ਸਾਊਥਾਲ (ਕਾਂਡ 34)

ਇਹ ਗੱਲ ਹੈ ਸਠਵਿਆਂ ਦੀ ਜਿਹਨਾਂ ਦਿਨਾਂ ਵਿਚ ਪੰਜਾਬੀ ਲੋਕ ਸਾਊਥਾਲ ਵਿਚ ਆ ਕੇ ਵਸਣੇ ਸ਼ੁਰੂ ਹੁੰਦੇ ਹਨ। ਸਾਊਥਾਲ ਵਿਚ ਵਸਣ ਦੇ ਕਈ ਕਾਰਨ ਹਨ। ਇਹ ਏਅਰ ਪੋਰਟ ਦੇ ਨਜ਼ਦੀਕ ਹੈ। ਇਕ ਸੌ ਪੰਜ ਨੰਬਰ ਬਸ ਸਿਧੀ ਜਾਂਦੀ ਹੈ। ਇਥੇ ਘਰ ਵੀ ਆਲੇ ਦੁਆਲੇ ਦੇ ਇਲਾਕਿਆਂ ਨਾਲੋਂ ਕੁਝ ਸਸਤੇ ਹਨ। ਇਥੇ ਕੰਮ ਵੀ ਅਸਾਨੀ ਨਾਲ ਮਿਲ ਜਾਂਦੇ ਹਨ। ਕੁਝ ਲੋਕ ਪਹਿਲਾਂ ਇਥੇ ਵਸਦੇ ਹਨ ਤੇ ਫਿਰ ਆਪਣਿਆਂ ਦੇ ਨੇੜੇ ਰਹਿਣ ਦੇ ਮਕਸਦ ਨਾਲ ਹੋਰ ਲੋਕ ਵੀ ਇਥੇ ਹੀ ਵਸੇਬਾ ਕਰਦੇ ਜਾਂਦੇ ਹਨ। ਇਹਨਾਂ ਦਿਨਾਂ ਵਿਚ ਲੋਕ ਹੇਰਵਾ ਗ੍ਰਸਤ ਹਨ। ਇਹਨਾਂ ਨੂੰ ਆਪਣੇ ਦੇਸ਼ ਤੇ ਆਪਣੇ ਪਰਿਵਾਰਾਂ ਤੋਂ ਵਿਛੜਨ ਦਾ ਹੇਰਵਾ ਹੈ। ਇਹ ਆਪਣੇ ਮੁਲਕ ਬਾਰੇ ਜਾਨਣਾ ਚਾਹੁੰਦੇ ਹਨ ਕਿ ਉਥੇ ਕੀ ਹੋ ਰਿਹਾ ਹੈ। ਇਹਨਾਂ ਦੇ ਜਜ਼ਬਾਤ ਨੂੰ ਸਹਿਲਾਉਣ ਲਈ ਗਿਆਨ ਇੰਦਰ ਪੰਜਾਬੀ ਦਾ ਇਕ ਪਰਚਾ ਕੱਢਣ ਦਾ ਸੁਫਨਾ ਲੈਂਦਾ ਹੈ। ਗਿਆਨ ਇੰਦਰ ਨੇ ਪਹਿਲਾਂ ਦੋ ਨਾਵਲ ਲਿਖੇ ਹਨ ਤੇ ਇਥੇ ਵੀ ਕੁਝ ਨਾ ਕੁਝ ਲਿਖਦਾ ਰਹਿੰਦਾ ਹੈ। ਇਸੇ ਦੁਰਮਿਆਨ ਭਾਰਤ ਤੋਂ ਆਏ ਲੇਖਕਾਂ ਨੂੰ ਆਪਣੇ ਨਾਲ ਜੋੜਦਾ ਦੋ ਸਫੇ ਦਾ ਸਾਈਕਲੋ ਸਟਾਈਲ ਪਰਚਾ ਕਢਦਾ ਹੈ, ਨਾਂ ਰੱਖਦਾ ਹੈ ‘ਵਾਸ ਪਰਵਾਸ’ ਕੁਝ ਖਬਰਾਂ ਭਾਰਤ ਦੀਆਂ ਤੇ ਕੁਝ ਇਥੇ ਦੀਆਂ ਤੇ ਕੁਝ ਦਿਲਚਸਪ ਸਮੱਗਰੀ। ਪਰਚਾ ਹੌਲੀ ਹੌਲੀ ਮਕਬੂਲ ਹੋਣ ਲਗਦਾ ਹੈ। ਇਸ ਦੇ ਸਫੇ ਵੀ ਵਧ ਜਾਂਦੇ ਹਨ। ਦੋ ਸਫਿਆਂ ਤੋਂ ਦਸ, ਦਸਾਂ ਤੋਂ ਵੀਹ। ਗਿਆਨ ਇੰਦਰ ਦਾ ਖਬਰ ਲਿਖਣ ਦਾ ਤਰੀਕਾ
ਬਹੁਤ ਦਿਲਚਸਪ ਤੇ ਮੌਲਿਕ ਹੈ। ਪੇਂਡੂ ਲੋਕਾਂ ਦੀ ਮਾਨਿਸਕਤਾ ਦੀ ਉਸ ਨੂੰ ਖੂਬ਼ ਸਮਝ ਹੈ। ਜਿਵੇਂ ਜਿਵੇਂ ਪੰਜਾਬੀ ਲੋਕ ਸਾਊਥਾਲ ਵਿਚ ਵਧਦੇ ਜਾਂਦੇ ਹਨ ‘ਵਾਸ ਪਰਵਾਸ’ ਦੀ ਇਸ਼ਾਇਤ ਵੀ ਵਧਦੀ ਜਾਂਦੀ ਹੈ। ‘ਵਾਸ ਪਰਵਾਸ’ ਇਕੱਲੇ ਸਾਊਥਾਲ ਵਿਚ ਹੀ ਨਹੀਂ ਪੂਰੇ ਬਰਤਾਨੀਆਂ ਵਿਚ ਪੜਿਆ ਜਾਣ ਲਗ ਪੈਂਦਾ ਹੈ। ਗਿਆਨ ਇੰਦਰ ਦੀ ਸੰਪਾਦਕੀ ਦੀ ਸੁਰ ਜ਼ਰਾ ਕੁ ਵਿਦਰੋਹੀ ਹੁੰਦੀ ਹੈ ਤੇ ਲੋਕ ਇਸ ਸੰਪਾਦਕੀ ਨੂੰ ਚਾਹ ਕੇ ਪੜਦੇ ਹਨ। ਭਾਰਤ ਵਿਚ ਮੌਕੇ ਦੀ ਸਰਕਾਰ ਐਮਰਜੈਂਸੀ ਲਗਾ ਦਿੰਦੀ ਹੈ ਸਾਊਥਾਲ ਦੇ ਲੋਕਾਂ ਵਿਚ ਐਮਰਜੈਂਸੀ ਦੇ ਖਿਲਾਫ ਰੋਹ ਜਾਗ ਪੈਂਦਾ ਹੈ। ‘ਵਾਸ ਪਰਵਾਸ’ ਇਸ ਰੋਹ ਦੀ ਤਰਜਮਾਨੀ ਬਹੁਤ ਸਿ਼ਦੱਤ ਨਾਲ ਕਰਦਾ ਹੈ। ਇੰਨੀ ਸਿ਼ੱਦਤ ਨਾਲ ਕਿ ਉਹ ਭਾਰਤ ਸਰਕਾਰ ਦੀਆਂ ਨਜ਼ਰਾਂ ਵਿਚ ਆ ਜਾਂਦਾ ਹੈ ਤੇ ਉਸ ਦੀ ਭਾਰਤ ਜਾਣ ਤੇ ਪਬੰਦੀ ਲਗ ਜਾਂਦੀ ਹੈ। ਇਸ ਸਮੇਂ ‘ਵਾਸ ਪਰਵਾਸ ਦਾ ਦਾਇਰਾ ਇੰਨਾ ਵਧ ਜਾਂਦਾ ਹੈ ਕਿ ਇਹ ਦੁਨੀਆਂ ਦੇ ਕੋਨੇ ਕੋਨੇ ਵਿਚ ਪੜਿਆ ਜਾਣ ਲਗਦਾ ਹੈ। ਇਸ ਵਿਚ ਸਿਰਫ ਖਬਰਾਂ ਜਾਂ ਸੰਪਾਦਕੀ ਹੀ ਨਹੀਂ ਹੋਰ ਵੀ ਬਹੁਤ ਸਮੱਗਰੀ ਹੁੰਦੀ ਹੈ ਜਿਵੇਂ ਕਿ ਕਵਿਤਾਵਾਂ, ਕਹਾਣੀਆਂ, ਨਾਵਲ ਦੇ ਹਿੱਸੇ, ਲਤੀਫੇ, ਸਵਾਲ ਜਵਾਬ ਜਾਂ ਹੋਰ ਬਹੁਤ ਸਾਰੇ ਲੇਖ। ਹੁਣ ਬਰਤਾਨੀਆਂ ਵਿਚ ਪੰਜਾਬੀ ਕੁਮਨਟੀ ਕਾਫੀ ਵੱਡੀ ਹੋ ਚੁੱਕੀ ਹੈ। ਤੀਜ ਤਿਉਹਾਰ ਪੰਜਾਬ ਵਾਂਗ ਹੀ ਮਨਾਏ ਜਾਣ ਲਗੇ ਹਨ। ਭਾਰਤ ਵਾਂਗ ਹੀ ਮੇਲੇ ਲਗਦੇ ਹਨ। ਕਬੱਡੀ ਦੇ ਟੂਰਨਾਮੈਂਟ ਹੁੰਦੇ ਹਨ, ‘ਵਾਸ ਪਰਵਾਸ’ ਇਹਨਾਂ ਸਭ ਨੂੰ ਕਵਰ ਕਰਦਾ ਹੈ। ਇਸ ਕਵਰੇਜ ਨੂੰ ਪੜਨ ਲਈ ਲੋਕ ਹੁਣ ‘ਵਾਸ ਪਰਵਾਸ’ ਨੂੰ ਘਰ ਦੀਆਂ ਜ਼ਰੂਰਤਾਂ ਵਿਚ ਸ਼ਾਮਲ ਕਰਨ ਲਗੇ ਹਨ, ਜਦੋਂ ਉਹ ਹਫਤਾਵਾਰ ਸ਼ੌਪਿੰਗ ਕਰਨ ਜਾਂਦੇ ਹਨ ਤਾਂ ਉਹਨਾਂ ਦੀ ਟੋਕਰੀ ਵਿਚ ਦੁੱਧ, ਮੱਖਣ, ਸਬਜ਼ੀਆਂ, ਦਾਲ਼ਾਂ ਆਦਿ ਦੇ ਨਾਲ ਨਾਲ ‘ਵਾਸ ਪਰਵਾਸ’ ਵੀ ਹੁੰਦਾ ਹੈ।

ਇਸ ਪਰਚੇ ਦੇ ਬਰਾਬਰ ਤੇ ਕਈ ਹੋਰ ਪਰਚੇ ਨਿਕਲਦੇ ਤੇ ਬੰਦ ਹੁੰਦੇ ਰਹਿੰਦੇ ਹਨ ਪਰ ਇਹ ਪਰਚਾ ਆਪਣੀ ਚਾਲੇ ਚਲਿਆ ਜਾ ਰਿਹਾ ਹੈ। ਭਾਰਤ ਤੋਂ ਆਇਆ ਹਰ ਲੀਡਰ ‘ਵਾਸ ਪਰਵਾਸ’ ਦੇ ਦਫਤਰ ਵਿਚ ਹਾਜ਼ਰੀ ਲਗਵਾਉਣੀ ਚਾਹੁੰਦਾ ਹੈ। ਗਿਆਨ ਇੰਦਰ ਆਪ ਲੇਖਕ ਹੈ ਇਸ ਲਈ ਪੰਜਾਬੀ ਦੇ ਲੇਖਕਾਂ ਦੀ ਖਾਸ ਇਜ਼ਤ ਕਰਦਾ ਹੈ। ਕੋਈ ਲੇਖਕ ਭਾਰਤ ਤੋਂ ਆ ਜਾਵੇ ਉਸ ਨੂੰ ਦਫਤਰ ਵਿਚ ਬੁਲਾ ਕੇ ਉਸ ਦਾ ਸਨਮਾਨ ਕਰਦਾ ਹੈ। ਮਾਇਕ ਤੌਰ ਤੇ ਵੀ ਮਦਦ ਕਰ ਦਿੰਦਾ ਹੈ। ਸਾਊਥਾਲ ਦੇ ਲੇਖਕਾਂ ਨੂੰ ਵੀ ਦਫਤਰ ਵਿਚ ਸੱਦ ਕੇ ਮਹਿਫਲ ਲਗਾ ਰੱਖਦਾ ਹੈ। ਹਰ ਲੇਖਕ ਇਸ ਵਿਚ ਛਪਣ ਵਿਚ ਮਾਣ ਮਹਿਸੂਸ ਕਰਦਾ ਹੈ। ਚਾਹੇ ਲੇਖਕ ਮਾਰਕਸਵਾਦੀ ਹੋਵੇ ਜਾਂ ਕਿਸੇ ਧਰਮ ਨਾਲ ਜੁੜਿਆ ਹੋਇਆ ਹਰ ਕੋਈ ਆਪਣੀ ਲਿਖਤ ਇਸ ਪਰਚੇ ਨੂੰ ਭੇਜਦਾ ਹੈ ਤੇ ਗਿਆਨ ਇੰਦਰ ਰਚਨਾ ਦਾ ਮਿਆਰ ਪਰਖਦੇ ਹੋਏ ਬੜੇ ਚਾਅ ਨਾਲ ਛਾਪਦਾ ਹੈ। ਇਵੇਂ ਹੀ ਉਹ ਗਾਉਣ ਵਾਲਿਆਂ ਤੇ ਖਿਡਾਰੀਆਂ ਨਾਲ ਵਰਤਦਾ ਹੈ। ਗਿਆਨ ਇੰਦਰ ਸਾਊਥਾਲ ਦੀਆਂ ਖਾਸ ਸ਼ਖਸ਼ੀਅਤਾਂ ਵਿਚ ਸ਼ਾਮਲ ਹੈ। ਉਸ ਦਾ ਪਰਚਾ ਤਾਂ ਸਾਊਥਾਲ ਦਾ ਰੂਹੇ ਰਵਾਂ ਹੈ। ‘ਵਾਸ ਪਰਵਾਸ’ ਤੋਂ ਬਿਨਾਂ ਸਾਊਥਾਲ ਨੂੰ ਚਿਤਵਿਆ ਵੀ ਨਹੀਂ ਜਾ ਸਕਦਾ।
ਫਿਰ ਦੌਰ ਆਉਂਦਾ ਹੈ ਖਾਲਿਸਤਾਨ ਦੀ ਲਹਿਰ ਦਾ। ਪਹਿਲਾਂ ਤਾਂ ਗਿਆਨ ਇੰਦਰ ਸਾਵੇਂ ਤਵਾਜਨ ਵਾਲੀਆਂ ਖਬਰਾਂ ਛਾਪਦਾ ਹੈ ਕਿਸੇ ਦਾ ਪੱਖ ਲਏ ਬਿਨਾਂ ਪਰ ਜਦੋਂ ਫੌਜ ਹਰਮੰਦਰ ਸਾਹਿਬ ਵਿਚ ਦਾਖਲ ਹੁੰਦੀ ਹੈ ਤਾਂ ਉਹ ਇਕ ਦਮ ਖਾਲਿਸਤਾਸ ਦਾ ਪੱਖ ਲੈ ਲੈਂਦਾ ਹੈ। ਖਾਲਿਸਤਾਨ ਦਾ ਪੱਖ ਪੂਰਦੇ ਲੇਖ ਛਾਪਣ ਲਗਦਾ ਹੈ। ਆਪਣੀ ਸੰਪਾਦਕੀ ਵਿਚ ਖਾਲਿਸਤਾਨ ਦੀ ਜ਼ਰੂਰਤ ਦੀਆਂ ਗੱਲਾਂ ਕਰਦਾ ਹੈ। ਉਸ ਦੇ ਇਸ ਰੁੱਖ ਨਾਲ ਉਸ ਦੇ ਬਹੁਤ ਸਾਰੇ ਦੋਸਤ ਖਫਾ ਹੋ ਜਾਂਦੇ ਹਨ ਪਰ ਉਸ ਨੂੰ ਪਰਵਾਹ ਨਹੀਂ ਹੈ। ਉਹ ਆਪਣੇ ਦਿਲ ਦੀ ਗੱਲ ਕਹਿੰਦਾ ਜਾਂਦਾ ਹੈ। ਜਿਥੇ ਕੁਝ ਦੋਸਤ ਉਹ ਗੰਵਾ ਬੈਠਦਾ ਹੈ ਉਥੇ ਬਹੁਤ ਸਾਰੇ ਲੋਕ ਉਸ ਨਾਲ ਜੁੜਨ ਵੀ ਲਗਦੇ ਹਨ। ਲੇਖਕਾਂ ਵਿਚੋਂ ਮਾਰਕਸਵਾਦੀ ਲੇਖਕ ਉਸ ਦਾ ਸਾਥ ਛੱਡ ਜਾਂਦੇ ਹਨ ਪਰ ਹੋਰ ਖਾਲਿਸਤਾਨੀ ਵਿਚਾਰਧਾਰਾ ਵਾਲੇ ਲੇਖਕ ਉਸ ਨਾਲ ਆ ਖੜਦੇ ਹਨ।
ਗਰੇਵਾਲ ਗਾਹੇ ਵਗਾਹੇ ‘ਵਾਸ ਪਰਵਾਸ’ ਵਿਚ ਛਪਦਾ ਰਹਿੰਦਾ ਹੈ। ਮਾਰਕਸਵਾਦੀ ਲੇਖਕ ਗਰੇਵਾਲ ਨੂੰ ਕਈ ਵਾਰ ਕਹਿਣ ਲਗਦੇ ਹਨ ਕਿ ਇਸ ਪਰਚੇ ਵਿਚ ਕੇ ਇਸ ਦੀ ਮੂਲਵਾਦੀ ਨੀਤੀ ਦਾ ਸਾਥ ਨਾ ਦੇਵੇ ਪਰ ਗਿਆਨ ਇੰਦਰ ਨਾਲ ਉਸ ਦੀ ਪੁਰਾਣੀ ਦੋਸਤੀ ਹੈ ਫਿਰ ਉਹ ਲਿਖਦਾ ਵੀ ਕਿੰਨਾ ਕੁ ਹੈ। ਸਲਾਨਾ ਅੰਕ ਹੋਵੇ ਜਾਂ ਵਿਸ਼ੇਸ਼ ਅੰਕ ਹੋਵੇ ਤਾਂ ਗਿਆਨ ਇੰਦਰ ਦਾ ਉਸ ਨੂੰ ਫੋਨ ਆ ਜਾਂਦਾ ਹੈ ਕਿ ਲੇਖ ਚਾਹੀਦਾ ਹੈ। ਕੋਈ ਗੁਰਪੁਰਬ ਹੋਵੇ ਤਾਂ ਉਸ ਨਾਲ ਸਬੰਧਤ ਲੇਖ ਲਿਖ ਕੇ ਭੇਜ ਦਿੰਦਾ ਹੈ। ਇਕ ਦਿਨ ਗਿਆਨ ਇੰਦਰ ਦਾ ਫੋਨ ਆਉਂਦਾ ਹੈ,
“ਲੈ ਬਈ ਗਰੇਵਾਲ਼ਾ, ਲਿਖ ਇਕ ਗਰਮਾ ਗਰਮ ਲੇਖ ਖਾਲਿਸਤਾਨ ਦੀ ਰੂਪ ਰੇਖਾ ਖਿਚਦਾ ਹੋਇਆ।”
“ਨਾ ਬਈ ਬਾਈ ਸੰਪਾਦਕਾ, ਇਹ ਕੰਮ ਮੈਂ ਨਹੀਂ ਕਰ ਸਕਣਾ, ਮੈਨੂੰ ਨਹੀਂ ਚਾਹੀਦਾ ਖਾਲਿਸਤਾਨ।”
“ਮੈਨੂੰ ਵੀ ਨਹੀਂ ਚਾਹੀਦਾ ਪਰ ਤੂੰ ਲੇਖ ਤਾਂ ਲਿਖ।”
“ਨਹੀਂ, ਜਿਹੜੇ ਕੰਮ ਲਈ ਮੇਰੀ ਜ਼ਮੀਰ ਨਾ ਮੰਨੇ ਉਹ ਕੰਮ ਮੈਂ ਨਹੀਂ ਕਰਿਆ ਕਰਦਾ।”
ਗਰੇਵਾਲ ਦੀ ਇਸ ਨਾਂਹ ਦਾ ਗਿਆਨ ਇੰਦਰ ਗੁੱਸਾ ਨਹੀਂ ਕਰਦਾ। ਉਹ ਉਸ ਦੇ ਵਿਚਾਰਾਂ ਦੀ ਕਦਰ ਪਾਉਂਦਾ ਹੈ।
ਗਿਆਨ ਇੰਦਰ ਦੇ ਕਤਲ ਦੀ ਖਬਰ ਸੁਣ ਕੇ ਗਰੇਵਾਲ ਆਖਣ ਲਗਦਾ ਹੈ,
“ਇਹ ਤਾਂ ਬਈ ਬਹੁਤ ਮਾੜਾ ਹੋਇਆ, ਮੈਨੂੰ ਡਰ ਸੀ ਕਿ ਕੁਸ਼ ਨਾ ਕੁਸ਼ ਹੋਵੇਗਾ ਪਰ ਆਹ ਹੋਵੇਗਾ ਕਦੇ ਨਹੀਂ ਸੀ ਸੋਚਿਆ।”
“ਕੌਣ ਹੋ ਸਕਦੈ ਇਹਦੇ ਪਿੱਛੇ?”
ਜਗਮੋਹਣ ਪੁੱਛਦਾ ਹੈ। ਜਗਮੋਹਣ ਗਿਆਨ ਇੰਦਰ ਨੂੰ ਕਦੇ ਨਹੀਂ ਮਿਲਿਆ ਪਰ ਉਸ ਦੇ ਪਰਚੇ ਦਾ ਨਿਰੰਤਰ ਪਾਠਕ ਹੈ। ਉਹ ਵੀ ਇਸ ਖਬਰ ਨਾਲ ਅਚੰਭਿਤ ਹੋਇਆ ਬੈਠਾ ਹੈ। ਗਰੇਵਾਲ ਹੱਥ ਘਮਾਉਂਦਾ ਜਵਾਬ ਦਿੰਦਾ ਹੈ,
“ਕੁਸ਼ ਨਹੀਂ ਕਿਹਾ ਜਾ ਸਕਦਾ। ਇਹਨਾਂ ਬਾਬਿਆਂ ਦੇ ਵੀ ਕਈ ਗਰੁੱਪ ਬਣੇ ਹੋਏ ਨੇ, ਇਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਕਰਦੇ ਰਹਿੰਦੇ ਨੇ, ਗਿਆਨ ਇੰਦਰ ਵੀ ਅਜਿਹੀ ਦੂਸ਼ਣਬਾਜ਼ੀ ਵਿਚ ਸ਼ਾਮਲ ਸੀ ਪਰ ਇਹ ਕਾਰਣ ਸ਼ਾਇਦ ਨਾ ਹੋਵੇ, ਪਿਛੇ ਜਿਹੇ ਪੁਲੀਸ ਦੀ ਇਕ ਰਿਪੋਰਟ ਆਈ ਸੀ ਕਿ ਗਿਆਨ ਇੰਦਰ ਦੀ ਜਾਨ ਨੂੰ ਖਤਰਾ ਏ ਪਰ ਉਸ ਨੇ ਕਿਸੇ ਕਿਸਮ ਦੀ ਸਕਿਉਰਟੀ ਨਹੀਂ ਸੀ ਰੱਖੀ ਹੋਈ। ਜੋ ਵੀ ਹੋਇਆ ਬਹੁਤ ਮਾੜਾ ਹੋਇਆ।”

ਚਲਦਾ....