ਸਾਊਥਾਲ (ਕਾਂਡ 33)

ਭੁਪਿੰਦਰ ਫਿਲਮਾਂ ਵਿਚ ਮਿਲਦੇ ਕੰਮ ਨਾਲ ਖੁਸ਼ ਹੈ। ਉਹ ਜਗਮੋਹਣ ਨੂੰ ਤੇ ਹੋਰਨਾਂ ਦੋਸਤਾਂ ਨੂੰ ਫੋਨ ਕਰਕੇ ਆਪਣੀ ਇਹ ਖੁਸ਼ੀ ਸਾਂਝੀ ਕਰਦਾ ਰਹਿੰਦਾ ਹੈ। ਹੁਣ ਸੰਗੀਤ ਦੇ ਵੀਡੀਓ ਅਜਿਹੇ ਬਣਨ ਲੱਗੇ ਹਨ ਕਿ ਭੁਪਿੰਦਰ ਜਿਹੇ ਐਕਟਰਾਂ ਦੀ ਮੰਗ ਵਧ ਗਈ ਹੈ। ਭੁਪਿੰਦਰ ਉਸ ਨੂੰ ਪੁੱਛਦਾ ਹੈ ਕਿ ਜੇ ਕਿਸੇ ਅਜਿਹੇ ਵੀਡਿਓ ਵਿਚ ਕੰਮ ਕਰਨਾ ਹੈ ਤਾਂ ਦੱਸੇ ਪਰ ਜਗਮੋਹਨ ਦਾ ਇਹ ਸ਼ੌਂਕ ਹੁਣ ਪਹਿਲਾਂ ਜਿਹਾ ਨਹੀਂ ਹੈ। ਐਕਟਿੰਗ ਨਾਲੋਂ ਉਸ ਨੂੰ ਰੈਡ ਹਾਊਸ ਵਿਚ ਬੈਠ ਕੇ ਲੋਕਾਂ ਨੂੰ ਸਲਾਹਾਂ ਦੇਣੀਆਂ ਉਸ ਨੂੰ ਚੰਗਾ ਲੱਗਦਾ ਪਰ ਹੁਣ ਉਹ ਵੀ ਬੰਦ ਹੋ ਜਾਂਦਾ ਹੈ। ਕਿਸੇ ਨੂੰ ਕਨੂੰਨੀ ਸਲਾਹ ਦਿੰਦਿਆਂ ਜਾਪਦਾ ਹੈ ਕਿ ਜਿਵੇਂ ਉਹ ਕੁਝ ਹੋਵੇ। ਉਸ ਨੂੰ ਆਪਣੀ ਹੈਸੀਅਤ ਵੱਡੀ ਵੱਡੀ ਜਾਪਣ ਲਗਦੀ। ਉਸ ਨੂੰ ਦੁੱਖ ਹੈ ਕਿ ਇਹ ਸਭ ਬੰਦ ਕਰਨਾ ਪਿਆ। ਇਕ ਗੱਲ ਹੋਰ ਕਦੇ ਕਦੇ ਉਸ ਨੂੰ ਦੁਖੀ ਕਰਨ ਲਗਦੀ ਹੈ ਕਿ ਸ਼ਾਮ ਭਾਰਦਵਾਜ ਨੇ ਪੁਰਾਣੇ ਦੋਸਤਾਂ ਵਲੋਂ ਇਕ ਕਿਸਮ ਨਾਲ ਮੁੱਖ ਜਿਹਾ ਮੋੜ ਲਿਆ ਹੈ।

ਇਨ੍ਹਾਂ ਸਭ ਤੋਂ ਉਪਰ ਉਸ ਨੂੰ ਗਰੇਵਾਲ ਦੀ ਦੋਸਤੀ ਦਾ ਚਾਅ ਹੈ। ਗਰੇਵਾਲ ਭਾਵੇਂ ਉਮਰ ਵਿਚ ਉਸ ਤੋਂ ਵੱਡਾ ਹੈ ਪਰ ਦੋਸਤਾਂ ਵਾਂਗ ਵਰਤਦਾ ਹੈ। ਉਮਰ ਵਿਚਲੇ ਫਰਕ ਨੂੰ ਕਦੇ ਮਹਿਸੂਸ ਨਹੀਂ ਹੋਣ ਦਿੰਦਾ। ਉਸ ਨੂੰ ਗਰੇਵਾਲ ਨਾਲ ਬੈਠ ਕੇ ਸਿਗਰਟਾਂ ਪੀਣਾ ਚੰਗਾ ਲਗਦਾ ਹੈ। ਗਰੇਵਾਲ ਸੌਮਰਸੈਟ ਐਵੇਨਿਊ ਉਪਰ ਰਹਿੰਦਾ ਹੈ ਜਿਹੜੀ ਕਿ ਲੇਡੀ ਮਾਰਗਰੇਟ ਰੋਡ ਵਿਚੋਂ ਹੀ ਨਿਕਲਦੀ । ਉਹ ਇਕੱਲਾ ਰਹਿੰਦਾ ਹੈ। ਉਸ ਦੀ ਪਤਨੀ ਬਹੁਤ ਦੇਰ ਪਹਿਲਾਂ ਉਸ ਨੂੰ ਛੱਡ ਕੇ ਅਮਰੀਕਾ ਚਲੇ ਗਈ ਸੀ। ਜਗਮੋਹਣ ਕਈ ਵਾਰ ਪੁੱਛਣ ਲੱਗ ਜਾਂਦਾ ਹੈ,
“ਸਰ ਜੀ, ਏਡੀ ਪਹਾੜ ਜਿੱਡੀ ਜ਼ਿੰਦਗੀ ਇਕੱਲਿਆਂ ਕਿਵੇਂ ਕੱਟ ਲਈ ?”
“ਇਨ੍ਹਾਂ ਕਿਤਾਬਾਂ ਸਹਾਰੇ।”
“ਕਿਉਂ ? ਕਿਤਾਬਾਂ ਸਹਾਰੇ ਹੀ ਕਿਉਂ ? ਕਿਤਾਬਾਂ ਤੋਂ ਅਗਾਂਹ ਤੁਹਾਨੂੰ ਕੁਝ ਨਹੀਂ ਦਿਸ ਰਿਹਾ ?”
“ਕਿਉਂਕਿ ਕਿਤਾਬਾਂ ਤੁਹਾਡੇ ਨਾਲ ਹੋਰ ਤਰ੍ਹਾਂ ਝਗੜਦੀਆਂ ਨੇ, ਇਹ ਤੁਹਾਨੂੰ ਨੀਵਾਂ ਨਹੀਂ ਦਿਖਾਉਂਦੀਆਂ ਸਗੋਂ ਤੁਹਾਡੀ ਕਿਸੇ ਊਣ ਤੇ ਉਂਗਲ ਰੱਖ ਕੇ ਤੁਹਾਨੂੰ ਹੋਰ ਪੜ੍ਹਨ ਲਈ ਉਕਸਾਉਂਦੀ ਨੇ। ਕਿਤਾਬਾਂ ਜ਼ਖਮ ਦੇ ਜਾਂਦੀਆਂ ਪਰ ਇਨ੍ਹਾਂ ਵਿਚ ਮੰਦਭਾਵਨਾ ਨਹੀਂ ਹੁੰਦੀ ਪਰ ਇਨਸਾਨ ਤਾਂ ਪੁੱਛ ਨਾ ਕੁਝ....।”
ਗਰੇਵਾਲ ਦੀ ਪਤਨੀ ਜੁਗਿੰਦਰ ਕੌਰ ਉਸ ਨੂੰ ਸਿਰਫ ਇਸ ਕਰਕੇ ਛੱਡ ਗਈ ਸੀ ਕਿ ਉਹ ਆਪਣੀ ਸਾਰੀ ਕਮਾਈ ਭਰਾਵਾਂ ਨੂੰ ਭੇਜੀ ਜਾਂਦਾ ਸੀ। ਗਰੇਵਾਲ ਦੱਸਣ ਲੱਗਦਾ ਹੈ,
“ਪਿਓ ਮਰ ਗਿਆ ਸੀ ਤੇ ਮੈਂ ਵੱਡਾ ਸਾਂ। ਭਰਾਵਾਂ ਨੂੰ ਪੜ੍ਹਾਉਣ ਦਾ ਤੇ ਘਰ ਚਲਾਉਣ ਦਾ ਸਾਰਾ ਜ਼ਿੰਮਾ ਮੇਰਾ ਸੀ। ਜੁਗਿੰਦਰ ਕੌਰ ਹਰ ਵੇਲੇ ਲੜਦੀ ਰਹਿੰਦੀ ਸੀ। ਇੰਨਾ ਲੜਦੀ ਕਿ ਸਿਰ ਕੰਧਾਂ ਵਿਚ ਮਾਰਨ ਲੱਗਦੀ। ਦੁਕਾਨ ਸੀ ਸਾਡੀ, ਦੁਕਾਨ ਵਿਚੋਂ ਪੈਸੇ ਚੋਰੀ ਕਰ ਲੈਂਦੀ। ਸਿਰਫ ਮੈਨੂੰ ਸਬਕ ਦੇਣ ਲਈ। ਫਿਰ ਇਕ ਦਿਨ ਕੋਈ ਰਿਸ਼ਤੇਦਾਰ ਅਮਰੀਕਾ ਤੋਂ ਆਇਆ ਤੇ ਉਸ ਨਾਲ ਤੁਰ ਗਈ।”
“ਮੁੜ ਨਹੀਂ ਬਹੁੜੀ ?”
“ਕੀ ਬਹੁੜਨਾ ਸੀ, ਤਲਾਕ ਦੇ ਪੇਪਰ ਬਹੁੜੇ ਸੀ।” 
ਕਹਿ ਕੇ ਗਰੇਵਾਲ ਹੱਸਦਾ ਹੈ।
“ਕੋਈ ਬੱਚਾ ਵੀ ਨਹੀਂ ਸੀ ?”
“ਬੱਚੇ ਤੋਂ ਪ੍ਰਹੇਜ਼ ਕਰਦੇ ਸੀ ਅਸੀਂ, ਥੋੜ੍ਹਾ ਸੈਟਲ ਹੋਣਾ ਚਾਹੁੰਦੇ ਸਾਂ, ਮੈਂ ਚਾਹੁੰਦਾ ਸਾਂ ਕਿ ਉਹ ਦੁਕਾਨ ਚਲਾਵੇ ਤੇ ਮੈਂ ਪੜ੍ਹਾਂ।”
“ਜੇ ਕੋਈ ਬੱਚਾ ਹੁੰਦਾ ਤਾਂ ਸ਼ਾਇਦ ਇਹ ਸਭ ਨਾ ਹੁੰਦਾ।”
“ਨਹੀਂ, ਉਸ ਦਾ ਉਡਾਰ ਸੁਭਾਅ ਸੀ, ਉਡ ਗਈ।”
“ਮੁੜ ਕੋਈ ਖਬਰ ਨਹੀਂ ?”
“ਇਕ ਵਾਰ ਪਹਿਲੀਆਂ ਵਿਚ ਵੀ ਹਵਾ ਉੜੀ ਸੀ ਕਿ ਉਸ ਕੋਲ ਮੇਰੀ ਬੱਚੀ ਸੀ ਪਰ ਮੈਂ ਸ਼ੋਅਰ ਸਾਂ ਕਿ ਜਦ ਇਥੋਂ ਗਈ ਤਾਂ ਏਦਾਂ ਦੀ ਕੋਈ ਗੱਲ ਨਹੀਂ ਸੀ ਪਰ ਇਹ ਤਾਂ ਹੁਣ ਹਿਸਟਰੀ ਐ। ਹਿਸਟਰੀ ਕਬਰਾਂ ਹੁੰਦੀ ਐ, ਕਬਰਿਸਤਾਨ ਨਾਲ ਮੈਨੂੰ ਨਫਰਤ ਐ।”
“ਆਪਾਂ ਸਾਰਿਆਂ ਕਬਰਸਤਾਨ ਈ ਜਾਣੈ।”
“ਹਾਂ, ਮਰ ਕੇ, ਜੀਉਂਦੇ ਜੀ ਕਿਉਂ ਜਾਈਏ!”
ਜਗਮੋਹਣ ਨੇ ਕੋਈ ਵੀ ਸਲਾਹ ਕਰਨੀ ਹੁੰਦੀ ਹੈ ਤਾਂ ਗਰੇਵਾਲ ਕੋਲ ਭੱਜਿਆ ਜਾਂਦਾ ਹੈ। ਪ੍ਰੀਤੀ ਬਾਰੇ, ਬੌਬੀ ਬਾਰੇ ਜਾਂ ਫਿਰ ਸੁੱਖੀ ਬਾਰੇ ਵੀ ਗੱਲਾਂ ਕਰਨ ਬਹਿ ਜਾਂਦਾ ਹੈ। ਗਰੇਵਾਲ ਕਹਿੰਦਾ ਹੈ,
“ਤੂੰ ਕਿਸੇ ਗੱਲ ਨੂੰ ਦਿਲ 'ਤੇ ਲਾ ਲੈਨਾਂ, ਇਹ ਗੱਲਾਂ ਦਿਲ 'ਤੇ ਨਹੀਂ ਦਿਮਾਗ ਵਿਚ ਰੱਖੀਦੀਆਂ। ਇਨ੍ਹਾਂ ਬਾਰੇ ਸੋਚੋ ਤੇ ਕਿਸੇ ਸਿੱਟੇ 'ਤੇ ਪੁੱਜੋ ਤੇ ਕੁਝ ਕਰੋ। ਜੇ ਕੁਝ ਨਹੀਂ ਕਰ ਸਕਦੇ ਤਾਂ ਮਨ ਵਿਚੋਂ ਡੀਲੀਟ ਕਰ ਦਿਓ। ਦਿਲ 'ਤੇ ਲਾਇਆਂ ਆਪਾਂ ਕਿਤੇ ਵੀ ਨਹੀਂ ਪਹੁੰਚ ਸਕਦੇ।”
“ਦਿਲ ਉਪਰ ਤਾਂ ਮੈਂ ਸਿਰਫ ਸੁੱਖੀ ਨੂੰ ਲਾ ਬੈਠਾ ਸੀ। ਅਸਲ ਵਿਚ ਸੁੱਖੀ ਸੁਹਣੀ ਸੀ, ਲੰਮੂਤਰਾ ਜਿਹਾ ਚਿਹਰਾ ਤੇ ਗੋਲ ਗੋਲ ਨਿੱਗਰ ਲੱਤਾਂ। ਉਸ ਦੀਆਂ ਲੱਤਾਂ ਦੀ ਇਕ ਖਾਸੀਅਤ ਸੀ ਕਿ ਉਸ ਦੀਆਂ ਪਿੰਨੀਆਂ ਵੀ ਨਿੱਗਰ ਸਨ, ਨਹੀਂ ਤਾਂ ਏਸ਼ੀਅਨ ਔਰਤਾਂ ਦੀਆਂ ਪਿੰਨੀਆਂ ਪਤਲੀਆਂ ਹੁੰਦੀਆਂ, ਤਾਂ ਹੀ ਸਕਰਟ ਪਾਈ ਵੀ ਚੰਗੀ ਨਹੀਂ ਲੱਗਦੀ ਕਈ ਵਾਰ।”
“ਇਸ ਗੱਲ ਦਾ ਕਦੇ ਇਜ਼ਹਾਰ ਵੀ ਕੀਤਾ ਓਹਦੇ ਕੋਲ?”
“ਨਹੀਂ, ਇਜ਼ਹਾਰ ਕੀ ਕਰਨਾ ਸੀ ਕਦੇ ਬੋਲ ਵੀ ਸਾਂਝਾ ਨਹੀਂ ਹੋਇਆ ਸਾਡਾ, ਜਦ ਮੱਛੀ ਵਾਂਗ ਭੱਜਦੀ ਪਾਣੀ ਵਿਚੋਂ ਨਿਕਲਦੀ ਤਾਂ ਇਕ ਵਾਰ ਮੇਰੇ ਵੱਲ ਜ਼ਰੂਰ ਦੇਖ ਲਿਆ ਕਰਦੀ ਪਰ ਉਸ ਵਿਚ ਉਸ ਦਾ ਗਰੂਰ ਹੁੰਦਾ ਕਿ ਮੈਂ ਹਾਂ ਪਰ ਆਹ ਜਿਹੜੀਆਂ ਉਹਦੇ ਲਈ ਫੀਲਿੰਗਜ਼ ਸੀ ਇਹ ਤਾਂ ਉਹਦੇ ਮਰਨ ਤੋਂ ਬਾਅਦ ਈ ਮੈਨੂੰ ਪਤਾ ਚੱਲੀਆਂ।”
“ਸ਼ਾਇਦ ਉਸ ਦੀ ਮੌਤ ਦਾ ਕਾਰਨ ਹੀ ਤੈਨੂੰ ਜ਼ਿਆਦਾ ਭਾਵੁਕ ਕਰ ਗਿਆ ਹੋਵੇ।”
“ਹੋ ਸਕਦੈ।”
“ਯੰਗ ਮੈਨ, ਭਾਵੁਕ ਹੋਣਾ ਮਰਦਾਂ ਦਾ ਕੰਮ ਨਹੀਂ, ਮਰਦ ਤਾਂ ਸਟੇਸ਼ਨ ਦੀ ਨਿਆਈਂ ਹੋਣਾ ਚਾਹੀਦੈ, ਗੱਡੀ ਆਵੇ, ਰੁਕੇ ਤੇ ਲੰਘ ਜਾਵੇ। ਸਟੇਸ਼ਨ ਉਥੇ ਦਾ ਉਥੇ ਈ ਰਹੇ।”
“ਸਟੇਸ਼ਨ ਤਾਂ ਤੁਹਾਡੇ ਵਰਗਾ ਇਕੱਲਾ ਮਰਦ ਈ ਬਣ ਸਕਦਾ ਜਿਹਦੇ ਕੋਲ ਕਿਸਮਤ ਨਾਲ ਜੌਬ ਵੀ ਅਜਿਹੀ ਹੋਵੇ ਕਿ ਸਵਾਰੀਆਂ ਆਉਂਦੀਆਂ ਜਾਂਦੀਆਂ ਰਹਿਣ।”
ਸੁਣ ਕੇ ਗਰੇਵਾਲ ਠੰਡਾ ਸਾਹ ਭਰਦਾ ਹੈ ਤੇ ਹੱਸਦਾ ਹੈ। ਜਗਮੋਹਣ ਪੁੱਛਦਾ ਹੈ,
“ਕੋਈ ਸਟੇਸ਼ਨ ਮਾਸਟਰ ਬਣਨ ਦੀ ਕੋਸ਼ਿਸ਼ ਵੀ ਕਰਦੀ ਸੀ ?”
“ਕਈਆਂ ਨੇ ਕੀਤੀ ਪਰ ਮੈਂ ਆਰਜ਼ੀ ਰਿਸ਼ਤਿਆਂ ਦੇ ਹੱਕ ਵਿਚ ਆਂ, ਇਸ ਮਾਮਲੇ ਵਿਚ ਗੋਰੀ ਔਰਤ ਸਪੱਸ਼ਟ ਗੱਲ ਕਰਦੀ ਐ, ਪਹਿਲਾਂ ਈ ਟੈਂਪਰੇਰੀ ਦੋਸਤੀ ਪਾਉਂਦੀ ਏ ਪਰ ਸਾਡੀਆਂ ਔਰਤਾਂ ਦਾ ਤਾਂ ਏਮ ਈ ਇਕ ਹੁੰਦੈ ਕਿ ਠਾਹ ਕਰਕੇ ਵਿਆਹ ਦੀ ਗੱਲ ਕਰਦੀਆਂ। ਮੈਂ ਗੁਰਦੁਆਰੇ ਲੈਕਚਰ ਕਰਨ ਜਾਵਾਂ ਤਾਂ ਉਥੇ ਬਹੁਤ ਸ਼ਿੱਟਾਂ ਮਿਲ ਜਾਂਦੀਆਂ।”
ਕਹਿੰਦਾ ਗਰੇਵਾਲ ਫਿਰ ਹੱਸਦਾ ਹੈ।
ਇਕ ਦਿਨ ਜਗਮੋਹਣ ਪੁੱਛਦਾ ਹੈ,
“ਸਰ ਜੀ, ਦਿਲੀ ਵਾਲੀ ਦਾ ਕੀ ਬਣਿਆ ?”
“ਕਿਹੜੀ ਦਿਲੀ ਵਾਲੀ ?”
“ਜੇਹਦੀ ਖਾਤਰ ਦਾੜ੍ਹੀ ਰੰਗਣੀ ਆਰੰਭੀ ਸੀ।”
“ਅੱਛਾ ਪਰਮਿੰਦਰ ਕੌਰ, ਉਹ ਤਾਂ ਫੋਕਾ ਫਾਇਰ ਸੀ, ਗਲ਼ ਪੈਣ ਨੂੰ ਫਿਰਦੀ ਸੀ। ਮੇਰਾ ਮਕਸਦ ਦੋਸਤੀ ਸੀ ਜਾਂ ਇਕ ਰਿਸ਼ਤਾ ਕਾਇਮ ਕਰਨਾ ਪਰ ਉਹ ਵਿਆਹ ਕਰਵਾਉਣ ਲਈ ਕਾਹਲੀ ਪੈਂਦੀ ਸੀ।”
“ਉਹਨੂੰ ਕੀ ਪਤਾ ਕਿ ਸਰ ਜੀ ਦੀ ਜਿ਼ੰਦਗੀ ਵੀ ਐਂਟਰੀ ਇੰਨੀ ਅਸਾਨ ਨਹੀਂ।”
“ਵੈਸੇ ਇਕ ਗੱਲ ਸੀ ਕਿ ਬੋਲਦੀ ਬਹੁਤ ਧੜੱਲੇ ਨਾਲ ਸੀ। ਉਹ ਗੁਰਦੁਆਰੇ ਦੀ ਸਟੇਜ ਤੋਂ ਆਪਣੇ ਮਨ ਦੀ ਗੱਲ ਕਹਿ ਜਾਂਦੀ ਸੀ, ਦਿੱਲੀ ਦੰਗਿਆਂ ਵਿਚ ਉਸ ਦਾ ਪਤੀ ਤੇ ਪੁੱਤਰ ਮਾਰੇ ਗਏ ਸਨ, ਇਥੋਂ ਦਿੱਲੀ ਦੰਗਿਆਂ ਲਈ ਹਜ਼ਾਰਾਂ ਪੌਂਡ ਇਕੱਠੇ ਹੋਏ ਪਰ ਸਹੀ ਬੰਦਿਆਂ ਤੱਕ ਕੁਝ ਨਹੀਂ ਸੀ ਪੁੱਜਾ, ਉਹ ਇਹ ਗੱਲ ਠੋਕ ਵਜਾ ਕੇ ਕਹਿ ਜਾਂਦੀ ਸੀ। ਕਈ ਵਾਰ ਖਾਲਿਸਤਾਨੀਆਂ ਦੀ ਸਟੇਜ ਤੋਂ ਉਹਨਾਂ ਦੀ ਈ ਅਲੋਚਨਾ ਕਰ ਜਾਂਦੀ ਸੀ।”
“ਅੱਜ ਕੱਲ ਕਿਥੇ ਐ ?”
“ਅੱਜ ਕੱਲ ਇਕ ਬੁੱਢੇ ਗ੍ਰੰਥੀ ਨਾਲ ਵਿਆਹ ਕਰਾ ਕੇ ਪੱਕੀ ਹੋ ਗਈ ਐ, ਕਿਸੇ ਗੁਰਦੁਆਰੇ ਵਿਚ ਪੰਜਾਬੀ ਪੜ੍ਹਾਉਂਦੀ ਐ।”
ਇਕ ਸ਼ਾਮ ਜਗਮੋਹਣ ਗਰੇਵਾਲ ਦੇ ਘਰ ਆਉਂਦਾ ਹੈ। ਉਸ ਦੇ ਹੱਥ ਵਿਚ ਇਸ ਹਫਤੇ ਦਾ ‘ਵਾਸ ਪਰਵਾਸ’ ਹੈ। ਉਹ ਗਰੇਵਾਲ ਦੇ ਸੂਟ, ਟਾਈ ਅਤੇ ਪੱਗੜੀ ਦੇਖ ਕੇ ਪੁੱਛਦਾ ਹੈ,
“ਸਰ ਜੀ, ਹੁਣੇ ਈ ਆਏ ਓ ?”
“ਨਹੀਂ, ਚਾਰ ਵਜੇ ਈ ਆ ਗਿਆ ਸੀ।”
“ਕਿਤੇ ਜਾਣ ਦੀ ਤਿਆਰੀ ਲੱਗਦੀ ਐ ?”
“ਨਹੀਂ, ਕਿਤੇ ਨਹੀਂ ਜਾਣਾ, ਹੁਣ ਤਾਂ ਖਾ ਪੀ ਕੇ ਸੌਣਾ ਈ ਐ।”
“ਫਿਰ ਇਹ ਘੋੜੇ ਵਾਂਗ ਤਿਆਰੀ ਕਿਉਂ ਕੱਸ ਰੱਖੀ ਐ ?”
“ਆ ਜਾ ਅੰਦਰ ਲੰਘ ਆ ਪਹਿਲਾਂ।”
ਜਗਮੋਹਣ ਉਸ ਦੇ ਮਗਰ ਫਰੰਟ ਰੂਮ ਵਿਚ ਆ ਜਾਂਦਾ ਹੈ। ਗਰੇਵਾਲ ਕਹਿੰਦਾ ਹੈ,
“ਇਹ ਤਾਂ ਮੈਂ ਸੋਚਿਆ ਹੀ ਨਹੀਂ। ਮੈਂ ਕਾਲਜੋਂ ਆ ਕੇ ਟੈਲੀ ਮੁਹਰੇ ਬੈਠ ਗਿਆਂ ਤੇ ਬਸ ਬੈਠਾ ਰਿਹਾਂ।”
“ਚਾਹ ਪੀਤੀ ਆ ਕੇ ?”
“ਨਹੀਂ, ਚਾਹ ਵੀ ਨਹੀਂ ਤੇ ਪਾਣੀ ਵੀ ਨਹੀਂ, ਮੈਨੂੰ ਤਾਂ ਜਾਪਦੈ ਕਿ ਮੈਂ ਟੈਲੀ ਔਨ ਕੀਤਾ ਤੇ ਇਵੇਂ ਈ ਚਲੀ ਜਾ ਰਿਹਾ ਏ। ਮੈਨੂੰ ਤਾਂ ਇਹ ਵੀ ਯਾਦ ਨਹੀਂ ਇੰਨੀ ਦੇਰ ਕਿਹੜਾ ਪ੍ਰੋਗਰਾਮ ਦੇਖਿਆ ਮੈਂ।”
“ਸਰ ਜੀ, ਤੁਸੀਂ ਗਏ ਕੰਮ ਤੋਂ ! ਦੇਖਿਓ ਕਿਤੇ ਏਦਾਂ 'ਕੱਲੇ ਈ ਬੈਠੇ ਰਹਿ ਜਾਣਾ।”
“ਹਾਂ ਯਾਰ, ਹੁਣ ਲੱਗਦੈ ਕਿ ਕੋਈ ਹੋਵੇ ਜਿਹੜਾ ਚਾਹ ਬਣਾ ਕੇ ਦੇਵੇ, ਪਾਣੀ ਦਾ ਗਲਾਸ ਫੜਾਵੇ। ਜਿਵੇਂ ਜਿਵੇਂ ਉਮਰ ਵਧ ਰਹੀ ਐ ਕਿਸੇ ਦੀ ਲੋੜ ਮਹਿਸੂਸ ਹੋਣ ਲਗਦੀ ਐ।”
“ਫੇਰ ਦੇਖੀਏ ਕੋਈ ?”
“ਹੁਣ ਤਾਂ ਅਗਲੀ ਦੁਨੀਆਂ ਵਿਚ ਈ ਦੇਖਾਂਗੇ ਕੋਈ।”
ਕਹਿ ਕੇ ਗਰੇਵਾਲ ਹੱਸਣ ਲਗਦਾ ਹੈ। ਜਗਮੋਹਣ ‘ਵਾਸ ਪਰਵਾਸ’ ਖੋਹਲਦਾ ਬੋਲਦਾ ਹੈ,
“ਮੈਂ ਤੁਹਾਡਾ ਲੇਖ ਪੜਿਆ – ਅਵਚੇਤਨ ਕਿਵੇਂ ਕੰਮ ਕਰਦਾ ਹੈ, ਮੈਂ ਖਬਰਾਂ ਤੇ ਚੁਟਕਲਿਆਂ ਤੋਂ ਬਿਨਾਂ ਕੁਸ਼ ਨਹੀਂ ਪੜ੍ਹਦਾ ਹੁੰਦਾ ਪਰ ਤੁਹਾਡਾ ਲੇਖ ਪੂਰਾ ਪੜ੍ਹ ਗਿਆਂ।”
“ਤੂੰ ਪੜ੍ਹਨ ਦੀ ਆਦਤ ਪਾ, ਇਹ ਬਹੁਤ ਚੰਗੀ ਆਦਤ ਏ, ਆਪਣੇ ਮੁੰਡਿਆਂ ਨੂੰ ਵੀ ਪੜ੍ਹਨ ਦੀ ਚੇਟਕ ਲਾ।”
ਕਹਿੰਦਾ ਹੋਇਆ ਗਰੇਵਾਲ ਉਠ ਕੇ ਉਸ ਨੂੰ ਇਕ ਕਿਤਾਬ ਦੇ ਕੇ ਆਖਦਾ ਹੈ,
“ਲੈ ਇਹਨੂੰ ਪੜ, ਇਹ ਰੋਜ਼ਾਨਾ ਜਿੰਦਗੀ ਬਾਰੇ ਏ, ਤੈਨੂੰ ਪਸੰਦ ਆਏਗੀ।”
“ਕਿਥੋਂ ਪੜੀ ਜਾਣੀ ਐ, ਤੁਹਾਡੀ ਕੋਈ ਲਿਖੀ ਹੋਈ ਹੈਗੀ ਐ ਤਾਂ ਦੇ ਦਿਓ।”
“ਮੈਂ ਇੰਨਾ ਕਿਥੋਂ ਲਿਖਦਾਂ, ਇਹ ਤਾਂ ਗਿਆਨ ਇੰਦਰ ਮੇਰਾ ਪੁਰਾਣਾ ਮਿੱਤਰ ਏ ਤੇ ਕਦੇ ਕਦੇ ਕੁਸ਼ ਲਿਖਣ ਦਾ ਹੁਕਮ ਚਾੜ ਦਿੰਦਾ ਏ।”
“ਤੁਹਾਡਾ ਮਿੱਤਰ ਤਾਂ ਖਾਲਿਸਤਾਨ ਦਾ ਮਾਊਥਪੀਸ ਬਣ ਕੇ ਰਹਿ ਗਿਐ।”
“ਮਾਊਥਪੀਸ ਨਹੀਂ ਕਿਸੇ ਦਾ, ਜਿਹੜੀ ਗੱਲ ਉਸ ਨੂੰ ਚੰਗੀ ਲਗੇ ਉਹੀ ਕਰਦਾ ਏ, ਹੁਣ ਉਸ ਨੇ ਖਾਲਿਸਤਾਨ ਤੋਂ ਵੀ ਮੂੰਹ ਮੋੜ ਲਿਆ ਏ, ਇਹਨਾਂ ਦੇ ਹੁਣ ਕਈ ਗਰੁੱਪ ਬਣ ਗਏ ਤੇ ਇਕ ਦੂਜੇ ਤੇ ਦੂਸ਼ਣਬਾਜ਼ੀ ਕਰੀ ਜਾਂਦੇ ਨੇ, ਗਿਆਨ ਇੰਦਰ ਵੀ ਇਹੋ ਜਿਹੀ ਦੂਸ਼ਣਬਾਜ਼ੀ ਦਾ ਸਿ਼ਕਾਰ ਹੋਈ ਬੈਠਾ ਏ। ਇਹ ਗਰੁੱਪ ਇਕ ਦੂਜੇ ਦੇ ਵੈਰੀ ਬਣੇ ਬੈਠੇ ਨੇ।”
ਗਰੇਵਾਲ ਹਾਲੇ ਗੱਲ ਕਰ ਹੀ ਰਿਹਾ ਹੈ ਕਿ ਟੈਲੀ ਤੇ ਖਬਰਾਂ ਸ਼ੁਰੂ ਹੋ ਜਾਂਦੀਆਂ ਹਨ। ਪਹਿਲੀ ਖਬਰ ਹੈ ਕਿ ਗਿਆਨ ਇੰਦਰ ਦਾ ਕਤਲ ਹੋ ਗਿਆ ਹੈ। ਉਹ ਦੋਵੇਂ ਇਕ ਦੂਜੇ ਦੇ ਮੂੰਹ ਵਲ ਦੇਖਣ ਲਗਦੇ ਹਨ।

ਚਲਦਾ...