ਸ਼ਨਿਚਰਵਾਰ ਦਾ ਦਿਨ ਹੈ। ਮਨਦੀਪ ਦੋਨਾਂ ਮੁੰਡਿਆਂ ਨੂੰ ਲੈ ਕੇ ਆਪਣੀ ਮੰਮੀ ਦੇ ਘਰ ਚਲੇ ਜਾਂਦੀ ਹੈ। ਜਗਮੋਹਣ ਟੈਲੀ ਮੁਹਰੇ ਬੈਠਾ ਬੋਰ ਹੋਇਆ ਪਿਆ ਹੈ। ਉਹ ਗਰੇਵਾਲ ਨੂੰ ਫੋਨ ਕਰਦਾ ਹੈ। ਗਰੇਵਾਲ ਦਾ ਕੁਝ ਪਤਾ ਨਹੀਂ ਚੱਲਦਾ ਕਿ ਕਿਹੜੇ ਵੇਲੇ ਉਸ ਨੇ ਕਿਧਰੇ ਟਿੱਬ੍ਹ ਜਾਣਾ ਹੁੰਦਾ ਹੈ। ਜਗਮੋਹਣ ਕੱਲ੍ਹ ਲੇਡੀ ਮਾਰਗਰੇਟ ਰੋਡ ਉਪਰ ਹੋਈ ਨਸਲਵਾਦੀ ਘਟਨਾ ਕਰਕੇ ਦੁਖੀ ਹੈ। ਉਸ ਬਾਰੇ ਹੀ ਸੋਚਦਾ ਜਾ ਰਿਹਾ ਹੈ। ਇਕ ਏਸ਼ੀਅਨ ਆਪਣੇ ਪਰਿਵਾਰ ਨਾਲ ਕਾਰ ਵਿਚ ਜਾ ਰਿਹਾ ਸੀ। ਪਿੱਛਿਉਂ ਕੋਈ ਗੋਰਾ ਮੁੰਡਾ ਓਵਰ–ਟੇਕ ਕਰਨ ਦੀ ਕੋਸ਼ਿਸ਼ ਵਿਚ ਸੀ ਤੇ ਇਵੇਂ ਨਾ ਕਰ ਸਕਣ ਕਰਕੇ ਗੋਰਾ ਮੁੰਡਾ ਔਖਾ ਹੋ ਰਿਹਾ ਸੀ। ਲਾਈਟਾਂ ਉਪਰ ਆ ਕੇ ਕਾਰ ਖੜੀ ਹੋਈ। ਗੋਰਾ ਏਸ਼ੀਅਨ ਨੂੰ ਗਾਲ੍ਹਾਂ ਕੱਢਣ ਲੱਗਿਆ। ਏਸ਼ੀਅਨ ਵੀ ਮੁਹਰਿਉਂ ਗਰਮ ਸੀ। ਗੱਲ ਵਧੀ। ਦੋਹਾਂ ਨੇ ਹੀ ਕੋਲ ਪਈਆਂ ਇੱਟਾਂ ਚੁੱਕ ਲਈਆਂ। ਜਿਹੜੀ ਇੱਟ ਗੋਰੇ ਨੇ ਏਸ਼ੀਅਨ ਦੇ ਮਾਰੀ ਉਹ ਉਸ ਦੇ ਨਾ ਲੱਗੀ ਪਰ ਜਿਹੜੀ ਏਸ਼ੀਅਨ ਨੇ ਗੋਰੇ ਦੇ ਮਾਰੀ ਉਹ ਗੋਰੇ ਦੇ ਸਿਰ ਵਿਚ ਲੱਗ ਗਈ ਤੇ ਉਹ ਥਾਵੇਂ ਹੀ ਮਰ ਗਿਆ। ਜਗਮੋਹਣ ਨੂੰ ਇਹ ਘਟਨਾ ਤੰਗ ਕਰਦੀ ਜਾ ਰਹੀ ਹੈ। ਉਹ ਕਿਸੇ ਨਾਲ ਸਾਂਝੀ ਕਰਨੀ ਚਾਹੁੰਦਾ ।
“ਆਹ ਮੈਂ ਨਾਲ ਦੇ ਘਰ ਗੋਰਾ ਬੁੱਢਾ ਵੜਦਾ ਦੇਖਿਐ, ਰਹਿੰਦੈ ?”
“ਹਾਂ, ਪਾਰਕ ਦੇ ਨੇੜੇ ਨੇੜੇ ਦੇ ਘਰਾਂ ਵਿਚੋਂ ਕਈ ਘਰ ਗੋਰਿਆਂ ਦੇ ਆ।”
“ਮੈਂ ਤਾਂ ਕਿਹਾ ਕਿ ਗੋਰੇ ਸਾਰੇ ਸਾਊਥਾਲ ਵਿਚੋਂ ਚਲੇ ਗਏ।”
“ਨਹੀਂ ਕੁਝ ਕੁ ਪੌਕਟਾਂ ਜਿਹੀਆਂ ਹੈਗੀਆਂ ਇਹਨਾਂ ਦੇ ਘਰਾਂ ਦੀਆਂ, ਅਸਲ ਵਿਚ ਇਹਨਾਂ ਕੋਲ ਕੌਂਸਲ ਦੇ ਘਰ ਆ ਤੇ ਕੌਂਸਲ ਦੇ ਘਰ ਸਹਿਜੇ ਕੀਤੇ ਬਦਲੇ ਨਹੀਂ ਜਾ ਸਕਦੇ, ਬਹੁਤ ਲੰਮਾ ਪਰੋਸੀਜਰ ਐ।”
“ਨਹੀਂ ਤਾਂ ਸਾਡੇ ਲੋਕਾਂ ਨੇ ਮਿਰਚਾਂ ਦੇ ਤੁੜਕੇ ਲਾ ਲਾ ਕੇ ਗੋਰੇ ਸਾਊਥਾਲ ਵਿਚੋਂ ਕੱਢ ਮਾਰੇ ਆ।”
ਉਹ ਦੋਵੇਂ ਹੱਸਦੇ ਹਨ। ਗਰੇਵਾਲ ਆਖਣ ਲਗਦਾ ਹੈ,
“ਪਰਾਈਵੇਟ ਘਰ ਹੁੰਦੇ ਤਾਂ ਕਦੋਂ ਦੇ ਵੇਚ ਚੁੱਕੇ ਹੁੰਦੇ ਪਰ ਇਹ ਕੌਂਸਲ ਦੇ ਤੇ ਥੋੜੇ ਕੀਤੇ ਟਰਾਂਸਫਰ ਨਹੀਂ ਹੁੰਦੇ।”
ਇਹ ਗੱਲ ਆਮ ਜਿਹੀ ਪ੍ਰਚੱਲਤ ਹੈ ਕਿ ਜੇ ਕਿਸੇ ਨੇ ਗਵਾਂਢੀ ਗੋਰੇ ਦਾ ਘਰ ਖਰੀਦਣਾ ਹੋਵੇ ਜਾਂ ਵੈਸੇ ਹੀ ਗੋਰੇ ਗਵਾਂਢੀ ਤੋਂ ਤੰਗ ਹੋਵੇ ਤਾਂ ਮਿਰਚਾਂ ਦਾ ਤੁੜਕਾ ਲਗਾ ਕੇ ਧੂੰਆਂ ਗੋਰਿਆਂ ਦੇ ਘਰ ਵੱਲ ਨੂੰ ਛੱਡ ਦਿਓ ਅਗਲਾ ਦਿਨਾਂ ਵਿਚ ਹੀ ਦੌੜ ਜਾਵੇਗਾ।
ਜਗਮੋਹਣ ਗਰੇਵਾਲ ਨਾਲ ਕੱਲ੍ਹ ਵਾਲੀ ਘਟਨਾ ਸਾਂਝੀ ਕਰਕੇ ਅਫਸੋਸ ਦਾ ਇਜ਼ਹਾਰ ਕਰਦਾ ਹੈ। ਗਰੇਵਾਲ ਕਹਿੰਦਾ ਹੈ,
“ਇਹ ਕਿਹੜਾ ਪਹਿਲਾ ਕਤਲ ਐ।”
ਗਰੇਵਾਲ ਨੂੰ ਨਸਲਵਾਦ ਕਾਰਨ ਹੋਏ ਕਤਲਾਂ ਦੀ ਪੂਰੀ ਤਫਸੀਲ ਚੇਤਾ ਰਹਿੰਦਾ ਹੈ। ਉਹ ਫਿਰ ਆਖਦਾ ਹੈ,
“ਹਾਂ, ਆਪਣੀ ਕਿਸਮ ਦਾ ਇਹ ਪਹਿਲਾ ਕਤਲ ਐ, ਐਤਕੀਂ ਏਸ਼ੀਅਨ ਗੋਰੇ ਨੂੰ ਮਾਰ ਗਿਐ ਉਹ ਵੀ ਬਾਈ ਚਾਂਸ। ਏਸ਼ੀਅਨ ਦੀ ਤਾਂ ਏਨੀ ਹਿੰਮਤ ਵੀ ਨਹੀਂ ਹੁੰਦੀ ਕਿ ਗੋਰੇ ਦਾ ਮੁਕਾਬਲਾ ਕਰੇ।”
“ਇਹਨੇ ਹਿੰਮਤ ਕਰ ਲਈ ਕਿ ਉਹ ਤਾਂ ਸਾਊਥਾਲ ਵਿਚ ਐ ਤੇ ਸਾਊਥਾਲ ਉਸ ਦਾ ਆਪਣਾ ਸ਼ਹਿਰ ਐ।”
“ਠੀਕ ਐ ਪਰ ਹੁਣ ਡਰ ਐ ਕਿ ਪੁਲਿਸ ਇਹਨੂੰ ਰੇਸ਼ੀਅਲ ਮਰਡਰ ਦੀ ਹਵਾ ਦੇ ਕੇ ਕੋਈ ਦੰਗਾ ਨਾ ਕਰਾ ਦੇਵੇ।”
“ਏਧਰ ਤਾਂ ਸ਼ਾਇਦ ਨਾ ਹੋਵੇ ਪਰ ਲੰਡਨ ਵੱਲ ਆਪਣੇ ਲੋਕਾਂ ਨੂੰ ਜ਼ਰਾ ਧਿਆਨ ਰੱਖਣਾ ਪਵੇਗਾ।”
ਕੁਝ ਦੇਰ ਅਜਿਹੀਆਂ ਗੱਲਾਂ ਕਰਕੇ ਉਹ ਆਪਣੀਆਂ ਹੋਰ ਗੱਲਾਂ ਕਰਨ ਲੱਗਦੇ ਹਨ। ਕਈ ਹਫਤਿਆਂ ਬਾਅਦ ਮਿਲੇ ਹੋਣ ਕਰਕੇ ਬਹੁਤ ਸਾਰੀਆਂ ਗੱਲਾਂ ਹਨ ਕਰਨ ਵਾਲੀਆਂ। ਜਗਮੋਹਣ ਮਨਿੰਦਰ ਨੂੰ ਦੇਖ ਕੇ ਮਨ ਵਿਚ ਪੈਦਾ ਹੋਈਆਂ ਲਹਿਰਾਂ ਬਾਰੇ ਦੱਸਦਾ ਹੈ। ਗਰੇਵਾਲ ਉਸ ਨੂੰ ਪਰਮਿੰਦਰ ਕੌਰ ਦੇ ਨਿਰੰਤਰ ਆ ਰਹੇ ਫੋਨਾਂ ਬਾਰੇ ਗੱਲ ਕਰਦਾ ਹੈ। ਜਗਮੋਹਣ ਆਖਦਾ ਹੈ,
“ਸਰ ਜੀ, ਤੁਹਾਨੂੰ ਉਹ ਦਿਲਾਂ ਦਾ ਜਾਨੀ ਬਣਾਈ ਬੈਠੀ ਐ ਤੁਸੀਂ ਮੰਨੋ ਜਾਂ ਨਾ ਮੰਨੋ।”
“ਦਿਲਾਂ ਦਾ ਜਾਨੀ ਚਾਹੇ ਨਾ ਬਣਾਵੇ ਪਰ ਰਾਜ਼ਦਾਰ ਜ਼ਰੂਰ ਬਣਾ ਲੈਂਦੀ ਐ, ਦਿਲ ਦੀਆਂ ਕਈ ਗੱਲਾਂ ਕਰ ਲਿਆ ਕਰਦੀ ਐ। ਪਹਿਲਾਂ ਉਹਦਾ ਪਹਿਲਾ ਹਸਬੈਂਡ ਦਿੱਲੀ ਦੇ ਦੰਗਿਆਂ ਵਿਚ ਮਾਰਿਆ ਗਿਆ ਤਾਂ ਮੇਰੇ ਤੱਕ ਪਹੁੰਚ ਕੀਤੀ ਕਿ ਪੱਕੀ ਕਰਾ ਦੇਵਾਂ, ਪਹਿਲਾਂ ਵੀ ਇਧਰ ਦਾ ਚੱਕਰ ਮਾਰ ਗਈ ਸੀ, ਹੁਣ ਇਸ ਦਾ ਇਹ ਹਸਬੈਂਡ ਮਰ ਗਿਆ ਤਾਂ ਫੇਰ ਮੇਰੇ ਤੱਕ ਪਹੁੰਚ ਕਰ ਰਹੀ ਐ।”
“ਰੋਣ ਲਈ ਮੋਢਾ ਲੱਭਦੀ ਹੋਵੇਗੀ।”
“ਰੋਂਦੀ ਕਿਥੋਂ ਐ ਉਹ, ਗਿਆਨੀ ਤਾਂ ਪਹਿਲਾਂ ਹੀ ਬੁੱਢਾ ਸੀ, ਪਤਾ ਈ ਸੀ ਕਿ ਬਹੁਤੀ ਦੇਰ ਨਹੀਂ ਕਢਣ ਵਾਲਾ, ਇਕ ਗੱਲ ਹੋ ਸਕਦੀ ਐ ਕਿ ਇਹ ਜਵਾਨ ਸੀ ਤੇ ਗਿਆਨੀ ਵਿਚਾਰੇ ਦਾ ਬੁਰਾ ਹਾਲ ਕਰ ਦਿੰਦੀ ਹੋਏਗੀ, ਸ਼ਾਇਦ ਜਲਦੀ ਮੌਤ ਲਿਆਉਣ ਵਿਚ ਵੀ ਸਹਾਈ ਹੋਈ ਹੋਵੇ।”
“ਇਹ ਤਾਂ ਗਿਆਨੀ ਨੂੰ ਪਤਾ ਹੋਣਾ ਚਾਹੀਦਾ ਸੀ।”
“ਸਾਹਮਣੇ ਸੋਹਣੀ ਤੀਵੀਂ ਹੋਵੇ ਤਾਂ ਅਕਲ ਤੇ ਪਰਦਾ ਪੈ ਹੀ ਜਾਂਦੈ, ਜਿਸ ਗੱਲ ਦਾ ਇਸ ਨੂੰ ਦੁੱਖ ਐ ਉਹ ਐ ਕਿ ਗਿਆਨੀ ਜਾਂਦਾ ਹੋਇਆ ਕੁਸ਼ ਨਹੀਂ ਛੱਡ ਕੇ ਗਿਆ।”
“ਇਹ ਤਾਂ ਬਹੁਤ ਬੁਰਾ ਹੋਇਆ ਵਿਚਾਰੀ ਨਾਲ, ਕਿਥੇ ਉਹਦੀ ਨਜ਼ਰ ਗਰੇਵਾਲ ਇੰਪੋਰੀਅਮ ਉਪਰ ਸੀ ਤੇ ਕਿਥੇ ਇਹ ਗਿਆਨੀ ਮਿਲ ਗਿਆ ਭੁੱਖ ਨੰਗ ਨਾਲ ਘੁਲਦਾ।”
“ਹੁਣ ਉਹਦੀ ਅੱਖ ਇਕ ਅਮੀਰ ਆਦਮੀ ਉਪਰ ਐ, ਕੌਂਸਲਰ ਐ ਈਸਟ ਲੰਡਨ ਵਿਚ, ਤੀਵੀਂ ਛੱਡ ਗਈ, ਇਹ ਉਹਨੂੰ ਕੰਫਰਟ ਕਰਨ ਜਾਂਦੀ ਐ।”
“ਚਲੋ ਤੁਹਾਡੇ ਪਿੱਛੇ ਤਾਂ ਨਹੀਂ ਪੈਂਦੀ ਹੁਣ।”
ਕਹਿ ਕੇ ਜਗਮੋਹਣ ਹੱਸਦਾ ਹੈ। ਫਿਰ ਦੋਵੇਂ ਸਾਊਥਾਲ ਦੀ ਸਿਆਸਤ ਦੀਆਂ ਗੱਲਾਂ ਕਰਨ ਲੱਗਦੇ ਹਨ। ਦੁਪਹਿਰ ਦੇ ਖਾਣੇ ਲਈ ਇਕ ਰੈਸਟੋਰੈਂਟ ਵਿਚ ਚਲੇ ਜਾਂਦੇ ਹਨ। ਖਾਣਾ ਖਾ ਕੇ ਸਪਾਈਕਸ ਪਾਰਕ ਵਿਚ ਘੁੰਮਣ ਲੱਗਦੇ ਹਨ। ਪਾਰਕ ਖਾਲੀ ਜਿਹਾ ਹੀ ਹੈ। ਮੌਸਮ ਠੰਡਾ ਜਿਹਾ ਹੈ ਭਾਵੇਂ ਕਿ ਧੁੱਪ ਹੈ। ਪੀਂਘਾਂ ਉਪਰ ਤਿੰਨ ਬੱਚੇ ਝੂਟੇ ਲੈ ਰਹੇ ਹਨ। ਏਸ਼ੀਅਨ ਬੱਚੇ ਹਨ। ਗਰੇਵਾਲ ਬਹੁਤ ਨੀਝ ਨਾਲ ਉਨ੍ਹਾਂ ਵੱਲ ਦੇਖ ਰਿਹਾ ਹੈ। ਜਗਮੋਹਣ ਪੁੱਛਦਾ ਹੈ,
“ਸਰ ਜੀ, ਕਦੇ ਨਿਆਣਿਆਂ ਨੂੰ ਮਿਸ ਵੀ ਕਰਦੇ ਓ ?”
“ਜਦ ਮੇਰੇ ਨਿਆਣੇ ਹੈ ਹੀ ਨਹੀਂ ਤਾਂ ਮਿਸ ਕੀ ਕਰਨਾ।”
“ਇੱਦਾਂ ਤਾਂ ਲੱਗਦਾ ਈ ਹੋਊ ਕਿ ਹੁੰਦੇ !”
“ਨਹੀਂ, ਲੱਗਦਾ ਨਹੀਂ, ਮੈਨੂੰ ਪਤੈ ਕਿ ਮੇਰੀ ਲਾਈਫ ਜੁਆਕਾਂ ਵਾਲਿਆਂ ਨਾਲੋਂ ਚੰਗੀ ਐ।”
“ਫੇਰ ਕੀ ਮਹਿਸੂਸ ਕਰਦੇ ਓ ਇਕੱਲੇ ਰਹਿ ਕੇ ?”
“ਬਹੁਤ ਖੁਸ਼, ਰਿਲੈਕਸ, ਇਕੱਲਤਾ ਦਾ ਵੀ ਆਪਣਾ ਰਸ ਹੁੰਦੈ।”
ਆਖਦਾ ਗਰੇਵਾਲ ਚੁੱਪ ਕਰ ਜਾਂਦਾ ਹੈ। ਕੁਝ ਕਦਮ ਤੁਰ ਕੇ ਉਹ ਫਿਰ ਬੋਲਦਾ ਹੈ,
“ਕਦੇ ਕਦੇ ਕੰਮ ਤੋਂ ਮੁੜ ਸੈਟੀ ਉਪਰ ਬੈਠਾ ਹੋਵਾਂ ਤਾਂ ਦਿਲ ਕਰਨ ਲੱਗਦੈ ਕਿ ਹੁਣ ਕੋਈ ਚਾਹ ਲਿਆ ਦੇਵੇ।”
“ਫੇਰ....?”
“ਫੇਰ ਕੀ, ਮੈਂ ਚਾਹ ਪੀਣ ਦੀ ਆਦਤ ਈ ਛੱਡ ਦਿੱਤੀ।”
ਕਹਿੰਦਾ ਗਰੇਵਾਲ ਠਹਾਕਾ ਮਾਰ ਕੇ ਹੱਸਦਾ ਹੈ। ਜਗਮੋਹਣ ਵੀ ਉਸ ਦਾ ਸਾਥ ਦਿੰਦਾ ਹੱਸਣ ਲਗਦਾ ਹੈ।
ਪੀਂਘਾਂ ਵੱਲ ਨੂੰ ਗੋਰਿਆਂ ਦੇ ਦੋ ਬੱਚੇ ਜਾਂਦੇ ਹਨ। ਉਹ ਏਸ਼ੀਅਨ ਬੱਚਿਆਂ ਨੂੰ ਗਾਲ੍ਹਾਂ ਕੱਢਣ ਲੱਗਦੇ ਹਨ। ਇਕ ਕਹਿੰਦਾ ਹੈ,
“ਯੂ ਪਾਕੀ ਸ਼ਿੱਟ, ਪੀਂਘਾਂ ਖਾਲੀ ਕਰੋ।”
ਤਿੰਨੋਂ ਏਸ਼ੀਅਨ ਬੱਚੇ ਪੀਂਘਾਂ ਤੋਂ ਉਤਰ ਕੇ ਭੱਜ ਜਾਂਦੇ ਹਨ। ਗਰੇਵਾਲ ਉਦਾਸ ਨਜ਼ਰਾਂ ਨਾਲ ਜਗਮੋਹਣ ਵੱਲ ਦੇਖਦਾ ਹੈ। ਜਗਮੋਹਣ ਕੁਝ ਨਹੀਂ ਬੋਲ ਸਕਦਾ। ਭੱਜੇ ਜਾਂਦੇ ਬੱਚੇ ਉਨ੍ਹਾਂ ਦੇ ਕੋਲ ਦੀ ਲੰਘਦੇ ਹਨ। ਜਗਮੋਹਣ ਉਨ੍ਹਾਂ ਨੂੰ ਆਵਾਜ਼ ਦਿੰਦਾ ਪੁੱਛਦਾ ਹੈ,
“ਉਨ੍ਹਾਂ ਦੇ ਕਹਿਣ 'ਤੇ ਤੁਸੀਂ ਸਵਿੰਗ ਤੋਂ ਕਿਉਂ ਉਤਰੇ ?”
ਤਿੰਨੋਂ ਬੱਚੇ ਇਕ ਦੂਜੇ ਵੱਲ ਦੇਖਣ ਲੱਗਦੇ ਹਨ। ਫਿਰ ਇਕ ਆਖਦਾ ਹੈ,
“ਅਸੀਂ ਬਹੁਤ ਦੇਰ ਦੇ ਜਿਉਂ ਆਏ ਹੋਏ ਆਂ।”
“ਤੁਸੀਂ ਉਨ੍ਹਾਂ ਗੋਰਿਆਂ ਤੋਂ ਡਰੇ ਕਿਉਂ ? ਆਓ ਮੇਰੇ ਨਾਲ ਮੈਂ ਵਾਪਸ ਸਵਿੰਗ ਦਵਾਉਨਾਂ।”
“ਨਹੀਂ ਨਹੀਂ ਅੰਕਲ, ਅਸੀਂ ਜਲਦੀ ਘਰ ਜਾਣਾ ਮੰਗਦੇ ਆਂ।”
ਉਨ੍ਹਾਂ ਵਿਚੋਂ ਇਕ ਆਖਦਾ ਹੈ ਤੇ ਉਹ ਚਲੇ ਜਾਂਦੇ ਹਨ।
ਉਹ ਦੋਵੇ ਉਥੇ ਇਕ ਬੈਂਚ ‘ਤੇ ਬੈਠ ਘੰਟਾ ਭਰ ਨਸਲਵਾਦ ਦੇ ਡੰਗ ਬਾਰੇ ਗੱਲਾਂ ਕਰਦੇ ਜਾਂਦੇ ਹਨ।
ਇਕ ਦਿਨ ਗਰੇਵਾਲ ਜਗਮੋਹਣ ਨੂੰ ਫੋਨ ਕਰਦਾ ਹੈ,
“ਅੱਜ ਸ਼ਾਮ ਨੂੰ ਕੀ ਕਰ ਰਿਹੈਂ ?”
“ਬੱਚਿਆਂ ਨੂੰ ਸਵਿਮਿੰਗ ਲਈ ਲੈ ਕੇ ਜਾਣਾ।”
“ਸਵਿਮਿੰਗ ਪੂਲ ਤੋਂ ਕੋਈ ਹੋਰ ਸੋਚਣ ਦੀ ਬਿਮਾਰੀ ਸਹੇੜ ਕੇ ਮੁੜੇਂਗਾ, ਚੱਲ ਤੈਨੂੰ ਇਕ ਫੰਕਸ਼ਨ 'ਤੇ ਲੈ ਚੱਲਾਂ।”
“ਕਿਥੇ ਸਰ ਜੀ ? ਕੋਈ ਰੰਗੀਨ ਫੰਕਸ਼ਨ ਐ ?”
“ਨਹੀਂ, ਬਿਜ਼ਨਸ ਕੁਮਿਨਟੀ ਦਾ ਐ, ਮੈਨੂੰ ਸੱਦਾ ਆਇਆ ਸਪੈਸ਼ਲ, ਕੋਈ ਮਨਿਸਟਰ ਇੰਡੀਆ ਤੋਂ ਆਇਆ ਹੋਇਐ।”
“ਤੁਹਾਨੂੰ ਇਹ ਸੱਦਾ ਕਿੱਦਾਂ ਆ ਗਿਆ?”
“ਮੈਂ ਇਹਨਾਂ ਦਾ ਪੁਰਾਣਾ ਮੈਂਬਰ ਜਿਉਂ ਹੋਇਆ।”
“ਦੇਖ ਲਓ ਸਰ ਜੀ, ਕਹੋਂ ਤਾਂ ਚਲੇ ਚੱਲਦੇ ਆਂ।”
“ਹਾਂ, ਮੇਰਾ ਇਕੱਲੇ ਦਾ ਜਾਣ ਦਾ ਮਨ ਨਹੀਂ, ਰੈਡੀ ਹੋ ਕੇ ਛੇ ਵਜੇ ਆ ਜਾਵੀਂ।”
ਜਗਮੋਹਣ ਉਸ ਕੋਲ ਪੁੱਜਦਾ ਪੁੱਜਦਾ ਲੇਟ ਹੋ ਜਾਂਦਾ ਹੈ। ਫੰਕਸ਼ਨ ਵਿਚ ਛੇ ਦੀ ਬਜਾਏ ਸੱਤ ਵਜੇ ਪੁੱਜਦੇ ਹਨ। ਇਕ ਸੂਟਿਡ ਬੂਟਿਡ ਬੰਦਾ ਭਾਸ਼ਨ ਦੇ ਰਿਹਾ ਹੈ। ਉਹ ਦੋਵੇਂ ਬੈਠ ਕੇ ਸੁਣਨ ਲੱਗਦੇ ਹਨ। ਬੁਲਾਰਾ ਕਹਿ ਰਿਹਾ ਹੈ,
“ਅਸੀਂ ਇਸ ਮੁਲਕ ਦਾ ਹੁਣ ਇਕ ਅਹਿਮ ਹਿੱਸਾ ਹਾਂ। ਅਸੀਂ ਇੰਗਲੈਂਡ ਦੀ ਇਕੌਨਮੀ ਨੂੰ ਜੱਫੀ ਮਾਰਨ ਦੀ ਤਿਆਰੀ ਵਿਚ ਹਾਂ। ਅਸੀਂ ਹਿੰਮਤ ਕਰਕੇ ਨਸਲਵਾਦ ਖਤਮ ਕੀਤਾ ਹੈ। ਹੁਣ ਕਿਸੇ ਗੋਰੇ ਦੀ ਹਿੰਮਤ ਨਹੀਂ ਪੈਂਦੀ ਕਿ ਸਾਡੀ ਹਵਾ ਵਲ ਵੀ ਦੇਖ ਜਾਵੇ।”
ਗਰੇਵਾਲ ਜਗਮੋਹਣ ਦੇ ਕੰਨ ਵਿਚ ਕਹਿੰਦਾ ਹੈ,
“ਇਹ ਬੰਦਾ ਬਕਵਾਸ ਕਰ ਰਿਹੈ ਕਿ ਨਸਲਵਾਦ ਖਤਮ ਕਰ ਦਿੱਤੈ।”
“ਤੁਸੀਂ ਕੁਸ਼ ਬੋਲਣਾ ਚਾਹੋ ਤਾਂ ਮੈਂ ਟਾਈਮ ਲੈ ਲੈਨਾ, ਸਟੇਜ ਸੈਕਟਰੀ ਸੋਹਣਪਾਲ ਈ ਲੱਗਦੈ, ਸਟੇਜ ਉਪਰ ਪੈਨ ਪੇਪਰ ਜਿਉਂ ਲੈ ਕੇ ਬੈਠਾ।”
“ਹਾਂ ਯਾਰ ਪੁੱਛ ਲੈ, ਮੈਂ ਵੀ ਆਪਣੀ ਕੁਮਿਨਟੀ ਨੂੰ ਕਦੇ ਐਡਰਸ ਨਹੀਂ ਕੀਤਾ ਗੁਰਦਵਾਰੇ ਤੋਂ ਬਿਨਾਂ।”
ਜਗਮੋਹਣ ਉਠ ਕੇ ਜਾਂਦਾ ਹੈ ਤੇ ਸੋਹਣਪਾਲ ਕੋਲ ਗਰੇਵਾਲ ਦਾ ਨਾਂ ਲਿਖਵਾ ਆਉਂਦਾ ਹੈ। ਇਕ ਦੋ ਬੁਲਾਰਿਆਂ ਤੋਂ ਬਾਅਦ ਸੋਹਣਪਾਲ ਗਰੇਵਾਲ ਦਾ ਨਾਂ ਬੁਲਾਰੇ ਦੇ ਤੌਰ 'ਤੇ ਲੈ ਦਿੰਦਾ ਹੈ ਤੇ ਸਟੇਜ 'ਤੇ ਆਉਣ ਲਈ ਕਹਿੰਦਾ ਹੈ,
“ਗਰੇਵਾਲ ਜੀ ਨੂੰ ਸਾਊਥਾਲ ਵਿਚ ਕੌਣ ਨਹੀਂ ਜਾਣਦਾ, ਇਹ ਗਰੇਵਾਲ ਇੰਪੋਰੀਅਮ ਦੇ ਬਾਨੀ ਹਨ, ਈਲਿੰਗ ਕਾਲਜ ਵਿਚ ਸਾਇਕੌਲਜੀ ਦੇ ਪ੍ਰੋਫੈਸਰ ਹਨ ਤੇ ਲੋਕਲ ਮਸਲਿਆਂ ਬਾਰੇ ਬਹੁਤ ਨਿੱਗਰ ਸਮਝ ਰੱਖਦੇ ਹਨ।”
ਜਗਮੋਹਣ ਨੇ ਤਾੜੀ ਵਜਾਉਂਦਾ ਹੈ ਤੇ ਹਾਜ਼ਰ ਲੋਕ ਵੀ ਉਸ ਦਾ ਸਾਥ ਦੇਣ ਲੱਗਦੇ ਹਨ। ਗਰੇਵਾਲ ਮੰਚ ਉਪਰ ਜਾਂਦਾ ਹੈ। ਇਕ ਹੱਥ ਵਿਚ ਮਾਈਕ ਲੈਂਦਾ ਨਰਮ ਆਵਾਜ਼ ਵਿਚ ਬੋਲਣਾ ਸ਼ੁਰੂ ਕਰਦਾ ਹੈ,
“ਦੇਸੋਂ ਆਏ ਮਹਿਮਾਨ ਦੋਸਤੋ ਅਤੇ ਇਥੋਂ ਦੇ ਹਾਜ਼ਰ ਦੋਸਤੋ, ਮੈਂ ਨਹੀਂ ਸਮਝਦਾ ਕਿ ਤੁਸੀਂ ਸਾਰੇ ਮੈਨੂੰ ਜਾਣਦੇ ਹੋਵੋ। ਮੈਂ ਅਜਿਹੇ ਫੰਕਸ਼ਨਾਂ ਉਪਰ ਘੱਟ ਬੋਲਦਾ ਹਾਂ। ਕਿਸੇ ਮਸਲੇ ਬਾਰੇ ਮੇਰੇ ਵਿਚਾਰ ਕੁਝ ਦੋਸਤਾਂ ਤੱਕ ਹੀ ਮਹਿਦੂਦ ਰਹਿ ਜਾਇਆ ਕਰਦੇ ਹਨ। ਹੁਣ ਵੀ ਮੈਂ ਨਹੀਂ ਸੀ ਕੁਝ ਕਹਿ ਸਕਣਾ ਜੇਕਰ ਪਹਿਲੇ ਇਕ ਸਪੀਕਰ ਦੇ ਨਸਲਵਾਦ ਬਾਰੇ ਵਿਚਾਰ ਮੈਨੂੰ ਨਾ ਉਕਸਾਉਂਦੇ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਨਸਲਵਾਦ ਖਤਮ ਕਰ ਦਿੱਤਾ ਹੈ ਜਾਂ ਨਸਲਵਾਦ ਖਤਮ ਹੋ ਗਿਆ ਹੈ। ਮੈਂ ਨਹੀਂ ਚਾਹੁੰਦਾ ਕਿ ਸਾਡੇ ਮਹਿਮਾਨ ਕੋਈ ਗਲਤ ਰਾਏ ਬਣਾ ਕੇ ਇਥੋਂ ਜਾਣ, ਇਸੇ ਲਈ ਕੁਝ ਵਿਚਾਰ ਸਾਂਝੇ ਕਰ ਰਿਹਾਂ। ਨਸਲਵਾਦ ਹਾਲੇ ਖਤਮ ਨਹੀਂ ਹੋਇਆ। ਉਵੇਂ ਦਾ ਉਵੇਂ ਹੀ ਹੈ। ਹਾਲੇ ਪਿੱਛੇ ਜਿਹੇ ਹੀ ਸਾਊਥਾਲ ਦੇ ਐਨ ਵਿਚਕਾਰ ਨਸਲਵਾਦੀ ਘਟਨਾ ਵਾਪਰੀ ਹੈ, ਕਤਲ ਹੋਇਆ ਹੈ ਭਾਵੇਂ ਇਸ ਵਾਰ ਗਲਤੀ ਨਾਲ ਗੋਰਾ ਮਾਰਿਆ ਗਿਆ ਹੈ ਪਰ ਇਹ ਗੋਰੇ ਵਲੋਂ ਸਾਡੇ ਬੰਦੇ ਉਪਰ ਨਸਲਵਾਦੀ ਹਮਲਾ ਸੀ, ਪਿਛਲੇ ਹਫਤੇ ਹੀ ਵੇਲਜ਼ ਵਿਚ ਸੁੰਦਰ ਸਿੰਘ ਕੁਲਾਰ ਨਾਂ ਦੇ ਬਜ਼ੁਰਗ ਨੂੰ ਵੀ ਗੋਰਿਆਂ ਨੇ ਕਤਲ ਕਰ ਦਿੱਤਾ ਹੈ ਜਿਸ ਦੀ ਖਬਰ ਮੇਨ ਸਟਰੀਮ ਦੀਆਂ ਅਖਬਾਰਾਂ ਨੇ ਵੀ ਲਾਈ ਸੀ। ਅਕਤੂਬਰ ਵਿਚ ਜਿਹੜਾ ਕਤਲ ਹਸਪਤਾਲ ਸਾਹਮਣੇ ਹੋਇਆ ਸੀ ਉਹ ਵੀ ਨਸਲਵਾਦੀ ਸੀ। ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਕਾਰ ਚਲਾਓ ਤਾਂ ਤੁਹਾਨੂੰ ਗਿਵ ਵੇਅ ਉਪਰ ਗੋਰੇ ਰਾਹ ਨਹੀਂ ਦਿੰਦੇ, ਹੋਰ ਨਸਲਵਾਦੀ ਇਸ਼ਾਰੇ ਜਾਂ ਗਾਲ੍ਹਾਂ ਤਾਂ ਆਮ ਜਿਹੀ ਗੱਲ ਹੈ, ਤੁਸੀਂ ਸਕੂਲ ਵਿਚ ਅਧਿਆਪਕ ਹੋ ਮੇਰੇ ਵਾਂਗ ਪੱਗ ਬੰਨ੍ਹਦੇ ਹੋ ਤਾਂ ਪਤਾ ਨਹੀਂ ਨਸਲਵਾਦ ਦੇ ਅਸਰ ਹੇਠ ਕੋਈ ਵਿਦਿਆਰਥੀ ਤੁਹਾਡੀ ਪੱਗ ਉਤਾਰ ਸੁੱਟੇ ਜਾਂ ਮਜ਼ਾਕ ਉਡਾਵੇ, ਹੋਰ ਵੀ ਬਹੁਤ ਕੁਝ ਹੈ ਜੇ ਬਿਆਨ ਕਰਨ ਲੱਗਾਂ ਤਾਂ ਕਈ ਘੰਟੇ ਲੱਗ ਜਾਣ। ਨਸਲਵਾਦ ਦਾ ਤਜਰਬਾ ਉਨ੍ਹਾਂ ਲੋਕਾਂ ਨੂੰ ਹੀ ਹੁੰਦਾ ਹੈ ਜਿਹੜੇ ਗੋਰਿਆਂ ਵਿਚ ਵਿਚਰਦੇ ਹਨ, ਜਿਨ੍ਹਾਂ ਦਾ ਗੋਰਿਆਂ ਨਾਲ ਵਾਹ ਪੈਂਦਾ ਹੈ। ਇਹ ਸਾਊਥਾਲ ਨੂੰ ਤਾਂ ਅਸੀਂ ਆਪਣੇ ਸੱਭਿਆਚਾਰ ਲਈ ਜਾਂ ਆਪਣੇ ਰੰਗ ਲਈ ਇਕ ਤਰ੍ਹਾਂ ਦਾ ਕਵਚ ਬਣਾ ਲਿਆ ਹੈ। ਇਥੇ ਤੱਕ ਨਸਲਵਾਦੀ ਗੋਰੇ ਪਹੁੰਚ ਨਹੀਂ ਕਰ ਸਕਦੇ। ਜੇ ਕਰਨਗੇ ਤਾਂ ਉਣਾਸੀ ਵਾਲੇ ਦੰਗੇ ਫਿਰ ਭੜਕ ਉਠਣਗੇ। ਵੈਸੇ ਵੀ ਇਸ ਸਮਾਜ ਵਿਚ ਅਸੀਂ ਇਕ ਨਵਾਂ ਆਪਣੇ ਢੰਗ ਦਾ ਸਮਾਜ ਵਸਾ ਲਿਆ ਹੈ ਜਿਹਦੇ ਕਰਕੇ ਗੋਰਿਆਂ ਨਾਲ ਸਾਡਾ ਵਾਹ ਨਹੀਂ ਪੈਂਦਾ। ਯੰਗ ਜਨਰੇਸ਼ਨ ਦੇ ਲੋਕਾਂ ਨੂੰ ਪੁੱਛੋ ਕਿ ਰਾਤ ਬਰਾਤੇ ਜਦ ਇਹ ਇਕੱਲੇ ਬਾਹਰ ਨਿਕਲਦੇ ਹਨ ਤਾਂ ਇਨ੍ਹਾਂ ਦੀ ਜਾਨ ਕੁੜੱਕੀ ਵਿਚ ਫਸੀ ਹੁੰਦੀ ਹੈ ਕਿ ਹੁਣ ਵੀ ਹਮਲਾ ਹੋਇਆ ਕਿ ਹੁਣ ਵੀ ਹੋਇਆ। ਮੇਰੇ ਦੋਸਤਾਂ ਨੂੰ ਲਗਦਾ ਹੈ ਕਿ ਨਸਲਵਾਦ ਦਾ ਮਸਲਾ ਹੱਲ ਹੋ ਗਿਆ ਹੈ ਇਹ ਇਸ ਲਈ ਜਾਪਦਾ ਹੈ ਕਿ ਇਹ ਮਸਲਾ ਹੁਣ ਘਸ ਚੁੱਕਾ ਹੈ, ਇੰਨਾ ਘਸ ਗਿਐ ਕਿ ਇਹ ਸਾਨੂੰ ਪਹਿਲਾਂ ਵਾਂਗ ਕਾਟ ਨਹੀਂ ਕਰਦਾ। ਇਸ ਨਾਲੋਂ ਹੋਰ ਮਸਲੇ ਬਹੁਤ ਵੱਡੇ ਹੋ ਗਏ ਹਨ। ਸੋ ਨਸਲਵਾਦ ਦਾ ਮਸਲਾ ਹਾਲੇ ਉਥੇ ਦਾ ਉਥੇ ਹੈ। ਜੇਕਰ ਮੈਂ ਇੰਸਟੀਚੂਸ਼ਨਲ ਰੇਸਲਿਜ਼ਮ ਬਾਰੇ ਗੱਲ ਕਰਨ ਲੱਗ ਜਾਵਾਂ ਤਾਂ ਬਹੁਤ ਟਾਈਮ ਲੱਗ ਜਾਵੇਗਾ। ਮੇਰੇ ਇਹ ਸਭ ਦੱਸਣ ਦਾ ਕਾਰਨ ਤਾਂ ਆਪਣੇ ਮਹਿਮਾਨ ਨੂੰ ਸਹੀ ਇਨਫਰਮੇਸ਼ਨ ਦੇਣਾ ਹੈ। ਵੈਸੇ ਇਕ ਗੱਲ ਹੋਰ ਦੱਸਾਂ ਕਿ ਇਹ ਨਸਲਵਾਦ ਕੋਈ ਹਊਆ ਨਹੀਂ ਹੈ ਕਿ ਇਸ ਦਾ ਮੁਕਾਬਲਾ ਨਾ ਕੀਤਾ ਜਾ ਸਕੇ। ਸਾਨੂੰ ਚਾਹੀਦਾ ਹੈ ਕਿ ਹਰ ਨਸਲਵਾਦੀ ਦੀ ਅੱਖ ਵਿਚ ਅੱਖ ਪਾ ਕੇ ਗੱਲ ਕਰੀਏ। ਨਸਲਵਾਦੀ ਤੋਂ ਡਰੀਏ ਨਾ। ਇਸ ਦਾ ਇਹ ਪ੍ਰਮੁੱਖ ਹੱਲ ਹੈ। ਇਨ੍ਹਾਂ ਸ਼ਬਦਾਂ ਨਾਲ ਮੈਂ ਗੱਲ ਪੂਰੀ ਕਰਦਾ ਹਾਂ ਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੈਨੂੰ ਬੋਲਣ ਦਾ ਸਮਾਂ ਦਿੱਤਾ ਤੇ ਤੁਹਾਡਾ ਸਭ ਦਾ ਵੀ ਜਿਨ੍ਹਾਂ ਮੈਨੂੰ ਸੁਣਿਆ।”
ਚਲਦਾ...