ਸਾਊਥਾਲ (ਕਾਂਡ 36)

       ਗਿਆਨ ਇੰਦਰ ਦੇ ਕਤਲ ਨਾਲ ਸਾਰਾ ਸਾਊਥਾਲ ਦਹਿਲ ਜਾਂਦਾ ਹੈ। ਕੁਝ ਪਤਾ ਨਹੀਂ ਚਲ ਰਿਹਾ ਕਿ ਕਤਲ ਕਿਸ ਨੇ ਕੀਤਾ ਹੈ। ਤਰ੍ਹਾਂ ਤਰ੍ਹਾਂ ਦੀਆਂ ਕਿਆਸ ਅਰਾਈਆਂ ਹੋ ਰਹੀਆਂ ਹਨ। ਬਰਤਾਨੀਆਂ ਦੀਆਂ ਮੇਨ ਸਟਰੀਮ ਦੀਆਂ ਅਖਬਾਰਾਂ ਇਸ ਕਤਲ ਦਾ ਗੰਭੀਰ ਨੋਟਿਸ ਲੈਂਦੀਆਂ ਹਨ। ਇਸ ਘਟਨਾ ਬਾਰੇ ਸੰਪਾਦਕੀਆਂ ਲਿਖੀਆਂ ਜਾਦੀਆਂ ਹਨ। ਇਸ ਕਤਲ ਨੂੰ ਕਲਮ ਦੀ ਅਜ਼ਦੀ ਉਪਰ ਹਮਲਾ ਸਮਝਿਆ ਜਾ ਰਿਹਾ ਹੈ। ਦੁਨੀਆਂ ਭਰ ਦੀਆਂ ਅਖਬਾਰਾਂ ਵਿਚ ਇਸ ਕਤਲ ਦੀ ਚਰਚਾ ਹੁੰਦੀ ਹੈ ਪਰ ਹੌਲੀ ਹੌਲੀ ਇਸ ਘਟਨਾ ਦਾ ਅਸਰ ਮੱਧਮ ਪੈਣ ਲਗਦਾ ਹੈ। ‘ਵਾਸ ਪਰਵਾਸ’ ਭਾਵੇਂ ਹਾਲੇ ਵੀ ਠੀਕ ਠਾਕ ਚਲ ਰਿਹਾ ਹੈ ਪਰ ਗਿਆਨ ਇੰਦਰ ਪਾਠਕਾਂ ਦੀਆਂ ਸਿਮਰਤੀਆਂ ਵਿਚ ਉਵੇਂ ਦਾ ਉਵੇਂ ਬੈਠਾ ਹੈ।

       ਗਰੇਵਾਲ ਨੂੰ ਅਜ ਉਸ ਦੀ ਘਾਟ ਬਹੁਤ ਰੜਕ ਰਹੀ ਹੈ। ਉਹ ਜੀਉਂਦਾ ਹੁੰਦਾ ਤਾਂ ਉਸ ਨੂੰ ਅਜ ਜਗਜੀਤ ਪਰਵਾਨੇ ਦੀ ਲੋੜ ਨਾ ਪੈਂਦੀ। ਪਰਵਾਨਾ ਸਾਊਥਾਲ ਦਾ ਮੰਨਿਆਂ ਹੋਇਆ ਕਵੀ ਹੈ ਤੇ ਇਕ ਲੇਖਕ ਸਭਾ ਦਾ ਪਰਧਾਨ ਹੈ। ਸਾਊਥਾਲ ਵਿਚ ਕਈ ਕਈ ਗੁਰਦਵਾਰਿਆਂ, ਮੰਦਰਾਂ, ਮਸਜਦਾਂ ਵਾਂਗ ਕਈ ਲੇਖਕ ਸਭਾਵਾਂ ਵੀ ਹਨ। ਪਰਵਾਨੇ ਦੇ ਘਰ ਜਾਣ ਲਈ ਉਹ ਸੋਮਰਸੈਟ ਐਵੇਨਿਊ ਤੋਂ ਨਿਕਲ ਕੇ ਲੇਡੀ ਮਾਰਗਰੇਟ ਰੋਡ ਉਪਰ ਆ ਪੈਂਦਾ ਹੈ। ਫਿਰ ਕਾਰਲਾਇਲ ਰੋਡ ਤੋਂ ਹੋ ਕੇ ਡੇਨ ਐਵੇਨਿਊ ਉਪਰ। ਡੇਨ ਐਵੇਨਿਊ ਸਿੱਧੀ ਬਰਾਡਵੇਅ ਨੂੰ ਨਿਕਲਦੀ ਹੈ। ਬਰਾਡਵੇਅ ਨਿੱਤ ਵਾਂਗ ਵਿਅਸਤ ਹੈ। ਉਹ ਸੋਚਦਾ ਹੈ ਕਿ ਚੰਗਾ ਹੋਇਆ ਜੋ ਕਾਰ ਨਹੀਂ
ਲਿਆਂਦੀ। ਉਸ ਦੇ ਖੱਬੇ ਪਾਸੇ ਥੋੜ੍ਹਾ ਹਟਵਾਂ ਗਰੇਵਾਲ ਇੰਪੋਰੀਅਮ ਨਜ਼ਰ ਆ ਰਿਹਾ ਹੈ। ਇਕ ਨਜ਼ਰ ਭਰ ਕੇ ਉਹ ਉਧਰ ਦੇਖਦਾ ਹੈ। ਮਨ ਹੀ ਮਨ ਕਹਿੰਦਾ ਹੈ ਕਿ ਵਾਹਵਾ ਸਜਾ ਲਿਆ ਲੱਗਦਾ ਹੈ। ਬਰਾਡਵੇਅ ਉਪਰ ਸਾਹਮਣੇ ਹੀ ਮੀਟ ਦੀ ਦੁਕਾਨ ਹੈ। ਇਥੋਂ ਕਦੇ ਉਹ ਮੀਟ ਖਰੀਦਿਆ ਕਰਦਾ ਸੀ। ਹੁਣ ਤਾਂ ਘਰ ਮੀਟ ਬਣਾਏ ਨੂੰ ਮੁੱਦਤਾਂ ਹੀ ਹੋ ਗਈਆਂ ਹਨ। ਰਸੋਈ ਦੇ ਕੰਮ ਵਿਚ ਉਹ ਬਹੁਤ ਆਲਸੀ ਹੈ। ਬਣਿਆ ਬਣਾਇਆ ਹੀ ਟੇਕ ਅਵੇਅ ਕਰ ਲੈਂਦਾ ਹੈ। ਇਹ ਸਾਊਥਾਲ ਹੈ। ਇਥੇ ਤਾਂ ਗੈਸ ਬਾਲਣ ਦੀ ਲੋੜ ਵੀ ਨਹੀਂ ਪੈਣੀ ਚਾਹੀਦੀ। ਮੀਟ ਦੀ ਦੁਕਾਨ ਦੇ ਸ਼ੀਸ਼ੇ ਉਪਰ ਪਹਿਲਾਂ ਪੰਜਾਬੀ ਵਿਚ ਝਟਕਾ ਲਿਖਿਆ ਹੁੰਦਾ ਸੀ। ਹੁਣ ਹਲਾਲ ਲਿਖ ਦਿੱਤਾ ਗਿਆ ਹੈ। ਹੇ ਲਾਮ ਅਲਫ ਲਾਮ – ਹਲਾਲ। ਨਾਲ ਹੀ ਪ੍ਰਤਾਪ ਖੈਹਰੇ ਦਾ ਰੈਸਟੋਰੈਂਟ ਹੈ ਤੇ ਸਾਹਮਣੇ ਚੌਧਰੀ ਦਾ। ਉਹ ਜਗਮੋਹਣ ਨੂੰ ਦੱਸਿਆ ਕਰਦਾ ਹੈ ਕਿ ਵੱਡੀ ਗੱਲ ਨਹੀਂ ਜੇਕਰ ਸਾਊਥਾਲ ਵਿਚ ਸਿੱਖ–ਮੁਸਲਮਾਨ ਦੰਗੇ ਹੋ ਜਾਣ। ਉਹ ਗੁੱਸਾ ਅੰਦਰ ਲੰਘਾਉਂਦਾ ਤੁਰਦਾ ਜਾਂਦਾ ਹੈ।

       ਜਗਜੀਤ ਪਰਵਾਨਾ ਛੋਟੇ ਵੱਡੇ ਮੁਸ਼ਾਇਰੇ ਜਾਂ ਹੋਰ ਫੰਕਸ਼ਨ ਕਰਾਉਂਦਾ ਰਹਿੰਦਾ ਹੈ। ਪਹਿਲਾਂ ਉਹ ਤੇ ਕਾਮਰੇਡ ਇਕਬਾਲ ਇਕੋ ਗਰੁੱਪ ਵਿਚ ਹੁੰਦੇ ਸਨ ਪਰ ਹੁਣ ਨਹੀਂ। ਜਦੋਂ ਖਾਲਿਸਤਾਨ ਦਾ ਰੌਲਾ ਪਿਆ ਸੀ ਤਾਂ ਇਕ ਸਭਾ ਦੇ ਕਈ ਗਰੁੱਪ ਬਣ ਗਏ ਸਨ। ਕਈ ਤਰੱਕੀਪਸੰਦ ਕਹਿਲਾਉਣ ਵਾਲੇ ਲੇਖਕ ਨੰਗੇ ਹੋ ਗਏ ਸਨ। ਬਾਹਰੋਂ ਤਰੱਕੀਪਸੰਦ ਤੇ ਅੰਦਰੋਂ ਮੂਲਵਾਦੀ। ਕਦੇ ਗਰੇਵਾਲ ਨੂੰ ਵੀ ਕਵਿਤਾ ਦਾ ਸ਼ੌਕ ਹੋਇਆ ਕਰਦਾ ਸੀ। ਮੁਸ਼ਾਇਰਿਆਂ ਵਿਚ ਜਾਇਆ ਕਰਦਾ ਸੀ। ਹੁਣ ਨਹੀਂ ਹੈ। ਗਰੇਵਾਲ ਨੂੰ ਪਰਵਾਨੇ ਦੀ ਸ਼ਾਇਰੀ ਚੰਗੀ ਲੱਗਦੀ ਹੈ। ਚੁਸਤ ਲਫਜ਼ਕਾਰੀ ਤੇ ਨਾਲ ਨਾਲ ਬੌਧਿਕਤਾ। ਪਰ ਕਵਿਤਾ ਤਾਂ ਉਸ ਨੂੰ ਸ਼ੀਲਾ ਸਪੈਰੋ ਦੀ ਹੀ ਪਸੰਦ ਹੈ। ਛੋਟੇ ਕਦ ਦੀ ਖੂਬਸੂਰਤ ਕੁੜੀ, ਤਿਖੇ ਤਿਖੇ ਕਦਮ ਧਰਦੀ ਤੇ ਚਿੜੀ ਵਾਂਗ ਫੁਦਕਦੀ ਸ਼ੀਲਾ ਸਪੈਰੋ। ਹੁਣੇ ਹੀ ‘ਵਾਸ ਪਰਵਾਸ’ ਵਿਚ ਪੂਰੇ ਇਕ ਸਫੇ 'ਤੇ ਉਸ ਦੀਆਂ ਗਜ਼ਲਾਂ ਲੱਗੀਆਂ ਦਿਸੀਆਂ ਸਨ ਤਾਂ ਰੂਹ ਬਾਗ ਬਾਗ ਹੋ ਗਈ ਸੀ। ਉਹ ਬਰਾਡਵੇਅ ਉਪਰੋਂ ਨਹਿਰ ਦੇ ਨਾਲ ਨਾਲ ਮੁੜ ਜਾਂਦਾ ਹੈ। ਪੱਬ ਵੱਲ ਦੇਖਦਾ ਰਹਿੰਦਾ ਹੈ ਕਿ ਹੁਣ ਨਵਾਂ ਬਣਾ ਦਿੱਤਾ ਹੈ। ਉਦੋਂ ਤਾਂ ਦੰਗਾਕਾਰੀਆਂ ਨੇ ਸੁਆਹ ਦੀ ਢੇਰੀ ਬਣਾ ਦਿੱਤਾ ਸੀ। ਸੰਨ ਉਣਾਸੀ ਵਿਚ ਸਾਊਥਾਲ ਵਿਚ ਨਸਲੀ ਦੰਗੇ ਹੋਏ ਸਨ। ਕੁਝ ਨਸਲਵਾਦੀ ਭੜਕਾਹਟ ਪੈਦਾ ਕਰਨ ਲਈ ਸਾਊਥਾਲ ਵਿਚ ਮੀਟਿੰਗਾਂ ਕਰਨੀਆਂ ਚਾਹੁੰਦੇ ਸਨ। ਲੋਕਾਂ ਨੂੰ ਲੱਗਿਆ ਕਿ ਦੁਸ਼ਮਣ ਤਾਂ ਘਰ ਵਿਚ ਆ ਵੜਿਆ। ਬਸ ਖੜਕਾ ਦੜਕਾ ਹੋ ਗਿਆ।
       ਪਰਵਾਨਾ ਉਸ ਨੂੰ ਧਾਅ ਕੇ ਮਿਲਦਾ ਹੈ। ਜੱਫੀ ਪਾ ਲੈਂਦਾ ਹੈ ਤੇ ਪੁੱਛਦਾ ਹੈ,
“ਗਰੇਵਾਲ, ਤੂੰ ਤਾਂ ਬਿਲਕੁਲ ਹੀ ਛੁਪਨ ਹੋ ਗਿਐਂ, ਮਿਲਦਾ ਹੀ ਨਹੀਂ ਕਦੇ ?”
“ਤੈਨੂੰ ਪਤਾ ਈ ਐ ਪਰਵਾਨੇ, ਲਾਈਫ ਸਟਾਈਲ ਈ ਅਜਿਹਾ ਐ, ਬਸ ਚਲੋ ਈ ਚੱਲ ਐ।”
“ਤੂੰ ਤਾਂ ਯਾਰ ਇਕੱਲੀ ਜਾਨ ਐਂ, ਜੇ ਤੇਰੀ ਲਾਈਫ ਚਲੋ ਚੱਲ ਐ ਤਾਂ ਸਾਡਾ ਟੱਬਰ–ਟੀਰ ਵਾਲਿਆਂ ਦਾ ਕੀ ਬਣੂੰ।”
       ਜਦ ਤੱਕ ਪਰਵਾਨੇ ਦੀ ਪਤਨੀ ਨਛੱਤਰ ਕੌਰ ਵੀ ਉਨ੍ਹਾਂ ਕੋਲ ਆ ਜਾਂਦੀ ਹੈ। ਉਹ ਸਾਰੇ ਇਕ ਦੂਜੇ ਦੇ ਪੁਰਾਣੇ ਵਾਕਫ ਹਨ। ਉਹ ਆਉਂਦੀ ਹੀ ਪੁੱਛਦੀ ਹੈ,
“ਵੇ ਗਰੇਵਾਲਾ, ਤੂੰ ਈ ਐਂ ? ਜਦ ਇਨ੍ਹਾਂ ਨੇ ਦੱਸਿਆ ਕਿ ਤੂੰ ਆਉਣੈ ਤਾਂ ਯਕੀਨ ਨਾ ਆਵੇ, ਮੈਂ ਤਾਂ ਕਈ ਵਾਰ ਤੁਹਾਡੀ ਦੁਕਾਨ 'ਤੇ ਵੀ ਜਾਨੀ ਹੁੰਨੀ ਆਂ, ਉਥੇ ਵੀ ਕਦੇ ਨਹੀਂ ਦੇਖਿਆ ਤੈਨੂੰ।”
“ਭਰਜਾਈ, ਦੁਕਾਨ ਵਿਚ ਗਏ ਨੂੰ ਤਾਂ ਮੈਨੂੰ ਪੰਦਰਾਂ ਸਾਲ ਹੋ ਗਏ, ਸਭ ਕੁਝ ਭਰਾਵਾਂ ਨੂੰ ਸੰਭਾਲ ਦਿੱਤਾ।”
“ਚਲੋ, ਕੋਈ ਗੱਲ ਨਹੀਂ, ਉਹ ਵੀ ਆਪਣੇ ਆਂ, ਤੇਰੀ ਤਾਂ ਜੌਬ ਈ ਦੱਸਦੇ ਆ ਕਿ ਚੰਗੀ ਆ, ਜੁਗਿੰਦਰ ਕੌਰ ਚੰਦਰੀ ਦੇ ਕਰਮਾਂ ਵਿਚ  ਨਾ ਸੀ।”
       ਗਰੇਵਾਲ ਕੁਝ ਨਹੀਂ ਬੋਲਦਾ। ਪਰਵਾਨੇ ਨੂੰ ਡਰ ਹੈ ਕਿ ਕਿਧਰੇ ਕੋਈ ਜਜ਼ਬਾਤੀ ਭੰਨ ਤੋੜ ਨਾ ਹੋ ਜਾਵੇ। ਗੱਲ ਨੂੰ ਬਦਲਦਾ ਆਖਦਾ ਹੈ,
“ਦੇਖ ਲੈ ਗਿਆਨ ਇੰਦਰ ਤਾਂ ਭੰਗ ਦੇ ਭਾੜੇ ਈ ਗਿਆ!”
“ਬਹੁਤ ਮਾੜਾ ਹੋਇਆ।”
“ਬਾਬਿਆਂ ਤੋ ਹੋਰ ਆਸ ਵੀ ਕੀ ਰੱਖੀ ਜਾ ਸਕਦੀ ਐ।”
“ਪਤਾ ਨਹੀਂ ਕੌਣ ਇਹ ਕਾਰਾ ਕਰ ਗਿਆ, ਕਮਾਲ ਦੀ ਗੱਲ ਏ ਕਿ ਹਾਲੇ ਤਕ ਕੁਸ਼ ਪਤਾ ਨਹੀਂ ਚਲਿਆ।”
       ਪਰਵਾਨੇ ਦੀ ਪਤਨੀ ਚਾਹ ਲੈ ਆਉਂਦੀ ਹੈ। ਪਰਵਾਨਾ ਗਰੇਵਾਲ ਨੂੰ ਪੁੱਛਦਾ ਹੈ,
“ਪੁਰਾਣੇ ਦੋਸਤਾਂ ਵਿਚੋਂ ਕੋਈ ਮਿਲਦਾ ਹੁੰਦੈ?”
“ਕੋਈ ਕਦੇ ਘੱਟੇ ਈ, ਤੂੰ ਦਸ, ਤੂੰ ਤੇ ਫੰਕਸ਼ਨ ਕਰਦਾ ਰਹਿੰਨਾ।”
“ਅਸੀਂ ਫੰਕਸ਼ਨ ਕਰਾਉਨੇ ਆਂ ਸਭ ਨੂੰ ਸੱਦਦੇ ਆਂ ਪਰ ਇਕਬਾਲ ਹਾਲੇ ਵੀ ਔਖਾ ਫਿਰਦਾ ਅਖੇ ਤੁਸੀਂ ਗਿਆਨ ਇੰਦਰ ਦੇ ਪਰਚੇ ਵਿਚ ਛਪ ਕੇ ਉਸ ਦਾ ਸਾਥ ਦਿਤਾ। ਮੈਂ ਕਹਿੰਨਾ, ਸਾਡੇ ਛਪਣ ਜਾਂ ਨਾ ਛਪਣ ਨਾਲ ਗਿਆਨ ਇੰਦਰ ਨੇ ਆਪਣੇ ਵਿਚਾਰ ਨਹੀਂ ਬਦਲ ਲੈਣੇ, ਕਵੀ ਨੇ ਕਵਿਤਾ ਲਿਖੀ ਐ ਉਹ ਚਾਹੁੰਦਾ ਕਿ ਇਹ ਲੋਕਾਂ ਤਕ ਪਹੁੰਚੇ ਤੇ ‘ਵਾਸ ਪਰਵਾਸ’ ਤੋਂ ਵਧੀਆ ਕੋਈ ਜ਼ਰੀਆ ਨਹੀਂ ਲੋਕਾਂ ਤਕ ਜਾਣ ਦਾ। ਮੈ ਕਹਿੰਨਾ, ਕਾਮਰੇਡਾ ਤੂੰ ਦੇਖ ਅਸੀਂ ਆਪਣੇ ਦਿਲ ਦੀ ਗੱਲ ਕਹਿ ਸਕਦੇ ਆਂ, ਪਿਛਲੇ ਵਿਸ਼ੇਸ਼ ਅੰਕ ਵਿਚ ਮੇਰੀਆਂ ਕਵਿਤਾਵਾਂ ਪੂਰੇ ਸਫੇ ਤੇ ਲਗੀਆਂ ਸਨ ਪਰ ਇਹ ਸਾਰੀਆਂ ਹੀ ਮੂਲਵਾਦ ਦੇ ਖਿਲਾਫ ਭੁਗਤਦੀਆਂ।”
“ਮੇਰੇ ਨਾਲ਼ ਵੀ ਕਾਫੀ ਦੇਰ ਤਕ ਔਖਾ ਰਿਹਾ, ਮੈਂ ਕਿਹਾ ਕਿ ਮੈਂ ਕਦੇ ਖਾਲਿਸਤਾਨ ਦਾ ਹਾਮੀ ਨਹੀਂ ਰਿਹਾ ਤੇ ਨਾ ਹੀ ਇਹਦੇ ਹੱਕ ਵਿਚ ਲਿਖਿਆ ਪਰ ਕਾਮਰੇਡ ‘ਆਈ ਡਵਲਯੂ ਏ’ ਦੇ ਦੇ ਜ਼ਮਾਨੇ ‘ਚ ਬੈਠਾ।”
“ਉਹ ਇਕ ਵਖਰਾ ਦੌਰ ਸੀ, ਅਸੀਂ ਵੀ ਜੁਆਨ ਸਾਂ, ਚੇਤੇ ਆ ਇੰਡੀਆ ਦੀ ਪਰਧਾਨ ਮੰਤਰੀ ਆਈ ਤਾਂ ਆਪਾਂ ਉਹਦੀਆਂ ਗਲਤ ਨੀਤੀਆਂ ਕਰਕੇ ਉਹਦੇ ਖਿਲਾਫ ਰੋਸ-ਮੁਜ਼ਾਹਰਾ ਕੀਤਾ ਸੀ, ਇਕਬਾਲ ਨੇ ਪਰਧਾਨ ਮੰਤਰੀ ਦੇ ਆਂਡਾ ਮਾਰਿਆ ਸੀ।”
“ਆਂਡਾ ਵੀ ਏਸ ਸਕੀਮ ਨਾਲ਼ ਮਾਰਿਆ ਕਿ ਜਦ ਉਹ ਡੁਮੀਨਅਨ ਸਿਨਮੇ ਦਾ ਡੋਰ ਲੰਘਣ ਲਗੀ ਤਾਂ ਇਹਨੇ ਆਂਡਾ ਦਰਵਾਜ਼ੇ ਤੋਂ ਜ਼ਰਾ ਕੁ ਉਪਰ ਕੰਧ ਵਿਚ ਮਾਰਿਆ ਤੇ ਆਂਡਾ ਟੁੱਟ ਕੇ ਪਰਧਾਨ ਮੰਤਰੀ ਦੇ ਜੂੜੇ ਵਿਚ ਇਵੇਂ ਪਿਆ ਜਿਵੇਂ ਕੌਲੀ ਵਿਚ ਪਾਈਦਾ ਏ।”
       ਗਰੇਵਾਲ ਆਖਦਾ ਹੈ ਤੇ ਦੋਨੋਂ ਤਾੜੀ ਮਾਰ ਕੇ ਹੱਸਣ ਲਗਦੇ ਹਨ। ਗਰੇਵਾਲ ਫਿਰ ਕਹਿੰਦਾ ਹੈ,
“ਉਸ ਦੇ ਚੇਲੇ ਚਾਟੜੇ ਉਸ ਦਾ ਸਿਰ ਪੂੰਝਦੇ ਫਿਰਨ।”
“ਗਰੇਵਾਲ, ਇਹ ਜ਼ਰੂਰੀ ਵੀ ਸੀ, ਉਹ ਵੀ ਆਪਣੇ ਆਪ ਨੂੰ ਡਿਕਟੇਟਰ ਸਮਝਣ ਲਗ ਪਈ ਸੀ, ਲੋਕ ਰਾਏ ਦਾ ਫਿਕਰ ਕਰਨਾ ਉਸ ਨੇ ਛੱਡ ਦਿਤਾ ਸੀ ਪਰ ਇਹ ਤਾਂ ਹੁਣ ਬਹੁਤ ਪੁਰਾਣੀ ਗੱਲ ਹੋ ਗਈ, ਤੂੰ ਦਸ ਇਹ ਸੱਦਾ ਪੱਤਰ ਕਿਸ ਨੂੰ ਭੇਜਣਾਂ?” 
“ਮੇਰੀ ਵਾਕਫੀ ਵਿਚੋਂ ਇਕ ਔਰਤ ਹੈ, ਕਵਿਤਾ ਲਿਖਦੀ ਐ, ਉਹ ਆਉਣਾ ਚਾਹੁੰਦੀ ਐ ਸੈਰ ਲਈ ਤੇ ਮੇਰੀ ਡਿਊਟੀ ਲੱਗੀ ਐ ਕਿ ਕਿਸੇ ਸਭਾ ਦੇ ਫੰਕਸ਼ਨ ਵਾਸਤੇ ਸੱਦਾ ਮਿਲ ਜਾਵੇ ਤਾਂ ਵੀਜ਼ਾ ਸਹਿਜੇ ਮਿਲ ਸਕਦੈ।”
“ਆਪਾਂ ਗਰਮੀਆਂ ਨੂੰ ਫੰਕਸ਼ਨ ਕਰਦੇ ਹੁੰਨੇ ਆਂ, ਇਕ ਇਨਵੀਟੇਸ਼ਨ ਭੇਜ ਦੇਵਾਂਗੇ।”
“ਤੁਸੀਂ ਇਨਵੀਟੇਸ਼ਨ ਮੈਨੂੰ ਦੇ ਦੇਣਾ ਉਹਦੇ ਨਾਲ ਮੈਂ ਆਪਣੀ ਸਪੌਂਸਰਸਿ਼ਪ ਵੀ ਲਾ ਦੇਵਾਂਗਾ ਤਾਂ ਕਿ ਸ਼ੋਅਰ ਹੋ ਜਾਏ।”
“ਕੀ ਨਾਂ ਐ ਉਹਦਾ? ਕੋਈ ਨਾਮੀ ਕਵਿੱਤਰੀ ਐ ?”
“ਸ਼ੀਲਾ ਸਪੈਰੋ।”
“ਉਹ ਤਾਂ ਸਾਡੀ ਵਧੀਆ ਕਵਿੱਤਰੀ ਐ, ਉਹਨੂੰ ਵੀਜ਼ੇ ਲਈ ਕੌਣ ਨਾਂਹ ਕਰੂ।”
“ਗੱਲ ਤਾਂ ਤੇਰੀ ਠੀਕ ਐ ਪਰ ਉਥੇ ਲੋਕਾਂ ਨੂੰ ਯਕੀਨ ਨਹੀਂ ਆਉਂਦਾ।”
“ਨਹੀਂ, ਉਹ ਤਾਂ ਨਾਮੀ ਔਰਤ ਐ, ਪਿੱਛੇ ਜਿਹੇ ਉਹਦੇ ਨਾਂ ਨੂੰ ਲੈ ਕੇ ਭਾਰਤੀ ਸਾਹਿਤ ਅਕੈਡਮੀ ਦੀ ਬਹੁਤ ਆਲੋਚਨਾ ਹੋਈ ਕਿ ਉਸ ਨੂੰ ਇਨਾਮ ਕਿਉਂ ਨਹੀਂ ਦਿੱਤਾ ਗਿਆ ਜਦੋਂ ਕਿ ਹੱਕਦਾਰ ਉਹ ਬਹੁਤ ਦੇਰ ਤੋਂ ਐ।”
“ਇਹ ਗੱਲ ਮੈਂ ਵੀ ਪੜ੍ਹੀ ਸੀ ਕਿਧਰੇ, ਸ਼ਾਇਦ ਆਉਣ ਵਾਲੇ ਸਮੇਂ ਵਿਚ ਕਦੇ ਮਿਲ ਜਾਵੇ।”
“ਨਹੀਂ, ਸਾਡੇ ਮੁਲਕ ਵਿਚ ਕੁਰੱਪਸ਼ਨ ਬਹੁਤ ਐ, ਜੇ ਧਿਆਨ ਨਾਲ ਦੇਖੀਏ ਤਾਂ ਔਰਤਾਂ ਨੂੰ ਇਨਾਮ ਸਿਰਫ ਜਵਾਨੀ ਵਿਚ ਈ ਮਿਲਦੇ ਆ।”
       ਕਹਿ ਕੇ ਪਰਵਾਨਾ ਹੱਸਣ ਲੱਗਦਾ ਹੈ। ਫਿਰ ਪੁੱਛਦਾ ਹੈ,
“ਤੇਰੀ ਰਿਸ਼ਤੇਦਾਰ ਐ?”
“ਨਹੀਂ, ਵਾਕਫ ਦੀ ਵਾਕਫ ਐ, ਪਿਛਲੀ ਵਾਰ ਗਿਆ ਤਾਂ ਮਿਲੀ ਸੀ, ਵੈਸੇ ਮੇਰੀ ਕਲਾਸ ਫੈਲੋ ਵੀ ਰਹੀ ਐ।”
“ਤੂੰ ਜਿੱਦਾਂ ਕਹੇਂਗਾ ਕਰ ਲਵਾਂਗੇ, ਨਾ ਵੀ ਕੋਈ ਫੰਕਸ਼ਨ ਹੋਇਆ ਤਾਂ ਆਪਾਂ ਓਦਾਂ ਈ ਲੈਟਰ ਡਰਾਫਟ ਕਰ ਲਵਾਂਗੇ, ਤੂੰ ਵੱਰੀ ਨਾ ਕਰ। ਏਨਾ ਈ ਬਹੁਤ ਐ ਕਿ ਤੂੰ ਮਿਲਿਆਂ ਅੱਜ, ਉਹ ਵੀ ਐਨੇ ਸਾਲਾਂ ਬਾਅਦ।”
“ਪੁਰਾਣੇ ਬੰਦੇ ਹੁਣ ਘੱਟ ਈ ਦਿੱਸਦੇ ਆ, ਇਕ ਦਿਨ ਗੁਰਜੰਟ ਸਿੰਘ ਔਲਖ ਮਿਲਿਆ ਸੀ। ਕਹਿੰਦਾ ਕਿ ਸਾਊਥਾਲ ਵਿਚ ਵਾਕਫਾਂ ਦਾ ਕਾਲ ਪੈ ਗਿਆ, ਅੱਗੇ ਸੌ ਬੰਦਾ ਹੱਥ ਮਿਲਾਉਣ ਵਾਲਾ ਮਿਲਿਆ ਕਰਦਾ ਸੀ, ਹੁਣ ਹੈਲੋ ਕਹਿਣ ਲਈ ਵੀ ਚਿਹਰੇ ਲੱਭਣੇ ਪੈਂਦੇ ਆ।”
“ਔਲਖ ਤੁਰਨ ਨੂੰ ਤਕੜੈ, ਕੋਈ ਜ਼ਮਾਨਾ ਸੀ ਜਦੋਂ ਉਹ ਸਾਊਥਾਲ ਨੂੰ ਆਪਣੀ ਮਲਕੀਅਤ ਸਮਝਦਾ ਹੁੰਦਾ ਸੀ, ਐਮ.ਪੀ. ਬਣਨ ਦੇ ਚਾਂਸ ਸਨ ਪਰ ਆਹ ਛੋਟੂ ਰਾਮ ਆਊਟ ਸਾਈਡ ਰਹਿ ਕੇ ਗੋਲ ਕਰ ਗਿਆ ਤੇ ਨੌਮੀਨੇਸ਼ਨ ਜਿੱਤ ਗਿਆ।”
“ਚਲੋ, ਇਹ ਤਾਂ ਸਾਡੀ ਭਾਰਤੀ ਸਿਆਸਤ ਦਾ ਹਿੱਸਾ ਐ ਅਗਲੇ ਨੂੰ ਠਿੱਬੀ ਲਾਉਣੀ।”
“ਪਰ ਔਲਖ ਦੇ ਦਿਮਾਗ ਵਿਚੋਂ ਨੇਤਾਗਿਰੀ ਦਾ ਕੀੜਾ ਨਹੀਂ ਗਿਆ ਹਾਲੇ, ਤਾਂ ਹੀ ਤਾਂ ਹਰ ਰੋਜ਼ ਪੂਰੇ ਸਾਊਥਾਲ ਦਾ ਗੇੜਾ ਮਾਰਦੈ।”
       ਵਾਪਸ ਮੁੜਦਾ ਗਰੇਵਾਲ ਗੁਰਜੰਟ ਔਲਖ ਬਾਰੇ ਸੋਚ ਰਿਹਾ ਹੈ ਕਿ ਇਕੱਲ ਤੋਂ ਭੱਜਦਾ ਹੀ ਸਾਊਥਾਲ ਦਾ ਗੇੜਾ ਕੱਢਦਾ ਹੋਵੇਗਾ। ਉਸ ਦੀ ਪਤਨੀ ਵੀ ਬਹੁਤ ਸਾਲਾਂ ਤੋਂ ਉਹਦੇ ਨਾਲ ਅਲਹਿਦਾ ਰਹਿੰਦੀ ਹੈ। ਉਹ ਸੋਚਦਾ ਹੈ ਕਿ ਉਹ ਅਲਖ ਨਾਲੋਂ ਵਧੇਰੇ ਖੁਸ਼ਕਿਸਮਤ ਹੈ ਕਿ ਉਹ ਇਕੱਲਾ ਨਹੀਂ। ਕਿਤਾਬਾਂ ਦਾ ਉਸ ਨੂੰ ਬਹੁਤ ਸਹਾਰਾ ਹੈ।
       ਘਰ ਜਾਣ ਲਈ ਉਹ ਮੁੜ ਡੇਨ ਐਵੇਨਿਊ ਉਪਰ ਮੁੜਨ ਲੱਗਦਾ ਹੈ ਪਰ ਉਸ ਦਾ ਦਿਲ ਬਰਾਡਵੇਅ ਦਾ ਚੱਕਰ ਮਾਰਨ ਨੂੰ ਕਰ ਆਉਂਦਾ ਹੈ। ਬਰਾਡਵੇਅ ਉਪਰ ਇੰਨਾ ਰਸ਼ ਹੈ ਕਿ ਮੋਢੇ ਨਾਲ ਮੋਢਾ ਵੱਜ ਰਿਹਾ ਹੈ। ਇਸ ਭੀੜ ਦੀ ਹੁਣ ਉਸ ਨੂੰ ਆਦਤ ਨਹੀਂ ਰਹੀ। ਭੁੱਜਦੇ ਕਬਾਬਾਂ ਦੀ ਸੁੰਘ ਉਸ ਨੂੰ ਚੰਗੀ ਲੱਗਦੀ ਹੈ। ਫੁੱਟਪਾਥ ਉਪਰ ਲੱਗੀ ਜਲੇਬੀਆਂ ਦੀ ਰੇੜ੍ਹੀ ਦੇਖ ਕੇ ਇਕ ਵਾਰ ਤਾਂ ਉਸ ਦਾ ਦਿਲ ਕਰਦਾ ਹੈ ਕਿ ਇਥੇ ਹੀ ਖੜ ਕੇ ਜਲੇਬੀਆਂ ਖਾਣ ਲੱਗੇ। ਅੱਗੇ ਹੋਰ ਜਾਵੇਗਾ ਤਾਂ ਸਾਹਮਣੇ ਗਰੇਵਾਲ ਇੰਪੋਰੀਅਮ ਦਿੱਸਣ ਲੱਗੇਗਾ ਪਰ ਉਹ ਉਸ ਦੇ ਮੁਹਰ ਦੀ ਨਹੀਂ ਲੰਘਣਾ ਚਾਹੁੰਦਾ। ਉਸ ਦੇ ਦੋਵੇਂ ਭਰਾ ਸੋਚਣਗੇ ਕਿ ਉਹ ਕਮਜ਼ੋਰ ਪੈ ਗਿਆ ਹੈ। ਜਿਨ੍ਹਾਂ ਭਰਾਵਾਂ ਲਈ ਉਸ ਨੇ ਆਪਣਾ ਸਭ ਕੁਝ ਵਾਰ ਦਿੱਤਾ ਸੀ। ਉਨ੍ਹਾਂ ਨੇ ਉਸ ਨੂੰ ਬਿਜ਼ਨਸ ਵਿਚੋਂ ਇਵੇਂ ਕੱਢ ਕੇ ਰੱਖ ਦਿੱਤਾ ਜਿਵੇਂ ਮੱਖਣੀ ਵਿਚੋਂ ਵਾਲ ਕੱਢੀਦਾ ਹੈ। ਉਹ ਬਹੁਤ ਦੇਰ ਪਹਿਲਾਂ ਹੀ ਇਹ ਫੈਸਲਾ ਕਰ ਚੁੱਕਾ ਹੈ ਕਿ ਉਸ ਨੂੰ ਸਟੋਰ ਨਹੀਂ ਚਾਹੀਦਾ। ਪਹਿਲੀਆਂ ਵਿਚ ਉਹਭਰਾਵਾਂ ਦੇ ਵਤੀਰੇ ਤੋਂ ਬਹੁਤ ਦੁਖੀ ਰਿਹਾ ਕਰਦਾ ਸੀ ਪਰ ਹੁਣ ਨਹੀਂ ਹੈ। ਸਟੋਰ ਨੂੰ ਉਸ ਨੇ ਕਦੇ ਆਪਣੀ ਕਮਜ਼ੋਰੀ ਨਹੀਂ ਬਣਨ ਦਿਤਾ। 
       ਆਪਣੇ ਤੋਂ ਛੋਟੇ ਗੁਰਜੇ ਤੇ ਸੁਰਜੇ ਨੂੰ ਸੰਭਾਲਦਿਆਂ ਹੀ ਜੁਗਿੰਦਰ ਕੌਰ ਗੁਆ ਲਈ। ਭਰਾਵਾਂ ਨੂੰ ਇੰਗਲੈਂਡ ਸੱਦਿਆ। ਉਹਨਾਂ ਦੇ ਵਿਆਹ ਕੀਤੇ। ਘਰ ਲੈ ਦਿੱਤੇ। ਕੰਮ ਉਸ ਨਾਲ ਦੁਕਾਨ ਵਿਚ ਹੀ ਕਰਦੇ ਸਨ। ਉਸ ਨੇ ਸੋਚਿਆ ਕਿ ਹੁਣ ਉਹ ਬਿਜ਼ਨਸ ਸੰਭਾਲ ਸਕਦੇ ਹਨ ਕਿਉਂ ਨਾ ਆਪਣੀ ਪੜ੍ਹਾਈ ਪੂਰੀ ਕਰ ਲਵੇ। ਉਹ ਦੁਕਾਨ ਵਿਚੋਂ ਅਜਿਹਾ ਗਿਆ ਕਿ ਮੁੜ ਨਾ ਵੜਿਆ। ਭਰਾਵਾਂ ਨੇ ਵੜਨ ਹੀ ਨਾ ਦਿੱਤਾ। ਸਾਰਾ ਕਾਰੋਬਾਰ ਸੰਭਾਲ ਲਿਆ। ਦੁਕਾਨ ਭਾਵੇਂ ਹਾਲੇ ਵੀ ਉਸ ਦੇ ਨਾਂ 'ਤੇ ਹੈ ਪਰ ਬਾਕੀ ਸਭ ਪੇਪਰ ਭਰਾਵਾਂ ਨੇ ਆਪਣੇ ਨਾਵਾਂ ਉਪਰ ਕਰ ਲਏ ਹਨ। ਭਰਾ ਸਮਝਦੇ ਹਨ ਕਿ ਹੁਣ ਉਹ ਕਿਥੇ ਲੈ ਜਾਵੇਗਾ। ਉਸ ਤੋਂ ਬਾਅਦ ਵਿਚ ਸਭ ਕੁਝ ਉਹਨਾਂ ਦਾ ਹੀ ਹੈ। ਫਿਰ ਵੀ ਉਹ ਉਸ ਦੀ ਤਾੜ ਰੱਖਦੇ ਹਨ ਕਿ ਕੋਈ ਹੋਰ ਔਰਤ ਨਾ ਲੈ ਆਵੇ। ਉਨ੍ਹਾਂ ਨੂੰ ਪਤਾ ਹੈ ਕਿ ਕਾਲਜ ਵਿਚ ਪੜਾਉਣ ਕਰਕੇ ਔਰਤਾਂ ਉਸ ਦੇ ਘਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਜਦ ਕੋਈ ਔਰਤ ਜਿ਼ਆਦਾ ਦਿਨ ਰਹਿ ਜਾਵੇ ਤਾਂ ਉਹਨਾਂ ਨੂੰ ਫਿਕਰ ਹੋਣ ਲਗਦਾ ਹੈ। ਆਉਂਦੇ ਜਾਂਦੇ ਉਹ ਆਪਣੇ ਭਰਾ ਦੇ ਘਰ ਦੇ ਮੋਹਰ ਦੀ ਲੰਘਦੇ ਧਿਆਨ ਰੱਖਦੇ ਹਨ ਕਿ ਕੋਈ ਓਪਰੀ ਕਾਰ ਤਾਂ ਨਹੀਂ ਘਰ ਮੁਹਰੇ ਖੜੀ ਜੇ ਖੜੀ ਹੈ ਤਾਂ ਕਿੰਨੀ ਕੁ ਦੇਰ ਤਕ ਖੜਦੀ ਹੈ।
       ਇਵੇਂ ਹੀ ਬਹੁਤਾ ਫਿਕਰ ਉਹਨਾਂ ਨੂੰ ਉਸ ਵਕਤ ਪੈਂਦਾ ਹੈ ਕਿ ਜਦ ਗਰੇਵਾਲ ਪਰਮਿੰਦਰ ਕੌਰ ਗਰੇਵਾਲ ਦੇ ਮਗਰ ਫਿਰਨ ਲਗਦੀ ਹੈ। ਆਪ ਹੀ ਗਰੇਵਾਲ ਵਲੋਂ ਵਿਆਹ ਲਈ ਹਾਂ ਸਮਝ ਖੀਵੀ ਹੋਈ ਫਿਰਦੀ ਹੈ ਤੇ ਆਪਣੀ ਹੋਂਦ ਚਿਤਾਰਨ ਲਈ ਇਕ ਦਿਨ ਗਰੇਵਾਲ ਇੰਪੋਰੀਅਮ ਵਿਚ ਜਾ ਖੜਦੀ ਹੈ। ਗੁਰਜੇ ਤੇ ਸੁਰਜੇ ਨੂੰ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਹਨ। ਇਕ ਵਾਰ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਸਭ ਕੁਝ ਗਿਆ ਹੱਥੋਂ। ਦੁਕਾਨ ਹਾਲੇ ਵੀ ਉਸੇ ਦੀ ਹੈ। ਇਨ੍ਹਾਂ ਸਾਲਾਂ ਦੇ ਮੁਨਾਫੇ ਦਾ ਵੀ ਕੋਈ ਹਿਸਾਬ ਨਹੀਂ ਹੈ। ਉਹ ਆਪਣੇ ਭਰਾ ਨੂੰ ਮਿਲਣ ਲਈ ਤਿਆਰ ਹੋਣ ਲੱਗਦੇ ਹਨ। ਉਨ੍ਹਾਂ ਦੋਨਾਂ ਨੇ ਭਰਾ ਨਾਲ ਕਰਨ ਵਾਲੀਆਂ ਗੱਲਾਂ ਵੀ ਤਹਿ ਕਰ ਲਈਆਂ ਹਨ। ਕੁਝ ਪਿਆਰ, ਕੁਝ ਮਿੰਨਤ ਤਰਲਾ ਤੇ ਕੁਝ ਧਮਕੀਆਂ। ਪਰ ਬਲਾ ਟਲ ਜਾਂਦੀ ਹੈ। ਪਰਮਿੰਦਰ ਕੌਰ ਸਮਝ ਜਾਂਦੀ ਹੈ ਕਿ ਗਰੇਵਾਲ ਉਸ ਨਾਲ ਵਿਆਹ ਨਹੀਂ ਕਰਵਾਵੇਗਾ। 

ਚਲਦਾ...