ਜਗਮੋਹਣ ਕਦੇ ਕਦਾਈਂ ਹੀ ਗੁਰਦਵਾਰੇ ਜਾਂਦਾ ਹੈ ਉਹ ਵੀ ਕਿਸੇ ਮਜਬੂਰੀਵਸ। ਕੋਈ ਵਿਆਹ ਹੋਵੇ ਜਾਂ ਰਿਸ਼ਤੇਦਾਰੀ ਵਿਚ ਭੋਗ ਆਦਿ। ਅਜ ਮਨਦੀਪ ਦੇ ਨਾਲ ਨਾਲ ਨਵਕਿਰਨ ਤੇ ਨਵਜੀਵਨ ਵੀ ਗੁਰਦਵਾਰੇ ਚੱਲਣ ਲਈ ਜ਼ੋਰ ਪਾਉਂਦੇ ਹਨ। ਸੰਗਰਾਂਦ ਦਾ ਦਿਹਾੜਾ ਹੈ। ਉਸ ਨੂੰ ਨਹੀਂ ਪਤਾ ਪਰ ਮਨਦੀਪ ਨੂੰ ਪਤਾ ਹੈ। ਮਨਦੀਪ ਦਾ ਮੰਨਣਾਂ ਹੈ ਕਿ ਸੰਗਰਾਂਦ ਵਾਲੇ ਦਿਨ ਮੱਥਾ ਟੇਕਣਾ ਜਿ਼ਆਦਾ ਸ਼ੁੱਭ ਹੁੰਦਾ ਹੈ।
ਦੋਵੇਂ ਮੁੰਡੇ ਵੀ ਹੁਣ ਗੁਰਦੁਆਰੇ ਦੇ ਪ੍ਰੇਮੀ ਬਣ ਚੁੱਕੇ ਹਨ। ਉਹਨਾਂ ਨੂੰ ਗੁਰਦਵਾਰੇ ਦੀ ਰੋਟੀ ਤੇ ਪ੍ਰਸ਼ਾਦ ਚੰਗੇ ਲਗਦੇ ਹਨ। ਨਵਕਿਰਨ ਇਕ ਦਿਨ ਪੁੱਛਦਾ ਹੈ,
“ਡੈਡ, ਤੂੰ ਸਾਡੇ ਨਾਂ ਵਿਚੋਂ ਸਿੰਘ ਕਿਉਂ ਕੱਢ ਦਿੱਤਾ ?”
ਜਗਮੋਹਣ ਨੇ ਬੱਚਿਆਂ ਦੇ ਨਾਂ ਨਾਲ ਸਿੰਘ ਨਹੀਂ ਲਗਵਾਇਆ ਹੋਇਆ। ਮੁੰਡੇ ਦੇ ਪੁੱਛਣ 'ਤੇ ਉਹ ਕਹਿੰਦਾ ਹੈ,
“ਸੋ ਵੱਟ ! ਸਿੰਘ ਲਿਖਵਾਉਣ ਜਾਂ ਨਾ ਲਿਖਵਾਉਣ ਨਾਲ ਕੀ ਫਰਕ ਪੈਂਦੈ!”
“ਪੈਂਦਾ ਕਿਉਂ ਨਹੀਂ। ਪੀਪਲ ਨੂੰ ਪਤਾ ਨਹੀਂ ਚੱਲਦਾ ਕਿ ਮੈਂ ਸਿੰਘ ਆਂ, ਉਹ ਸਮਝਦੇ ਆ ਮੈਂ ਹਿੰਦੂ ਜਾਂ ਮੁਸਲਮਾਨ ਆਂ।”
“ਡੈਡ, ਮੈਂ ਵਾਲ ਲੰਮੇ ਕਰ ਲਵਾਂ।”
“ਤੇਰੀ ਮਰਜ਼ੀ ਐ, ਪਰ ਪੱਗ ਬੰਨ੍ਹਣੀ ਪੈਣੀ ਆਂ।”
“ਤੂੰ ਮੈਨੂੰ ਟੀਚ ਕਰੇਂਗਾ ?”
“ਹਾਂ ਕਰ ਦੇਵਾਂਗਾ।”
ਪਹਿਲੀ ਨਜ਼ਰੇ ਭਾਵੇਂ ਨਵਜੀਵਨ ਦੀ ਗੱਲ ਉਸ ਨੂੰ ਬੁਰੀ ਲੱਗਦੀ ਹੈ ਪਰ ਜਦ ਉਸ ਨੇ ਆਪਣੇ ਦੋਨਾਂ ਮੁੰਡਿਆਂ ਨੂੰ ਬੰਨ੍ਹੀ ਹੋਈ ਪੱਗ ਨਾਲ ਚਿਤਵਿਆ ਤਾਂ ਉਸ ਨੂੰ ਬਹੁਤ ਚੰਗਾ ਚੰਗਾ ਮਹਿਸੂਸ ਹੁੰਦਾ ਹੈ। ਉਹ ਸੋਚਦਾ ਹੈ ਕਿ ਰੱਖਣ ਨੂੰ ਤਾਂ ਭਾਵੇਂ ਮੁੰਡੇ ਵਾਲ ਰੱਖ ਲੈਣ ਪਰ ਇਨ੍ਹਾਂ ਤੋਂ ਸੰਭਾਲੇ ਨਹੀਂ ਜਾਣੇ। ਜੇ ਤਾਂ ਹੋਸ਼ ਸੰਭਾਲਦੇ ਹੀ ਰੱਖ ਲੈਂਦੇ ਤਾਂ ਆਦਤ ਪੈ ਗਈ ਹੁੰਦੀ ਹੁਣ ਮੁਸ਼ਕਲ ਹੋ ਜਾਵੇਗੀ।
ਉਹ ਗੁਰਦੁਆਰੇ ਪੁੱਜਦੇ ਹਨ। ਬਹੁਤ ਭੀੜ ਹੈ। ਮੱਥਾ ਟੇਕਣ ਵਾਲਿਆਂ ਦੀ ਲਾਈਨ ਗੁਰਦਵਾਰੇ ਤੋਂ ਬਾਹਰ ਤਕ ਹੈ। ਘੰਟੇ ਭਰ ਦੀ ਉਡੀਕ ਜਿੰਨੀ ਲੰਮੀ ਲਾਈਨ ਹੈ। ਕਾਰ ਇਕ ਪਾਸੇ ਰੋਕ ਕੇ ਜਗਮੋਹਣ ਮਨਦੀਪ ਨੂੰ ਆਖਦਾ ਹੈ,
“ਆਪਾਂ ਮੁੜ ਨਾ ਚੱਲੀਏ, ਫੇਰ ਆ ਜਾਵਾਂਗੇ, ਕੱਲ੍ਹ ਨੂੰ ਸਹੀ।”
“ਏਹਦਾ ਕੀ ਮਤਲਬ ਹੋਇਆ ? ਗੁਰਦੁਆਰੇ ਆਏ ਆਂ ਤਾਂ ਮੱਥਾ ਟੇਕ ਕੇ ਈ ਜਾਵਾਂਗੇ।”
“ਤੇਰੀ ਮਰਜ਼ੀ, ਤੂੰ ਅੱਜ ਕੰਮ 'ਤੇ ਵੀ ਜਾਣੈ, ਮੱਥਾ ਤਾਂ ਕਦੇ ਵੀ ਟੇਕ ਹੋ ਜਾਊ, ਵਾਹਿਗੁਰੂ ਨੇ ਕਿਤੇ ਨਹੀਂ ਜਾਣਾ।”
ਜਗਮੋਹਣ ਦੇ ਕਹਿਣ 'ਤੇ ਮਨਦੀਪ ਸੋਚਣ ਲੱਗਦੀ ਹੈ ਤੇ ਫਿਰ ਘੜੀ ਦੇਖਦੀ ਹੈ ਤੇ ਦੁਚਿੱਤੀ ਵਿਚ ਪੈ ਜਾਂਦੀ ਹੈ ਤੇ ਆਖਦੀ ਹੈ,
“ਅੱਜ ਸੰਗਰਾਂਦ ਐ, ਮੱਥਾ ਟੇਕਣਾ ਵੀ ਜ਼ਰੂਰੀ ਐ।”
“ਤਾਂਹੀਓਂ!... ਠੀਕ ਐ ਆਪਾਂ ਲਾਈਨ ਵਿਚ ਜਾ ਖੜਦੇ ਆਂ, ਤੂੰ ਅੱਜ ਕੰਮ ਤੋਂ ਛੁੱਟੀ ਕਰ ਲੈ।”
ਜਗਮੋਹਣ ਕਹਿੰਦਾ ਹੈ ਤੇ ਮਨਦੀਪ ਉਸ ਵੱਲ ਬੇਚਾਰਗੀ ਨਾਲ ਦੇਖਣ ਲੱਗਦੀ ਹੈ। ਜਗਮੋਹਣ ਫਿਰ ਆਖਦਾ ਹੈ,
“ਅਸਲ ਵਿਚ ਇਸ ਭੀੜ ਵਿਚਲੇ ਲੋਕ ਸਾਡੇ ਨਾਲੋਂ ਜ਼ਿਆਦਾ ਜ਼ਰੂਰਤਮੰਦ ਹੈਗੇ ਆ, ਕਿਸੇ ਨੇ ਡਰਾਈਵਿੰਗ ਲਾਇਸੰਸ ਲਈ ਅਰਦਾਸ ਕਰਨੀ ਐ, ਕਿਸੇ ਨੇ ਪੱਕਾ ਹੋਣ ਲਈ ਆਰਜ਼ੀ ਜਿਹੀ ਵਹੁਟੀ ਦੀ ਮੰਗ ਕਰਨੀ ਐ, ਕਿਸੇ ਨੇ ਆਪਣੀ ਭੂਆ ਇੰਡੀਆ ਤੋਂ ਮੰਗਾਉਣ ਵਾਸਤੇ ਮੱਥਾ ਟੇਕਣਾ।”
“ਤੁਸੀਂ ਮਜ਼ਾਕ ਕਰਨੇ ਬੰਦ ਕਰੋ ਤੇ ਕਾਰ ਵਿਚ ਈ ਬੈਠੋ, ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਮੱਥਾ ਟੇਕ ਕੇ ਆਈ।”
“ਮੈਂ ਕਾਰ ਰੋਕੂੰ ਕਿਥੇ? ਗੁਰਦੁਆਰੇ ਦਾ ਕਾਰ ਪਾਰਕ ਭਰਿਆ ਪਿਐ, ਬਾਹਰ ਟ੍ਰੈਫਿਕ ਵਾਰਡਨ ਏਦਾਂ ਫਿਰਦੇ ਆ ਜਿੱਦਾਂ ਭੂੰਡਾਂ ਦਾ ਖੱਖਰ ਛਿੜਿਆ ਹੋਇਆ ਹੋਵੇ, ਕਾਰ ਕਿਥੇ ਰੋਕੂੰ ?”
“ਜਦ ਤੁਸੀਂ ਵਿਚ ਈ ਬੈਠੇ ਰਹਿਣੈ ਤਾਂ ਫਿਰ ਕੀ !”
ਕਹਿੰਦੀ ਉਹ ਆਪਣੀ ਚੁੰਨੀ ਠੀਕ ਕਰਦੀ ਕਾਰ ਵਿਚੋਂ ਉਤਰ ਜਾਂਦੀ ਹੈ। ਨਵਕਿਰਨ ਉਸ ਦੇ ਨਾਲ ਚਲੇ ਜਾਂਦਾ ਹੈ ਤੇ ਨਵਜੀਵਨ ਪਿਓ ਕੋਲ ਬੈਠਾ ਰਹਿੰਦਾ ਹੈ। ਉਹ ਕਹਿੰਦਾ ਹੈ,
“ਡੈਡ, ਤੂੰ ਵੀ ਪੱਗ ਪਾਇਆ ਕਰ।”
“ਕਿਉਂ ?”
“ਇਹਦੇ ਨਾਲ ਲੋਕਾਂ ਨੂੰ ਪਤਾ ਚੱਲਦਾ ਕਿ ਮੇਰਾ ਡੈਡੀ ਵੀ ਸਿੱਖ ਐ।”
“ਤੂੰ ਸਕੂਲੋਂ ਬਹੁਤ ਕੁਝ ਲਰਨ ਕਰਨ ਲੱਗ ਪਿਐਂ !”
“ਮੈਨੂੰ ਸਾਰੇ ਰਿਲੀਜਨਾਂ ਬਾਰੇ ਪਤਾ, ਮੇਰਾ ਫਰਿੰਡ ਇਮਰਾਨ ਫਾਸਟ ਰੱਖਦੈ। ਡੈਡ, ਮੁਸਲਿਮ ਹੈਪੀ ਈਦ ਕਹਿੰਦੇ ਆ, ਅਸੀਂ ਕੀ ਕਹਿੰਦੇ ਆਂ।”
ਜਗਮੋਹਣ ਸੋਚਾਂ ਵਿਚ ਪੈ ਜਾਂਦਾ ਹੈ ਕਿ ਕੀ ਜਵਾਬ ਦੇਵੇ। ਆਪਣੇ ਨਾਸਤਕ ਹੋਣ ਬਾਰੇ ਦਸ ਕੇ ਮੁੰਡੇ ਨੂੰ ਕਿਸੇ ਤਰ੍ਹਾਂ ਉਲਝਾਉਣਾ ਨਹੀਂ ਚਾਹੁੰਦਾ। ਉਹ ਕਹਿਣ ਲਗਦਾ ਹੈ,
“ਤੂੰ ਤੇ ਯਾਰ ਬੜਾ ਤੇਜ਼ ਹੋਇਆ ਫਿਰਦੈਂ।”
“ਨਹੀਂ, ਦੱਸ ਵੀ ਡੈਡ।”
“ਤੂੰ ਹੈਪੀ ਵਿਸਾਖੀ ਕਹਿ ਲਿਆ ਕਰ, ਦੀਵਾਲੀ ਹੋਵੇ ਤਾਂ ਹੈਪੀ ਦੀਵਾਲੀ ਤੇ ਲੋਹੜੀ ਹੋਵੇ ਤਾਂ ਹੈਪੀ ਲੋਹੜੀ।”
ਨਵਜੀਵਨ ਉਸ ਵਲ ਇਵੇਂ ਦੇਖ ਰਿਹਾ ਹੈ ਜਿਵੇਂ ਉਸ ਦੀ ਤਸੱਲੀ ਨਾ ਹੋਈ ਹੋਵੇ।
ਜਗਮੋਹਣ ਨੂੰ ਪਤਾ ਹੈ ਕਿ ਸਾਡੇ ਬੱਚਿਆਂ ਨੂੰ ਅਡੈਂਟਿੰਟੀ ਕਰਾਈਸਸ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰੇਵਾਲ ਦੱਸਿਆ ਕਰਦਾ ਹੈ ਕਿ ਸਕੂਲਾਂ, ਕਾਲਜਾਂ ਵਿਚ ਮੁੰਡੇ ਕੁੜੀਆਂ ਕਿਵੇਂ ਆਪਣੀ ਮੂਲ ਦੀ ਪਛਾਣ ਬਾਰੇ ਫਿਕਰਮੰਦ ਰਹਿੰਦੇ ਹਨ। ਮੁਸਲਮਾਨ ਇਸ ਗੱਲੋਂ ਚੰਗੇ ਹਨ ਕਿ ਬਚਪਨ ਵਿਚ ਹੀ ਬੱਚੇ ਨੂੰ ਪੂਰੀ ਕੁਰਾਨ ਚੇਤੇ ਕਰਾ ਦਿੰਦੇ ਹਨ। ਉਸ ਦੇ ਇਕ ਦੋਸਤ ਨੇ ਗੱਲ ਸੁਣਾਈ ਸੀ ਕਿ ਉਸ ਦੀ ਬੇਟੀ ਸਕੂਲੋਂ ਆ ਕੇ ਉਸ ਨੂੰ ਪੁੱਛਣ ਲਗੀ ਸੀ ਕਿ ਆਪਾਂ ਕੌਣ ਹਾਂ ਹਿੰਦੂ, ਮੁਸਲਮਾਨ ਕਿ ਇਸਾਈ। ਉਸ ਇਲਾਕੇ ਵਿਚ ਸਿੱਖ ਕੋਈ ਰਹਿੰਦਾ ਨਹੀਂ ਸੀ ਇਸ ਕਰਕੇ ਬੱਚੀ ਨੂੰ ਪਤਾ ਹੀ ਨਹੀਂ ਸੀ ਕਿ ਸਿੱਖ ਧਰਮ ਨਾਂ ਦੀ ਕੋਈ ਚੀਜ਼ ਵੀ ਹੈ ਤੇ ਉਸ ਦਾ ਦੋਸਤ ਕਦੇ ਗੁਰਦਵਾਰੇ ਜਾਂਦਾ ਹੀ ਨਹੀਂ ਸੀ। ਉਸ ਦੇ ਦੋਸਤ ਨੇ ਸਭ ਤੋਂ ਪਹਿਲਾਂ ਜੋ ਕੰਮ ਕੀਤਾ ਉਹ ਸੀ ਬੱਚਿਆਂ ਨੂੰ ਆਪਣੇ ਧਰਮ ਦੀ ਸਿਖਿਆ ਦੇਣ ਦਾ, ਉਸ ਨੂੰ ਡਰ ਸੀ ਕਿ ਬੱਚੇ ਕਿਸੇ ਹੋਰ ਧਰਮ ਵਲ ਹੀ ਉਲਾਰ ਨਾ ਹੋ ਜਾਣ। ਜਗਮੋਹਣ ਵੀ ਸੋਚਦਾ ਹੈ ਕਿ ਸਾਊਥਾਲ ਇਕ ਬਹੁਧਰਮੀ ਸ਼ਹਿਰ ਹੈ ਇਸ ਲਈ ਬੱਚੇ ਨੂੰ ਪਤਾ ਆਪਣੇ ਧਰਮ ਬਾਰੇ ਪਤਾ ਹੋਣਾ ਚਾਹੀਦਾ ਹੈ। ਪਹਿਲੀਆਂ ਵਿਚ ਜਗਮੋਹਣ ਸੋਚਦਾ ਹੁੰਦਾ ਸੀ ਕਿ ਬੱਚਿਆਂ ਨੂੰ ਰੱਬ ਦੇ ਨਾ ਹੋਣ ਬਾਰੇ ਸਮਝਾਵੇਗਾ ਪਰ ਹੁਣ ਉਹ ਸੋਚਦਾ ਹੈ ਕਿ ਸਕੂਲਾਂ ਵਿਚ ਰੱਬ ਦੀ ਹੋਂਦ ਨੂੰ ਵਾਰ ਵਾਰ ਦੁਹਰਾਇਆ ਜਾਂਦਾ ਹੈ ਇਸ ਲਈ ਉਸ ਦੀ ਦੱਸੀ ਕੋਈ ਗੱਲ ਬੱਚਿਆਂ ਨੂੰ ਦੁਬਧਾ ਵਿਚ ਪਾ ਸਕਦੀ ਹੈ। ਰੱਬ ਹੈ ਜਾਂ ਨਹੀਂ ਇਹ ਤਾਂ ਉਹ ਜਿ਼ੰਦਗੀ ਦੇ ਸਕੂਲ ਵਿਚੋਂ ਹੀ ਸਿਖਣਗੇ ਪਰ ਮਨਦੀਪ ਦੀ ਧਰਮ ਪ੍ਰਤੀ ਸ਼ਰਦਾ ਕਾਰਨ ਉਹ ਵੀ ਸਿੱਖ ਧਰਮ ਤੋਂ ਉਹ ਪੂਰੀ ਤਰ੍ਹਾਂ ਜਾਣੂ ਹੋ ਗਏ ਹਨ। ਹੁਣ ਉਸ ਨੂੰ ਨਵਜੀਵਨ ਦੇ ਸਵਾਲ ਜ਼ਿਆਦਾ ਹੀ ਟੇਢੇ ਲੱਗ ਰਹੇ ਹਨ। ਉਹ ਚਾਹੁੰਦਾ ਹੈ ਕਿ ਉਹ ਹੋਰ ਸਵਾਲ ਨਾ ਕਰੇ। ਉਹ ਉਸ ਦਾ ਧਿਆਨ ਹੋਰ ਪਾਸੇ ਪਾਉਣ ਦੀ ਕੋਸ਼ਿਸ਼ ਕਰਨ ਲੱਗਦਾ ਹੈ। ਉਹ ਗੁਰਦੁਆਰੇ ਦੀ ਕਾਰ ਪਾਰਕ ਵਿਚ ਕਾਰ ਨੂੰ ਲੈ ਜਾਂਦਾ ਹੈ ਕਿ ਸ਼ਾਇਦ ਕੋਈ ਸ਼ਰਧਾਲੂ ਚਲੇ ਗਿਆ ਹੋਵੇ ਤੇ ਕਾਰ ਕਿਤੇ ਖੜੀ ਕਰਨ ਲਈ ਜਗ੍ਹਾ ਮਿਲ ਜਾਵੇ ਤੇ ਨਵਜੀਵਨ ਨੂੰ ਵੀ ਗੁਰਦੁਆਰੇ ਅੰਦਰ ਮਨਦੀਪ ਤੇ ਨਵਕਿਰਨ ਨਾਲ ਮੱਥਾ ਟੇਕਣ ਵਾਲੀ ਲਾਈਨ ਵਿਚ ਖੜਾ ਕਰ ਆਵੇ ਪਰ ਉਸ ਨੂੰ ਕਾਰ ਲਈ ਜਗ੍ਹਾ ਨਹੀਂ ਮਿਲਦੀ।
ਸਾਹਮਣੇ ਵੌਕਸਲ ਦੀ ਆਸਟਰਾ ਕਾਰ ਡਬਲ ਪਾਰਕ ਕੀਤੀ ਹੋਈ ਦਿਖਾਈ ਦਿੰਦੀ ਹੈ। ਉਹ ਸੋਚਦਾ ਹੈ ਕਿ ਇਹ ਤਾਂ ਭੁਪਿੰਦਰ ਦੀ ਕਾਰ ਹੈ। ਉਸ ਨੂੰ ਭੁਪਿੰਦਰ ਵਿਚ ਬੈਠਾ ਦਿਸ ਪੈਂਦਾ ਹੈ। ਭੁਪਿੰਦਰ ਵੀ ਉਸ ਨੂੰ ਦੇਖ ਲੈਂਦਾ ਹੈ। ਉਹ ਉਤਰ ਕੇ ਉਸ ਕੋਲ ਆ ਜਾਂਦਾ ਹੈ। ਦੋਵੇਂ ਭਰਵਾਂ ਹੱਥ ਮਿਲਾਉਂਦੇ ਹਨ। ਜਗਮੋਹਣ ਪੁੱਛਦਾ ਹੈ,
“ਕਿਧਰ ਫਿਰਦੈਂ?”
“ਘਰ ਵਾਲ਼ੀ ਨੂੰ ਮੱਥਾ ਇਕਾਉਣ ਲਿਆਇਆਂ, ਮੈਨੂੰ ਲਗਦੈ ਤੂੰ ਇਸੇ ਚੱਕਰ ਵਿਚ ਐਂ।”
ਉਸ ਦੀ ਗੱਲ ਤੇ ਜਗਮੋਹਨ ਹੱਸਦਾ ਹੈ ਤੇ ਕਹਿੰਦਾ ਹੈ,
“ਮੈਂ ਵੀ ਇਸੇ ਬਿਮਾਰੀ ਦਾ ਸਿ਼ਕਾਰ ਆਂ ਪਰ ਤੂੰ ਇੰਨੇ ਦਿਨ ਕਿਧਰ ਰਿਹੈਂ ?”
“ਮੈਨੂੰ ਇਕ ਦੋ ਫਿਲਮਾਂ ਮਿਲ ਗਈਆਂ ਸੀ ਤੇ ਇਕ ਆਪਣੀ ਵੀ ਹੋਰ ਬਣਾਈ ਐ।”
“ਰਿਲੀਜ਼ ਹੋ ਗਈ?”
“ਦੋ ਹਫਤੇ ਹੋ ਗਏ, ਤੂੰ ਕਿਧਰ ਰਹਿੰਨਾਂ! ਐਨੀ ਐਡ ਕੀਤੀ ਐ।”
“ਮੈਂ ਧਿਆਨ ਨਹੀਂ ਦਿਤਾ, ਕਿਦਾਂ, ਚੱਲੀ ਵੀ ਕਿ ਨਹੀਂ ?”
“ਚੱਲੀ ਨਹੀਂ, ਪੰਜਾਬੀ ਦੀ ਫਿਲਮ ਕੀ ਚੱਲਣੀ ਐਂ।”
“ਹਿੰਦੀ ਵਿਚ ਬਣਾ ਕੇ ਦੇਖ ਲੈ।”
“ਨਹੀਂ, ਹਿੰਦੀ ਦੀ ਫਿਲਮ ਦਾ ਬੱਜਟ ਵੱਡਾ ਹੁੰਦੈ, ਮੈਂ ਘਰ ਉਪਰ ਪਹਿਲਾਂ ਈ ਮੌਰਟਗੇਜ ਵਧਾ ਚੁੱਕਾਂ, ਆਹ ਜਿਹੜੀ ਰਾਣਾ ਕੈਮਿਸਟ ਸ਼ੌਪ ਐ ਇਨ੍ਹਾਂ ਦਾ ਵੀ ਥੱਲਾ ਲਾ ਚੁੱਕਾਂ।”
ਕਹਿ ਕੇ ਭੁਪਿੰਦਰ ਹੱਸਣ ਲੱਗਦਾ ਹੈ ਤੇ ਫਿਰ ਕਹਿੰਦਾ ਹੈ,
“ਫਿਲਮਾਂ ਤਾਂ ਜੂਆ ਐ, ਅਸਲੀ ਗੱਲ ਤਾਂ ਥੀਏਟਰ ਈ ਐ, ਜੇ ਤੇਰੇ ਕੋਲ ਟਾਈਮ ਐ ਤਾਂ ਆ ਜਾ ਮੁੜ ਕੇ ਰਿਹਰਸਲਾਂ ਸ਼ੁਰੂ ਕਰੀਏ।”
“ਦੇਖ ਲਓ, ਟਾਈਮ ਦੀ ਕਿਹੜੀ ਗੱਲ ਐ।”
“ਮੈਂ ਪਿਛਲੇ ਹਫਤੇ ਈ ਬੰਬਿਉਂ ਆਇਆਂ, ਹੁਣ ਦੋਸਤਾਂ ਨੂੰ ਫੋਨ ਕਰਨੇ ਆਂ, ਦੇਖਦੇ ਆਂ ਕਿਹੜਾ ਕਿਥੇ ਖੜਾ ਐ।”
“ਪ੍ਰੀਤੀ ਦਾ ਕੁਝ ਪਤਾ ?”
ਜਗਮੋਹਣ ਨੂੰ ਅਚਾਨਕ ਹੀ ਪ੍ਰੀਤੀ ਦਾ ਖਿਆਲ ਆਉਂਦਾ ਹੈ। ਭੁਪਿੰਦਰ ਦਸਣ ਲੱਗਦਾ ਹੈ,
“ਉਹਦਾ ਤਾਂ ਜਿੱਦਾਂ ਦਿਮਾਗ ਹਿੱਲ ਗਿਆ ਹੁੰਦੈ, ਮੈਨੂੰ ਇਕ ਵਾਰ ਰੋਡ ਉਪਰ ਮਿਲੀ ਸੀ, ਵਾਲ ਜਿੱਦਾਂ ਤੇਲ ਨਾਲ ਚੋਪੜੇ ਹੋਏ ਹੋਣ, ਅੱਖਾਂ ਵੀ ਖਾਲੀ, ਬਸ ਹੈਲੋ ਕਰਕੇ ਈ ਅੱਗੇ ਲੰਘ ਗਈ।”
“ਮੈਂ ਸਿਸਟਰਜ਼ ਇਨਹੈਂਡਜ਼ ਵਾਲੀਆਂ ਨੂੰ ਕਿਹਾ ਸੀ ਓਹਨੂੰ ਮਿਲਿਆ ਕਰੋ, ਇਕ ਔਰਤ ਉਹਦੇ ਘਰ ਜਾਂਦੀ ਵੀ ਹੁੰਦੀ ਸੀ, ਉਹਨੂੰ ਵੀ ਇਕ ਦਿਨ ਪ੍ਰੀਤੀ ਨੇ ਗਾਲ੍ਹਾਂ ਕੱਢੀਆਂ।”
“ਮੇਰਾ ਅੰਦਾਜ਼ਾ ਜੱਗਿਆ ਕਿ ਅਸਲ ਵਿਚ ਪ੍ਰੀਤੀ ਦੀ ਪ੍ਰੌਬਲਮ ਡੌਮੀਨੇਟ ਕਰਨ ਦੀ ਐ, ਜਿੰਨੀ ਕੁ ਵਾਰ ਰਿਹਰਸਲਾਂ 'ਤੇ ਵੀ ਆਈ ਮੇਰੀ ਗੱਲ ਸੁਣਨ ਦੀ ਬਜਾਏ ਦੱਸਣ ਦੀ ਕੋਸ਼ਿਸ਼ ਕਰਦੀ ਰਹੀ, ਹਸਬੈਂਡ ਵਾਈਫ ਵਿਚ ਕਈ ਵਾਰ ਇਹ ਪ੍ਰੌਬਲਮ ਪੈ ਜਾਂਦੀ ਐ, ਜੇ ਕੋਈ ਡੌਮੀਨੇਟ ਕਰਨਾ ਚਾਹੇ ਤੇ ਕਰ ਨਾ ਸਕੇ ਤੇ ਰੀਜ਼ਨ ਵੀ ਨਾ ਸਮਝ ਸਕੇ ਤਾਂ ਡਿਪਰੈਸ਼ਨ ਦਾ ਸ਼ਿਕਾਰ ਹੋਣਾ ਕੁਦਰਤੀ ਐ।”
ਜਦ ਤੱਕ ਭੁਪਿੰਦਰ ਨੂੰ ਆਪਣੀ ਪਤਨੀ ਅੰਦਰੋਂ ਨਿਕਲਦੀ ਦਿਸ ਪੈਂਦੀ ਹੈ, ਉਹ ਫੋਨ ਕਰਨ ਦਾ ਵਾਅਦਾ ਕਰਕੇ ਤੁਰ ਪੈਂਦਾ ਹੈ। ਨਵਜੀਵਨ ਪੁੱਛਦਾ ਹੈ,
“ਕੌਣ ਸੀ ਇਹ ਮੈਨ ?”
“ਮੇਰਾ ਫਰਿੰਡ ਸੀ।”
“ਇਹ ਗੇਅ ਐ ?”
“ਨਹੀਂ।”
“ਫੇਰ ਇਹਨੇ ਮੇਕਅੱਪ ਕਿਉਂ ਲਾਇਆ ?”
ਜਗਮੋਹਣ ਹੈਰਾਨ ਹੋਇਆ ਸੋਚਣ ਲੱਗਦਾ ਹੈ ਕਿ ਉਸ ਨੇ ਤਾਂ ਕੁਝ ਨੋਟਿਸ ਨਹੀਂ ਕੀਤਾ ਤੇ ਇਸ ਨੇ ਕਿਵੇਂ ਇੰਨੀ ਤਾੜ ਰੱਖ ਲਈ। ਨਵਜੀਵਨ ਫਿਰ ਪੁੱਛਦਾ ਹੈ,
“ਡੈਡ, ਤੈਨੂੰ ਪਤਾ ਗੇਅ ਕੀ ਹੁੰਦਾ ?”
ਜਗਮੋਹਣ ਉਸ ਵਲ ਦੇਖਦਾ ਜਾ ਰਿਹਾ ਹੈ। ਫਿਰ ਸੋਚਣ ਲੱਗਦਾ ਹੈ ਕਿ ਇਹ ਗੱਲ ਉਸ ਨੂੰ ਕਿਵੇਂ ਸਮਝਾਵੇ ਪਰ ਜਦ ਮੁੰਡੇ ਨੇ ਸਵਾਲ ਕੀਤਾ ਹੈ ਤਾਂ ਦੱਸਣਾ ਵੀ ਜਰੂਰੀ ਹੈ। ਕੁਝ ਦੇਰ ਰੁਕ ਕੇ ਉਹ ਕਹਿੰਦਾ ਹੈ,
“ਤੁਹਾਨੂੰ ਸਕੂਲ ਵਿਚ ਦੱਸਦੇ ਆ ਨਾ ਬੇਵੀ ਕਿੱਦਾਂ ਹੁੰਦੈ ?”
“ਆਈ ਨੋਅ ਐਵਰੀਥਿੰਗ। ਜਦੋਂ ਮੇਲ ਤੇ ਫੀਮੇਲ ਮੇਟ ਕਰਦੇ ਆ।”
“ਜਿਹੜੇ ਮੇਲ ਤੇ ਫੀਮੇਲ ਮੇਟ ਕਰਦੇ ਆ ਉਨ੍ਹਾਂ ਨੂੰ ਸਟਰੇਟ ਕਹਿੰਦੇ ਆ ਪਰ ਕਈ ਵਾਰ ਮੇਲ ਤੇ ਮੇਲ ਵੀ ਆਪਸ ਵਿਚ ਮੇਲ ਕਰਦੇ ਆ ਉਨ੍ਹਾਂ ਨੂੰ ਗੇਅ ਕਹਿੰਦੇ ਆ।”
“ਪਰ ਡੈਡ ਇਹ ਨੈਚਰੁਲ ਨਹੀਂ ਐ।”
“ਹਾਂ, ਇਹ ਕੁਦਰਤ ਦੇ ਕਾਨੂੰਨ ਦੇ ਖਿਲਾਫ ਐ, ਤੈਨੂੰ ਤਾਂ ਸਭ ਪਤੈ !”
“ਮੈਨੂੰ ਤਾਂ ਬਹੁਤ ਦੇਰ ਦਾ ਪਤੈ, ਮੈਂ ਸੋਚਦਾ ਸੀ ਕਿ ਜੇ ਤੈਨੂੰ ਨਹੀਂ ਪਤਾ ਤਾਂ ਦੱਸ ਦੇਵਾਂ।”
ਚਲਦਾ...