ਗਿਆਨ ਕੌਰ ਇੰਡੀਆ ਚਲੇ ਜਾਂਦੀ ਹੈ। ਰਾਜਵਿੰਦਰ ਨੂੰ ਉਹ ਨਾਲ ਚੱਲਣ ਲਈ ਜ਼ੋਰ ਪਾਉਂਦੀ ਹੈ ਪਰ ਉਹ ਨਹੀਂ ਜਾਂਦਾ। ਇੰਡੀਆ ਜਾਣ ਦਾ ਉਸ ਦਾ ਮਕਸਦ ਸਭ ਨੂੰ ਮਿਲਣਾ ਗਿਲਣਾ ਹੀ ਹੈ ਤੇ ਆਪਣੇ ਪਿੰਡ ਵਾਲੇ ਘਰ ਦੀ ਸਫਾਈ ਵੀ ਕਰਾਉਣਾ ਚਾਹੁੰਦੀ ਹੈ। ਉਸ ਦਾ ਜਾਣ ਦਾ ਪ੍ਰੋਗਰਾਮ ਤਾਂ ਰਾਜਵਿੰਦਰ ਨੂੰ ਵਿਆਹੁਣ ਦੀ ਗੱਲ ਤੁਰਨ ਤੋਂ ਬਣਨਾ ਸ਼ੁਰੂ ਹੋਇਆ ਹੈ ਪਰ ਉਹ ਨਹੀਂ ਮੰਨਦਾ। ਗਿਆਨ ਕੌਰ ਮਾਨਸਿਕ ਤੌਰ ਤੇ ਇੰਡੀਆ ਲਈ ਤਿਆਰ ਹੋ ਚੁੱਕੀ ਹੋਣ ਕਰਕੇ ਚਲੇ ਜਾਂਦੀ ਹੈ ਨਹੀਂ ਤਾਂ ਉਸ ਨੂੰ ਪਿੱਛੇ ਕੁੜੀਆਂ ਦਾ ਵੀ ਫਿਕਰ ਰਹਿੰਦਾ ਹੈ। ਪਰਦੁੱਮਣ ਹੁਣ ਰਾਜਵਿੰਦਰ ਨੂੰ ਵਿਆਹੁਣ ਦੀ ਚਿੰਤਾ ਵੀ ਘੱਟ ਕਰਨ ਲੱਗਿਆ ਹੈ ਸਗੋਂ ਹੁਣ ਉਸ ਦੀ ਚਿੰਤਾ ਹੈ ਕਿ ਮੁੰਡਾ ਸਮਲਿੰਗੀ ਨਾ ਨਿਕਲ ਆਵੇ। ਕਦੇ ਉਸ ਨੂੰ ਇਹ ਡਰ ਵੀ ਰਹਿੰਦਾ ਹੈ ਕਿ ਉਹ ਡਰੱਗ ਨੂੰ ਹੀ ਨਾ ਲਗ ਜਾਵੇ ਪਰ ਹਾਲੇ ਤਕ ਉਸ ਨੂੰ ਅਜਿਹਾ ਕਈ ਗੱਲ ਦਿਸੀ ਨਹੀਂ ਜਿਸ ਤੋਂ ਪਤਾ ਚਲੇ ਕਿ ਰਾਜਵਿੰਦਰ ਡਰੱਗ ਪੀਣ ਲਗਿਆ ਹੈ। ਉਹ ਨੇ ਕਦੇ ਬਹੁਤੇ ਪੈਸਿਆਂ ਦੀ ਮੰਗ ਵੀ ਨਹੀਂ ਕੀਤੀ, ਉਸ ਕੋਲੋਂ ਉਹ ਮੁਸ਼ਕ ਵੀ ਨਹੀਂ ਆਉਂਦਾ ਜਿਹੜਾ ਡਰੱਗੀ ਲੋਕਾਂ ਤੋਂ ਆਉਣ ਲਗਦਾ ਹੈ। ਗਿਆਨ ਕੌਰ ਉਸ ਦੇ ਕਪੜੇ ਧੋਣ ਵੇਲੇ ਉਸ ਦੀਆਂ ਜੇਬ੍ਹਾਂ ਦੀ ਤਲਾਸ਼ੀ ਵੀ ਲੈਂਦੀ ਰਹਿੰਦੀ ਹੈ। ਪਰਦੁੱਮਣ ਸਿੰਘ ਹੁਣ ਉਸ ਨੂੰ ਬਹੁਤਾ ਦਬਕਦਾ ਵੀ ਨਹੀਂ। ਕਈ ਵਾਰ ਸ਼ਾਮ ਨੂੰ ਬੈਠ ਕੇ ਉਸ ਨਾਲ ਨਿਕੀਆਂ ਨਿਕੀਆਂ ਗੱਲਾਂ ਕਰਨ ਲਗਦਾ ਹੈ। ਇਕ ਦਿਨ ਰਾਜਵਿੰਦਰ ਕਹਿੰਦਾ ਹੈ,
“ਡੈਡ, ਮੈਨੂੰ ਕਾਰ ਲੈ ਦੇ।”
“ਘਰ ਵਿਚ ਏਨੀਆਂ ਵੈਨਾਂ ਆਂ ਜਿਹੜੀ ਮਰਜ਼ੀ ਚਲਾ, ਸਗਾਂ ਕਿਸੇ ਨਾ ਕਿਸੇ ਡਰਾਈਵਰ ਨਾਲ ਰਾਊਂਡ ਤੇ ਚਲੇ ਜਾਇਆ ਕਰ।”“ਇਹ ਕੰਮ ਬਹੁਤ ਪਰੈਸ਼ਰ ਦਾ ਹੈਗਾ, ਮੈਂ ਹੋਰ ਕੰਮ ਕਰਨਾ ਮੰਗਦਾਂ।”
“ਘਰ ਬੈਠੇ ਨੂੰ ਤਾਂ ਕੰਮ ਮਿਲਣਾਂ ਨਹੀਂ।”
“ਦੈਟਸ ਵਾਏ ਆਏ ਨੀਡ ਕਾਰ, ਵਰਕ ਫਾਈਂਡ ਕਰਨ ਲਈ ਦੂਰ ਜਾਣਾ ਪੈਂਦਾ।”
ਇਕ ਪਲ ਲਈ ਤਾਂ ਪਰਦੁੱਮਣ ਸਿੰਘ ਨੂੰ ਝਾਉਲਾ ਜਿਹਾ ਪੈਂਦਾ ਹੈ ਕਿ ਸ਼ਾਇਦ ਰਾਜਵਿੰਦਰ ਠੀਕ ਰਸਤੇ ਤੇ ਆ ਚਲਿਆ ਹੈ। ਉਹ ਆਖਦਾ ਹੈ,
“ਤੂੰ ਵਿਆਹ ਕਰਾ ਲੈਂਦਾ ਤਾਂ ਤੈਨੂੰ ਕਾਰ ਵੀ ਲੈ ਦਿੰਦੇ।”
“ਡੈਡ, ਮੈਂ ਵਿਆਹ ਨਹੀਂ ਕਰਾਉਣਾ ਹਾਲੇ।”
“ਚਲ ਏਦਾਂ ਕਰ ਕਿ ਕਾਰ ਤੈਨੂੰ ਮੈਂ ਕੋਈ ਛੋਟੀ ਮੋਟੀ ਲੈ ਦਊਂ ਪਰ ਗਰਲਫਰਿੰਡ ਲੱਭ ਪਹਿਲਾਂ।”
“ਗਰਲਫਰਿੰਡ ਤਾਂ ਮੈਂ ਕੱਲ ਨੂੰ ਈ ਲੈ ਆਊਂ।”
“ਉਹ ਤਾਂ ਕੋਈ ਡਰੱਗੀ ਜਿਹੀ ਕੁੜੀ ਫੜ ਲਿਆਵੇਂਗਾ, ਪਰੌਪਰ ਗਰਲਫਰਿੰਡ ਹੋਵੇ ਜਿਹੜੀ ਤੇਰੇ ਨਾਲ ਦੋ ਮਹੀਨੇ ਰਹੇ, ਫੇਰ ਲੈ ਕੇ ਦੇਊਂ।”
ਨਾ ਰਾਜਵਿੰਦਰ ਕੋਈ ਕੁੜੀ ਲੱਭ ਸਕਦਾ ਹੈ ਤੇ ਨਾ ਉਸ ਨੂੰ ਕਾਰ ਮਿਲਦੀ ਹੈ। ਇੰਡੀਆ ਲੈ ਜਾਣ ਲਈ ਵੀ ਗਿਆਨ ਕੌਰ ਉਸ ਨੂੰ ਕਈ ਲਾਲਚ ਦਿੰਦੀ ਹੈ ਕਿ ਉਥੇ ਜਾ ਕੇ ਕੋਈ ਕੁੜੀ ਪਸੰਦ ਕਰੇ, ਮੰਗਣੀ ਕਰਾਵੇ ਤੇ ਆਉਂਦੇ ਨੂੰ ਹੀ ਕਾਰ ਲੈ ਦਿੱਤੀ ਜਾਵੇਗੀ ਪਰ ਰਾਜਵਿੰਦਰ ਇਸ ਲਈ ਤਿਆਰ ਨਹੀਂ ਹੈ।
ਪਰਦੁੱਮਣ ਸਿੰਘ ਨੂੰ ਪਤਨੀ ਦਾ ਇੰਡੀਆ ਜਾਣਾ ਪਹਿਲਾਂ ਤਾਂ ਬਹੁਤ ਚੰਗਾ ਲੱਗਦਾ ਹੈ ਕਿ ਉਹ ਹੁਣ ਮਨਮਰਜ਼ੀ ਕਰ ਸਕੇਗਾ। ਕੁਲਬੀਰੋ ਉਪਰ ਵੀ ਟਰਾਈ ਮਾਰੇਗਾ। ਕੁਲਬੀਰੋ ਛੇ ਕੁ ਮਹੀਨੇ ਤੋਂ ਉਨ੍ਹਾਂ ਕੋਲ ਕੰਮ ਕਰ ਰਹੀ ਹੈ। ਉਹ ਦੀ ਗਿਆਨ ਕੌਰ ਨਾਲ ਵਾਹਵਾ ਬਣਦੀ ਹੈ। ਕੁਲਬੀਰੋ ਚੁੱਪ–ਚਾਪ ਆਪਣੇ ਕੰਮ ਨੂੰ ਲੱਗੀ ਰਹਿੰਦੀ ਹੈ। ਘੱਟ ਬੋਲਦੀ ਹੈ ਪਰ ਕੰਮ ਨੂੰ ਬਹੁਤ ਤਕੜੀ ਹੈ। ਦੋ ਔਰਤਾਂ ਜਿੰਨਾ ਕੰਮ ਕਰ ਜਾਂਦੀ ਹੈ। ਉਸ ਦੇ ਕੰਮ ਨੂੰ ਦੇਖਦਿਆਂ ਹੀ ਗਿਆਨ ਕੌਰ ਉਸ ਨੂੰ ਫੋਰਲੇਡੀ ਬਣਾ ਦਿੰਦੀ ਹੈ ਕਿ ਉਸ ਦੇ ਇੰਡੀਆ ਜਾਣ 'ਤੇ ਉਹੀ ਮੁਹਰੇ ਹੋ ਕੇ ਕੰਮ ਚਲਾਵੇਗੀ। ਹੁਣ ਵੀ ਕੁਲਬੀਰੋ ਦੇ ਸਿਰ ਤੇ ਘਰ ਦਾ ਗੇੜਾ ਮਾਰਦੀ ਰਹਿੰਦੀ ਹੈ ਤੇ ਕਦੇ ਛੁੱਟੀ ਵੀ ਕਰ ਲੈਂਦੀ ਹੈ। ਪਰਦੁੱਮਣ ਸਿੰਘ ਨੇ ਕਈ ਵਾਰ ਉਸ ਨੂੰ ਟੋਹ ਕੇ ਦੇਖਿਆ ਹੈ ਉਹ ਅੱਗਿਉਂ ਹੁੰਗਾਰਾ ਨਹੀਂ ਭਰਦੀ। ਹੁਣ ਪਤਨੀ ਦੇ ਨਾ ਹੋਣ 'ਤੇ ਉਹ ਕੁਲਬੀਰੋ ਵੱਲ ਇਕ ਕਦਮ ਹੋਰ ਪੁੱਟ ਸਕੇਗਾ।
ਇਕ ਦਿਨ ਸਿ਼ੰਦਰ ਕੌਰ ਆਖਦੀ ਹੈ,
“ਅੰਕਲ ਜੀ, ਘਰ ਵਾਲੇ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ ਪਰ ਇਹਨਾਂ ਤਿਲ਼ਾਂ ਵਿਚ ਤੇਲ ਹੈ ਨਹੀਂ।”
ਉਸ ਦਾ ਇਸ਼ਾਰਾ ਕੁਲਬੀਰੋ ਵਲ ਹੈ। ਪਰਦੁੱਮਣ ਸਿੰਘ ਫੋਕਾ ਜਿਹਾ ਹਾਸਾ ਹੱਸਦਾ ਕਹਿੰਦਾ ਹੈ,
“ਸਿ਼ੰਦਰ ਕੋਰੇ ਤੂੰ ਤਾਂ ਹੁਣ ਸਿਧੇ ਮੂੰਹ ਗੱਲ ਈ ਨਹੀਂ ਕਰਦੀ।”
“ਮੈਂ ਤੀਵੀਂ ਆਂ ਸੌ ਧਿਆਨ ਰੱਖਣਾ ਪੈਂਦਾ ਨਾਲ਼ੇ ਤੁਸੀਂ ਗਿਝੇ ਹੋਏ ਓ ਰੰਗ ਬਰੰਗੇ ਭੋਜਨ ਖਾਣ ਪਰ ਇਕ ਗੱਲ ਦੱਸਾਂ ਕਿ ਇਹ ਨਾ ਸਮਝਿਓ ਕਿ ਅੰਟੀ ਨੂੰ ਕੁਝ ਪਤਾ ਨਹੀਂ, ਉਹ ਸਭ ਜਾਣਦੀ ਆ ਤੇ ਪਤਾ ਨਹੀਂ ਕਿਹੜੀ ਗੱਲੋਂ ਚੁੱਪ ਆ।”
ਇਕ ਵਾਰ ਤਾਂ ਪਰਦੁੱਮਣ ਸਿੰਘ ਨੂੰ ਝਟਕਾ ਜਿਹਾ ਲਗਦਾ ਹੈ ਪਰ ਫਿਰ ਸੋਚਦਾ ਹੈ ਕਿ ਸਿੰ਼ਦਰ ਕੌਰ ਉਸ ਨੂੰ ਡਰਾ ਰਹੀ ਹੈ। ਉਹ ਉਸ ਦੀ ਗੱਲ ਦਾ ਬਹੁਤਾ ਧਿਆਨ ਕਰੇ ਬਿਨਾਂ ਸੋਚਣ ਲਗਦਾ ਹੈ ਕਿ ਉਸ ਨੂੰ ਜ਼ਰਾ ਬਚ ਕੇ ਚਲਣ ਦੀ ਲੋੜ ਹੈ। ਗਿਆਨ ਕੌਰ ਉਵੇਂ ਭਾਵੇਂ ਸਿੱਧੀ ਜਿਹੀ ਹੈ ਪਰ ਹਰ ਗੱਲ ਦੀ ਤਾੜ ਰੱਖਦੀ ਹੈ।
ਫਰੀਦਾ ਦੇ ਪਤੀ ਤਾਰਿਕ ਨੂੰ ਉਸ ਨੇ ਡਰਾਈਵਰ ਰੱਖ ਲਿਆ ਹੋਇਆ ਹੈ। ਉਹ ਇਕ ਰਾਊਂਡ ਕਰਦਾ ਹੈ। ਉਸ ਨੂੰ ਮੋਬਾਈਲ ਫੋਨ ਵੀ ਲੈ ਕੇ ਦਿੱਤਾ ਹੋਇਆ ਹੈ ਕਿ ਉਸਦੀ ਖਬਰ ਰਹੇ ਕਿ ਕਿਥੇ ਕੁ ਪੁੱਜਾ ਹੈ ਤੇ ਮਗਰੋਂ ਫਰੀਦਾ ਨਾਲ ਉਹ ਉਸ ਦੇ ਘਰ ਜਾ ਵੜਦਾ ਹੈ। ਹੁਣ ਗਿਆਨ ਕੌਰ ਇਥੇ ਨਹੀਂ ਹੋਵੇਗੀ ਤਾਂ ਉਸ ਦੀ ਖੁਲ੍ਹ ਖੇਡ ਹੋਰ ਆਸਾਨ ਹੋ ਜਾਵੇਗੀ।
ਤਾਰਿਕ ਉਮਰ ਦਾ ਤਾਂ ਫਰੀਦਾ ਤੋਂ ਕਾਫੀ ਵੱਡਾ ਹੈ ਪਰ ਇੰਨਾ ਬੁੱਢਾ ਨਹੀਂ ਹੈ ਜਿੰਨਾ ਫਰੀਦਾ ਕਹਿੰਦੀ ਰਹੀ ਹੈ। ਸਿਹਤ ਜ਼ਰਾ ਕਮਜ਼ੋਰ ਹੈ। ਫਰੀਦਾ ਦੇ ਕੰਮ ਦਾ ਭਾਵੇਂ ਨਾ ਹੋਵੇ ਪਰ ਪਰਦੁੱਮਣ ਦਾ ਕੰਮ ਠੀਕ–ਠਾਕ ਤੇ ਪੂਰੀ ਜਿ਼ਮਵਾਰੀ ਨਾਲ ਕਰ ਰਿਹਾ ਹੈ।
ਗਿਆਨ ਕੌਰ ਦੇ ਇੰਡੀਆ ਜਾਣ ਨੂੰ ਲੈ ਕੇ ਉਹ ਕਾਫੀ ਉਹਸ਼ਾਹਿਤ ਹੈ ਪਰ ਉਸ ਦੇ ਜਾਣ ਤੋਂ ਦੂਜੇ ਦਿਨ ਹੀ ਉਸ ਨੂੰ ਮਿਸ ਕਰਨ ਲੱਗਦਾ ਹੈ। ਰਾਤ ਨੂੰ ਉਹ ਇਕੱਲਾ ਹੀ ਬੈੱਡ ਉਪਰ ਪਿਆ ਗਿਆਨ ਕੌਰ ਬਾਰੇ ਸੋਚਦਾ ਰਹਿੰਦਾ ਹੈ। ਕੱਪਬੋਰਡ ਵਿਚ ਉਸ ਦੇ ਟੰਗੇ ਕੱਪੜਿਆਂ ਨੂੰ ਧਿਆਨ ਨਾਲ ਦੇਖਦਾ ਸੁੰਘਣ ਲੱਗਦਾ ਹੇ। ਸ਼ਾਮ ਨੂੰ ਵੱਡੀ ਕੁੜੀ ਸਤਿੰਦਰ ਰੋਟੀ ਬਣਾ ਰਹੀ ਹੁੰਦੀ ਹੇ ਤਾਂ ਉਸ ਨੂੰ ਗਿਆਨ ਕੌਰ ਦਾ ਝਾਉਲਾ ਪੈਂਦਾ ਹੈ। ਵੱਡੀ ਕੁੜੀ ਮਾਂ ਉਪਰ ਗਈ ਹੈ ਤੇ ਛੋਟੀ ਪਵਨਦੀਪ ਉਸ ਵਰਗੀ ਹੈ। ਇਵੇਂ ਹੀ ਵੱਡਾ ਰਾਜਵਿੰਦਰ ਦਾ ਮੜੰਗਾ ਵੀ ਗਿਆਨ ਕੌਰ ਨਾਲ ਮਿਲਦਾ ਹੇ ਤੇ ਬਲਰਾਮ ਦਾ ਉਸ ਨਾਲ।
ਇਕ ਦਿਨ ਉਹ ਕੁਲਬੀਰੋ ਨੂੰ ਆਖਦਾ ਹੈ,
“ਤੂੰ ਜ਼ਰਾ ਦਫਤਰ ਵਿਚ ਆਵੀਂ ਉਪਰ।”
“ਕਿਉਂ ਅੰਕਲ ਜੀ ?”
“ਜ਼ਰਾ ਹਿਸਾਬ ਲਾਈਏ ਕੱਲ੍ਹ ਦੇ ਮਾਲ ਦਾ।”
“ਕੱਲ੍ਹ ਦੇ ਮਾਲ ਦਾ ਹਿਸਾਬ ਤਾਂ ਮੇਰੇ ਕੋਲ ਹੈਗਾ, ਵੀਹ ਟਰੇਅ ਲੱਗਣੇ ਆ ਟੋਟਲ, ਦਸ ਵੈਜੀ ਦੇ, ਪੰਜ ਚਿਕਨ ਤੇ ਪੰਜ ਲੈਂਬ ਦੇ ਤੇ ਫਰੋਜ਼ਨ ਕਲ ਨੂੰ ਬਣਨੇ ਆਂ।”
ਕੁਲਬੀਰੋ ਜ਼ਰਾ ਕੁ ਉਚੀ ਆਵਾਜ਼ ਵਿਚ ਕਹਿ ਰਹਿ ਹੈ ਤਾਂ ਕਿ ਹੋਰ ਔਰਤਾਂ ਵੀ ਸੁਣ ਲੈਣ। ਪਰਦੁੱਮਣ ਸਿੰਘ ਝਿਜਕਦਾ ਜਿਹਾ ਪੱਗ ਉਪਰ ਹੱਥ ਫੇਰਦਾ ਉਪਰ ਦਫਤਰ ਵਿਚ ਚਲੇ ਜਾਂਦਾ ਹੈ। ਉਹ ਸੋਚਦਾ ਹੈ ਕਿ ਬਹੁਤੀ ਹੀ ਚਲਾਕ ਬਣ ਰਹੀ ਹੈ। ਉਹ ਇਕ ਹੱਦ ਵਿਚ ਰਹਿੰਦਾ ਹੀ ਅੱਗੇ ਵਧਣਾ ਚਾਹੁੰਦਾ ਹੈ। ਫੈਕਟਰੀ ਵਿਚ ਕੰਮ ਕਰਦੀਆਂ ਸਾਰੀਆਂ ਔਰਤਾਂ ਹੀ ਉਸ ਦੇ ਕਿਰਦਾਰ ਨੂੰ ਜਾਣਦੀਆਂ ਹਨ। ਪਰ ਸਿ਼ੰਦਰ ਕੌਰ ਵਾਂਗ ਮੂੰਹੋਂ ਕੋਈ ਨਹੀਂ ਬੋਲਦੀ। ਸਭ ਨੂੰ ਆਪਣੀ ਨੌਕਰੀ ਪਿਆਰੀ ਹੈ। ਫਿਰ ਪਰਦੁੱਮਣ ਸਿੰਘ ਉਨ੍ਹਾਂ ਲਈ ਇੰਨਾ ਖਤਰਨਾਕ ਵੀ ਨਹੀਂ ਹੈ ਕਿ ਕਿਸੇ ਨੂੰ ਜਬਰਦਸਤੀ ਹੱਥ ਪਾ ਲਵੇ। ਕੋਈ ਜਾਣੀ ਝਿੜਕ ਦੇਵੇ ਤਾਂ ਚੁੱਪ ਕਰ ਜਾਂਦਾ ਹੈ। ਹੁਣ ਕੁਲਬੀਰੋ ਦੇ ਇਵੇਂ ਉਚੀ ਬੋਲਣ ਵਿਚੋਂ ਉਸ ਨੂੰ ਖਤਰਾ ਝਲਕਦਾ ਦਿੱਸਦਾ ਹੈ।
ਕੁਝ ਦੇਰ ਬਾਅਦ ਕੁਲਬੀਰੋ ਦਫਤਰ ਵਿਚ ਆ ਜਾਂਦੀ ਹੈ। ਪਰਦੁੱਮਣ ਸਿੰਘ ਖੁਸ਼ ਹੋ ਜਾਂਦਾ ਹੈ। ਉਹ ਪੁੱਛਦਾ ਹੈ,
“ਕੁੜੀਏ, ਘਰੋਂ ਕਿਸੇ ਨਾਲ ਲੜ ਕੇ ਤਾਂ ਨਹੀਂ ਆਈ ?”
“ਨਹੀਂ ਅੰਕਲ ਜੀ, ਲੜਨਾ ਕਿਹਦੇ ਨਾਲ ਐ।”
“ਜਿਹੜੀ ਏਨਾ ਖਿੱਝ ਕੇ ਬੋਲਦੀ ਐਂ, ਕੀ ਪਤਾ ਤੇਰਾ।”
“ਨਹੀਂ ਅੰਕਲ ਜੀ, ਖਿੱਝ ਕੇ ਤਾਂ ਨਹੀਂ ਬੋਲਦੀ, ਮੈਂ ਤਾਂ ਦੱਸਿਆ ਕਿ ਮਾਲ ਦੀ ਤਾਂ ਪੂਰੀ ਤਿਆਰੀ ਐ, ਤੁਸੀਂ ਕੱਲ੍ਹ ਹੀ ਮੈਨੂੰ ਦੱਸ ਦਿੱਤਾ ਸੀ ਕਿ ਕੀ ਤਿਆਰ ਕਰਨੈਂ।”
ਪਰਦੁੱਮਣ ਸਿੰਘ ਕੁਝ ਨਹੀਂ ਬੋਲ ਰਿਹਾ। ਉਸ ਵੱਲ ਘੂਰਦਾ ਦੇਖਦਾ ਜਾ ਰਿਹਾ ਹੈ। ਕੁਲਬੀਰੋ ਦੀਆਂ ਛਾਤੀਆਂ 'ਤੇ ਨਜ਼ਰਾਂ ਫੇਰਦਾ ਹੈ। ਕੁਲਬੀਰੋ ਨੂੰ ਜਿਵੇਂ ਉਸ ਦੀਆਂ ਨਜ਼ਰਾਂ ਚੁੱਭ ਗਈਆਂ ਹੋਣ। ਉਹ ਬਾਹਾਂ ਦੀ ਕੁੜੰਗੀ ਬਣਾਉਂਦੀ ਛਾਤੀਆਂ ਛੁਪਾ ਲੈਂਦੀ ਤੇ ਆਖਦੀ ਹੈ,
“ਦੱਸੋ ਅੰਕਲ ਜੀ, ਹੋਰ ਕੀ ਕਹਿਣਾ ਚਾਹੁੰਦੇ ਓ।”
“ਇਹੋ ਕਿ ਲੈਂਬ ਦਾ ਮੀਟ ਮਹਿੰਗਾ ਹੋ ਗਿਆ, ਮਸਾਲੇ ਵਿਚ ਮਿਕਸ ਵੈਜੀਟੇਬਲ ਦੀ ਮਿਕਦਾਰ ਜ਼ਰਾ ਵਧਾ ਦਿਓ।”
“ਦੇਖ ਲਓ, ਜਿੱਦਾਂ ਕਹੋ ਪਰ ਪਹਿਲਾਂ ਈ ਲੈਂਬ ਘੱਟ ਤੇ ਵੈਜੀ ਜ਼ਿਆਦਾ ਹੁੰਦੀ ਐ, ਤੁਹਾਡੇ ਗਾਹਕ ਨਾ ਖਰਾਬ ਹੋ ਜਾਣ।”
“ਇਹ ਵੀ ਠੀਕ ਐ।”
“ਮੈਂ ਜਾਵਾਂ ਅੰਕਲ ਜੀ ?”
“ਹਾਂ ਜਾਹ ਪਰ ਇਕ ਗੱਲ ਦੱਸ ਤੂੰ ਆਕੜ ਵਿਚ ਬਹੁਤ ਰਹਿੰਨੀ ਐਂ, ਮੰਨਦੇ ਆਂ ਕਿ ਤੂੰ ਸੁਹਣੀ ਐਂ, ਸਮਝਦਾਰ ਐਂ।”
“ਅੰਕਲ ਜੀ, ਏਦਾਂ ਦੀਆਂ ਗੱਲਾਂ ਨਾ ਕਰੋ, ਮੈਂ ਤਾਂ ਤੁਹਾਡੀ ਬਹੁਤ ਰਿਸਪੈਕਟ ਕਰਦੀ ਆਂ, ਤੁਸੀਂ ਤਾਂ ਮੇਰੇ ਵੱਡੇ ਥਾਂ ਓ।”
“ਇਹ ਵੀ ਠੀਕ ਐ ਪਰ ਤੂੰ ਚੁੱਪ–ਚਾਪ ਤੇ ਉਖੜੀ ਉਖੜੀ ਕਿਉਂ ਰਹਿੰਦੀ ਐਂ।”
“ਅੰਕਲ ਜੀ, ਹਰ ਕਿਸੇ ਦਾ ਸੁਭਾਅ ਹੁੰਦੈ ਤੇ ਹਰ ਕਿਸੇ ਦੀਆਂ ਪਰੌਬਲਮਾਂ ਹੁੰਦੀਆਂ।”
“ਤੇਰੀਆਂ ਕੀ ਪਰੌਬਲਮਾਂ, ਦੱਸ ਜ਼ਰਾ ?”
“ਕੀ ਦੱਸਾਂ! ਅੰਟੀ ਜੀ ਨੂੰ ਸਭ ਪਤੈ, ਮੈਂ ਆਪਣੀ ਭੈਣ ਤੇ ਜੀਜੇ ਨਾਲ ਰਹਿੰਦੀ ਆਂ।”
“ਉਹ ਜਿਹੜਾ ਲਾਲ ਜਿਹੀਆਂ ਅੱਖਾਂ ਵਾਲਾ ਤੈਨੂੰ ਲੈਣ ਆਉਂਦਾ ਹੁੰਦੈ ਤੇਰਾ ਜੀਜਾ ਐ ?”
“ਹਾਂ ਜੀ।”
“ਉਹ ਤਾਂ ਜਿੱਦਾਂ ਬਦਮਾਸ਼ ਹੁੰਦੈ, ਦੇਖਦਾ ਈ ਬੜਾ ਟੇਢਾ ਐ।”
“ਉਹ ਬਦਮਾਸ਼ ਈ ਐ, ਜੇਲ੍ਹ ਵੀ ਜਾ ਚੁੱਕੈ, ਟੈਕਸੀ ਕਰਦੈ, ਹਰ ਰੋਜ਼ ਉਹ ਕਲ਼ੇਸ਼ ਪਾਈ ਰੱਖਦੈ।”
“ਪਰ ਏਹਦੇ ਨਾਲ ਤੇਰਾ ਕੀ ਵਾਹ ?”
“ਮੈਂ ਵੀ ਤਾਂ ਉਸੇ ਘਰ ਵਿਚ ਰਹਿੰਨੀ ਆਂ।”
ਕਹਿੰਦੀ ਕੁਲਬੀਰੋ ਉਦਾਸ ਹੋ ਜਾਂਦੀ ਹੈ। ਉਸੇ ਵਕਤ ਫਰੀਦਾ ਅੰਦਰ ਆਉਂਦੀ ਹੈ। ਉਸ ਦੇ ਪੌੜੀਆਂ ਚੜ੍ਹਨ ਦੀ ਆਵਾਜ਼ ਤੋਂ ਹੀ ਪਰਦੁੱਮਣ ਅੰਦਾਜ਼ਾ ਲਾ ਲੈਂਦਾ ਹੈ ਕਿ ਫਰੀਦਾ ਹੋਵੇਗੀ। ਉਸ ਕੋਲੋਂ ਕੁਲਬੀਰੋ ਦਾ ਦਫਤਰ ਵਿਚ ਆਉਣਾ ਝੱਲਿਆ ਨਹੀਂ ਗਿਆ ਹੋਵੇਗਾ। ਉਸ ਦੇ ਅੰਦਰ ਵੜਨ 'ਤੇ ਕੁਲਬੀਰੋ ਚਲੇ ਜਾਂਦੀ ਹੈ। ਪੌੜੀਆਂ ਉਤਰ ਜਾਂਦੀ ਹੈ। ਪਰਦੁੱਮਣ ਆਖਦਾ ਹੈ,
“ਤੇਰੀ ਪੈੜ ਚਾਪ ਤੋਂ ਹੀ ਪਛਾਣ ਲਿਆ ਸੀ ਕਿ ਤੂੰ ਐਂ ?”
“ਮੇਰੇ ਪੈਰਾਂ ਦੀ ਆਵਾਜ਼ ਵੱਖਰੀ ਐ ?”
“ਹਾਂ, ਬੁੱਢੇ ਬੰਦੇ ਨਾਲ ਵਿਆਹੀ ਔਰਤ ਹਮੇਸ਼ਾ ਹੀ ਭੱਜ ਕੇ ਪੌੜੀਆਂ ਚੜ੍ਹਿਆ ਕਰਦੀ ਐ।”
“ਸਰਦਾਰ ਜੀ, ਕਿਸਮਤ ਨੇ ਤਾਂ ਮਜ਼ਾਕ ਕੀਤਾ ਈ ਸੂ ਤੁਸੀਂ ਵੀ ਕਰ ਲਓ।”
“ਮੇਰੀ ਜਾਨ, ਮੈਂ ਤਾਂ ਐਵੇਂ ਈ ਕਹਿ ਰਿਹਾਂ ਮੇਰਾ ਇਹ ਮਤਲਵ ਨਹੀਂ।”
“ਆਹ ਕੁਲਬੀਰੋ ਨਾਲ ਵੀ ਮਜ਼ਾਕ ਈ ਕਰੇਂਦੇ ਪਏ ਸੂ ?”
“ਨਹੀਂ, ਮੇਰੀ ਜਾਨ, ਮੈਂ ਤਾਂ ਕੰਮ ਸ਼ੱਮ ਸਮਝਾ ਰਿਹਾ ਸੀ।”
“ਸਰਦਾਰ ਜੀ, ਇਹ ਕੰਮ ਸ਼ੱਮ ਤਾਂ ਮੈਨੂੰ ਤੁਹਾਡੀਆਂ ਅੱਖਾਂ ਵਿਚ ਈ ਦੱਸੇਂਦਾ ਸੂ।”
“ਏਦਾਂ ਦਾ ਕੁਸ਼ ਨਹੀਂ ਫਰੀਦਾ, ਮਾਈ ਡਾਰਲਿੰਗ! ਤੂੰ ਇਹ ਦੱਸ ਤੇਰਾ ਮੀਆਂ ਏਨੀ ਡਰਾਈਵਿੰਗ ਕਰਕੇ ਥੱਕ ਤਾਂ ਨਹੀਂ ਜਾਂਦਾ ?”
“ਸਰਦਾਰ ਜੀ, ਸੱਚ ਦੱਸਾਂ, ਉਹ ਚੰਦਰਾ ਮੈਨੂੰ ਗਾਲ੍ਹੀ ਬਹੁਤ ਦੇ ਸੀ, ਜੇ ਮੈਂ ਖੁਸ਼ ਹੋ ਸਾਂ ਤਾਂ ਕਹਿੰਦਾ ਊ ਕਿ ਕਿਹੜੇ ਯਾਰ ਨੂੰ ਮਿਲ ਕੇ ਆਈ ਵਾਂ ਜੇ ਉਦਾਸ ਹੋਵਾਂ ਤੇ ਕਹਿੰਦਾ ਕਿ ਕਿਹੜੇ ਯਾਰ ਦੀ ਯਾਦ ਆਈ ਹੋਸੀ।”
“ਤੂੰ ਮੇਰਾ ਨਾਂ ਲੈ ਦਿਆ ਕਰ।”
“ਇਕ ਦਿਨ ਸੱਚਮੁੱਚ ਹੀ ਲੈ ਦੇ ਸਾਂ, ਦੱਸ ਛੱਡਾਂ ਕਿ ਆਪਣੇ ਸੁਹਣੇ ਸਰਦਾਰ ਨੂੰ ਮਿਲ ਕੇ ਆਈ ਵਾਂ।”
“ਫੇਰ ਤਾਂ ਮੇਰਾ ਦੁਸ਼ਮਣ ਬਣ ਜਾਊ।”
“ਦੁਸ਼ਮਣ ਤਾਂ ਹੁਣ ਵੀ ਬਣ ਜਾ'ਸੀ।”
“ਉਹ ਕਿੱਦਾਂ ?”
ਚੱਲਦਾ...