ਇਕ ਸ਼ਾਮ ਗਿਆਨ ਕੌਰ ਆਖਦੀ ਹੈ,
“ਜੀ, ਮੈਂ ਛੁੱਟੀ ਨਾ ਕਰ ਲਵਾਂ ਸਵੇਰੇ ?”
“ਕਿਉਂ ? ਸਿਹਤ ਠੀਕ ਨਹੀਂ ?”
“ਨਹੀਂ, ਸਿਹਤ ਤਾਂ ਠੀਕ ਐ, ਕੁੜੀਆਂ ਨੂੰ ਛੁੱਟੀਆਂ ਹੁਣ, ਮੈਂ ਕਿਹਾ ਇਨ੍ਹਾਂ ਵਿਚ ਵੀ ਬੈਠ ਕੇ ਦੇਖ ਲਵਾਂ। ਇਨ੍ਹਾਂ ਨੂੰ ਘਰ ਦੇ ਕੰਮਕਾਰ ਬਾਰੇ ਦੱਸਾਂ।”
“ਇਨ੍ਹਾਂ ਨੂੰ ਨਾਲ ਈ ਲੈ ਚੱਲ, ਫੈਕਟਰੀ ਵਿਚ ਹੀ ਜੋ ਦੱਸਣਾ ਉਥੇ ਦੱਸੀ ਚੱਲੀਂ।”
“ਇਹਨਾਂ ਨੂੰ ਫੈਕਟਰੀ ਈ ਲੈ ਚਲ, ਉਥੇ ਦੱਸੀ ਚੱਲੀਂ ਜੋ ਦੱਸਣਾ।”
“ਉਥੇ ਕਿਹੜਾ ਘਰ ਦਾ ਕੰਮ ਹੁੰਦੈ।”
“ਚੱਲ ਫਿਰ ਕਰਲੈ ਛੁੱਟੀ, ਅਜ ਮੈਂ ਵੀ ਕਿਤੇ ਨਹੀਂ ਜਾਣਾ।”
ਪਰਦੁੱਮਣ ਸਿੰਘ ਆਖਦਾ ਹੈ। ਵੈਸੇ ਉਹ ਨਹੀਂ ਚਾਹੁੰਦਾ ਕਿ ਕੁੜੀਆਂ ਫੈਕਟਰੀ ਜਾਣ ਕਿਉਂਕਿ ਜੇਕਰ ਕੁੜੀਆਂ ਹੋਣ ਤਾਂ ਉਸ ਨੂੰ ਆਪ ਵੀ ਗੰਭੀਰ ਰਹਿਣਾ ਪੈਂਦਾ ਹੈ ਨਹੀਂ ਤਾਂ ਉਹ ਪਰਦੇ ਜਿਹੇ ਨਾਲ ਕਿਸੇ ਨਾ ਕਿਸੇ ਔਰਤ ਨੂੰ ਟਿੱਚਰ ਕਰ ਲੈਂਦਾ ਹੈ। ਦੂਜੇ ਮੀਕਾ ਤੇ ਗੁਰਮੀਤ ਜਿਹੜੇ ਡਰੈਵਰ ਹਨ, ਫੈਕਟਰੀ ਹੁੰਦੇ ਹਨ ਤਾਂ ਕੁੜੀਆਂ ਵੱਲ ਅੱਖਾਂ ਪਾੜ ਪਾੜ ਕੇ ਦੇਖਦੇ ਰਹਿੰਦੇ ਹਨ। ਹੁਣ ਉਹ ਇਹ ਵੀ ਨਹੀਂ ਚਾਹੁੰਦਾ ਕਿ ਗਿਆਨ ਕੌਰ ਘਰ ਰਹੇ ਕਿਉਂਕਿ ਗਿਆਨ ਕੌਰ ਤੋਂ ਬਿਨਾਂ ਔਰਤਾਂ ਕੰਮ ਪੂਰਾ ਨਹੀਂ ਕਰਦੀਆਂ। ਉਸ ਤੋਂ ਕਾਮੀਆਂ ਨੂੰ ਬਹੁਤ ਸਖਤੀ ਨਾਲ ਨਹੀਂ ਕਿਹਾ ਜਾਂਦਾ। ਕੁਝ ਕੁ ਔਰਤਾਂ ਨਾਲ ਤਾਂ ਉਸ ਵੇਲੇ ਕੁਵੇਲੇ ਸਬੰਧ ਵੀ ਬਣਾ ਰੱਖੇ ਹਨ ਇਸ ਲਈ ਵੀ ਕੌੜਾ ਨਹੀਂ ਹੋਇਆ ਜਾਂਦਾ।
ਸਬੰਧ ਰੱਖਣ ਵਿਚ ਉਹ ਬਹੁਤ ਡੂੰਘਾ ਨਹੀਂ ਉਤਰਦਾ ਹੁਣ। ਕੁਲਜੀਤ ਉਸ ਨੂੰ ਬਲੈਕਮੇਲ ਕਰਨਾ ਚਾਹੁੰਦੀ ਸੀ। ਉਸ ਤੋਂ ਬਾਅਦ ਉਹ ਚੇਤੰਨ ਹੋ ਜਾਂਦਾ ਹੈ। ਹੁਣ ਉਹ ਸਬੰਧ ਸਿਰਫ ਵਿਆਹੀ ਔਰਤ ਨਾਲ ਹੀ ਜੋੜਦਾ ਹੈ। ਵਿਆਹੀ ਔਰਤ ਦੀ ਵੀ ਲੋੜ ਆਰਜ਼ੀ ਹੁੰਦੀ ਹੈ ਪਰਦੁੱਮਣ ਦੀ ਲੋੜ ਵਾਂਗ ਹੀ। ਹੁਣ ਫਰੀਦਾ ਉਸ ਨੂੰ ਬਹੁਤ ਢੁੱਕਵੀਂ ਔਰਤ ਜਾਪ ਰਹੀ ਹੈ। ਉਹ ਛਾਲ ਮਾਰ ਕੇ ਅੱਗੇ ਨਹੀਂ ਵੱਧਣਾ ਚਾਹੁੰਦਾ। ਹੌਲੀ ਹੌਲੀ ਵਕਤ ਲਗਾ ਕੇ ਫਰੀਦਾ ਨੇੜੇ ਜਾਣਾ ਚਾਹੁੰਦਾ ਹੈ। ਫਿਰ ਉਹ ਗਿਆਨ ਕੌਰ ਨੂੰ ਵੀ ਕਿਸੇ ਕਿਸਮ ਦੀ ਸ਼ੱਕ ਵਿਚ ਨਹੀਂ ਪੈਣ ਦੇਣਾ ਚਾਹੁੰਦਾ।
ਗਿਆਨ ਕੌਰ ਦਾ ਘਰ ਰਹਿ ਕੇ ਵੀ ਧਿਆਨ ਫੈਕਟਰੀ ਵਲ ਹੈ ਪਰ ਉਹ ਆਪਣੀਆਂ ਧੀਆਂ ਵਿਚ ਬੈਠ ਕੇ ਬਹੁਤ ਖੁਸ਼ ਹੈ। ਉਹਨਾਂ ਤੋਂ ਰੋਟੀ ਤੇ ਸਬਜ਼ੀ ਬਣਵਾਉਂਦੀ ਹੈ। ਦੁਪਿਹਰ ਨੂੰ ਪਰਦੁੱਮਣ ਸਿੰਘ ਵੀ ਰੋਟੀ ਖਾਣ ਘਰ ਹੀ ਆ ਜਾਂਦਾ ਹੈ। ਜਿਵੇਂ ਜਿਵੇਂ ਕੁੜੀਆਂ ਵੱਡੀਆਂ ਹੋ ਰਹੀਆਂ ਹਨ ਗਿਆਨ ਕੌਰ ਦਾ ਮਨ ਉਹਨਾਂ ਵਿਚ ਹੀ ਰਹਿਣ ਲਗਦਾ ਹੈ। ਉਹ ਘਰ ਹੋਣ ਤਾਂ ਫੋਨ ਕਰ ਕਰ ਕੇ ਉਨ੍ਹਾਂ ਦਾ ਹਾਲ ਚਾਲ ਪੁੱਛਦੀ ਰਹਿੰਦੀ ਹੈ। ਬਲਰਾਮ ਦਾ ਉਸ ਨੂੰ ਬਹੁਤ ਫਿਕਰ ਨਹੀਂ ਹੁੰਦਾ। ਰਾਜਵਿੰਦਰ ਬਾਰੇ ਸੋਚਣ ਲੱਗਦੀ ਹੈ ਪਰ ਜਦੋਂ ਦੀ ਇਹ ਗੱਲ ਤਹਿ ਹੋਈ ਹੈ ਕਿ ਉਸ ਦਾ ਵਿਆਹ ਕਰ ਦਿੱਤਾ ਜਾਵੇਗਾ ਤਾਂ ਉਸ ਨੂੰ ਕੁਝ ਕੁ ਤਸੱਲੀ ਹੈ ਤੇ ਮੁੰਡਾ ਵਿਆਹੁਣ ਦਾ ਚਾਅ ਜਿਹਾ ਵੀ ਹੈ। ਉਸ ਦੇ ਇੰਡੀਆ ਜਾਣ ਬਾਰੇ ਘਰ ਵਿਚ ਗੱਲਾਂ ਹੋਣ ਲਗੀਆਂ ਹਨ।
ਇਕ ਦਿਨ ਉਹ ਪਰਦੁੱਮਣ ਸਿੰਘ ਨੂੰ ਪੁੱਛਦੀ ਹੈ,
“ਫੇਰ ਕਿੰਨੀ ਕੁ ਦੇਰ ਲਈ ਇੰਡੀਆ ਜਾਵਾਂ ?”
“ਚਾਰ ਹਫਤੇ ਲਈ।”
“ਰਾਜਵਿੰਦਰ ਨੂੰ ਨਾਲ ਨਾ ਲੈ ਜਾਵਾਂ ?”
“ਲੈ ਜਾਵੀਂ, ਜੇ ਮੰਨਦਾ ਹੋਇਆ ਤਾਂ ਵਿਆਹ ਕਰ ਹੀ ਲਿਆਈਂ।”
“ਤੁਹਾਡੇ ਬਿਨਾਂ ਹੀ ?”
“ਬਾਕੀ ਸਾਰੇ ਓਥੇ ਈ ਆ, ਤੇਰੇ ਭਰਾ ਹੈਗੇ ਆ, ਦੇਖ ਲਈਂ ਜਿੱਦਾਂ ਤੈਨੂੰ ਚੰਗਾ ਲੱਗੇ।”
“ਫੇਰ ਮੇਰੇ ਬਿਨਾਂ ਏਥੇ ਕੰਮ ਕਿੱਦਾਂ ਚੱਲੂ ?”
“ਇਹਦਾ ਤਰੀਕਾ ਇਹ ਐ ਕਿ ਇਕ ਔਰਤ ਨੂੰ ਫੋਰਲੇਡੀ ਬਣਾ ਦੇ, ਸਾਰੀ ਜ਼ਿੰਮੇਵਾਰੀ ਉਹਨੂੰ ਦੇ ਦੇ, ਉਹਦੀਆਂ ਥੋੜ੍ਹੀਆਂ ਪੈਨੀਆਂ ਵਧਾ ਦੇ, ਦੇਖ ਆਪੇ ਕੰਮ ਕਰਾਊਗੀ। ਵੱਡੀਆਂ ਫੈਕਟਰੀਆਂ ਵਿਚ ਏਦਾਂ ਈ ਹੁੰਦਾ।”
ਉਸ ਰਾਤ ਰਾਜਵਿੰਦਰ ਘਰ ਆਉਂਦਾ ਹੈ ਤਾਂ ਗਿਆਨ ਕੌਰ ਬੈਠੀ ਉਸ ਨੂੰ ਉਡੀਕ ਰਹੀ ਹੈ। ਉਹ ਪੁੱਛਦਾ ਹੈ,
“ਕਿਉਂ ਮੌਮ, ਤੂੰ ਸੁੱਤੀ ਨਹੀਂ ਹਾਲੇ ?”
“ਜੇਹਦਾ ਪੁੱਤ ਏਦਾਂ ਤੁਰਿਆ ਫਿਰਦਾ ਹੋਵੇ ਮਾਂ ਕਿੱਦਾਂ ਸੌਂ ਜਾਊ।”
“ਮੌਮ, ਤੂੰ ਰੋਜ਼ ਸੌਨੀ ਐਂ, ਅੱਜ ਕੀ ਹੋਇਆ ?”
“ਮੈਨੂੰ ਤੇਰਾ ਫਿਕਰ ਐ।”
“ਆਏ ਡੋਂਟ ਥਿੰਕ ਸੋ, ਜੇ ਫਿਕਰ ਹੋਵੇ ਤਾਂ ਮੈਨੂੰ ਮਨੀ ਕਿਉਂ ਨਹੀਂ ਦਿੰਦੀ ?”
“ਮਨੀ ਤੂੰ ਜਿੰਨੀ ਮਰਜ਼ੀ ਲੈ ਲੈ ਪਰ ਫਜ਼ੂਲ ਖਰਚ ਲਈ ਨਹੀਂ।”
“ਖਰਚ ਤਾਂ ਖਰਚ ਹੁੰਦਾ ਮੌਮ, ਫਜ਼ੂਲ ਦਾ ਮੈਨੂੰ ਨਹੀਂ ਪਤਾ।”
“ਚੱਲ ਆਪਾਂ ਇੰਡੀਆ ਚੱਲੀਏ ਕ੍ਰਿਸਮਸ 'ਤੇ।”
“ਇੰਡੀਆ? ਨੋ, ਨੈਵਰ।”
“ਕਿਉਂ? ਆਪਣਾ ਮੁਲਕ ਐ।”
“ਨਹੀਂ, ਮੇਰਾ ਕੰਟਰੀ ਇਹ ਆ, ਆਏ’ਮ ਬ੍ਰਿਟਿਸ਼।”
“ਪਰ ਤੇਰੇ ਡੈਡੀ ਦਾ ਤੇ ਮੇਰਾ ਮੁਲਕ ਤਾਂ ਇੰਡੀਆ ਈ ਆ।”
“ਤਾਂ ਹੀ ਤਾਂ ਡੈਡੀ ਨੂੰ ਕਿੱਲ ਕਰਨਾ ਮੰਗਦੇ ਸੀ ਓਥੇ ਦੇ ਲੋਕ, ਮੈਂ ਨਹੀਂ ਜਾਂਦਾ ਇੰਡੀਆ।”
“ਪੁੱਤ ਉਹ ਟਾਈਮ ਲੰਘ ਗਿਆ ਹੁਣ ਉਥੇ ਸਭ ਠੀਕ ਆ।”
“ਨਹੀਂ ਮੈਂ ਨਹੀਂ ਜਾਣਾ, ਤੂੰ ਜਾਣਾ ਜਾਹ, ਡੈਡੀ ਜਾਵੇ, ਨੌਟ ਮੀ।”
“ਫੇਰ ਤੇਰਾ ਵਿਆਹ ਕਿੱਦਾਂ ਕਰਾਂਗੇ।”
“ਵੱਟ ਵਿਆਹ ?”
“ਤੂੰ ਵਿਆਹ ਨਹੀਂ ਕਰੌਣਾ ?”
“ਵਾਏ ?”
“ਤੇਰੀ ਉਮਰ ਹੋ ਗਈ, ਤੂੰ 'ਕੱਲਾ ਤੁਰਿਆ ਫਿਰਦਾਂ, ਤੇਰੀ ਵਾਈਫ ਹੋਊ ਤਾਂ ਤੇਰਾ ਫਿਕਰ ਕਰੂ ਤੂੰ ਉਹਦਾ ਫਿਕਰ ਕਰੇਂਗਾ।”
“ਲੁਕ ਮੌਮ, ਅੱਗੇ ਡੈਡ ਵੀ ਏਦਾਂ ਦੀਆਂ ਰੱਬਿਸ਼ ਗੱਲਾਂ ਕਰਦਾ ਸੀ, ਮੈਂ ਵਿਆਹ ਲਾਈਕ ਨਹੀਂ ਕਰਦਾ। ਮੇਰੇ 'ਤੇ ਪ੍ਰੈਸ਼ਰ ਨਹੀਂ ਪਾਉਣਾ ਹੋਊ, ਨਹੀਂ ਤਾਂ ਮੈਂ ਘਰੋਂ ਚਲੇ ਜਾਣਾ, ਕਿਸੇ ਫਰਿੰਡ ਨਾਲ ਰਹਿਣ ਲੱਗ ਪੈਣਾ।”
ਰਾਜਵਿੰਦਰ ਆਖਦਾ ਹੈ। ਗਿਆਨ ਕੌਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਮੁੰਡਾ ਕਿਤੇ ਸੱਚੀਂ ਹੀ ਘਰੋਂ ਨਾ ਚਲਾ ਜਾਵੇ ਤੇ ਕਿਤੇ ਬਾਹਰ ਰਹਿਣ ਲਗ ਪਵੇ। ਉਹ ਤਰੀਕੇ ਜਿਹੇ ਨਾਲ ਕਹਿੰਦੀ ਹੈ,
“ਨਾ ਬਾਬਾ, ਨਾ ਕਰਾ ਵਿਆਹ, ਮੈਂ ਤਾਂ ਤੇਰੇ ਫਾਇਦੇ ਲਈ ਹੀ ਕਹਿੰਦੀ ਸੀ।”
ਰਾਜਵਿੰਦਰ ਆਪਣੇ ਕਮਰੇ ਵਿਚ ਚਲੇ ਜਾਂਦਾ ਹੈ। ਗਿਆਨ ਕੌਰ ਵੀ ਥੱਕੀਆਂ ਲੱਤਾਂ ਨਾਲ ਪੌੜੀਆਂ ਚੜ੍ਹਦੀ ਆਪਣੇ ਕਮਰੇ ਵਿਚ ਜਾ ਪੈਂਦੀ ਹੈ। ਪਰਦੁੱਮਣ ਸਿੰਘ ਹਾਲੇ ਜਾਗਦਾ ਪਿਆ ਹੈ। ਗਿਆਨ ਕੌਰ ਕਹਿੰਦੀ ਹੈ,
“ਮੁੰਡਾ ਨਹੀਂ ਮੰਨਦਾ, ਕਹਿੰਦਾ ਘਰੋਂ ਚਲੇ ਜਾਣਾ।”
“ਜਾਣ ਦੇ ਜੇ ਜਾਂਦਾ ਤਾਂ।”
“ਲੋਕ ਕੀ ਕਹਿਣਗੇ ਕਿ ਇਨ੍ਹਾਂ ਨੇ ਮੁੰਡਾ ਘਰੋਂ ਕੱਢ ਦਿੱਤਾ।”
“ਮੁੰਡਾ ਈ ਐ ਕਿਹੜੀ ਕੁੜੀ ਐ।”
ਪਰਦੁੱਮਣ ਸਿੰਘ ਕਹਿੰਦਾ ਹੈ ਤੇ ਸੌਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਨੀਂਦ ਨਹੀਂ ਆਉਂਦੀ। ਬਹੁਤ ਦੇਰ ਤੱਕ ਪਾਸੇ ਮਾਰਦਾ ਰਹਿੰਦਾ ਹੈ। ਗਿਆਨ ਕੌਰ ਵੀ ਮਸਾਂ ਸੌਂ ਸਕਦੀ ਹੈ। ਸਵੇਰੇ ਉਠਦਿਆਂ ਹੀ ਪਰਦੁੱਮਣ ਸਿੰਘ ਪਤਨੀ ਨੂੰ ਕਹਿੰਦਾ ਹੈ,
“ਦੇਖ, ਏਹਦੇ ਬਾਰੇ ਸੋਚਣ ਵਿਚ ਟਾਈਮ ਨਾ ਖਰਾਬ ਕਰ, ਬਲਰਾਮ ਬਾਰੇ ਸੋਚ, ਉਹਨੂੰ ਵਿਆਹਵਾਂਗੇ ਫੇਰ ਕੁੜੀਆਂ ਵੱਲ ਧਿਆਨ ਦੇਈਏ।”
“ਪਹਿਲਾਂ ਵੀ ਏਹ ਗੱਲ ਕਿੰਨੀ ਵਾਰ ਸੋਚ ਚੁੱਕੇ ਆਂ ਪਰ ਕਰਨਾ ਸੌਖਾ ਨਹੀਂ।”
“ਛੱਡ ਏਸ ਗੱਲ ਨੂੰ, ਸਾਰਾ ਦਿਨ ਮੂਡ ਖਰਾਬ ਰਹੂਗਾ।”
ਕਹਿੰਦਾ ਹੋਇਆ ਪਰਦੁੱਮਣ ਸਿੰਘ ਫਰੀਦਾ ਬਾਰੇ ਸੋਚਣ ਲੱਗਦਾ ਹੈ। ਫਰੀਦਾ ਕੰਮ 'ਤੇ ਆਉਂਦੀ ਹੈ। ਉਸ ਨੇ ਰੋਜ਼ ਨਵਾਂ ਸੂਟ ਪਹਿਨਿਆ ਹੁੰਦਾ ਹੈ। ਵਾਲਾਂ ਵਿਚ ਚਿੜੀਆਂ ਕੱਢੀਆਂ ਹੁੰਦੀਆਂ ਹਨ। ਉਹ ਪਰਦੁੱਮਣ ਸਿੰਘ ਦੇ ਮੁਹਰ ਦੀ ਲੰਘਦੀ ਹੌਲੀ ਹੋ ਜਾਂਦੀ ਹੈ ਤਾਂ ਜੋ ਚੰਗੀ ਤਰ੍ਹਾਂ ਦੇਖ ਸਕੇ। ਪਰਦੁੱਮਣ ਸਿੰਘ ਵੀ ਥੋੜ੍ਹਾ ਬਣ ਠਣ ਕੇ ਰਹਿਣ ਲੱਗਾ ਹੈ। ਉਹ ਸਵੇਰੇ ਹੀ ਗਿਆਨ ਕੌਰ ਨੂੰ ਕਹਿ ਦਿੰਦਾ ਹੈ,
“ਕੱਪੜਾ ਜ਼ਰਾ ਚੰਗੀ ਤਰ੍ਹਾਂ ਪ੍ਰੈਸ ਕਰ ਦੇਵੀਂ ਅੱਜ ਬੈਂਕ ਮੈਨੇਜਰ ਨੂੰ ਮਿਲਣ ਜਾਣੈ।”
ਉਸ ਨੇ ਇਵੇਂ ਰੋਜ਼ ਹੀ ਕਿਸੇ ਨੂੰ ਮਿਲਣ ਜਾਣਾ ਹੁੰਦਾ ਹੈ ਜਾਂ ਫਿਰ ਉਸ ਨੂੰ ਕੋਈ ਮਿਲਣ ਆ ਰਿਹਾ ਹੁੰਦਾ ਹੈ। ਪੱਗ ਵੀ ਰੋਜ਼ ਬਦਲਣ ਲੱਗਿਆ ਹੈ। ਪਹਿਲਾਂ ਅਨਾਭੀ ਰੰਗ ਦੀ ਹੀ ਬੰਨ੍ਹਿਆ ਕਰਦਾ ਸੀ ਪਰ ਹੁਣ ਰੰਗ ਬਦਲਦਾ ਰਹਿੰਦਾ ਹੈ। ਇਕ ਦਿਨ ਸ਼ਿੰਦਰ ਕੌਰ ਪੁੱਛਦੀ ਹੈ,
“ਅੰਕਲ ਜੀ, ਸੁੱਲੀ ਨਾਲ ਪਹਿਲਾਂ ਗੱਲ ਕਰਕੇ ਪੱਗ ਬੰਨ੍ਹਦੇ ਹੁੰਦੇ ਓ ?”
ਸ਼ਿੰਦਰ ਕੌਰ ਕਦੇ ਕਦੇ ਉਸ ਨਾਲ ਬਾਹਰ ਚਲੇ ਜਾਇਆ ਕਰਦੀ ਹੈ। ਉਹ ਉਸ ਨਾਲ ਲੜ ਵੀ ਪੈਂਦੀ ਹੈ ਕਿ ਏਨੀਆਂ ਔਰਤਾਂ ਨਾਲ ਇਕੋ ਵੇਲੇ ਵਾਹ ਕਿਉਂ ਰੱਖਿਆ ਹੋਇਆ ਹੈ। ਪਰਦੁੱਮਣ ਸਿੰਘ ਕਹਿੰਦਾ ਹੈ,
“ਕਿਉਂ, ਤੂੰ ਇਹ ਗੱਲ ਕਿਉਂ ਕਹਿੰਦੀ ਐਂ ?”
“ਜਿਸ ਰੰਗ ਦੀ ਤੁਸੀਂ ਪੱਗ ਬੰਨ੍ਹੀ ਹੁੰਦੀ ਐ, ਉਸੇ ਰੰਗ ਦਾ ਉਹ ਸੂਟ ਪਾ ਕੇ ਆਉਂਦੀ ਐ।”
“ਨਹੀਂ, ਏਦਾਂ ਦੀ ਕੋਈ ਗੱਲ ਨਹੀਂ।”
ਕਹਿ ਕੇ ਪਰਦੁੱਮਣ ਸਿੰਘ ਫਰੀਦਾ ਬਾਰੇ ਸੋਚਣ ਲੱਗਦਾ ਹੈ। ਫਿਰ ਉਹ ਡਰ ਵੀ ਜਾਂਦਾ ਹੈ ਕਿ ਹਾਲੇ ਕੁਝ ਵਾਪਰਿਆ ਵੀ ਨਹੀਂ ਤੇ ਖਬਰ ਪਹਿਲਾਂ ਹੀ ਫੈਲ ਗਈ। ਫਰੀਦਾ ਦਫਤਰ ਵਿਚ ਮੁਸਕਰਾਉਂਦੀ ਹੋਈ ਦਾਖਲ ਹੁੰਦੀ ਹੈ, ਕਹਿੰਦੀ ਹੈ,
“ਸਰਦਾਰ ਜੀ, ਤੁਸੀਂ ਮੈਨੂੰ ਬਦਨਾਮ ਕਰ ਛੱਡਣਾ ਜੇ।”
“ਕਿਉਂ ਕੀ ਗੱਲ ਹੋ ਗਈ ?”
“ਸੁਆਣੀਆਂ ਕਹਿੰਦੀਆਂ ਕਿ ਸਰਦਾਰ ਦੀ ਪੱਗ ਤੇ ਮੇਰੇ ਸੂਟ ਦਾ ਰੰਗ ਇਕੋ ਹੋਸੀ।”
“ਇਹ ਤਾਂ ਕੋਈ ਦਿਲ ਦੀ ਦਿਲ ਨੂੰ ਰਾਹ ਹੋਏਗੀ।”
“ਹਾਏ ਅੱਲਾ! ਬੰਦ ਕਰੋ ਇਹ ਰਾਹ! ਮੇਰੇ ਮੀਏਂ ਨੂੰ ਪਤਾ ਚੱਲਿਆ ਤਾਂ ਉਹਨੇ ਮੈਨੂੰ ਮਾਰ ਘੱਤਣਾ ਏ। ਜੇ ਤੁਹਾਡੀ ਸਰਦਾਰਨੀ ਨੂੰ ਪਤਾ ਲੱਗ ਸੀ ਤਾਂ ਮੇਰੇ ਵਾਲ ਪੱਟ ਸੀ।”
“ਫਰੀਦਾ, ਤੂੰ ਬਹੁਤ ਸੁਹਣੀ ਏਂ, ਤੇਰੀ ਹਰ ਅਦਾ ਖੂਬਸੂਰਤ ਐ, ਮੈਂ ਤੈਨੂੰ ਇਕੱਲੀ ਨੂੰ ਮਿਲਣਾ ਚਾਹੁੰਨਾਂ, ਘਰੋਂ ਕਿੰਨੇ ਵਜੇ ਚੱਲਦੀ ਐਂ ?”
“ਇਹੋ ਪੰਦਰਾਂ ਮਿੰਟ ਦਾ ਤਾਂ ਰਾਹ ਹੋਸੀ।”
“ਕੱਲ ਨੂੰ ਇਕ ਘੰਟਾ ਲੇਟ ਆਵੀਂ, ਮੈਂ ਤੈਨੂੰ ਰਾਹ ਵਿਚ ਮਿਲਾਂਗਾ।”
“ਨਾ ਸਰਦਾਰ ਜੀ ਨਾ, ਰੱਬ ਰੱਬ ਕਰੋ ! ਮੈਂ ਇੰਝ ਨਾ ਕਰ ਸਾਂ।”
“ਤੂੰ ਤਾਂ ਨਾ ਕਰ ਸੈਂ ਪਰ ਮੈਂ ਤਾਂ ਕਰ ਸਾਂ... ਕੱਲ ਸਵੇਰੇ ਸਾਢੇ ਛੇ ਵਜੇ ਤੈਨੂੰ ਮੈਂ ਤੁਹਾਡੀ ਰੋਡ ਦੇ ਕੌਰਨਰ 'ਤੇ ਮਿਲਾਂਗਾ।”
“ਨਹੀਂ ਜੀ ਓਥੇ ਨਹੀਂ, ਤੁਸੀਂ ਮਿਲਣਾ ਜੇ ਤਾਂ ਲੇਡੀ ਮਾਰਗਰੇਟ ਰੋਡ 'ਤੇ ਖਲੋਣਾ।”
ਚਲਦਾ...