ਸਾਊਥਾਲ (ਕਾਂਡ 42)



       ਪਰਦੁੱਮਣ ਦੇ ਕੰਮ ਦੀ ਚੜ੍ਹਤ ਕਈਆਂ ਦੀਆਂ ਅੱਖਾਂ ਵਿਚ ਹਲਕੀ ਹਲਕੀ ਰੜਕ ਰਹੀ ਹੈ ਖਾਸ ਤੌਰ ਤੇ ਕਾਰੇ ਦੇ। ਕਾਰਾ ਕਹਿਣ ਲੱਗਦਾ ਹੈ ਕਿ ਇਹ ਸਾਲਾ ਦੁੱਮਣ ਸੜੇ ਹੋਏ ਆਲੂ ਜਾਂ ਰੱਦੀ ਜਿਹਾ ਚਿਕਨ ਵੇਚ ਕੇ ਈ ਮਿਲੀਅਨੇਅਰ ਬਣਿਆ ਫਿਰਦਾ ਹੈ। ਉਸ ਦਾ ਹੀ ਉਕਸਾਇਆ ਹੋਇਆ ਉਸ ਦਾ ਸਾਲਾ ਸੁਖਦੇਵ ਸਿੰਘ ਪਰਦੁੱਮਣ ਬਰਾਬਰ ਸਮੋਸਿਆਂ ਦੀ ਫੈਕਟਰੀ ਲਗਾ ਦਿੰਦਾ ਹੈ ਪਰ ਕੁਝ ਹਫਤਿਆਂ ਵਿਚ ਹੀ ਬੰਦ ਹੋ ਜਾਂਦੀ ਹੈ। ਫੈਕਟਰੀ ਲਾਉਣ ਤੋਂ ਪਹਿਲਾਂ ਸੁਖਦੇਵ ਕਾਰੇ ਨੂੰ ਲੈ ਕੇ ਪਰਦੁੱਮਣ ਤੋਂ ਸਲਾਹ ਲੈਣ ਆਉਂਦਾ ਹੈ ਪਰ ਪਰਦੁੱਮਣ ਕਈ ਸਿਧੀ ਸਲਾਹ ਨਹੀਂ ਦਿੰਦਾ। ਕੌਂਸਲ ਦਾ ਇਸ ਬਾਰੇ ਕੀ ਕਨੂੰਨ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੰਦਾ। ਸੁਖਦੇਵ ਦੀ ਲਾਈ ਫੈਕਟਰੀ ਹੈਲਥ ਵਾਲਿਆਂ ਦੀ ਕਾਨੂੰਨੀ ਪੱਧਰ ਤੋਂ ਹੇਠਾਂ ਹੋਣ ਕਰਕੇ ਹੈਲਥ ਵਾਲੇ ਬਹੁਤੇ ਨੁਕਸ ਕੱਢ ਦਿੰਦੇ ਹਨ। ਫਿਰ ਮੁਹਰੇ ਮਾਰਕੀਟਿੰਗ ਦੀ ਵੀ ਸਮੱਸਿਆ ਹੈ। ਸਮੋਸੇ ਜਾਂ ਅਜਿਹਾ ਹੋਰ ਕੋਈ ਮਾਲ ਬਣਾਉਣਾ ਸ਼ਾਇਦ ਇੰਨਾ ਔਖਾ ਨਾ ਹੋਵੇ ਔਖ ਸਾਹਮਣੇ ਉਦੋਂ ਆਉਂਦੀ ਹੈ ਜਦ ਮਾਲ ਨੂੰ ਵੇਚਣਾ ਹੋਵੇ। ਕਾਰਾ ਜਾਂ ਉਸ ਦਾ ਰਿਸ਼ਤੇਦਾਰ ਸੁਖਦੇਵ ਇਹ ਗੱਲ ਨਹੀਂ ਸਮਝ ਪਾਉਂਦੇ ਕਿ ਪਰਦੁੱਮਣ ਨੇ ਪਹਿਲਾਂ ਮਾਲ ਵੇਚਣ ਦੇ ਸਾਧਨ ਲੱਭੇ ਤੇ ਫਿਰ ਮਾਲ ਬਣਾਇਆ। ਪਰਦੁੱਮਣ ਦਿਲ ਹੀ ਦਿਲ ਵਿਚ ਹੱਸਦਾ ਹੈ ਕਿ ਉਸ
ਦਾ ਮੁਕਾਬਲਾ ਕਰਨਾ ਇੰਨਾ ਸੌਖਾ ਨਹੀਂ।

       ਫਿਰ ਬਲਵੀਰ ਉਸ ਬਰਾਬਰ ਫੈਕਟਰੀ ਲਗਾ ਦਿੰਦਾ ਹੈ। ਬਲਬੀਰ ਨੇ ਪਰਦੁੱਮਣ ਸਿੰਘ ਨਾਲ ਕੰਮ ਕੀਤਾ ਹੋਣ ਕਰਕੇ ਉਸ ਨੂੰ ਇਸ ਕੰਮ ਬਾਰੇ ਪਤਾ ਹੈ। ਫਿਰ ਉਸ ਦੀ ਪਤਨੀ ਦੀ ਮਾਂ ਵੀ ਪੀਟਰ ਦੀ ਫੈਕਟਰੀ ਵਿਚ ਕੰਮ ਕਰ ਚੁੱਕੀ ਹੈ। ਪਹਿਲਾਂ ਭਾਵੇਂ ਉਹ ਪਰਦੁੱਮਣ ਦੇ ਕਹਿਣ 'ਤੇ ਰੁਕ ਗਿਆ ਸੀ ਪਰ ਹੁਣ ਉਹ ਰੁਕਦਾ ਨਹੀਂ। ਪਹਿਲਾਂ ਤਾਂ ਪਰਦੁੱਮਣ ਉਸ ਨੂੰ ਧਮਕੀਆਂ ਜਿਹੀਆਂ ਦਿੰਦਾ ਹੈ, ਹੈਲਥ ਵਾਲਿਆਂ ਕੋਲ ਉਸ ਦੀ ਸ਼ਿਕਾਇਤ ਵੀ ਕਰਦਾ ਹੈ। ਹੈਲਥ ਇੰਸਪੈਕਟਰ ਜੈਰੀ ਨਾਲ ਉਸ ਦੀ ਗੰਢ ਸੰਢ ਹੈ ਤਾਂ ਹੀ ਤਾਂ ਪਰਦੁੱਮਣ ਨੂੰ ਕਦੇ ਕੋਈ ਅਜਿਹੀ ਮੁਸੀਬਤ ਨਹੀਂ ਪਈ। ਸਾਰੇ ਕਹਿੰਦੇ ਹਨ ਕਿ ਉਹ ਉਸ ਨੂੰ ਹਫਤਾ ਦਿੰਦਾ ਹੈ। ਜਦ ਪਰਦੁੱਮਣ ਦੇਖਦਾ ਹੈ ਬਲਵੀਰ ਦਾ ਕੰਮ ਚੱਲ ਪਿਆ ਹੈ ਤਾਂ ਉਹ ਉਸ ਨਾਲ ਦੋਸਤੀ ਕਰਨ ਉਸ ਦੀ ਫੈਕਟਰੀ ਚਲੇ ਜਾਂਦਾ ਹੈ। ਉਸ ਨੂੰ ਕਹਿੰਦਾ ਹੈ,
“ਬਲਵੀਰ, ਆਪਾਂ ਇਕ ਦੂਜੇ ਦੀ ਹੈਲਪ ਕਰਦੇ ਚੱਲੀਏ ਤਾਂ ਫੱਟੇ ਚੁੱਕ ਦੇਈਏ।”
“ਅੰਕਲ, ਮੈਂ ਕਦੇ ਤੇਰੇ ਖਿਲਾਫ ਜਾਨਾਂ!”
“ਜਾਣਾ ਵੀ ਨਹੀਂ ਚਾਹੀਦਾ, ਤੇਰੇ ਗਾਹਕਾਂ ਕੋਲ ਅਸੀਂ ਨਹੀਂ ਜਾਂਦੇ ਤੇ ਸਾਡਿਆਂ ਕੋਲ ਤੂੰ ਨਾ ਜਾਈਂ, ਦੇਖ, ਮੈਂ ਕਦੇ ਪੀਟਰ ਦੀ ਕਿਸੇ ਦੁਕਾਨ ‘ਤੇ ਨਹੀਂ ਗਿਆ ਜਦ ਕਿ ਸਾਡੀ ਕੋਈ ਵਾਕਫੀ ਵੀ ਨਹੀਂ, ਬੰਦੇ ਦੇ ਅਸੂਲ ਹੋਣੇ ਚਾਹੀਦੇ ਆ।”
“ਅੰਕਲ, ਫਿਕਰ ਨਾ ਕਰ।”
“ਕੀਮਤ ਵੀ ਨਾ ਘਟਾਈਂ, ਸਾਡੇ ਵਾਲੀ ਰੱਖੀਂ।”
       ਬਲਵੀਰ ਹਾਲੇ ਕੰਮ ਵਿਚ ਨਵਾਂ ਹੈ। ਉਹ ਪਹਿਲਾਂ ਹੀ ਕਿਸੇ ਕਿਸਮ ਦਾ ਮੁਕਾਬਲਾ ਕਰਨ ਦੇ ਹੱਕ ਵਿਚ ਨਹੀਂ ਹੈ। ਜ਼ਰਾ ਪੈਰ ਜੰਮ ਜਾਣਗੇ ਤਾਂ ਦੇਖੇਗਾ ਇਹ ਸਭ। ਉਹ ਪਰਦੁੱਮਣ ਸਿੰਘ ਦੀਆਂ ਸਾਰੀਆਂ ਗੱਲਾਂ ਵਿਚ ਹਾਮੀ ਭਰਦਾ ਜਾਂਦਾ ਹੈ। ਪ੍ਰਦੁੱਮਣ ਨੂੰ ਪਤਾ ਹੈ ਕਿ ਇਹ ਵਿਓਪਾਰ ਹੈ ਤੇ ਵਿਓਪਾਰ ਵਿਚ ਸਭ ਜਾਇਜ਼ ਹੁੰਦਾ ਹੈ ਸੋ ਬਲਵੀਰ ਕਦੇ ਵੀ ਬਦਲ ਸਕਦਾ ਹੈ। ਉਸ ਨੂੰ ਭਵਿੱਖ ਵਿਚ ਬਦਲਦੇ ਹਾਲਾਤ ਲਈ ਤਿਆਰ ਰਹਿਣਾ ਚਾਹੀਦਾ ਹੈ। ਉਸ ਨੂੰ ਲੱਗਦਾ ਹੈ ਕਿ ਉਸ ਦੇ ਕਾਰੋਬਾਰ ਵਿਚ ਬਲਵੀਰ ਦੀ ਪਾਈ ਇਹ ਪਹਿਲੀ ਵੱਡੀ ਸਿਰਦਰਦੀ ਹੈ। ਜੇਕਰ ਬਲਵੀਰ ਕੁਝ ਪੈਨੀਆਂ ਘਟਾ ਕੇ ਉਸ ਦੀਆਂ ਦੁਕਾਨਾਂ ਉਪਰ ਮਾਲ ਭੇਜਣ ਲੱਗ ਪਿਆ ਤਾਂ ਉਸ ਦਾ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ ਪਰ ਉਹ ਹਰ ਤਰ੍ਹਾਂ ਦੇ ਹਲਾਤ ਲਈ ਤਿਆਰ ਹੈ।
       ਇਕ ਇਨ ਫਰੀਦਾ ਪੁੱਛਦੀ ਹੈ,
“ਸਰਦਾਰ ਜੀ, ਇੰਨੇ ਉਦਾਸ ਕਿਉਂ ਓ ?”
       ਉਹ ਬਲਵੀਰ ਦੇ ਫੈਕਟਰੀ ਲਗਵਾਉਣ ਵਾਲੀ ਗੱਲ ਦੱਸਦਾ ਹੈ। ਉਹ ਕਹਿੰਦੀ ਹੈ,
“ਦੱਸੋ, ਮੈਂ ਕੁਝ ਕਰ ਸਾਂ ?”
“ਮੈਂ ਚਾਹੁੰਨਾ ਕਿ ਕੋਈ ਵਰਕਰ ਉਹਦੀ ਫੈਕਟਰੀ ਵਿਚ ਪਲਾਂਟ ਕਰ ਦੇਵਾਂ ਜਿਹੜਾ ਮੈਨੂੰ ਉਸ ਦੀ ਸਾਰੀ ਖਬਰ ਲਿਆ ਕੇ ਦੇਵੇ।”
       ਕਹਿ ਕੇ ਉਹ ਫਰੀਦਾ ਵੱਲ ਦੇਖਣ ਲੱਗਦਾ ਹੈ। ਫਰੀਦਾ ਕਹਿ ਉਠਦੀ ਹੈ,
“ਮੇਰੇ ਵੱਲ ਨਾ ਇੰਝ ਦੇਖੋ ਜੀ, ਮੈਂ ਨਾ ਜਾ ਸਾਂ ਆਪਣੇ ਸੁਹਣੇ ਸਰਦਾਰ ਨੂੰ ਛੱਡ ਕੇ।”
       ਕਹਿੰਦੀ ਉਸ ਦੀ ਦਾੜ੍ਹੀ ਵਿਚ ਉਂਗਲਾਂ ਫੇਰਨ ਲੱਗਦੀ ਹੈ।
       ਤਾਰਿਕ ਕੰਮ 'ਤੇ ਗਿਆ ਹੋਇਆ ਹੈ। ਉਸ ਦੇ ਕੰਮ 'ਤੇ ਜਾਣ ਮਗਰੋਂ ਉਹ ਫਰੀਦਾ ਨਾਲ ਕਾਫੀ ਸਾਰਾ ਵਕਤ ਬਿਤਾ ਲੈਂਦਾ ਹੈ ਪਰ ਤਾਰਿਕ ਦੇ ਆਉਣ ਨਾਲ ਫਰੀਦਾ ਨਾਲ ਨੇੜਤਾ ਸਮੇਂ ਉਸ ਦੇ ਮਨ ਵਿਚ ਇਕ ਝਿਜਕ ਜਿਹੀ ਰਹਿਣ ਲੱਗੀ ਹੈ। ਕਿਉਂਕਿ ਥੋੜ੍ਹੇ ਸਮੇਂ ਵਿਚ ਹੀ ਉਸ ਦੇ ਤਾਰਿਕ ਨਾਲ ਵੀ ਚੰਗੇ ਸਬੰਧ ਬਣ ਜਾਂਦੇ ਹਨ। ਇਕ ਗੁਨਾਹ ਭਾਵਨਾ ਮਨ ਵਿਚ ਤੈਰਦੀ ਰਹਿੰਦੀ ਹੈ। ਤਾਰਿਕ ਰਾਊਂਡ ਤੋਂ ਮੁੜ ਕੇ ਸਮੋਸੇ ਤਲਣ ਆ ਲੱਗਦਾ ਹੈ। ਕਈ ਵਾਰ ਪਰਦੁੱਮਣ ਸਿੰਘ ਲਈ ਖਾਸ ਤਰੀਕੇ ਨਾਲ ਮੱਛੀ ਤਲ਼ਦਾ ਹੈ। ਖਾਸ ਅੰਦਾਜ਼ ਵਿਚ ਬਟੇਰੇ ਬਣਾ ਕੇ ਖਵਾਉਂਦਾ ਹੈ। ਵਿਸਾਖੀ ਆਈ ਤਾਂ ਸਾਰੇ ਵਰਕਰਾਂ ਨੂੰ ਪਾਰਟੀ ਦਿੱਤੀ ਜਾਂਦੀ ਹੈ। ਐਤਕੀਂ ਤਾਰਿਕ ਆਪਣੇ ਹੱਥੀਂ ਖਾਣਾ ਤਿਆਰ ਕਰਦਾ ਹੈ ਤੇ ਨਾਲ ਹੀ ਈਦ ਦੀ ਪਾਰਟੀ ਆਪਣੇ ਵਲੋਂ ਦਿੰਦਾ ਹੈ। ਵਿਸਾਖੀ ਉਪਰ ਉਹ ਪਰਦੁੱਮਣ ਸਿੰਘ ਨਾਲ ਗੁਰਦੁਆਰੇ ਮੱਥਾ ਟੇਕਣ ਵੀ ਜਾਂਦਾ ਹੈ। 
       ਕਦੇ ਕਦੇ ਪਰਦੁੱਮਣ ਤਾਰਿਕ ਨੂੰ ਵਿਸਕੀ ਦੇ ਦੋ ਪੈੱਗ ਲਵਾ ਦਿੰਦਾ ਹੈ। ਵੈਸੇ ਤਾਂ ਤਾਰਿਕ ਪੱਕਾ ਮੁਸਲਮਾਨ ਹੈ ਪਰ ਪਰਦੁੱਮਣ ਸਿੰਘ ਦਾ ਕਹਿਣਾ ਨਹੀਂ ਮੋੜਦਾ। ਨਸ਼ੇ ਦੀ ਲੋਰ ਵਿਚ ਆ ਕੇ ਤਾਰਿਕ ਆਖਣ ਲਗਦਾ ਹੈ,
“ਓ ਪਰਦੁੱਮਣ ਸਿੰਘਾ, ਓ ਸਰਦਾਰਾ, ਤੂੰ ਤੇ ਮੈਨੂੰ ਸਕਿਆਂ ਭਾਰਾਵਾਂ ਨਾਲੋਂ ਵੀ ਵਧ ਜਾਪਸੈਂ।”
       ਜਦੋਂ ਤਾਰਿਕ ਇਵੇਂ ਆਖਦਾ ਹੈ ਤਾਂ ਉਸ ਅੰਦਰ ਫਰੀਦਾ ਨੂੰ ਮਿਲਣ ਕਰਕੇ ਗੁਨਾਹ ਭਾਵਨਾ ਪ੍ਰਬਲ ਹੋਣ ਲਗਦੀ ਹੈ। ਉਹ ਕੋਸਿ਼ਸ਼ ਕਰਦਾ ਹੈ ਫਰੀਦਾ ਤੋਂ ਦੂਰ ਰਹੇ। ਇਕ ਦਿਨ ਫਰੀਦਾ ਪੁੱਛਦੀ ਹੈ,
“ਸਰਦਾਰ ਜੀ, ਉਖੜੇ ਉਖੜੇ ਕਿਉਂ ਜੇ?”
“ਕਿਉਂ ਕਿ ਤਾਰਿਕ ਮੈਨੂੰ ਭਰਾ ਸਮਝਦਾ ਐ।”
“ਇਹ ਤਾਰਿਕ ਕਿਸੇ ਦਾ ਸਕਾ ਨਹੀਂ ਜੇ, ਐਵੇਂ ਨਾ ਇਹਦੀਆਂ ਗੱਲਾਂ ਵਿਚ ਆ ਜਾਸੀ।”
       ਇਕ ਦਿਨ ਫਰੀਦਾ ਦੱਸਣ ਲੱਗਦੀ ਹੈ,
“ਸਰਦਾਰ ਜੀ, ਹੁਣ ਆਪਣਾ ਮਿਲਣਾ ਬਹੁਤ ਮੁਸ਼ਕਲ ਹੋ ਜਾਣੈ।”
“ਕਿਉਂ ? ਕੋਈ ਕਰਫਿਊ ਲੱਗ ਗਿਐ ?”
“ਸਮਝ ਲਓ ਕਰਫਿਊ ਈ ਲੱਗ ਜਾਸੀ, ਮੈਂ ਛੇਤੀ ਈ ਕੰਮ ਛੱਡ ਸਾਂ।”
“ਕਿਉਂ ?”
“ਮੇਰਾ ਮੀਆਂ ਖੁਦ ਸਮੋਸਿਆਂ ਦੀ ਫੈਕਟਰੀ ਲਗਾ ਸੀ।”
“ਏਹਦੀ ਭੈਣ ਨੂੰ... ਸੁੱਲੇ ਦੀ ਨੂੰ। ਮੈਂ ਉਹਨੂੰ ਰੋਕਦਾਂ...।”
“ਹੁਣ ਕੀ ਰੁਕ ਹੋਸੀ ! ਯੂਨਿਟ ਲੀਜ਼ ਹੋ ਜਾਸੀ, ਭੱਠੀਆਂ ਲਗਵਾ ਛੋੜੀਆਂ ਸੂ।”
“ਤੂੰ ਪਹਿਲਾਂ ਨਹੀਂ ਦੱਸਿਆ ?”
“ਕਸਮ ਜਿਉਂ ਖਵਾ ਛੱਡੀ ਸੂ, ਮੈਂ ਇਕ ਵੇਰ ਇਸ਼ਾਰਾ ਕੀਤਾ ਸੂ, ਹੁਣ ਵੀ ਉਸ ਨੂੰ ਪਤਾ ਚਲ ਸੀ ਤੇ ਝਗੜਾ ਹੋ ਸੀ, ਖੁਦਾ ਮੈਨੂੰ ਮੁਆਫ ਕਰੇ। ਪਰ ਸਰਦਾਰ ਜੀ ਤੁਸਾਂ ਗੱਲ ਨਹੀਂ ਜੇ ਕਰਨਾ।”
       ਪਰਦੁੱਮਣ ਸਿੰਘ ਝਟਕਾ ਖਾਈ ਬੈਠਾ ਹੈ। ਬਲਵੀਰ ਦੀ ਫੈਕਟਰੀ ਤੋਂ ਬਾਅਦ ਉਹ ਇੰਨੀ ਜਲਦੀ ਹੋਰ ਫੈਕਟਰੀ ਖੁੱਲ੍ਹਦੀ ਨਹੀਂ ਦੇਖ ਸਕਦਾ। ਉਸ ਨੂੰ ਸਮਝ ਨਹੀਂ ਪੈ ਰਹੀ ਕਿ ਹੁਣ ਉਹ ਕੀ ਕਰੇ। ਤਾਰਿਕ ਕੰਮ ਤੋਂ ਮੁੜਦਾ ਹੈ ਤਾਂ ਉਹ ਇਕਦਮ ਪੁੱਛਦਾ ਹੈ,
“ਤਾਰਿਕ, ਤੂੰ ਆਪਣਾ ਕੰਮ ਕਰਨ ਲੱਗਿਐਂ ?”
“ਤੁਹਾਨੂੰ ਕੌਣ ਕਹਿ ਸੀ ਸਰਦਾਰ ਜੀ ?”
“ਜਿਨ੍ਹਾਂ ਤੋਂ ਤੂੰ ਕੰਮ ਕਰਵਾ ਰਿਹੈਂ ਉਹੀ ਦੱਸ ਕੇ ਗਏ ਆ।”
“ਓਹ ! ਪਰ ਭਰਾ ਜੀ, ਏਹਦੇ ਵਿਚ ਬੁਰਾਈ ਕੀ ਹੋਸੀ।”
“ਮੇਰੇ ਤੋਂ ਸਿੱਖ ਕੇ ਤੂੰ ਮੇਰੇ ਖਿਲਾਫ ਈ।”
“ਨਹੀਂ ਓਏ ਸਰਦਾਰਾ ! ਤੂੰ ਤੇ ਮੇਰਾ ਭਰਾ ਏਂ ਤੇ ਭਰਾ ਭਰਾ ਅਲੱਗ ਹੋਸਣ, ਤੂੰ ਵੀ ਤੇ ਕਿਸੇ ਤੋਂ ਸਿਖ ਕੇ ਕੰਮ ਸ਼ੁਰੂ ਕੀਤਾ ਸੂ, ਮੈਂ ਤੇਰੇ ਖਿਲਾਫ ਨਾ ਜਾ ਸਾਂ, ਹਾਲੇ ਤੂੰ ਮੇਰੇ ਖਿਲਾਫ ਜਾ ਸੈਂ ਤਾਂ ਪਤਾ ਨਾ...।”
       ਤਾਰਿਕ ਪੂਰੇ ਮੋਹ ਨਾਲ ਕਹਿ ਰਿਹਾ ਹੈ। ਪਰਦੁੱਮਣ ਨੂੰ ਲੱਗਦਾ ਜਿਵੇਂ ਉਹ ਕੋਈ ਗੁੱਝੀ ਗੱਲ ਕਰ ਗਿਆ ਹੋਵੇ। ਵੈਸੇ ਤਾਰਿਕ ਦੇ ਰੁੱਖ ਤੋਂ ਉਸ ਦਾ ਗੁੱਸਾ ਕੁਝ ਕੁ ਠੰਡਾ ਪੈਣ ਲੱਗਦਾ ਹੈ। ਉਹ ਸੋਚਦਾ ਹੈ ਕਿ ਕਿਸੇ ਨੂੰ ਆਪਣਾ ਕੰਮ ਸ਼ੁਰੂ ਕਰਨ ਤੋਂ ਉਹ ਕਿਵੇਂ ਰੋਕ ਸਕਦਾ ਹੇ। ਇਹ ਤਾਂ ਸੁਖਦੇਵ ਹੀ ਸੀ ਜਿਸ ਤੋਂ ਕੰਮ ਨਹੀਂ ਚੱਲਿਆ, ਨਹੀਂ ਤਾਂ ਉਸ ਨੇ ਤਾਂ ਰਿਸ਼ਤੇਦਾਰ ਹੋ ਕੇ ਵੀ ਉਸ ਨਾਲ ਮੁਕਾਬਲੇ 'ਤੇ ਕੰਮ ਆਰੰਭ ਲਿਆ ਸੀ। ਉਹ ਸੋਚਦਾ ਹੈ ਕਿ ਬਲਵੀਰ ਵਾਂਗ ਹੀ ਤਾਰਿਕ ਨਾਲ ਸਬੰਧ ਨਾਰਮਲ ਬਣਾ ਲਵੇ। ਫਿਰ ਇਸ ਦੀ ਫੈਕਟਰੀ ਵਿਚ ਤਾਂ ਫਰੀਦਾ ਉਸ ਦੀ ਜਾਸੂਸ ਹੋਵੇਗੀ ਹੀ।
       ਅਗਲੀ ਵਾਰ ਜਦ ਉਹ ਫਰੀਦਾ ਨੂੰ ਮਿਲਣ ਉਸ ਦੇ ਘਰ ਜਾਂਦਾ ਹੈ ਤਾਂ ਉਹ ਹਰ ਕਿਸਮ ਦੀ ਗੁਨਾਹ ਭਾਵਨਾ ਤੋਂ ਮੁਕਤ ਹੈ ਸਗੋਂ ਉਸ ਨੂੰ ਚੰਗਾ ਲੱਗ ਰਿਹਾ ਹੈ, ਇਵੇਂ ਜਿਵੇਂ ਤਾਰਿਕ ਨੂੰ ਸਜ਼ਾ ਦੇ ਰਿਹਾ ਹੋਵੇ।
       ਉਹ ਤਾਰਿਕ ਨੂੰ ਆਖਦਾ ਹੈ,
“ਦੇਖ ਤਾਰਿਕ, ਮੇਰੇ ਨਾਲ ਕੰਪੀਟੀਸ਼ਨ ਦੀ ਕੋਸ਼ਿਸ਼ ਨਾ ਕਰੀਂ।”
“ਨਾ ਮੇਰੇ ਭਰਾ, ਰੱਬ ਨੂੰ ਵੀ ਜਾਨ ਦੇਣੀ ਹੋਸੀ, ਤੇਰੇ ਨਾਲ ਦੁਸ਼ਮਣੀ ਕਰਕੇ ਤੇਰੇ ਹੱਥੋਂ ਜਾਨ ਗੁਆ ਲਈ ਤਾਂ ਫਿਰ ਰੱਬ ਨੂੰ ਕੀ ਦੇ ਸਾਂ। ਨਾਲੇ ਪਰਦੁੱਮਣ ਸਿੰਘ ਤੂੰ ਐਵੇਂ ਈ ਦਿਲ ਨੂੰ ਲਾ ਸੀ।”
       ਪਰਦੁੱਮਣ ਨੂੰ ਉਸ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਉਪਰ ਯਕੀਨ ਨਹੀਂ ਹੋ ਰਿਹਾ। ਉਸ ਨੂੰ ਮਹਿਸੂਸ ਹੋ ਰਿਹਾ  ਕਿ ਉਹ ਬਲਵੀਰ ਨਾਲੋਂ ਵੱਡਾ ਖਤਰਾ ਹੈ। ਉਹ ਉਸ ਉਪਰ ਨਿਗਾਹ ਰੱਖਣੀ ਸ਼ੁਰੂ ਕਰ ਦਿੰਦਾ ਹੈ।
       ਤਾਰਿਕ ਦੋ ਕੁ ਹਫਤੇ ਵਿਚ ਹੀ ਆਪਣਾ ਕੰਮ ਆਰੰਭ ਲੈਂਦਾ ਹੈ। ਕੁਝ ਕੁ ਦਿਨ ਤਾਂ ਸ਼ਾਂਤੀ ਰਹਿੰਦੀ ਹੈ ਪਰ ਛੇਤੀ ਹੀ ਉਹ ਆਪਣਾ ਮਾਲ ਪਰਦੁੱਮਣ ਸਿੰਘ ਵਾਲੀਆਂ ਥਾਵਾਂ ਉਪਰ ਹੀ ਰੱਖਣ ਲੱਗਦਾ ਹੈ। ਉਸ ਨੇ ਸਮੋਸਿਆਂ ਦੇ ਨਾਲ ਨਾਲ ਕੁਝ ਨਵੀਆਂ ਆਈਟਮਾਂ ਵੀ ਸ਼ੁਰੂ ਕਰ ਲਈਆਂ ਹਨ ਜਿਵੇਂ ਕਿ ਚਿਕਨ ਕਰੀ, ਵੈਜੀਟੇਬਲ ਕਰੀ, ਸਪਰਿੰਗ ਰੋਲ ਆਦਿ। ਇਨ੍ਹਾਂ ਵਾਧੂ ਆਈਟਮਾਂ ਦੀ ਪਰਦੁੱਮਣ ਸਿੰਘ ਨੂੰ ਚਿੰਤਾ ਨਹੀਂ ਹੈ, ਸਮੋਸਿਆਂ ਦੀ ਮੁੱਖ ਗੱਲ ਹੈ।
       ਸਮੋਸਿਆਂ ਦੀ ਕੀਮਤ ਤਾਰਿਕ ਘੱਟ ਨਹੀਂ ਰੱਖ ਰਿਹਾ ਪਰ ਸਮੋਸੇ ਉਪਰ ਹਲਾਲ ਲਿਖਿਆ ਹੋਣ ਕਰਕੇ ਕੁਝ ਗਾਹਕਾਂ ਲਈ ਖਾਸ ਖਿੱਚ ਰੱਖਦਾ ਹੈ ਤੇ ਉਸ ਨੂੰ ਲੱਗਦਾ ਹੈ ਕਿ ਤਾਰਿਕ ਦੇ ਸਮੋਸੇ ਜ਼ਿਆਦਾ ਵਿਕਣਗੇ। ਉਹ ਗੁੱਸੇ ਦਾ ਭਰਿਆ ਤਾਰਿਕ ਦੀ ਫੈਕਟਰੀ ਪੁੱਜਦਾ ਹੈ।
“ਮੀਆਂ, ਤੂੰ ਮੇਰਾ ਭਰਾ ਬਣਿਆ ਸੀ ਫੇਰ ਆਹ ਕੀ ਧੋਖਾ ਕਰਨ ਡਿਹਾਂ ?”
“ਯਾਰਾ, ਮੈਂ ਤੇਰਾ ਹੈਗਾ ਤਾਂ ਭਰਾ ਈ ਪਰ ਕੀ ਕਰਾਂ ਗਾਹਕ ਮੇਰੇ ਮਾਲ ਨੂੰ ਜ਼ਿਆਦਾ ਪਸੰਦ ਕਰਦੇ ਹੋਸੀ।”
“ਪਰ ਤੂੰ ਮੇਰੀਆਂ ਦੁਕਾਨਾਂ ਉਪਰ ਜਾਨਾਂ ਕੀ ਕਰਨ ਐਂ ?”
“ਮੈਂ ਨਾ ਜਾ ਸਾਂ, ਉਹ ਫੋਨ ਕਰਸਣ।”
“ਤਾਰਿਕ, ਤੂੰ ਮੇਰੇ ਨਾਲ ਦੁਸ਼ਮਣੀ ਪਾ ਰਿਹਾਂ, ਮੈਂ ਦੱਸ ਦਿੰਨਾਂ ਪਛਤਾਏਂਗਾ।”
“ਨਾ ਸਰਦਾਰਾ, ਮੈਂ ਕਿਸੇ ਨਾਲ ਦੁਸ਼ਮਣੀ ਨਹੀਂ ਪਾ ਰਿਹਾ, ਆਪਣੀ ਮਿਹਨਤ ਕਰ ਸਾਂ।”
“ਮਿਹਨਤ ਤੂੰ ਮਹਾਂਦੇਵ ਦਾ ਘੈਂਟਾ ਕਰ ਰਿਹੈਂ।”
       ਕਹਿ ਕੇ ਉਹ ਇਕ ਪਾਸੇ ਥੁੱਕ ਦਿੰਦਾ ਹੈ। ਉਸ ਨੂੰ ਉਚੀ ਬੋਲਦਾ ਦੇਖ ਕੇ ਫਰੀਦਾ ਉਸ ਕੋਲ ਆ ਖੜਦੀ ਹੈ। ਉਹ ਕਹਿੰਦਾ ਹੈ,
“ਫਰੀਦਾ, ਆਪਣੇ ਏਸ ਝੁੱਡੂ ਨੂੰ ਸਮਝਾ ਕਿ ਮੇਰਾ ਬਿਜ਼ਨਸ ਖਰਾਬ ਨਾ ਕਰੇ, ਨਹੀਂ ਤਾਂ ਤੇਰੀ ਸੌਂਹ ਏਸ ਕੰਜਰ ਦਾ ਖੂਨ ਕਰ ਦੇਊਂ।”
       ਜਦ ਪਰਦੁੱਮਣ ਸਿੰਘ ਫਰੀਦਾ ਦੀ ਸਹੁੰ ਖਾਂਦਾ ਹੈ ਤਾਂ ਤਾਰਿਕ ਦਾ ਪਾਰਾ ਵੀ ਚੜ੍ਹ ਜਾਂਦਾ ਹੈ। ਉਹ ਗਾਲ੍ਹਾਂ ਕੱਢਣ ਲੱਗਦਾ ਹੈ। ਫੈਕਟਰੀ ਦੇ ਹੋਰ ਵਰਕਰ ਵੀ ਇਕੱਠੇ ਹੋ ਜਾਂਦੇ ਹਨ। ਗੱਲ ਹੱਥੋਪਾਈ ਤੱਕ ਪੁੱਜ ਜਾਂਦੀ ਹੈ। ਫਰੀਦਾ ਪਰਦੁੱਮਣ ਸਿੰਘ ਦਾ ਮੋਢਾ ਥਾਪੜਦੇ ਆਖਦੀ ਹੈ,
“ਸਰਦਾਰ ਜੀ, ਤੁਸੀਂ ਜਾਓ, ਮੈਂ ਤਾਰਿਕ ਨਾਲ ਗੱਲ ਕਰ ਸਾਂ।”
       ਪਰਦੁੱਮਣ ਉੁਥੋਂ ਤੁਰ ਪੈਂਦਾ ਹੈ। ਉਹ ਸੋਚ ਰਿਹਾ ਹੈ ਕਿ ਜੇ ਮੀਕਾ ਜਾਂ ਕੋਈ ਹੋਰ ਉਸ ਨਾਲ ਹੁੰਦਾ ਤਾਂ ਤਾਰਿਕ ਦੇ ਦੋ ਲਗਾ ਕੇ ਹੀ ਜਾਂਦਾ।
       ਉਸ ਦੇ ਜਾਣ ਤੋਂ ਬਾਅਦ ਫਰੀਦਾ ਤਾਰਿਕ ਨੂੰ ਆਖਦੀ ਹੈ,
“ਤੁਸੀਂ ਸਰਦਾਰ ਜੀ ਨਾਲ ਦੁਸ਼ਮਣੀ ਜ਼ਰੂਰ ਸਹੇੜਨੀ ਸੂ। ਆਪਣਾ ਮਾਲ ਹੋਰ ਪਾਸੇ ਰੱਖੋ, ਆਪੇ ਤਾਂ ਕਹਿੰਦੇ ਪਏ ਜੇ ਕਿ ਲੰਡਨ ਬਹੁਤ ਵੱਡਾ ਹੋਸੀ।”
“ਤੂੰ ਬੀਵੀ ਮੇਰੀ ਐਂ ਕਿ ਸਰਦਾਰ ਦੀ ?”
“ਕੀ ਮਤਲਬ ਤੁਹਾਡਾ ?”
“ਬੀਵੀ ਤੂੰ ਮੇਰੀ ਏਂ ਤੇ ਤਰਫਦਾਰੀ ਸਰਦਾਰ ਦੀ ਕਰ ਰਹੀ ਏਂ।”
“ਨਹੀਂ ਜੀ, ਮੈਂ ਤਾਂ ਲੜਾਈ ਖਤਮ ਕਰਨ ਦੀ ਕਰ ਸਾਂ।”
“ਲੜਾਈ ਤਾਂ ਹੁਣ ਸ਼ੁਰੂ ਹੋ ਸੀ, ਮੈਂ ਏਹਦੀਆਂ ਸਾਰੀਆਂ ਦੁਕਾਨਾਂ ਭੰਨ ਸਾਂ, ਏ ਸ਼ੋਹਦਾ ਕੀ ਸਮਝੇ ਤਾਰਿਕ ਨੂੰ! ਸਾਲਾ ਮੇਰੀ ਬੀਵੀ ਦੀ ਸੌਂਹ ਖਾਂਦਾ ਪਿਆ ਜੇ।”   

ਚਲਦਾ...