ਪਰਦੁੱਮਣ ਸਿੰਘ ਦੇ ਚੱਲਦੇ ਬਿਜ਼ਨਸ ਨਾਲ ਜੇ ਕਿਸੇ ਨੂੰ ਈਰਖਾ ਹੈ ਤਾਂ ਉਹ ਹੈ ਕਾਰਾ। ਕਾਰਾ ਪਹਿਲਾਂ ਤੋਂ ਹੀ ਸੈਟਲ ਹੈ। ਲੱਖਾਂ ਦੀ ਗੱਲ ਕਰਦਾ ਹੈ ਪਰ ਪਰਦੁੱਮਣ ਮੁੜ ਏ ਬੀ ਸੀ ਤੋਂ ਜ਼ਿੰਦਗੀ ਸ਼ੁਰੂ ਕਰਕੇ ਉਸ ਦੇ ਬਰਾਬਰ ਜਾ ਪੁੱਜਾ ਹੈ। ਉਸ ਨੂੰ ਚੰਗਾ ਨਹੀਂ ਲੱਗ ਰਿਹਾ। ਹੁਣ ਉਸ ਨੂੰ ਇਹ ਇੰਸ਼ੋਰੰਸ ਦਾ ਕੰਮ ਛੋਟਾ ਛੋਟਾ ਲੱਗਣ ਲੱਗ ਪਿਆ ਹੈ।
ਇਸ ਕੰਮ ਵਿਚ ਉਸ ਦਾ ਮਨ ਟਿਕ ਨਹੀਂ ਰਿਹਾ। ਕਈ ਵਾਰ ਉਹ ਦਫਤਰ ਵੀ ਨਹੀਂ ਜਾਂਦਾ। ਦਫਤਰ ਦੇ ਕੰਮ ਲਈ ਇਕ ਗੋਰਾ ਮੈਨੇਜਰ ਰੱਖਿਆ ਹੋਇਆ ਹੈ। ਇਕ ਮੁੰਡਾ ਤੇ ਇਕ ਕੁੜੀ ਵੀ ਹਨ। ਫਿਰ ਉਸ ਦੀ ਪਤਨੀ ਸੁਰਜੀਤ ਵੀ ਆ ਜਾਂਦੀ ਹੈ। ਆਪ ਤਾਂ ਉਹ ਵਿਹਲਾ ਜਿਹਾ ਹੀ ਹੁੰਦਾ ਹੈ। ਸਾਊਥਾਲ ਦੀ ਅੰਦਰਲੀ ਸਿਆਸਤ ਵਿਚ ਸਰਗਰਮ ਰਹਿੰਦਾ ਹੈ ਪਰ ਉਭਰ ਕੇ ਬਾਹਰ ਨਹੀਂ ਆਉਂਦਾ।
ਜਦ ਕਦੇ ਪਰਦੁੱਮਣ ਸਿੰਘ ਕੋਈ ਔਰਤ ਨਾਲ ਬੈਠਾ ਕੇ ਉਸ ਨੂੰ ਮਿਲਦਾ ਤਾਂ ਉਸ ਦੀ ਈਰਖਾ ਹੋਰ ਵੱਧ ਜਾਂਦੀ ਹੈ। ਉਹ ਕਹਿਣ ਲੱਗਦਾ ਹੈ,
“ਦੁੱਮਣਾ, ਇਹ ਕੀ ਹਾਰੀਆਂ ਜਿਹੀਆਂ ਤੀਵੀਆਂ ਖਿੱਚੀ ਫਿਰਦੈਂ, ਜਾਹ, ਜਾ ਕੇ ਮਸਾਜ ਕਰਾ, ਕੋਈ ਨਵੀਂ ਦੁਨੀਆਂ ਦੇਖ।”
“ਨਾ ਬਈ ਕਾਰਿਆ, ਉਨ੍ਹਾਂ ਤੀਵੀਆਂ ਕੋਲ ਰੋਜ਼ ਦੇ ਪੰਜਾਹ ਬੰਦੇ ਆਉਂਦੇ ਆ।”
“ਆਹੋ, ਇਹ ਤਾਂ ਸਿਰਫ ਤੇਰੇ ਲਈ ਹੀ ਜੰਮੀਆਂ ਹੋਈਆਂ। ਦੁੱਮਣਾ, ਗੱਲ ਸਰਵਿਸ ਦੀ ਐ, ਪੈਸੇ ਖਰਚ ਤੇ ਵਧੀਆ ਸਰਵਿਸ ਲੈ, ‘ਕੱਲੀ
ਢਿੱਡ ਘਸਾਈ ਜ਼ਿੰਦਗੀ ਨਹੀਂ।”
ਪਰਦੁੱਮਣ ਹੱਸ ਛੱਡਦਾ ਹੈ। ਉਸ ਨੇ ਪੈਸੇ ਬਹੁਤ ਮਿਹਨਤ ਨਾਲ ਕਮਾਏ ਹਨ। ਇੰਨੀ ਮੁਸ਼ਕਲ ਨਾਲ ਕਮਾਏ ਪੈਸਿਆਂ ਨੂੰ ਅਜਾਈਂ ਕਿਵੇਂ ਜਾਣ ਦੇ ਸਕਦਾ ਹੈ। ਕਾਰੇ ਨੂੰ ਵੱਡੇ ਵੱਡੇ ਰੈਸਟੋਰੈਂਟਾਂ ਜਾਂ ਬੀਅਰ ਬਾਰਾਂ ਵਿਚ ਜਾਣ ਦਾ ਸ਼ੌਂਕ ਹੈ ਪਰ ਪਰਦੁੱਮਣ ਅਜਿਹੀਆਂ ਥਾਵਾਂ ਤੋਂ ਟਲ਼ਦਾ ਰਹਿੰਦਾ ਹੈ। ਉਹ ਵੈਸੇ ਵੀ ਕਾਰੇ ਦੇ ਦਾਇਰੇ ਦੇ ਦੋਸਤਾਂ ਵਿਚ ਜਾਣੋਂ ਝਿਜਕਦਾ ਰਹਿੰਦਾ ਹੈ। ਉਹ ਸਾਰੇ ਹੀ ਵੱਡੇ ਵੱਡੇ ਲੋਕ ਹਨ, ਵੱਡੀਆਂ ਗੱਲਾਂ ਕਰਨ ਵਾਲੇ।
ਕਾਰੇ ਦਾ ਇਕ ਦੋਸਤ ਹੈ ਮਨੀਸ਼ ਪਟੇਲ। ਉਹ ਇਕ ਦਿਨ ਕਹਿੰਦਾ ਹੈ,
“ਮਿਸਟਰ ਰਾਏ, ਏਕ ਹੋਟਲ ਵਿਕਾਊ ਹੈ, ਫਿਫਟੀ ਰੂਮਜ਼, ਬੇਅਜ਼ ਵੌਟਰ ਕੇ ਏਰੀਏ ਮੇਂ।”
“ਕਿਤਨੇ ਮੇਂ ?”
“ਏਕ ਮਿਲੀਅਨ।”
“ਬਹੁਤ ਜ਼ਿਆਦਾ ।”
“ਹਾਂ ਬੱਟ ਇਟ'ਸ ਔਪੋਜਿਟ ਟੂ ਹਾਈਡ ਪਾਰਕ। ਪਤਾ ਨਾ ਉਸ ਜਗਾਹ ਪਰ ਕਿਆ ਪਰਾਈਸਜ਼ ਹੈਂ ਪ੍ਰੌਪਰਟੀ ਕੀ ?”
“ਹਾਂ ਪਰ...।”
ਉਹ ਗੱਲ ਵਿਚਕਾਰ ਹੀ ਛੱਡ ਦਿੰਦਾ ਹੈ। ਹੋਟਲ ਖਰੀਦਣ ਬਾਰੇ ਤਾਂ ਉਹ ਕਾਫੀ ਦੇਰ ਤੋਂ ਸੋਚ ਰਿਹਾ ਹੈ। ਹੋਟਲ ਦੇ ਮਾਲਕ ਨੂੰ ਹੋਟਲੀਅਰ ਆਖਦੇ ਹਨ। ਉਸ ਦੀ ਤਮੰਨਾ ਰਹੀ ਹੈ ਕਿ ਲੋਕ ਕਹਿਣ – “ਉਹ ਹੈ ਬਲਕਾਰ ਸਿੰਘ ਰਾਏ ਹੋਟਲੀਅਰ।” ਇਸ ਹੋਟਲ ਦੀ ਕੀਮਤ ਉਸ ਦੀ ਪਹੁੰਚ ਤੋਂ ਬਾਹਰ ਦੀ ਹੈ ਪਰ ਉਹ ਅੰਦਰੋਂ ਬਹੁਤ ਉਤਸੁਕਤ ਬਲਕਿ ਉਤੇਜਿਤ ਹੈ। ਉਹ ਪੁੱਛਦਾ ਹੈ,
“ਪਟੇਲ, ਤੁਮ ਨੇ ਦੇਖਾ ਹੈ ਕਿਆ ?”
“ਦੇਖਾ ਹੈ, ਮੈਂ ਲੇਨਾ ਵੀ ਚਾਹਤਾ ਹੂੰ ਮਗਰ ਮੇਰੇ ਅਕੇਲੇ ਕੇ ਲੀਏ ਮੁਸ਼ਕਲ ।”
ਕਾਰੇ ਦਾ ਇਕਦਮ ਮਨ ਬਣ ਜਾਂਦਾ ਹੈ ਕਿ ਦੇਖੀ ਜਾਏਗੀ ਜੋ ਹੋਏਗੀ। ਉਹ ਕਹਿੰਦਾ ਹੈ,
“ਤੋ ਫਿਰ ਫਿਫਟੀ ਫਿਫਟੀ ?”
“ਡੱਨ।”
“ਚਲੋ ਹੋਟਲ ਦੇਖਤੇ ਹੈਂ, ਕਿਸੀ ਐਕਸਪਰਟ ਕੀ ਰਾਏ ਲੇਤੇ ਂ।”
“ਵੋ ਤੋ ਅਕਾਊਂਟਸ ਹੈਂ ਪਿਛਲੇ ਪਾਂਚ ਸਾਲ ਕੇ, ਆਮਦਨ ਕਾ ਪਤਾ ਚੱਲ ਜਾਏਗਾ।”
“ਠੀਕ ਐ ਅਕਾਊਂਟਸ ਤੋ ਅਕਾਊਂਟੈਂਟ ਨੂੰ ਦਿਖਾ ਦੇਂਗੇ। ਪਰ ਕਿਸੀ ਐਕਸਪਰਟ ਕੀ ਰਾਏ ਵੀ ਚਾਹੀਏ।”
ਅਗਲੇ ਦਿਨ ਹੀ ਉਹ ਏਜੰਟ ਨੂੰ ਜਾ ਮਿਲਦੇ ਹਨ। ਏਜੰਟ ਆਖਦਾ ਹੈ,
“ਮਿਸਟਰ ਰੌਏ, ਜਾ ਕੇ ਮਾਰਕਿਟ ਸਟੱਡੀ ਕਰੋ, ਇਹ ਹੋਟਲ ਹਾਫ ਮਿਲੀਅਨ ਸਸਤਾ ਐ।”
“ਸਸਤਾ ਕਿਉਂ ਐ ?”
“ਕਿਉਂਕਿ ਇਹ ਕੰਪਨੀ ਏਸ ਮੁਲਕ ਵਿਚਲੇ ਆਪਣੇ ਸਾਰੇ ਹੋਟਲ ਵੇਚ ਰਹੀ ਐ ਤੇ ਅਮਰੀਕਾ ਨੂੰ ਮੂਵ ਹੋ ਰਹੀ ਐ।”
ਮਨੀਸ਼ ਪਟੇਲ ਤੇ ਕਾਰਾ ਸਾਰਾ ਹੋਟਲ ਘੁੰਮ ਕੇ ਦੇਖਦੇ ਹਨ। ਬਹੁਤੇ ਕਮਰੇ ਭਰੇ ਹੋਏ ਹਨ। ਜਿਹੜੇ ਕਮਰੇ ਖਾਲੀ ਹਨ ਉਹ ਅੰਦਰੋਂ ਦੇਖਦੇ ਹਨ। ਉਨ੍ਹਾਂ ਨੂੰ ਸਭ ਠੀਕ ਜਾਪਦਾ ਹੈ। ਕਾਰਾ ਤਾਂ ਇਹੋ ਹੀ ਸੋਚਦਾ ਜਾ ਰਿਹਾ ਹੈ ਕਿ ਇਕ ਕਮਰਾ ਉਹ ਆਪਣੇ ਲਈ ਰਾਖਵਾਂ ਰੱਖੇਗਾ ਜਿਥੇ ਉਹ ਦੁੱਮਣ ਵਰਗਿਆਂ ਨੂੰ ਸੱਦ ਕੇ ਆਪਣਾ ਰੋਅਬ ਪਾਇਆ ਕਰੇਗਾ। ਥੋੜ੍ਹਾ ਕੰਮ ਚੱਲਿਆ ਤਾਂ ਮਨੀਸ਼ ਕੋਲੋਂ ਉਸ ਦਾ ਹਿੱਸਾ ਖਰੀਦ ਲਵੇਗਾ ਜਾਂ ਫਿਰ ਆਪਣਾ ਹਿੱਸਾ ਉਸ ਨੂੰ ਵੇਚ ਕੇ ਹੋਰ ਹੋਟਲ ਲੈ ਲਵੇਗਾ। ਆਪਣੇ ਪੁੱਤਰ ਨੂੰ ਵੀ ਇਸੇ ਬਿਜ਼ਨਸ ਵਿਚ ਹੀ ਸੈਟਲ ਕਰੇਗਾ।
ਮਨੀਸ਼ ਆਖਦਾ ਹੈ,
“ਚਲੋ ਕਿਸੀ ਐਸੇ ਆਦਮੀ ਸੇ ਐਡਾਵਾਈਸ ਲੇਤੇ ਹੈਂ ਜਿਸ ਕੋ ਇਸ ਕਾਮ ਕੀ ਜਾਨਕਾਰੀ ਹੋ।”
“ਮੇਰਾ ਇਕ ਦੋਸਤ ਐ ਮਿਸਟਰ ਅਨੰਦ, ਉਸ ਪਾਸ ਦੋ ਹੋਟਲ ਹੈਂ, ਉਸ ਸੇ ਬਾਤ ਕਰਤੇ ਹੈਂ, ਉਸ ਕੋ ਦਿਖਾਤੇ ਹੈਂ”
ਕਾਰਾ ਮਿਸਟਰ ਅਨੰਦ ਨਾਲ ਗੱਲ ਕਰਕੇ ਓਸ ਏਜੰਟ ਨੂੰ ਫੋਨ ਕਰਦਾ ਹੈ ਜਿਸ ਰਾਹੀਂ ਇਹ ਹੋਟਲ ਵਿਕ ਰਿਹਾ ਹੈ। ਉਹ ਕਹਿੰਦਾ ਹੈ,
“ਸਾਨੂੰ ਹੋਟਲ ਦੇਖਣ ਲਈ ਐਪੁਆਂਏਂਟਮਿੰਟ ਚਾਹੀਦੀ ਐ, ਅਸੀਂ ਕਿਸੇ ਦੋਸਤ ਨੂੰ ਦਿਖਾਉਣਾ ਚਾਹੁੰਦੇ ਹਾਂ।”
“ਦਸੋ ਕਦੋਂ ਆਉਣਾ ਚਾਹੁੰਦੇ ਹੋ ਪਰ ਇਕ ਗੱਲ ਦਸ ਦੇਵਾਂ ਕਿ ਇਹ ਹੋਟਲ ਸਸਤਾ ਵਿਕ ਰਿਹੈ ਜੇ ਕਿਸੇ ਨੇ ਤੁਹਾਡੇ ਤੋਂ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਤਾਂ ਅਸੀਂ ਉਸ ਨੂੰ ਵੇਚ ਦੇਵਾਂਗੇ।”
ਕਾਰਾ ਸਮਝ ਜਾਂਦਾ ਹੈ ਕਿ ਏਜੰਟ ਦਾ ਇਸ਼ਾਰਾ ਹੈ ਕਿ ਜੇਕਰ ਕਿਸੇ ਹੋਰ ਨੂੰ ਹੋਟਲ ਦਿਖਾਇਆ ਗਿਆ ਤਾਂ ਹੋ ਸਕਦਾ ਹੈ ਕਿ ਉਹ ਹੀ ਸਾਡੇ ਨਾਲੋਂ ਜਿ਼ਆਦਾ ਰਕਮ ਦੀ ਪੇਸ਼ਕਸ਼ ਕਰ ਦੇਵੇ। ਫਿਰ ਮਿਸਟਰ ਅਨੰਦ ਤਾਂ ਹੈ ਹੀ ਤੇਜ਼ ਜਿਹਾ ਬੰਦਾ। ਮਨੀਸ਼ ਪਟੇਲ ਵੀ ਕਿਸੇ ਹੋਰ ਨਾਲ ਸਲਾਹ ਕਰਨ ਦੇ ਹੱਕ ਵਿਚ ਨਹੀਂ ਹੈ। ਉਹ ਆਖਦਾ ਹੈ,
“ਰਾਏ, ਤੁਮ ਆਪਨੇ ਬੈਂਕ ਸੇ ਬਾਤ ਕਰੋ, ਮੈਂ ਆਪਨੇ ਸੇ ਕਰਤਾ ਹੂੰ, ਦੇਖਤੇ ਹੈਂ ਕਿ ਕਿਤਨਾ ਲੋਨ ਮਿਲਤਾ ਹੈ।”
“ਓ ਭਈਆ ਲੋਨ ਕਾ ਵੱਰੀ ਮਤ ਕਰ, ਸਾਲੇ ਮੈਨੇਜਰ ਕੋ ਇਤਨੀਆਂ ਪਾਰਟੀਆਂ ਕਾਹੇ ਕੋ ਕਰਤਾ ਹੂੰ।”
ਕਾਰੇ ਦਾ ਬੈਂਕ ਵੈਸਟਮਿਨਸਟਰ ਬੈਂਕ ਹੈ ਤੇ ਉਸ ਦਾ ਮੈਨੇਜਰ ਡੇਵਿਡ ਕੈਲਾਹਨ ਕਾਰੇ ਦਾ ਖਾਸ ਦੋਸਤ ਹੈ। ਡੇਵਿਡ ਭਾਰਤੀ ਖਾਣਿਆਂ ਦਾ ਸ਼ੌਕੀਨ ਹੈ ਤੇ ਕਾਰਾ ਅਕਸਰ ਉਸ ਨੂੰ ਕਿਸੇ ਨਾ ਕਿਸੇ ਰੈਸਟੋਰੈਂਟ ਲੈ ਜਾਇਆ ਕਰਦਾ ਹੈ। ਅੱਗਿਉਂ ਡੇਵਿਡ ਕਹਿਣ ਲੱਗਦਾ ਹੈ,
“ਮਿਸਟਰ ਰਾਏ, ਕੋਈ ਵੱਡਾ ਕੰਮ ਕਰ, ਹੰਡਰਡ ਪਰਸੈਂਟ ਲੋਨ ਦਵਾਊਂ।”
ਉਹ ਡੇਵਿਡ ਕੈਲਾਹਨ ਨਾਲ ਐਪੁਆਇੰਟਮੈਂਟ ਬਣਾਉਂਦਾ ਹੈ। ਉਸ ਨੂੰ ਮਿਲਣ ਜਾਂਦਾ ਸੋਚ ਰਿਹਾ ਹੈ ਕਿ ਕਿਉਂ ਨਾ ਉਹ ਇਕੱਲਾ ਹੀ ਇਹ ਹੋਟਲ ਖਰੀਦ ਲਵੇ ਪਰ ਸੋਚਦਾ ਹੈ ਕਿ ਜੇਕਰ ਬਿਜ਼ਨਸ ਚੌਪਟ ਹੋ ਗਿਆ ਤਾਂ ਫਿਰ ਕੀ ਹੋਵੇਗਾ। ਮਨੀਸ਼ ਨਾਲ ਹੋਵੇਗਾ ਤਾਂ ਸੌ ਤਰੀਕੇ ਲੱਭੇ ਜਾ ਸਕਦੇ ਹਨ। ਫਿਰ ਮਨੀਸ਼ ਨੂੰ ਉਹ ਵਰ੍ਹਿਆਂ ਤੋਂ ਜਾਣਦਾ ਹੈ, ਉਹ ਮਾੜਾ ਬੰਦਾ ਨਹੀਂ ਹੈ। ਉਸ ਨੇ ਕੁਝ ਕੁ ਗੱਲ ਤਾਂ ਡੇਵਿਡ ਕੈਲਾਹਨ ਨਾਲ ਫੋਨ ਉਪਰ ਹੀ ਕਰ ਲਈ ਹੈ। ਉਹ ਬੈਂਕ ਵਿਚ ਮਿਥੇ ਵਕਤ 'ਤੇ ਪਹੁੰਚ ਜਾਂਦਾ ਹੈ। ਡੇਵਿਡ ਦੀ ਹੈਲੋ ਵਿਚ ਪਹਿਲਾਂ ਜਿੰਨਾ ਨਿੱਘ ਨਹੀਂ ਹੈ। ਕਾਰਾ ਸਮਝ ਜਾਂਦਾ ਹੈ ਕਿ ਉਸ ਨੇ ਪੂਰੇ ਦਾ ਪੂਰਾ ਲੋਨ ਮੰਗਿਆ ਹੈ ਇਸੇ ਕਰਕੇ ਹੀ ਡੇਵਿਡ ਬਹੁਤਾ ਖੁਸ਼ ਨਹੀਂ ਹੋਵੇਗਾ। ਪਰ ਉਸ ਨੂੰ ਯਕੀਨ ਹੈ ਕਿ ਉਹ ਆਪਣੀ ਗੱਲ ਉਪਰ ਦਬਾਅ ਪਾ ਸਕੇਗਾ।
ਉਹ ਤਿਆਰ ਕੀਤੀ ਫਾਈਲ ਡੇਵਿਡ ਦੇ ਮੁਹਰੇ ਰੱਖ ਦਿੰਦਾ ਹੈ। ਜਿਸ ਵਿਚ ਹੋਟਲ ਦੇ ਸਾਰੇ ਪੇਪਰ ਤੇ ਅਕਾਊਂਟਸ ਹਨ, ਬਿਜ਼ਨਸ ਪਰੋਪੋਜ਼ਲ ਹੈ। ਡੇਵਿਡ ਪੇਪਰ ਫਰੋਲਦਾ ਹੈ, ਵਿਚੋਂ ਵਿਚੋਂ ਪੜ੍ਹ ਰਿਹਾ ਹੈ ਤੇ ਕਹਿੰਦਾ ਹੈ,
“ਹੰਡਰਡ ਪਰਸੈਂਟ ਲੋਨ ਨਹੀਂ ਮਿਲ ਸਕਣਾ।”
“ਕਿਉਂ ਨਹੀਂ ਮਿਲ ਸਕਦਾ? ਤੂੰ ਆਪ ਹੀ ਤਾਂ ਕਿਹਾ ਕਰਦਾ ਸੀ।”
“ਹਾਂ, ਪਰ ਇਹ ਪ੍ਰੋਜੈਕਟ ਬਹੁਤ ਵੱਡਾ ਐ ਤੇ ਇਹਦੇ ਵਿਚ ਰਿਸਕ ਬਹੁਤਾ ਐ।”
“ਕੀ ਰਿਸਕ ਐ ? ਹੋਟਲ ਦੀ ਕੀਮਤ ਤਾਂ ਪਹਿਲਾਂ ਹੀ ਘੱਟ ਐ।”
“ਹਾਂ, ਪਰ ਪਿੱਛੇ ਜਿਹੇ ਆਏ ਰਿਸੈਸ਼ਨ ਨੇ ਸਭ ਕੁਝ ਬਦਲ ਦਿੱਤੈ, ਲੋਨ ਦੇਣ ਦਾ ਸਿਸਟਮ ਵੀ, ਫਿਰ ਮੇਰੇ ਹੱਥ ਵਿਚ ਕੁਝ ਨਹੀਂ, ਉਪਰੋਂ ਦਫਤਰ ਵਿਚੋਂ ਪਾਸ ਕਰਾਉਣਾ ਪੈਣਾ।”
“ਡੇਵਿਡ, ਮੈਂ ਤਾਂ ਕਿੰਨੀ ਵਾਰ ਤੈਨੂੰ ਲੋਨ ਦਿੰਦੇ ਨੂੰ ਦੇਖਿਆ।”
“ਛੋਟੇ ਲੋਨ ਨੂੰ ਦੇਖਿਆ ਹੋਵੇਗਾ, ਏਡੀ ਰਕਮ ਮੇਰੇ ਅਧਿਕਾਰ ਹੇਠ ਨਹੀਂ।”
“ਕਿੰਨਾ ਕੁ ਐ ਤੇਰੇ ਅਧਿਕਾਰ ਹੇਠ ?”
“ਫਿਫਟੀ ਪਰਸੈਂਟ, ਅੱਧਾ।”
“ਅੱਧਾ ਤਾਂ ਕੋਈ ਵੀ ਬੈਂਕ ਦੇ ਦੇਊ, ਫਿਰ ਤੇਰੀ ਦੋਸਤੀ ਦਾ ਕੀ ਫਾਇਦਾ !”
“ਸੌਰੀ ਮਿਸਟਰ ਰਾਏ, ਮੈਂ ਇੰਨਾ ਕੁਝ ਹੀ ਕਰ ਸਕਦਾਂ।”
“ਇਹ ਤਾਂ ਗਲਤ ਐ ਡੇਵਿਡ, ਮੈਂ ਹਿਸਾਬ ਲਾਇਆ ਕਿ ਮਿਲੀਅਨ ਪੌਂਡ ਦੀ ਅੱਠ ਹਜ਼ਾਰ ਮਹੀਨੇ ਦੀ ਕਿਸ਼ਤ ਬਣਦੀ ਐ ਤੇ ਖਰਚ ਕੱਢ ਕੇ ਹੋਟਲ ਦੀ ਆਮਦਨ ਦਸ ਹਜ਼ਾਰ ਪੌਂਡ ਐ, ਕਿਸ਼ਤ ਤਾਂ ਆਸਾਨੀ ਨਾਲ ਨਿਕਲ ਜਾਵੇਗੀ।”
“ਆਮਦਨ ਤਾਂ ਕੱਲ ਨੂੰ ਘੱਟ ਵੀ ਸਕਦੀ ਐ, ਤੈਨੂੰ ਤਾਂ ਪਤੈ ਕਿ ਬੈਂਕ ਲੋਨ ਕਿਵੇਂ ਵਰਕ ਕਰਦੈ, ਬੈਂਕ ਨੇ ਇਹ ਦੇਖਣਾ ਕਿ ਜੇਕਰ ਤੂੰ ਕਲ ਨੂੰ ਲੋਨ ਨਹੀਂ ਮੋੜ ਸਕਦਾ ਤਾਂ ਉਸ ਸਥਿਤੀ ਵਿਚ ਇਹ ਹੋਟਲ ਕਿੰਨੇ ਦਾ ਵਿਕੇਗਾ, ਕੀ ਬੈਂਕ ਦੇ ਪੈਸੇ ਪੂਰੇ ਵੀ ਹੋਣਗੇ।”
“ਡੇਵਿਡ, ਮੈਨੂੰ ਯਕੀਨ ਨਹੀਂ ਕਿ ਤੂੰ ਇਵੇਂ ਵੀ ਕਰ ਸਕਦਾਂ।”
“ਰੌਏ, ਇਕ ਹੋਰ ਤਰੀਕਾ ਏ, ਜੇ ਤੂੰ ਚਾਹੇਂ ਤਾਂ।”
“ਉਹ ਕਿਹੜਾ ?”
“ਤੂੰ ਆਪਣੀ ਸਾਰੀ ਜਾਇਦਾਦ ਇਸ ਲੋਨ ਵਿਚ ਲਿਖਵਾ ਦੇ।”
“ਯੂ ਆਰ ਏ ਜੋਕਰ ਡੇਵਿਡ।”
ਕਹਿੰਦਾ ਕਾਰਾ ਗੁੱਸੇ ਵਿਚ ਉਠ ਖੜਦਾ ਹੈ ਤੇ ਆਪਣੀ ਫਾਈਲ ਚੁੱਕ ਲੈਂਦਾ ਹੈ। ਤੁਰਦਾ ਹੋਇਆ ਕਹਿਣ ਲੱਗਦਾ ਹੈ,
“ਮਿਸਟਰ ਕੈਲਾਹਨ, ਮੈਂ ਤੇਰੇ ਉਪਰ ਇੰਨੇ ਪੈਸੇ ਫਜ਼ੂਲ ਹੀ ਖਰਚੇ ਹਨ।”
ਉਸ ਨੂੰ ਨਿਰਾਸ਼ ਪਰਤੇ ਨੂੰ ਦੇਖ ਕੇ ਮਨੀਸ਼ ਸਾਰੀ ਗੱਲ ਸਮਝ ਜਾਂਦਾ ਹੈ। ਉਹ ਕਹਿੰਦਾ ਹੈ,
“ਫਿਕਰ ਨਾ ਕਰ ਰਾਏ, ਮੈਂ ਲੋਨ ਦਾ ਇੰਤਜ਼ਾਮ ਕਰਦਾਂ, ਆਪਣੇ ਬੈਂਕ ਕੋਲ ਕੋਸ਼ਿਸ਼ ਕਰਦਾਂ।”
ਮਨੀਸ਼ ਪਟੇਲ ਦੀਆਂ ਗਰੌਸਰੀ ਦੀਆਂ ਤਿੰਨ ਦੁਕਾਨਾਂ ਹਨ। ਤਿੰਨੋ ਹੀ ਹਾਈ ਸਟਰੀਟਾਂ ਉਪਰ ਹਨ। ਮੈਨੇਜਰ ਰੱਖੇ ਹੋਏ ਹਨ। ਦੁਕਾਨਾਂ ਵਿਚ ਥਾਂ ਥਾਂ ਵੀਡੀਓ ਕੈਮਰੇ ਲੱਗੇ ਹੋਏ ਹਨ ਤਾਂ ਜੋ ਕੋਈ ਕਰਮਚਾਰੀ ਚੋਰੀ ਨਾ ਕਰ ਸਕੇ। ਹੋਟਲ ਦਾ ਕੰਮ ਉਸ ਨੂੰ ਫਿੱਟ ਵੀ ਬੈਠਦਾ ਹੈ ਕਿਉਂਕਿ ਵਕਤ ਕਾਫੀ ਹੁੰਦਾ ਹੈ। ਉਹ ਵੀ ਕਾਰੇ ਵਾਂਗ ਘਾਟੇ ਤੋਂ ਡਰਦਾ ਹੀ ਇਕੱਲਾ ਹੱਥ ਨਹੀਂ ਪਾ ਰਿਹਾ। ਉਸ ਦੀ ਬੈਂਕ ਲੰਡਨ ਬੈਂਕ ਹੈ। ਛੋਟੀ ਬੈਂਕ ਹੈ। ਆਪਣੇ ਕੰਮ ਨੂੰ ਵਧਾਉਣ ਦੇ ਮਕਸਦ ਨਾਲ ਵੱਡੇ ਲੋਨ ਨੂੰ ਵੀ ਹੱਥ ਪਾ ਲੈਂਦੀ ਹੈ। ਮਨੀਸ਼ ਪਟੇਲ ਦੀਆਂ ਦੁਕਾਨਾਂ ਦੀ ਸਾਰੀ ਵੱਟਤ ਇਸ ਬੈਂਕ ਵਿਚ ਹੀ ਜਾਂਦੀ ਹੈ। ਜਦੋਂ ਮਨੀਸ਼ ਪਟੇਲ ਆਪਣੀ ਬਿਜ਼ਨਸ ਪਰੋਪੋਜ਼ਲ ਬੈਂਕ ਮੈਨੇਜਰ ਮੁਹਰੇ ਰੱਖਦਾ ਹੈ ਤਾਂ ਉਹ ਇਕਦਮ 75 ਪਰਸੈਂਟ ਕਰਜ਼ੇ ਲਈ ਮੰਨ ਜਾਂਦਾ ਹੈ। ਇਸ ਤੋਂ ਬਿਨਾਂ ਦਸ ਪਰਸੈਂਟ ਡਿਪੌਜ਼ਟ ਦੇ ਤੌਰ 'ਤੇ ਵੀ ਬੈਂਕ ਵਲੋਂ ਮਿਲ ਜਾਂਦਾ । ਇਸ ਹਿਸਾਬ ਨਾਲ ਪੱਚਾਸੀ ਫੀਸਦੀ ਕਰਜ਼ਾ ਬੈਂਕ ਦੇ ਦਿੰਦਾ ਹੈ। ਬਾਕੀ ਦਾ ਇੰਤਜ਼ਾਮ ਉਹ ਦੋਵੇਂ ਆਪ ਕਰ ਲੈਂਦੇ ਹਨ।
ਤਿੰਨ ਕੁ ਮਹੀਨੇ ਬਾਅਦ ਹੋਟਲ ਦੀ ਚਾਬੀ ਮਿਲ ਜਾਂਦੀ ਹੈ। ਕਾਰਾ ਸੱਤਵੇਂ ਅਸਮਾਨ ਉਪਰ ਹੈ। ਉਹ ਮਨੀਸ਼ ਨੂੰ ਕਹਿੰਦਾ ਹੈ,
“ਇਕ ਕਮਰਾ ਮੇਰੀ ਅਯਾਸ਼ੀ ਕੇ ਲੀਏ।”
ਚਲਦਾ....