ਉਸ ਸ਼ਾਮ ਮੋਹਨਦੇਵ ਘਰ ਆ ਜਾਂਦਾ ਹੈ। ਪਾਲਾ ਸਿੰਘ ਉਸ ਨੂੰ ਕੋਲ ਬੈਠਾ ਕੇ ਕਹਿੰਦਾ ਹੈ,
“ਦੇਖ ਪੁਤਰਾ, ਆਪਣਾ ਸ਼ੁਗਲ ਮੇਲਾ ਜਿਥੇ ਮਰਜ਼ੀ ਕਰ ਪਰ ਵਿਆਹ ਕਰਾਉਣਾ ਐ ਤਾਂ ਆਪਣੀ ਜ਼ਾਤ ਬਰਾਦਰੀ ਵਿਚ ਕਰਾ। ਵਿਆਹ ਉਹੋ ਕਾਮਯਾਬ ਹੁੰਦੈ ਜਿਥੇ ਦੋਵਾਂ ਦਾ ਪਿਛੋਕੜ ਇਕੋ ਜਿਹਾ ਹੋਵੇ, ਦੋ ਅਲੱਗ ਅਲੱਗ ਸਭਿਆਚਾਰਾਂ ਵਿਚ ਜੰਮੇ ਲੋਕ ਕਦੇ ਖੁਸ਼ ਨਹੀਂ ਰਹਿ ਸਕਦੇ।”
“ਲੁਕ ਡੈਡ, ਮੈਂ ਕਿੰਨੀ ਵਾਰ ਦਸਿਆ ਕਿ ਮੈਂ ਇੰਡੀਅਨ ਨਹੀਂ, ਮੈਂ ਬ੍ਰਿਟਿਸ਼ ਆਂ ਤੇ ਮੈਨੂੰ ਜਬਰਦਸਤੀ ਇੰਡੀਅਨ ਨਾ ਬਣਾ। ਇਹ ਮੇਰੀ ਲਾਈਫ ਐ, ਮੈਨੂੰ ਆਪਣੇ ਤਰੀਕੇ ਨਾਲ ਜੀਣ ਦੇ।”
“ਜੇ ਤੇਰੀ ਮਾਂ ਜੀਂਦੀ ਹੁੰਦੀ ਤਾਂ ਤੂੰ ਕੀ ਕਰਦਾ।”
“ਮੰਮੀ ਤੇਰੇ ਵਰਗੀ ਨਹੀਂ ਸੀ, ਉਹ ਮੈਨੂੰ ਜ਼ਰੂਰ ਲਿਸਨ ਕਰਦੀ।”
ਘੰਟਾ ਭਰ ਬਹਿਸ ਚਲਦੀ ਰਹਿੰਦੀ ਹੈ ਪਰ ਗੱਲ ਕਿਸੇ ਕੰਢੇ ਨਹੀਂ ਲਗਦੀ। ਬਹੁਤੀਆਂ ਮਿੰਨਤਾਂ ਕਰਨੀਆਂ ਉਸ ਦੇ ਵੱਸ ਵਿਚ ਵੀ ਨਹੀਂ ਹੈ। ਅੰਤ ਵਿਚ ਉਹ ਆਖਦਾ ਹੈ,
“ਤੈਨੂੰ ਮੇਰੇ ਤੇ ਓਸ ਕੱਛਣ ਵਿਚੋਂ ਇਕ ਨੂੰ ਚੁਣਨਾ ਪੈਣੈ।”
“ਮੈਂ ਮੀਨਾ ਨੂੰ ਚੂਜ਼ ਕਰ ਚੁਕਾਂ ਡੈਡ।” ਪਾਲਾ ਸਿੰਘ ਨਿਢਾਲ ਸੈਟੀ ਵਿਚ ਨੂੰ ਧਸ ਜਾਂਦਾ ਹੈ ਤੇ ਫਿਰ ਆਹਿਸਤਾ ਜਿਹੇ ਉਠ ਕੇ ਆਪਣੇ ਕਮਰੇ ਵਿਚ ਚਲੇ ਜਾਂਦਾ ਹੈ। ਉਸ ਨੂੰ ਲਗਦਾ ਹੈ ਜਿਵੇਂ ਉਸ ਦੇ ਸਰੀਰ ਦਾ ਕੋਈ ਹਿੱਸਾ ਕਟਿਆ ਗਿਆ ਹੋਵੇ। ਸਵੇਰੇ ਉਹ ਹੁੱਸਿਆ ਜਿਹਾ ਉਠਦਾ ਹੈ। ਮੋਹਨਦੇਵ ਘਰੋਂ ਜਾ ਚੁੱਕਾ ਹੈ। ਅਮਰਦੇਵ ਤੇ ਮਨਿੰਦਰ ਡਰੇ ਡਰੇ ਹਨ। ਉਹ ਬਹੁਤੀ ਗੱਲ ਨਹੀਂ ਕਰਦਾ ਤੇ ਬਾਹਰ ਜਾਣ ਲਈ ਤਿਆਰ ਹੋਣ ਲਗਦਾ ਹੈ।
ਗੁਰਦਿਆਲ ਸਿੰਘ ਦੇ ਦਫਤਰ ਵਿਚ ਪਾਲਾ ਸਿੰਘ ਪਹੁੰਚਦਾ ਹੈ ਤਾਂ ਪਰਦੁੱਮਣ ਸਿੰਘ ਬਾਹਰ ਨਿਕਲ ਰਿਹਾ ਹੈ। ਉਹ ਪੁੱਛਦਾ ਹੈ,
“ਪਾਲਾ ਸਿਆਂ ਕਿੱਦਾਂ ?.. ਕੀ ਹਾਲ ਐ ?”
“ਤੂੰ ਸੁਣਾ ਦੁੱਮਣਾ, ਤੇਰਾ ਕੀ ਹਾਲ ਐ, ਕਿਤੇ ਦੇਖਿਆ ਈ ਨਹੀਂ ?”
“ਲਾਈਫ ਜ਼ਰਾ ਬਿਜ਼ੀ ਐ।”
“ਏਧਰ ਕਿੱਦਾਂ ਫਿਰਦਾਂ ?”
“ਘਰ ਵਾਲੀ ਇੰਡੀਆ ਚੱਲੀ ਐ, ਟਿਕਟ ਲੈਣ ਆਇਆ ਸੀ।”
“ਇੰਡੀਆ ਨੂੰ ਤੁਸੀਂ ਸਦਾ ਲਈ ਬਾਏ ਬਾਏ ਨਹੀਂ ਕਰ 'ਤਾ ਸੀ ?”
“ਮੈਂ ਤਾਂ ਕਰ 'ਤਾ ਸੀ ਪਰ ਘਰ ਵਾਲੀ ਦੇ ਭਰਾ ਭੈਣ ਓਥੇ ਈ ਐ।”
“ਚੱਲ ਜਿੱਦਾਂ ਵੀ ਐ, ਰਾਜ਼ੀ ਰਹੋ।”
“ਹੋਰ ਪਾਲਾ ਸਿਆਂ, ਮੁੱਛ ਖੜਦੀ ਐ ਨਾ ?”
ਪਰਦੁੱਮਣ ਸਿੰਘ ਦੇ ਪੁੱਛਣ 'ਤੇ ਪਾਲਾ ਸਿੰਘ ਜ਼ਰਾ ਕੁ ਝਿਪ ਜਾਂਦਾ ਹੈ ਕਿ ਇਸ ਨੂੰ ਕਿਸੇ ਗੱਲ ਦਾ ਪਤਾ ਲੱਗ ਚੁੱਕਾ ਹੋਵੇਗਾ ਪਰ ਉਹ ਹੌਸਲੇ ਵਿਚ ਆਉਂਦਾ ਆਖਦਾ ਹੈ,
“ਮੁੱਛਾਂ ਨੇ ਖੜਨਾ ਈ ਐ, ਦੇਖ ਨਿੰਬੂ ਟਿਕਦੈ ਮੁੱਛ 'ਤੇ ਤਾਂ।”
ਉਹ ਆਪਣੀਆਂ ਮੁੱਛਾਂ ਵੱਲ ਇਸ਼ਾਰਾ ਕਰਦਾ ਹੈ ਤੇ ਫਿਰ ਉਸ ਨੂੰ ਹੀ ਸਵਾਲ ਕਰਦਾ ਹੈ,
“ਤੂੰ ਸੁਣਾ, ਤੇਰੀ ਕਾਟੋ ਫੁੱਲਾਂ 'ਤੇ ਖੇਡਦੀ ਐ ਨਾ ?”
“ਖੇਲ੍ਹਦੀ ਐ ਪਾਲਾ ਸਿਆਂ, ਪੂਰੀ ਤਰ੍ਹਾਂ ਖੇਲ੍ਹਦੀ ਐ।”
ਕਹਿੰਦਾ ਪਰਦੁੱਮਣ ਸਿੰਘ ਤੁਰ ਪੈਂਦਾ ਹੈ। ਪਾਲਾ ਸਿੰਘ ਉਸ ਦੀ ਜਾਂਦੇ ਦੀ ਪਿੱਠ ਦੇਖਦਾ ਅੰਦਰ ਜਾ ਵੜਦਾ ਹੈ। ਅੰਦਰ ਪਿਛਲੇ ਦਫਤਰ ਵਿਚ ਹੀ ਸਿੱਧਾ ਚਲੇ ਜਾਂਦਾ ਹੈ ਜਿਥੇ ਗੁਰਦਿਆਲ ਸਿੰਘ ਬੈਠਦਾ ਹੈ। ਗੁਰਦਿਆਲ ਸਿੰਘ ਵੱਲ ਦੇਖ ਕੇ ਉਸ ਦੀਆਂ ਅੱਖਾਂ ਤਰ ਜਿਹੀਆਂ ਹੋਣ ਲੱਗਦੀਆਂ ਹਨ। ਉਹ ਭਰੇ ਮਨ ਨਾਲ ਕਹਿੰਦਾ ਹੈ,
“ਨਹੀਂ ਮੰਨਿਆ ਬਈ ਮੁੰਡਾ ! ਧੋਖਾ ਦੇ ਗਿਆ।”
“ਇਹ ਤਾਂ ਮਾੜੀ ਗੱਲ ਕਰ ਗਿਆ, ਪਾਲ਼ੇ ਭੜਾਏ ਦੀ ਕੋਈ ਕਦਰ ਨਹੀਂ ਪਾਈ ਉਹਨੇ।”
“ਗੁਰਦਿਆਲ ਸਿਆਂ, ਉਹ ਤਾਂ ਲਾਗੇ ਨਹੀਂ ਲੱਗਣ ਦੇ ਰਿਹਾ, ਅਖੇ ਗੱਲ ਨਾ ਕਰ, ਪਤਾ ਨਹੀਂ ਓਸ ਕੱਛਣ ਨੇ ਕੀ ਜਾਦੂ ਕਰ ਦਿੱਤਾ।”
“ਏਸ ਮੁਲਕ ਦੀ ਹਵਾ!”
“ਮੁਲਕ ਦੀ ਹਵਾ ਤਾਂ ਜਿਹੜੀ ਹੋਈ ਓਹ ਹੋਈ ਪਰ ਇਸ ਸਾਡੇ ਮੁੰਡੇ ਨੂੰ ਤਾਂ ਪੜ੍ਹਾਈ ਨੇ ਵਿਗਾੜਿਆ, ਨਾ ਏਹਨੂੰ ਏਨਾ ਪੜ੍ਹਾਉਂਦਾ ਨਾ ਆ ਦਿਨ ਦੇਖਣੇ ਪੈਂਦੇ।”
ਕਹਿੰਦਾ ਹੋਇਆ ਉਹ ਸੋਚ ਰਿਹਾ ਹੈ ਕਿ ਗੁਰਦਿਆਲ ਸਿੰਘ ਦਾ ਮੁੰਡਾ ਬਹੁਤਾ ਨਾ ਪੜ੍ਹਿਆ ਹੋਣ ਕਰਕੇ ਪਿਓ ਦੇ ਕਹਿਣੇ ਵਿਚ ਰਿਹਾ ਅਤੇ ਇੰਡੀਆ ਜਾ ਕੇ ਵਿਆਹ ਕਰਾ ਕੇ ਆਇਆ। ਗੁਰਦਿਆਲ ਸਿੰਘ ਆਖਦਾ ਹੈ,
“ਪਾਲਾ ਸਿਆਂ, ਦਿਲ ਥੋੜ੍ਹਾ ਨਾ ਕਰ, ਮੁੰਡਾ ਈ ਐ ਕਿਹੜੀ ਕੁੜੀ ਐ।”
“ਤੇਰੀ ਗੱਲ ਠੀਕ ਐ, ਪਰ ਗੁਰਦੁਆਰੇ ਜਾਈਦੈ, ਲੋਕਾਂ ਨੂੰ ਪਤਾ ਲੱਗਿਆ ਤਾਂ ਹੋਏ ਹੋਏ ਹੋਊਗੀ, ਆਹ ਜਿਹੜੀ ਮੁੱਛ ਖੜਦੀ ਐ...।”
“ਤੂੰ ਐਵੇਂ ਨਾ ਜਜ਼ਬਾਤੀ ਹੋਈ ਜਾ, ਕੋਈ ਨ੍ਹੇਰੀ ਨਹੀਂ ਵਗ ਗਈ। ਹੌਸਲਾ ਰੱਖ ਤੇ ਸਦਾ ਵਾਂਗੂੰ ਚੜ੍ਹਦੀ ਕਲਾ ਵਿਚ ਰਹਿ। ਚੜ੍ਹਦੀ ਕਲਾ ਵਿਚ ਰਹਿਣਾ ਤਾਂ ਲੋਕ ਤੇਰੇ ਤੋਂ ਸਿੱਖਦੇ ਆ।”
ਗੁਰਦਿਆਲ ਸਿੰਘ ਦੇ ਇਨ੍ਹਾਂ ਬੋਲਾਂ ਨਾਲ ਉਸ ਦਾ ਡਿੱਗਿਆ ਹੋਇਆ ਦਿਲ ਇਕਦਮ ਸਿੱਧਾ ਖੜ ਜਾਂਦਾ ਹੈ। ਉਹ ਸੋਚਦਾ ਹੈ ਕਿ ਜ਼ਿੰਦਗੀ ਵਿਚ ਉਹ ਕਦੇ ਵੀ ਢਹਿੰਦੀਆਂ ਕਲਾਂ ਵਿਚ ਨਹੀਂ ਹੋਇਆ, ਹੁਣ ਵੀ ਨਹੀਂ ਹੋਣਾ ਚਾਹੀਦਾ। ਉਹ ਮੁੱਛ ਨੂੰ ਮਰੋੜਾ ਦਿੰਦਾ ਕਹਿੰਦਾ ਹੈ,
“ਨਹੀਂ ਤਾਂ ਨਾ ਸਹੀ, ਮੋਹਨਦੇਵ ਜਾਂਦਾ ਐ ਤਾਂ ਜਾਵੇ, ਮੈਂ ਅਮਰਦੇਵ ਨੂੰ ਇੰਡੀਆ ਵਿਆਹੂੰ।”
“ਇੰਡੀਆ ਇੰਡੀਆ ਵੀ ਤੂੰ ਐਮੇਂ ਗਾਈ ਜਾਨਾਂ, ਓਥੇ ਇੰਡੀਆ ਆਪਣਾ ਹੈ ਈ ਕੌਣ, ਦੋ ਖੇਤ ਜਿਹੜੇ ਜ਼ਮੀਨ ਦੇ ਆ ਸ਼ਰੀਕਾਂ ਨੇ ਦੱਬ ਲੈਣੇ ਆਂ ਜਾਂ ਦੱਬ ਈ ਲਏ ਆ, ਪਿੰਡ 'ਚ ਸਾਡੇ ਹਾਣੀ ਮਰ ਮੁੱਕ ਚੁੱਕੇ ਆ ਜਾਂ ਫੇਰ ਅੰਦਰੀਂ ਵੜ ਗਏ, ਨਵੀਂ ਜਨਰੇਸ਼ਨ ਸਾਨੂੰ ਪਛਾਣਦੀ ਨਹੀਂ, ਹੁਣ ਓਥੇ ਪਿੰਡ ਹੈ ਈ ਆਪਣਾ ਕੌਣ।”
“ਗੱਲ ਤਾਂ ਗੁਰਦਿਆਲ ਸਿਆਂ ਤੇਰੀ ਠੀਕ ਐ, ਪਰ ਮੈਂ ਏਦਾਂ ਸੋਚਦਾਂ ਕਿ ਬੰਦੇ ਦਾ ਰੋਅਬ ਆਪਣੇ ਭਾਈਚਾਰੇ ਵਿਚ ਈ ਬਣਦੈ, ਹੁਣ ਜੇ ਕਿਸੇ ਨੂੰ ਪਤਾ ਲੱਗਿਆ ਕਿ ਮੋਹਨਦੇਵ ਨੇ ਕਿਸੇ ਭੱਈਏਆਣੀ ਨਾਲ ਵਿਆਹ ਕਰਾ ਲਿਆ ਜੇਹਦੀ ਜਾਤ ਦਾ ਵੀ ਨਹੀਂ ਪਤਾ ਤਾਂ..।”
“ਤੂੰ ਫੇਰ ਓਹੀ ਗੱਲ ਕਰਨ ਲੱਗ ਪਿਆਂ। ਤੈਨੂੰ ਪਤਾ ਆਪਣੇ ਪਿੰਡ ਦੇ ਕਿੰਨੇ ਬੰਦੇ ਕੁਦੇਸੜਾਂ ਨਾਲ ਵਿਆਹੇ ਹੋਏ ਸੀ।”
“ਕੁਦੇਸੜਾਂ ਨਾਲ ਤਾਂ ਉਹ ਵਿਆਹ ਕਰਾਉਂਦਾ ਜਿਹੜਾ ਰਹਿ ਗਿਆ ਹੋਵੇ ਪਰ ਮੋਹਨਦੇਵ ਤਾਂ ਛੇ ਫੁੱਟਾ ਦਰਸ਼ਨੀ ਜੁਆਨ ਐ।”
“ਮੇਰੇ ਕਹਿਣ ਦਾ ਮਤਲਬ ਹੋਰ ਐ ਬਈ ਜੱਟ ਦਾ ਪੁੱਤ ਕਿਤੇ ਵੀ ਵਿਆਹ ਕਰਾ ਲਏ, ਤੀਵੀਂ ਨੇ ਜੱਟ ਦੇ ਘਰ ਆ ਕੇ ਜੱਟੀ ਈ ਬਣ ਜਾਣਾ ਹੁੰਦੈ, ਹੁਣ ਇਹ ਗੁਜਰਾਤਣ ਜਿਹੜੀ ਪਟੇਲ, ਡਿਸਾਈ, ਕੁਸ਼ ਵੀ ਹੋਊ, ਮਾਹਲ ਬਣ ਜਾਊ, ਤੂੰ ਸਗਾਂ ਤੇ ਅਸ਼ੀਰਵਾਦ ਦੇ।”
“ਦੇਖ ਗੁਰਦਿਆਲ ਸਿਆਂ, ਨਾ ਤਾਂ ਮੈਂ ਉਹਨੂੰ ਮੁਆਫ ਕਰ ਸਕਣਾ ਤੇ ਨਾ ਹੀ ਅਸ਼ੀਰਵਾਦ ਦੇ ਸਕਣਾ। ਇਹ ਠੀਕ ਐ ਕਿ ਮੋਹਨਦੇਵ ਬਾਰੇ ਸੋਚਣਾ ਬੰਦ ਕਰ ਦੇਊਂ, ਭੁੱਲ ਜਾਊਂ ਕਿ ਮੇਰੇ ਦੋ ਪੁੱਤ ਸੀ।”
“ਜੇ ਭਾਬੀ ਨਸੀਬ ਕੌਰ ਜਿਊਂਦੀ ਹੁੰਦੀ ਤਾਂ ਏਦਾਂ ਕਰਦੀ ?”
“ਨਸੀਬ ਕੌਰ ਭਲੀ ਲੋਕ ਸੀ ਪਰ ਮੈਂ...।”
ਉਹ ਆਪਣੀ ਗੱਲ ਨੂੰ ਵਿਚਕਾਰ ਹੀ ਛੱਡ ਕੇ ਮੁੱਛ ਨੂੰ ਵਟਾ ਦੇਣ ਲੱਗਦਾ ਹੈ।
ਉਹ ਗੁਰਦਿਆਲ ਸਿੰਘ ਪਾਸੋਂ ਵਾਪਸ ਮੁੜਦਾ ਕਾਫੀ ਹੱਦ ਤੱਕ ਖੁਸ਼ ਹੈ। ਉਸ ਦੇ ਦਿਲ ਦਾ ਬੋਝ ਭਾਵੇਂ ਨਹੀਂ ਉਤਰਿਆ ਪਰ ਗਮ ਵੰਡਿਆ ਗਿਆ ਹੈ। ਘਰ ਪੁੱਜਣ ਤੱਕ ਉਹ ਇਕਦਮ ਠੀਕ ਹੈ। ਮਨਿੰਦਰ ਅਤੇ ਅਮਰਦੇਵ ਘਰ ਹੀ ਹਨ। ਪਿਓ ਨੂੰ ਬਦਲਿਆ ਦੇਖ ਕੇ ਉਨ੍ਹਾਂ ਨੂੰ ਵੀ ਸੁੱਖ ਦਾ ਸਾਹ ਆਉਂਦਾ ਹੈ। ਅਮਰਦੇਵ ਕਹਿੰਦਾ ਹੈ,
“ਡੈਡ, ਇਹ ਕੋਈ ਐਡਾ ਈਸ਼ੂ ਨਹੀਂ ਸੀ, ਜਸਟ ਸਮੌਲਥਿੰਗ ਸੀ ਤੂੰ ਐਵੇਂ ਐਂਗਰੀ ਹੋ ਗਿਆ, ਏਦਾਂ ਈ ਹੈਪੀ ਰਹਿ।”
“ਇਹ ਸਮੌਲਥਿੰਗ ਨਹੀਂ ਪਰ ਮੈਂ ਹੈਪੀ ਈ ਆਂ, ਮੈਨੂੰ ਕੀ ਹੋਇਆ।”
“ਜੇ ਹੈਪੀ ਆਂ ਤਾਂ ਮੋਹਨ ਨੂੰ ਫੋਨ ਕਰਾਂ ਕਿ ਮੀਨਾ ਨੂੰ ਲੈ ਕੇ ਆ ਜਾਵੇ।”
“ਖਬਰਦਾਰ! ਜੇ ਓਹਨੂੰ ਏਸ ਘਰ ਲਿਆਇਆ, ਉਹਨੂੰ ਕਹਿ ਦੇ ਹੁਣ ਉਹ ਵੀ ਨਾ ਆਵੇ।”
ਕਹਿੰਦਾ ਉਹ ਸਿਟਿੰਗ ਰੂਮ ਵਿਚ ਆ ਜਾਂਦਾ ਹੈ ਤੇ ਬੈਠ ਕੇ ਟੈਲੀ ਦੇਖਣ ਲੱਗਦਾ ਹੈ। ਮਨਿੰਦਰ ਤੇ ਅਮਰਦੇਵ ਆਪੋ ਆਪਣੇ ਕਮਰਿਆਂ ਵਿਚ ਚਲੇ ਜਾਂਦੇ ਹਨ। ਪਾਲਾ ਸਿੰਘ ਘੜੀ ਦੇਖਦਾ ਪੱਬ ਦੇ ਖੁੱਲ੍ਹਣ ਦਾ ਇੰਤਜ਼ਾਰ ਕਰਨ ਲੱਗਦਾ ਹੈ। ਉਹ ਪੱਬ ਜਾਵੇਗਾ ਤਾਂ ਗੱਲਾਂ ਵਾਲੇ ਕਈ ਮਿਲਣਗੇ। ਮਨ ਹੋਰ ਪਾਸੇ ਪਵੇਗਾ। ਦੁੱਮਣ ਵਰਗਾ ਜੇ ਕੋਈ ਉਸ ਦੇ ਮੁੰਡੇ ਬਾਰੇ ਗੱਲ ਕਰੇਗਾ ਵੀ ਤਾਂ ਕਹਿ ਦੇਵੇਗਾ ਕਿ ਮੁੰਡਾ ਹੀ ਹੈ ਕਿਹੜੀ ਕੁੜੀ ਹੈ। ਮੁੰਡੇ ਤਾਂ ਪੰਜਾਹ ਕੰਧਾਂ ਟੱਪਦੇ ਹੁੰਦੇ ਹਨ।
ਪੱਬ ਨੂੰ ਜਾਂਦਾ ਉਹ ਲੇਡੀ ਮਾਰਗਰੇਟ ਰੋਡ ਉਪਰ ਪਹੁੰਚਦਾ ਹੈ। ਸੇਮਾ ਤੇ ਅਨਵਰ ਖੜੇ ਗੱਲਾਂ ਕਰ ਰਹੇ ਹਨ। ਸੇਮੇ ਨੂੰ ਤਾਂ ਉਹ ਜਾਣਦਾ ਹੈ ਕਿ ਉਸ ਨੂੰ ਕਈ ਵਾਰ ਗੁਰਦੁਆਰੇ ਮਿਲ ਜਾਇਆ ਕਰਦਾ ਹੈ। ਅਨਵਰ ਨੂੰ ਉਹ ਨਹੀਂ ਜਾਣਦਾ ਪਰ ਅਨਵਰ ਵੀ ਉਸ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ। ਪਾਲਾ ਸਿੰਘ ਕਹਿੰਦਾ ਹੈ,
“ਕਿਹੜੀ ਸਾਜਿਸ਼ ਘੜ ਰਹੇ ਓ ?”
ਅਨਵਰ ਤੇ ਸੇਮੇ ਦੇ ਖੜਨ ਦੇ ਅੰਦਾਜ਼ ਤੋਂ ਅੰਦਾਜ਼ਾ ਲਾਉਂਦਾ ਮਜ਼ਾਕ ਵਿਚ ਪੁੱਛਦਾ ਹੈ। ਸੇਮਾ ਕਹਿਣ ਲੱਗਦਾ ਹੈ,
“ਅੰਕਲ ਜੀ, ਕੀ ਦੱਸੀਏ, ਆਹ ਸਾਹਮਣੇ ਦਾ ਪੋਸਟਰ ਦੇਖੋ ਕਿੰਨਾ ਗੰਦਾ ਐ, ਸਾਥੋਂ ਨਹੀਂ ਦੇਖਿਆ ਜਾਂਦਾ। ਬੱਚਿਆਂ ਉਪਰ ਏਹਦਾ ਕੀ ਅਸਰ ਪਊਗਾ।”
“ਏਹ ਤਾਂ ਹੈ ਬਈ, ਤੁਹਾਨੂੰ ਪਤਾ ਈ ਐ ਕਿ ਏਹ ਕੌਮ ਕਿੰਨੀ ਖੁੱਲ੍ਹੀ ਐ, ਕਿਥੇ ਸਾਡੀਆਂ ਔਰਤਾਂ ਬੁਰਕਿਆਂ, ਝੁੰਡਾਂ ਵਿਚ ਰਹਿਣ ਵਾਲੀਆਂ ਤੇ ਗੋਰੀਆਂ ਦਾ ਕੱਪੜੇ ਨਾਲ ਬਹੁਤਾ ਵਾਹ ਨਹੀਂ ਹੁੰਦਾ। ਏਹ ਤਾਂ ਮੁਲਕ ਠੰਡਾ ਐ, ਨਹੀਂ ਤਾਂ ਦੇਖਦੇ ਇਥੇ ਕੀ ਹਾਲ ਹੋਣਾ ਸੀ।”
ਕਹਿੰਦਾ ਹੋਇਆ ਪਾਲਾ ਸਿੰਘ ਪੋਸਟਰ ਵੱਲ ਦੇਖਦਾ ਹੈ। ਕੰਧ ਉਪਰ ਵੱਡੇ ਸਾਈਜ਼ ਦੀ ਤਸਵੀਰ ਚਿਪਕਾਈ ਹੋਈ ਹੈ। ਇਹ ਕਿਸੇ ਮੈਗਜ਼ੀਨ ਦੀ ਮਸ਼ਹੂਰੀ ਹੈ। ਤਸਵੀਰ ਵਿਚ ਦਿਖਾਇਆ ਗਿਆ ਹੈ ਕਿ ਨੰਗੇ ਮਰਦ ਤੇ ਔਰਤ ਸੰਭੋਗ ਕਿਰਿਆ ਵਿਚ ਮਘਨ ਹਨ ਪਰ ਔਰਤ ਇਸ ਕਿਰਿਆ ਵਿਚ ਮਾਨਸਿਕ ਤੌਰ 'ਤੇ ਸ਼ਾਮਿਲ ਨਹੀਂ ਹੈ ਕਿਉਂਕਿ ਉਹ ਇਕ ਮੈਗਜ਼ੀਨ ਪੜ੍ਹ ਰਹੀ ਹੈ ਤੇ ਉਸ ਨੂੰ ਮੈਗਜ਼ੀਨ ਵਿਚੋਂ ਜ਼ਿਆਦਾ ਅਨੰਦ ਮਿਲ ਰਿਹਾ ਹੈ।
ਪਾਲਾ ਸਿੰਘ ਹੱਸਦਾ ਹੋਇਆ ਅੱਗੇ ਵੱਧ ਜਾਂਦਾ ਹੈ। ਹੁਣ ਉਸ ਦਾ ਮੂਡ ਬਿਲਕੁਲ ਠੀਕ ਹੈ।
ਚੱਲਦਾ...