ਸਾਊਥਾਲ (ਕਾਂਡ 43)

       ਪਰਦੁੱਮਣ ਸਿੰਘ ਕੰਮ ਕਰਨ ਵਾਲੇ ਮੁੰਡਿਆਂ ਨਾਲ ਸਦਾ ਹੀ ਉਹਨਾਂ ਦੀ ਉਮਰ ਵਾਲੇ ਮਜ਼ਾਕ ਕਰਦਾ ਰਹਿੰਦਾ ਹੈ। ਪਰ ਹੁਣ ਕੁਝ ਦੇਰ ਤੋਂ ਉਹ ਉਹਨਾਂ ਨਾਲ ਗੰਭੀਰ ਰਹਿਣ ਲਗਿਆ ਹੈ ਕਿ ਉਸ ਦੇ ਬੱਚੇ ਵੀ ਬਰਾਬਰ ਦੇ ਹੋ ਗਏ ਹਨ। ਵੱਡਾ ਮੁੰਡਾ ਭਾਵੇਂ ਫੈਕਟਰੀ ਨਹੀਂ ਆਉਂਦਾ ਪਰ ਛੋਟਾ ਆ ਜਾਂਦਾ ਹੈ ਤੇ ਛੁੱਟੀ ਵਾਲੇ ਦਿਨ ਕੁੜੀਆਂ ਵੀ ਆ ਜਾਂਦੀਆਂ ਹਨ। ਇਸ ਲੲਂੀ ਉਸ ਨੇ ਕੰਮ ਕਰਦੇ ਮੁੰਡਿਆਂ ਨਾਲ ਗੱਲਬਾਤ ਕਰਨੀ ਘੱਟ ਕੀਤੀ ਹੋਈ ਹੈ। ਸਿਰਫ ਮਤਲਬ ਦੀ ਗੱਲ ਹੀ ਕਰਦਾ ਹੈ। ਪਰ ਮੀਕੇ ਵਰਗੇ ਮੂੰਹ ਫਟ ਕਦੋਂ ਰੁਕਦੇ ਹਨ। ਇਕ ਦਿਨ ਉਹ ਕਹਿੰਦਾ ਹੈ,
“ਅੰਕਲ, ਕੁਲਬੀਰੋ ਹੱਥ ਨਹੀਂ ਰਖਣ ਦਿੰਦੀ!”
“ਮੀਕਿਆ, ਕੋਈ ਅਕਲ ਦੀ ਗੱਲ ਕਰ, ਤੂੰ ਉਹਨੂੰ ਬਦਨਾਮ ਨਾ ਕਰ ਦੇਵੀਂ ਚੰਗੀ ਭਲੀ ਕੁੜੀ ਆ।”
“ਅੰਕਲ, ਤੇਰੇ ਕੋਲ ਐਨੀਆਂ, ਮੈਂ ਇਕ ਵੀ ਨਹੀਂ ਰਖ ਸਕਦਾ!” 
       ਮੀਕੇ ਦੀ ਗੱਲ ਉਪਰ ਪਹਿਲਾਂ ਦਾ ਪਰਦੁੱਮਣ ਨੂੰ ਗੁੱਸਾ ਆਉਂਦਾ ਹੈ ਪਰ ਫਿਰ ਸ਼ਾਂਤ ਹੁੰਦਾ ਕਹਿੰਦਾ ਹੈ,
“ਪੁੱਤਰਾ, ਬਾਹਰ ਹੱਥ ਪੈਰ ਮਾਰੀ ਚਲ, ਮੈਂ ਵੀ ਹੁਣ ਰਿਟਾਇਰ ਹੋ ਗਿਆਂ, ਏੇਹ ਕੰਮ ਛੱਡ ਦਿਤੇ!”
“ਅੰਕਲ, ਸ਼ੇਰ ਵੀ ਸ਼ਿਕਾਰ ਕਰਨਾ ਛੱਡ ਸਕਦੈ ਭਲਾ! ਸੱਚ ਦੱਸ ਕੁਲਬੀਰੋ ਤੇ ਹੱਥ ਫੇਰਿਆ ਕਿ ਨਹੀਂ ?”
“ਨਾ ਬਈ, ਬਿਲਕੁਲ ਨਹੀਂ।”

“ਏਹ ਭਲਾ ਕਿੱਦਾਂ ਹੋ ਸਕਦੈ, ਹੱਥ ਫੇਰਨ ਵਿਚ ਤਾਂ ਤੁਹਾਡੀ ਝੰਡੀ ਐ!”

“ਉਮਰ ਉਮਰ ਗੱਲ ਹੁੰਦੀ ਐ, ਲੰਘ ਗਈ। ਹੁਣ ਉਹ ਕਣ ਨਹੀਂ ਰਿਹਾ।”
“ਫੇਰ ਆਹ ਸੁੱਲੀ ਫਰੀਦਾ ਕਿਹੜੇ ਕਣ ਸਹਾਰੇ ਖਿਚੀ ਫਿਰਦੈਂ?”
“ਉਹ ਤਾਂ ਮੇਰੀ ਹਾਨਣ ਐ, ਨਾਲੇ ਹੁਣ ਪੁਰਾਣੀ ਯਾਰੀ ਐ, ਪੁਰਾਣੀ ਯਾਰੀ ਤੇ ਪੁਰਾਣੇ ਜ਼ਖ਼ਮ, ਇਹ ਉਮਰਾਂ ਨਾਲ ਈ ਨਿਭਦੇ ਆ।”
“ਫੇਰ ਕੁਲਬੀਰੋ ਦਾ ਕੀ ਬਣੂੰ ?”
“ਉਹਦਾ ਕੀ ਬਣਨਾਂ!”
“ਉਹਨੂੰ ਬੰਦਾ ਚਾਹੀਦੈ, ਮੈਨੂੰ ਲਾਗੇ ਨਹੀਂ ਲਗਣ ਦਿੰਦੀ।”
“ਤੈਨੂੰ ਕਿਹਾ ਨਾ ਫੈਕਟਰੀ ਵਿਚ ਇਹ ਕੰਮ ਨਹੀਂ ਕਰੀਦੇ।”
“ਅੰਕਲ, ਉਹ ਇਕੱਲੀ ਫਿਰਦੀ ਨਹੀਂ ਦੇਖੀ ਜਾਂਦੀ ਮੇਰੇ ਤੋਂ।”
“ਇਕੱਲੀ ਨਹੀਂ, ਇਕ ਬੰਦਾ ਉਹਨੂੰ ਲੈਣ ਤਾਂ ਆਉਂਦਾ ਹੁੰਦਾ।”
“ਅੰਕਲ, ਮੈਂ ਜਾਣਦਾ ਉਹਨੂੰ, ਉਹ ਰੇਸ਼ੂ ਆ, ਜਿਹੜਾ ਆਪਣੇ ਆਪ ਨੂੰ ਸਾਊਥਾਲ ਦਾ ਬਦਮਾਸ਼ ਸਮਝਦਾ, ਸਾਲ੍ਹਾ ਮੇਰਾ, ਮੇਰੇ ਇਕ ਝਟਕੇ ਦੀ ਮਾਰ ਐ।”
“ਮੀਕਿਆ, ਐਵੇਂ ਨਾ ਪੰਗਾ ਲੈ ਲਈਂ, ਦੱਸਦੇ ਆ ਕਿ ਉਹ ਬੰਦਾ ਖਤਰਨਾਕ ਐ।”
“ਮੇਰੇ ਮੂਹਰੇ ਕੁਸ਼ ਨਈਂ ਅੰਕਲ! ਮੈਨੂੰ ਸਭ ਪਤਾ ਉਹਦਾ, ਸਾਲ੍ਹਾ ਨਿਰਾ ਸਾਲ੍ਹੀ ਬਾਜ਼ ਐ, ਸਾਲ ਕੁ ਬਾਅਦ ਇੰਡੀਆ ਤੋਂ ਨਵੀਂ ਸਾਲ੍ਹੀ ਸੱਦ ਕੇ ਪੱਕੀ ਕਰਵਾਉਂਦਾ, ਹੁਣ ਕੁਲਬੀਰੋ ਨੂੰ ਸੱਦਿਆ ਹੋਇਆ, ਏਹਨੂੰ ਚਰੂੰਡਦਾ ਹੋਊ, ਏਹ ਯੰਗ ਕੁੜੀ ਐ, ਏਹਨੂੰ ਮੇਰੇ ਵਰਗਾ ਯੰਗ ਬਲੱਡ ਚਾਹੀਦੈ।”
       ਪਰਦੁੱਮਣ ਸਿੰਘ ਕੁਝ ਨਹੀਂ ਬੋਲਦਾ। ਉਸ ਨੂੰ ਕੁਲਬੀਰੋ ਉਪਰ ਤਰਸ ਆਉਣ ਲਗਦਾ ਹੈ। ਉਹ ਸੋਚਦਾ ਹੈ ਕਿ ਰੇਸ਼ੂ ਪਤਾ ਨਹੀਂ ਉਸ ਨਾਲ ਕਿਹੋ ਜਿਹਾ ਵਿਵਹਾਰ ਕਰਦਾ ਹੋਵੇਗਾ ਜਿਹੜੀ ਉਹ ਚੁੱਪ ਚੁੱਪ ਰਹਿੰਦੀ ਹੈ ਪਰ ਉਹ ਕਹਿੰਦਾ ਹੈ,
“ਮੀਕਿਆ, ਆਪਾਂ ਨੂੰ ਕੀ ਜੇ ਕੁਲਬੀਰੋ ਰੇਸ਼ੂ ਨਾਲ ਖੁਸ਼ ਐ ਤਾਂ ਕੋਈ ਕੀ ਕਰੇ।”
“ਅੰਕਲ, ਖੁਸ਼ ਕਿਥੋਂ ਆ, ਬਸ ਡਰਦੀ ਬੈਠੀ ਆ, ਮੈਨੂੰ ਤਾਂ ਲਗਦਾ ਇਹ ਪੱਕੀ ਨਹੀਂ ਹੋਣੀ ਅਜੇ। ਅੰਕਲ ਵਿਚਾਰੀ ਨੂੰ ਪੱਕੀ ਈ ਕਰਾ ਦਓ ਕਿਸੇ ਤਰਾਂ।”
       ਮੀਕਾ ਜਿਵੇਂ ਕੁਲਬੀਰੋ ਬਾਰੇ ਬਹੁਤਾ ਹੀ ਫਿਕਰਮੰਦ ਹੋਵੇ। ਪਰਦੁੱਮਣ ਸਿੰਘ  ਕਹਿੰਦਾ ਹੈ,
“ਮੀਕਿਆ, ਤੈਨੂੰ ਸਾਧ ਤਾਈਂ ਕੀ ਤੈਨੈੂ ਚੋਰ ਤਾਈਂ ਕੀ, ਤੂੰ ਆਪਣੀ ਨਿਬੇੜ ਕਿਸੇ ਹੋਰ ਤਾਈਂ ਕੀ।” 
“ਅੰਕਲ, ਜ਼ਿਆਦਤੀ ਨਹੀਂ ਝੱਲੀ ਜਾਂਦੀ।”
       ਮੀਕਾ ਉਦਾਸ ਹੋਣ ਦੀ ਐਕਟਿੰਗ ਕਰਦਾ ਹੈ। ਪਰਦੁੱਮਣ ਸਿੰਘ ਉਸ ਨੂੰ ਤੁਰ ਜਾਣ ਦਾ ਇਸ਼ਾਰਾ ਕਰਦਾ ਆਖਦਾ ਹੈ,
“ਵੱਡਿਆ ਕਾਮਰੇਡਾ, ਕੰਮ ਕਰ ਕੋਈ, ਲੋਕਾਂ ਦੀਆਂ ਤੀਵੀਆਂ ਬਾਰੇ ਸੋਚਣਾ ਛੱਡ ਦੇ।”
       ਮੀਕਾ ਹੱਸਦਾ ਹੋਇਆ ਤੁਰ ਜਾਂਦਾ ਹੈ। ਪਰਦੁੱਮਣ ਸਿੰਘ ਕੁਲਬੀਰੋ ਬਾਰੇ ਸੋਚਣਾ ਚਾਹੁੰਦਾ ਹੈ ਪਰ ਇਸ ਵੇਲੇ ਉਸ ਦੇ ਦਿਲੋ ਦਿਮਾਗ ਉਪਰ ਤਾਰਿਕ ਛਾਇਆ ਹੋਇਆ ਹੈ। ਤਾਰਿਕ ਨਾਲ ਹੋਈ ਮੈਂ ਮੈਂ ਤੂੰ ਤੂੰ ਕਾਰਨ ਉਹ ਹੁਣ ਉਸ ਨੂੰ ਸਿਰਦਰਦੀ ਦੇਵੇਗਾ। ਉਸ ਦੀਆਂ ਦੁਕਾਨਾਂ ਤੋੜੇਗਾ। ਆਪਣਾ ਮਾਲ ਰੱਖਣ ਦੀ ਕੋਸ਼ਿਸ਼ ਕਰੇਗਾ। ਉਸ ਦਾ ਨੁਕਸਾਨ ਕਰੇਗਾ। ਉਹ ਆਪਣੇ ਆਪ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰਨ ਲਗਦਾ ਹੈ। ਉਹ ਸੋਚਣ ਲਗਦਾ ਹੈ ਕਿ ਜੇ ਤਾਰਿਕ ਕੰਪੀਟੀਸ਼ਨ ਕਰਦਾ ਤਾਂ ਏਦਾਂ ਹੀ ਸਹੀ, ਉਹ ਵੀ ਆਪਣੇ ਸਮੋਸੇ ਦੀ ਕੀਮਤ ਘਟਾ ਦੇਵੇਗਾ ਅਤੇ ਉਹ ਕਿਸੇ ਹੋਰ ਇਲਾਕੇ ਵਲ ਨੂੰ ਨਿਕਲ ਕੇ ਹੋਰ ਰਾਊਂਡ ਖੜਾ ਕਰੇਗਾ।
       ਸ਼ਾਮ ਨੂੰ ਘਰ ਜਾਂਦਿਆਂ ਗਿਆਨ ਕੌਰ ਆਖਦੀ ਹੈ,
“ਜੀ ਮੀਕੇ ਨੂੰ ਸਮਝਾਓ ਕੁਲਬੀਰੋ ਨੂੰ ਤੰਗ ਨਾ ਕਰੇ।”
“ਕੁਸ਼ ਗਲਤ ਕਹਿੰਦਾ ਸੀ ?”
“ਗਲਤ ਤਾਂ ਨਹੀਂ, ਮਜ਼ਾਕ ਕਰਦਾ ਰਹਿੰਦੇ, ਉਹਨੂੰ ਚੰਗਾ ਨਹੀਂ ਲਗਦਾ।”
“ਏਹਨੂੰ ਕੁਲਬੀਰੋ ਨੂੰ ਹੋਇਆ ਕੀ ਐ ਜੇਹੜੀ ਏਨੀ ਚੁੱਪ ਹੋ ਜਾਂਦੀ ਐ ?”
       ਪਰਦੁੱਮਣ ਸਿੰਘ ਘਰਵਾਲੀ ਨੂੰ ਕੁਰੇਦਣ ਦੀ ਕੋਸਿ਼ਸ਼ ਕਰਦਾ ਹੈ। ਉਸ ਨੂੰ ਪਤਾ ਹੈ ਕਿ ਕੁਲਬੀਰੋ ਉਸ ਕੋਲ ਢਿਡ ਫਰੋਲ਼ ਲੈਂਦੀ ਹੋਵੇਗੀ। ਗਿਆਨ ਕੌਰ ਬੋਲਦੀ ਹੈ,
“ਸਾਨੂੰ ਕੀ, ਸਾਡਾ ਕੰਮ ਦੇਖੋ ਕਿੰਨਾ ਕਰਦੀ ਐ, ਮੇਰੇ ਇੰਡੀਆ ਗਈ ਤੇ ਏਹਨੇ ਫੈਕਟਰੀ ਸੰਭਾਲ ਲਈ ਸੀ।”
“ਪਰ ਏਹਦੀ ਪਰੌਬਲਮ ਕੀ ਐ ? ਕੀ ਦੱਸਦੀ ਐ ?”
“ਏਹਦਾ ਜੀਜਾ ਏਹਨੂੰ ਤੰਗ ਕਰਦੈ।”
“ਉਹਨੇ ਤੰਗ ਕੀ ਕਰਨਾ, ਜੇ ਏਹਨੂੰ ਹੱਥ ਵੀ ਪਾ ਲੈਂਦਾ ਹੋਊ ਤਾਂ ਹੁਣ ਤਕ ਤਾਂ ਆਦੀ ਹੋ ਜਾਣਾ ਚਾਹੀਦੈ। ਨਾਲ਼ੇ ਉਹਨੇ ਏਹਨੂੰ ਵਾਈਫ ਬਣਾ ਕੇ ਮੰਗਾਇਆ ਤਾਂ ਏਨਾ ਕੁ ਹੱਕ ਤਾਂ ਉਹਦਾ ਬਣਦਾ ਈ ਐ।”
“ਏਹੋ ਈ ਨਹੀਂ ਏਹਤੋਂ ਪੈਸੇ ਵੀ ਮੰਗਦਾ ਰਹਿੰਦਾ।”
“ਦੇਈ ਜਾਵੇ, ਉਹਨੇ ਏਹਨੂੰ ਇੰਗਲੈਂਡ ਸੱਦਿਆ, ਪੱਕੀ ਕਰਾਇਆ।”
“ਪੱਕੀ ਵੀ ਨਹੀਂ ਕਰਾ ਰਿਹਾ, ਏਹਦੇ ਪੈਸੇ ਖਾਈ ਜਾਂਦੈ, ਇਹ ਪੱਕੀ ਹੋਣ ਦੇ ਲਾਲਚ ਵਿਚ ਖਲ੍ਹਾਈ ਜਾਂਦੀ ਆ। ਮੈਨੂੰ ਤਾਂ ਏਹਦੀ ਬਹੁਤ ਚਿੰਤਾ ਐ।”
“ਚੱਲ ਗਿਆਨ ਕੋਰੇ, ਤੂੰ ਕੁਲਬੀਰੋ ਬਾਰੇ ਸੋਚਣਾ ਛੱਡ ਕੇ ਆਪਣੇ ਨਿਆਣਿਆਂ ਬਾਰੇ ਫਿਕਰ ਕਰਿਆ ਕਰ।”
       ਗਿਆਨ ਕੌਰ ਦਾ ਧਿਆਨ ਹਾਲੇ ਵੀ ਕੁਲਬੀਰੋ ਵਿਚ ਹੀ ਹੈ। ਉਹ ਕਹਿੰਦੀ ਹੈ,
“ਰੇਸ਼ੂ ਕੁਲਬੀਰੋ ਨੂੰ ਕੁੱਟਣ ਵੀ ਲੱਗ ਪੈਂਦੈ, ਸਿੱਧਾ ਗਲ੍ਹ ਨੂੰ ਪੈਂਦੈ।”
“ਤੇ ਰੇਸ਼ੂ ਦੀ ਆਪਣੀ ਵਾਈਫ?”
“ਉਹ ਵੀ ਹੈਗੀ ਐ, ਚਾਰ ਨਿਆਣੇ ਵੀ ਆ, ਬੜੀ ਕੁੜੀ ਪੰਦਰਾਂ ਸਾਲਾਂ ਦੀ ਐ ਪਰ ਰੇਸ਼ੂ ਜਾਨਵਰ ਦੀ ਕਿਸੇ ਨੂੰ ਪਰਵਾਹ ਨਹੀਂ, ਜਦੋਂ ਉਹਨੂੰ ਗੁੱਸਾ ਆ ਜਾਵੇ ਤਾਂ ਦੁਨੀਆਂ ਏਧਰ ਦੀ ਉਧਰ ਕਰ ਮਾਰਦੈ।”
       ਗੱਲ ਕਰਦੀ ਗਿਆਨ ਕੌਰ ਬਹੁਤ ਦੁਖੀ ਹੈ। ਪਰਦੁੱਮਣ ਸਿੰਘ ਉਸ ਦੇ ਦੋਨੇਂ ਮੋਢੇ ਫੜ ਕੇ ਕਹਿੰਦਾ ਹੈ,
“ਲੋਕਾਂ ਦੀਆਂ ਗੱਲਾਂ ਵਿਚ ਆਪਣੇ ਆਪ ਨੂੰ ਬਹੁਤ ਨਹੀਂ ਉਲਝਾਈਦਾ।”
        ਉਹ ਥੋੜੀ ਉਚੀ ਅਵਾਜ਼ ਵਿਚ ਬੋਲਦਾ ਹੈ ਤਾਂ ਜੋ ਗਿਆਨ ਕੌਰ ਚੁਪ ਕਰ ਜਾਵੇ। ਉਸ ਨੂੰ ਤਾਰਿਕ ਬਾਰੇ ਜ਼ਿਆਦਾ ਫਿਕਰ ਹੈ ਕਿ ਉਹ ਉਸ ਉਪਰ ਵਾਰ ਕਰਨ ਦੀ ਤਿਆਰੀ ਵਿਚ ਹੋਵੇਗਾ।
       ਮੀਕਾ ਰਾਊਂਡ ਤੋਂ ਮੁੜਦਾ ਆਖਦਾ ਹੈ,
“ਅੰਕਲ, ਤੇਰੀ ਸੁੱਲੀ ਦਾ ਸੁੱਲਾ ਕਰ ਗਿਆ ਧੋਖਾ, ਦਿਖਾ ਗਿਆ ਆਪਣਾ ਅਸਲਾ।”
       ਪਰਦੁੱਮਣ ਸਿੰਘ ਸਮਝਦਾ ਹੋਇਆ ਪੁੱਛਦਾ ਹੈ, 
“ਕੀ ਹੋ ਗਿਆ?”
“ਹੋਣਾਂ ਕੀ ਸੀ, ਭੈਣ ਦੇਣੀ ਦਾ ਦੁਕਾਨਾਂ ਉਪਰ ਸਮੋਸੇ ਰੱਖ ਗਿਆ।”
       ਮੀਕਾ ਤਾਰਿਕ ਨੂੰ ਗਾਲ੍ਹਾਂ ਕੱਢ ਹੀ ਰਿਹਾ ਹੈ ਕਿ ਨਿੰਮਾ ਆ ਜਾਂਦਾ ਹੈ। ਤਾਰਿਕ ਵਾਲਾ ਰਾਊਂਡ ਹੁਣ ਨਿੰਮਾ ਕਰਦਾ ਹੈ। ਨਿੰਮਾ ਆਖਦਾ ਹੈ, 
“ਅੰਕਲ, ਤਾਰਿਕ ਸਾਰੀਆਂ ਦੁਕਾਨਾਂ ਤੇ ਫਿਰ ਗਿਆ, ਆਪਣਾ ਮਾਲ ਫਰੀ ਵਿਚ ਰੱਖ ਗਿਆ।”
       ਪਰਦੁੱਮਣ ਸਿੰਘ ਨੂੰ ਵੱਡਾ ਝਟਕਾ ਵੱਜਦਾ ਹੈ। ਉਸ ਨੂੰ ਪਤਾ ਹੈ ਕਿ ਬਿਜ਼ਨਸ ਵਿਚ ਇਹ ਹੋ ਸਕਦਾ ਹੈ ਪਰ ਪਹਿਲਾਂ ਕਦੇ ਇੰਨੀ ਸਿ਼ਦਤ ਨਾਲ ਮਹਿਸੂਸ ਨਹੀਂ ਕੀਤਾ। ਬਲਵੀਰ ਨੇ ਆਪਣੀ ਫੈਕਟਰੀ ਭਾਵੇਂ ਲਗਾਈ ਹੈ ਪਰ ਉਸ ਦੀਆਂ ਦੁਕਾਨਾਂ ਉਪਰ ਕਦੇ ਨਹੀਂ ਜਾਂਦਾ ਪਰ ਤਾਰਿਕ ਪੂਰਾ ਧੋਖੇਬਾਜ਼ ਨਿਕਲਿਆ ਹੈ। ਮੀਕਾ ਆਖਣ ਲਗਦਾ ਹੈ,
“ਅੰਕਲ, ਫਰੀਦਾ ਨੇ ਵੀ ਤੁਹਾਡੀ ਯਾਰੀ ਦੀ ਲਾਜ ਨਹੀਂ ਰੱਖੀ।” 
        ਮੀਕੇ ਦਾ ਇਵੇਂ ਮੂੰਹ ਪਾੜ ਕੇ ਇਹ ਗੱਲ ਕਹਿ ਦੇਣਾ ਉਸ ਨੂੰ ਬਹੁਤ ਬੁਰਾ ਲਗਦਾ ਹੈ ਪਰ ਉਹ ਉਸ ਵਲ ਧਿਆਨ ਦਿਤੇ ਬਿਨਾਂ ਆਖਦਾ ਹੈ,
“ਏਹਨੂੰ ਸਬਕ ਸਿਖਾਉਣਾ ਈ ਪੈਣਾਂ।” 
“ਅੰਕਲ, ਏਹਨੂੰ ਸਾਲ੍ਹੇ ਤਾਰਿਕ ਨੂੰ ਮੀਕੇ ਦੀ ਦੋਸਤੀ ਦਾ ਤਾਂ ਪਤੈ ਪਰ ਦੁਸ਼ਮਣੀ ਦਾ ਨਹੀਂ ਪਤਾ।”
       ਮੀਕਾ ਆਖ ਰਿਹਾ ਹੈ। ਪਰਦੁੱਮਣ ਸਿੰਘ ਉਸ ਵਲ ਤੇ ਫਿਰ ਨਿੰਮੇ ਵਲ ਦੇਖਦਾ ਹੈ। ਨਿੰਮਾ ਵੀ ਹਾਮੀ ਭਰਦਾ ਹੈ। ਉਹ ਉਹਨਾਂ ਦੋਨਾਂ ਨੂੰ ਉਪਰ ਦਫਤਰ ਵਿਚ ਲੈ ਜਾਂਦਾ ਹੈ। ਬੋਤਲ ਖੋਹਲਦਾ ਹੈ। ਉਹ ਦਫਤਰ ਵਿਚ ਹਮੇਸ਼ਾ ਹੀ ਵਿਸਕੀ ਰਖਿਆ ਕਰਦਾ ਹੈ। ਬੋਤਲ ਨੂੰ ਉਹ ਤਿੰਨੋ ਹੀ ਕਾਹਲੀ ਨਾਲ ਖਤਮ ਕਰਦੇ ਹਨ ਤੇ ਤਾਰਿਕ ਦੀ ਫੈਕਟਰੀ ਨੂੰ ਤੁਰ ਪੈਂਦੇ ਹਨ। ਰਾਹ ਵਿਚੋਂ ਇਕ ਬੋਤਲ ਹੋਰ ਖਰੀਦਦੇ ਹਨ ਤੇ ਉਸ ਦੀ ਫੈਕਟਰੀ ਪਹੁੰਚਣ ਤੋਂ ਪਹਿਲਾਂ ਪਹਿਲਾਂ ਉਸ ਨੂੰ ਵੀ ਮੁਕਾ ਦਿੰਦੇ ਹਨ। ਪਰਦੁੱਮਣ ਸਿੰਘ ਨੂੰ ਪਤਾ ਹੈ ਕਿ ਉਹ ਜ਼ਿਆਦਾ ਸ਼ਰਾਬੀ ਹੋ ਗਏ ਹਨ ਤੇ ਲੜਾਈ ਕਰਨ ਜੋਗੇ ਨਹੀਂ ਹਨ ਪਰ ਉਸ ਨੂੰ ਇਹ ਵੀ ਯਕੀਨ  ਕਿ ਤਾਰਿਕ ਉਹਨਾਂ ਦੇ ਮੁਕਾਬਲੇ ਤੇ ਨਹੀਂ ਆਵੇਗਾ। ਉਸ ਦੀ ਸਿਹਤ ਲੜਾਈ ਜੋਗੀ ਨਹੀਂ ਹੈ।
       ਫੈਕਟਰੀ ਪੁੱਜ ਕੇ ਪਰਦੁੱਮਣ ਸਿੰਘ ਦਰਵਾਜ਼ੇ ਨੂੰ ਧੱਕਾ ਮਾਰ ਕੇ ਗਾਲ੍ਹ ਕੱਢਦਾ ਹੈ। ਤਾਰਿਕ ਬਾਹਰ ਨਿਕਲਦਾ ਹੈ। ਮੀਕਾ ਦੇਖਦੇ ਸਾਰ ਹੀ ਤਾਰਿਕ ਦੇ ਮੁੱਕੇ ਜੜਨ ਲਗਦਾ ਹੈ। ਤਾਰਿਕ ਬਾਂਹਾਂ ਨਾਲ ਮੂੰਹ ਬਚਾਉਂਦਾ ਡਿੱਗ ਪੈਂਦਾ ਹੈ ਜਦ ਤਕ ਫੈਕਟਰੀ ਦੇ ਹੋਰ ਕਾਮੇਂ ਵੀ ਬਾਹਰ ਨਿਕਲ ਆਉਂਦੇ ਹਨ। ਫਰੀਦਾ ਉਹਨਾਂ ਤਿੰਨਾਂ ਨੂੰ ਗਾਲ੍ਹਾਂ ਕੱਢਣ ਲਗਦੀ ਹੈ। 

ਚਲਦਾ...