ਇਕ ਦਿਨ ਜਗਮੋਹਣ ਕਿੰਗ ਸਟਰੀਟ ਜਾਂਦਾ ਹੈ। ਆਈ.ਡਬਲਯੂ.ਏ. ਦੇ ਦਫਤਰ ਵਿਚ ਉਸ ਨੂੰ ਕੋਈ ਕੰਮ ਹੈ। ਕੰਮ ਤੋਂ ਵਿਹਲਾ ਹੋ ਕੇ ਉਹ ਕਾਰ ਪਾਰਕ ਵੱਲ ਨੂੰ ਜਾ ਰਿਹਾ ਹੈ ਕਿ ਉਸ ਨੂੰ ਸਾਹਮਣੇ ਪ੍ਰੀਤੀ ਤੁਰੀ ਜਾਂਦੀ ਦਿੱਸਦੀ ਹੈ। ਉਹ ਉਸ ਵੱਲ ਨੂੰ ਤੁਰਨ ਲੱਗਦਾ ਹੈ। ਨਜ਼ਦੀਕ ਪੁੱਜਦਿਆਂ ਉਸ ਨੂੰ ਲੱਗਦਾ ਹੈ ਕਿ ਇਹ ਪ੍ਰੀਤੀ ਨਹੀਂ। ਉਹ ਹੋਰ ਨਜ਼ਦੀਕ ਪੁੱਜਦਾ ਹੈ। ਉਸ ਦੇ ਇਕਦਮ ਕੋਲ ਪੁੱਜ ਜਾਂਦਾ ਹੈ। ਉਹ ਔਰਤ ਵੀ ਉਸ ਵੱਲ ਦੇਖੀ ਜਾ ਰਹੀ ਹੈ। ਜਗਮੋਹਣ ਪੁੱਛਦਾ ਹੈ,
“ਇਜ਼ ਇਟ ਯੂ ਪ੍ਰੀਤੀ ?”
ਉਹ ਔਰਤ ਕੁਝ ਨਹੀਂ ਬੋਲਦੀ ਤੇ ਤੇਜ਼ ਤੁਰਨ ਲੱਗਦੀ ਹੈ। ਜਗਮੋਹਣ ਹੌਲੀ ਹੋ ਜਾਂਦਾ ਹੈ ਬਲਕਿ ਖੜੋ ਜਾਂਦਾ ਹੈ ਕਿ ਕਿਸੇ ਔਰਤ ਮਗਰ ਤੁਰੇ ਜਾਂਦੇ ਨੂੰ ਦੇਖ ਕੇ ਲੋਕ ਕੀ ਕਹਿਣਗੇ। ਔਰਤ ਪ੍ਰੀਤੀ ਵਾਂਗ ਹੀ ਤੁਰ ਰਹੀ ਹੈ। ਜਗਮੋਹਣ ਦੇਖਦਾ ਜਾ ਰਿਹਾ ਹੈ। ਉਹ ਔਰਤ ਕੁਝ ਅੱਗੇ ਜਾ ਕੇ ਮੋੜ ਉਪਰ ਰੁਕ ਜਾਂਦੀ ਹੈ ਤੇ ਜਗਮੋਹਣ ਵੱਲ ਦੇਖਣ ਲੱਗਦੀ ਹੈ। ਜਗਮੋਹਣ ਫਿਰ ਉਸ ਕੋਲ ਪਹੁੰਚ ਜਾਂਦਾ ਹੈ। ਪੁੱਛਦਾ ਹੈ,
“ਪ੍ਰੀਤੀ, ਤੈਨੂੰ ਕੀ ਹੋ ਗਿਆ ?”
“ਕੁਸ਼ ਵੀ ਨਹੀਂ।”
“ਤੇਰੀਆਂ ਖਾਲੀ ਅੱਖਾਂ, ਖੁਸ਼ਕ ਵਾਲ, ਚਿਹਰੇ ਦੀ ਚਮੜੀ ਵੀ ਅਜੀਬ ਜਿਹੀ ਜਾਪਦੀ ਐ, ਤੂੰ ਠੀਕ ਤਾਂ ਹੈਂ?”
“ਮੈਂ ਬਿਲਕੁਲ ਠੀਕ ਆਂ, ਤੂੰ ਕਿੱਦਾਂ ?”
“ਮੈਂ ਤਾਂ ਤੈਨੂੰ ਕਈ ਵਾਰ ਮਿਲਣਾ ਚਾਹਿਆ।”
“ਜੇ ਚਾਹਿਆ ਹੁੰਦਾ ਤਾਂ ਤੈਨੂੰ ਪਤਾ ਹੀ ਸੀ ਕਿ ਮੈਂ ਕਿਥੇ ਰਹਿੰਦੀ ਆਂ।”
“ਪਰ ਤੇਰਾ ਹਸਬੈਂਡ !.. ਮੈਂ ਨਹੀਂ ਚਾਹੁੰਦਾ ਸੀ ਕਿ ਤੇਰੇ ਲਈ ਕੋਈ ਔਖ ਹੋਵੇ।”
ਜਗਮੋਹਣ ਕਹਿ ਰਿਹਾ ਹੈ। ਪ੍ਰੀਤੀ ਕੁਝ ਨਹੀਂ ਬੋਲਦੀ। ਉਹ ਫਿਰ ਪੁੱਛਦਾ ਹੈ,
“ਘਰ ਵਿਚ ਤਾਂ ਸਭ ਠੀਕ ਐ ਨਾ ? ਤੇਰੇ ਬੱਚੇ ? ਤੇਰਾ ਪਤੀ ?”
“ਹਾਂ, ਸਭ ਠੀਕ ਐ।”
“ਤੇਰੀ ਐਕਟਿੰਗ ਕਿੱਦਾਂ ਚੱਲ ਰਹੀ ਐ।”
“ਐਕਟਿੰਗ ਤਾਂ ਮੈਂ ਛੱਡ ਦਿੱਤੀ।”
“ਕਿਉਂ ?”
“ਐਕਟਿੰਗ ਨਾਲ ਬੰਦੇ ਦੀਆਂ ਨੈਚਰਲ ਫੀਲਿੰਗਜ਼ ਫੇਡ ਆਊਟ ਹੋ ਜਾਂਦੀਆਂ।”
“ਵੱਟ ?”
“ਐਕਟਿੰਗ ਕਰਦੇ ਕਰਦੇ ਬੰਦੇ ਨੂੰ ਅਸਲ ਤੇ ਨਕਲ ਦੇ ਫਰਕ ਦੀ ਸਮਝ ਘੱਟ ਜਾਂਦੀ ਐ।”
“ਪ੍ਰੀਤੀ, ਕਿਹੋ ਜਿਹੀਆਂ ਗੱਲਾਂ ਕਰ ਰਹੀ ਐਂ, ਐਕਟਿੰਗ ਕਰਦਿਆਂ ਤਾਂ ਅਸਲ ਤੇ ਨਕਲ ਦੀ ਪਛਾਣ ਹੁੰਦੀ ਐ।”
“ਨਹੀਂ, ਜਿਹੜਾ ਅਸਲ ਤੇ ਨਕਲ ਵਿਚ ਮਹੀਨ ਜਿਹਾ ਪਰਦਾ ਹੁੰਦਾ ਐ ਉਹਦੀ ਖਾਸੀਅਤ ਖਤਮ ਹੋ ਜਾਂਦੀ ਐ ਐਕਟਿੰਗ ਨਾਲ।”
“ਅਜੀਬ ਜਿਹੇ ਵਿਚਾਰ ਬਣਾਈ ਬੈਠੀ ਆਂ ਤੂੰ।”
“ਨਹੀਂ ਜਗਮੋਹਣ ਇਹ ਸੱਚ ਐ, ਸਟੇਜ 'ਤੇ ਐਕਟਿੰਗ ਕਰਕੇ ਘਰ ਪਹੁੰਚੀਏ ਤਾਂ ਫੀਲਿੰਗਜ਼ ਵਿਚ ਉਹ ਉਰੈਜਨੈਲਟੀ ਨਹੀਂ ਰਹਿੰਦੀ।
“ਕੌਣ ਦੱਸਦੈ ਇਹ ਸਭ ਤੈਨੂੰ।”
“ਮੇਰਾ ਹਸਬੈਂਡ।”
“ਤੇ ਤੂੰ ਸੁਣਦੀ ਐਂ ?”
“ਹਾਂ, ਮੇਰੇ ਬੱਚੇ ਵੀ ਉਸ ਦੀ ਸੁਣਦੇ ਆ।”
“ਤੂੰ ਸਭ ਗਲਤ ਸੁਣੀ ਜਾਂਦੀ ਆਂ ਪ੍ਰੀਤੀ, ਕੀ ਤੂੰ ਆਪਣੇ ਦਿਲ ਦੀ ਗੱਲ ਸੁਣਨੀ ਭੁੱਲ ਗਈ ਐਂ ?”
“ਓ.ਕੇ. ਜਗਮੋਹਣ ਮੈਂ ਚੱਲਦੀ ਆਂ, ਕੋਈ ਦੇਖ ਲਊ ਮੇਰਾ ਹਸਬੈਂਡ ਗੁੱਸੇ ਹੋਏਗਾ, ਮੇਰਾ ਮਜ਼ਾਕ ਉਡਾਏਗਾ। ਮੇਰੇ ਬੱਚੇ ਮੇਰੇ 'ਤੇ ਹੱਸਣਗੇ।”
ਕਹਿੰਦੀ ਹੋਈ ਪ੍ਰੀਤੀ ਚਲੇ ਜਾਂਦੀ ਹੈ। ਜਗਮੋਹਣ ਹੈਰਾਨ ਹੋਇਆ ਖੜਾ ਉਸ ਨੂੰ ਜਾਂਦੀ ਨੂੰ ਦੇਖਦਾ ਰਹਿੰਦਾ ਹੈ। ਉਸ ਨੂੰ ਯਾਦ ਆਉਂਦਾ ਹੈ ਕਿ ਇਕ ਵਾਰ ਪਹਿਲਾਂ ਵੀ ਪ੍ਰੀਤੀ ਨੂੰ ਉਸ ਨੇ ਉਸੇ ਮੋੜ 'ਤੇ ਹੀ ਲਾਹਿਆ ਸੀ। ਉਹ ਕਾਰ ਪਾਰਕ ਵਿਚ ਆ ਜਾਂਦਾ ਹੈ। ਆਪਣੀ ਕਾਰ ਵਿਚ ਬੈਠ ਜਾਂਦਾ ਹੈ। ਕਾਰ ਸਟਾਰਟ ਵੀ ਕਰ ਲੈਂਦਾ ਹੈ ਪਰ ਉਸ ਤੋਂ ਕਾਰ ਤੋਰੀ ਨਹੀਂ ਜਾਂਦੀ। ਉਹ ਸੋਚਦਾ ਜਾ ਰਿਹਾ ਹੈ ਕਿ ਕੀ ਹੋ ਗਿਆ ਪ੍ਰੀਤੀ ਨੂੰ। ਇਸ ਦਾ ਜਵਾਬ ਕਿਸ ਕੋਲ ਹੋਏਗਾ। ਸਿਸਟਰਜ਼ ਇਨਹੈਂਡਜ਼ ਦੇ ਦਫਤਰ ਤਾਂ ਉਹ ਜਾਂਦੀ ਹੀ ਨਹੀਂ। ਹੋਰ ਕੌਣ ਹੋਏਗਾ ਪ੍ਰੀਤੀ ਦਾ ਵਾਕਫ ਜਾਂ ਜਾਣੂੰ ਜਿਸ ਤੋਂ ਇਹ ਸਭ ਪਤਾ ਕਰ ਸਕੇ। ਉਸ ਨੂੰ ਭੁਪਿੰਦਰ ਦਾ ਖਿਆਲ ਆਉਂਦਾ ਹੈ। ਪਿਛਲੀ ਵਾਰੀ ਉਸ ਨੇ ਭੁਪਿੰਦਰ ਨਾਲ ਗੱਲ ਫੋਨ ਉਪਰ ਹੀ ਕੀਤੀ ਸੀ ਜਦ ਉਸ ਨੇ ਉਸ ਦੀ ਇਕ ਹਿੰਦੀ ਫਿਲਮ ਦੇਖੀ ਸੀ। ਹੁਣ ਭੁਪਿੰਦਰ ਨੂੰ ਫਿਲਮਾਂ ਵਿਚ ਛੋਟੇ ਮੋਟੇ ਰੋਲ ਮਿਲਣ ਲੱਗ ਪਏ ਹਨ। ਕਾਰਣ ਹੈ ਕਿ ਬੰਬਈ ਦੇ ਪ੍ਰੋਡਿਊਸਰ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਲੰਡਨ ਵਿਚ ਕਰਨ ਆਉਂਦੇ ਹਨ ਤੇ ਲੋਕਲ ਕਲਾਕਾਰਾਂ ਨੂੰ ਵੀ ਕੰਮ ਦੇ ਦਿੰਦੇ ਹਨ। ਭੁਪਿੰਦਰ ਦਾ ਨਾਂ ਤੁਰ ਪਿਆ ਹੈ। ਉਹ ਸੋਚਦਾ ਹੈ ਕਿ ਭੁਪਿੰਦਰ ਨੂੰ ਫੋਨ ਕਰਕੇ ਦੇਖੇ ਤੇ ਫੋਨ 'ਤੇ ਹੀ ਸਭ ਪੁੱਛ ਲਵੇ ਪਰ ਉਸ ਕੋਲ ਤਾਂ ਜਿਵੇਂ ਫੋਨ ਕਰਨ ਦਾ ਸਮਾਂ ਹੀ ਨਹੀਂ ਹੈ। ਉਹ ਕਾਰ ਨੂੰ ਭੁਪਿੰਦਰ ਦੇ ਘਰ ਵੱਲ ਭਜਾ ਲੈਂਦਾ ਹੈ। ਭੁਪਿੰਦਰ ਦੀ ਡੋਰ ਬੈੱਲ ਕਰਦਾ ਹੈ। ਭੁਪਿੰਦਰ ਹੀ ਦਰਵਾਜ਼ਾ ਖੋਲ੍ਹਦਾ ਹੈ। ਉਹ ਉਸ ਨੂੰ ਅਚਾਨਕ ਆਇਆ ਦੇਖ ਕੇ ਹੋਰਵੇਂ ਹੁੰਦਾ ਪੁੱਛਦਾ ਹੈ,
“ਜੱਗਿਆ, ਕੀ ਗੱਲ ਐ? ਤੇਰਾ ਚਿਹਰਾ ਏਦਾਂ ਦਾ ਕਿਉਂ ਐ ?”
“ਮੈਂ ਤੈਨੂੰ ਕੁਝ ਪੁੱਛਣ ਆਇਆਂ।”
“ਕੀ ?”
“ਪ੍ਰੀਤੀ ਨੂੰ ਮਿਲਿਆਂ ਕਦੇ ?”
“ਪਿੱਛੇ ਜਿਹੇ ਇਕ ਦਿਨ ਟੈਸਕੋ ਵਿਚ ਮਿਲਿਆ ਸੀ, ਉਸ ਦਾ ਹਸਬੈਂਡ ਨਾਲ ਸੀ ਪਰ ਕੀ ਗੱਲ ਹੋਈ ?”
“ਤੂੰ ਦੱਸ ਕਿ ਪ੍ਰੀਤੀ ਨੂੰ ਕੀ ਹੋਇਆ ?”
“ਅੰਦਰ ਆ ਪਹਿਲਾਂ।”
ਉਹ ਦੋਵੇਂ ਅੰਦਰ ਜਾਂਦੇ ਹਨ। ਫਰੰਟ ਰੂਮ ਵਿਚ ਬੈਠਦੇ ਹਨ। ਇਹੋ ਉਹ ਕਮਰਾ ਹੈ ਜਿਥੇ ਕਦੇ ਰੀਹਰਸਲਾਂ ਹੋਇਆ ਕਰਦੀਆਂ ਸਨ। ਜਗਮੋਹਣ ਦੱਸਣ ਲੱਗਦਾ ਹੈ,
“ਮੈਂ ਪ੍ਰੀਤੀ ਦੀ ਹਾਲਤ ਦੇਖ ਕੇ ਘਬਰਾ ਗਿਆਂ, ਉਹ ਤਾਂ ਜਿੱਦਾਂ ਮੈਂਟਲ ਹੋ ਗਈ ਹੋਵੇ।”
“ਏਨੀ ਬੁਰੀ ਤਾਂ ਮੈਨੂੰ ਨਹੀਂ ਲੱਗੀ। ਹਾਂ, ਔਡ ਜਿਹੀ ਜ਼ਰੂਰ ਜਾਪੀ ਸੀ। ਟੈਸਕੋ ਵਿਚ ਮੈਂ ਸ਼ੌਪਿੰਗ ਕਰਨ ਗਿਆ ਸੀ, ਉਹਦਾ ਪਤੀ ਨਾਲ ਸੀ। ਉਸ ਦਾ ਪਤੀ ਨਹੀਂ ਸੀ ਚਾਹੁੰਦਾ ਕਿ ਉਹ ਡਰਾਮਿਆਂ ਵਿਚ ਕੰਮ ਕਰੇ। ਉਹਨੇ ਇਕ ਵਾਰ ਮੈਨੂੰ ਵੀ ਫੋਨ ਉਪਰ ਗਾਲ੍ਹਾਂ ਕੱਢੀਆਂ ਸੀ ਤੇ ਸੂਰਜ ਆਰਟਸ ਵਾਲਿਆਂ ਨੂੰ ਵੀ ਪਰ ਫੇਰ ਵੀ ਮੈਂ ਉਨ੍ਹਾਂ ਨੂੰ ਬੁਲਾ ਲਿਆ। ਮੈਂ ਜਿੰਨੇ ਸਵਾਲ ਪੁੱਛੇ ਗੁਰਨਾਮ ਨੇ ਹੀ ਉਤਰ ਦਿੱਤੇ। ਪ੍ਰੀਤੀ ਮੇਰੇ ਵੱਲ ਟਿਕਟਿਕੀ ਲਗਾ ਕੇ ਦੇਖਦੀ ਰਹੀ ਸੀ।”
“ਭੁਪਿੰਦਰ, ਮੇਰੇ ਵੱਲ ਅੱਜ ਉਹ ਏਦਾਂ ਦੇਖਦੀ ਸੀ ਜਿੱਦਾਂ ਮੇਰੇ ਨਾਲ ਕੋਈ ਗਿਲਾ ਕਰ ਰਹੀ ਹੋਵੇ।”
“ਮੇਰੇ ਵੱਲ ਵੀ ਏਦਾਂ ਈ ਦੇਖਦੀ ਸੀ, ਉਸ ਦਾ ਪਤੀ ਐਕਟਰਾਂ ਤੇ ਐਕਟਿੰਗ ਨੂੰ ਬੁਰਾ ਭਲਾ ਬੋਲਦਾ ਰਿਹਾ। ਉਸ ਨੇ ਇਕ ਦੋ ਵਾਰ ਹਾਂ ਵਿਚ ਸਿਰ ਹਿਲਾਇਆ ਤੇ ਬਸ।”
“ਏਹਦਾ ਮਤਲਬ ਕਿ ਉਸ ਦਾ ਪਤੀ ਉਸ ਨੂੰ ਲੀਡ ਕਰ ਰਿਹੈ, ਕਿਸੇ ਨਾ ਕਿਸੇ ਤਰ੍ਹਾਂ ਉਹਦੇ ਮਨ ਵਿਚ ਇਹ ਸਭ ਪਾ ਰਿਹੈ। ਇਹਦਾ ਮਤਲਬ ਉਹਨੂੰ ਮਿਲਣ ਦੀ ਜ਼ਰੂਰਤ ਐ, ਵੀ ਸ਼ੁੱਡ ਮੀਟ ਹਰ।”
“ਯੈੱਸ ਯੂ ਕੈਨ, ਪਰ ਏਹਦੇ ਨਤੀਜੇ ਉਹਦੇ ਲਈ ਬਹੁਤ ਭੈੜੇ ਹੋਣਗੇ ਪਰ ਤੂੰ ਉਹਦੇ ਬਾਰੇ ਫਿਕਰ ਕਿਉਂ ਕਰੀ ਜਾਨੈ ਤੈਨੂੰ ਪਤੈ ਸ਼ੀ ਇਜ ਏ ਸਟਰੌਂਗ ਵੋਮੈਨ। ਉਹਨੇ ਆਪੇ ਹਾਲਾਤ ਨਾਲ ਡੀਲ ਕਰ ਲੈਣਾਂ।”
“ਮੈਨੂੰ ਤਾਂ ਨਹੀਂ ਲੱਗਦੀ ਕਿ ਸਟਰੌਂਗ ਹੋਵੇ, ਮੈਨੂੰ ਤਾਂ ਹਾਰੀ ਹੋਈ ਜਾਪਦੀ ਐ।”
“ਦੇਖ ਜੈਗ, ਆਪਾਂ ਕੁਝ ਨਹੀਂ ਕਰ ਸਕਦੇ, ਆਪਾਂ ਮਸਲੇ ਨੂੰ ਉਲਝਾ ਈ ਸਕਦੇ ਆਂ।”
ਭੁਪਿੰਦਰ ਕਹਿ ਰਿਹਾ ਹੈ। ਜਗਮੋਹਣ ਆਖਦਾ ਹੈ,
“ਸਿਸਟਰਜ਼ ਇਨ ਹੈਂਡਜ਼ ਤਾਂ ਜਾ ਸਕਦੀਆਂ ਉਹਦੇ ਕੋਲ। ਮੈਂ ਹੁਣੇ ਹੀ ਉਨ੍ਹਾਂ ਦੇ ਦਫਤਰ ਜਾਨਾਂ।”
ਉਹ ਗਰੀਨ ਰੋਡ 'ਤੇ ਆਉਂਦਾ ਹੈ। ਸਿਸਟਰਜ਼ ਇਨਹੈਂਡਜ਼ ਦੇ ਦਫਤਰ ਵਿਚ ਕੋਈ ਨਹੀਂ ਹੈ। ਸ਼ਾਮ ਨੂੰ ਫਿਰ ਚੱਕਰ ਮਾਰਨ ਬਾਰੇ ਸੋਚਦਾ ਹੈ ਪਰ ਉਸ ਨੂੰ ਟਿਕਾਅ ਨਹੀਂ ਹੈ। ਉਹ ਉਥੇ ਹੀ ਕਾਰ ਵਿਚ ਬੈਠ ਕੇ ਉਡੀਕਣ ਲੱਗਦਾ ਹੈ ਕਿ ਕੋਈ ਤਾਂ ਆਵੇਗਾ ਇਸ ਦਫਤਰ ਵਿਚ। ਉਹ ਸਿਗਰਟ ਤੇ ਸਿਗਰਟ ਫੂਕ ਰਿਹਾ ਹੈ। ਇੰਨੀਆਂ ਸਿਗਰਟਾਂ ਉਸ ਨੇ ਕਦੀ ਨਹੀਂ ਪੀਤੀਆਂ। ਕਾਫੀ ਦੇਰ ਤਕ ਕਾਰ ਵਿਚ ਬੈਠਾ ਰਹਿੰਦਾ ਹੈ। ਕੋਈ ਨਹੀਂ ਆਉਂਦਾ। ਹਾਰ ਕੇ ਉਹ ਘਰ ਨੂੰ ਆ ਜਾਂਦਾ ਹੈ। ਦੋਵੇਂ ਮੁੰਡੇ ਉਸ ਦੇ ਖੱਬੇ ਸੱਜੇ ਬੈਠ ਜਾਂਦੇ ਹਨ ਜਿਵੇਂ ਨਿੱਤ ਬੈਠਿਆ ਕਰਦੇ ਹਨ। ਉਸ ਦਾ ਉਖੜਿਆ ਮੂਡ ਦੇਖ ਕੇ ਮਨਦੀਪ ਆਖਦੀ ਹੈ,
“ਜਾਓ, ਜੌਗਿੰਗ ਕਰ ਆਓ।”
ਉਸਦੀ ਗੱਲ 'ਤੇ ਜਗਮੋਹਣ ਹੱਸ ਪੈਂਦਾ ਹੈ। ਉਸ ਨੂੰ ਪਤਾ ਹੈ ਕਿ ਜੇਕਰ ਕੁਝ ਦਿਨ ਉਹ ਜੌਗਿੰਗ ਨਾ ਕਰੇ ਤਾਂ ਉਸ ਦਾ ਸੁਭਾਅ ਚਿੜਚਿੜਾ ਹੋ ਜਾਇਆ ਕਰਦਾ ਹੈ। ਇਸੇ ਲਈ ਮਨਦੀਪ ਨੇ ਕਿਹਾ ਹੈ। ਉਹ ਆਖਣ ਲੱਗਦਾ ਹੈ,
“ਇਹ ਗੱਲ ਨਹੀਂ, ਇਹ ਤਾਂ ਪ੍ਰੀਤੀ ਦਾ ਮਸਲਾ ਐ।”
“ਕਿਹੜੀ ਪ੍ਰੀਤੀ ਦਾ ?”
ਉਹ ਪੁੱਛਦੀ ਹੈ ਤੇ ਜਗਮੋਹਣ ਪੂਰੀ ਕਹਾਣੀ ਸੁਣਾਉਂਦਾ ਹੈ। ਮਨਦੀਪ ਕਹਿੰਦੀ ਹੈ,
“ਤੁਹਾਨੂੰ ਤਾਂ ਚੁੜੇਲਾਂ ਈ ਚੁੰਬੜੀਆਂ ਰਹਿੰਦੀਆਂ। ਆਹ ਪ੍ਰੀਤੀ ਜੀਉਂਦੇ ਜੀ ਈ ਆ ਚੁੰਬੜੀ।”
“ਇਹ ਨਹੀਂ ਚੁੰਬੜਦੀ, ਮੈਂ ਸਾਰਾ ਕੇਸ ਵੱਡੀਆਂ ਚੁੜੇਲਾਂ ਨੂੰ ਦੇ ਦੇਣਾ।”
ਕਹਿ ਕੇ ਹੱਸਦਾ ਹੈ। ਮਨਦੀਪ ਫਿਰ ਆਖਦੀ ਹੈ,
“ਜੇ ਓਹਦਾ ਹਸਬੈਂਡ ਚਾਹੁੰਦਾ ਕਿ ਉਹ ਡਰਾਮੇ ਨਾ ਖੇਡੇ ਤਾਂ ਤੁਸੀਂ ਜ਼ਰੂਰੀ ਖਿਡਾਉਣੇ ਆਂ, ਇਹ ਤਾਂ ਅਗਲੇ ਦਾ ਘਰ ਪੱਟਣ ਵਾਲੀ ਗੱਲ ਹੋਈ।”
“ਇਥੇ ਗੱਲ ਡਰਾਮਿਆਂ ਦੀ ਨਹੀਂ ਉਸ ਦੀ ਹਾਲਤ ਦੀ ਐ, ਉਹ ਏਦਾਂ ਦੀ ਕਿਉਂ ਹੋ ਗਈ ਇਹ ਐ ਪਰੋਬਲਮ।”
“ਮੈਨੂੰ ਤਾਂ ਇਹੋ ਐ ਕਿ ਤੁਸੀਂ ਕੋਈ ਨਾ ਕੋਈ ਰਾਹ ਜਾਂਦੀ ਮੁਸੀਬਤ ਸਹੇੜ ਬਹਿੰਦੇ ਓ।”
“ਮੈਂ ਤੈਨੂੰ ਕਿਹਾ ਨਾ ਕਿ ਮੈਂ ਪ੍ਰੀਤੀ ਬਾਰੇ ਸਿਸਟਰਜ਼ ਇਨਹੈਂਡਜ਼ ਨਾਲ ਗੱਲ ਕਰਨੀ ਐ, ਆਪੇ ਓਹ ਦੇਖਣਗੀਆਂ।”
ਉਹ ਗਰੇਵਾਲ ਨੂੰ ਫੋਨ ਘੁੰਮਾਉਂਦਾ ਹੈ। ਸਾਰੀ ਗੱਲ ਉਸ ਨਾਲ ਕਰਦਾ ਹੈ। ਗਰੇਵਾਲ ਆਖਣ ਲੱਗਦਾ ਹੈ,
“ਮੈਨੂੰ ਲਗਦੈ ਕਿ ਉਸ ਦਾ ਪਤੀ ਸਾਕਿਲੌਜੀਕਲੀ ਉਸ ਨੂੰ ਡੌਮੀਨੇਟ ਕਰਨ ਦੀ ਕੋਸਿ਼ਸ਼ ਕਰ ਰਿਹੈ, ਹੋ ਸਕਦੈ ਉਸ ਦੇ ਮਨ ਵਿਚ ਹਰ ਵੇਲੇ ਹੀਣ ਭਾਵਨਾ ਭਰਨ ਦਾ ਯਤਨ ਕਰਦਾ ਰਹਿੰਦਾ ਹੋਵੇ। ਉਸ ਨੂੰ ਹਰ ਵਕਤ ਛੋਟੀ ਦਿਖਾ ਰਿਹਾ ਹੋਵੇ ਤੇ ਉਸ ਨੂੰ ਯਕੀਨ ਵੀ ਦਿਵਾ ਦਿੱਤਾ ਹੋਵੇ ਤੇ ਕਿਸੇ ਤਰੀਕੇ ਨਾਲ ਜੁਆਕ ਵੀ ਆਪਣੇ ਵਲ ਕਰ ਲਏ ਹੋਣ।”
ਚਲਦਾ....