ਜਗਮੋਹਣ ਬਹੁਤ ਖੁਸ਼ ਹੈ। ਲਕਸ਼ਮੀ ਪ੍ਰੀਤੀ ਨੂੰ ਮਿਲ ਕੇ ਆਈ ਹੈ ਤੇ ਪੂਰਾ ਹੌਸਲਾ ਦੇ ਕੇ ਆਈ ਹੈ। ਉਨ੍ਹਾਂ ਸਭ ਦਾ ਜਿਹੜਾ ਤੌਖਲਾ ਸੀ ਉਹ ਸੱਚਾ ਹੈ। ਗੁਰਨਾਮ ਉਸ ਉਪਰ ਵਖ ਵਖ ਤਰੀਕੇ ਨਾਲ ਮਾਨਸਿਕ ਦਬਾਅ ਪਾ ਰਿਹਾ ਹੈ ਤੇ ਇਸ ਮਾਨਸਿਕ ਦਬਾਅ ਹੇਠ ਦੱਬੀ ਪ੍ਰੀਤੀ ਬੌਂਦਲੀ ਪਈ ਹੈ। ਉਸ ਨੂੰ ਪਤਾ ਨਹੀਂ ਲਗ ਰਿਹਾ ਕਿ ਕੀ ਕਰੇ। ਲਕਸ਼ਮੀ ਜਗਮੋਹਨ ਨੂੰ ਯਕੀਨ ਦਵਾਉਂਦੀ ਹੈ ਕਿ ਪ੍ਰੀਤੀ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇਗਾ ਪਰ ਇਕ ਗੱਲ ਜਿਹੜੀ ਠੀਕ ਨਹੀਂ ਹੈ ਉਹ ਇਹ ਹੈ ਕਿ ਪ੍ਰੀਤੀ ਆਪ ਕੋਈ ਸ਼ਿਕਾਇਤ ਨਹੀਂ ਕਰ ਰਹੀ। ਲਕਸ਼ਮੀ ਅਨੁਸਾਰ ਉਹ ਇਸ ਮਾਮਲੇ ਵਿਚ ਬਹੁਤਾ ਕੁਝ ਕਰ ਵੀ ਨਹੀਂ ਸਕਦੀਆਂ ਕਿਉਂਕਿ ਉਹਨਾਂ ਕੋਲ ਕੋਈ ਸਿ਼ਕਾਇਤ ਹੀ ਨਹੀਂ ਹੈ। ਗੁਰਨਾਮ ਉਸ ਨੂੰ ਕੁਝ ਕਹਿੰਦਾ ਨਹੀਂ ਹੈ। ਕੋਈ ਕੁੱਟਮਾਰ ਨਹੀਂ ਕਰਦਾ। ਕਿਸੇ ਸਹੂਲਤ ਤੋਂ ਵਾਂਝਿਆਂ ਨਹੀਂ ਰੱਖਦਾ। ਜਿਹੜਾ ਉਸ ਅੰਦਰ ਅਹਿਸਾਸੇ ਕਮਤਰੀ ਪੈਦਾ ਕਰ ਰਿਹਾ ਹੋਵੇਗਾ ਉਸ ਬਾਰੇ ਬਹੁਤਾ ਕੁਝ ਕੀਤਾ ਹੀ ਨਹੀਂ ਜਾ ਸਕਦਾ ਬਿਨਾਂ ਇਸ ਦੇ ਕਿ ਕੋਈ ਨਾ ਕੋਈ ਪ੍ਰੀਤੀ ਨੂੰ ਨਿਰੰਤਰ ਮਿਲਦਾ ਰਹੇ।
ਅੱਜ ਉਹ ਬਹੁਤ ਦਿਨਾਂ ਬਾਅਦ ਦਾ ਗਲੌਸਟਰ ਜਾਂਦਾ ਹੈ। ਉਸ ਦਾ ਦਿਲ ਕਰਦਾ ਹੈ ਕਿ ਇਹ ਪ੍ਰੀਤੀ ਵਾਲੀ ਗੱਲ ਕਿਸੇ ਨਾਲ ਸਾਂਝੀ ਕਰੇ। ਗਰੇਵਾਲ ਕਿਧਰੇ ਗਿਆ ਹੋਇਆ ਹੈ। ਉਸ ਦੇ ਕਾਲਜ ਸ਼ਾਮ ਦੇ ਕਈ ਫੰਕਸ਼ਨ ਚੱਲਦੇ ਰਹਿੰਦੇ ਹਨ। ਉਹ ਉਧਰ ਨਿਕਲ ਗਿਆ ਹੋਵੇਗਾ। ਭੁਪਿੰਦਰ ਨੂੰ ਫੋਨ ਕਰਦਾ ਹੈ ਤਾਂ ਉਹ ਘਰ ਨਹੀਂ ਮਿਲਦਾ। ਭੁਪਿੰਦਰ ਨੂੰ ਪ੍ਰੀਤੀ ਵਿਚ ਕੋਈ ਦਿਲਚਸਪੀ ਵੀ ਨਹੀਂ ਹੈ। ਇਕ ਵਾਰ ਤਾਂ ਜਗਮੋਹਨ ਵੀ ਸੋਚਦਾ ਹੈ ਕਿ ਉਹ ਪ੍ਰੀਤੀ ਦੇ ਮਸਲੇ ਨੂੰ ਇੰਨਾ ਦਿਲ ਤੇ ਕਿਉਂ ਲਾ ਰਿਹਾ ਹੈ। ਉਹ ਪੱਬ ਵਿਚ ਆ ਕੇ ਦੇਖਦਾ ਹੈ ਕਿ ਸ਼ਾਇਦ ਕੋਈ ਵਾਕਫ ਮਿਲ ਪਵੇ। ਇਧਰ ਓਧਰ ਦੇਖਦਿਆਂ ਇਕ ਮੇਜ਼ ਦੁਆਲੇ ਬੈਠਾ ਪਾਲਾ ਸਿੰਘ ਮੁੱਛਾਂ ਨੂੰ ਵਟਾ ਦੇ ਰਿਹਾ ਹੈ। ਉਸ ਦੇ ਦੋ ਕੁ ਵਾਕਫ ਉਸ ਦੀਆਂ ਗੱਲਾਂ ਸੁਣ ਰਹੇ ਹਨ। ਉਹ ਉਸ ਕੋਲ ਕੁਝ ਦੇਰ ਲਈ ਬੈਠਦਾ ਹੈ। ਜਦ ਤਕ ਸੋਹਣਪਾਲ ਤੇ ਗੁਰਚਰਨ ਆ ਜਾਂਦੇ ਹਨ। ਉਹ ਉਠ ਕੇ ਉਹਨਾਂ ਵਿਚ ਜਾ ਰਲ਼ਦਾ ਹੈ। ਸ਼ਾਮ ਭਾਰਦਵਾਜ ਕੌਂਸਲਰ ਬਣਨ ਤੋਂ ਬਾਅਦ ਆਪਣੇ ਆਪ ਨੂੰ ਸਭ ਤੋਂ ਵੱਖਰਾ ਸਮਝਦਾ ਪੱਬ ਵਿਚ ਘੱਟ ਆਉਂਦਾ ਹੈ। ਸੋਹਣਪਾਲ ਤੇ ਗੁਰਚਰਨ ਵੀ ਪ੍ਰੀਤੀ ਦੀ ਕਹਾਣੀ ਵਿਚ ਕੋਈ ਦਿਲਚਸਪੀ ਨਹੀਂ ਦਿਖਾਉਂਦੇ। ਜਗਮੋਹਨ ਇਕ ਗਲਾਸ ਪੀ ਕੇ ਕੋਈ ਬਹਾਨਾ ਬਣਾ ਕੇ ਉਠ ਖੜਦਾ ਹੈ। ਬਾਹਰ ਨਿਕਲਦੇ ਨੂੰ ਪ੍ਰਦੁੱਮਣ ਸਿੰਘ ਮਿਲ ਪੈਂਦਾ ਹੈ। ਉਹ ਉਸ ਨੂੰ ਵਾਪਸ ਪੱਬ ਵਿਚ ਚਲਣ ਲਈ ਆਖਦਾ ਹੈ ਪਰ ਜਗਮੋਹਣ ਰੁਕਦਾ ਨਹੀਂ। ਉਹ ਸੋਚ ਰਿਹਾ ਹੈ ਕਿ ਘਰ ਨੂੰ ਹੀ ਚੱਲੇ। ਘਰ ਜਾ ਕੇ ਮਨਦੀਪ ਨੂੰ ਦੱਸੇ ਕਿ ਲਕਸ਼ਮੀ ਪ੍ਰੀਤੀ ਨੂੰ ਮਿਲ ਕੇ ਆਈ ਹੈ। ਉਸ ਨੇ ਪ੍ਰੀਤੀ ਨੂੰ ਮਿਲਦੇ ਰਹਿਣ ਦਾ ਵਾਅਦਾ ਕੀਤਾ ਹੈ। ਭਾਵੇਂ ਉਹ ਔਰਤਾਂ ਦੀ ਇਸ ਜਥੇਬੰਦੀ ਦਾ ਆਲੋਚਕ ਰਿਹਾ ਹੈ ਪਰ ਹੁਣ ਉਸ ਨੂੰ ਇਹ ਜਥੇਬੰਦੀ ਕੁਝ ਕਰ ਰਹੀ ਪ੍ਰਤੀਤ ਹੋ ਰਹੀ ਹੈ।
ਉਹ ਘਰ ਪਹੁੰਚਦਾ ਹੈ। ਦੋਨੋਂ ਮੁੰਡੇ ਭੱਜ ਕੇ ਦਰਵਾਜ਼ਾ ਖੋਲ੍ਹਦੇ ਹਨ। ਨਵਜੀਵਨ ਆਖਦਾ ਹੈ,
“ਡੈਡ, ਸਮਬੌਡੀ ਲੁਕਿੰਗ ਫੋਰ ਯੂ।”
“ਕੌਣ ?”
“ਆਏ ਡੌਂਟ ਨੋਅ, ਸਮ ਸਟਰੇਂਜਰ।”
ਉਹ ਅੱਗੇ ਜਾ ਕੇ ਮਨਦੀਪ ਨੂੰ ਪੁੱਛਣਾ ਚਾਹੁੰਦਾ ਹੈ ਪਰ ਉਸੇ ਵਕਤ ਦਰਵਾਜ਼ਾ ਖੜਕਦਾ ਹੈ। ਉਹ ਦੇਖਦਾ ਹੈ ਕਿ ਇਕ ਓਪਰਾ ਜਿਹਾ ਆਦਮੀ ਖੜਾ ਹੈ। ਭਰਵੀਆਂ ਮੁੱਛਾਂ ਤੇ ਪੱਕਾ ਜਿਹਾ ਰੰਗ, ਲੰਮਾ ਪਤਲਾ ਸਰੀਰ।
“ਸਤਿ ਸ੍ਰੀ ਅਕਾਲ ਸਰਦਾਰ ਜੀ।”
ਉਹ ਬੰਦਾ ਆਖਦਾ ਹੈ। ਉਸ ਦੀ ਬੋਲੀ ਤੋਂ ਤੇ ਏਨੇ ਪਿਆਰ ਨਾਲ ਸਰਦਾਰ ਜੀ ਕਹਿਣ ਤੋਂ ਉਹ ਸਮਝ ਜਾਂਦਾ ਕਿ ਇਹ ਬੰਦਾ ਪਾਕਿਸਤਾਨੀ ਹੈ। ਉਹ ਬੋਲਦਾ ਹੈ,
“ਹਾਂ ਜੀ, ਦੱਸੋ, ਤੁਹਾਡੇ ਲਈ ਮੈਂ ਕੀ ਕਰ ਸਕਦਾਂ ?”
“ਇਕ ਗੱਲ ਕਰਨੀ ਐ ਜੀ।”
“ਕਰੋ।”
ਜਗਮੋਹਣ ਜ਼ਰਾ ਕੁ ਬੇਰੁਖੀ ਨਾਲ ਆਖਦਾ ਹੈ। ਉਹ ਬੰਦਾ ਏਧਰ ਓਧਰ ਦੇਖਦਾ ਕਹਿੰਦਾ ਹੈ,
“ਭਾਈ ਜਾਨ, ਜ਼ਰਾ ਕੁ ਪ੍ਰਾਈਵੇਟ ਗੱਲ ਐ, ਬਾਹਰ ਮੌਸਮ ਵੀ ਠੀਕ ਨਹੀਂ।”
ਕਹਿੰਦਾ ਉਹ ਇਕ ਕਦਮ ਅੰਦਰ ਵੱਲ ਨੂੰ ਪੁੱਟਦਾ ਹੈ। ਜਗਮੋਹਣ ਕਿਸੇ ਓਪਰੇ ਬੰਦੇ ਨੂੰ ਘਰ ਨਹੀਂ ਸੱਦਣਾ ਚਾਹੁੰਦਾ। ਉਹ ਆਖਦਾ ਹੈ,
“ਆਓ, ਕਾਰ ਵਿਚ ਬੈਠ ਕੇ ਗੱਲ ਕਰਦੇ ਹਾਂ।”
ਜਗਮੋਹਣ ਬਾਹਰ ਨਿਕਲ ਕੇ ਆਪਣੀ ਕਾਰ ਦਾ ਬੂਹਾ ਖੋਲ੍ਹਦਾ ਹੈ। ਉਸ ਬੰਦੇ ਦੇ ਚਿਹਰੇ ਤੋਂ ਪਤਾ ਚੱਲਦਾ ਹੈ ਕਿ ਘਰ ਅੰਦਰ ਨਾ ਵਾੜਨਾ ਉਸ ਨੂੰ ਪਸੰਦ ਨਹੀਂ ਆਇਆ। ਉਹ ਦੋਵੇਂ ਕਾਰ ਵਿਚ ਬੈਠ ਜਾਂਦੇ ਹਨ। ਜਗਮੋਹਣ ਕਹਿੰਦਾ ਹੈ,
“ਆਓ ਜੀ, ਰਿਲੈਕਸ ਹੋ ਕੇ ਬੈਠੋ ਤੇ ਦੱਸੋ ਕਿਹੜੀ ਗੱਲ ਕਰਨੀ ਐ ਤੇ ਤੁਸੀਂ ਕੌਣ ਓ ? ਮੇਰੇ ਤਾਈਂ ਕਿਹੜਾ ਕੰਮ ਪੈ ਗਿਐ ?”
“ਭਾਈ ਜਾਨ, ਮੇਰਾ ਨਾਂ ਯਾਕੂਬ ਅਲੀ ਵੇ ਜੀ, ਮੈਂ ਇਹ ਆਹ ਚਿੱਠੀ ਪੜ੍ਹਵਾਉਣੀ ਜੇ, ਗੁਰਮੁਖੀ ਵਿਚ ਜਿਉਂ ਹੋਈ।”
ਜਗਮੋਹਣ ਮਨ ਵਿਚ ਸੋਚਦਾ ਹੈ ਕਿ ਇਹ ਤਾਂ ਛੋਟਾ ਜਿਹਾ ਕੰਮ ਹੈ। ਚਿੱਠੀ ਖਾਤਰ ਤੱਕ ਇਹ ਬੰਦਾ ਉਸ ਕੋਲ ਨਹੀਂ ਆ ਸਕਦਾ। ਚਿੱਠੀ ਦੇਖਣ ਤੋਂ ਹੀ ਜਾਪਦਾ ਹੈ ਕਿ ਇਹ ਇੰਡੀਆ ਤੋਂ ਆਈ ਹੈ। ਚਿੱਠੀ ਪਹਿਲਾਂ ਹੀ ਖੁੱਲ੍ਹੀ ਹੈ। ਇਸ ਦਾ ਮਤਲਬ ਇਹ ਕਿ ਇਸ ਨੇ ਪੜ੍ਹਨ ਦੀ ਕੋਸ਼ਿਸ਼ ਕੀਤੀ ਹੋਵੇਗੀ। ਚਿੱਠੀ ਉਪਰ ਸਿਰਨਾਵਾਂ ਪੜ੍ਹਦਾ ਹੈ। ਕਿਸੇ ਬਲਵਿੰਦਰ ਕੌਰ ਦੇ ਨਾਂ ਦੀ ਚਿੱਠੀ ਹੈ। ਉਸ ਨੂੰ ਜ਼ਰਾ ਕੁ ਗੁੱਸਾ ਵੀ ਆਉਂਦਾ ਹੈ ਕਿ ਇਹ ਬੰਦਾ ਬੇਗਾਨੀ ਚਿੱਠੀ ਚੁੱਕੀ ਫਿਰਦਾ ਹੈ। ਕੌਣ ਹੋਈ ਬਲਵਿੰਦਰ ਕੌਰ। ਉਸ ਨੂੰ ਬੌਬੀ ਯਾਦ ਆਉਂਦੀ ਹੈ। ਕਿਤੇ ਉਸ ਦੀ ਚਿੱਠੀ ਤਾਂ ਨਹੀਂ। ਹਾਲੇ ਕੁਝ ਹਫਤੇ ਪਹਿਲਾਂ ਹੀ ਬੌਬੀ ਨੂੰ ਉਸ ਨੇ ਗੁਰਦੁਆਰੇ ਦੇਖਿਆ ਸੀ ਲੰਗਰ ਵਿਚ ਰੋਟੀ ਖਾਂਦਿਆਂ। ਉਸ ਦਾ ਮੁੰਡਾ ਵੀ ਨਾਲ ਸੀ। ਪਰ ਉਸ ਨੇ ਜਗਮੋਹਣ ਨੂੰ ਪਛਾਨਣੋਂ ਨਾਂਹ ਕਰ ਦਿੱਤੀ ਸੀ। ਉਹ ਉਸ ਵੱਲ ਬਹੁਤ ਮੇਰ ਨਾਲ ਵਧਿਆ ਸੀ ਪਰ ਉਸ ਨੇ ਮੂੰਹ ਫੇਰ ਲਿਆ ਸੀ।
ਜਗਮੋਹਣ ਨੂੰ ਸਮਝਣ ਨੂੰ ਦੇਰ ਨਹੀਂ ਲੱਗਦੀ ਕਿ ਬੌਬੀ ਇਸੇ ਪਾਕਿਸਤਾਨੀ ਦੀ ਗੱਲ ਕਰਦੀ ਸੀ ਕਿ ਇਸ ਦੀ ਚੁੰਗਲ ਵਿਚੋਂ ਭੱਜ ਕੇ ਆਈ ਸੀ। ਉਹ ਚਿੱਠੀ ਪੜ੍ਹਦਾ ਹੈ। ਯਾਕੂਬ ਅਲੀ ਆਖਦਾ ਹੈ,
“ਜ਼ਰਾ ਮੈਨੂੰ ਵੀ ਦੱਸਦੇ ਜਾਣੈ ਕਿ ਕੀ ਲਿਖਿਆ ਜੇ।”
ਜਗਮੋਹਣ ਕੋਈ ਜਵਾਬ ਦਿੱਤੇ ਬਿਨਾਂ ਚਿੱਠੀ ਪੜ੍ਹਦਾ ਜਾਂਦਾ ਹੈ। ਬੌਬੀ ਦੀ ਮਾਂ ਦੀ ਹੈ। ਜਿਸ ਵਿਚ ਠਾਣੇਦਾਰ ਦੇ ਪਿਓ ਦਾ ਜ਼ਿਕਰ ਹੈ ਕਿ ਸ਼ਾਇਦ ਉਹ ਕੋਠੀ ਮੁੰਡੇ ਦੇ ਨਾਂ ਕਰ ਦੇਵੇ। ਠਾਣੇਦਾਰ ਦਾ ਪਿਓ ਸਮਝੌਤਾ ਕਰਨ ਦੇ ਮੂਡ ਵਿਚ ਹੈ। ਕੁਝ ਹੋਰ ਰਾਜ਼ੀ ਖੁਸ਼ੀ ਦੀਆਂ ਗੱਲਾਂ ਹਨ। ਚਿੱਠੀ ਆਉਣ ਦੀ ਤਰੀਕ ਵੀ ਬਹੁਤੀ ਪੁਰਾਣੀ ਨਹੀਂ ਹੈ। ਦਸ ਕੁ ਦਿਨ ਦੀ ਹੈ। ਸਿਰਨਾਵਾਂ ਕਿਧਰੇ ਉਤਰੀ ਲੰਡਨ ਦਾ। ਜਗਮੋਹਣ ਪੁੱਛਦਾ ਹੈ,
“ਤੁਸੀਂ ਇਹ ਚਿੱਠੀ ਮੇਰੇ ਕੋਲ ਕਿਉਂ ਲੈ ਆਏ ?”
“ਸੌਰੀ ਭਾਈ ਜਾਨ, ਕੀ ਏਹਦੇ ਵਿਚ ਕੁਝ ਗਲਤ ਲਿਖਿਆ ਜੇ ?”
“ਗਲਤ ਤਾਂ ਕੁਸ਼ ਨਹੀਂ ਪਰ ਏਨੇ ਮੀਲ ਚੱਲ ਕੇ ਤੁਸੀਂ ਮੇਰੇ ਕੋਲ ਹੀ ਕਿਉਂ ਆਏ ?”
“ਕਿਉਂਕਿ ਬੌਬੀ ਨੂੰ ਤੁਸੀਂ ਵੀ ਆਸਰਾ ਦਿੱਤਾ ਹੋਸੀ, ਮੈਂ ਤਾਂ ਓਦੋਂ ਈ ਤੁਹਾਡਾ ਥੈਂਕਿਊ ਕਰਨ ਆਸਾਂ ਪਰ ਟਾਈਮ ਨਾ ਲੱਗ ਸੀ।”
ਜਗਮੋਹਣ ਨੂੰ ਸਮਝ ਲੱਗ ਜਾਂਦੀ ਹੈ ਕਿ ਜਦ ਬੌਬੀ ਨੂੰ ਕਿਧਰੇ ਕੋਈ ਸਹਾਰਾ ਨਹੀਂ ਲੱਭਾ ਹੋਵੇਗਾ ਤਾਂ ਉਹ ਵਾਪਸ ਇਸ ਬੰਦੇ ਪਾਸ ਚਲੇ ਗਈ ਹੋਵੇਗੀ। ਉਹ ਉਸ ਨੂੰ ਖਤ ਵਿਚ ਲਿਖੀਆਂ ਗੱਲਾਂ ਸੁਣਾ ਦਿੰਦਾ ਹੈ। ਯਾਕੂਬ ਅਲੀ ਦੱਸ ਰਿਹਾ ਹੈ,
“ਇਹ ਪਤਾ ਮੈਨੂੰ ਬੌਬੀ ਨੇ ਹੀ ਦਿੱਤਾ ਹੋਸੀ।”
“ਕੀ ਹਾਲ ਐ ਬੌਬੀ ਦਾ?”
“ਓ ਨਸੀਬਾਂ ਜਲੀ ਫੇਰ ਲਾਪਤਾ ਜੇ, ਮੈਂ ਕਮਲਿ਼ਆਂ ਵਾਂਗ ਭਾਲਦਾ ਫਿਰਸਾਂ।”
ਕਹਿੰਦਾ ਯਾਕੂਬ ਅਲੀ ਬਹੁਤ ਉਦਾਸ ਹੋ ਜਾਂਦਾ ਹੈ। ਜਗਮੋਹਣ ਉਸ ਬਾਰੇ ਵਧੀਆ ਨਹੀਂ ਸੋਚ ਰਿਹਾ। ਪਤਾ ਨਹੀਂ ਬੌਬੀ ਨੂੰ ਇਹ ਕਿਹੜੇ ਹਾਲ ਵਿਚ ਰੱਖਦਾ ਹੋਵੇਗਾ। ਬੌਬੀ ਦੀ ਸ਼ਰਾਬ ਪੀਣ ਦੀ ਆਦਤ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ। ਉਹ ਸੋਚ ਰਿਹਾ ਹੈ ਕਿ ਉਸ ਨੂੰ ਦੁਰਕਾਰ ਦੇਵੇ ਪਰ ਉਹ ਪਹਿਲਾਂ ਬੌਬੀ ਬਾਰੇ ਕੁਝ ਹੋਰ ਪੁੱਛ ਲੈਣਾ ਚਾਹੁੰਦਾ ਹੈ। ਉਹ ਚਿੱਠੀ ਵਾਪਸ ਦੇ ਕੇ ਪੁੱਛਦਾ ਹੈ,
“ਇਹ ਬੌਬੀ ਵਾਲੀ ਕੀ ਕਹਾਣੀ ਐ ?”
“ਸਰਦਾਰ ਜੀ, ਬੌਬੀ ਬਹੁਤ ਦੁਖੀ ਹੋਸੀ, ਏਸ ਦਾ ਠਾਣੇਦਾਰ ਖਾਵੰਦ ਫੌਤ ਹੋ ਗਿਆ ਜੇ, ਆਹ ਫਰਜੰਦ ਏ ਉਸੇ ਦਾ, ਏਹਦੇ ਸਹੁਰੇ ਨੇ ਏਹਦੇ ਉਪਰ ਮੈਲੀ ਅੱਖ ਰੱਖਣੀ ਸ਼ੁਰੂ ਕਰ ਦਿੱਤੀ, ਉਹ ਖਬੀਸ ਚਾਦਰ ਪਾਉਣ ਤੱਕ ਗਿਆ ਪਰ ਇਹ ਭੱਜ ਤੁਰੀ, ਕਿਸੇ ਨਾ ਕਿਸੇ ਤਰ੍ਹਾਂ ਜਰਮਨੀ ਪਹੁੰਚ ਜਾਸੀ, ਉਥੋਂ ਕਿਸੇ ਨੇ ਵਿਆਹ ਦਾ ਲਾਰਾ ਲਾ ਕੇ ਇਥੇ ਲਿਆ ਘੱਤਿਆ ਤੇ ਗਲਤ ਪਾਸੇ ਲੈ ਜਾਸੀ।”
“ਕੋਈ ਹੈ ਨਹੀਂ ਏਹਦਾ ਇਥੇ ?”
“ਭੈਣ ਹੋਸੀ ਪਰ ਭਣੋਈਆ ਹਰਾਮੀ ਜੇ। ਇਹ ਚੰਦਰੀ ਸੋਹਣੀ ਏਨੀ ਜੇ ਕਿ ਕਿਸੇ ਦਾ ਮਨ ਵੀ ਖਰਾਬ ਹੋ ਜਾਸੀ, ਭਣੋਈਏ ਦਾ ਰਵੱਈਆ ਦੇਖ ਕੇ ਭੈਣ ਨੇ ਏਹਨੂੰ ਘਰੋਂ ਕੱਢ ਛੱਡਿਆ ਜੇ, ਬਹੁਤ ਟ੍ਰੈਜਿਕ ਸਟੋਰੀ ਏ ਜੀ, ਪਹਿਲੀਆਂ ਵਿਚ ਭੈਣ ਨੇ ਕਈ ਮੁੰਡੇ ਵੀ ਦੇਖੇ ਹੋ ਸਨ, ਬੌਬੀ ਦੇ ਤਾਂ ਗਾਹਕ ਬਥੇਰੇ ਹੋਸਨ ਪਰ ਮੁੰਡੇ ਨੂੰ ਕੋਈ ਰੱਖਣ ਨੂੰ ਤਿਆਰ ਨਹੀਂ ਜੇ, ਬਸ ਦਰ–ਬ–ਦਰ ਠੋਕਰਾਂ ਖਾਂਦੀ ਫਿਰਦੀ ਜੇ।”
ਉਸ ਦੀ ਗੱਲ ਜਗਮੋਹਣ ਨੂੰ ਉਦਾਸ ਕਰ ਜਾਂਦੀ ਹੈ। ਉਹ ਪੁੱਛਦਾ ਹੈ,
“ਤੁਹਾਡਾ ਕੀ ਇਨਟਰੱਸਟ ਐ ਬੌਬੀ ਵਿਚ ?”
“ਭਾਈ ਜਾਨ, ਅੱਲ੍ਹਾ ਪਾਕ ਦੀ ਕਸਮ, ਨਿਕਾਹ ਕਰਾ ਸਾਂ, ਬੱਚੇ ਨੂੰ ਪੁੱਤਰ ਬਣਾ ਕੇ ਪਾਲ ਸਾਂ ਪਰ ਕੀ ਕਰਾਂ ਜਿਹੜਾ ਵੀ ਕੋਈ ਪੱਕੀ ਕਰਾਉਣ ਦਾ ਲਾਰਾ ਲਗਾ ਸੀ ਬਸ ਓਹਦੇ ਨਾਲ ਈ ਤੁਰ ਪੈਸੀ।”
ਗੱਲ ਕਰਦਿਆਂ ਯਾਕੂਬ ਅਲੀ ਦੀਆਂ ਅੱਖਾਂ ਭਰ ਆਉਂਦੀਆਂ ਹਨ। ਜਗਮੋਹਣ ਆਖਦਾ ਹੈ,
“ਪਰ ਉਹ ਤਾਂ ਕਹਿ ਰਹੀ ਸੀ ਕਿ ਉਹ ਪੱਕੀ ਐ ਤੇ ਸੋਸ਼ਲ ਸਕਿਉਰਿਟੀ ਮਿਲਦੀ ਐ।”
“ਝੂਠ ਬੋਲ ਸੀ, ਹੋਰ ਬੋਲੇ ਵੀ ਕੀ ਪਰ ਇੰਝ ਆਪਣੀ ਤੇ ਬੱਚੇ ਦੀ ਜ਼ਿੰਦਗੀ ਖਰਾਬ ਕਰਸੀ, ਬੱਚੇ ਨੂੰ ਪੜ੍ਹਨ ਨਾ ਦੇਸੀ। ਮੈਂ ਸਕੂਲ ਭੇਜਿਆ ਵੀ ਪਰ...।”
“ਯਾਕੂਬ ਅਲੀ ਜੀ, ਜਿਹੜੀ ਕਹਾਣੀ ਤੁਸੀਂ ਮੈਨੂੰ ਦੱਸੀ ਐ ਮੈਨੂੰ ਜਾਪਦੈ ਕਿ ਬੌਬੀ ਤਾਂ ਏਦੂੰ ਵੀ ਕਠਿਨ ਰਾਹਾਂ ਉਪਰ ਦੀ ਲੰਘ ਕੇ ਆਈ ਐ।”
“ਉਹ ਕਿਵੇਂ ਜੀ ?”
“ਉਹ ਤਾਂ ਸ਼ਰਾਬ ਦੀ ਸ਼ੌਕੀਨ ਐ ਉਹ ਵੀ ਨੀਟ ਸ਼ਰਾਬ ਦੀ। ਸ਼ਰਾਬ ਦੇ ਰਾਹ ਐਵੇਂ ਨਹੀਂ ਤੁਰਦੀਆਂ ਆਪਣੀਆਂ ਔਰਤਾਂ।”
“ਦੇਖੋ ਸਰਦਾਰ ਜੀ, ਮੈਂ ਪੱਕਾ ਮੁਸਲਮਾਨ ਹੋਸਾਂ, ਪੰਜ ਨਵਾਜੀ, ਹੁਣ ਪਤਾ ਨਹੀਂ ਉਹ ਕਿਥੇ ਕਿਥੇ ਤੁਰੀ ਫਿਰਦੀ ਹੋਸੀ ਕਿਸ ਕਿਸ ਨਾਲ..। ਸਰਦਾਰ ਜੀ ਮੈਂ ਤਾਂ ਨਿਕਾਹ ਕਰਾ ਕੇ ਰੱਖ ਸਾਂ ਤੇ ਮੁਸਲਮਾਨ ਬਣਾ ਸਾਂ, ਅੱਲ੍ਹਾ ਪਾਕ ਇਸਲਾਮ ਕਬੂਲ ਕਰੇ ਤਾ ਅੱਲਾ ਸਭ ਗੁਨਾਹ ਮੁਆਫ ਕਰ ਸੀ।”
ਕਹਿੰਦਾ ਯਾਕੂਬ ਅਲੀ ਕੰਨਾਂ ਨੂੰ ਹੱਥ ਲਾਉਂਦਾ ਹੈ। ਜਗਮੋਹਣ ਉਸ ਵੱਲ ਦੇਖਦਾ ਉਸ ਨੂੰ ਪਰਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਯਾਕੂਬ ਅਲੀ ਕਹਿੰਦਾ ਹੈ,
“ਸਰਦਾਰ ਜੀ, ਬੌਬੀ ਲਭਾਉਣ ਵਿਚ ਮੇਰੀ ਮੱਦਦ ਕਰੋ।”
“ਯਾਕੂਬ ਅਲੀ, ਸਾਊਥਾਲ ਤਾਂ ਬੌਬੀਆਂ ਲਈ ਸਮੁੰਦਰ ਨਿਆਈਂ ਐ, ਪਤਾ ਨਹੀਂ ਉਹ ਕਿਥੇ ਹੋਵੇਗੀ।”
ਕਹਿੰਦਾ ਜਗਮੋਹਣ ਸੋਚਣ ਲੱਗਦਾ ਹੈ ਕਿ ਮਨਦੀਪ ਨਾਲ ਬੌਬੀ ਬਾਰੇ ਕੋਈ ਗੱਲ ਨਹੀਂ ਕਰੇਗਾ ਨਹੀਂ ਤਾਂ ਉਹ ਕਹੇਗੀ ਕਿ ਤੈਨੂੰ ਇਕ ਚੁੜੇਲ ਹੋਰ ਚੁੰਬੜ ਗਈ।
ਚਲਦਾ....