ਸਾਊਥਾਲ (ਕਾਂਡ 29)

ਚੌਧਰੀ ਮੁਸ਼ਤਾਕ ਅਲੀ ਪਰਦੁੱਮਣ ਸਿੰਘ ਨੂੰ ਪੰਜ ਸੌ ਸਮੋਸੇ ਦਾ ਆਰਡਰ ਦੇ ਦਿੰਦਾ ਹੈ ਪਰ ਉਸ ਨੂੰ ਕੱਚੇ ਸਮੋਸੇ ਚਾਹੀਦੇ ਹਨ ਕਿ ਇਹਨਾਂ ਨੂੰ ਆਪ ਤਲ਼ੇਗਾ। ਚੌਧਰੀ ਕਹਿੰਦਾ ਹੈ,
“ਸਰਦਾਰ ਜੀ, ਤੁਸੀਂ ਇੰਨੇ ਬਣਾ ਕੇ ਦਿਓ, ਜੇ ਚਲਸਣ ਤਾਂ ਖਤਮ ਹੁੰਦਿਆਂ ਈ ਅਗਲਾ ਆਰਡਰ ਦੇ ਸਾਂ, ਮੇਰੇ ਪਾਸ ਟਾਈਮ ਈ ਨਹੀਂ ਜੇ ਸਮੋਸੇ ਬਣਾਉਣ ਜੋਗਾ, ਫਿਰ ਇਹ ਵਿਕਦੇ ਵੀ ਕਿੰਨੇ ਕੁ ਹੋਸਣ! ਏਨਾ ਹੋਰ ਸਮਾਨ ਜੇ ਖਾਣ ਵਾਲਾ, ਸਮੋਸਿਆਂ ਦਾ ਕਰੇਜ਼ ਗੋਰਿਆਂ ਨੂੰ ਹੋਸੀ, ਜਦੋਂ ਕੋਈ ਪੁੱਛੇ ਤਾਂ ਅਸੀਂ ਫਰੀਜ਼ਰ ‘ਚੋਂ ਕੱਢ ਕੇ ਤਲ਼ ਦਿੰਨੇ ਆਂ, ਮੈਂ ਦੇਖਿਆ ਕਿ ਤੁਹਾਡੇ ਸਮੋਸੇ ਦਾ ਸਾਈਜ਼ ਕੁਝ ਵੱਡਾ ਐ ਸਾਨੂੰ ਜ਼ਰਾ ਛੋਟੇ ਲੋੜੀਂਦੇ ਹੋਸਣ।”

ਨਮੂਨੇ ਦੇ ਤੌਰ ਤੇ ਚੌਧਰੀ ਇਕ ਸਮੋਸਾ ਪਰਦੁੱਮਣ ਸਿੰਘ ਨੂੰ ਦਿੰਦਾ ਹੈ। ਉਹ ਸਮੋਸੇ ਨੂੰ ਤੋਲ ਕੇ ਦੇਖਦਾ ਹੈ। ਸਮੋਸੇ ਦਾ ਭਾਰ ਨੱਬੇ ਗਰਾਮ ਹੈ। ਉਹ ਸਮਝ ਜਾਂਦਾ ਹੈ ਕਿ ਚੋਧਰੀ ਨੂੰ ਕੀ ਚਾਹੀਦਾ ਹੈ। ਚੌਧਰੀ ਦੇ ਇਸ ਆਰਡਰ ਨਾਲ ਉਸ ਲਈ ਇਕ ਨਵਾਂ ਰਾਹ ਖੁਲ੍ਹ ਜਾਂਦਾ ਹੈ। ਉਹ ਅਗਲੇ ਦਿਨ ਇਕ ਵੱਡਾ ਫਰੀਜ਼ਰ ਖਰੀਦ ਲੈਂਦਾ ਹੈ ਤੇ ਸਾਰੇ ਸਟਾਫ ਤੋਂ ਦੋ ਘੰਟੇ ਵਧ ਲੁਆ ਕੇ ਫਰੀਜ਼ਰ ਕੱਚੇ ਸਮੋਸਿਆਂ ਨਾਲ ਭਰ ਲੈਂਦਾ ਹੈ। ਉਸੇ ਸ਼ਾਮ ਚੌਧਰੀ ਦਾ ਆਰਡਰ ਵੀ ਪਹੁੰਚਦਾ ਕਰ ਦਿੰਦਾ ਹੈ। ਉਹ ਵਿਉਂਤ ਬਣਾਉਣ ਲਗਦਾ ਹੈ ਕਿ ਕੱਚੇ ਸਮੋਸਿਆਂ ਦਾ ਇਕ ਅਲੱਗ ਰਾਊਂਡ ਖੜਾ ਕਰੇਗਾ। ਉਸ ਦਾ ਇਹ ਮਾਲ ਫਿਸ਼ ਐਂਡ ਚਿਪਸ ਦੀਆਂ ਦੁਕਾਨਾਂ ਜਾਂ ਕੈਫੀਆਂ ਤੇ ਖਪਤ ਹੋ ਸਕੇਗਾ। ਹੁਣ ਉਸ ਨੂੰ ਇਕ ਹੋਰ ਡਰਾਈਵਰ ਦੀ ਲੋੜ ਹੋਵੇਗੀ। ਵੈਸੇ ਵੀ ਹੁਣ ਉਹ ਥੋੜਾ ਧਿਆਨ ਨਾਲ ਚਲਣਾ ਚਾਹੁੰਦਾ ਹੈ। ਬਲਬੀਰ ਨੇ ਆਪਣਾ ਰਾਉਂਡ ਬਣਾ ਲਿਆ ਹੈ। ਉਸ ਦੇ ਮਗਰ ਹੀ ਗੁਰਮੀਤ ਵੀ ਪੱਕਾ ਹੋ ਕੇ ਆਪਣਾ ਕੰਮ ਖੜਾ ਕਰਨ ਦੀ ਕੋਸ਼ਿਸ਼ ਕਰੇਗਾ। ਫਿਰ ਇਕਦਮ ਡਰਾਈਵਰ ਲੱਭਣਾ ਮੁਸ਼ਕਲ ਪੈ ਸਕਦਾ ਹੈ। ਕਿਉਂ ਨਾ ਕਿਸੇ ਡਰਾਈਵਰ ਨੂੰ ਹੁਣੇ ਹੀ ਲੱਭ ਲਵੇ ਤੇ ਕੰਮ 'ਤੇ ਰੱਖ ਲਵੇ। ਹਾਲ ਦੀ ਘੜੀ ਅੰਦਰ ਕੰਮ ਕਰਦਾ ਰਹੇ। ਕਦੇ ਕਦੇ ਰਾਊਂਡ 'ਤੇ ਵੀ ਜਾਂਦਾ ਹੋਵੇ ਤੇ ਲੋੜ ਪੈਣ 'ਤੇ ਕੰਮ ਕਰ ਸਕੇ ਪੂਰੇ ਡਰਾਈਵਰ ਦਾ।
ਇਕ ਦਿਨ ਇਕ ਔਰਤ ਕੰਮ ਪੁੱਛਣ ਆਉਂਦੀ ਹੈ। ਜਿਵੇਂ ਕਿ ਕਈ ਵਾਰ ਲੋਕ ਕੰਮ ਦੀ ਭਾਲ ਵਿਚ ਨਿਕਲਦੇ ਹਨ ਤੇ ਫੈਕਟਰੀ ਤੋਂ ਫੈਕਟਰੀ ਕੰਮ ਪੁੱਛਦੇ ਜਾਂਦੇ ਹਨ। ਹੁਣ ਤੱਕ ਪਰਦੁੱਮਣ ਦੀ ਇਸ ਫੈਕਟਰੀ ਦੀ ਆਲੇ ਦੁਆਲੇ ਕਾਫੀ ਚਰਚਾ ਹੈ। ਜੇ ਕੋਈ ਕੰਮ ਛੱਡਦਾ ਹੈ ਤਾਂ ਉਸ ਦੀ ਜਗ੍ਹਾ ਭਰਨ ਨੂੰ ਵਕਤ ਨਹੀਂ ਲੱਗਦਾ। ਕੰਮ ਪੁੱਛਣ ਆਈ ਔਰਤ ਪਾਕਿਸਤਾਨਣ ਹੈ। ਪਰਦੁੱਮਣ ਸਿੰਘ ਅਜਿਹੀ ਪਛਾਣ ਦਾ ਮਾਹਿਰ ਹੈ। ਪਾਕਿਸਤਾਨਣ ਔਰਤਾਂ ਦੇ ਪਹਿਰਾਵੇ ਵਿਚ ਵੀ ਕੁਝ ਕੁ ਫਰਕ ਹੈ। ਚੁੰਨੀਆਂ ਭਾਰੀਆਂ ਹੁੰਦੀਆਂ ਹਨ ਤੇ ਸਲਵਾਰ ਦੇ ਵਲ਼ ਵੀ ਬਹੁਤੇ ਜਿਵੇਂ ਕਿ ਪਟਿਆਲਾਸ਼ਾਹੀ ਸੂਟਾਂ ਦੇ ਹੋਇਆ ਕਰਦੇ ਹਨ। ਇਕ ਹੋਰ ਖਾਸ ਫਰਕ ਹੁੰਦਾ ਹੈ ਕਿ ਉਨ੍ਹਾਂ ਦੀ ਸਲਵਾਰ ਗਿੱਟਿਆਂ ਤੋਂ ਉਚੀ ਹੁੰਦੀ ਹੈ। ਉਨ੍ਹਾਂ ਦੀ ਮੇਕਅੱਪ ਵੀ ਕੁਝ ਭਾਰੀ ਹੁੰਦੀ ਹੈ ਤੇ ਤੱਕਣੀ ਵਿਚ ਅਜੀਬ ਕਿਸਮ ਦੀ ਝਿਜਕ ਹੁੰਦੀ ਹੈ। ਮਰਦ ਵੱਲ ਦੇਖਦੀਆਂ ਹਨ ਤਾਂ ਦੇਖਦੀਆਂ ਹੀ ਰਹਿੰਦੀਆਂ ਹਨ। ਉਹ ਔਰਤ ਫੈਕਟਰੀ ਅੰਦਰ ਵੜਦੀ ਹੀ ਮੈਨੇਜਰ ਬਾਰੇ ਪੁੱਛਦੀ ਹੈ। ਕੋਈ ਗਿਆਨ ਕੌਰ ਵੱਲ ਨੂੰ ਇਸ਼ਾਰਾ ਕਰ ਦਿੰਦਾ ਹੈ। ਉਹ ਗਿਆਨੋ ਕੋਲ ਜਾ ਕੇ ਪੁੱਛਣ ਲੱਗਦੀ ਹੈ,
“ਜੀ, ਤੁਹਾਨੂੰ ਕੰਮ ਲਈ ਕਿਸੇ ਦੀ ਜ਼ਰੂਰਤ ਹੋਸੀ ?”
ਗਿਆਨ ਕੌਰ ਪਰ੍ਹਾਂ ਖੜੇ ਪਰਦੁੱਮਣ ਸਿੰਘ ਵੱਲ ਦੇਖਦੀ ਹੈ। ਉਸ ਦੀ ਤਾਂ ਪਹਿਲਾਂ ਹੀ ਨਿਗ੍ਹਾ ਉਸ ਔਰਤ ਵਿਚ ਹੈ। ਉਹ ਕੋਲ ਆਉਂਦਾ ਪੁੱਛਦਾ ਹੈ,
“ਦੱਸੋ, ਕੀ ਖਿਦਮਤ ਕਰ ਸਕਦਾਂ ?”
“ਜੀ ਕੰਮ ਹੋਸੀ ?”
“ਕੀ ਨਾਂ ਐ ਤੁਹਾਡਾ ?”
“ਜੀ ਫਰੀਦਾ।”
“ਫਰੀਦਾ ਜੀ, ਸਾਨੂੰ ਡਰਾਈਵਰ ਦੀ ਜ਼ਰੂਰਤ ਐ, ਫੈਕਟਰੀ ਵਿਚ ਤਾਂ ਹਾਲੇ ਸਾਡੇ ਕੰਮ ਚੱਲ ਰਿਹੈ, ਦੋ ਕੁ ਵੀਕ ਤੱਕ ਪਤਾ ਕਰ ਲਿਓ।”
ਕਹਿ ਕੇ ਉਹ ਗਿਆਨ ਕੌਰ ਵੱਲ ਦੇਖਦਾ ਹੈ ਜਿਵੇਂ ਪੁੱਛ ਰਿਹਾ ਹੋਵੇ ਕਿ ਠੀਕ ਕਿਹਾ ਨਾ। ਫਿਰ ਉਹ ਫਰੀਦਾ ਵੱਲ ਦੇਖਦਾ ਹੈ ਜਿਵੇਂ ਕਹਿ ਰਿਹਾ ਹੋਵੇ ਕਿ ਮੇਰੇ ਬੋਲਾਂ 'ਤੇ ਯਕੀਨ ਨਾ ਕਰੀਂ। ਫਰੀਦਾ ਦਾ ਭਰਵਾਂ ਜਿਸਮ ਤੇ ਬਹੁਤ ਕੁਝ ਕਹਿੰਦੇ ਨੈਣ ਉਸ ਦੇ ਅੰਦਰ ਧੂ ਪਾ ਰਹੇ ਹਨ। ਉਹ ਗਿਆਨ ਕੌਰ ਨੂੰ ਪੁੱਛਦਾ ਹੈ,
“ਦੇਖ ਲੈ, ਜੇ ਲੋੜ ਐ ਜਾਂ ਐਡਜਸਟ ਕਰ ਸਕਦੀ ਐ ਤਾਂ।”
“ਹਾਲੇ ਤਾਂ ਆਪਾਂ ਨੂੰ ਲੋੜ ਨਹੀਂ।”
“ਤੂੰ ਕਹਿੰਦੀ ਸੀ ਕਿ ਗਿੱਲਣੀ ਕੰਮ ਛੱਡ ਰਹੀ ਐ।”
“ਉਹਨੇ ਵਾਪਸ ਇੰਡੀਆ ਜਾਣੈ ਪਰ ਪਤਾ ਨਹੀਂ ਕਦੋਂ।”
ਪਤਨੀ ਦੀ ਗੱਲ ਵੱਲ ਧਿਆਨ ਦਿੱਤੇ ਬਿਨਾਂ ਪਰਦੁੱਮਣ ਫਰੀਦਾ ਨੂੰ ਪੁੱਛਣ ਲੱਗਦਾ ਹੈ,
“ਕੀ ਕੀ ਬਣਾ ਲੈਂਦੇ ਓ ?”
“ਮੈਂ ਰਸੋਈ ਦੀ ਬਹੁਤ ਮਾਹਰ ਆਂ ਜੀ।”
“ਤੰਦੂਰੀ ਚਿਕਨ ਬਣਾ ਲੈਂਦੇ ਓ ?”
“ਜੇ ਖਾਣ ਵਾਲਾ ਆਪਣੀਆਂ ਉਂਗਲੀਆਂ ਵੀ ਨਾ ਖਾ ਜਾਵੇ ਤਾਂ ਮੈਨੂੰ ਫਰੀਦਾ ਨਾ ਜੇ ਕਹਿਣਾ।”
“ਇਹ ਤਾਂ ਕਦੇ ਖਾਵਾਂਗੇ ਤਾਂ ਦੱਸਾਂਗੇ।”
ਫਿਰ ਉਹ ਹੌਲੇ ਜਿਹੇ ਗਿਆਨ ਕੌਰ ਨੂੰ ਆਖਦਾ ਹੈ,
“ਕਈ ਦੁਕਾਨਾਂ ਵਾਲੇ ਤੰਦੂਰੀ ਚਿਕਨ ਦੀ ਮੰਗ ਕਰਦੇ ਆ ਤੇ ਕਬਾਬਾਂ ਦੀ ਵੀ।”
ਅਸਲ ਵਿਚ ਤਾਂ ਉਹ ਕਬਾਬ ਸ਼ੁਰੂ ਕਰਨ ਬਾਰੇ ਕਈ ਵਾਰ ਸਲਾਹਾਂ ਕਰ ਚੁੱਕੇ ਹਨ ਪਰ ਬਣਾਉਣ ਵਾਲਾ ਨਹੀਂ ਮਿਲ ਰਿਹਾ। ਮਾੜੀ ਚੀਜ਼ ਬਣਾ ਕੇ ਉਹ ਆਪਣਾ ਬਣਿਆ ਬਣਾਇਆ ਨਾਂ ਖਰਾਬ ਨਹੀਂ ਕਰਨਾ ਚਾਹੁੰਦਾ। ਉਸ ਨੂੰ ਪਤਾ ਕਿ ਮੁਸਲਮਾਨ ਮੀਟ ਬਣਾਉਣ ਵਿਚ ਬਹੁਤ ਗੁਣੀ ਹੁੰਦੇ ਹਨ। ਪਰਦੁੱਮਣ ਸਿੰਘ ਗਿਆਨ ਕੌਰ ਦਾ ਜਵਾਬ ਉਡੀਕੇ ਬਿਨਾਂ ਹੀ ਕਹਿਣ ਲੱਗਦਾ ਹੈ,
“ਫਰੀਦਾ ਜੀ, ਤੁਸੀਂ ਟੈਂਪਰੇਰੀ ਆ ਜਾਓ, ਪਾਰਟ ਟਾਈਮ, ਅਸੀਂ ਦੇਖਾਂਗੇ ਕਿ ਤੁਸੀਂ ਕਿਹੋ ਜਿਹਾ ਚਿਕਨ ਬਣਾਉਂਦੇ ਓ ਤੇ ਕਬਾਬ ਵੀ।”
“ਸਰਦਾਰ ਜੀ, ਇਕ ਮੌਕਾ ਦੇ ਕੇ ਦੇਖੋ।”
“ਕੱਲ ਸਵੇਰੇ ਆ ਜਾਓ।”
“ਕੀ ਰੇਟ ਹੋਸੀ ਜੀ, ਘੰਟੇ ਦਾ ?”
ਪਰਦੁੱਮਣ ਸਿੰਘ ਗਿਆਨ ਕੌਰ ਵੱਲ ਦੇਖਣ ਲੱਗਦਾ ਹੈ ਕਿਉਂਕਿ ਫਰੀਦਾ ਦੇ ਇਸ ਸਵਾਲ ਦਾ ਜਵਾਬ ਉਸ ਕੋਲੋਂ ਦੇ ਨਹੀਂ ਹੋਣਾ। ਗਿਆਨ ਕੌਰ ਬੋਲਦੀ ਹੈ, 
“ਅਸੀਂ ਦੋ ਪੌਂਡ ਘੰਟੇ ਦੇ ਦਿੰਦੇ ਆਂ।”
“ਸਿਰਫ ਦੋ।”
“ਲੋਕ ਤਾਂ ਡੇਢ ਜਾਂ ਇਕ ਪਝੱਤਰ ਈ ਦਿੰਦੇ ਆ।”
“ਨਹੀਂ ਜੀ ਦੋ ਬਹੁਤ ਥੋੜ੍ਹੇ ਆ।”
“ਦੇਖ ਲਓ ਤੁਹਾਡੀ ਮਰਜ਼ੀ ਐ, ਸਾਨੂੰ ਤਾਂ ਕੰਮ ਦੀ ਲੋੜ ਵੀ ਨਹੀਂ, ਇਹ ਤਾਂ ਐਵੇਂ ਈ ਤੰਦੂਰੀ ਚਿਕਨ ਦੀ ਗੱਲ ਚੁੱਕੀ ਜਾਂਦੇ ਆ, ਪਤਾ ਨਹੀਂ ਵਿਕੇਗਾ ਵੀ ਕਿ ਨਹੀਂ।” 
ਗਿਆਨ ਕੌਰ ਗੱਲ ਮੁਕਾਉਣ ਵਾਂਗ ਕਹਿੰਦੀ ਹੈ।
ਫਰੀਦਾ ਕੁਝ ਮਿੰਟ ਲਈ ਸੋਚਦੀ ਆਖਦੀ ਹੈ,
“ਬਹੁਤ ਘੱਟ ਹੋਸੀ ਦੋ ਪੌਂਡ ਘੰਟੇ ਦੇ ਪਰ ਮੈਨੂੰ ਕੰਮ ਦੀ ਲੋੜ ਜੇ, ਕੱਲ ਸੁਭਾਹ ਆ ਜਾਸਾਂ, ਕਿੰਨੇ ਵਜੇ ?”
“ਛੇ ਵਜੇ ਸ਼ੁਰੂ ਕਰਦੇ ਆਂ ਪਰ ਤੁਸੀਂ ਅੱਠ ਵਜੇ ਆ ਜਾਇਓ ਭਾਵੇਂ।” 
ਪਰਦੁੱਮਣ ਸਿੰਘ ਕਹਿੰਦਾ ਹੈ। ਫਰੀਦਾ ਆਖਦੀ ਹੈ, 
“ਸਰਦਾਰ ਜੀ, ਮੈਂ ਤਾਂ ਛੇ ਵਜੇ ਈ ਆ ਜਾਸਾਂ, ਉਠਣ ਦੀ ਪਰੌਬਲਮ ਨਾ ਹੋਸੀ।” 
ਗੱਲ ਕਰਦੀ ਉਹ ਪਰਦੁੱਮਣ ਸਿੰਘ ਦੀ ਪੱਗ ਵੱਲ ਦੇਖਦੀ ਹੈ।
ਅਗਲੇ ਦਿਨ ਛੇ ਵਜੇ ਉਹ ਫੈਕਟਰੀ ਪਹੁੰਚ ਜਾਂਦੀ ਹੈ। ਕੁਝ ਮਸਾਲੇ ਉਹ ਆਪਣੇ ਨਾਲ ਲਿਆਈ ਹੈ। ਮਸਾਲਿਆਂ ਵਾਲਾ ਬੈਗ ਗਿਆਨ ਕੌਰ ਨੂੰ ਦਿਖਾਉਂਦੀ ਆਖਦੀ ਹੈ,
“ਬਾਜੀ, ਏਹ ਕੁਝ ਸੈ਼ਵਾਂ ਨੇ ਜੋ ਅਸੀਂ ਕਬਾਬ ਬਣਾਉਣ ਵਿਚ ਵਰਤ ਸਾਂ।”
“ਜਿੱਦਾਂ ਮਰਜ਼ੀ ਕਰ ਲੈ ਪਰ ਪਹਿਲਾਂ ਬਣਾ ਕੇ ਦਖਾ ਕੁਸ਼ ਨਾ ਕੁਸ਼, ਹਾਲੇ ਅਸੀਂ ਸਪਲਾਈ ਨਹੀਂ ਕਰਨੇ।”
“ਸਪਲਾਈ ਕਰ ਸੋ ਤਾਂ ਧੜਾ ਧੜ ਵਿਕ ਸੀ।”
“ਨਹੀਂ, ਸਪਲਾਈ ਲਈ ਜਿਹੜਾ ਮਾਲ ਮਾਰਕੀਟ ਵਿਚ ਜਾਣਾ ਉਹਦੇ ਸਵਾਦ ਦਾ ਸਾਨੂੰ ਧਿਆਨ ਰੱਖਣਾ ਪੈਂਦਾ।” 
“ਇਹ ਤਾਂ ਬਾਜੀ ਠੀਕ ਏ, ਤੁਸੀਂ ਇਕ ਵੇਰ ਮੇਰਾ ਕੰਮ ਦੇਖੋ ਫੇਰ ਫੈਸਲਾ ਕਰਸੀ।”
ਗਿਆਨ ਕੌਰ ਫਰੀਦਾ ਨੂੰ ਫਰਿੱਜ ਵਿਚੋਂ ਚਿਕਨ ਕੱਢ ਕੇ ਦੇ ਦਿੰਦੀ ਹੈ। ਫਰੀਦਾ ਜ਼ਰਾ ਕੁ ਝੁਕ ਕੇ ਮਸਾਲੇ ਰਲ਼ਾ ਕੇ ਚਿਕਨ ਵਿਚ ਪਾਉਂਦੀ ਹੈ। ਵੱਡੇ ਸਾਰੇ ਪਤੀਲੇ ਉਪਰ ਝੁਕੀ ਫਰੀਦਾ ਦੀ ਨਜ਼ਰ ਸਾਹਮਣੇ ਖੜੇ ਪਰਦੁੱਮਣ ਸਿੰਘ 'ਤੇ ਪੈਂਦੀ ਹੈ ਜੋ ਉਸ ਦੀ ਕਮੀਜ਼ ਦੇ ਗਲਮੇ ਵਿਚ ਦੇਖ ਰਿਹਾ ਹੈ। ਉਹ ਇਕਦਮ ਖੜੀ ਹੋ ਜਾਂਦੀ ਹੈ। ਕੁਝ ਕੁ ਸ਼ਰਮਾਉਂਦੀ ਹੋਈ ਕਹਿੰਦੀ ਹੈ,
“ਤਿਆਰ ਹੋਵਣ ਦਿਓ ਸਰਦਾਰ ਜੀ, ਫੇਰ ਦੇਖਣਾ।”
ਪਰਦੁੱਮਣ ਸਿੰਘ ਝਿਪ ਜਾਂਦਾ ਹੈ ਤੇ ਉਪਰ ਦਫਤਰ ਵਿਚ ਚਲੇ ਜਾਂਦਾ ਹੈ। ਉਹ ਫਰੀਦਾ ਬਾਰੇ ਸੋਚਦਾ ਸੁਫਨੇ ਬੁਣਨ ਲਗਦਾ ਹੈ। ਕੁਝ ਦੇਰ ਬਾਅਦ ਫਰੀਦਾ ਉਪਰ ਆਉਂਦੀ ਹੈ। ਉਸ ਦੇ ਹੱਥ ਵਿਚ ਪਲੇਟ ਵਿਚ ਪਾਇਆ ਚਿਕਨ ਹੈ। ਲਾਲ ਰੰਗ ਦੀ ਚਿਕਨ ਲੈਗ ਮਹਿਕਾਂ ਛੱਡ ਰਹੀ ਹੈ। ਉਹ ਕਹਿੰਦੀ ਹੈ,
“ਧਿਆਨ ਰੱਖਣਾ ਜੇ, ਉਂਗਲਾਂ ਬਚਾਵਣੀਆਂ।” 
ਕਹਿੰਦੀ, ਹੱਸਦੀ ਹੋਈ ਉਹ ਚਲੇ ਜਾਂਦੀ ਹੈ।
ਹਾਲੇ ਉਸ ਦਾ ਖਾਣ ਦਾ ਮੂਡ ਨਹੀਂ ਹੈ। ਵਕਤ ਵੀ ਨਹੀਂ ਹੋਇਆ ਪਰ ਚਿਕਨ ਦੀ ਖੁਸ਼ਬੋ ਨਾਲ ਉਸ ਨੂੰ ਭੁੱਖ ਲੱਗ ਆਉਂਦੀ ਹੈ। ਉਹ ਖਾਂਦਾ ਹੈ। ਸਵਾਦ ਹੈ। ਉਹ ਹੇਠਾਂ ਆ ਕੇ ਗਿਆਨ ਕੌਰ ਨੂੰ ਇਕ ਪਾਸੇ ਕਰਕੇ ਕਹਿੰਦਾ ਹੈ,
“ਬਹੁਤ ਵਧੀਆ ਬਣਾਇਆ ਚਿਕਨ, ਮਿਰਚ ਥੋੜੀ ਤੇਜ਼ ਐ, ਸਾਡੇ ਲਈ ਤਾਂ ਠੀਕ ਪਰ ਗੋਰਿਆਂ ਲਈ ਤੇਜ਼ ਐ, ਓਦਾਂ ਚਿਕਨ ਦਾ ਰੰਗ ਢੰਗ ਵਧੀਆ ਰੈਸਟੋਰੈਂਟ ਵਾਲਾ ਈ ਐ, ਸੋਚ ਲੈ ਤੇ ਜੇ ਦਿਲ ਕਰਦਾ ਤਾਂ ਕੰਮ ਤੇ 'ਤੇ ਰੱਖ ਲੈ, ਚਿਕਨ ਸਪਲਾਈ ਕਰਨ ਵਾਸਤੇ ਤਾਂ ਅਜੇ ਸੋਚਦੇ ਆਂ, ਹਾਲੇ ਬੇਸ਼ੱਕ ਹੋਰ ਕੰਮ 'ਤੇ ਲਾ ਲੈ।”
ਗਿਆਨ ਕੌਰ ਕੁਝ ਨਹੀਂ ਬੋਲਦੀ। ਉਸ ਨੂੰ ਫਰੀਦਾ ਬੋਝ ਜਿਹਾ ਜਾਪ ਰਹੀ ਹੈ। ਉਸ ਦੀ ਫੈਕਟਰੀ ਵਿਚ ਕੋਈ ਲੋੜ ਨਹੀਂ ਹੈ। ਪਰਦੁੱਮਣ ਸਿੰਘ ਮੁੜ ਦਫਤਰ ਵਿਚ ਚਲੇ ਜਾਂਦਾ ਹੈ। ਦੁਪਹਿਰ ਨੂੰ ਫਰੀਦਾ ਕਬਾਬ ਬਣਾ ਲਿਆਉਂਦੀ ਹੈ। ਨਾਲ ਦਹੀਂ ਦੀ ਚਟਣੀ ਹੈ। ਪਰਦੁੱਮਣ ਸਿੰਘ ਖਾਂਦਾ ਹੈ। ਉਹ ਪੁੱਛਦੀ ਹੈ,
“ਕਿਹੋ ਜਿਹਾ ਟੇਸਟ ਐ ?”
“ਬਹੁਤ ਵਧੀਆ। ਤੇਰਾ ਮੀਆਂ ਤਾਂ ਖਾ ਖਾ ਕੇ ਕੁੱਪਾ ਬਣ ਗਿਐ ਹੋਣਾ।”
“ਨਾ ਸਰਦਾਰ ਜੀ, ਉਹ ਤਾਂ ਸੁੱਕਾ ਪਿਆ ਜੇ।”
“ਕਿਉਂ ਖਾਂਦਾ ਨਹੀਂ ਇਹ ਸਭ ਜੋ ਤੂੰ ਬਣੌਂਦੀ ਐਂ ?”
“ਮੈਂ ਤਾਂ ਬਹੁਤ ਕੁਝ ਬਣਾ ਸਾਂ, ਮੇਰਾ ਮੀਆਂ ਵੀ ਬਣਾਉਣ ਵਿਚ ਪੂਰਾ ਮਾਹਰ ਹੋਸੀ, ਉਹ ਖੂਬ ਖਾਂਦਾ ਜੇ, ਪਰ ਸੁਕੜਾ ਹੋਸੀ, ਉਮਰ ਜਿਉਂ ਬਹੁਤ ਹੋਸੀ।”
“ਤੇਰੇ ਤੋਂ ਵੱਡਾ ਐ ?”
“ਜੀ, ਸਰਦਾਰ ਜੀ, ਪੂਰੇ ਵੀਹ ਸਾਲ, ਤੀਜੀ ਬੇਗਮ ਹੋਸਾਂ ਉਹਦੀ।” 
ਕਹਿੰਦੀ ਫਰੀਦਾ ਅੱਖਾਂ ਭਰ ਲੈਂਦੀ ਹੈ। ਪਰਦੁੱਮਣ ਸਿੰਘ ਬੋਲਦਾ ਹੈ, 
“ਫਰੀਦਾ, ਤੇਰੇ ਜਿਹੀ ਸੁਹਣੀ ਔਰਤ ਨਾਲ ਤਾਂ ਇਹ ਬਹੁਤ ਜ਼ਿਆਦਤੀ ਐ, ਇਹ ਤਾਂ ਬਹੁਤ ਗਲਤ ਗੱਲ ਐ।”
“ਮੇਰੇ ਨਸੀਬ! ਸਰਦਾਰ ਜੀ।”
“ਕੁਸ਼ ਵੀ ਕਹਿ ਲੈ, ਪਰ ਮੈਂ ਜੇ ਤੇਰੇ ਕਿਸੇ ਕੰਮ ਆ ਸਕਦਾ ਹੋਇਆ ਤਾਂ।”
“ਸ਼ੁਕਰੀਆ ਸਰਦਾਰ ਜੀ, ਹਾਲੇ ਤਾਂ ਮੈਨੂੰ ਕੰਮ ਈ ਲੋੜ ਸੀ।”
“ਕੰਮ ਤੇਰਾ ਪੱਕਾ।”
ਫਰੀਦਾ ਕੁਝ ਨਹੀਂ ਬੋਲਦੀ। ਅੱਖਾਂ ਰਾਹੀਂ ਹੀ ਉਸ ਦਾ ਧੰਨਵਾਦ ਕਰਦੀ ਹੈ। ਉਹ ਜਾਣ ਲੱਗਦੀ ਹੈ। ਪਰਦੁੱਮਣ ਸਿੰਘ ਕਹਿੰਦਾ ਹੈ,
“ਰੱਬ ਤੇਰਾ ਹੁਸਨ ਇਵੇਂ ਹੀ ਬਣਾਈ ਰੱਖੇ!”

ਚਲਦਾ...