ਸਾਊਥਾਲ (ਕਾਂਡ 37)

       ਇਕ ਦਿਨ ਮਨਦੀਪ ਕਹਿੰਦੀ ਹੈ,
“ਜੈਗ, ਸਵਿਮਿੰਗ ਜਾਣਾ ਬੰਦ ਕਿਉਂ ਕਰ ਦਿਤਾ?”
“ਐਵੇਂ ਘਾਉਲ ਜਿਹੀ ਹੋਈ ਜਾਂਦੀ ਐ।”
“ਉਹ ਤੁਹਾਡੇ ਮਾਮੇ ਦੀ ਧੀ ਤਾਂ ਦੁਬਾਰਾ ਜੰਮ ਕੇ ਵੀ ਸਵਿਮਿੰਗ ਕਰਨ ਜਾਣ ਲਗ ਪਈ ਹੋਣੀ ਐਂ।”
“ਕਮਲ਼ ਨਾ ਮਾਰ, ਮੈਂ ਜੋਗਿੰਗ ਜਿਉਂ ਚਲੇ ਜਾਨਾਂ, ਸਵਿਮਿੰਗ ਦੀ ਲੋੜ ਈ ਨਹੀਂ ਪੈਂਦੀ।”
 “ਇਹਨਾਂ ਮੁੰਡਿਆਂ ਬਾਰੇ ਕਿਉਂ ਭੁਲੀ ਜਾਂਦੇ ਓ, ਇਹ ਸਵਿਮਿੰਗ ਭੁੱਲ ਜਾਣਗੇ।”
“ਸਵਿਮਿੰਗ ਕੋਈ ਨਹੀਂ ਭੁੱਲਦਾ ਹੁੰਦਾ, ਹਾਂ ਪ੍ਰੈਕਟਿਸ ਤਾਂ ਚਾਹੀਦੀ ਈ ਐ।”
       ਜਗਮੋਹਣ ਆਖਦਾ ਹੈ ਤੇ ਸੋਚਣ ਲੱਗ ਪੈਂਦਾ ਹੈ ਕਿ ਉਹ ਇਸ ਪਾਸਿਉਂ ਅਵੇਸਲਾ ਕਿਉਂ ਹੋ ਗਿਆ। ਉਸ ਨੂੰ ਆਪ ਵੀ ਤਾਂ ਸਵਿਮਿੰਗ ਗਏ ਨੂੰ ਕਈ ਮਹੀਨੇ ਹੋ ਗਏ ਹਨ। ਮਨਦੀਪ ਠੀਕ ਕਹਿੰਦੀ ਹੈ। ਉਹ ਆਪਣੀ ਜਿ਼ੰਮੇਵਾਰੀ ਨੂੰ ਭੁਲਾਈ ਬੈਠਾ ਹੈ। ਉਹ ਉਸੇ ਪਲ ਫੈਸਲਾ ਕਰਦਾ ਹੈ ਕਿ ਉਹ ਕਲ ਤੋਂ ਹੀ ਲਗਾਤਾਰ ਸਵਿਮਿੰਗ ਜਾਣਾ ਸ਼ੁਰੂ ਕਰੇਗਾ।
       ਅਗਲੇ ਦਿਨ ਉਹ ਦੋਨਾਂ ਮੁੰਡਿਆਂ ਦੇ ਸਵਿਮਿੰਗ ਟਰੰਕ ਬੈਗ ਵਿਚ ਪਾ ਲੈਂਦਾ ਹੈ ਤੇ ਨਾਲ ਹੀ ਆਪਣਾ ਵੀ। ਦੋ ਤੌਲੀਏ ਰੱਖਦਾ ਹੈ। ਪੈਰੀਵੇਲ ਸਵਿਮਿੰਗ ਪੂਲ ਦੇ ਕਾਰ ਪਾਰਕ ਵਿਚ ਕਾਰ ਲੈ ਜਾ ਖੜੀ ਕਰਦਾ ਹੈ। ਪੈਰੀਵੇਲ ਸਵਿਮਿੰਗ ਪੂਲ ਪਿਛਲੇ ਸਾਲ ਹੀ ਤਿਆਰ
ਹੋਇਆ ਹੈ। ਇਹ ਨਵਾਂ ਹੈ ਤੇ ਇਸ ਦਾ ਨਾਂ ਵੀ ਵੱਡਾ ਹੈ ਕਿ ਆਧੁਨਿਕ ਕਿਸਮ ਦਾ ਸਵਿਮਿੰਗ ਪੂਲ ਹੈ ਪਰ ਕੁਝ ਕੁ ਨਸਲਵਾਦੀ ਘਟਨਾਵਾਂ ਵਾਪਰਨ ਕਰਕੇ ਏਸ਼ੀਅਨ ਲੋਕ ਘੱਟ ਜਾਂਦੇ ਹਨ। ਗਰੇਵਾਲ ਦਾ ਕਹਿਣਾ ਹੈ ਕਿ ਜਦੋਂ ਅਸੀਂ ਗੋਰਿਆਂ ਨਾਲ ਵੱਖਰੇਵਾਂ ਪੈਦਾ ਕਰ ਲੈਂਦੇ ਹਾਂ, ਉਨ੍ਹਾਂ ਤੋਂ ਦੂਰ ਰਹਿਣ ਲੱਗਦੇ ਹਾਂ ਤਾਂ ਇਨ੍ਹਾਂ ਨਸਲਵਾਦੀਆਂ ਨੂੰ ਬੜ੍ਹਾਵਾ ਮਿਲਦਾ ਹੈ। ਇਹ ਉਤਸ਼ਾਹਿਤ ਹੁੰਦੇ ਹਨ। ਨਸਲਵਾਦੀਆਂ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਵਿਚਕਾਰ ਵਿਚਰਨਾ ਬਹੁਤ ਜ਼ਰੂਰੀ ਹੈ। ਸੋਚਦਾ ਜਗਮੋਹਣ ਕਾਰ ਵਿਚੋਂ ਉਤਰਦਾ ਨਵਜੀਵਨ ਤੇ ਨਵਕਿਰਨ ਨੂੰ ਉਤਾਰਦਾ ਹੈ। ਸਮਾਨ ਵਾਲਾ ਬੈਗ ਗਲ਼ ਵਿਚ ਪਾਉਂਦਾ ਤੁਰ ਪੈਂਦਾ ਹੈ।
       ਐਂਟਰਸ ਉਪਰ ਫਾਰਮ ਭਰ ਕੇ ਮੈਂਬਰ ਬਣਦਾ ਹੈ। ਪੰਜ ਪੌਂਡ ਮੈਂਬਰਸ਼ਿਪ ਫੀਸ ਹੈ। ਬੱਚਿਆਂ ਦਾ ਦਾਖਲਾ ਮੁਫਤ ਹੈ। ਲੌਕਰ ਦੀ ਚਾਬੀ ਲੈ ਕੇ ਉਹ ਕੱਪੜੇ ਬਦਲਣ ਚਲੇ ਜਾਂਦਾ ਹੈ। ਦੋਨਾਂ ਮੁੰਡਿਆਂ ਦੇ ਕੱਪੜੇ ਸਾਂਭਦਾ ਹੈ ਤੇ ਆਪਣੇ ਵੀ। ਸਵਿਮਿੰਗ ਪੂਲ ਦੇ ਕੰਢੇ ਖੜ ਕੇ ਆਲੇ ਦੁਆਲੇ ਦਾ ਨਿਰੀਖਣ ਕਰਦਾ ਹੈ। ਸਵਿਮਿੰਗ ਪੂਲ ਦੇ ਤਿੰਨ ਹਿੱਸੇ ਹਨ। ਇਕ ਤਾਂ ਰੁੜ੍ਹਦੇ ਬੱਚਿਆਂ ਤੇ ਮਾਵਾਂ ਲਈ। ਦੂਜਾ ਉਸ ਤੋਂ ਕੁਝ ਡੂੰਘਾ ਹੈ, ਤਿੰਨ ਕੁ ਫੁੱਟ ਪਾਣੀ ਹੋਵੇਗਾ। ਤੇ ਇਕ ਆਮ ਪੂਲ ਵਾਂਗ ਡੂੰਘਾ ਹੈ। ਉਹ ਦੋਨਾਂ ਮੁੰਡਿਆਂ ਨੂੰ ਡੂੰਘੇ ਪੂਲ ਵਿਚ ਨਹੀਂ ਜਾਣ ਦੇ ਰਿਹਾ ਹਾਲਾਂਕਿ ਉਹ ਚੰਗੇ ਭਲੇ ਤੈਰਾਕ ਹਨ। ਉਹ ਆਪ ਵੀ ਓਧਰ ਨਹੀਂ ਜਾਂਦਾ। ਇਸ ਪੂਲ ਵਿਚ ਉਨ੍ਹਾਂ ਦਾ ਪਹਿਲਾ ਦਿਨ ਹੈ। ਉਹ ਮਾਹੌਲ ਤੋਂ ਵਾਕਫ ਹੋਣਾ ਚਾਹੁੰਦਾ ਹੈ। ਉਹ ਜਾਨਣਾ ਚਾਹੁੰਦਾ ਹੈ ਕਿ ਆਲੇ ਦੁਆਲੇ ਦੇ ਲੋਕ ਕਿਹੋ ਜਿਹੇ ਹਨ। ਦਿਨ ਚੰਗਾ ਹੋਣ ਕਰਕੇ ਕਾਫੀ ਲੋਕ ਆਏ ਹੋਏ ਹਨ। ਕੁਝ ਲੋਕ ਵੱਡੇ ਪੂਲ ਦੇ ਫੱਟੇ ਉਪਰ ਚੜ੍ਹ ਕੇ ਛਾਲਾਂ ਵੀ ਮਾਰ ਰਹੇ ਹਨ। ਉਸ ਦਾ ਵੀ ਦਿਲ ਕਰਦਾ ਹੈ ਕਿ ਫੱਟੇ ਉਪਰ ਚੜ੍ਹ ਕੇ ਕਲਾਬਾਜ਼ੀਆਂ ਖਾਂਦਾ ਪਾਣੀ ਵਿਚ ਗੋਤਾ ਮਾਰੇ। ਫਿਰ ਤੇਜ਼ ਤੇਜ਼ ਤੈਰਨ ਦੇ ਚਾਰ ਗੇੜੇ ਪੂਲ ਦੇ ਲਗਾਵੇ ਪਰ ਉਹ  ਸੋਚਦਾ ਹੈ ਕਿ ਅਗਲੀ ਵਾਰ ਸਹੀ, ਹੁਣ ਉਹ ਨਿਰੰਤਰ ਆਇਆ ਕਰੇਗਾ।
       ਉਹ ਦੇਖਦਾ ਹੈ ਕਿ ਫੱਟੇ ਉਪਰ ਖੜੀ ਇਕ ਕੁੜੀ ਪੂਲ ਵਿਚ ਆਪਣੇ ਸਾਥੀਆਂ ਨੂੰ ਹੱਥ ਹਿਲਾ ਕੇ ਛਾਲ ਮਾਰਨ ਦੀ ਤਿਆਰੀ ਬਾਰੇ ਦੱਸ ਰਹੀ ਹੈ। ਕੁੜੀ ਦੀਆਂ ਅੱਖਾਂ ਪੰਜਾਬੀ ਹਨ। ਵਾਲ ਉਪਰ ਨੂੰ ਖਿੱਚੇ ਹੋਏ ਹਨ। ਲੱਤਾਂ ਗੋਲ ਹਨ ਤੇ ਪਿੰਨੀਆਂ ਵੀ ਭਾਰੀਆਂ। ਨਿੱਗਰ ਛਾਤੀਆਂ ਉਪਰ ਬਰਾ ਕੱਸ ਕੇ ਬੰਨ੍ਹੀ ਹੋਈ ਹੈ। ਜਗਮੋਹਣ ਨੂੰ ਸੁੱਖੀ ਦਾ ਭੁਲੇਖਾ ਪੈਂਦਾ ਹੈ। ਇਵੇਂ ਹੀ ਸੁੱਖੀ ਫੱਟੇ ਉਪਰ ਜਾ ਖੜਦੀ ਸੀ ਤੇ ਬਾਹਰ ਖੜੇ ਹੁਸੈਨ ਨੂੰ ਹੱਥ ਹਿਲਾਇਆ ਕਰਦੀ ਸੀ। ਹੁਸੈਨ ਸਵਿਮਿੰਗ ਪੂਲ ਵਿਚ ਘੱਟ ਵੜਿਆ ਕਰਦਾ ਸੀ। ਉਹ ਬਾਹਰ ਹੀ ਖੜਦਾ। ਖੜਾ ਸੁੱਖੀ ਵੱਲ ਦੇਖਦਾ ਰਹਿੰਦਾ। ਜਦ ਸੁੱਖੀ ਉਪਰ ਭੀੜ ਪਈ ਤਾਂ ਭੱਜ ਤੁਰਿਆ। ਉਹ ਸੁੱਖੀ ਵਲੋਂ ਆਪਣੀ ਸੋਚ ਨੂੰ ਮੋੜਦਾ ਫੱਟੇ ਨੂੰ ਦਮ ਦਿੰਦੀ ਕੁੜੀ ਵੱਲ ਧਿਆਨ ਨਾਲ ਦੇਖਣ ਲੱਗਦਾ ਹੈ। ਕੁੜੀ ਕਿਧਰੇ ਦੇਖੀ ਹੋਈ ਹੈ। ਕੁੜੀ ਫਿਰ ਹੱਸਦੀ ਹੈ, ਹੱਥ ਹਿਲਾਉਂਦੀ ਹੈ ਤੇ ਕਲਾਬਾਜ਼ੀ ਖਾਂਦੀ ਛਾਲ ਮਾਰ ਦਿੰਦੀ ਹੈ। ਫਿਰ ਮੱਛੀ ਵਾਂਗ ਤੈਰਦੀ ਸਾਥੀਆਂ ਕੋਲ ਜਾ ਨਿਕਲਦੀ ਹੈ। ਕੁੜੀ ਜਗਮੋਹਣ ਵੱਲ ਦੇਖਦੀ ਹੈ। ਉਸ ਨੂੰ ਹੱਥ ਹਿਲਾਉਂਦੀ ਹੈ। ਉਹ ਜਵਾਬ ਦਿੰਦਾ ਹੈ। ਉਸ ਨੂੰ ਇਕਦਮ ਯਾਦ ਆ ਜਾਂਦਾ ਹੈ ਕਿ ਇਹ ਤਾਂ ਮਨਿੰਦਰ ਹੈ, ਅੰਕਲ ਪਾਲਾ ਸਿੰਘ ਦੀ ਕੁੜੀ। ਉਹ ਕਿੰਨੀ ਹੀ ਵਾਰ ਉਸ ਨੂੰ ਮਿਲਿਆ ਹੈ। ਹਾਲੇ ਕੁਝ ਦੇਰ ਪਹਿਲਾਂ ਅੰਟੀ ਨਸੀਬ ਕੌਰ ਦੀ ਮੌਤ ਸਮੇਂ ਲਗਭਗ ਰੋਜ਼ ਹੀ ਉਹਨਾਂ ਦੇ ਘਰ ਜਾਂਦਾ ਰਿਹਾ ਹੈ। ਉਸ ਤੋਂ ਪਹਿਲਾਂ ਵੀ ਉਹਨਾਂ ਦੇ ਆਪਸ ਵਿਚ ਪਰਿਵਾਰਕ ਸਬੰਧ ਹਨ। ਉਸ ਨੂੰ ਬਹੁਤ ਚੰਗਾ ਚੰਗਾ ਲੱਗ ਰਿਹਾ ਹੈ। ਮਨਿੰਦਰ ਇਕ ਹੋਰ ਕੁੜੀ ਅਤੇ ਮੁੰਡੇ ਨਾਲ ਫਿਰ ਫੱਟੇ ਉਪਰ ਜਾ ਖੜਦੀ ਹੈ। ਜਗਮੋਹਣ ਉਸ ਵੱਲ ਦੇਖਦਾ ਜਾ ਰਿਹਾ ਹੈ। ਉਹ ਫਿਰ ਜਗਮੋਹਣ ਨੂੰ ਹੱਥ ਹਿਲਾਉਂਦੀ ਹੈ। ਜਗਮੋਹਣ ਨੂੰ ਲਗਾਤਾਰ ਦੇਖੀ ਜਾਣ ਦੀ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ। ਉਸ ਨੂੰ ਸੁੱਖੀ ਚੇਤੇ ਆ ਰਹੀ ਹੈ। ਸਵਿਮਿੰਗ ਵਲੋਂ ਵਿਹਲੀ ਹੋ ਕੇ ਮਨਿੰਦਰ ਉਸ ਕੋਲ ਆ ਕੇ ਕਹਿੰਦੀ ਹੈ,
“ਹੈਲੋ ਭਾਜ! ਹਾਓ ਆਰ ਯੂ?”
“ਆਏ ‘ਮ ਫਾਈਨ!”
       ਉਹ ਇੰਨਾ ਕੁ ਹੀ ਕਹਿ ਸਕਦਾ ਹੈ। ਪਹਿਲਾਂ ਵੀ ਮਨਿੰਦਰ ਉਸ ਨੂੰ ਭਾਜੀ ਜਾਂ ਭਾਜ ਕਹਿ ਕੇ ਬੁਲਾਇਆ ਕਰਦੀ ਹੈ। ਮਨਿੰਦਰ ਚਲੇ ਜਾਂਦੀ ਹੈ। ਜਗਮੋਹਨ ਦੇ ਅੰਦਰ ਇਕ ਤਾਰ ਜਿਹੀ ਫਿਰਨ ਲਗਦੀ ਹੈ। ਸਵਿਮਿੰਗ ਪੂਲ ਦੇ ਫੱਟੇ ਤੇ ਖੜੀ ਮਨਿੰਦਰ ਉਸ ਨੂੰ ਸੁੱਖੀ ਜਿਹੀ ਜਾਪਦੀ ਹੈ। ਉਸ ਨੂੰ ਡਰ ਹੈ ਕਿ ਸੁੱਖੀ ਜਿਹੀ ਕਿਸਮਤ ਨਾ ਲੈ ਬੈਠੇ ਮਨਿੰਦਰ ਨੂੰ। ਉਹ ਪਾਲਾ ਸਿੰਘ ਨੂੰ ਭਲੀ ਭਾਂਤ ਜਾਣਦਾ ਹੈ। ਮੁੱਛਾਂ ਨੂੰ ਵਟਾ ਦਿੰਦਾ ਪਾਲਾ ਸਿੰਘ ਜਿਵੇਂ ਸ਼ਾਖਸ਼ਾਤ ਉਸ ਦੇ ਸਾਹਮਣੇ ਆ ਖੜਿਆ ਹੋਵੇ।
       ਉਸ ਦੇ ਅੰਦਰ ਇਕ ਕਾਹਲ ਜਿਹੀ ਹੈ। ਕਿਸੇ ਨਾਲ ਗੱਲ ਕਰਨ ਦੀ ਕਾਹਲ। ਇਕ ਅੱਚੋਤਾਣੀ ਜਿਹੀ ਲੱਗੀ ਹੋਈ ਹੈ ਉਸ ਨੂੰ। ਉਹ ਸੋਚ ਰਿਹਾ ਹੈ ਕਿ ਕਿਸ ਨਾਲ ਗੱਲ ਕਰੇ। ਗਰੇਵਾਲ ਛੁੱਟੀਆਂ ਉਪਰ ਗਿਆ ਹੋਇਆ ਹੈ। ਇਹ ਸਰ ਜੀ ਨੂੰ ਵੀ ਉਦੋਂ ਹੀ ਛੁੱਟੀਆਂ ਤੇ ਜਾਣਾ ਹੁੰਦਾ ਹੈ ਜਦ ਉਸ ਨੂੰ ਲੋੜ ਹੋਵੇ। ਮਨਦੀਪ ਨਾਲ ਕਰੇਗਾ ਤਾਂ ਉਹ ਕਹੇਗੀ ਕਿ ਤੈਨੂੰ ਇਕ ਹੋਰ ਚੁੜੇਲ ਚੁੰਬੜ ਗਈ। ਉਸ ਨੂੰ ਆਪਣੇ ਉਪਰ ਗੁੱਸਾ ਆ ਰਿਹਾ ਹੈ ਕਿ ਹੁਣ ਉਸ ਦੇ ਅਜਿਹੇ ਦੋਸਤ ਬਹੁਤ ਘੱਟ ਹਨ ਜਿਨ੍ਹਾਂ ਨਾਲ ਉਹ ਦਿਲ ਦੀਆਂ ਗੱਲਾਂ ਕਰ ਸਕੇ। ਦੋਸਤੀ ਵਕਤ ਮੰਗਦੀ ਹੈ ਤੇ ਉਹ ਵਕਤ ਦੇ ਨਹੀਂ ਸਕਦਾ। ਗੁਰਚਰਨ, ਸੋਹਣਪਾਲ ਹੋਰੀਂ ਉਸ ਦੇ ਪੁਰਾਣੇ ਦੋਸਤ ਹਨ ਪਰ ਦਿਲ ਦੀਆਂ ਗੱਲਾਂ ਕਰ ਸਕਣ ਵਾਲੀ ਦੋਸਤੀ ਨਹੀਂ ਹੈ। ਫਿਰ ਮਨਿੰਦਰ ਤਾਂ ਅੰਕਲ ਪਾਲਾ ਸਿੰਘ ਦੀ ਧੀ ਹੈ, ਉਸ ਦੀ ਆਪਣੀ ਭੈਣ ਜਿਹੀ। ਉਸ ਬਾਰੇ ਆਮ ਬੰਦੇ ਨਾਲ ਗੱਲ ਵੀ ਤਾਂ ਨਹੀਂ ਕਰ ਸਕਦਾ। ਇਕ ਅਜੀਬ ਜਿਹਾ ਡਰ ਉਸ ਦੇ ਅੰਦਰ ਘਰ ਕਰਨ ਲਗਦਾ ਹੈ।
       ਸ਼ਾਮ ਨੂੰ ਉਹ ਦਾ ਗਲੌਸਟਰ ਜਾਂਦਾ ਹੈ। ਸ਼ਾਇਦ ਕੋਈ ਦੋਸਤ ਮਿਲ ਜਾਵੇ। ਕਈ ਵਾਰ ਅੰਕਲ ਪਾਲਾ ਸਿੰਘ ਇਥੇ ਹੁੰਦਾ ਹੈ ਪਰ ਅਜ ਉਹ ਉਥੇ ਨਹੀਂ ਹੈ। ਉਹ ਸੋਚਦਾ ਹੈ ਕਿ ਸ਼ਾਇਦ ਲਾਈਟਾਂ ਵਾਲੇ ਪੱਬ ਵਿਚ ਹੋਵੇ। ਉਹ ਇਕ ਗਲਾਸ ਇਥੇ ਪੀ ਕੇ ਲਾਈਟਾਂ ਵਾਲੇ ਪੱਬ ਨੂੰ ਤੁਰ ਪੈਂਦਾ ਹੈ। ਉਥੇ ਵੀ ਪਾਲਾ ਸਿੰਘ ਨਹੀਂ ਹੈ। ਫਿਰ ਉਹ ਸੋਚਣ ਲਗਦਾ ਹੈ ਕਿ ਉਹ ਪਾਲਾ ਸਿੰਘ ਨੂੰ ਕਿਉਂ ਲੱਭ ਰਿਹਾ ਹੈ। ਅਗਲੇ ਦਿਨ ਪਾਲਾ ਸਿੰਘ ਇਸੇ ਪੱਬ ਦੇ ਇਕ ਮੇਜ਼ ਉਪਰ ਬੈਠਾ ਮਿਲ ਜਾਂਦਾ ਹੈ। ਉਸ ਦਾ ਗਲਾਸ ਮੁੱਕਣ ਨੂੰ ਹੈ। ਉਹ ਮੁੱਛਾਂ ਨੂੰ ਵਟਾ ਦੇ ਰਿਹਾ ਹੈ। ਜਗਮੋਹਣ ਨੂੰ ਦੇਖਦਾ ਹੀ ਖੁਸ਼ ਹੋ ਜਾਂਦਾ ਹੈ। ਉਹਦੇ ਵਲ ਹੱਥ ਵਧਾਉਂਦਾ ਪੁੱਛਦਾ ਹੈ,
“ਸੁਣਾ ਬਈ ਭਤੀਜਿਆ, ਕਿਧਰ ਰਹਿੰਨੈਂ ?”
“ਬਸ ਏਧਰ  ਓਧਰ ਈ ਅੰਕਲ ਜੀ।”
“ਮੈਂ ਦੇਖਦਾਂ ਤੂੰ ਪੱਬ ਆਉਣੋਂ ਘਟ ਗਿਆਂ, ਗਰੇਵਾਲ ਦੀ ਸੋਹਬਤ ਦਾ ਅਸਰ ਹੋ ਗਿਆ ਲਗਦੈ, ਗਰੇਵਾਲ ਨੇ ਤੈਨੂੰ ਕੁਸ਼ ਨਹੀਂ ਸਿਖਾ ਦੇਣਾ।”
       ਇਕ ਪਲ ਲਈ ਤਾਂ ਜਗਮੋਹਣ ਨੂੰ ਗੁੱਸਾ ਜਿਹਾ ਵੀ ਲੱਗਦਾ ਹੈ। ਗਰੇਵਾਲ ਨਾਲ ਉਸ ਨੂੰ ਘੁੰਮਦਿਆਂ ਦੇਖ ਕੇ ਕਦੇ ਕਦੇ ਪਰਦੁੱਮਣ ਸਿੰਘ ਵੀ ਟਕੋਰ ਕਰ ਜਾਂਦਾ ਹੈ। ਇਹਨਾਂ ਨੂੰ ਨਹੀਂ ਪਤਾ ਕਿ ਗਰੇਵਾਲ ਦੀ ਸੰਗਤ ਵਿਚ ਉਸ ਨੂੰ ਕੀ ਮਿਲਦਾ ਹੈ ਪਰ ਜਗਮੋਹਣ ਕੁਝ ਬੋਲੇ ਬਿਨਾਂ ਮੁਸਕਰਾ ਦਿੰਦਾ ਹੈ। ਪਾਲਾ ਸਿੰਘ ਫਿਰ ਆਖਦਾ ਹੈ,
“ਗਰੇਵਾਲ ਨੇ ਤੀਵੀਂ ਛੱਡ 'ਤੀ ਭਰਾਵਾਂ ਖਾਤਰ, ਭਰਾਵਾਂ ਨੇ ਏਹਨੂੰ ਛੱਡ 'ਤਾ ਪੈਸੇ ਖਾਤਰ।”
“ਅੰਕਲ, ਗਰੇਵਾਲ ਠੀਕ ਬੰਦਾ ਐ, ਠੰਡਾ ਤੇ ਵਧੀਆ ਸਲਾਹਕਾਰ।”
       ਜਗਮੋਹਣ ਗਰੇਵਾਲ ਦੇ ਖਿਲਾਫ ਹੋਰ ਕੁਝ ਨਹੀਂ ਸੁਣਨਾ ਚਾਹੁੰਦਾ ਪਰ ਪਾਲਾ ਸਿੰਘ ਰੁਕਦਾ ਨਹੀਂ ਤੇ ਅੱਗੇ ਆਖਦਾ ਹੈ,
“ਬਸ ਇਹ ਠੰਡਾ ਈ ਆ, ਕਰਨ ਕਰਾਉਣ ਜੋਗ ਹੈ ਨਈਂ ਕੁਝ, ਏਹਦੇ 'ਚ ਤਾਂ ਏਨੀ ਹਿੰਮਤ ਨਹੀਂ ਕਿ ਭਰਾਵਾਂ ਤੋਂ ਹਿੱਸਾ ਮੰਗ ਸਕੇ।”
“ਅੰਕਲ, ਹਿੱਸੇ ਦੀ ਉਹਨੂੰ ਲੋੜ ਈ ਕੀ ਐ, ਚੰਗੀ ਭਲੀ ਨੌਕਰੀ ਐ।”
“ਹੈਗਾ ਤਾਂ ਸਭ ਕੁਝ ਭਰਾਵਾਂ ਜੋਗਾ ਈ ਪਰ ਏਹਨੇ ਆਪਣੀ ਜ਼ਿੰਦਗੀ ਤਾਂ ਖਰਾਬ ਕਰ ਲਈ, ਉਹਦੀ ਵਿਚਾਰੀ ਦੀ  ਕਰਤੀ, ਕਹਿੰਦੇ ਕਿ ਇਕ ਕੁੜੀ ਵੀ ਆ ਇਹਦੀ।”
       ਪਾਲਾ ਸਿੰਘ ਆਪਣਾ ਗਲਾਸ ਖਤਮ ਕਰਦਾ ਆਖਦਾ ਹੈ ਤੇ ਫਿਰ ਉਠਦਾ ਹੋਇਆ ਪੁੱਛਦਾ ਹੈ,
“ਲਾਗਰ ਈ ਪੀ ਰਿਹੈਂ ?”
        ਜਗਮੋਹਣ ਹਾਂ ਵਿਚ ਛੋਟਾ ਜਿਹਾ ਸਿਰ ਮਾਰਦਾ ਹੈ। ਪਾਲਾ ਸਿੰਘ ਗਲਾਸ ਭਰਾ ਲਿਆਉਂਦਾ ਹੈ ਤੇ ਬੈਠਦਾ ਹੋਇਆ ਕਹਿਣ ਲੱਗਦਾ ਹੈ,
“ਛੱਡ ਬਾਕੀ ਸਭ, ਮੈਂ ਤਾਂ ਤੈਨੂੰ ਫੋਨ ਕਰਨ ਬਾਰੇ ਸੋਚਦਾ ਸੀ, ਸਲਾਹ ਲੈਣੀ ਸੀ।”
“ਦੱਸੋ !”
“ਆਹੀਓ ਵਸੀਅਤ ਬਾਰੇ, ਵਿੱਲ ਤਾਂ ਤੇਰੀ ਅੰਟੀ ਵੇਲੇ ਅਸੀਂ ਬਣਾਈ ਸੀ। ਪਰ ਹੁਣ ਦਿਲ ਕਰਦਾ ਬਈ ਬਦਲ ਦੇਵਾਂ, ਤੈਨੂੰ ਪਤਾ ਕੁਸ਼ ਏਹਦੇ ਬਾਰੇ ?”
“ਤੁਹਾਡੀ ਵਿੱਲ ਐ, ਜਦੋਂ ਮਰਜ਼ੀ ਨਵੀਂ ਲਿਖੋ, ਸੌਲਿਸਟਰ ਦੇ ਜਾਣਾ ਪੈਣਾ।” 
“ਓਹਦੇ ਜਾਣੋਂ ਈ ਤਾਂ ਬਚਦਾਂ, ਪੈਸੇ ਈ ਬੜੇ ਮੰਗਦੇ ਆ।”
“ਕੋਈ ਗੱਲ ਨਹੀਂ ਅੰਕਲ, ਕੋਈ ਸਸਤਾ ਰਾਹ ਲੱਭ ਲੈਨੇ ਆਂ, ਮੈਂ ਪਤਾ ਕਰਦਾਂ।”
        ਜਗਮੋਹਣ ਉਸ ਨੂੰ ਹੌਸਲਾ ਦਿੰਦਾ ਆਖਦਾ ਹੈ। ਪਾਲਾ ਸਿੰਘ ਬੋਲਦਾ ਹੈ,
“ਅਸੀਂ ਤਾਂ ਏਦਾਂ ਕੀਤਾ ਸੀ ਘਰ ਦੋਨਾਂ ਮੁੰਡਿਆਂ ਤੇ ਬਾਕੀ ਕੈਸ਼ ਤੇ ਗਹਿਣੇ ਤਿੰਨ ਥਾਂ, ਇੰਡੀਆ ਵਾਲੀ ਜ਼ਮੀਨ ਵੀ ਮੁੰਡਿਆਂ ਦੀ।”
“ਤੇ ਹੁਣ ਕਿੱਦਾਂ ਕਰਨੀ ਐ ?”
“ਹੁਣ ਘਰ ਮਨਿੰਦਰ ਦਾ ਤੇ ਗਹਿਣੇ ਸਾਰੇ ਕੁੜੀ ਦੇ ਈ ਤੇ ਕੈਸ਼ ਤਿੰਨਾਂ ਦਾ, ਇੰਡੀਆ ਦੀ ਜ਼ਮੀਨ ਮੁੰਡਿਆਂ ਦੀ।”
“ਠੀਕ ਐ ਜਿੱਦਾਂ ਕਹੋ, ਪਰ ਮਨਿੰਦਰ ਨਾਲ ਮੁੰਡੇ ਝਗੜਾ ਨਾ ਕਰਨ ਘਰ ਬਦਲੇ, ਪਤਾ ਈ ਆ ਅੰਕਲ ਏਦਾਂ ਦੇ ਕਿੰਨੇ ਈ ਕੇਸ ਹੁੰਦੇ ਆ, ਬਾਅਦ ਵਿਚ ਬਹੁਤ ਪੰਗਾ ਪੈਂਦਾ।”
“ਕੋਈ ਗੱਲ ਨਹੀਂ ਪੈ ਜਾਵੇ ਜੋ ਪੈਣਾ, ਮੁੰਡੇ ਸਾਲੇ ਨਲਾਇਕ ਆ, ਕਹਿਣੇ 'ਚ  ਨਹੀਂ, ਤੂੰ ਦੇਖਦਾ ਈ ਆਂ ਸਾਰੀ ਉਮਰ ਮੁੱਛ ਖੜੀ ਰੱਖੀ ਐ ਆਪਾਂ। ਮੁੰਡਾ ਗੁਆ ਲਈਏ ਤਾਂ ਗੁਆ ਲਈਏ ਪਰ ਮੁੱਛ ਨਹੀਂ ਨੀਵੀਂ ਹੋਣ ਦੇਣੀ।”
“ਐਸੀ ਵੀ ਕਿਹੜੀ ਗੱਲ ਹੋ ਗਈ ?”
“ਇਹੀ ਤਾਂ ਗੱਲ ਐ ਭਤੀਜ, ਬੜੇ ਨੇ ਪਹਿਲਾਂ ਤਾਂ ਘਰ ਇਲਫੋਰਡ ਵਿਚ ਲਿਆ ਤੇ ਹੁਣ ਨਿੱਕੀ ਜਿਹੀ ਕੱਛਣ ਲਈ ਫਿਰਦਾ, ਕੱਛਣ ਏਦਾਂ ਦੀ ਕਿ ਮੈਂ ਕੱਛ ਵਿਚ ਲੈ ਕੇ ਦੋ ਮੀਲ ਦਾ ਗੇੜਾ ਲਾ ਆਵਾਂ, ਖੈਰ, ਮੈਂ ਕਿਹਾ ਇੰਡੀਆ ਚੱਲ, ਏਦਾਂ ਦੀ ਕੁੜੀ ਲੱਭੂੰ ਕਿ ਹੱਥ ਲਾਈ ਮੈਲੀ ਹੋਵੇ, ਅਖੇ ਮੈਂ ਨਾ ਮਾਨੂੰ।”
“ਕੋਈ ਗਰਲਫਰੈਂਡ ਹੋਊ, ਕਿਹੜਾ ਵਿਆਹ ਕਰਾਉਣ ਲੱਗਿਆ।”
“ਜੱਗਿਆ, ਮੈਂ ਤਾਂ ਕਿਹਾ ਸੀ ਕਿ ਚਾਰ ਦਿਨ ਐਸ਼ ਕਰ ਲੈ, ਜਦ ਮਨ ਭਰ ਗਿਆ ਤਾਂ ਛੱਡ ਦੇਈਂ। ਮੈਨੂੰ ਕਹਿੰਦਾ ਕਿ ਇਹ ਤਾਂ ਉਮਰਾਂ ਦੇ ਸੌਦੇ ਹੋ ਗਏ, ਵਿਆਹ ਵੀ ਨਹੀਂ ਕਰਾਉਣਾ ਪਰ ਰਹਿਣਾ ਵੀ ਐ ਓਹਦੇ ਨਾਲ ਤੇ ਨਿਆਣੇ ਵੀ ਜੰਮਾਉਣੇ ਆਂ। ਮੈਂ ਕਿਹਾ ਆਪਾਂ ਇੰਡੀਅਨ ਲੋਕ ਆਂ ਤੇ ਅਸੀਂ ਏਦਾਂ ਨਹੀਂ ਕਰਦੇ ਹੁੰਦੇ ਤਾਂ ਕਹਿੰਦਾ ਕਿ ਮੈਂ ਨਹੀਂ ਇੰਡੀਅਨ ਮੈਂ ਤਾਂ ਬ੍ਰਿਟਿਸ਼ ਆਂ, ਸਾਲ਼ਾ ਬ੍ਰਿਟਿਸ਼ ਹੋਣ ਦਾ।”

ਚੱਲਦਾ...