ਚਲਣ ਨੂੰ ਤਾਂ ਚਲਦੈ ਪਰ ਏਹਦੀ ਮਾਲਕਣ ਹੈ ਨਹੀਂ।”
ਅਮਰਦੇਵ ਆਪਣੇ ਪਿਓ ਦੀ ਗੱਲ ਸਮਝ ਨਹੀਂ ਰਿਹਾ। ਪਾਲਾ ਸਿੰਘ ਵਿਸਥਾਰ ਵਿਚ ਦਸਣ ਲਗਦਾ ਹੈ, 
“ਏਸ ਘਰ ਦਾ ਹੁਣ ਤੂੰ ਮਾਲਕ ਐ, ਵੱਡਾ ਗਿਆ ਆਪਣੇ ਰਾਹ ਤੇ ਮਨਿੰਦਰ ਨੂੰ ਆਪਾਂ ਵਿਆਹ ਕੇ ਉਹਦੇ ਘਰ ਭੇਜ ਦੇਣਾਂ ਤੇ ਫਿਰ ਤੂੰ ਹੀ ਰਹਿ ਗਿਆ ਨਾ ਇਕੱਲਾ, ਤੇ ਤੇਰੀ ਵਾਈਫ ਹੋਵੇਗੀ ਇਸ ਘਰ ਦੀ ਮਾਲਕਣ, ਸੋ ਪੁਤਰਾ, ਤੂੰ ਜਲਦੀ ਵਿਆਹ ਕਰਾ ਤਾਂ ਜੋ ਘਰ ਦੀ ਮਾਲਕਣ ਘਰ ਆਵੇ।”
“ਓ ਨੋ ਡੈਡ, ਨੌਟ ਸੀ, ਨੌਟ ਜੈੱਟ।”
“ਕਿਉ ? ਤੇਰੀ ਉਮਰ ਹੋ ਗਈ ਵਿਆਹ ਦੀ ਤੇ ਨਾਲੇ ਡਿਗਰੀ ਵੀ ਹੋ ਗਈ।”
“ਨਹੀਂ ਡੈਡ ਮੈਂ ਮਾਸਟਰ ਕਰਨੀ ਆਂ।”
“ਉਹ ਤਾਂ ਤੇਰੀ ਮਰਜ਼ੀ ਐ, ਮਾਸਟਰ ਕਰ ਜਾਂ ਡਾਕਟਰੇਟ ਕਰ ਪਰ ਕਿਸੇ ਛੋਟੀ ਜਾਤ ਵਿਚ ਵਿਆਹ ਨਹੀਂ ਕਰਾਉਣਾ, ਆਪਾਂ ਇੰਡੀਆ ਤੋਂ ਨਹੀਂ ਇਥੋਂ  ਈ ਕੁੜੀ ਲੱਭਾਂਗੇ।”
       ਪਾਲਾ ਸਿੰਘ ਆਖਦਾ ਹੈ। ਪੁੱਤਰ ਚੁੱਪ ਰਹਿੰਦਾ ਹੈ। ਪਾਲਾ ਸਿੰਘ ਫਿਰ ਕਹਿਣ ਲਗਦਾ ਹੈ,
“ਕੁੜੀ ਤੇਰੀ ਮਰਜ਼ੀ ਦੀ ਈ ਹੋਊ, ਦੇਖੀਂ ਏਦਾਂ ਦੀ ਕੁੜੀ ਲੱਭੂੰ ਕਿ ਸਾਰੀ ਉਮਰ ਦੇਖ ਦੇਖ ਕੇ ਭੁੱਖ ਲਹਿ ਜਾਇਆ ਕਰੂ।”
“ਬਲੱਡੀ ਸੇਮ ਓਲਡ ਸਟੋਰੀ!”
       ਕਹਿ ਕੇ ਅਮਰਦੇਵ ਹੱਸਣ ਲਗਦਾ ਹੈ। ਪਾਲਾ ਸਿੰਘ ਨੂੰ ੳੇੁਸ ਦਾ ਹਾਸਾ ਚੰਗਾ ਲਗਦਾ ਹੈ। ਹਾਸੇ ਵਿਚ ਹਾਂ ਦਿਸਦੀ ਹੈ। ਉਹ ਆਪਣੀ ਧੀ ਮਨਿੰਦਰ ਨਾਲ ਸਲਾਹਾਂ ਕਰਨ ਲਗਦਾ ਹੈ,
“ਹੁਣ ਆਪਾਂ ਅਮਰਦੇਵ ਦਾ ਵਿਆਹ ਕਰ ਦੇਈਏ।”
“ਡੈਡ, ਕਾਹਲ ਕਾਹਦੀ ਐ!”
“ਹੁਣ ਉਮਰ ਹੋ ਗਈ ਓਹਦੀ।”
“ਕੰਮ ਤੇ ਲਗਣ ਦੇ ਡੈਡ।”
        ਮਨਿੰਦਰ ਸਿਆਣਿਆਂ ਵਾਂਗ ਆਖਦੀ ਹੈ। ਉਸ ਵਲ ਦੇਖ ਕੇ ਉਸ ਨੂੰ ਨਸੀਬ ਕੌਰ ਚੇਤੇ ਆ ਜਾਂਦੀ ਹੈ। ਉਹ ਜੀਉਂਦੀ ਹੁੰਦੀ ਤਾਂ ਗੱਲ ਹੋਰ ਸੀ। ਸਾਰੇ ਫਿਕਰ ਉਹ ਆਪ ਕਰਦੀ।
       ਉਹ ਪੱਬ ਗਿਆ ਦੋਸਤਾਂ ਨੂੰ ਮੁੰਡੇ ਲਈ ਕੁੜੀ ਲੱਭਣ ਲਈ ਆਖਦਾ ਹੈ। ਗੁਰਦਿਆਲ ਸਿੰਘ ਨਾਲ ਵੀ ਇਹੋ ਸਲਾਹਾਂ ਕਰਨ ਲਗਦਾ ਚਿਤਵਣ ਲਗਦਾ ਹੈ। ਉਹ ਆਪਣੀ ਕਲਪਨਾ ਵਿਚ ਇਕ ਸੁਹਣੀ ਕੁੜੀ ਜਿਹੀ ਲਾਲ ਕਪੜੇ ਪਾਈ ਰਸੋਈ ਦਾ ਕੰਮ ਕਰਦੀ ਫਿਰਦੀ ਦੇਖਣ ਲਗਦਾ ਹੈ। ਫਿਰ ਆਪੇ ਹੀ ਹੱਸਦਾ ਹੈ ਕਿ ਜਿਸ ਨੇ ਵਿਆਹ ਕਰਾਉਣਾ ਹੈ ਉਸ ਨੂੰ ਸ਼ਾਇਦ ਚਿਤ ਚੇਤੇ ਵੀ ਨਾ ਹੋਵੇ।
       ਇਕ ਦਿਨ ਅਮਰਦੇਵ ਆ ਕੇ ਦੱਸਦਾ ਹੈ,
“ਡੈਡ, ਮੈਨੂੰ ਜੌਬ ਮਿਲ ਗਈ?”
“ਨਾਈਸ! ਕਿਥੇ ਮਿਲੀ ਐ?”
“ਲੂਟਨ!”
“ਵੈਰੀ ਬੈਡ!”
“ਕਿਉਂ?”
“ਲੂਟਨ ਤਾਂ ਦੂਰ ਐ, ਨਾਲੇ ਤੇਰੀ ਪੜ੍ਹਾਈ ਦਾ ਕੀ ਬਣਿਆ?.... ਤੂੰ ਤੇ ਕਹਿੰਦਾ ਸੀ ਕਿ ਮਾਸਟਰ ਕਰਨੀ ਐ।”
“ਡੈਡ, ਨਾਲ ਦੀ ਨਾਲ ਈ ਕਰੀ ਜਾਣੀ ਆਂ।”
“ਤੂੰ ਛੱਡ ਏਸ ਜੌਬ ਨੂੰ ਮਾਸਟਰ ਕਰ ਪਹਿਲਾਂ,  ਜੇ ਜੌਬ ਈ ਕਰਨੀ ਆਂ ਤਾਂ ਕੋਈ ਨੇੜੇ ਲੱਭ ਜਿਹੜਾ ਕਿ ਰੋਜ਼ ਘਰ ਆ ਜਾਵੇਂ।”
“ਡੈਡ, ਇਹ ਜੌਬ ਨਾਈਸ ਆ, ਪਰੋਮੋਸ਼ਨ ਦੇ ਚਾਂਸ ਐ, ਵੇਜਜ਼ ਫੋਰਟੀ ਕੇ ਤਕ ਹੋ ਜਾਣੀ ਆਂ।”
       ਅਮਰਦੇਵ ਪੂਰੇ ਉਤਸ਼ਾਹ ਨਾਲ ਦੱਸ ਰਿਹਾ ਹੈ। ਪਾਲਾ ਸਿੰਘ ਦਾ ਕੁਝ ਹੋਰ ਕਹਿਣ ਦਾ ਹੌਂਸਲਾ ਨਹੀਂ ਪੈਂਦਾ। ਉਹ ਪੁੱਛਦਾ ਹੈ,
“ਵਿਆਹ ਲਈ ‘ਵਾਸ–ਪਰਵਾਸ’ ਵਿਚ ਐਡ ਦੇ ਦੇਵਾਂ?”
“ਨੌਟ ਜੈੱਟ ਡੈਡ, ਮੈਂ ਦੱਸੂੰ।”
“ਤੂੰ ਕਦੋਂ ਦੱਸੇਂਗਾ ?... ਜਦੋਂ ਵਾਲ ਚਿੱਟੇ ਹੋ ਗਏ ਤਾਂ!”
“ਸੂਨ ਡੈਡ, ਸੂਨ, ਵੈਰੀ ਸੂਨ, ਮੈਨੂੰ ਡਿਗਰੀ ਕਰਨ ਦੇ।”
       ਅਮਰਦੇਵ ਲੂਟਨ ਹੀ ਰਹਿਣ ਲਗਦਾ ਹੈ। ਵੀਕ ਐਂਡ ਉਪਰ ਘਰ ਆਉਂਦਾ ਹੈ। ਫਿਰ ਪੰਦਰੀਂ ਦਿਨੀਂ ਆਉਣ ਲਗਦਾ ਹੈ। ਉਹ ਮਨਿੰਦਰ ਨੂੰ ਕਹਿੰਦਾ ਹੈ, 
“ਮੈਨੂੰ ਤਾਂ ਏਸ ਮੁੰਡੇ ਦੇ ਚਾਲੇ ਠੀਕ ਨਹੀਂ ਲਗਦੇ।”
“ਕੀ ਹੋ ਗਿਆ ਡੈਡ?”
“ਦੇਖ, ਕਿੰਨੇ ਹਫਤੇ ਹੋ ਗਏ ਘਰ ਨਹੀਂ ਆਇਆ!”
“ਬੀਜ਼ੀ ਹੋਣਾ।”
“ਫੋਨ ਕਰ ਸਕਦਾ ਸੀ।”
“ਡੈਡ, ਮੈਂ ਫੋਨ ਕੀਤਾ ਸੀ, ਹੀ ‘ਜ਼ ਓ ਕੇ।”
“ਉਹਨੂੰ ਕਹਿ ਜੌਬ ਛੱਡ ਦੇਵੇ ਨਹੀਂ ਤਾਂ ਕਹਿ ਕਿ ਮੈਂ ਵੀ ਲੂਟਨ ਈ ਆ ਜਾਣਾ।”
       ਕਹਿ ਕੇ ਪਾਲਾ ਸਿੰਘ ਹੱਸਣ ਲਗਦਾ ਹੈ। ਮਨਿੰਦਰ ਵੀ ਹੱਸਦੀ ਹੈ। ਉਹ ਫਿਰ ਆਖਦੀ ਹੈ,
“ਡੈਡ, ਦੇਖ ਮੈਂ ਤੇਰੇ ਕੋਲ ਹੈਗੀ ਆਂ ਨਾ।”
“ਤੈਨੂੰ ਤਾਂ ਵੈਸਟ ਮਨਿਸਟਰ ਯੂਨੀ ਵਿਚ ਜਗਾਹ ਮਿਲ ਗਈ ਤਾਂ ਹੈਗੀ ਐ ਨਹੀਂ ਤਾਂ ਤੂੰ ਬਾਹਰ ਹੀ ਰਹਿਣਾ ਸੀ ਤੇ ਮੈਂ ਇਕੱਲੇ ਨੇ ਕੰਧਾਂ ਨਾਲ ਗੱਲਾਂ ਕਰਨੀਆਂ ਸੀ।”
       ਕਹਿਣ ਨੂੰ ਤਾਂ ਪਾਲਾ ਸਿੰਘ ਕਹਿ ਜਾਂਦਾ ਹੈ ਪਰ ਬਾਅਦ ਵਿਚ ਪਛਤਾਉਂਦਾ ਹੈ ਕਿ ਇਹ ਗੱਲ ਉਸ ਨੂੰ ਨਹੀਂ ਸੀ ਕਹਿਣੀ ਚਾਹੀਦੀ। ਉਹ ਕਿਸੇ ਦਾ ਮੁਹਤਾਜ ਨਹੀਂ ਹੈ। ਉਹ ਫਿਰ ਮੁੱਛ ਨੂੰ ਮਰੋੜਾ ਦਿੰਦਾ ਆਖਦਾ ਹੈ,
“ਬੱਚਿਓ, ਜਿੱਦਾਂ ਮਰਜ਼ੀ ਕਰੋ, ਇਹ ਬੁੱਢਾ ਬੜੀ ਕਰੜੀ ਹੱਡੀ ਦਾ ਬਣਿਆ ਹੋਇਆ ਐ।”
       ਉਹ ਅਮਰਦੇਵ ਬਾਰੇ ਗੁਰਦਿਆਲ ਸਿੰਘ ਨਾਲ ਗੱਲ ਕਰਦਾ ਹੈ, ਉਹ ਅਗੋਂ ਕਹਿੰਦਾ ਹੈ,
“ਪਾਲਾ ਸਿਆਂ, ਤੂੰ ਤਾਂ ਐਵੇਂ ਲੋਹੇ ਦਾ ਥਣ ਬਣਿਆ ਫਿਰਦੈਂ, ਮੁੰਡੇ ਈ ਐ ਸਾਲੇ, ਜਿੰਨਾ ਚਿਰ ਮਰਜ਼ੀ ਬਾਹਰ ਰਹਿਣ, ਜਿਥੇ ਮਰਜ਼ੀ ਜਾਣ ਤੂੰ ਸ਼ੁਕਰ ਕਰ ਕਿ ਤੇਰੀ ਕੁੜੀ ਚੰਗੀ ਐ।” 
“ਕੁੜੀ ਤਾਂ ਨਿਰੀ ਸਾਊ ਐ ਵਿਚਾਰੀ, ਘਰ ਸਾਂਭੀ ਫਿਰਦੀ ਐ।”
        ਕਹਿੰਦਿਆਂ ਉਸ ਨੂੰ ਮਨਿੰਦਰ ਨਾਲ ਪਿਆਰ ਆਉਣ ਲਗਦਾ ਹੈ। ਫਿਰ ਇਕ ਦਿਨ ਉਹੀ ਖਬਰ ਮਿਲ ਜਾਂਦੀ ਹੈ ਜਿਸ ਦਾ ਉਸ ਨੂੰ ਡਰ ਹੈ, ਜਿਸ ਨੂੰ ਉਹ ਅਣਮੰਨੇ ਮਨ ਨਾਲ ਉਡੀਕ ਰਿਹਾ ਹੈ। ਅਮਰਦੇਵ ਕਿਸੇ ਗੋਰੀ ਕੁੜੀ ਨਾਲ ਰਹਿਣ ਲਗ ਪਿਆ ਹੈ। ਇਸੇ ਲਈ ਘਰ ਨਹੀਂ ਆ ਰਿਹਾ। ਉਸ ਨੇ ਲੂਟਨ ਵਿਚ ਹੀ ਘਰ ਲੈ ਲਿਆ ਹੈ। ਮਨਿੰਦਰ ਦੱਸਦੀ ਹੈ, 
“ਡੈਡ, ਅਮਰ ਡਰਦਾ ਘਰ ਨਹੀਂ ਆਉਂਦਾ, ਉਹਨੇ ਗੋਰੀ ਨਾਲ ਵਿਆਹ ਕਰਾਉਣਾ ਹੁਣ, ਕਲ ਫੋਨ ਕੀਤਾ ਸੀ ਮੇਰੇ ਮੋਬਾਈਲ ਤੇ।”
       ਹੁਣ ਮੋਬਾਈਲ ਫੋਨ ਮਨਿੰਦਰ ਕੋਲ ਵੀ ਹੈ। ਪਾਲਾ ਸਿੰਘ ਗੁੱਸੇ ਵਿਚ ਮੁੱਠੀਆਂ ਮੀਟਦਾ ਆਖਦਾ ਹੈ,
“ਉਹਨੂੰ ਕਹਿ ਮੈਨੂੰ ਮਿਲੇ ਤਾਂ ਸਹੀ ਇਕ ਵਾਰ।”
“ਡੈਡ, ਉਹ ਡਰਦਾ ਈ ਘਰ ਨਹੀਂ ਆਉਂਦਾ।”
       ਉਸ ਦਾ ਦਿਲ ਕਰਦਾ ਹੇ ਕਿ ਮੁੰਡੇ ਨੂੰ ਰਜਵੀਆਂ ਗਾਲ੍ਹਾਂ ਕੱਢੇ ਪਰ ਮਨਿੰਦਰ ਕੋਲ ਬੈਠੀ ਹੈ। ਉਹ ਚੁਪ ਰਹਿੰਦਾ  ਤੇ ਟੈਲੀ ਦੇਖਦਾ ਮੁੱਛ ਨੂੰ ਮਰੋੜਾ ਦੇਣ ਲਗਦਾ ਹੈ।    

ਚੱਲਦਾ...